ਪਲ ਦੋ ਪਲ ਕਾ ਸ਼ਾਇਰ: ਸਾਹਿਰ ਲੁਧਿਆਣਵੀ

ਗੁਲਜ਼ਾਰ ਸਿੰਘ ਸੰਧੂ
ਸੁਣਿਆ ਹੈ ਕਿ ਆਸ਼ੀ ਦੂਆ ਅਤੇ ਜਸਮੀਤ ਰੀਨ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ ਦੇ ਚਰਚਿਤ ਸਬੰਧਾਂ ਬਾਰੇ ਫਿਲਮ ਤਿਆਰ ਕਰ ਰਹੇ ਹਨ। ਦੂਆ ਨਿਰਮਾਤਾ ਹੈ ਤੇ ਰੀਨ ਨਿਰਦੇਸ਼ਕ। ਫਿਲਮ ਦਾ ਨਾਂ ਹੈ ‘ਏਕ ਥੀ ਅੰਮ੍ਰਿਤਾ।’ ਅੰਮ੍ਰਿਤਾ ਦਾ ਪੋਤਰਾ ਅਮਨ ਕਵਾਤੜਾ ਨਹੀਂ ਚਾਹੁੰਦਾ ਕਿ ਇਹ ਫਿਲਮ ਬਣੇ। ਜਦੋਂ ਕਰੀਨਾ ਕਪੂਰ ਨੂੰ ਅੰਮ੍ਰਿਤਾ ਦਾ ਰੋਲ ਅਦਾ ਕਰਨ ਲਈ ਮਨਾਇਆ ਜਾ ਰਿਹਾ ਸੀ ਤੇ ਫਰਹਾਨ ਅਖਤਰ ਨੂੰ ਸਾਹਿਰ ਦਾ, ਤਾਂ ਨਿਰਮਾਤਾ ਤੇ ਨਿਰਦੇਸ਼ਕ ਅੰਮ੍ਰਿਤਾ ਦੇ ਪੋਤਰੇ ਅਮਨ ਤੇ ਉਸ ਦਾ ਜੀਵਨ ਭਰ ਸਾਥ ਦੇਣ ਵਾਲੇ ਇਮਰੋਜ਼ ਨੂੰ ਮੁੰਬਈ ਵਿਖੇ ਮਿਲੇ ਵੀ ਸਨ। ਉਹ ਦੋਵੇਂ ਆਗਿਆ ਦੇਣਾ ਨਹੀਂ ਸਨ ਮੰਨੇ। ਇਸ ਮਿਲਣੀ ਤੋਂ ਪਿੱਛੋਂ ਫਿਲਮ ਨਿਰਮਾਣ ਦੀਆਂ ਖਬਰਾਂ ਠੰਢੀਆਂ ਪੈ ਗਈਆਂ। ਪਰ ਹੁਣ ਪ੍ਰਿਅੰਕਾ ਚੋਪੜਾ ਇਰਫਾਨ ਖਾਨ ਦੇ ਮੰਨ ਜਾਣ ਪਿੱਛੋਂ ਇਹ ਖਬਰਾਂ ਫੇਰ ਗਰਮ ਹਨ। ਕਿਹਾ ਜਾਂਦਾ ਹੈ ਕਿ ਹੁਣ ਅਮਨ ਕਵਾਤੜਾ ਨੂੰ ਫਿਲਮ ਦਾ ਨਿਰਮਾਣ ਰੋਕੇ ਜਾਣ ਲਈ ਕਾਨੂੰਨੀ ਨੋਟਸ ਦੇਣਾ ਪਿਆ ਹੈ। ਫਿਲਮ ਬਣੇ ਨਾ ਬਣੇ ਪਰ ਇਸ ਨਾਲ ਸਬੰਧਤ ਅਫਵਾਹਾਂ ਨੇ ਅੰਮ੍ਰਿਤਾ ਤੇ ਸਾਹਿਰ ਦੇ ਸਬੰਧਾਂ ਦੀ ਚਰਚਾ ਛੇੜ ਦਿੱਤੀ ਹੈ।
ਅੰਮ੍ਰਿਤਾ ਦਾ ਜਨਮ ਗੁਜਰਾਂਵਾਲਾ (ਪਾਕਿਸਤਾਨ) ਵਿਚ 31 ਅਗਸਤ 1919 ਨੂੰ ਹੋਇਆ ਤੇ ਸਾਹਿਰ ਦਾ 8 ਮਾਰਚ 1921 ਨੂੰ ਲੁਧਿਆਣਾ ਸ਼ਹਿਰ ਵਿਚ। ਇਕ ਅੰਮ੍ਰਿਤ ਕੌਰ ਤੇ ਦੂਜਾ ਅਬਦੁਲ ਹਈ। ਕਲਮੀ ਨਾਂ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ। ਇਕ ਨੂੰ ਪੰਜਾਬੀ ਕਵਿਤਾ ਵਿਚ ਪ੍ਰਸਿੱਧੀ ਮਿਲੀ ਤੇ ਦੂਜੇ ਨੂੰ ਉਰਦੂ ਸ਼ਾਇਰ ਵਜੋਂ। ਅੰਮ੍ਰਿਤਾ ਵੱਡੀ ਸੀ ਤੇ ਸਾਹਿਰ ਛੋਟਾ। ਅੰਮ੍ਰਿਤਾ ਦੇ ਆਪਣੇ ਲਿਖਣ ਅਨੁਸਾਰ ਦੇਸ਼ ਵੰਡ ਤੋਂ ਪਹਿਲਾਂ ਸਾਹਿਰ ਉਸ ਨੂੰ ਲਾਹੌਰ (ਪਾਕਿਸਤਾਨ) ਵਿਚ ਮਿਲਦਾ ਰਿਹਾ ਹੈ। ਆਉਂਦਾ ਤੇ ਥੋੜੀ ਦੇਰ ਬੈਠ ਕੇ ਚਲਾ ਜਾਂਦਾ। ਬੱਸ ਚੁਪ ਚਾਪ ਸਿਗਰਟ ਪੀਂਦਾ ਰਹਿੰਦਾ। ਅੱਧੀ ਪੀ ਕੇ ਰਾਖਦਾਨ ਵਿਚ ਬੁਝਾ ਦਿੰਦਾ ਤੇ ਮੁੜ ਨਵੀਂ ਲਾ ਲੈਂਦਾ। ਅੰਮ੍ਰਿਤਾ ਉਸ ਦੇ ਜਾਣ ਪਿੱਛੋਂ ਉਸ ਦੇ ਰਾਖਦਾਨ ਵਿਚ ਛੱਡੇ ਅੱਧੇ ਅੱਧੇ ਟੁਕੜਿਆਂ ਨੂੰ ਚੁੱਕ ਕੇ ਸਾਂਭ ਲੈਂਦੀ ਤੇ ਜਦੋਂ ਚਾਹੇ ਇਨ੍ਹਾਂ ਨੂੰ ਸੁਲਘਾ ਕੇ ਆਪਣੀਆਂ ਉਂਗਲਾਂ ਵਿਚ ਉਸੇ ਤਰ੍ਹਾਂ ਫੜਦੀ ਜਿਵੇਂ ਉਹ ਫੜਦਾ ਸੀ। ਉਸ ਨੂੰ ਅਜਿਹਾ ਕਰਨ ਨਾਲ ਸਾਹਿਰ ਦੇ ਹੱਥਾਂ ਦੀ ਛੁਹ ਦਾ ਅਹਿਸਾਸ ਹੁੰਦਾ। ਅੰਮ੍ਰਿਤਾ ਦੇ ਲਿਖਣ ਅਨੁਸਾਰ ਉਸ ਨੂੰ ਸਿਗਰਟ ਪੀਣ ਦੀ ਆਦਤ ਵੀ ਉਦੋਂ ਹੀ ਪਈ।
ਆਪਣੇ ਤੋਂ ਛੋਟੇ ਅਤੇ ਕਲਾ ਦੀ ਦੁਨੀਆਂ ਵਿਚ ਆਪਣੇ ਵਾਲੀ ਵਿਧਾ ਵਿਚ ਪ੍ਰਸਿੱਧ ਹੋ ਰਹੇ ਪ੍ਰਾਣੀ ਵਲ ਇਸ ਤਰ੍ਹਾਂ ਖਿੱਚਿਆ ਜਾਣਾ ਕੋਈ ਅਨਹੋਣੀ ਗੱਲ ਨਹੀਂ। ਆਪਣੇ ਜੀਵਨ ਨੂੰ ਤੇਜ਼ੀ ਨਾਲ ਫੂਕਣ ਵਾਲਾ ਸਾਹਿਰ ਲੁਧਿਆਣਵੀ ਇਸ ਦੁਨੀਆਂ ਨੂੰ ਅਕਤੂਬਰ 1980 ਵਿਚ ਅਲਵਿਦਾ ਕਹਿ ਗਿਆ। ਉਸ ਦੇ ਚਲਾਣੇ ਸਮੇਂ ਅੰਮ੍ਰਿਤਾ ਨੇ ਆਪਣੇ ਸ਼ਰਧਾਂਜਲੀ ਲੇਖ ਵਿਚ ਇਹ ਵੀ ਲਿਖਿਆ ਕਿ ਉਸ ਦੇ ਅੰਦਰ ਦੀ ਔਰਤ ਉਸ ਦੇ ਅੰਦਰ ਦੀ ਫਨਕਾਰਾ ਤੋਂ ਸਦਾ ਹੀ ਪਿੱਛੇ ਰਹੀ ਹੈ ਸਿਵਾਇ ਤਿੰਨ ਮੌਕਿਆਂ ਦੇ ਜਿਨ੍ਹਾਂ ਵਿਚੋਂ ਇੱਕ ਮੌਕੇ ਦਾ ਸਬੰਧ ਸਾਹਿਰ ਦੀ ਮਿਲਣੀ ਨਾਲ ਹੈ। ਉਹ ਲਿਖਦੀ ਹੈ ਕਿ ਇਹ ਮੌਕੇ ਅਜਿਹੇ ਸਨ, “ਜਦ ਮੈਂ ਆਪਣੇ ਅੰਦਰ ਦੀ ਸਿਰਫ਼ ਔਰਤ ਨੂੰ ਜੀਅ ਭਰ ਕੇ ਦੇਖਿਆ ਹੈ। ਉਸ ਦਾ ਰੂਪ ਏਨਾ ਭਰਿਆ ਹੋਇਆ ਸੀ ਕਿ ਮੇਰੇ ਅੰਦਰ ਦੀ ‘ਫਨਕਾਰਾ’ ਦਾ ਵਜੂਦ ਮੇਰੇ ਲਈ ਗੁੰਮ ਹੋ ਗਿਆ ਸੀ।” ਭਾਵ ਇਹ ਕਿ ਇਨ੍ਹਾਂ ਤਿੰਨ ਮੌਕਿਆਂ ਉਤੇ ਅੰਮ੍ਰਿਤਾ ਦੀ ਅੰਦਰਲੀ ਫਨਕਾਰਾ ਉਸ ਦੇ ਅੰਦਰ ਦੀ ਔਰਤ ਵਿਚ ਉਕਾ ਹੀ ਦਖਲ ਨਹੀਂ ਸੀ ਦੇ ਸਕਦੀ। ਉਥੇ ਫਨਕਾਰਾ ਲਈ ਕੋਈ ਥਾਂ ਨਹੀਂ ਸੀ।
ਪਹਿਲੇ ਮੌਕੇ ਦਾ ਸਬੰਧ 25 ਸਾਲ ਦੀ ਅੰਮ੍ਰਿਤਾ ਨਾਲ ਸੀ ਜਦ ਉਸ ਦੀ ਗੋਦ ਬੱਚੇ ਤੋਂ ਖਾਲੀ ਸੀ ਤੇ ਉਹ ਆਪਣੇ ਖਾਬਾਂ ਵਿਚ ਉਸ ਫੁੱਲ ਨੂੰ ਦੇਖਦੀ ਸੀ, ਜਿਹੜਾ ਸੁਪਨਾ ਟੁੱਟਦੇ ਸਾਰ ਅਲੋਪ ਹੋ ਜਾਂਦਾ ਸੀ। ਤੇ ਉਹ ਉਂਜ ਦੀ ਉਂਜ ਹੁੰਦੀæææਸੁੰਨੀ, ਵੀਰਾਨ ਤੇ ਇਕੱਲੀæææ। ‘ਸਿਰਫ਼ ਇਕ ਔਰਤ ਜੋ ਜੇਕਰ ਮਾਂ ਨਹੀਂ ਸੀ ਬਣ ਸਕਦੀ ਤਾਂ ਜੀਣਾ ਵੀ ਨਹੀਂ ਸੀ ਚਾਹੁੰਦੀ।’ ਤੇ ਦੂਜੀ ਵਾਰ ਉਸ ਨੂੰ ਇਹ ਅਹਿਸਾਸ ਉਦੋਂ ਹੋਇਆ ਸੀ ਜਦੋਂ ਬੁਖਾਰ ਤੇ ਗਲੇ ਦੇ ਦਰਦ ਦੀ ਅਵਸਥਾ ਵਿਚ ਉਸ ਨੂੰ ਸਾਹਿਰ ਮਿਲਣ ਆਇਆ। ਉਸ ਦਿਨ ਅੰਮ੍ਰਿਤਾ ਨੇ ‘ਉਸ ਦੇ ਗਲੇ ਤੇ ਛਾਤੀ ਉਤੇ ਵਿਕਸ ਮਲੀ ਸੀ। ਜਦ ਕਿੰਨੀ ਹੀ ਦੇਰ ਮਲਦੀ ਰਹੀ ਤਦ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਮੈਂ ਆਪਣੀ ਬਾਕੀ ਦੀ ਉਮਰ ਗੁਜ਼ਾਰ ਸਕਦੀ ਹਾਂ। ਮੇਰੇ ਅੰਦਰ ਦੀ ਔਰਤ ਨੂੰ ਉਸ ਸਮੇਂ ਦੁਨੀਆਂ ਦੇ ਕਿਸੇ ਕਾਗ਼ਜ਼ ਕਲਮ ਦੀ ਜ਼ਰੂਰਤ ਨਹੀਂ ਸੀ।’ ਅੰਮ੍ਰਿਤਾ ਦੇ ਲਿਖਣ ਅਨੁਸਾਰ ‘ਤੀਜੀ ਵਾਰ ਇਹ ਔਰਤ ਮੈਂ ਉਸ ਸਮੇਂ ਦੇਖੀ ਜਦ ਆਪਣੇ ਸਟੂਡੀਓ ਵਿਚ ਬੈਠੇ ਇਮਰੋਜ਼ ਨੇ ਆਪਣਾ ਪਤਲਾ ਜਿਹਾ ਬੁਰਸ਼ ਆਪਣੇ ਕੈਨਵਸ ‘ਤੋਂ ਚੁੱਕ ਕੇ ਉਸ ਨੂੰ ਇਕ ਵਾਰ ਲਾਲ ਰੰਗ ਵਿਚ ਡਬੋਇਆ ਸੀ ਤੇ ਫੇਰ ਉਸ ਬੁਰਸ਼ ਨਾਲ ਮੇਰੇ ਮੱਥੇ ‘ਤੇ ਬਿੰਦੀ ਲਾ ਦਿੱਤੀ ਸੀ।’ ਜਿਥੋਂ ਤੱਕ ਸਾਹਿਰ ਦਾ ਸਬੰਧ ਹੈ ਅੰਮ੍ਰਿਤਾ ਨੇ ਸਾਹਿਰ ਦੀ ਲਿਖੀ ਤੇ ਉਹਦੇ ਵੱਲੋਂ ਫਰੇਮ ਕਰਵਾ ਕੇ ਦਿੱਤੀ ‘ਤਾਜ ਮਹਲ’ ਨਾਂ ਦੀ ਨਜ਼ਮ ਵੀ ਆਪਣੇ ਕੋਲ ਸਦਾ ਹੀ ਸੰਭਾਲ ਰੱਖੀ ਸੀ। ਇਮਰੋਜ਼ ਨੇ ਤਾਂ ਅੰਮ੍ਰਿਤਾ ਪ੍ਰੀਤਮ ਦੇ ਹੌਜ਼ ਖਾਸ ਵਾਲੇ ਘਰ ਦੀਆਂ ਫੱਟੀਆਂ ਤੇ ਦਰਵਾਜ਼ੇ ਹੀ ਨਹੀਂ ਕੰਧਾਂ ਉਤੇ ਵੀ ਅੰਮ੍ਰਿਤਾ ਦੀਆਂ ਨਜ਼ਮਾਂ ਆਪਣੀ ਕਲਾਕਾਰੀ ਹੱਥ-ਲਿਖਤ ਨਾਲ ਲਿਖ ਛੱਡੀਆਂ ਸਨ।
ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਲੁਧਿਆਣਵੀ ਦੀ ਸੰਗਤ ਨੂੰ ਅਸੀਂ ਪਲ ਦੋ ਪਲ ਦੀ ਸੰਗਤ ਕਹਿ ਸਕਦੇ ਹਾਂ। ਸਾਹਿਰ ਦੀ ਹੇਠ ਲਿਖੀ ਨਜ਼ਮ ਵਰਗੀ,
ਮੈਂ ਪਲ ਦੋ ਪਲ ਕਾ ਸ਼ਾਇਰ ਹੂੰ,
ਪਲ ਦੋ ਪਲ ਮੇਰੀ ਕਹਾਨੀ ਹੈ।
ਪਲ ਦੋ ਪਲ ਮੇਰੀ ਹਸਤੀ ਹੈ,
ਪਲ ਦੋ ਪਲ ਮੇਰੀ ਜਵਾਨੀ ਹੈ।
ਪਲ ਦੋ ਪਲ ਮੈਂ ਕੁੱਛ ਕਹਿ ਪਾਇਆ,
ਇਤਨੀ ਹੀ ਸਆਦਤ ਕਾਫੀ ਹੈ।
ਪਲ ਦੋ ਪਲ ਨੇ ਮੁਝ ਕੋ ਸੁਨਾ,
ਇਤਨੀ ਹੀ ਇਨਾਯਤ ਕਾਫੀ ਹੈ।
ਕਲ ਔਰ ਆਏਂਗੇ ਨਗਮੇ ਕੀ
ਲਿਖਤੀ ਕਲੀਆਂ ਚੁੰਨਨੇ ਵਾਲੇ।
ਮੁਝ ਸੇ ਬਿਹਤਰ ਕਹਿਨੇ ਵਾਲੇ,
ਤੁਮ ਸੇ ਬਿਹਤਰ ਸੁਨਨੇ ਵਾਲੇ।
ਸਾਹਿਰ ਲੁਧਿਆਣਵੀ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਕਹਿਣ ਵਾਲੇ ਸ਼ਿਵ ਕੁਮਾਰ ਵਰਗਾ ਹੀ ਸੀ। ਸੁਹਣਾ ਸੁਨੱਖਾ ਤੇ ਸੋਗਮਈ ਕਵਿਤਾ ਦਾ ਰਚਨਹਾਰਾ। ਮੈਂ ਇਸ ਨੂੰ ਅੰਮ੍ਰਿਤਾ ਦੇ ਉਨ੍ਹਾਂ ਸ਼ਬਦਾਂ ਨਾਲ ਹੀ ਖਤਮ ਕਰਦਾ ਹਾਂ ਜਿਹੜੇ ਉਸ ਨੇ ਸਾਹਿਰ ਦੀ ਮੌਤ ਸਮੇਂ ਲਿਖੇ ਸਨ,
