ਅਣਵੰਡੇ ਪੰਜਾਬ ਦਾ ਮਹਾਂਕਵੀ ਬਾਬੂ ਰਜਬ ਅਲੀ

ਜਗਸੀਰ ਸਿੰਘ ਸੰਧੂ
ਫੋਨ: 914-98764-16009
ਬਾਬੂ ਰਜਬ ਅਲੀ ਅਣਵੰਡੇ ਮਹਾਂ ਪੰਜਾਬ ਦਾ ਉਹ ਮਹਾਂ ਕਵੀ ਹੈ, ਜਿਸ ਦੀਆਂ ਰਚਨਾਵਾਂ ਅੱਜ ਵੀ ਬਹੁਤੇ ਗਾਇਕ, ਕਵੀਸ਼ਰ ਅਤੇ ਢਾਡੀ ਗਾ ਰਹੇ ਹਨ। ਮੋਗਾ ਨੇੜਲੇ ਪਿੰਡ ਸਾਹੋਕੇ ਵਿਚ 10 ਅਗਸਤ 1894 ਨੂੰ ਪਿਤਾ ਧਮਾਲੀ ਖਾਂ ਦੇ ਘਰ ਮਾਤਾ ਜਿਊਣੀ ਦੀ ਕੁਖੋਂ ਜਨਮਿਆ ਬਾਬੂ ਰਜਬ ਅਲੀ ਪੰਜਾਬੀ ਦਾ ਉਹ ਅਲਵੇਲਾ ਸ਼ਾਇਰ ਹੈ, ਜਿਸ ਨੇ ਕਈ ਛੰਦ ਪਿੰਗਲ ਤੋਂ ਵੀ ਬਾਹਰ ਈਜਾਦ ਕੀਤੇ ਹਨ, ਜਿਵੇਂ ਕਿ ਬਹੱਤਰ ਕਲਾ ਛੰਦ, ਤਰਜ਼ ਦੋਤਾਰਾ, ਡੂਢੀ ਅਤੇ ਆਪਣੇ ਹੀ ਨਾਮ ‘ਬਾਬੂ ਚਾਲ ਛੰਦ’ ਪੰਜਾਬੀ ਗਾਇਕੀ ਨੂੰ ਸਮਰਪਿਤ ਕੀਤੇ ਹਨ। ਗਾਇਕ ਸਤਿੰਦਰ ਸਰਤਾਜ ਆਪਣੀ ਗਾਇਕੀ ਵਿਚ ਬਾਬੂ ਰਜਬ ਅਲੀ ਦੇ ਬਹੱਤਰ ਕਲਾ ਛੰਦ ਅਤੇ ਹੋਰ ਛੰਦਾਂ ਦੀ ਭਰਪੂਰ ਵਰਤੋਂ ਕਰ ਰਿਹਾ ਹੈ।
ਨਹਿਰੀ ਮਹਿਕਮੇ ਵਿਚ ਓਵਰਸੀਅਰ ਦੇ ਤੌਰ ‘ਤੇ ਨੌਕਰੀ ਕਰਨ ਵਾਲੇ ਇਸ ਮਹਾਨ ਸਾਇਰ ਨੂੰ ਭਾਵੇਂ ਆਜ਼ਾਦੀ ਪਿਛੋਂ ਪਾਕਿਸਤਾਨ ਜਾ ਕੇ ਵਸਣਾ ਪਿਆ, ਪਰ ਆਪਣੇ ਬਚਪਨ ਦੇ ਸਾਥੀਆਂ ਅਤੇ ਜੱਦੀ ਪਿੰਡ ਸਾਹੋਕੇ ਦੇ ਮੋਹ ਬਾਰੇ ਬਾਬੂ ਰਜਬ ਅਲੀ ਲਿਖਦਾ ਹੈ,
ਸੋਹਣੀ ਸਾਹੋ ਪਿੰਡ ਦੀਏ ਬੀਹੇ,
ਬਚਪਨ ਦੇ ਵਿਚ ਪੜੇ ਬੰਬੀਹੇ।
ਚੂਰੀ ਖੁਆ ਮਾਂ ਪਾ’ਤੇ ਰਸਤੇ,
ਚੱਕ ਲੈ ਕਲਮ ਦਵਾਤਾਂ ਬਸਤੇ।

