ਦੂਰਦਰਸ਼ਨ ਲਈ ਪੇਸ਼ਕਾਰੀ ਤੇ ਪ੍ਰੋਗਰਾਮਾਂ ਦਾ ਨਿਰਮਾਣ

ਐਸ਼ ਅਸ਼ੋਕ ਭੌਰਾ
ਦਸਾਂ ਡਾਲਰ ਦੇ ਰੰਗਾਂ ਨੂੰ ਲੱਖਾਂ ਡਾਲਰਾਂ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ, ਇਹ ਭੇਤ ਪਾਬਲੋ ਪਿਕਾਸੋ ਦੀਆਂ ਕਲਾਕ੍ਰਿਤਾਂ ਨੇ ਖੋਲ੍ਹਿਆ ਹੈ ਤੇ ਚਿੱਤਰਕਾਰ ਸ਼ੋਭਾ ਸਿੰਘ ਨੇ ਦੱਸਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਬਣਾ ਕੇ ਰੰਗਾਂ ਨਾਲ ਸ਼ਰਧਾ ਵੀ ਪੈਦਾ ਕੀਤੀ ਜਾ ਸਕਦੀ ਹੈ। ਬਦਕਿਸਮਤ ਉਹ ਨਹੀਂ ਹਨ ਜਿਨ੍ਹਾਂ ਕੋਲ ਪੈਸਾ-ਟਕਾ ਨਹੀਂ ਹੈ, ਸਗੋਂ ਮਾੜੀ ਕਿਸਮਤ ਉਨ੍ਹਾਂ ਦੀ ਹੈ ਜਿਨ੍ਹਾਂ ਕੋਲ ਕਲਾ ਦਾ ਖਜ਼ਾਨਾ ਤਾਂ ਸੀ, ਪਰ ਇਸ ਦੇ ਬੂਹੇ ਬਾਰੀਆਂ ਖੋਲ੍ਹਣ ਲਈ ਜੰਦਰਿਆਂ ਦੀਆਂ ਚਾਬੀਆਂ ਨਹੀਂ ਲੱਭ ਸਕੀਆਂ। ਗੁਰਦਾਸ ਮਾਨ ਇਸ ਗੱਲ ਤੋਂ ਕਦੇ ਇਨਕਾਰੀ ਨਹੀਂ ਹੋ ਸਕਦਾ ਕਿ ਉਹਨੂੰ ਪਹਿਲੇ ਦਿਨਾਂ ਵਿਚ ਗਵੱਈਆ ਬਣਨ ਲਈ ਸਭ ਤੋਂ ਵੱਡਾ ਯੋਗਦਾਨ ਦੂਰਦਰਸ਼ਨ ਨੇ ਦਿੱਤਾ ਹੈ। ਕਿਸੇ ਨੂੰ ਇਸ ਗੱਲ ਦਾ ਤਾਂ ਭਾਵੇਂ ਚੇਤਾ ਨਾ ਹੋਵੇ ਕਿ ਜਿਸ ਕਾਲੇ ਤਵੇ ਨਾਲ ਉਹ ਹਿੱਟ ਹੋਇਆ ਸੀ, ਉਹਦਾ ਸੰਗੀਤ ਜਸਵੰਤ ਭੰਵਰੇ ਨੇ ਦਿੱਤਾ ਸੀ ਪਰ ਇਹ ਗੱਲ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਕਦੇ ਨਹੀਂ ਭੁੱਲੇਗੀ ਕਿ ‘ਮਾਮਲਾ ਗੜਬੜ ਹੈ’ ਗੀਤ ਨੂੰ ਕਿਸੇ ਸਮੇਂ ਸਭ ਤੋਂ ਹਿੱਟ ਬਣਾਉਣ ਵਿਚ ਨਿੱਕੇ ਪਰਦੇ ਯਾਨਿ ਜਲੰਧਰ ਦੂਰਦਰਸ਼ਨ ਦੀ ਮੁੱਖ ਭੂਮਿਕਾ ਸੀ। ਇਸੇ ਲਈ ਕਹਿ ਸਕਦੇ ਹਾਂ ਕਿ ਮੇਰੇ ਵਾਂਗ ਕਲਾ ਦੀਆਂ ਰੋਟੀਆਂ ਸੇਕਣ ਵਿਚ ਇਸ ਕੇਂਦਰ ਨੇ ਚੁੱਲ੍ਹਾ ਤਪਾ ਕੇ ਬਹੁਤਿਆਂ ਲਈ ਮਘਦਾ ਰੱਖਿਆ ਹੈ।
ਰਾਜ ਗਾਇਕ ਹੰਸ ਰਾਜ ਹੰਸ ਦਾ ਪਹਿਲਾ ਐਲ਼ਪੀæ ਰਿਕਾਰਡ ‘ਜੋਗੀਆਂ ਦੇ ਕੰਨਾਂ ਵਿਚ’ ਜਲੰਧਰ ਦੇ ਸਾਹਨੀ ਰੇਡੀਓਜ਼ ਵਾਲਿਆਂ ਦੀ ਹਿੰਮਤ ਨਾਲ ਨਿਕਲਿਆ ਸੀ। ਉਸ ਤੋਂ ਬਾਅਦ ਉਹ ਕਈ ਵਰ੍ਹੇ ਚੁੱਪ ਰਿਹਾ। ਸੰਗੀਤ ਨਿਰਦੇਸ਼ਕ ਚਰਨਜੀਤ ਆਹੂਜਾ ਨੂੰ ਮੈਂ ਜਦੋਂ ਹੰਸ ਦੀ ਸੁਰੀਲੀ ਸੁਰ ਨੂੰ ਦੁਬਾਰਾ ਪੇਸ਼ ਕਰਨ ਲਈ ਕਿਹਾ ਤਾਂ ਉਹਦਾ ਜਵਾਬ ਸੀ, ‘ਉਹ ਮੁੜ ਕੇ ਲੱਭਿਆ ਹੀ ਨਹੀਂ।’ ਸਾਲ 1991 ਵਿਚ ਜਦੋਂ ਮੈਂ ਢਾਡੀ ਅਮਰ ਸਿੰਘ ਸ਼ੌਂਕੀ ਦੇ ਗੀਤਾਂ ਦੀ ਰੀਲ੍ਹ ਲੁਧਿਆਣੇ ਦੀ ‘ਇੰਦਰਲੋਕ’ ਕੰਪਨੀ ਤੋਂ ਸਰਦੂਲ ਸਿਕੰਦਰ ਦੇ ਸੰਗੀਤ ਹੇਠ ‘ਸੱਜਣਾਂ ਦੂਰ ਦਿਆ’ ਰਿਲੀਜ਼ ਕਰਵਾਈ, ਤਾਂ ਇਹਦੇ ਲਈ ਹੰਸ, ਸਰਦੂਲ, ਸਰਦੂਲ ਦੇ ਵੱਡੇ ਵੀਰ ਗਮਦੂਰ ਅਮਨ ਤੇ ਸੁਖਵਿੰਦਰ ਪੰਛੀ ਨੇ ਗੀਤ ਗਾਏ ਸਨ। ਪੰਛੀ ਦਾ ‘ਸਾਹਿਬਾ ਵਾਜਾਂ ਮਾਰਦੀ’ ਵੀ ਹਿੱਟ ਹੋਇਆ ਸੀ ਤੇ ਹੰਸ ਦਾ ‘ਫੜ੍ਹਾਂ ਫੋਕੀਆਂ ਬਥੇਰੇ ਲੋਕੀ ਮਾਰਦੇ’ ਵੀ ਬਹੁਤ ਸਲਾਹਿਆ ਗਿਆ। ਫਿਰ ਜਦੋਂ ‘ਤੇਰਾ ਮੇਰਾ ਪਿਆਰ’ ਐਲਬਮ ਟੀ-ਸੀਰੀਜ਼ ਨੇ ਰਿਲੀਜ਼ ਕੀਤੀ ਤਾਂ ਹੁਣ ਭਾਵੇਂ ਗਾਇਕਾਂ ਦੀ ਆਪਸ ਵਿਚ ਕਿੰਨੀ ਵੀ ਸ਼ਰੀਕੇਬਾਜ਼ੀ ਹੋਵੇ, ਉਦੋਂ ਮੈਂ ਤੇ ਸਰਦੂਲ ਸਿਕੰਦਰ ਲੁਧਿਆਣੇ ਦੇ ਗੁਲਮੋਹਰ ਹੋਟਲ ਵਿਚ ਜਲੰਧਰ ਦੂਰਦਰਸ਼ਨ ਦੇ ਹਰਜੀਤ ਸਿੰਘ ਨੂੰ ਮਿਲੇ ਤਾਂ ਇਹੋ ਕਹਿ ਕੇ ਦੋਹਾਂ ਨੇ ਹੱਥ ਜੋੜੇ ਸਨ, ‘ਹੰਸ ਕਮਾਲ ਦਾ ਗਾਉਂਦਾ ਹੈ, ਉਹਨੂੰ ਮੌਕਾ ਦਿਓ।’ ਇਸ ਕੈਸਿਟ ਵਿਚਲਾ ਗੀਤ ‘ਅੱਜ ਕੱਲ੍ਹ ਸੁਣਿਆ ਫਤੂਰ ਵਿਚ ਰਹਿੰਦੇ ਹੋ’ ਜਦੋਂ ਜਲੰਧਰ ਦੇ ਹਿੱਟ ਵਰਾਇਟੀ ਪ੍ਰੋਗਰਾਮਾਂ ਵਿਚ ਚੱਲਿਆ ਤਾਂ ਮਾਨੋ ਹੰਸ ਨੇ ਕਲਾ ਦੀ ਕੋਹਾਂ ਲੰਮੀ ਵਾਟ ਰਾਤੋ-ਰਾਤ ਨਿਬੇੜ ਲਈ ਸੀ, ਤੇ ‘ਤੇਰਾ ਕੱਲੇ ਕੱਲੇ ਤਾਰੇ ਉਤੇ ਨਾਂ ਲਿਖਿਆ’ ਜਾਂ ‘ਨੀ ਵਣਜਾਰਨ ਕੁੜੀਏ’ ਤੱਕ ਸਫ਼ਰ ਨਾਲ ਮੰਨਣਾ ਪਵੇਗਾ ਕਿ ਪੰਜਾਬੀ ਗਾਇਕੀ ਵਿਚ ਉਹ ਸੱਚੀਂ ਮੋਤੀ ਚੁਗਣ ਦੇ ਸਮਰੱਥ ਹੋ ਗਿਆ ਸੀ। ਤੇ ਵਣਜਾਰਨ ਵਾਲੇ ਗੀਤ ਨੇ ‘ਛਣਕਾਟੇ’ ਵਿਚ ਭੱਲੇ-ਬਾਲੇ ਹੋਰਾਂ ਨਾਲ ਕੰਮ ਕਰਨ ਵਾਲੀ ਕੁੜੀ ਨੀਲੂ ਨੂੰ ਡਾਂਸਰ ਤੋਂ ਕਲਾਕਾਰ ਵੀ ਬਣਾ ਦਿੱਤਾ ਸੀ।
ਗੱਲ ਸਿਰਫ਼ ਮਾਣਕ ਦੀ ਪਹਿਲੀ ਐਂਟਰੀ ਦੀ ਨਹੀਂ, ਸਗੋਂ ‘ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ, ਬੇਸਮਝ ਜ਼ਮਾਨਾ ਕੀ ਜਾਣੇ’ ਵਾਲੇ ਪ੍ਰੋæ ਸਰੂਪ ਸਿੰਘ ਸਰੂਪ ਨੂੰ ਬਜ਼ੁਰਗ ਉਮਰੇ ਮੇਰੀ ਸਿਫ਼ਾਰਸ਼ ‘ਤੇ ਲਖਵਿੰਦਰ ਜੌਹਲ ਨੇ ਦੂਰਦਰਸ਼ਨ ਲਈ ਰਿਕਾਰਡ ਕੀਤਾ। ਫਿਰ ਗੁਰਮੀਤ ਬਾਵਾ ਦੀਆਂ ਬੇਟੀਆਂ- ਲਾਚੀ ਤੇ ਗਲੋਰੀ ਬਾਵਾ ਦੀ ਦੱਸ ਪਾਈ। ਮਨਮੋਹਨ ਵਾਰਿਸ ਨੂੰ ਮੇਰੇ ਕਹਿਣ ‘ਤੇ ਨਿਰਮਾਤਾ ਏæ ਗੁਰਦੀਪ ਸਿੰਘ ਨੇ ‘ਇਕ ਲੱਪ ਸੁਰਮੇ ਦੀ’ ਪ੍ਰੋਗਰਾਮ ਵਿਚ ‘ਕਿਤੇ ਰੰਗ ਨਾ ਵਟਾ ਲਈ ਕੁੜੀਏ, ਦੁਨੀਆਂ ਦੇ ਰੰਗ ਵੇਖ ਕੇ’ ਨਾਲ ਬ੍ਰੇਕ ਦਿੱਤੀ। ਧੀਆਂ ਭੈਣਾਂ ਦੇ ਗੀਤ ਗਾਉਣ ਵਾਲੇ ਪਾਲੀ ਦੇਤਵਾਲੀਏ ਦੀ ਦੱਸ ਇਸ ਕੇਂਦਰ ਦੇ ਕੰਨਾਂ ਵਿਚ ਮੈਂ ਪਾਈ। ਸੁਨੀਤਾ ਭੱਟੀ ਨੂੰ ਗਵਾਇਆ, ਨਰਿੰਦਰ ਬੀਬਾ ਨੂੰ ਦੂਰਦਰਸ਼ਨ ਦਾ ਮੰਚ ਲੈ ਕੇ ਦਿੱਤਾ ਤੇ ਸੱਚ ਮੰਨਿਓæææ ਅਮਰ ਸਿੰਘ ਨੂੰ ‘ਮੇਰਾ ਪਿੰਡ ਮੇਰੇ ਖੇਤ’ ਪ੍ਰੋਗਰਾਮ ਤੋਂ ਲੈ ਕੇ ਹਰ ਸੰਗੀਤਕ ਪ੍ਰੋਗਰਾਮ ਦੇ ਨਿਰਮਾਤਾ ਤੱਕ ਪਹੁੰਚ ਕਰਨ ਦੀ ਵਾਹ ਲਾਈ, ਪਰ ਕਿਸੇ ਨੇ ਵੀ ਪਿੰਡੇ ਉਤੇ ਪਾਣੀ ਨਾ ਪੈਣ ਦਿੱਤਾ। ਮੈਨੂੰ ਇਹ ਦੁੱਖ ਰਹੇਗਾ ਕਿ ਉਹਦੇ ਤੱਤੇ ਗੀਤਾਂ ਨੂੰ ਬਹਾਨਾ ਬਣਾ ਕੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਜਾਂ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਵਰਗੇ ਧਾਰਮਿਕ ਗੀਤਾਂ ਲਈ ਵੀ ਕਿਸੇ ਨੇ ਲੜ ਨਾ ਫੜਾਇਆ। ਜਸਪਿੰਦਰ ਨਰੂਲਾ ਬਾਰੇ ਸਭ ਤੋਂ ਪਹਿਲਾਂ ਲਿਖਣ ਵਾਲਾ ਹੀ ਮੈਂ ਨਹੀਂ ਸੀ, ਸਗੋਂ ਉਹਦੇ ਸੰਗੀਤਕਾਰ ਪਿਤਾ ਕੇਸਰ ਸਿੰਘ ਨਰੂਲਾ ਦੇ ਕਹਿਣ ‘ਤੇ ਜਸਪਿੰਦਰ ਨੂੰ ਪੇਸ਼ ਕਰਨ ਦੀ ਦੁਹਾਈ ਵੀ ਦਿੰਦਾ ਰਿਹਾ। ਇਉਂ ਨਾ ਸਿਰਫ਼ ਮੈਂ ਇਕੱਲੇ ਨੇ ਦੂਰਦਰਸ਼ਨ ‘ਤੇ ਕਲਾ ਦਾ ਚਰਖਾ ਕੱਤਿਆ, ਸਗੋਂ ਪੂਣੀਆਂ ਲਾਹੁਣ ਦਾ ਅਵਸਰ ਹੋਰ ਵੀ ਅਨੇਕਾਂ ਗਾਇਕਾਂ ਨੂੰ ਲੈ ਕੇ ਦੇਣ ਵਿਚ ਸਫ਼ਲ ਹੁੰਦਾ ਰਿਹਾ।
