ਬਲਜੀਤ ਬਾਸੀ
ਅੱਜ ਦੀ ਕੜੀ ਵਿਚ ਆਰੀਆ ਸ਼ਬਦ ਤੋਂ ਬਣੇ ਕੁਝ ਉਨ੍ਹਾਂ ਸ਼ਬਦਾਂ ਦਾ ਵਰਣਨ ਕੀਤਾ ਜਾਵੇਗਾ ਜੋ ਆਮ ਬੋਲਚਾਲ ਵਿਚ ਖੂਬ ਪ੍ਰਚਲਿਤ ਹਨ। ਪਰ ਇਸ ਤੋਂ ਪਹਿਲਾਂ ਮੈਂ ਕੁਝ ਤਕਨੀਕੀ ਸ਼ਬਦਾਂ ਦੀ ਵਿਆਖਿਆ ਕਰਨੀ ਚਾਹਾਂਗਾ ਜਿਨ੍ਹਾਂ ਦੀ ਇਨ੍ਹਾਂ ਕਾਲਮਾਂ ਵਿਚ ਆਮ ਹੀ ਵਰਤੋਂ ਕੀਤੀ ਹੁੰਦੀ ਹੈ। ਭਾਰੋਪੀ ਸ਼ਬਦ ਬਾਰੇ ਕਈਆਂ ਨੇ ਪੁੱਛਿਆ ਹੈ। Ḕਭਾਰੋਪੀ ਮੂਲḔ ਪਦ ਦੀ ਵਰਤੋਂ ਭਾਸ਼ਾ-ਵਿਗਿਆਨ, ਖਾਸ ਤੌਰ ‘ਤੇ ਨਿਰੁਕਤ ਵਿਚ ਹੁੰਦੀ ਹੈ। ਭਾਰੋਪੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ, ਭਾਰਤ+ਯੂਰਪ। ਫਿਰ ਇਸ ਦਾ ਸੰਕੁਚਤ ਤੇ ਵਿਸ਼ੇਸ਼ਣੀ ਰੂਪ ਭਾਰੋਪੀ ਬਣਾ ਦਿੱਤਾ ਗਿਆ ਹੈ। ਉਂਜ ਭਾਰੋਪੀ ਨੂੰ ਹਿੰਦ-ਯੂਰਪੀ ਵੀ ਕਿਹਾ ਜਾਂਦਾ ਹੈ। ਅਸੀਂ ਪਿਛਲੇ ਲੇਖ ਵਿਚ ਜਾਣਿਆ ਸੀ ਕਿ ਪਹਿਲਾਂ ਆਰਿਆਈ ਕਹਾਉਂਦਾ ਭਾਰੋਪੀ ਇਕ ਭਾਸ਼ਾ ਪਰਿਵਾਰ ਹੈ ਜਿਨ੍ਹਾਂ ਵਿਚ ਸ਼ਾਮਿਲ ਭਾਸ਼ਾਵਾਂ ਦੀ ਆਪਸ ਵਿਚ ਭਰਾਤਰੀ ਸਾਂਝ ਹੈ ਅਰਥਾਤ ਉਹ ਮੂਲੋਂ-ਮੁਢੋਂ ਸਕੇ ਹਨ। ਇਹ ਭਾਸ਼ਾ ਪਰਿਵਾਰ ਸਭ ਭਾਸ਼ਾ ਪਰਿਵਾਰਾਂ ਤੋਂ ਵੱਡਾ ਹੈ। ਇਸ ਦੇ ਪ੍ਰਾਚੀਨ ਰੂਪ ਨੂੰ ਆਦਿਮ ਹਿੰਦ-ਯੂਰਪੀ ਜਾਂ ਆਦਿਮ ਭਾਰੋਪੀ (ਫਰੋਟੋ ੀਨਦੋ-ਓੁਰੋਪeਅਨ) ਕਿਹਾ ਜਾਂਦਾ ਹੈ। ਆਦਿਮ ਦੀ ਜਗ੍ਹਾ Ḕਪ੍ਰਾਗḔ ਵੀ ਕਈ ਵਾਰੀ ਵਰਤ ਲਿਆ ਜਾਂਦਾ ਹੈ। ਆਦਿਮ ਭਾਰੋਪੀ ਮੂਲ ਸ਼ਬਦਾਂ ਦੇ ਪ੍ਰਾਚੀਨਤਮ ਰੂਪ ਹਨ ਜਿਨ੍ਹਾਂ ਤੋਂ ਹੋਰ ਸ਼ਬਦ ਵਿਉਤਪਤ ਹੋਏ ਹਨ ਤੇ ਜੋ ਅਨੇਕਾਂ ਆਧੁਨਿਕ ਤੇ ਪੁਰਾਣੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਸਾਂਝੇ ਹਨ। ਇਹ ਮੂਲ ਕੇਵਲ ਕਲਪਿਤ ਜਾਂ ਪੁਨਰ-ਸਿਰਜਿਤ ਹਨ ਕਿਉਂਕਿ ਇਨ੍ਹਾਂ ਦਾ ਕੋਈ ਲਿਖਤੀ ਰਿਕਾਰਡ ਨਹੀਂ। ਵਿਦਵਾਨਾਂ ਨੇ ਭਾਰੋਪੀ ਪਰਿਵਾਰ ਦੇ ਸ਼ਬਦਾਂ ਦੀ ਅਰਥ ਤੇ ਧੁਨੀ ਪੱਖੋਂ ਸਾਂਝ ਦੇਖ ਕੇ ਅਨੇਕਾਂ ਸ਼ਬਦਾਂ ਦੇ ਆਦਿਮ ਭਾਰੋਪੀ ਮੂਲ ਕਲਪੇ ਹਨ। ਇਹੀ ਭਾਰੋਪੀ ਮੂਲ ਹਨ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਰਹਿੰਦਾ ਹਾਂ।
ḔਸਗੋਤੀḔ ਪਦ ਵੀ ਨਿਰੁਕਤਕਾਰੀ ਵਿਚ ਅਕਸਰ ਹੀ ਪੜ੍ਹਨ ਸੁਣਨ ਨੂੰ ਮਿਲਦਾ ਹੈ। ਇਹ ਸ਼ਬਦ Ḕਸ+ਗੋਤੀḔ ਦੇ ਮੇਲ ਤੋਂ ਬਣਿਆ ਹੈ। ḔਸḔ ਅਗੇਤਰ ਦਾ ਅਰਥ ਹੈ-ਸਮਾਨ, ਇਕੋ ਜਿਹਾ, ਬਰਾਬਰ। (ਹੋਰ ਭਾਰੋਪੀ ਭਾਸ਼ਾਵਾਂ ਵਿਚ ਇਸ ਦੇ ਸਗੋਤੀ ਅਗੇਤਰ ਮਿਲਦੇ ਹਨ)। ਗੋਤੀ ਸ਼ਬਦ ਗੋਤ ਦਾ ਹੀ ਵਿਸ਼ੇਸ਼ਣ ਹੈ। ਸੋ, ਸਗੋਤੀ ਦਾ ਆਮ ਜਾਣਿਆ ਜਾਂਦਾ ਅਰਥ ਹੈ, Ḕਜਿਨਾਂ ਦਾ ਇਕੋ ਗੋਤ ਹੋਵੇ।Ḕ ਇਸ ਸ਼ਬਦ ਦਾ ਇਕ ਹੋਰ ਪ੍ਰਚਲਿਤ ਰੂਪ ਹੈ ḔਸੱਗੋਰਿੱਤਾḔ ਪਰ ਅਰਥਾਂ ਵਿਚ ਕੁਝ ਫਰਕ ਆ ਗਿਆ ਹੈ। ਇਸ ਦਾ ਅਰਥ ਨਜ਼ਦੀਕੀ ਰਿਸ਼ਤੇਦਾਰ ਬਣ ਗਿਆ ਹੈ ਜਿਸ ਦਾ ਗੋਤ ਭਾਵੇਂ ਅਲੱਗ ਹੀ ਹੋਵੇ। ਆਮ ਤੌਰ ‘ਤੇ ਨਵੇਂ ਨਵੇਂ ਬਣੇ ਰਿਸ਼ਤੇਦਾਰ ਨੂੰ ਸੱਗੋਰਿੱਤਾ ਕਿਹਾ ਜਾਂਦਾ ਹੈ ਜਿਸ ਦੀ ਰਸਮੀ ਪ੍ਰਾਹੁਣਚਾਰੀ ਕਰਨੀ ਬਣਦੀ ਹੈ।
ਚਲਦੇ-ਚਲਦੇ ਜ਼ਰਾ ਗੋਤ ਜਾਂ ਗੋਤਰ ਸ਼ਬਦ ‘ਤੇ ਵੀ ਚਾਨਣਾ ਪਾ ਦੇਈਏ। ਗੋਤ ਭਾਰਤੀ ਬੰਦੇ ਦੇ ਨਾਂ ਪਿਛੇ ਲੱਗਦੇ ਵੰਸ਼ਜ ਨਾਂ ਨੂੰ ਆਖਦੇ ਹਨ ਜਿਵੇਂ ਬਰਾੜ ਆਦਿ। ਇਸ ਦੇ ਵਿਸਤ੍ਰਿਤ ਅਰਥ ਹਨ-ਵੰਸ਼, ਘਰਾਣਾ। ਕਹਿਣ ਦਾ ਭਾਵ ਹੈ ਕਿ ਇਕੋ ਬਜ਼ੁਰਗ ਦੀ ਪੀੜੀ-ਦਰ-ਪੀੜੀ ਸੰਤਾਨ। ਇਹ ਸ਼ਬਦ ਸੰਸਕ੍ਰਿਤ ḔਗੋਤਰḔ ਤੋਂ ਬਣਿਆ ਹੈ ਜਿਸ ਦੇ ਸ਼ਾਬਦਿਕ ਅਰਥ ਹਨ ਗਊਆਂ ਦਾ ਵਾੜਾ। ਗੋਤ ਸ਼ਬਦ ਅੱਗੋਂ ਸੰਸਕ੍ਰਿਤ ḔਗੋḔ (ਗਊ) ਤੋਂ ਬਣਿਆ ਹੈ। ਰਿਗਵੇਦ ਵਿਚ ਇਹ ਕਬੀਲਾ ਜਾਂ ਵੰਸ਼ ਦੇ ਅਰਥਾਂ ਵਿਚ ਆਇਆ ਹੈ। ਇਸ ਦੇ ਅਰਥ ਵਿਕਾਸ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਜਾਂਦੀ ਹੈ, “ਗਊ ਪ੍ਰਧਾਨ ਯੁੱਗ ਵਿਚ ਇਕ ਵਿਸ਼ੇਸ਼ ਗਊ-ਵਾੜਾ ਇਕ ਵਿਸ਼ੇਸ਼ ਘਰਾਣੇ ਨਾਲ ਜੁੜ ਗਿਆ ਜਿਸ ਦੇ ਬਾਅਦ ਵਿਚ ਬਰਾਦਰੀ, ਕਬੀਲੇ ਆਦਿ ਦਾ ਭਾਵ ਪ੍ਰਗਟ ਹੋਇਆ।” ਐਪਰ ਭਾਸ਼ਾ-ਵਿਗਿਆਨ ਜਾਂ ਨਿਰੁਕਤੀ ਵਿਚ ਸਗੋਤੀ ਤਕਨੀਕੀ ਪਦ ਦਾ ਮਤਲਬ ਹੈ ਅਜਿਹੇ ਸ਼ਬਦ ਜਿਨ੍ਹਾਂ ਦਾ ਮੂਲ ਸਾਂਝਾ ਹੋਵੇ। ਅਜਿਹੇ ਸ਼ਬਦਾਂ ਨੂੰ ਸਮੂਲਕ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਛੋਗਨਅਟe ਕਹਿੰਦੇ ਹਨ ਤੇ ਦਿਲਚਸਪ ਗੱਲ ਹੈ ਕਿ ਪੰਜਾਬੀ ਸਗੋਤੀ (ਜਾਂ ਸਗੋਤਾ/ਸਗੋਤਰਾ) ਇਸ ਛੋਗਨਅਟe ਦਾ ਵੀ ਸਗੋਤੀ ਹੈ! ਅੰਗਰੇਜ਼ੀ ḔਛੋḔ ਅਤੇ ਪੰਜਾਬੀ ḔਸḔ ਅਗੇਤਰ ਸਗੋਤੀ ਹਨ, ਦੋਨਾਂ ਦੀ ਧੁਨੀ ਵੀ ਰਲਦੀ ਮਿਲਦੀ ਹੈ ਤੇ ਅਰਥ ਵੀ।
ਖੈਰ, ਅਸੀਂ ਆਰੀਆ ਤੋਂ ਬਣਦੇ ਸ਼ਬਦਾਂ ਦੇ ਵਿਸ਼ੇ ‘ਤੇ ਆਉਂਦੇ ਹਾਂ। ਆਰੀਆ ਲੋਕ ਸਨਮਾਨ ਜਾਂ ਮਿੱਤਰ ਭਾਵ ਨਾਲ ਦੂਸਰੇ ਨੂੰ ਆਰੀਆ ਕਹਿ ਕੇ ਬੁਲਾਉਂਦੇ ਸਨ। ਇਸ ਦਾ ਭਾਵ ਹੈ ਕਿ ਉਹ ਆਮ ਤੌਰ ‘ਤੇ ਆਪਣੀ ḔਜਾਤੀḔ ਦੇ ਲੋਕਾਂ ਨੂੰ ਹੀ ਇਸ ਪਦ ਨਾਲ ਸੰਬੋਧਿਤ ਹੁੰਦੇ ਸਨ, ਗੈਰ-ਆਰਿਆਈ ਲੋਕਾਂ ਨੂੰ ਨਹੀਂ। ਇਸ ਤੋਂ ਅਪਣੱਤ, ਦੋਸਤੀ, ਨਿਕਟਤਾ ਦੇ ਜਜ਼ਬਾਤ ਪੈਦਾ ਹੰਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬੀ ਦਾ ਇਕ ਠੇਠ ਸ਼ਬਦ ḔਆੜੀḔ ਇਸੇ ਦਾ ਵਿਕਸਿਤ ਰੂਪ ਹੈ। ਇਸ ਵਿਚ ਆਰੀਆ ਸ਼ਬਦ ਜਿਹੇ ਹੀ ਦੋਸਤੀ, ਨਿਕਟਤਾ ਤੇ ਅਪਣੱਤ ਦੇ ਭਾਵ ਹਨ। ਅੱਜ ਕਲ੍ਹ ਆਮ ਤੌਰ ‘ਤੇ ਬੱਚੇ ਹੀ ਆਪਣੇ ਮਿੱਤਰ ਨੂੰ ਆੜੀ ਕਹਿੰਦੇ ਹਨ ਅਤੇ ਆਮ ਤੌਰ ‘ਤੇ ਬਚਪਨ ਦੇ ਪ੍ਰਸੰਗ ਵਿਚ ਹੀ ਇਸ ਦੀ ਵਰਤੋਂ ਹੁੰਦੀ ਹੈ। ਸੰਤੋਖ ਸਿੰਘ ਧੀਰ ਦੀ ਕਹਾਣੀ Ḕਭੇਤ ਵਾਲੀ ਗੱਲḔ ਵਿਚੋਂ ਇਕ ਟੂਕ ਪੇਸ਼ ਹੈ, “ਬਚਪਨ ਦੇ ਆੜੀ, ਇਕ ਦੂਜੇ ਦੇ ਭੇਤੀ, ਖਾਣ ਪੀਣ ਦੇ ਸਾਂਝੀ, ਅਜਿਹੇ ਮਿੱਤਰ ਨੂੰ ਦੱਸ ਦੇਣ ਨਾਲ ਕੀ ਫਰਕ ਪੈਂਦਾ ਹੈ? ਜੇਹੀ ਗੱਲ ਉਹਦੇ ਕੋਲ ਤੇਹੀ ਆਪਣੇ ਕੋਲ।”
ਆਰੀਆ ਤੋਂ ਆੜੀ ਬਣਨ ਵਿਚ ਮੋਟੇ ਤੌਰ ‘ਤੇ ḔਰḔ ਧੁਨੀ ਹੀ ḔੜḔ ਵਿਚ ਤਬਦੀਲ ਹੋਈ ਹੈ। ਆੜੀ ਦਾ ਹੀ ਇਕ ਹੋਰ ਰੂਪ ਹੈ-ਅੜਿਆ। ਇਹ ਸੰਬੋਧਨੀ ਸ਼ਬਦ ਹੈ ਜੋ ਵਧੇਰੇ ਤੌਰ ‘ਤੇ ਇਸਤਰੀ ਹੀ ਪੁਰਖ ਲਈ ਵਰਤਦੀ ਹੈ। ਅਸੀਂ ਦੇਖਿਆ ਹੈ ਕਿ ਆਰੀਆ ਸ਼ਬਦ ਵਿਚ ਸਤਿਕਾਰ ਦੇ ਭਾਵ ਹਨ ਤੇ ਭਾਰਤੀ ਪਰੰਪਰਾ ਅਨੁਸਾਰ ਮਰਦ ਇਸਤਰੀ ਦੇ ਸਤਿਕਾਰ ਦਾ ਪਾਤਰ ਹੈ। ਪਰ ਇਸਤਰੀ ਮਰਦ ਵਿਚਕਾਰ ਕੁਦਰਤੀ ਤੌਰ ‘ਤੇ ਪਿਆਰ ਦੇ ਸਬੰਧ ਵੀ ਹਨ ਜੋ ਉਨ੍ਹਾਂ ਨੂੰ ਬਰਾਬਰ ਦੇ ਧਰਾਤਲ ‘ਤੇ ਖੜ੍ਹਾ ਕਰਦੇ ਹਨ। ਇਸ ਲਈ ḔਅੜਿਆḔ ਸ਼ਬਦ ਵਿਚ ਸਤਿਕਾਰ ਦੇ ਨਾਲ ਨਾਲ ਪਿਆਰ ਦੇ ਭਾਵ ਵੀ ਹਨ। ਜਦ ਮਰਦ ਕਵੀ ਅੜਿਆ ਸ਼ਬਦ ਵਰਤਦੇ ਹਨ ਤਾਂ ਇਹ ਸਾਡੀ ਕਾਵਿਕ ਪਰੰਪਰਾ ਹੀ ਹੈ ਜਿਸ ਵਿਚ ਕਵੀ ਖੁਦ ਔਰਤ ਬਣ ਜਾਂਦਾ ਹੈ। ਬੁਲ੍ਹੇ ਸ਼ਾਹ ਦੀ ਮਿਸਾਲ ਲਈਏ,
ਅੱਜ ਅਜੋਕੜੀ ਰਾਤ ਮੇਰੇ ਘਰ ਵੱਸ ਖਾਂ ਵੇ ਅੜਿਆ।
ਦਿਲ ਦੀਆਂ ਘੁੰਢੀਆਂ ਖੋਲ੍ਹ ਅਸਾਂ ਨਾਲ ਹੱਸ ਖਾਂ ਵੇ ਅੜਿਆ।
ਜਦ ਕੀਤੇ ਕੌਲ ਕਰਾਰ ਕੀ ਇਤਬਾਰ, ਸੋਹਣੇ ਯਾਰ ਦਾ ਵੇ ਅੜਿਆ।
ਵੱਤ ਨਾ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ।
ਸ਼ਿਵ ਕੁਮਾਰ ਨੇ ਇਹ ਸ਼ਬਦ ਬਹੁਤ ਵਰਤਿਆ ਹੈ,
ਸੱਜਣਾਂ ਤੇਰੀ ਭਾਲ ‘ਚ ਅੜਿਆ, ਇਉਂ ਕਰ ਉਮਰ ਵੰਞਾਵਾਂ ਵੇ!
ਜਿਉਂ ਕੋਈ ਵਿਚ ਪਹਾੜਾਂ ਕਿਧਰੇ, ਵੱਗੇ ਕੂਲ੍ਹ ਇਕੱਲੀ ਵੇ!
ਆਰੀਆ ਲੋਕ ਗੈਰ-ਆਰਿਆਈ ਲੋਕਾਂ ਨੂੰ ਅਨਾਰਿਆ ਕਹਿੰਦੇ ਸਨ। ਇਸ ਤੋਂ ਅਨਾਰਿਆ ਸ਼ਬਦ ਵਿਚ ਅਸ੍ਰੇਸ਼ਟ ਜਾਂ ਕਹਿ ਲਵੋ ਨੀਚ ਦਾ ਭਾਵ ਵੀ ਸਮਾ ਗਿਆ। ਇਹੀ ਸ਼ਬਦ ਬਦਲਦਾ ਬਦਲਦਾ ਅਨਾੜੀ ਬਣ ਗਿਆ। ਅੱਜ ਅਨਾੜੀ ਵਿਚ ਅਣਜਾਣ ਦੇ ਭਾਵ ਹਨ ਪਰ ਮੁਢਲੇ ਤੌਰ ‘ਤੇ ਅਨਾੜੀ ਉਹ ਹੈ ਜੋ ਆਰੀਆ ਦੇ ਦਰਜੇ ਦਾ ਨਹੀਂ। ਆਰੀਆ ਰੁਤਬੇ ਵਾਲਾ ਬੰਦਾ ਕੁਲੀਨ, ਸ੍ਰੇਸ਼ਟ ਹੋਣ ਦੇ ਨਾਲ ਨਾਲ ਗਿਆਨਵਾਨ ਵੀ ਹੋਵੇਗਾ। ਲੱਲੂ-ਪੰਜੂ ਕੋਈ ਗਿਆਨਵਾਨ ਥੋੜੀ ਹੁੰਦਾ ਹੈ।
ਕਿਸੇ ਵੱਡੇ ਨੂੰ ਸਤਿਕਾਰ ਸਹਿਤ ਸੰਬੋਧਨ ਲਈ ਅਸੀਂ ਇਕ ਸ਼ਬਦ ਆਮ ਹੀ ਵਰਤਦੇ ਹਾਂ ḔਜੀḔ ਜਿਵੇਂ, “ਮੇਰੇ ਮਾਧਉ ਜੀ ਸਤਸੰਗਤਿ ਮਿਲੈ ਸੁ ਤਰਿਆ॥” (ਗੁਰੂ ਅਰਜਨ ਦੇਵ) ਸਤਿਕਾਰ ਭਰਿਆ ਹੁੰਘਾਰਾ ਦੇਣ ਲਈ ਅਧੀਨਗੀ ਭਰੇ ਸ਼ਬਦ ਵਰਤੇ ਜਾਂਦੇ ਹਨ Ḕਹਾਂ ਜੀ, ਨਾਂਹ ਜੀ।