ਜਸਟਿਸ ਮਾਰਕੰਡੇ ਕਾਟਜੂ ਬਨਾਮ ਭਾਰਤੀ ਮੀਡੀਆ

ਪ੍ਰੋæ ਕੁਲਵੰਤ ਸਿੰਘ ਰੋਮਾਣਾ
ਅੱਜ ਕੱਲ੍ਹ ਭਾਰਤੀ ਮੀਡੀਆ ਵਿਚ ਜਸਟਿਸ ਮਾਰਕੰਡੇ ਕਾਟਜੂ ਦੀ ਬੜੀ ਚਰਚਾ ਹੈ। ਇਸ ਅਦਾਰੇ ‘ਚ ਬੈਠੇ ਜ਼ਿਆਦਾਤਰ ਸ਼ਕਤੀਸ਼ਾਲੀ ਲੋਕ ਉਸ ਨੂੰ ਸਿਰਦਰਦੀ ਦੱਸਦੇ ਹਨ ਪਰ ਭਾਰਤ ਦੇ ਸੋਸ਼ਲ ਕਾਰਕੁਨ ਅਤੇ ਹੋਰ ਅਗਾਂਹਵਧੂ ਜਥੇਬੰਦੀਆਂ ਜਿਵੇਂ ਮਨੁੱਖੀ ਅਧਿਕਾਰ ਜਾਂ ਤਰਕਸ਼ੀਲ ਸਭਾਵਾਂ ਨਾਲ ਜੁੜੇ ਲੋਕ ਜਸਟਿਸ ਕਾਟਜੂ ਨੂੰ ਭਾਰਤੀ ਮੀਡੀਏ ਦਾ ਸ਼ੁਭ-ਸ਼ਗਨ ਮੰਨਦੇ ਹਨ। ਗੱਲ ਅਸਲ ‘ਚ ਇਉਂ ਹੈ ਕਿ ਜਸਟਿਸ ਕਾਟਜੂ ਅੱਜ ਕੱਲ੍ਹ ਭਾਰਤੀ ਪ੍ਰੈਸ ਕੌਂਸਲ ਦੇ ਚੇਅਰਮੈਨ ਹਨ। ਇਸ ਕੌਂਸਲ ਦੇ ਦੋ ਮੁੱਖ ਕੰਮ ਹੁੰਦੇ ਹਨ। ਪਹਿਲਾ ਇਹ ਕਿ ਮੀਡੀਏ ਦੀ ਆਜ਼ਾਦੀ ਨੂੰ ਕਿਸੇ ਤਰ੍ਹਾਂ ਵੀ ਆਂਚ ਨਾ ਆਉਣ ਦੇਣੀ ਤੇ ਦੂਜਾ ਇਹ ਕਿ ਮੀਡੀਆ ਆਪਣੀ ਪੱਤਰਕਾਰੀ ਦੀ ਨੈਤਿਕਤਾ ਅਤੇ ਸਮਾਜ ਪ੍ਰਤੀ ਵੱਡੀਆਂ ਜ਼ਿੰਮੇਵਾਰੀਆਂ ‘ਤੇ ਪੂਰਾ ਉਤਰੇ। ਅਜੋਕਾ ਭਾਰਤੀ ਮੀਡੀਆ ਇੰਨਾ ਕੁ ਬਲਵਾਨ ਤਾਂ ਹੈ ਕਿ ਉਹ ਪਹਿਲਾ ਕੰਮ ਤਾਂ ਬਾਖ਼ੂਬੀ ਨਿਭਾ ਰਿਹਾ ਹੈ ਸਗੋਂ ਕੁਝ ਜ਼ਿਆਦਾ ਹੀ ਭਲਵਾਨੀ ਨਾਲ ਨਿਭਾ ਰਿਹਾ ਹੈ; ਜਿਥੋਂ ਤੱਕ ਦੂਜੇ ਕੰਮ ਦਾ ਸਬੰਧ ਹੈ, ਉਥੇ ਥੋੜ੍ਹੀ ਸਮੱਸਿਆ ਹੈ, ਕਿਉਂਕਿ ਦੂਜਿਆਂ ‘ਤੇ ਨਿਗਰਾਨੀ ਰਖਣ ਵਾਲੇ ਮੀਡੀਏ ਨੂੰ ਹਰ ਵੇਲੇ ਆਪਣੀ ਨੈਤਿਕ ਜ਼ਿੰਮੇਵਾਰੀ ਦਾ ਖਿਆਲ ਰੱਖਣਾ ਜ਼ਰਾ ਮੁਸ਼ਕਿਲ ਹੋ ਜਾਂਦਾ ਹੈ। ਇਹੋ ਹੀ ਨੁਕਤਾ ਹੈ ਜਿਸ ‘ਤੇ ਜਸਟਸਿ ਕਾਟਜੂ ਜ਼ਿਆਦਾ ਜ਼ੋਰ ਦੇ ਰਿਹਾ ਹੈ ਤੇ ਮੀਡੀਆ ਨੂੰ ਆਪਣੀ ਤਾਕੀਦ ਤੇ ਤਨਕੀਦ ਦਾ ਨਿਸ਼ਾਨਾ ਬਣਾ ਰਿਹਾ ਹੈ, ਤੇ ਬਦਲੇ ‘ਚ ਖੁਦ ਵੀ ਆਲੋਚਨਾ ਦਾ ਬਾਇਸ ਬਣ ਰਿਹਾ ਹੈ। ਐਡੀਟਰਜ਼ ਗਿਲਡ ਤੇ ਬਰਾਡਕਾਸਟ ਐਡੀਟਰਜ਼ ਐਸੋਸੀਏਸ਼ਨ ਨੇ ਤਾਂ ਉਸ ਨੂੰ ਗ਼ੈਰਜ਼ਿੰਮੇਵਾਰ ਅਤੇ ਨਾਂਹ-ਪੱਖੀ ਸ਼ਖ਼ਸੀਅਤ ਗਰਦਾਨ ਦਿੱਤਾ ਹੈ ਪਰ ਜਸਟਿਸ ਕਾਟਜੂ ਨੂੰ ਇਸ ਦੀ ਜ਼ਰਾ ਵੀ ਪ੍ਰਵਾਹ ਨਹੀਂ। ਉਹ ਤਾਂ ਕੌਂਸਲ ਦੇ ਘੇਰੇ ਤੋਂ ਬਾਹਰ ਇਲੈਕਟ੍ਰਾਨਿਕ ਮੀਡੀਏ ਨੂੰ ਕੌਂਸਲ ਦੇ ਕੰਟਰੋਲ ‘ਚ ਲਿਆਉਣ ਦੀ ਗੱਲ ਵੀ ਕਰ ਰਿਹਾ ਹੈ ਤੇ ਇਸ ਵਿਚਲੇ ਨੁਕਸਾਂ ‘ਤੇ ਲਗਾਤਾਰ ਟਿੱਪਣੀਆਂ ਵੀ ਕਰ ਰਿਹਾ ਹੈ। ਨਵੀਨ ਜਿੰਦਲ ਤੋਂ ਜੀæਟੀæਵੀæ ਵੱਲੋਂ 100 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਬਾਰੇ ਉਸ ਨੇ ਸਰਕਾਰ ਨੂੰ ਕਿਹਾ ਕਿ ਜਾਂਚ ਕਰ ਕੇ ਚੈਨਲ ਦਾ ਲਾਇਸੈਂਸ ਹੀ ਰੱਦ ਕਰ ਦੇਵੇ।
ਭਾਰਤੀ ਪ੍ਰੈਸ ਕੌਂਸਲ ਦੇ ਚੇਅਰਮੈਨ ਦੇ ਤੌਰ ‘ਤੇ ਜਸਟਿਸ ਮਾਰਕੰਡੇ ਕਾਟਜੂ ਦੇ ਰੋਲ ਬਾਰੇ ਗੱਲ ਕਰਨ ਤੋਂ ਪਹਿਲਾਂ ਜੇ ਉਸ ਦੇ ਪਿਛੋਕੜ ਅਤੇ ਉਸ ਦੀ ਸ਼ਖ਼ਸੀਅਤ ਬਾਰੇ ਜਾਣ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਮਾਰਕੰਡੇ ਕਾਟਜੂ ਅਲਾਹਬਾਦ ਦੇ ਇਕ ਕਸ਼ਮੀਰੀ ਪੰਡਿਤ ਪਰਿਵਾਰ ‘ਚ ਪੈਦਾ ਹੋਇਆ। ਉਸ ਦੇ ਪਿਤਾ ਐਸ਼ਐਸ਼ ਕਾਟਜੂ ਅਲਾਹਬਾਦ ਹਾਈ ਕੋਰਟ ਦੇ ਜੱਜ ਸਨ ਤੇ ਦਾਦਾ ਜੀ ਡਾæ ਕੈਲਾਸ਼ ਨਾਥ ਕਾਟਜੂ ਮਸ਼ਹੂਰ ਵਕੀਲ ਤੇ ਆਜ਼ਾਦੀ ਸੰਗਰਾਮੀਏ ਸਨ। ਉਹ ਮੱਧ ਪ੍ਰਦੇਸ਼ ਦੇ ਚੀਫ਼ ਮਨਿਸਟਰ ਵੀ ਰਹੇ ਅਤੇ ਪੱਛਮੀ ਬੰਗਾਲ ਤੇ ਉੜੀਸਾ ਦੇ ਗਵਰਨਰ ਵੀ। ਮਾਰਕੰਡੇ ਕਾਟਜੂ ਨੇ 1967 ‘ਚ ਅਲਾਹਬਾਦ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਗੋਲਡ ਮੈਡਲ ਨਾਲ ਪ੍ਰਾਪਤ ਕੀਤੀ। ਫਿਰ ਅਮਿਟੀ ਯੂਨੀਵਰਸਿਟੀ ਤੋਂ ਉਸ ਨੇ ਕਾਨੂੰਨ ਦੀ ਡਾਕਟਰੇਟ ਹਾਸਲ ਕੀਤੀ, ਵਕਾਲਤ ਕੀਤੀ, ਜੱਜ ਬਣਿਆ, ਮਦਰਾਸ ਤੇ ਦਿੱਲੀ ਹਾਈ ਕੋਰਟਾਂ ਦਾ ਚੀਫ਼ ਜਸਟਿਸ ਵੀ ਰਿਹਾ। ਅਪਰੈਲ 2006 ਵਿਚ ਉਹ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਹੋਇਆ ਜਿਥੋਂ ਉਹ ਸਤੰਬਰ 2011 ‘ਚ ਰਿਟਾਇਰ ਹੋਇਆ ਅਤੇ ਅਕਤੂਬਰ 2011 ਵਿਚ ਮਨਮੋਹਨ ਸਿੰਘ ਸਰਕਾਰ ਨੇ ਉਸ ਨੂੰ ਭਾਰਤੀ ਪ੍ਰੈਸ ਕੌਂਸਲ ਦਾ ਚੇਅਰਮੈਨ ਥਾਪ ਦਿੱਤਾ।
ਸੁਪਰੀਮ ਕੋਰਟ ਦੇ ਜੱਜ ਦੇ ਤੌਰ ‘ਤੇ ਉਹ ਇਹੋ ਜਿਹੇ ਕਈ ਮਹੱਤਵਪੂਰਨ ਬੈਂਚਾਂ ਦਾ ਅਹਿਮ ਮੈਂਬਰ ਰਿਹਾ ਜਿਨ੍ਹਾਂ ਨੇ ਬੜੇ ਮਿਸਾਲੀ ਫੈਸਲੇ ਕੀਤੇ। ਮਸਲਨ ‘ਆਨਰ ਕਿਲਿੰਗ’ ਅਤੇ ਦਾਜ ਬਦਲੇ ਕਤਲ ਕਰਨ ਵਾਲੇ ਦੋਸ਼ੀਆਂ ਲਈ ਸਜ਼ਾ-ਏ-ਮੌਤ ਲਾਗੂ ਕਰਨ ਵਾਲੇ ਬੈਂਚ ਦਾ ਉਹ ਆਗੂ ਸੀ। ਡਾæ ਬਿਨਾਇਕ ਸੇਨ ਦੀ ਜ਼ਮਾਨਤ ਮਨਜ਼ੂਰ ਕਰਨ ਵਾਲਾ ਵੀ ਉਹ ਸੀ ਤੇ ਨਾਲ ਹੀ ਉਸ ਨੇ ਇਹ ਫੈਸਲਾ ਵੀ ਦਿੱਤਾ ਕਿ ਕਿਸੇ ਹਿੰਸਕ ਜਥੇਬੰਦੀ ਨਾਲ ਸਬੰਧ ਰੱਖਣ ਵਾਲਾ ਕੋਈ ਵੀ ਬੰਦਾ ਉਨੀ ਦੇਰ ਦੋਸ਼ੀ ਨਹੀਂ, ਜਿੰਨੀ ਦੇਰ ਉਹ ਖੁਦ ਕਿਸੇ ਹਿੰਸਕ ਕਾਰਵਾਈ ‘ਚ ਹਿੱਸਾ ਨਹੀਂਂ ਲੈਂਦਾ। ਸੁਪਰੀਮ ਕੋਰਟ ਦਾ ਜੱਜ ਹੁੰਦਿਆਂ ਉਸ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਖੁਦ ਅਪੀਲ ਕੀਤੀ ਕਿ 27 ਸਾਲਾਂ ਤੋਂ ਲਾਹੌਰ ਜੇਲ੍ਹ ‘ਚ ਬੰਦ ਗੋਪਾਲ ਦਾਸ ਨੂੰ ਮਨੁੱਖੀ ਆਧਾਰ ‘ਤੇ ਰਿਹਾ ਕੀਤਾ ਜਾਵੇ ਤੇ ਰਾਸ਼ਟਰਪਤੀ ਨੇ ਉਸ ਦੀ ਅਪੀਲ ‘ਤੇ ਗੋਪਾਲ ਦਾਸ ਨੂੰ ਰਿਹਾ ਕੀਤਾ ਵੀ। ਇਸੇ ਤਰ੍ਹਾਂ ਦੀ ਅਪੀਲ ਉਸ ਨੇ ਡਾæ ਮਨਮੋਹਨ ਸਿੰਘ ਨੂੰ ਕੀਤੀ ਸੀ ਕਿ 80 ਸਾਲਾ ਪਾਕਿਸਤਾਨੀ ਡਾæ ਖਲੀਲ ਚਿਸ਼ਤੀ ਨੂੰ ਰਿਹਾ ਕੀਤਾ ਜਾਵੇ। ਭਾਜਪਾ ਦੇ ਸਖ਼ਤ ਵਿਰੋਧ ਦੇ ਬਾਵਜੂਦ ਡਾæ ਮਨਮੋਹਨ ਸਿੰਘ ਨੇ ਡਾæ ਚਿਸ਼ਤੀ ਨੂੰ ਰਿਹਾ ਕੀਤਾ। ਸਰਬਜੀਤ ਸਿੰਘ ਦੀ ਰਿਹਾਈ ਲਈ ਉਹ ਸਦਰ ਜ਼ਰਦਾਰੀ ਕੋਲ ਦੋ ਅਪੀਲਾਂ ਭੇਜ ਚੁੱਕਿਆ ਹੈ।
ਸੁਪਰੀਮ ਕੋਰਟ ਦਾ ਸੀਨੀਅਰ ਜੱਜ ਹੁੰਦਿਆਂ ਜਸਟਿਸ ਕਾਟਜੂ ਦੀ ਮਨੁੱਖੀ ਜਾਨਾਂ ਤੇ ਸਮਾਜਕ ਕਦਰਾਂ-ਕੀਮਤਾਂ ਬਾਰੇ ਫਿਕਰਮੰਦੀ ਇਸ ਗੱਲ ਦੀ ਗਵਾਹ ਹੈ ਕਿ ਉਹ ਚਾਹੁੰਦਾ ਹੈ ਕਿ ਭਾਰਤੀ ਮੀਡੀਆ ਭਾਰਤੀ ਸਮਾਜ ਦੇ ਭਲੇ ਤੇ ਵਿਕਾਸ ਦੀ ਗੱਲ ਕਰੇ ਅਤੇ ਸਮਾਜ ਨੂੰ ਪਿਛਾਂਹ ਵੱਲ ਲਿਜਾ ਰਹੇ ਨਖਿਧ ਅਤੇ ਗੈਰ-ਵਿਗਿਆਨਕ ਰੁਝਾਨਾਂ ਦੀ ਮੁਰੰਮਤ ਕਰੇ। ਮੀਡੀਏ ਦੇ ਰੋਲ ਬਾਰੇ ਉਸ ਦੇ ਵਿਚਾਰ ਸਾਡੇ ਤੱਕ ਜਾਂ ਤਾਂ ਉਸ ਦੀ ਫੇਸਬੁੱਕ ਦੇ ਬਲਾਗਾਂ ਰਾਹੀਂ ਪਹੁੰਚਦੇ ਹਨ, ਜਾਂ ਮੀਡੀਏ ਵਿਚ ਉਸ ਦੀਆਂ ਬਹਿਸਾਂ ਤੇ ਮੁਲਾਕਾਤਾਂ ਰਾਹੀਂ। ਹੁਣ ‘ਇੰਡੀਆ ਟੂਡੇ’ ਦੀ ਡਿਪਟੀ ਐਡੀਟਰ ਦਮਯੰਤੀ ਦੱਤਾ ਨੇ ਉਸ ਨਾਲ ਮੁਲਾਕਾਤ ਕੀਤੀ ਹੈ ਅਤੇ ‘ਟਾਈਮਜ਼ ਆਫ਼ ਇੰਡੀਆ’ ਨੇ ਉਸ ਅਤੇ ਉਸ ਦੇ ਬਲਾਗ ਬਾਰੇ ਚਰਚਾ ਕੀਤੀ ਹੈ। ਇਨ੍ਹਾਂ ਦੋਵਾਂ ਲਿਖਤਾਂ ਵਿਚ ਜਸਟਿਸ ਕਾਟਜੂ ਨੇ ਆਪਣੇ ਵਿਚਾਰ ਬੜੀ ਬੇਬਾਕੀ ਨਾਲ ਪ੍ਰਗਟ ਕੀਤੇ ਹਨ।
ਜਸਟਸਿ ਕਾਟਜੂ ਦਾ ਮੰਨਣਾ ਹੈ ਕਿ ਮੀਡੀਆ ਨੇ ਜਨਤਾ ਨੂੰ ਜਾਣਕਾਰੀ, ਮਨੋਰੰਜਨ ਅਤੇ ਅਗਵਾਈ ਦੇਣੀ ਹੁੰਦੀ ਹੈ ਅਤੇ ਇਨ੍ਹਾਂ ਤਿੰਨਾਂ ਵਿਚ ਬਾਕਾਇਦਾ ਤਵਾਜ਼ਨ ਰੱਖਣਾ ਹੁੰਦਾ ਹੈ ਪਰ ਸਾਡਾ ਮੀਡੀਆ ਖਾਸ ਤੌਰ ‘ਤੇ ਇਲੈਕਟ੍ਰਾਨਿਕ ਮੀਡੀਆ 90 ਫੀਸਦੀ ਮਨੋਰੰਜਨ ਦੇ ਰਿਹਾ ਹੈ; ਜਾਣਕਾਰੀ ਤੇ ਅਗਵਾਈ ਦੇ ਹਿੱਸੇ ਇਸ ਮੀਡੀਏ ਦਾ ਸਿਰਫ 10 ਫੀਸਦੀ ਆਉਂਦਾ ਹੈ। ਅਗਲੀ ਗੱਲ ਇਹ ਕਿ ਉਹ 10 ਫੀਸਦੀ ਕੰਮ ਕਿੰਨੀ ਕੁ ਨੇਕਦਿਲੀ ਤੇ ਮਿਹਨਤ ਨਾਲ ਕਰਦਾ ਹੈ। ਇਲੈਕਟ੍ਰਾਨਿਕ ਮੀਡੀਏ ਨੂੰ ਤਾਂ ਕ੍ਰਿਕਟ, ਫੈਸ਼ਨ ਸ਼ੋਅ, ਪੌਪ ਸੰਗੀਤ ਅਤੇ ਅਧ-ਨੰਗੀਆਂ ਔਰਤਾਂ ਵਾਲੀਆਂ ਮਸ਼ਹੂਰੀਆਂ ਤੋਂ ਹੀ ਵਿਹਲ ਨਹੀਂ। ਉਹ ਉਦਾਹਰਣ ਦਿੰਦਾ ਹੈ ਕਿ ਜੇ ਦੇਵ ਆਨੰਦ ਮਰ ਜਾਂਦਾ ਹੈ ਤਾਂ ਅਖ਼ਬਾਰ ਮੁੱਖ ਪੰਨੇ ਕਾਲੇ ਕਰ ਦਿੰਦੇ ਹਨ, ਬਿਜਲਈ ਮੀਡੀਆ ਸਾਰਾ ਸਾਰਾ ਦਿਨ ਉਸ ਦੇ ਇਸ਼ਕ ਦੀਆਂ ਕਹਾਣੀ ਪਾਉਂਦਾ ਹੈ ਪਰ ਮੀਡੀਆ ਇਹ ਗੱਲ ਨਹੀਂ ਕਰਦਾ ਕਿ ਪਿਛਲੇ 15 ਸਾਲਾਂ ‘ਚ ਭਾਰਤ ਦੇ 2,50,000 ਕਿਸਾਨ ਕਿਉਂ ਖੁਦਕੁਸ਼ੀ ਕਰ ਗਏ। ਉਹ ਦੱਸਦਾ ਹੈ ਕਿ ਭਾਰਤ ਦੀ ਗਰੀਬ ਜਨਤਾ ਜੋ 80 ਫੀਸਦੀ ਹੈ, ਨੂੰ ਕਰੀਨਾ ਕਪੂਰ, ਲੇਡੀ ਗਾਗਾ ਜਾਂ ਸੰਨੀ ਲਿਉਨ ਬਾਰੇ ਜਾਣਨ ਨਾਲੋਂ ਵਿਦਿਆ, ਸਿਹਤ ਜਾਂ ਨੌਕਰੀਆਂ ਦੀ ਵੱਧ ਲੋੜ ਹੈ।
ਉਹ ਕਹਿੰਦਾ ਹੈ ਕਿ ਮੀਡੀਏ ਨੂੰ ਵਿਗਿਆਨਕ ਨਜ਼ਰੀਏ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਇਸ ਸੰਸਾਰ ਦੇ ਸਿਸਟਮ ਨੂੰ ਠੀਕ ਦ੍ਰਿਸ਼ਟੀਕੋਣ ਤੋਂ ਦੇਖ ਸਕਣ ਪਰ ਸਾਡੇ ਮੀਡੀਏ ਨੇ ਲੋਕਾਂ ਨੂੰ ਧਰਮ, ਜਾਤੀ, ਵਹਿਮਾਂ-ਭਰਮਾਂ ਦੇ ਚੱਕਰਾਂ ‘ਚ ਉਲਝਾ ਰੱਖਿਆ ਹੈ। ਸਵੇਰੇ ਭਾਰਤੀ ਭਾਸ਼ਾ ਦਾ ਜਿਹੜਾ ਵੀ ਚੈਨਲ ਖੋਲੋ, ਇਕ ਹੀ ਸੰਦੇਸ਼ ਹੈ ਰੱਬ ਦਾ ਨਾਂ ਜਪੋ; ਭਗਵੇਂ ਕੱਪੜਿਆਂ ‘ਚ ਜੋ ਵੀ ਦਿਸਦਾ ਹੈ, ਉਸ ਦੇ ਪੈਰਾਂ ‘ਚ ਡਿੱਗ ਪਵੋ ਤੇ ਉਨ੍ਹਾਂ ਦੀ ਸੇਵਾ ਕਰੋ। ਉਹ ਮੀਡੀਏ ਨੂੰ ਸਲਾਹ ਦਿੰਦਾ ਹੈ ਕਿ ਕਿਰਪਾ ਕਰ ਕੇ ਇਹ ਕੰਮ ਛੱਡ ਕੇ ਲੋਕਾਂ ਨੂੰ ਜੀਵਨ ਬਾਰੇ ਸਹੀ ਜਾਣਕਾਰੀ ਦਿਓ ਤੇ ਇਸ ਨੂੰ ਸੰਵਾਰਨ ‘ਚ ਉਨ੍ਹਾਂ ਦੀ ਸੁਚੱਜੀ ਅਗਵਾਈ ਕਰੋ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਤੋਂ ਵੱਧ ਖ਼ਤਰਨਾਕ ਗੱਲ ਇਹ ਹੈ ਕਿ ਮੀਡੀਏ ਰਾਹੀਂ ਜੋਤਿਸ਼ ਤੇ ਫਿਰਕਾਪ੍ਰਸਤੀ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਨੇ ਲੋਕਾਂ ‘ਚ ਆਪਣੇ ਜੀਵਨ ਨੂੰ ਸੰਵਾਰਨ ਲਈ ਸੰਘਰਸ਼ ਤੇ ਮਿਹਨਤ ਕਰਨ ਦੇ ਰੁਝਾਨ ਦਾ ਭੋਗ ਹੀ ਪਾ ਦਿੱਤਾ ਹੈ।
ਇਨ੍ਹਾਂ ਲਿਖਤਾਂ ‘ਚ ਉਸ ਨੇ ਪੱਤਰਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਜਿਸ ਤਰ੍ਹਾਂ ਯੂਰਪ ‘ਚ 17ਵੀਂ ਤੋਂ 19ਵੀਂ ਸਦੀ ਤੱਕ ਤਬਦੀਲੀ ਦੇ ਦੌਰ ‘ਚ ਉਨ੍ਹਾਂ ਬੜੀ ਜ਼ਿੰਮੇਵਾਰ ਭੂਮਿਕਾ ਨਿਭਾਈ ਸੀ, ਉਸੇ ਤਰ੍ਹਾਂ ਅੱਜ ਦੇ ਭਾਰਤੀ ਮੀਡੀਏ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਲੋਕਾਂ ਨੂੰ ਖੇਤੀ ਅਤੇ ਲੇਬਰ ਦੇ ਖੇਤਰਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ 80 ਫੀਸਦੀ ਲੋਕ ਇਨ੍ਹਾਂ ਖੇਤਰਾਂ ‘ਚ ਹੀ ਵਿਚਰ ਰਹੇ ਹਨ। ਉਨ੍ਹਾਂ ਨੂੰ ਆਪਣਾ ਕੰਮ ਭਰਪੂਰ ਜਾਣਕਾਰੀ ਅਤੇ ਖੋਜ ਨਾਲ ਕਰਨਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਪ੍ਰਤੀਬਧਤਾ ਦੇ ਨਾਲ ਨਾਲ ਸਾਹਿਤ, ਸਮਾਜ ਵਿਗਿਆਨ, ਇਤਿਹਾਸ ਅਤੇ ਅਰਥਸ਼ਾਸਤਰ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ। ਇਸ ਨਾਲ ਉਹ ਘਟਨਾਵਾਂ ਦਾ ਸਹੀ ਮੁਲੰਕਣ ਕਰ ਕੇ ਲੋਕਾਂ ਨੂੰ ਸਹੀ ਸੇਧ ਦੇ ਸਕਦੇ ਹਨ। ਉਹ ਇਹ ਗੱਲ ਵੀ ਸਾਫ ਕਰਦਾ ਹੈ ਕਿ ਉਹ ਇਸ ਆਲੋਚਨਾ ਰਾਹੀਂ ਮੀਡੀਏ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ, ਸਗੋਂ ਉਸ ਦੀ ਦਿਲੀ ਇੱਛਾ ਹੈ ਕਿ ਭਾਰਤੀ ਮੀਡੀਆ ਐਸੀਆਂ ਉਚਾਈਆਂ ਛੂਹੇ ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੋਵੇ। ਇਹ ਸਿਰਫ਼ ਤਾਂ ਹੀ ਹੋ ਸਕਦਾ ਹੈ ਜੇ ਇਸ ਦੇ ਨੁਕਸਾਂ ਵੱਲ ਤਵੱਜੋ ਦਿੱਤੀ ਜਾਵੇ ਤੇ ਉਹ ਇਹੋ ਕੰਮ ਕਰ ਰਿਹਾ ਹੈ ਜੋ ਚੇਅਰਮੈਨ ਹੋਣ ਨਾਤੇ ਉਸ ਦਾ ਫ਼ਰਜ਼ ਵੀ ਹੈ। ਉਸ ਨੇ ਇਹ ਇੰਕਸ਼ਾਫ਼ ਵੀ ਕੀਤਾ ਹੈ ਕਿ ਜਿਥੇ ਕਿਤੇ ਵੀ ਮੀਡੀਆ ਦੀ ਆਜ਼ਾਦੀ ਉਤੇ ਕਿਸੇ ਪਾਸਿਓਂ ਵਾਰ ਹੋਇਆ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਦੇ ਅੱਗੇ ਆਇਆ ਹੈ। ਚਾਹੇ ਕਾਰਟੂਨਿਸਟ ਅਸੀਮ ਚੈਟਰਜੀ ਦਾ ਕੇਸ ਹੋਵੇ, ਭਾਵੇਂ ਬੰਗਾਲ ਦੇ ਪ੍ਰੋਫੈਸਰ ਦੀ ਗ੍ਰਿਫ਼ਤਾਰੀ ਹੋਵੇ, ਭਾਵੇਂ ਕਿਸੇ ਨੇਤਾ ਵੱਲੋਂ ਕਿਸੇ ਪੱਤਰਕਾਰ ਦਾ ਕੈਮਰਾ ਤੋੜਨ ਦੀ ਧਮਕੀ ਹੋਵੇ ਤੇ ਭਾਵੇਂ ਬਾਲ ਠਾਕਰੇ ਦੀ ਮੌਤ ‘ਤੇ ਹੋਏ ਮੁੰਬਈ ਬੰਦ ਉਪਰ ਸਵਾਲ ਕਰਨ ਵਾਲੀਆਂ ਦੋ ਕੁੜੀਆਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਹੋਵੇ। ਇਨ੍ਹਾਂ ਕੁੜੀਆਂ ਦੀ ਨਾਜਾਇਜ਼ ਗ੍ਰਿਫ਼ਤਾਰੀ ਦੇ ਹਵਾਲੇ ਨਾਲ ਤਾਂ ਜਸਟਿਸ ਕਾਟਜੂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਦੋ ਚਿੱਠੀਆਂ ਲਿਖ ਕੇ ਕਿਹਾ ਕਿ ਇਨ੍ਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਵਾਲਿਆਂ ਅਤੇ ਇਨ੍ਹਾਂ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ‘ਚ ਭੇਜਣ ਵਾਲੇ ਜੱਜ ਖ਼ਿਲਾਫ਼ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ।