ਅਨੇਕਾਂ ਸਭਿਆਚਾਰਕ ਪ੍ਰੋਗਰਾਮਾਂ ਅਤੇ ਟਾਕ ਸ਼ੋਅਜ਼ ਵਿਚ ਸੰਚਾਲਨ ਕਰਦਿਆਂ-ਕਰਦਿਆਂ ਸਾਲ 2000 ਵਿਚ ਜਦੋਂ ਪ੍ਰਸਾਰ ਭਾਰਤੀ ਨੇ ਜਲੰਧਰ ਦੂਰਦਰਸ਼ਨ ਦੇ ਕੁਝ ਪ੍ਰੋਗਰਾਮਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਫੈਸਲਾ ਕੀਤਾ, ਤਾਂ ਸਭ ਤੋਂ ਪਹਿਲਾਂ ਰਾਜੇਸ਼ ਸ਼ਰਮਾ ਨੇ ‘ਕਾਲਾ ਡੋਰੀਆ’ ਨਾਲ ਮੱਲ ਹੀ ਨਹੀਂ ਮਾਰੀ, ਸਗੋਂ ਵੱਡਾ ਲਾਭ ਇਹ ਹੋਇਆ ਕਿ ਉਹ ਨਕੋਦਰ ਚੌਕ ਵਿਚ ਆਪਣਾ ‘ਸਟਾਂਸ’ ਨਾਂ ਦਾ ਆਡੀਓ ਤੇ ਵੀਡੀਓ ਸਟੂਡੀਓ ਖੋਲ੍ਹਣ ਵਿਚ ਵੀ ਕਾਮਯਾਬ ਹੋਇਆ। ਕੇਂਦਰ ਦੇ ਸੇਵਾ ਮੁਕਤ ਹੋਏ ਡਾਇਰੈਕਟਰ ਡਾæ ਦਲਜੀਤ ਸਿੰਘ ਉਨ੍ਹਾਂ ਦਿਨਾਂ ਵਿਚ ਡਿਪਟੀ ਦੇ ਅਹੁਦੇ ‘ਤੇ ਸਨ। ਮਿੱਠ ਬੋਲੜਾ ਸੁਭਾਅ ਹੋਣ ਕਰ ਕੇ ਸਾਰੇ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਇਕ ਦਿਨ ਉਨ੍ਹਾਂ ਮੈਨੂੰ ਬੁਲਾ ਕੇ ਕਿਹਾ, ‘ਤੇਰੇ ਵਰਗੇ ਸੁਹਿਰਦ ਬੰਦੇ ਨੂੰ ਵਧੀਆ ਪ੍ਰੋਗਰਾਮ ਦਾ ਨਿਰਮਾਣ ਕਰਨਾ ਚਾਹੀਦਾ ਹੈ, ਮੇਰੇ ਵਾਂਗ ਅਨੇਕਾਂ ਪੰਜਾਬੀ ਤੈਥੋਂ ਇਹੋ ਤਵੱਕੋਂ ਕਰਦੇ ਹਨ।’
ਫਿਰ ਮੈਂ ਲੋਕ ਸਾਜ਼ਾਂ ਦੇ ਨਿਰਮਾਣ ‘ਤੇ ਇਕ ਪਾਇਲਟ ਬਣਾ ਕੇ ਜਮ੍ਹਾਂ ਕਰਵਾਇਆ। ਬਦਕਿਸਮਤੀ ਕਿ ਮੇਰੇ ਉਤੇ ਮੇਰੀ ਮਿਹਨਤ ਨਾਲੋਂ ਵੀ ਕਿਤੇ ਵੱਧ ਆਸ ਰੱਖੀ ਹੋਣ ਕਰ ਕੇ ਰਿਵੀਊ ਕਮੇਟੀ ਇਸ ਉਤੇ ਇਤਰਾਜ਼ ਲਗਾਉਂਦੀ ਰਹੀ। ਹਾਰ ਕੇ ਮੈਂ ਪੱਲਾ ਹੀ ਖਿੱਚ ਲਿਆ; ਦੂਜੇ ਪਾਸੇ ਮਨੋਹਰ ਭਾਰਜ ਜਦੋਂ ਕਮਰਸ਼ੀਅਲ ਵਿਭਾਗ ਦਾ ਇੰਚਾਰਜ ਬਣਿਆ, ਤਾਂ ਏæਬੀæ ਪ੍ਰੋਡਕਸ਼ਨ ਦੇ ਬੈਨਰ ਹੇਠ ਮਰਹੂਮ ਕਾਮੇਡੀਅਨ ਰਵਿੰਦਰ ਘੋੜਾ ਨਾਲ ਰਲ ਕੇ ਬੱਚਿਆਂ ਲਈ ਪ੍ਰੋਗਰਾਮ ‘ਛਾਈਆਂ ਮਾਈਆਂ’ ਦਾ ਨਿਰਮਾਣ ਕਰਨ ਵਿਚ ਸਫ਼ਲ ਹੋ ਗਿਆ। ਇਹ ਪ੍ਰੋਗਰਾਮ ਸਾਲ 2001 ਦੇ ਅੱਧ ਵਿਚ ਸ਼ੁਰੂ ਹੋਇਆ ਜੋ ਐਤਵਾਰ ਵਾਲੇ ਦਿਨ ਦੁਪਹਿਰ ਨੂੰ ਪ੍ਰਸਾਰਿਤ ਹੁੰਦਾ ਸੀ। ਬ੍ਰਾਡਕਾਸਟਿੰਗ ਵਿਚ ਮੇਰਾ ਕੋਈ ਤਜਰਬਾ ਨਾ ਹੋਣ ਦੇ ਬਾਵਜੂਦ, ਦਰਸ਼ਕਾਂ ਦੇ ਸਰਵੇਖਣ ਤਹਿਤ ਦੂਰਦਰਸ਼ਨ ਦੀ ਲਿਖਤੀ ਰਿਪੋਰਟ ਅਨੁਸਾਰ ‘ਟੌਪ-10’ ਵਿਚ ਆ ਗਿਆ। ਫਿਰ ਪਹਿਲੇ ਛੇ ਮਹੀਨੇ ਇਸ ਨੂੰ ਰਾਜਾ ਇੰਟਰਟੇਨਰਜ਼ ਦੇ ਮਨਿੰਦਰ ਗਿੱਲ ਨੇ ਸਪਾਂਸਰ ਕਰ ਦਿੱਤਾ। ਮਗਰੋਂ ਸਾਨੂੰ ‘ਫੇਅਰ ਐਂਡ ਲਵਲੀ’ ਤੇ ‘ਲਕਸ’ ਸਾਬਣ ਵਰਗੀਆਂ ਕੰਪਨੀਆਂ ਨੇ ਮੁੰਬਈ ਤੋਂ ਕਮਰਸ਼ੀਅਲ ਵੀ ਦਿੱਤੇ।