Ḕ ਕਈ ਵਾਰੀ ਤਾਂ ḔਜੀḔ ਸ਼ਬਦ ਦੁਹਰਾ ਕੇ ਵਰਤਿਆ ਜਾਂਦਾ ਹੈ। ਸਾਡੇ ਸਮਾਜ ਵਿਚ ਪਤਨੀ ਪਤੀ ਦਾ ਨਾਂ ਨਹੀਂ ਲੈਂਦੀ ਇਸ ਲਈ ਉਹ ਕਈ ਵਾਰੀ ਪਤੀ ਨੂੰ ḔਜੀḔ ਜਾਂ ḔਜੀਜੀḔ ਕਹਿ ਕੇ ਬੁਲਾਉਂਦੀ ਹੈ। “ਜੀ ਸਰਕਾਰ, ਜੀ ਹਜ਼ੂਰ, ਸ੍ਰੀਮਾਨ ਜੀ” ਜਿਹੀਆਂ ਉਕਤੀਆਂ ਵੀ ਸਨਮਾਨ ਵਜੋਂ ਜਾਂ ਮੱਖਣ ਲਾਉਣ ਲਈ ਵਰਤੀਆਂ ਜਾਂਦੀਆਂ ਹਨ। ਨਿਰੁਕਤਕਾਰ ਇਸ ਸ਼ਬਦ ਦਾ ਖੁਰਾ ਵੀ ਆਰਯ ਸ਼ਬਦ ਵਿਚ ਦੇਖਦੇ ਹਨ। ḔਆਰਯḔ ਤੋਂ ḔਅੱਜḔ ਤੇ ਫਿਰ ਇਸ ਦਾ ਪ੍ਰਾਕ੍ਰਿਤਕ ਰੂਪ ḔਅਜੀḔ ਹੋਇਆ। ਅੱਜ ਦਾ ਅਰਥ ਬ੍ਰਹਮਾ ਵੀ ਹੈ। ਕੁਝ ਲੋਕ ḔਜੀḔ ਦੀ ਥਾਂ ḔਅਜੀḔ ਵੀ ਬੋਲਦੇ ਹਨ, “ਅਜੀ ਸੁਣਦੇ ਹੋ?” ਮਾਤਾ ਲਈ ਕਈ ਭਾਸ਼ਾਵਾਂ ਵਿਚ ḔਆਜੀḔ ਜਿਹਾ ਸ਼ਬਦ ਹੈ ਜੋ ਆਰਿਅਕਾ ਤੋਂ ਬਣਿਆ ਹੈ। ਇਸੇ ਤੋਂ ਮਾਤਾ ਖਾਸ ਕਰਕੇ ਦੁਰਗਾ ਦੇਵੀ ਦੇ ਅਰਥਾਂ ਵਿਚ ḔਆਈḔ ਸ਼ਬਦ ਚਲਦਾ ਹੈ। ਇਸ ਨੂੰ ਆਯਮਾਤਾ ਵੀ ਆਖਦੇ ਹਨ। ਇਸ ਦਾ ਅਰਥ ਮਾਇਆ ਵੀ ਹੋ ਗਿਆ ਹੈ, “ਆਈ ਪੂਤਾ ਇਹੁ ਜਗੁ ਸਾਰਾ॥” (ਗੁਰੂ ਨਾਨਕ ਦੇਵ ਜੀ) ਨਾਥਾਂ ਦਾ ਇਕ ਆਈ ਪੰਥ ਹੋਇਆ ਹੈ, “ਆਈ ਪੰਥੀ ਸਗਲ ਜਮਾਤੀ॥” ਤੈਲਗੂ ਵਿਚ ਇਸ ਤੋਂ ਬਣਿਆ ਇਕ ਸ਼ਬਦ ਹੈ ḔਅਈਆḔ ਜੋ ਕਿਸੇ ਲਈ ਸਤਿਕਾਰ ਭਰਿਆ ਸੰਬੋਧਨ ਹੈ।
Leave a Reply