ਜਸਟਿਸ ਕਾਟਜੂæ ਨੇ ਇਹ ਵੀ ਕਿਹਾ ਹੈ ਕਿ ਬਿਨਾਂ ਸ਼ੱਕ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮੀਡੀਏ ‘ਚ ਧਨ ਲਾਉਣ ਦਾ ਹੱਕ ਹੈ ਪਰ ਉਨ੍ਹਾਂ ਨੂੰ ਇਹ ਹੱਕ ਬਿਲਕੁਲ ਨਹੀਂ ਕਿ ਉਹ ਮੀਡੀਆ ਨੂੰ ਆਪਣੇ ਗੁੜ, ਸ਼ੱਕਰ ਜਾਂ ਕੋਇਲੇ ਦੇ ਵਪਾਰ ਵਾਂਗ ਵਰਤਣ, ਕਿਉਂਕਿ ਇਹ ਵਸਤੂਆਂ ਦਾ ਵਪਾਰ ਨਹੀਂ ਸਗੋਂ ਵਿਚਾਰਾਂ ਦਾ ਲੈਣ-ਦੇਣ ਹੈ ਜਿਸ ਨੇ ਸਾਡੇ ਸਮਾਜ ਦੇ ਵਿਕਾਸ ‘ਚ ਵੱਡਾ ਹਿੱਸਾ ਪਾਉਣਾ ਹੈ। ਇਥੇ ਆਰਥਿਕ ਲਾਭ ਨਾਲੋਂ ਸਮਾਜਕ ਹਿੱਤ ਨੂੰ ਪਹਿਲ ਦੇਣੀ ਜ਼ਰੂਰੀ ਹੈ।
ਕਾਨੂੰਨ ਦੇ ਗਿਆਨ ਦੇ ਨਾਲ ਨਾਲ ਜਸਟਿਸ ਕਾਟਜੂ ਨੂੰ ਸਾਹਿਤ ਤੇ ਇਤਿਹਾਸ ਦੀ ਵੀ ਡੂੰਘੀ ਸਮਝ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਉਹ ਅਕਸਰ ਹੀ ਗਾਲਿਬ ਜਾਂ ਫੈਜ਼ ਅਹਿਮਦ ਫੈਜ਼ ਦੇ ਸ਼ਿਅਰਾਂ ਜਾਂ ਤੁਲਸੀ ਦਾਸ ਦੀਆਂ ਤੁਕਾਂ ਦਾ ਹਵਾਲਾ ਦਿੰਦਾ ਹੈ। ਉਹ ਥੌਮਸ ਪੇਨ, ਵਾਲਟੇਅਰ, ਰੂਸੋ, ਸ਼ਰਤ ਚੰਦਰ ਵਰਗੇ ਮਹਾਨ ਲੇਖਕਾਂ ਦੀਆਂ ਲਿਖਤਾਂ ‘ਚੋਂ ਉਦਾਹਰਣਾਂ ਦੇ ਕੇ ਆਪਣਾ ਨਜ਼ਰੀਆ ਸਪੱਸ਼ਟ ਕਰਦਾ ਹੈ। ਉਸ ਦੀ ਸਮਝ ਹੈ ਕਿ ਆਪਣੇ ਇਸ ਕਾਰਜ ‘ਚ ਜੇ ਮੀਡੀਏ ਦੇ ਜ਼ਿਆਦਾ ਲੋਕ ਉਸ ਖ਼ਿਲਾਫ਼ ਹਨ ਤਾਂ ਕੁਝ ਲੋਕ ਉਸ ਦੇ ਨਾਲ ਵੀ ਹਨ ਅਤੇ ਮੀਡੀਏ ਤੋਂ ਬਾਹਰ ਤਾਂ 90 ਫੀਸਦੀ ਲੋਕ ਉਸ ਦੇ ਨਾਲ ਹਨ।

Be the first to comment

Leave a Reply

Your email address will not be published.