ਇਸ ਪ੍ਰੋਗਰਾਮ ਦਾ ਸਾਰਾ ਸਕਰਿਪਟ ਵਰਕ ਬੱਚਿਆਂ ਲਈ ਮਾਣੋ ਬਿੱਲੀ ਅੰਕਲ ਕਰ ਕੇ ਜਾਣੇ ਜਾਂਦੇ ਕਮਲਜੀਤ ਨੀਲੋਂ ਕੋਲ ਹੁੰਦਾ ਸੀ। ਉਸ ਨੇ ਇਸ ਦਾ ਟਾਈਟਲ ਗੀਤ ‘ਦਾਈਆਂ ਦੂਕੜੇ ਛਾਈਆਂ-ਮਾਈਆਂ’ ਗਾਇਆ। ਅਨੇਕਾਂ ਬੱਚਿਆਂ ਦੀ ਕਲਾ ਚਾਹੇ ਉਹ ਸਰਕਾਰੀ ਸਕੂਲ ‘ਚ ਸੀ, ਤੇ ਚਾਹੇ ਪ੍ਰਾਈਵੇਟ ਵਿਚ, ਵਿਖਾਉਣ ਦੇ ਨਾਲ-ਨਾਲ ਸ਼ਿੰਗਾਰਨ ਵਿਚ ਵੀ ਸਫ਼ਲ ਹੋ ਗਏ। ਕਰੀਬ ਛੱਬੀ ਐਪੀਸੋਡ ਵਾਲੇ ਇਸ ਪ੍ਰੋਗਰਾਮ ਨੇ ਮੇਰੇ ਪੈਰਾਂ ਵਿਚ ਨਿੱਕੇ ਪਰਦੇ ‘ਤੇ ਸਫ਼ਲਤਾ ਦੀਆਂ ਝਾਂਜਰਾਂ ਘੜਾ ਕੇ ਪੁਆ ਦਿੱਤੀਆਂ ਸਨ। ਸਰਕਾਰੀ ਨੌਕਰੀ ਕਰਦਾ ਹੋਣ ਕਰ ਕੇ ਨਿਰਮਾਤਾ ਲਈ ਨਾਂ ਮੈਂ ਆਪਣੀ ਪਤਨੀ ਕਸ਼ਮੀਰ ਕੌਰ ਦਾ ਵਰਤਦਾ ਰਿਹਾ ਸਾਂ। ਇਹ ਪੇਸ਼ਕਾਰੀ ਹਾਲਾਂਕਿ ਸੀਮਤ ਦਾਇਰੇ ਵਾਲੀ ਸੀ, ਪਰ ਉਸ ਵੇਲੇ ਦੇ ਦਿੱਲੀ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਅਲਬੇਲ ਸਿੰਘ ਗਰੇਵਾਲ ਦੀ ਪ੍ਰਸ਼ੰਸਾ ਹਾਸਲ ਹੋਣ ਨਾਲ ਮੈਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ, ਯਕੀਨ ਹੋ ਗਿਆ ਸੀ ਕਿ ਮੈਂ ਨਾ ਸਿਰਫ਼ ਲਿਖ ਸਕਦਾ ਹਾਂ, ਸਗੋਂ ਇਹ ਕਾਰਜ ਵੀ ਕਰ ਸਕਦਾ ਹਾਂ। ਉਂਜ ਆਧਾਰ ਮੇਰੀਆਂ ਲਿਖਤਾਂ ਦੀ ਜਾਣ-ਪਛਾਣ ਨੇ ਹੀ ਬਣਾਇਆ ਸੀ।
ਫਿਰ ਸੰਗੀਤ ਦੇ ਇਕ ਹੋਰ ਪ੍ਰੋਗਰਾਮ ਜਿਸ ਦਾ ਨਾਂ ‘ਝਾਂਜਰ ਛਣਕ ਪਈ’ ਵੀ ਮੈਂ ਆਪ ਹੀ ਰੱਖਿਆ ਸੀ, ਦੀਆਂ ਕੁਝ ਕਿਸ਼ਤਾਂ ਦੀ ਕੰਪੀਅਰਿੰਗ ਕੀਤੀ। ਇਸ ਪ੍ਰੋਗਰਾਮ ਦਾ ਪ੍ਰਾਈਵੇਟ ਨਿਰਮਾਤਾ ਬਿੰਨੀ ਸ਼ਰਮਾ ਸੀ, ਪਰ ਇਸ ਨੂੰ ਵਿਚਕਾਰੋਂ ਇਸ ਕਰ ਕੇ ਛੱਡ ਦਿੱਤਾ ਕਿਉਂਕਿ ਬੱਚਿਆਂ ਦੇ ਪ੍ਰੋਗਰਾਮ ਦੀ ਟੈਲੀਕਾਸਟ ਫੀਸ ਮੈਥੋਂ ਦੂਰਦਰਸ਼ਨ ਪ੍ਰਤੀ ਐਪੀਸੋਡ ਤਿੰਨ ਹਜ਼ਾਰ ਰੁਪਏ ਲੈਂਦਾ ਸੀ। ਤੇ ਅੱਠ ਹਜ਼ਾਰ ਨੂੰ ਮੈਂ ਡੀæਡੀæ ਪੰਜਾਬੀ (ਜਿਸ ਨੂੰ ਨਾਲੋ-ਨਾਲ 26 ਦੇਸ਼ਾਂ ਵਿਚ ਵਿਖਾਇਆ ਜਾਂਦਾ ਸੀ) ਉਤੇ ‘ਰੰਗਲੀ ਧਰਤ ਪੰਜਾਬ ਦੀ’ ਟਾਈਟਲ ਅਧੀਨ ਇਕ ਹੋਰ ਪੰਗਾ ਲੈ ਲਿਆ। ਕਿਸ਼ਤਾਂ ਤਾਂ ਇਸ ਦੀਆਂ ਕੁੱਲ 13 ਹੀ ਬਣਾ ਸਕਿਆ, ਕਿਉਂਕਿ ਸਕੂਲ ਤੋਂ ਛੁੱਟੀਆਂ ਬਹੁਤ ਕਰਨੀਆਂ ਪੈਂਦੀਆਂ ਸਨ, ਤੇ ਸਿੱਖਿਆ ਵਿਭਾਗ ਬੱਚਿਆਂ ਦੀ ਪੜ੍ਹਾਈ ਦੀ ਦੁਹਾਈ ਦੇਣ ਲੱਗ ਪਿਆ ਸੀ, ਪਰ ਇਸ ਪ੍ਰੋਗਰਾਮ ਨੇ ਮੈਨੂੰ ਸਮਰੱਥ ਨਿਰਮਾਤਾ ਜ਼ਰੂਰ ਬਣਾ ਦਿੱਤਾ ਸੀ। ਦੂਜੀ ਵੱਡੀ ਗੱਲ ਇਹ ਸੀ ਕਿ ‘ਛਾਈਆਂ-ਮਾਈਆਂ’ ਅਤੇ ਇਸ ਪ੍ਰੋਗਰਾਮ ਜ਼ਰੀਏ ਮੈਂ ਆਪਣਾ ਸ਼ੌਕ ਲਾਂਭੇ ਕਰ ਕੇ ਕਾਲਜ ਪੜ੍ਹਦੀਆਂ ਕਈ ਕੁੜੀਆਂ ਨੂੰ ਹੋਸਟ ਬਣਨ ਦਾ ਮੌਕਾ ਦਿੱਤਾ। ਇਨ੍ਹਾਂ ਵਿਚ ਬਟਾਲੇ ਦੀ ਲਵਦੀਪ ਕੌਰ ਪੇਸ਼ਕਾਰੀ ਵਿਚ ਕਾਫ਼ੀ ਨਿਖਰ ਕੇ ਆਈ ਸੀ।