“ਮੇਰੇ ਕੋਲ ਇਕ ਪੱਤਾ ਹੈ ਜੋ (ਮੈਂ ਏਸ਼ੀਅਨ ਰਾਈਟਰਜ਼ ਕਾਨਫਰੰਸ ਤੇ ਗਈ) ਟਾਲਸਟਾਇ ਦੀ ਕਬਰ ਤੋਂ ਚੁੱਕ ਕੇ ਲਿਆਈ ਸੀ ਤੇ ਇੱਕ ਕਾਗਜ਼ ਦਾ ਗੋਲ ਟੁਕੜਾ ਜਿਸ ਦੇ ਇੱਕ ਪਾਸੇ ਛਪਿਆ ਹੋਇਆ ਹੈ-ਏਸ਼ੀਅਨ ਰਾਈਟਰਜ਼ ਕਾਨਫਰੰਸ ਅਤੇ ਦੂਜੇ ਪਾਸੇ ਹਥ ਨਾਲ ਲਿਖਿਆ ਹੋਇਆ ਹੈ-ਸਾਹਿਰ ਲੁਧਿਆਣਵੀ। ਇਹ ਉਹ ਬੈਜ ਹੈ ਜਿਹੜਾ ਹਰ ਮਹਿਮਾਨ ਨੂੰ ਦਿੱਤਾ ਜਾਂਦਾ ਹੈ। ਮੇਰੇ ਨਾਂ ਦਾ ਬੈਜ ਮੇਰੇ ਕੋਟ ਉਤੇ ਲੱਗਿਆ ਹੋਇਆ ਸੀ ਤੇ ਸਾਹਿਰ ਦਾ ਸਾਹਿਰ ਦੇ ਕੋਟ ਉਤੇ। ਸਾਹਿਰ ਨੇ ਆਪਣਾ ਬੈਜ ਉਤਾਰ ਕੇ ਮੇਰੇ ਕੋਟ ਉਤੇ ਲਾ ਦਿੱਤਾ ਤੇ ਮੇਰਾ ਉਤਾਰ ਕੇ ਆਪਣੇ ਕੋਟ ਉਤੇ। ਪਰ ਅੱਜ ਮੈਨੂੰ ਏਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਖ਼ੁਦਾ ਨੇ ਗਲਤੀ ਨਾਲ ਮੇਰੀ ਬਜਾਏ ਸਾਹਿਰ ਨੂੰ ਬੁਲਾ ਲਿਆ ਹੈ। ਵਾਰੀ ਤਾਂ ਅੰਮ੍ਰਿਤਾ ਦੀ ਸੀ ਚਲਾ ਗਿਆ ਸਾਹਿਰ। ਸ਼ਾਇਦ ਬੈਜ ਦੀ ਬਦਲੀ ਕਾਰਨ।”
