ਕਾਂਗਰਸੀ ਨੀ ਧੀ

ਆਪਣੇ ਚੇਤੇ ਦੇ ਬੋਹੀਏ ਵਿਚੋਂ ਇਸ ਵਾਰ ਕਾਨਾ ਸਿੰਘ ਨੇ ਆਪਣੇ ਬਾਲਪਨ ਨਾਲ ਜੁੜੀ ਇਕ ਘਟਨਾ ਦਾ ਜ਼ਿਕਰ ਕੀਤਾ ਹੈ। ਅਸਲ ਵਿਚ ਇਹ ਉਸ ਬਾਲ-ਮਨ ਦੀ ਕੋਈ ਅਵਸਥਾ ਹੈ ਜਿਹੜੀ ਸ਼ੀਸ਼ੇ ਵਾਂਗ ਸਾਫ ਅਤੇ ਵਗਦੇ ਪਾਣੀਆਂ ਵਾਂਗ ਪਵਿੱਤਰ ਹੁੰਦੀ ਹੈ। ਇਸ ਵਿਚ ਕਿਸੇ ਨਿੱਜੀ ਨਫੇ-ਨੁਕਸਾਨ ਦਾ ਰਲਾ ਨਹੀਂ ਹੁੰਦਾ। ਕਾਨਾ ਸਿੰਘ ਨੇ ਇਸ ਸਾਧਾਰਨ ਚਰਚਾ ਨੂੰ ਪੂਰੇ ਰੰਗ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ। ਇਸ ਵਿਚ ਪਾਠਕ ਦੀ ਉਤਸੁਕਤਾ ਕਿਸੇ ਜੰਗਲੀ ਹਿਰਨ ਵਾਂਗ ਟਪੂਸੀਆਂ ਮਾਰਦੀ ਭਾਸਦੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
‘ਕਾਂਗਰਸੀ ਨੀ (ਦੀ) ਧੀ, ਕਾਂਗਰਸੀ ਨੀ ਧੀ’, ਉੱਚੀ-ਉੱਚੀ ਚੀਕਦਿਆਂ ਉਨ੍ਹਾਂ ਮੈਨੂੰ ਧੱਫ਼ੇ-ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਗਲਮੇ ਤੋਂ ਫੜ ਕੇ ਕਿਸੇ ਮੇਰੀ ਫਰਾਕ ਚੀਰ ਛੋੜੀ, ਤੇ ਕੋਈ ਮੇਰੀਆਂ ਲਿਮ੍ਹਾਂ ਪੁੱਟਣ ਲੱਗੀ। ਵੱਡੀ ਕੱਦਾਵਰ ਅਮਰਜੀਤਾ ਮੇਰੀਆਂ ਦੋਵੇਂ ਬਾਹਵਾਂ ਪਿੱਛੇ ਲਿਜਾ ਕੇ ਮਰੋੜਨ ਲੱਗੀ। ਮੈਂ ਕੁਰਲਾਅ ਉੱਠੀ।
‘ਕਾਂਗਰਸੀ ਨੀ ਧੀ ਹਾਇ ਹਾਇ, ਕਾਂਗਰਸੀ ਨੀ ਧੀ ਹਾਇ ਹਾਇ’ ਅਲਾਹੁਣੀਆਂ ਦੇਂਦੀਆਂ, ਛਾਤੀਆਂ ਪਿਟਦੀਆਂ ਹੋਰ ਵੀ ਆ ਜੁੜੀਆਂ, ਧਰੱਚੇ ਦਾ ਧਰੱਚਾ। ਮੈਂ ਚੌਥੀ ਜਮਾਤ ਵਿਚ ਸਾਂ। ਮੇਰਾ ਕੀ ਦੋਸ਼ ਸੀ? ਕੀ ਅਨਰਥ ਕੀਤਾ ਸੀ ਮੈਂ, ਜਾਂ ਮੇਰੇ ਭਾਪਾ ਜੀ ਨੇ? ਮੇਰੀ ਬਾਲ-ਬੁੱਧ ਦੀ ਸਮਝ ਤੋਂ ਬਾਹਰ ਸੀ। ਜੇ ਚੇਤੇ ਦੀ ਬੁਣਤੀ ਨੂੰ ਉਧੇੜਨ ਲੱਗਾਂ ਤਾਂ ਇੰਨਾ ਹੀ ਯਾਦ ਆਉਂਦਾ ਹੈ ਕਿ ਇਹ ਸੰਨ 1945-46 ਦੀ ਘਟਨਾ ਹੈ।