‘ਰੰਗਲੀ ਧਰਤੀ ਪੰਜਾਬ ਦੀ’ ਪ੍ਰੋਗਰਾਮ ਦੀ ਅਸਾਈਨਮੈਂਟ ਸਰਕਾਰੀ ਤੌਰ ‘ਤੇ ਮੇਰੇ ਨਾਂ ਹੋਈ। ਇਸ ਦੀ ਪਹਿਲੀ ਕਿਸ਼ਤ 3 ਜਨਵਰੀ 2001 ਨੂੰ ਚੱਲਣੀ ਸੀ ਸ਼ਾਮੀਂ ਸਾਢੇ ਅੱਠ ਵਜੇ। ਚੰਡੀਗੜ੍ਹ ਤੋਂ ਲਾਈਟ ਐਂਡ ਸਾਊਂਡ ਸਿਸਟਮ ਹਾਇਰ ਕਰ ਕੇ ਅਸੀਂ ਇਸ ਨੂੰ ਨਵੇਂ ਵਰ੍ਹੇ ਦੀ ਆਮਦ ‘ਤੇ ਵੰਗਾਰ ਵਾਂਗ ਮਿਹਨਤ ਨਾਲ ਬੰਗਿਆਂ ਦੇ ਅਨਮੋਲ ਪੈਲਿਸ ਵਿਚ ਸਾਰੀ ਰਾਤ ਫਿਲਮਾਇਆ। ਲਵਲੀ ਨਿਰਮਾਣ, ਮਨਜੀਤ ਰਾਹੀ, ਦਲਜੀਤ ਕੌਰ, ਸਰਦੂਲ ਸਿਕੰਦਰ, ਪਰਮਿੰਦਰ ਸੰਧੂ, ਘੁੱਲ੍ਹੇ ਸ਼ਾਹ, ਭਜਨਾ ਅਮਲੀ, ਰਵਿੰਦਰ ਘੋੜਾ, ਪਾਲੀ ਦੇਤਵਾਲੀਆ ਨੂੰ ਲੈ ਕੇ ਬਣਾਏ ਇਸ ਪ੍ਰੋਗਰਾਮ ਦਾ ਕੱਦ ਦੂਰਦਰਸ਼ਨ ਦੇ ਆਪ ਬਣਾਏ ਰੰਗਾ-ਰੰਗ ਪ੍ਰੋਗਰਾਮ ਦੇ ਬਰਾਬਰ ਕਰਨ ਵਿਚ ਕਾਮਯਾਬ ਰਹਿਣ ਦਾ ਸਿੱਟਾ ਹੀ ਸੀ ਕਿ ਦੂਰਦਰਸ਼ਨ ਦੇ ਕੈਮਰਾ ਵਿਭਾਗ ਦੇ ਮੁਖੀ ਸੁਰਿੰਦਰ ਪਾਲ ਨੇ ਸਾਲ 2007 ਦੇ ਵੱਡੇ ਪ੍ਰੋਗਰਾਮ ਦੀ ਬੋਲੀ ਵੇਲੇ ਮੀਟਿੰਗ ਵਿਚ ਡਾਟਿਰੈਕਟਰ ਨੂੰ ਸਿਫ਼ਾਰਸ਼ ਵਾਂਗ ਕਹਿ ਦਿੱਤਾ ਸੀ ਕਿ ਅਸ਼ੋਕ ਇਸ ਕੰਮ ਨੂੰ ਵਧੀਆ ਕਰ ਸਕੇਗਾ। ਡੀæਡੀæ ਪੰਜਾਬੀ ਦੇ ਪ੍ਰਸਾਰਨ ਦਾ ਘੇਰਾ ਪੂਰੇ ਹਿੰਦੋਸਤਾਨ ਤੇ ਅਰਬ ਦੇਸ਼ਾਂ ਤੱਕ ਹੋਣ ਕਰ ਕੇ ਮੇਰੇ ਸਭ ਤੋਂ ਵੱਡੇ ਪ੍ਰਸ਼ੰਸਕ ਹਰਿਆਣੇ ਵਿਚਲੇ ਪੰਜਾਬੀ ਤੇ ਦੁਬਈ, ਮਸਕਟ ‘ਚ ਰਹਿੰਦੇ ਲੋਕ ਬਣ ਗਏ। ਪ੍ਰਿੰਟ ਮੀਡੀਆ ਨੇ ਮੇਰੇ ਇਸ ਕਾਰਜ ਨੂੰ ਪੂਰੇ ਦਾ ਪੂਰਾ ਸਵੀਕਾਰ ਕਰ ਲਿਆ ਸੀ।
ਇਸ ਤੋਂ ਬਾਅਦ ਮੈਂ ਅਨੇਕਾਂ ਹੋਰ ਪ੍ਰੋਗਰਾਮ ਦੀ ਪੇਸ਼ਕਾਰੀ ਤਾਂ ਵੱਖ-ਵੱਖ ਪ੍ਰੋਗਰਾਮਾਂ ਲਈ ਕਰਦਾ ਰਿਹਾ, ਪਰ ਨਵੰਬਰ 2006 ਵਿਚ ਪ੍ਰਸਾਰ ਭਾਰਤੀ ਨੇ ਸਾਲ ਦਾ ਸਭ ਤੋਂ ਹਰਮਨ-ਪਿਆਰਾ, ਨਵੇਂ ਵਰ੍ਹੇ ਦੀ ਆਮਦ ਵਾਲਾ ਪ੍ਰੋਗਰਾਮ ਵੀ ਨਿੱਜੀ ਨਿਰਮਾਤਾਵਾਂ ਦੇ ਹੱਥਾਂ ਵਿਚ ਦੇਣ ਦਾ ਫੈਸਲਾ ਕਰ ਲਿਆ। ਇਸ ਨੂੰ ਹਾਸਲ ਕਰਨ ਲਈ ਬਾਕਾਇਦਾ ਬੋਲੀ ਹੋਣੀ ਸੀ। ਪਤਾ ਸੀ ਕਿ ਇਸ ਦੀ ਕੀਮਤ ਚੜ੍ਹੇਗੀ ਅਤੇ ਸਰਕਾਰੀ ਨੌਕਰੀ ਤੇ ਆਪਣੇ ਸੀਮਤ ਵਿੱਤੀ ਸਾਧਨਾਂ ਨਾਲ ਮੇਰੇ ਲਈ ਇਹ ਔਖਾ ਕੰਮ ਹੋਵੇਗਾ। ਲੱਤ ਅੜਾਉਣ ਲਈ ਮੈਨੂੰ ਮਨੋਹਰ ਭਾਰਜ ਤੇ ਰਾਕੇਸ਼ ਸੂਰੀ ਨੇ ਹੱਲਾਸ਼ੇਰੀ ਦਿੱਤੀ, ‘ਤੂੰ ਇਹ ਕੰਮ ਕਰੀਂ ਤੇ ਸਮਰਥਨ ਅਸੀਂ ਦਿਆਂਗੇ।’ ਵੱਖ-ਵੱਖ ਆਵਾਜ਼ਾਂ ਕੱਢਣ ਅਤੇ ਕਾਮੇਡੀ ਕਰਨ ਵਾਲਾ ਬੂਟਾ ਜੱਬਲ ‘ਲਿਸ਼ਕਾਰਾ’ ਪ੍ਰੋਗਰਾਮ ਤੋਂ ਮੇਰੇ ਸੰਪਰਕ ਵਿਚ ਸੀ। ਉਹ ਸੁਭੈਕੀ ਮੇਰੇ ਕੋਲ ਆਇਆ ਕਿ ਉਹਦੇ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਵਿਚ ਹਨ, ਉਨ੍ਹਾਂ ਨੇ ਉਥੇ ਸ਼ੋਅ ਕਰਵਾਉਣ ਲਈ ਸਰਦੂਲ-ਨੂਰੀ ਨੂੰ ਬੁੱਕ ਵੀ ਕਰ ਲਿਆ ਹੈ।æææ ਖ਼ੈਰ! ਕੈਨੇਡਾ ਦੇ ਸ਼ਹਿਰ ਟੋਰਾਂਟੋ ਵਸਦੇ ਹਰਨੇਕ ਲੱਲੀ ਨਾਲ ਸੰਪਰਕ ਜੁੜ ਗਿਆ ਤੇ ਪੈਸੇ ਖਰਚਣ ਦਾ ਮਸਲਾ ਹੱਲ ਹੋ ਗਿਆ। ਬੋਲੀ ਹੋਣ ਵਾਲੇ ਦਿਨ ਉਹਦਾ ਤਾਇਆ ਮੇਰੇ ਨਾਲ ਮੀਟਿੰਗ ਵਿਚ ਹਾਜ਼ਰ ਸੀ।