ਮੈਂ ਆਪਣੇ ਇਸ ਲੇਖ ਦੀ ਬਹੁਤ ਸਾਰੀ ਸਮਗਰੀ ਸਾਹਿਰ ਤੇ ਉਸ ਦੀ ਸ਼ਖਸੀਅਤ ਵਾਲੀ ਉਸ ਪਸਤਕ ਵਿਚੋਂ ਲਈ ਹੈ ਜੋ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ, ਨਵੀਂ ਦਿੱਲੀ ਵਾਸਤੇ ਅਮਰ ਵਰਮਾ ਦੀ ਸੰਕਲਤ ਹੈ ਤੇ ਬਲਦੇਵ ਸਿੰਘ ਬੱਦਨ ਦੀ ਅਨੁਵਾਦਤ। ਨਾਂ ਹੈ, ਮੈਂ ਪਲ ਦੋ ਪਲ ਕਾ ਸ਼ਾਇਰ ਹੂੰ। ਦੂਆ ਤੇ ਰੀਨ ਦੀ ਫਿਲਮ ਬਣੇ ਨਾ ਬਣੇ ਇਸ ਘਟਨਾਕ੍ਰਮ ਨੇ ਸਾਨੂੰ ਅੰਮ੍ਰਿਤਾ ਪ੍ਰੀਤਮ ਦਾ ਗੁਜਰਾਂਵਾਲਾ ਤੇ ਲਾਹੌਰ ਚੇਤੇ ਕਰਵਾ ਦਿੱਤਾ ਹੈ ਤੇ ਸਾਹਿਰ ਦਾ ਲੁਧਿਆਣਾ ਤੇ ਮੁੰਬਈ। ਮੈਂ ਤਾਂ ਕੇਵਲ ਏਨਾ ਹੀ ਕਹਿਣਾ ਹੈ ਕਿ ਏਥੇ ਅੰਮ੍ਰਿਤਾ ਆਸ਼ਿਕ ਹੈ ਤੇ ਸਾਹਿਰ ਮਾਸ਼ੂਕ।
ਅੰਤਿਕਾ: (ਕੈਫ਼ੀ ਆਜ਼ਮੀ ਦੀ ਸ਼ਰਧਾਂਜਲੀ)
ਤੁਮਹਾਰੇ ਸ਼ਹਿਰ ਮੇ ਆਏ ਹੈਂ ਹਮ,
ਸਾਹਿਰ ਕਹਾਂ ਹੋ ਤੁਮ?
ਯੇ ਰੂਪੋਸ਼ੀ ਤੁਮ੍ਹਾਰੀ ਹੈ ਸਿਤਮ,
ਸਾਹਿਰ ਕਹਾਂ ਹੋ ਤੁਮ?
ਤੁਮ੍ਹਾਰੇ ਘਰ ਮੈਂ ਹਮ ਆ ਕਰ,
ਕਭੀ ਪਿਆਸੇ ਨਾ ਜਾਏਂਗੇ,
ਉਠਾਓ ਜਾਮ ਕਰ ਲੇਂ ਹੋਂਠ ਨਮ,
ਸਾਹਿਰ ਕਹਾਂ ਹੋ ਤੁਮ?
ਪੁਰਾਨੇ ਦੋਸਤੋਂ ਸੇ ਹੋ ਗਏ
ਕਯੋਂ ਇਤਨੇ ਬੇਗਾਨੇ,
ਪੁਕਾਰੋ ਤੋ ਕਹੀਂ ਸੇ ਕਮ ਸੇ ਕਮ,
ਸਾਹਿਰ ਕਹਾਂ ਹੋ ਤੁਮ?
ਮੇਰੀ ਨਜ਼ਰੋਂ ਮੇਂ ਮੇਰੇ ਦੋਸਤ,
ਇਕ ਮੰਦਿਰ ਹੈ ਲੁਧਿਆਨਾ,
ਯੇ ਮੰਦਿਰ ਔਰ ਤੁਮ ਇਸਕੇ ਸਨਮ,
ਸਾਹਿਰ ਕਹਾਂ ਹੋ ਤੁਮ?

Be the first to comment

Leave a Reply

Your email address will not be published.