ਸਾਰੇ ਗੁਜਰਖ਼ਾਨ ਦੇ ਸਿੱਖ ਭਾਈਚਾਰੇ ਵਿਚ ਅਕਾਲੀ ਲਹਿਰ ਦਾ ਜ਼ੋਰ ਸੀ। ਸ਼ਹਿਰ ਵਿਚ ਕੇਵਲ ਤਿੰਨ ਹੀ ਕਾਂਗਰਸੀ ਸੁਣੀਂਦੇ ਸਨ- ਮੂਲ ਸਿੰਘ ਡਮੇਲੀ ਵਾਲਾ, ਹਰਨਾਮ ਸਿੰਘ ਬਾਟਾ (ਉਹਦੀ ਜੁੱਤੀਆਂ-ਜੋੜਿਆਂ ਦੀ ਦੁਕਾਨ ਸੀ, ਜ਼ਾਹਿਰ ਹੈ ਉਸ ਕੋਲ ਬਾਟਾ ਕੰਪਨੀ ਦੀ ਏਜੰਸੀ ਹੋਵੇਗੀ) ਤੇ ਤੀਜੇ ਮੇਰੇ ਭਾਪਾ ਜੀ, ਲੀਡਰ ਸਾਹਿਬ। ਨੌਜੁਆਨ ਪੀੜ੍ਹੀ ਦੇ ਚੋਣਵੇਂ ਸਿੱਟੇ, ਗੁਰਬਖ਼ਸ਼ ਭਾਈਆ ਜੀ ਪੱਕੇ ਅਕਾਲੀ ਸਨ।
ਅਕਾਲੀ ਕੌਣ ਸਨ? ਕਾਂਗਰਸੀ ਕੌਣ ਸਨ? ਕਿਉਂ ਸਨ? ਅੱਠ ਨੌਂ ਵਰ੍ਹਿਆਂ ਦੀ ਮੇਰੀ ਬਾਲ ਉਮਰ ਨੂੰ ਪਤਾ ਨਹੀਂ ਸੀ। ਜੇ ਪਤਾ ਸੀ ਤਾਂ ਇੰਨਾ ਹੀ ਕਿ ਜਿਹੜੇ ਗੁਰਬਖ਼ਸ਼ ਭਾਈਆ ਜੀ ਆਮ ਤੌਰ ‘ਤੇ ਭਾਪਾ ਜੀ ਦੇ ਪੈਰੀਂ ਪੈਂਦੇ, ਉਨ੍ਹਾਂ ਦਾ ਇੰਨਾ ਸਤਿਕਾਰ ਕਰਦੇ, ਉਹੀ ਰਾਤ ਦੇ ਖਾਣੇ ਮਗਰੋਂ ਬੈਠੇ ਉਨ੍ਹਾਂ ਨਾਲ ਖੂਬ ਬਹੁੰਸ਼ਦੇ ਸਨ। ਬਹਿਸਾਂ ਵਿਚ ਮਾਸਟਰ ਤਾਰਾ ਸਿੰਘ, ਮਹਾਤਮਾ ਗਾਂਧੀ, ਭਗਤ ਸਿੰਘ ਤੇ ਬਾਬਾ ਖੜਕ ਸਿੰਘ ਦੇ ਨਾਂ ਵਾਰ-ਵਾਰ ਆਉਂਦੇ ਸਨ।
ਕਦੇ-ਕਦੇ, ਕਿਸੇ ਸ਼ਨਿਚਰ-ਐਤਵਾਰ ਨੂੰ ਲਾਹੌਰ, ਮੁਗ਼ਲਪੁਰਾ ਵਿਖੇ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦੇ ਹੋਏ ਮੇਰੇ ਜੀਤ ਵੀਰ ਜੀ ਵੀ ਇਸ ਬਹਿਸ ਵਿਚ ਸ਼ਾਮਲ ਹੁੰਦੇ ਸਨ। ਉਨ੍ਹਾਂ ਦੇ ਹੋਠਾਂ ਉਤੇ Ḕਗਾਂਧੀ ਗਾਂਧੀ’ ਤੇ ਨਹਿਰੂ ਦੇ ਉਚਾਰਨ ਤੋਂ ਜਾਪਦਾ ਸੀ, ਗਾਂਧੀ ਕੋਈ ਦੇਵਤਾ ਹੈ; ਸਾਰੇ ਗੁਰੂਆਂ ਦਾ ਗੁਰੂ ਤੇ ਨਹਿਰੂ ਉਸ ਦਾ ਚਹੇਤਾ ਪੁੱਤਰ ਸ਼ਾਇਦ।
ਉਪਰੋਕਤ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਜੀæਟੀæ ਰੋਡ ਉਪਰ ਵੱਡੇ ਸਾਰੇ ਅਹਾਤੇ ਵਿਚ ਇਕੱਠ ਹੋਇਆ ਸੀ, ਕਾਂਗਰਸ ਦਾ ਸਮਾਗਮ। ਨੀਲੇ ਬਾਣੇ ਵਿਚ ਕੋਈ ਹਸਤੀ ਸੀ ਜਿਸ ਨੂੰ ਸਾਰੇ ਬਾਬਾ ਖੜਕ ਸਿੰਘ ਜੀ ਆਖ ਰਹੇ ਸਨ। ਇਸ ਇਕੱਠ ਵਿਚ ਸਾਡੀ ਡਾਕ ਬੰਗਲੇ ਵਿਚ ਉਸਰ ਰਹੀ ਕੋਠੀ ਦਾ ਠੇਕੇਦਾਰ, ਚਾਚਾ ਇਬਰਾਹਿਮ ਵੀ ਸੀ, ਤੇ ਤਾਇਆ ਰਾਮ ਲਾਲ ਵੀ। ਬੰਸੀ ਰਾਮ ਬਾਹਰੀ ਵੀ ਸੀ, ਤੇ ਸੂਬੇਦਾਰ ਹਰਬੰਸ ਸਿੰਘ ਵੀ।
ਵੱਡਾ ਸਮਾਗਮ ਸੀ। ਤਕਰੀਰਾਂ ਹੋ ਰਹੀਆਂ ਸਨ। ਸਭਾ ਵਿਚ ਤੁਰਦੇ-ਫਿਰਦੇ ਸਭ ਨਾਲ, ਹੱਥ ਮਿਲਾਂਦੇ, ਸਤਿ ਸ੍ਰੀ ਅਕਾਲ ਤੇ ਫਤਹਿ ਗਜਾਂਦੇ ਮੇਰੇ ਭਾਪਾ ਜੀ ਕਾਲੀ ਅਚਕਨ ਤੇ ਚਿੱਟੇ ਸਾਫ਼ੇ ਅਰ ਪਜਾਮੇ ਵਿਚ, ਜੇਬ ਵਿਚੋਂ ਗੋਲ ਘੜੀ ਦੀ ਲਟਕਦੀ ਜ਼ੰਜੀਰ ਨਾਲ ਟੁੱਪ-ਟੁੱਪ ਟੁਰਦੇ, ਸਭ ਤੋਂ ਵੱਧ ਪ੍ਰਭਾਵਤ ਕਰ ਰਹੇ ਸਨ ਮੈਨੂੰ।æææ ਮੇਰੇ ਲਈ ਇਹ ਤਮਾਸ਼ਾ ਹੀ ਸੀ।
ਰੋਜ਼ ਵਾਂਗ ਹੀ ਦੂਜੇ ਦਿਨ ਮੈਂ ਸਕੂਲ ਗਈ। ਅੱਧੀ ਛੁੱਟੀ ਵੇਲੇ ਉਹ ਸਾਰੀਆਂ ਕੁੜੀਆਂ ਰਲ-ਮਿਲ ਕੇ ਗੋਸ਼ੇ ਕਰ ਰਹੀਆਂ ਸਨ, ਮੈਨੂੰ ਘੂਰ ਰਹੀਆਂ ਸਨ। ਕੋਈ-ਕੋਈ ਮੇਰੇ ਵੱਲ ਤੱਕ ਕੇ ਚੁਪੇੜ-ਮੁੱਕਾ ਵੀ ਵੱਟ ਰਹੀ ਸੀ। ਜਮਾਤ ਵਿਚ ਸਭ ਤੋਂ ਹੁਸ਼ਿਆਰ ਅਤੇ ਨਿੱਕੀਆਂ-ਵੱਡੀਆਂ ਦੀ ਚਹੇਤੀ ਨਾਲ ਇਹ ਕੀ ਭਾਣਾ ਵਰਤ ਗਿਆ ਸੀ, ਮੈਨੂੰ ਸਮਝ ਨਹੀਂ ਸੀ ਆ ਰਹੀ। ਸਾਰੀ ਛੁੱਟੀ ਹੋਈ। ਬਸਤਾ ਚੁੱਕਿਆ। ਸਕੂਲੋਂ ਬਾਹਰ ਹੁੰਦਿਆਂ ਹੀ ਉਹ ਸਾਰੀਆਂ ਮੇਰੇ ‘ਤੇ ਟੁੱਟ ਪਈਆਂ, Ḕਕਾਂਗਰਸੀ ਨੀ ਧੀæææ ਕਾਂਗਰਸੀ ਨੀ ਧੀ’, ਚੀਕਦੀਆਂ।
ਜੇ ਸਾਰਾ ਸ਼ਹਿਰ ਅਕਾਲੀ ਸੀ, ਤਾਂ ਭਾਪਾ ਜੀ ਨੂੰ ਕੀ ਵਖ਼ਤ ਪੈ ਗਿਆ ਸੀ ਕਾਂਗਰਸੀ ਹੋਣ ਦਾ? ਉਹ ਹੋਰਨਾਂ ਦੇ ਪਿਉ-ਭਰਾਵਾਂ ਵਰਗੇ ਕਿਉਂ ਨਹੀਂ ਸਨ?æææਕਾਂਗਰਸੀ ਹੋਣਾ ਕੋਈ ਬਹੁਤ ਬੁਰੀ ਗੱਲ ਸੀ, ਚੋਰ ਲੁਟੇਰੇ ਜਾਂ ਡਾਕੂ ਹੋਣ ਵਰਗੀ, ਤੇ ਮੈਂ ਉਸੇ ਭਾਪਾ ਜੀ ਦੀ ਧੀ ਸਾਂ। ਛੀ ਛੀ! ਧਰਤੀ ਵਿਹਲ ਦਵੇ ਤੇ ਮੈਂ ਸਮਾਅ ਜਾਵਾਂ! ਮੈਂ ਆਤਮ ਗਲਾਨੀ ਨਾਲ ਲਬਰੇਜ਼ ਸਾਂ।
ਰੋਂਦੀ-ਰੋਂਦੀ ਘਰ ਆਈ। ਘਰ ਵਿਚ ਮਾਂ ਨਹੀਂ ਸੀ। ਉਹ ਪਿੰਡੀ ਗਈ ਹੋਈ ਸੀ, ਮੈਥੋਂ ਨਿੱਕੇ ਵੀਰ ਨੂੰ ਹੋਲੀ ਫੈਮਿਲੀ ਹਸਪਤਾਲ ਦਿਖਾਣ। ਉਹ ਅਕਸਰ ਬਿਮਾਰ ਰਹਿੰਦਾ ਸੀ। ਉਸ ਦਾ ਜਿਗਰ ਵਧਿਆ ਹੋਇਆ ਸੀ। ਮਾਨਾ ਵੀ ਨਾਲ ਗਈ ਸੀ। ਮਾਨਾ ਮੈਥੋਂ ਦੋ ਸਾਲ ਵੱਡੀ ਸੀ, ਪਰ ਖੁੱਲ੍ਹੇ ਮੋਕਲੇ ਅੰਗਾਂ ਵਾਲੀ ਹੋਣ ਕਾਰਨ ਜ਼ਿਆਦਾ ਵੱਡੀ ਲਗਦੀ। ਉਹ ਪੜ੍ਹਾਈ ਵਿਚ ਕਮਜ਼ੋਰ ਸੀ। ਉਸ ਦਾ ਪੰਜਾ ਬੜਾ ਭਾਰਾ ਸੀ। ਉਸ ਤੋਂ ਅਕਸਰ ਹੀ ਮੈਨੂੰ ਮਾਰ ਖਾਣੀ ਪੈਂਦੀ ਸੀ। ਅਸੀਂ ਉਪਰੋਤਲੀ ਦੀਆਂ ਜੁ ਸਾਂ। ਉਹ ਕਦੋਂ ਵਿਆਹੀ ਜਾਵੇਗੀ, ਤੇ ਮੇਰੀ ਬੰਦ ਖਲਾਸੀ ਹੋਵੇਗੀ, ਮੈਂ ਸੋਚਦੀ ਪਰ ਅੱਜ ਉਸ ਦਾ ਸਕੂਲੋਂ ਗੈਰ-ਹਾਜ਼ਰ ਹੋਣਾ ਮੈਨੂੰ ਡਾਢਾ ਭੈੜਾ ਲੱਗਾ। ਜੇ ਉਹ ਹਾਜ਼ਰ ਹੁੰਦੀ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਪੈਣੀ ਮੇਰਾ ਵਾਲ ਵੀ ਵਿੰਗਾ ਕਰਨ ਦੀ। ਆਪ ਭਾਵੇਂ ਕਿੰਨਾ ਕੁੱਟ ਲਵੇ ਮਾਨਾ, ਪਰ ਹੋਰ ਕਿਸੇ ਨੂੰ ਉਸ ਹੱਥ ਨਹੀਂ ਸੀ ਲਾਣ ਦੇਣਾ, ਮੈਨੂੰ ਯਕੀਨ ਸੀ।
ਸਾਡੇ ਘਰ ਦੇ ਸਾਹਮਣੇ ਹੀ ਗੋਮਾ ਮਾਸੀ ਦੀ ਹਵੇਲੀ ਸੀ। ਗੋਮਾ ਮਾਸੀ ਸਾਰੇ ਮੁਹੱਲੇ ਦੀ ਚੌਧਰਾਣੀ ਜਿਹੀ ਸੀ। ਸੁਰਮਾ ਤੇ ਕੱਜਲ ਬਣਾਉਣ ਦੀ ਮਾਹਰ। ਹਰ ਮਰਜ਼ ਦੀ ਦਵਾ। ਸਿਆਪੇ ਦੀ ਸਰਦਾਰਨੀ। ਗੋਮਾ ਕੋਲ ਸ਼ਹਿਰ ਦੀਆਂ ਨਵੀਆਂ ਨੂੰਹਾਂ ਵੈਣ ਤੇ ਅਲਾਹੁਣੀਆਂ ਸਿੱਖਣ ਲਈ ਵੀ ਆਉਂਦੀਆਂ ਸਨ, ਤੇ ਤੀਲਾਂ ਨਾਲ ਨਾੜੇ ਬੁਣਨ, ਫੁਲਕਾਰੀ ਕੱਢਣ, ਅਚਾਰ-ਮੁਰੱਬੇ ਅਤੇ ਕੁਲਫ਼ੀ ਬਣਾਉਣ ਦਾ ਵੱਲ ਵੀ। ਪੀਢਾ ਜਿਹਾ ਮੂੰਹ ਕਰ ਕੇ ‘ਜਿਤਨਾ ਝੂਠ ਮਾਰੋ, ਥੋੜ੍ਹਾ ਹੈ’ ਦੇ ਤਕੀਆ ਕਲਾਮ ਨਾਲ ਗੋਮਾ ਗੱਲ ਸ਼ੁਰੂ ਕਰਦੀ।
ਸਾਹਮਣੇ ਤਾਂ ਨਹੀਂ ਪਰ ਕੰਡੀ ਪਿੱਛੇ ਗੁਆਂਢ-ਮਾਸੀਆਂ, ਚਾਚੀਆਂ ਤੋਂ ਮੈਂ ਉਸ ਨੂੰ ‘ਫਫਾਕੁੱਟਣ ਮਾਸੀ’ ਵੀ ਆਖਦਿਆਂ ਸੁਣਿਆ ਸੀ। ਫਟੇ ਹਾਲ, ਖੁੱਥੇ ਗਲਮੇ ਤੇ ਬਿਖ਼ਰੇ ਵਾਲਾਂ ਅਰ ਝਰੀਟੋ-ਝਰੀਟ ਮੂੰਹ ਦੀ ਤਰਸਯੋਗ ਹਾਲਤ ਵਿਚ ਮੈਨੂੰ ਵੇਖਦਿਆਂ ਹੀ ਗੋਮਾ ਮਾਸੀ ਨੇ ਮੈਨੂੰ ਕਲਾਵੇ ਵਿਚ ਲੈ ਲਿਆ।æææ ਮਾਂ ਜਦੋਂ ਵੀ ਅੱਗੇ ਪਿੱਛੇ ਜਾਂਦੀ, ਗੋਮਾ ਮਾਸੀ ਹੀ ਅਸਾਂ ਬੱਚਿਆਂ ਦਾ ਧਿਆਨ ਰੱਖਦੀ। ਮੈਂ ਉਹਦੇ ਗੱਲ ਲੱਗ ਕੇ ਫਿੱਸ ਪਈ, ਜ਼ਾਰੋ ਜ਼ਾਰ।