ਬੋਲੀ ਹੋਣ ਤੋਂ ਇਕ ਦਿਨ ਪਹਿਲਾਂ ਆਪਣੇ ਮੁਲਕ ਦੇ ਰਿਸ਼ਵਤ ਵਾਲੇ ਢਾਂਚੇ ਦੀ ਉਦਾਹਰਣ ਵੀ ਦੱਸਦਾ ਹਾਂ। ਨਵੇਂ ਸਾਲ ਦਾ ਇਹ ਪ੍ਰੋਗਰਾਮ ਖਰੀਦਣ ਵਾਲੀਆਂ ਹੋਰ ਪਾਰਟੀਆਂ ਦੇ ਲੋਕਾਂ ਨੇ ਮੇਰੇ ਨਾਲ ਰਾਜੇਸ਼ ਸ਼ਰਮਾ ਦੇ ‘ਸਟਾਂਸ’ ਸਟੂਡੀਓ ਵਿਚ ਮੀਟਿੰਗ ਕੀਤੀ। ਇਨ੍ਹਾਂ ਲੋਕਾਂ ਨੇ ਤੈਅ ਕੀਤਾ ਕਿ ‘ਬੋਲੀ ਦਸ ਲੱਖ ਤੋਂ ਸ਼ੁਰੂ ਹੋਵੇਗੀ, ਜੇ ਤੂੰ ਸਾਨੂੰ ਤਿੰਨਾਂ ਨੂੰ ਚਾਲੀ-ਚਾਲੀ ਹਜ਼ਾਰ ਦੇ ਦੇਵੇਂ ਤਾਂ ਅਸੀਂ ਬਾਰਾਂ ਲੱਖ ਤੋਂ ਨਹੀਂ ਵਧਾਂਗੇæææ ਨਹੀਂ ਤਾਂ ਫਿਰ ਭੱਜਦੇ ਵਾਹਣ ਵਿਚ ਗੱਲ ਵੀਹ ਲੱਖ ਤੱਕ ਵੀ ਜਾ ਸਕਦੀ ਹੈ।’ ਹਰਨੇਕ ਨਾਲ ਗੱਲ ਕਰਨ ਤੋਂ ਬਾਅਦ ਮੈਂ ਇਹ ਤਜਵੀਜ਼ ਸਵੀਕਾਰ ਕਰ ਲਈ। ਬੋਲੀ ਅਰੰਭ ਹੋਈ, ਤਾਂ ਪਹਿਲਾਂ ਹੀ ਤੈਅ ਨੀਤੀ ਅਧੀਨ ਜਦੋਂ ਸਾਢੇ ਗਿਆਰਾਂ ਲੱਖ ਤੋਂ ਅੱਗੇ ਪੰਜਾਹ ਹਜ਼ਾਰ ਵਧਾ ਕੇ ਮੈਂ ਬਾਰਾਂ ਲੱਖ ਕਿਹਾ ਤਾਂ ਸਭ ਚੁੱਪ ਹੋ ਗਏ, ਤੇ ਨਿਕਾਹ ਵਾਂਗ ਤਿੰਨ ਵਾਰ ‘ਕਬੂਲ ਹੈ ਕਬੂਲ ਹੈ ਕਬੂਲ ਹੈ’ ਕਹਿ ਕੇ ਪਟਾ ਮੇਰੇ ਨਾਂ ਲਿਖ ਦਿੱਤਾ ਗਿਆ। ਅੱਧੀ ਰਕਮ ਅਸੀਂ ਉਸੇ ਦਿਨ ਚੜ੍ਹਾ ਦਿੱਤੀ। ਦੋ ਪਾਰਟੀਆਂ ਨੇ ਤਾਂ ਰਿਸ਼ਵਤ ਦੀ ਚਾਲੀ-ਚਾਲੀ ਹਜ਼ਾਰ ਬੋਲੀ ਤੋਂ ਦੋ ਘੰਟੇ ਪਿਛੋਂ ਲੈ ਲਿਆ ਪਰ ਤੀਜੇ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਤੇਰੇ ਸਤਿਕਾਰ ਕਰ ਕੇ ਮੇਰੀ ਜ਼ਮੀਰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ।
ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਮੁਹੰਮਦ ਸਦੀਕ ਦੇ ਗੀਤ ‘ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ ਗਲੀ’ ਵਿਚੋਂ ‘ਛਣਕਾਟਾ ਪੈਂਦਾ ਗਲੀ ਗਲੀ।’ ਇਸ ਪ੍ਰੋਗਰਾਮ ਲਈ ਗੱਲ ਬਾਰਾਂ ਲੱਖ ਦੂਰਦਰਸ਼ਨ ਨੂੰ ਦੇਣ ਨਾਲ ਨਹੀਂ ਮੁੱਕੀ, ਸਗੋਂ ਨਿਰਮਾਣ ਉਤੇ ਯਾਨਿ ਪ੍ਰੋਡਕਸ਼ਨ ਕਾਸਟ ਕਰੀਬ ਵੀਹ ਲੱਖ ਰੁਪਏ ਵੀ ਆਉਣੀ ਸੀ। ਰਲਾ-ਮਿਲਾ ਕੇ ਕੁੱਲ ਖਰਚ ਪੈਂਤੀ ਲੱਖ ਦੇ ਕਰੀਬ ਸੀ, ਤੇ ਸਾਰਾ ਖਰਚਾ ਪੂਰਾ ਕਰਨ ਦਾ ਇਕੋ-ਇਕ ਜ਼ਰੀਆ ਸੀ- ਦੋ ਘੰਟੇ ਦੇ ਪ੍ਰੋਗਰਾਮ ਦੌਰਾਨ ਨੌਂ ਸੌ ਸੈਕਿੰਡ ਐਫ਼ਸੀæਟੀæ (ਫਰੀ ਕਮਰਸ਼ੀਅਲ ਟਾਈਮ) ਯਾਨਿ ਇਸ਼ਤਿਹਾਰਾਂ ਨਾਲ; ਤੇ ਜਾਂ ਫਿਰ ਪ੍ਰਮੋਸ਼ਨ ਦਾ ਬਹਾਨਾ ਲਾ ਕੇ ਗਾਇਕ ਕਲਾਕਾਰਾਂ ਤੋਂ ਕੁਝ ਮੱਦਦ ਲੈਣ ਨਾਲ। ਹਰਨੇਕ ਇਹ ਚਾਹੁੰਦਾ ਸੀ ਕਿ ਸ਼ੌਕ ਪੂਰਾ ਹੋ ਜਾਵੇ, ਬਚੇ ਭਾਵੇਂ ਕੁਝ ਨਾ।
ਮੇਰੀ ਇੱਛਾ ਸੀ ਕਿ ਸ਼ੂਟਿੰਗ ਲਈ ਸੈੱਟ ਬੰਗਾ ਜਾਂ ਨਵਾਂ ਸ਼ਹਿਰ ਆਪਣੇ ਹਲਕੇ ਵਿਚ ਲਾਵਾਂ। ਮੇਰੇ ਅਸਰ-ਰਸੂਖ ਕਰ ਕੇ ਸਪਾਂਸਰ ਵੀ ਮਿਲ ਜਾਣੇ ਸਨ, ਪਰ ਹਰਨੇਕ ਨੇ ਨਕੋਦਰ ‘ਚ ਨੂਰਮਹਿਲ ਰੋਡ ‘ਤੇ ਇਕ ਪੈਲੇਸ ਦਸ ਦਿਨ ਲਈ ਕਿਰਾਏ ‘ਤੇ ਲੈ ਕੇ ਉਥੇ ਹੀ ਸਭ ਕੁਝ ਕਰਨ ਦਾ ਫੈਸਲਾ ਕਰ ਲਿਆ। ਦੋ ਲੱਖ ਤੋਂ ਵੱਧ ਰੁਪਿਆ ਖਰਚ ਕੇ ਜਿਹੜਾ ਸੈੱਟ ਅਸੀਂ ਮੁੰਬਈ ਤੋਂ ਸੈੱਟ ਡਿਜ਼ਾਇਨਰ ਮੰਗਵਾ ਕੇ ਲਾਇਆ ਸੀ, ਉਹਦੇ ਨਾਲ ਕਮਾਲ ਹੋ ਗਈ ਸੀ; ਜਿਵੇਂ ਪੂਰੇ ਦਾ ਪੂਰਾ ਪਿੰਡ ਵਸਾ ਦਿੱਤਾ ਗਿਆ ਹੋਵੇ। ਪੈਸੇ-ਧੇਲੇ ਦਾ ਸਾਰਾ ਕਾਰਜ ਭਾਗ ਹਰਨੇਕ ਕੋਲ ਸੀ, ਤੇ ਮੈਂ ਥਿਊਰੈਟੀਕਲ ਕੰਮ ਦੇਖ ਰਿਹਾ ਸਾਂ। ਗਾਇਕਾਂ ਦੀ ਚੋਣ ਤੇ ਉਨ੍ਹਾਂ ਨਾਲ ਹਿਸਾਬ-ਕਿਤਾਬ ਮੇਰੇ ਜ਼ਿੰਮੇ ਸੀ।
ਸਭ ਤੋਂ ਪਹਿਲਾਂ ਮੈਂ ਰਾਜ ਬਰਾੜ ਨੂੰ ਟਾਈਟਲ ਗੀਤ ਲਿਖਣ ਤੇ ਗਾਉਣ ਲਈ ਕਿਹਾ। ਉਹਨੇ ਦੋ ਦਿਨ ‘ਚ ਲਿਖ ਕੇ ਮੈਨੂੰ ਸੁਣਾਇਆ ਤੇ ਰਿਕਾਰਡ ਵੀ ਕਰਵਾ ਲਿਆ। ਅਜਿਹਾ ਹੀ ਮਿਲਦਾ-ਜੁਲਦਾ ਗੀਤ ਬਲਕਾਰ ਸਿੱਧੂ ਕੋਲ ਸੀ। ਫੈਸਲਾ ਕੀਤਾ ਕਿ ਇਕ ਪਹਿਲਾਂ ਤੇ ਦੂਜਾ ਅਖੀਰ ‘ਚ ਚਲਾ ਲਵਾਂਗੇ। ਅੱਧੇ ਕੁ ਗਾਇਕਾਂ ਨੇ ਮਾਲੀ ਇਮਦਾਦ ਵੀ ਕੀਤੀ ਪਰ ਸਰਦੂਲ, ਨੂਰੀ, ਕੰਠ ਕਲੇਰ, ਪਰਮਿੰਦਰ ਸੰਧੂ ਨਾਲ ਮੂੰਹ-ਮੁਲਾਹਜਾ ਵੀ ਰੱਖਣਾ ਪਿਆ। ਯੁਧਵੀਰ ਤੇ ਮੇਰਾ ਭਤੀਜਾ ਮਨਰਾਜ ਭੌਰਾ ਊਂ ਪਰਿਵਾਰਕ ਸੰਬਧਾਂ ਵਿਚੋਂ ਸਨ। ਅੰਮ੍ਰਿਤਾ ਵਿਰਕ ਨੇ ਕਾਫੀ ਸਹਿਯੋਗ ਦਿੱਤਾ।
ਖ਼ੈਰ! ਸਾਰਾ ਕੁਝ ਅੱਛਾ ਚੱਲ ਰਿਹਾ ਸੀ। ਸ਼ੂਟਿੰਗ ਸ਼ੁਰੂ ਹੋਈ। ਦੂਜੇ ਦਿਨ ਜਦੋਂ ਬਲਕਾਰ ਸਿੱਧੂ ਦੇ ਗੀਤ ਵਿਚ ਉਹਦੇ ਨਾਲ ਇਕ ਡਾਂਸਰ ਨੂੰ ਨੱਚਣ ਲਾਇਆ ਤਾਂ ਉਹ ਇਹ ਕਹਿ ਕੇ ਖ਼ਫ਼ਾ ਹੋ ਗਿਆ ਕਿ ਉਹ ਇਹਨੂੰ ਨਾਲ ਨਹੀਂ ਨਚਾ ਸਕਦਾ। ਸ਼ੂਟਿੰਗ ਦੌਰਾਨ ਮੈਂ ਹਾਲੇ ਖਾਣਾ ਹੀ ਖਾਣ ਗਿਆ ਸਾਂ ਕਿ ਉਹ ਇਕ ਟੇਕ ਕਰ ਕੇ ਵਿਚਾਲਿਓਂ ਹੀ ਖਿਸਕ ਗਿਆ, ਮੁੜ ਕੇ ਆਇਆ ਹੀ ਨਹੀਂ। ਭੱਲੇ ਹੋਰਾਂ ਰਾਹੀਂ ‘ਸ਼ਮਾਰੂ’ ਕੰਪਨੀ ਨਾਲ ਲਗਭਗ ਸੋਲਾਂ ਲੱਖ ਰੁਪਏ ‘ਚ ਆਡੀਓ ਵੀਡੀਓ ਰਿਲੀਜ਼ ਦੀ ਗੱਲ ਤੈਅ ਹੀ ਸੀ। ਅਗਲੇ ਦਿਨ ਰਾਜ ਬਰਾੜ ਨੇ ਆਉਣਾ ਸੀ ਪਰ ਉਸ ਨੇ ਪਤਾ ਨਹੀਂ ਕਿਉਂ, ਜਾਂ ਬਲਕਾਰ ਦੇ ਕਹਿਣ ‘ਤੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ, ਨਾ ਉਹ ਖੁਦ ਸ਼ੂਟਿੰਗ ‘ਤੇ ਆਇਆ। ਉਸੇ ਦਿਨ ਮਾਮੂਲੀ ਜਿਹੀ ਗੱਲ ਤੋਂ ਪੈਲਿਸ ਅੰਦਰ ਲੜਾਈ ਹੋ ਜਾਂਦੀ ਤਾਂ ਕੋਈ ਗੱਲ ਨਹੀਂ ਸੀ, ਪਰ ਟੈਂਪੂ ਭਰ ਕੇ ਆਏ ਲੋਕਾਂ ਨੇ ਤਾਂ ਖੂਨ-ਖਰਾਬਾ ਕਰ ਦਿੱਤਾ ਸੀ। ਹਰਨੇਕ ਦੇ ਪਰਿਵਾਰ ਦੇ ਕਈ ਜੀਅ, ਬਜ਼ੁਰਗਾਂ ਸਮੇਤ ਬੁਰੀ ਤਰ੍ਹਾਂ ਵੱਢੇ-ਟੁੱਕੇ ਗਏ। ਯੁਧਵੀਰ ਨੂੰ ਅੰਦਰੋਂ ਮਸਾਂ ਕੱਢਿਆ, ਤੇ ਮੈਂ ਭੱਜ ਕੇ ਜਾਨ ਬਚਾਈ। ਨਕੋਦਰ ਦੇ ਇਕ ਕਾਂਗਰਸੀ ਨੇਤਾ ਕਰ ਕੇ ਇਨਸਾਫ ਤਾਂ ਕੀ ਹੋਣਾ ਸੀ, ਪਰਚਾ ਵੀ ਦਰਜ ਨਹੀਂ ਹੋਇਆ। ਲਗਦਾ ਨਹੀਂ ਸੀ ਪ੍ਰੋਗਰਾਮ ਸਿਰੇ ਲੱਗੇਗਾ, ਪਰ ਪੁਲਿਸ ਦੀ ਦੇਖ-ਰੇਖ ‘ਚ ਸ਼ੂਟਿੰਗ ਸਿਰੇ ਚੜ੍ਹ ਗਈ। ਉਂਜ ਅਸੀਂ ਕਮਰਸ਼ੀਅਲ ਇਕੱਠੇ ਨਾ ਕਰ ਸਕੇ। ਮਸਾਂ ਇਕੱਤੀ ਦੀ ਰਾਤ ਨੂੰ ਨੌਂ ਤੋਂ ਗਿਆਰਾਂ ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦੀ ਕੈਸਿਟ ਹਫੜਾ-ਦਫੜੀ ਵਿਚ ਇਕ ਘੰਟਾ ਪਹਿਲਾਂ ਹੀ ਜਮ੍ਹਾਂ ਹੋਈ। ਗਾਇਕਾਂ ਦੇ ਨਾਂ ਵੀ ਸਕਰੀਨ ‘ਤੇ ਨਾ ਵਿਖਾ ਸਕੇ। ‘ਸ਼ਮਾਰੂ’ ਕੰਪਨੀ ਨੇ ਕਾਮੇਡੀ ਵਿਚ ਭੱਲੇ ਹੋਰਾਂ ਦੀ ਅਤੇ ਬਲਕਾਰ ਤੇ ਰਾਜ ਬਰਾੜ ਦੀ ਗੈਰ-ਹਾਜ਼ਰੀ ਕਰ ਕੇ ਮੈਨੂੰ ਸੀæਡੀæ ਤੇ ਡੀæਵੀæਡੀæ ਰਿਲੀਜ਼ ਕਰਨ ਤੋਂ ਮਨ੍ਹਾਂ ਕਰ ਦਿੱਤਾ। ਅਸੀਂ ਛੇ ਲੱਖ ਦੇ ਘਾਟੇ ਨਾਲ ਗੋਇਲ ਬਠਿੰਡੇ ਤੋਂ ਦਸ ਲੱਖ ਲੈ ਕੇ ਇਹ ਰਿਲੀਜ਼ ਕਰਵਾ ਸਕੇ। ਪ੍ਰੋਗਰਾਮ ਤਾਂ ਸਫ਼ਲ ਰਿਹਾ ਸੀ ਪਰ ਅੱਧੀ ਰਾਤ ਨੂੰ ਸ਼ਮਸ਼ੇਰ ਸੰਧੂ ਦੀ ਫੋਨ ‘ਤੇ ਟਿੱਪਣੀ ਆਈ, ‘ਛਣਕਾਟਾ ਪੈਂਦਾ ਗਲੀ ਗਲੀ’ ਤੂੰ ਉਸ ਪੱਧਰ ਦਾ ਨਹੀਂ ਬਣਾ ਸਕਿਆ ਜਿਸ ਤਰ੍ਹਾਂ ਦੀ ਤੈਥੋਂ ਆਸ ਸੀ।æææ ਹਾਲਾਂਕਿ ਜਲੰਧਰ ਦੂਰਦਰਸ਼ਨ ਦੀਆਂ ਨਜ਼ਰਾਂ ‘ਚ ਮੈਂ ਪਾਸ ਹੋ ਗਿਆ ਸਾਂ। ਪਹਿਲੀ ਵਾਰ ਸੀ ਕਿ ਕੁਲਦੀਪ ਮਾਣਕ ਨੇ ਇਸ ਪ੍ਰੋਗਰਾਮ ਨੂੰ ਮੇਰੇ ਨਾਲ ਸੰਚਾਲਨ ਕੀਤਾ ਸੀ।
‘ਅਜੀਤ’ ਅਖ਼ਬਾਰ ਅਤੇ ਜਲੰਧਰ ਦੂਰਦਰਸ਼ਨ ਮੇਰੇ ਲਈ ਪਰਿਵਾਰ ਤੇ ਘਰ ਵਾਂਗ ਰਹੇ ਹਨ। ਰੂਪ ਲਾਲ ਮਹੇ, ਢਿੱਲੋਂ, ਸ਼ਮਸ਼ੇਰ ਕੈਮਰਾਮੈਨ ਹੀ ਨਹੀਂ, ਲਾਲ ਚੰਦ ਤੇ ਸ਼ਮਸ਼ੇਰ ਵਰਗੇ ਟੈਕਨੀਕਲ ਮੰਚ ਸੰਭਾਲਣ ਵਾਲੇ ਤੇ ਟ੍ਰਾਂਸਮਿਸ਼ਨ ਵਿਭਾਗ ਮੇਰੀ ਦੀਦ ਹੁਣ ਤੱਕ ਕਰਦਾ ਹੈ। ਬਲਵਿੰਦਰ ਅਤਰੀ, ਜੀæਐਸ਼ ਟਿਵਾਣਾ, ਹਰਬੰਸ ਸੋਢੀ ਵਰਗੇ ਸਮਾਚਾਰ ਸੰਪਾਦਕ ਮੇਰੇ ਮਿੱਤਰ ਹੋਣ ਕਰ ਕੇ ਮੇਰੀਆਂ ਖ਼ਬਰਾਂ ਤੇ ਮੇਰੇ ਨਾਂ ਹੇਠ ਜਾਰੀ ਬਿਆਨਾਂ ਨੂੰ ਲੀਡਰਾਂ ਵਾਂਗ ਮਾਣ ਦਿੰਦੇ ਰਹੇ ਹਨ। ਸਤਨਾਮ ਕੈਂਥ ਤੱਕ ਅਨੇਕਾਂ ਰਾਜਨੀਤਕ ਲੋਕ ਦੂਰਦਰਸ਼ਨ ਦੇ ਸਮਾਚਾਰ ਵਿਭਾਗ ਤੱਕ ਮੈਂ ਪਹੁੰਚਾਏ।
ਯਾਦਾਂ ਦਾ ਫਲਸਫਾ ਹਰ ਇਨਸਾਨ ਦੀ ਬੁੱਕਲ ਚਾਹੁੰਦਾ ਹੈ ਪਰ ਇਹ ਗੱਲ ਮੈਂ ਮਾਣ ਨਾਲ ਕਹਾਂਗਾ ਕਿ ਮੇਰੀ ਕਲਾਤਮਿਕ ਜ਼ਿੰਦਗੀ ਨੂੰ ਜਲੰਧਰ ਦੂਰਦਰਸ਼ਨ ਨੇ ਧੋਬੀ ਦੇ ਧੋਤੇ ਕੱਪੜਿਆਂ ਵਾਂਗ ਨਿਖਾਰਿਆ ਬਹੁਤ ਹੈ। ਅਸਲ ਵਿਚ, ਧਰਮ ਦੇ ਪੇਕੇ ਕਈ ਵਾਰ ਸੱਚੀਂ ਵਫਾਦਾਰ ਬੜੇ ਹੁੰਦੇ ਹਨ।
__________________________________
ਗੱਲ ਬਣੀ ਕਿ ਨਹੀਂ
ਬਦਲਦੇ ਮੌਸਮ
ਧੌਣ ਸੁੱਟ ਕੇ ਵਿਲ੍ਹਕੇ ਨਾ ਫੁੱਲ ਕਾਹਤੋਂ, ਜਦੋਂ ਖਿੜਦੀ ਨਹੀਂ ਪੂਰੀ ਬਸੰਤ ਮੀਆਂ।
ਹੁਣ ਰੱਬ ਨੂੰ ਵੇਚ ਕੇ ਖਾਣ ਜਿਹੜੇ, ਲੋਕੀਂ ਉਨ੍ਹਾਂ ਨੂੰ ਆਖਦੇ ਸੰਤ ਮੀਆਂ।
ਦਾਗੀ ਪੱਗ ਨੂੰ ਸਿਰ ‘ਤੇ ਫਿਰੇ ਬੰਨ੍ਹੀਂ, ਬਣਿਆ ਡੇਰੇ ਦਾ ਜਿਹੜਾ ਮਹੰਤ ਮੀਆਂ।
ਧੰਦਾ ਬੀਵੀ ਬਿਚਾਰੀ ਨਾ ਕਿਉਂ ਕਰਦੀ, ਆਥਣੇ ਡੱਕ ਕੇ ਆਉਂਦਾ ਜਦੋਂ ਕੰਤ ਮੀਆਂ।
ਨ੍ਹੇਰੀ ਕੁਫਰ ਦੀ ਚੜ੍ਹੀ ਅਸਮਾਨ ਤੀਕਰ, ਕਦੋਂ ਹੋਵੇਗਾ ਏਸ ਦਾ ਅੰਤ ਮੀਆਂ।
ਘੁੱਗੀ ਕਾਂ ਨੂੰ ਮਸ਼ਕਰੀਆਂ ਰਹੇ ਕਰਦੀ, ਉਲੂ, ਇੱਲ੍ਹਾਂ ਨਾਲ ਇਸ਼ਕ ਕਮਾਉਣ ਲੱਗ’ਪੇ।
ਮੀਰ ਆਲਮ ਪੁਲਿਸ ਵਿਚ ਹੋਏ ਭਰਤੀ, ਤੇ ਪੁੱਤ ਜੱਟਾਂ ਦੇ ਅੱਜ ਕੱਲ੍ਹ ਗਾਉਣ ਲੱਗ’ਪੇ।
-ਐਸ਼ ਅਸ਼ੋਕ ਭੌਰਾ

Be the first to comment

Leave a Reply

Your email address will not be published.