“ਕਲ੍ਹ ਤੂੰ ਸਕੂਲ ਜਾਂਦਿਆਂ ਹੀ ਆਖ ਦੇਵੀਂ, ਹੁਣ ਮੇਰੇ ਭਾਪਾ ਜੀ ਵੀ ਅਕਾਲੀ ਹੋ ਗਏ ਹਨ, ਬੱਸ।” ਗੋਮਾ ਮਾਸੀ ਨੇ ਖੰਡੇਵਾਲੀ ਪੀਲੀ ਝੰਡੀ ਮੇਰੇ ਫਰਾਕ ਦੇ ਸੱਜੇ ਮੋਢੇ ਵੱਲ ਨੱਥੀ ਕਰ ਦਿੱਤੀ ਜੋ ਸਕੂਲ ਵਿਚ ਦਾਖ਼ਲ ਹੁੰਦਿਆਂ ਹੀ ਸਭ ਨੂੰ ਨਜ਼ਰ ਆ ਗਈ।æææ ਹੋ ਸਕਦੈ, ਉਹ ਸਾਰੀਆਂ ਵੀ ਆਪਣੀ ਥਾਂਵੇਂ ਡਰੀਆਂ ਹੋਈਆਂ ਹੋਣ।
“ਮੇਰੇ ਭਾਪਾ ਜੀ ਵੀ ਅਕਾਲੀ ਹੋ ਗਏ ਹਨ।” ਮੇਰੇ ਕਹਿਣ ਦੀ ਦੇਰ ਸੀ ਕਿ ਉਹ ਸਭ ਮੈਨੂੰ ਜੱਫ਼ੀਆਂ ਪਾ-ਪਾ ਮਿਲਣ ਲੱਗੀਆਂ। ਅਮਰਜੀਤਾ ਨੇ ਤਾਂ ਚੁੱਕ ਕੇ ਮੈਨੂੰ ਪਿਆਰ-ਭੁਆਟਣੀਆਂ ਹੀ ਦੇ ਦਿੱਤੀਆਂ।
ਦੂਜੇ ਦਿਨ ਵਿਸਾਖੀ ਸੀ, ਜਾਂ ਕੋਈ ਹੋਰ ਪੁਰਬ। ਮੈਂ ਵੀ ਸ਼ਾਮਲ ਸਾਂ ਸੰਗਤ ਵਿਚ ਸਣੇ ਬਾਲ-ਸਖੀਆਂ ਦੇ। ਸਟੇਜ ਉਤੇ ਗਾ ਰਿਹਾ ਸੀ ਉਹ। ਬਚਨ ਸਿੰਘ ਬਚਨ ਸੀ ਉਹਦਾ ਨਾਂ। ਉਹ ਪਿੰਡੀਓਂ ਆਇਆ ਸੀ, ਰੇਡੀਓ ਸਿੰਗਰ। ਤੇ ਗੀਤ ਸੀ,
ਪੰਥ ਜੇ ਆਜ਼ਾਦ ਤੇਰਾ
ਦੇਸ ਵੀ ਆਜ਼ਾਦ ਹੈ
ਪੰਥ ਜੇ ਆਬਾਦ ਤੇਰਾ
ਦੇਸ ਵੀ ਆਬਾਦ ਹੈ।
ਜੋਸ਼ ਦਾ ਦਰਿਆ ਠਾਠਾਂ ਮਾਰ ਰਿਹਾ ਸੀ।æææ ਗੀਤ ਖ਼ਤਮ ਹੁੰਦਿਆਂ ਹੀ ਜੈਕਾਰੇ ਤੇ ਨਾਅਰੇ ਸ਼ੁਰੂ ਹੋ ਗਏ, ਗੂੰਜਦੇ, ਅਕਾਸ਼ ਛੂੰਹਦੇ ਤੇ ਮੈਂ ਵੀ ਸ਼ਾਮਲ ਸਾਂ ਉਸ ਜੋਸ਼ਨਾਦ ਵਿਚ, ਸਣੇ ਸਾਥਣਾਂ ਦੇ ਬਾਹਾਂ ਉਲਾਰਦੀ ਤੇ ਗਰਜਦੀ।
ਹੁਣ ਮੈਂ ਵੀ Ḕਅਕਾਲਣ’ ਸਾਂ, ਨਾ ਕਿ Ḕਕਾਂਗਰਸੀ ਨੀ ਧੀ’æææ ਸਾਰੀਆਂ ਕੁੜੀਆਂ ਨੂੰ ਯਕੀਨ ਹੋ ਗਿਆ ਸੀ।

Be the first to comment

Leave a Reply

Your email address will not be published.