ਸ਼ੇਰ, ਨਿਰੰਜਣ ਮਹਿੰਗੇ ਨੇ,
ਭੁਲਦੀਆਂ ਨਾ ਭਰਜਾਈਆਂ
ਘੁੰਮਰਾਂ ਪਾਈਆਂ ਲਹਿੰਗੇ ਨੇ।

ਪੰਜ ਪਾਸ ਕਰਕੇ ਵੱਗ’ਗੇ ਮੋਗੇ,
ਮਾਪਿਆਂ ਜਿਊਂਦਿਆਂ ਤੋਂ ਸੁਖ ਭੋਗੇ।
ਪੈਸੇ ਖਾ ਮਿਠਾਈਆਂ ਬਚਦੇ,
ਵੇਂਹਦੇ ਸ਼ਹਿਰ ਸੜਕ ਪਰ ਨੱਚਦੇ।

ਠੁੰਮ ਠੁੰਮ ਚੱਕਦੇ ਪੱਬ ਤਾਂ ਜੀ।
ਆਵੇ ਵਤਨ ਪਿਆਰਾ ਚੇਤੇ
ਜਦ ਖਿੱਚ ਪਾਉਣ ਮੁਹੱਬਤਾਂ ਜੀ।
ਮੋਗੇ ਤੋਂ ਅੱਠਵੀਂ ਕਰਨ ਪਿਛੋਂ ਮੈਟ੍ਰਿਕ ਫਰੀਦਕੋਟ ਤੋਂ ਕਰਕੇ ਗੁਜਰਾਤ ਵਿਚ ਰਸੂਲੋਂ ਓਵਰਸੀਅਰ ਦੀ ਡਿਗਰੀ ਲੈ ਨਹਿਰੀ ਬਾਬੂ ਲੱਗੇ ਰਜਬ ਅਲੀ ਨੇ 1915 ਤੋਂ ਲੈ ਕੇ ਸਰਹਿੰਦ ਬਰਾਂਚ ਨਹਿਰ ‘ਤੇ ਅਖਾੜਾ ਨਹਿਰੀ ਕੋਠੀ ਤੋਂ ਨੌਕਰੀ ਸ਼ੁਰੂ ਕੀਤੀ ਅਤੇ ਆਪਣੀ ਨੌਕਰੀ ਦੌਰਾਨ ਉਹ ਸਾਰੇ ਮਾਲਵੇ ਵਿਚ ਵਿਚਰੇ। ਉਨ੍ਹਾਂ ਜਿਥੇ ਮਾਲਵੇ ਦੇ ਪਿੰਡਾਂ ਦੇ ਲੋਕਾਂ ਦੇ ਸੁਭਾਅ, ਰਹਿਣੀ-ਸਹਿਣੀ, ਖਾਣ-ਪੀਣ ਅਤੇ ਆਦਤਾਂ ਬਾਰੇ ਖੁੱਲ੍ਹ ਕੇ ਲਿਖਿਆ, ਉਥੇ ਮਾਲਵੇ ਦੀ ਧਰਤੀ ‘ਤੇ ਵਰਸਦੀਆਂ ਜਾਂਤਾਂ-ਗੋਤਾਂ ਦੇ ਸੁਭਾਅ ਅਤੇ ਵਰਤਾਰੇ ਬਾਰੇ ਵੀ ਬੜੀ ਬੇਬਾਕੀ ਨਾਲ ਜ਼ਿਕਰ ਕੀਤਾ ਹੈ। ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਾ ਬਾਬੂ ਰਜਬ ਅਲੀ ਲਿਖਦਾ ਹੈ,
ਏਸੀਆ ‘ਚ ਏਹੋ ਜਿਹੀ ਜ਼ੁਬਾਨ ਮਿੱਠੀ ਨਾ,
ਯੂਰਪ ‘ਫਰੀਕਾ ਅਮਰੀਕਾ ਡਿੱਠੀ ਨਾ।
ਦੁੱਧ ਵਿਚ ਖੰਡ ਦੇ ਪਤਾਸੇ ਘੋਲੀ ਦੇ,
ਮਿੱਠੇ ਬੋਲ ਬੋਲੀਏ ਪੰਜਾਬੀ ਬੋਲੀ ਦੇ।
ਆਜੋ ਜੇ ਗੁਰਮੁਖੀ ਕਿਸੇ ਨੇ ਸਿਖਣੀ,
ਪੜ੍ਹਨੀ ਅਸਾਨ ਤੇ ਸੁਖਾਲੀ ਲਿਖਣੀ,
ਅੱਖਰ ਜੇ ਫਾਗ ਜਿਉਂ ਜਲੇਬੀ ਪੋਲੀ ਦੇ,
ਮਿੱਠੇ ਬੋਲ ਬੋਲੀਏ ਪੰਜਾਬੀ ਬੋਲੀ ਦੇ।
ਬਾਬੂ ਰਜਬ ਅਲੀ ਪੰਜਾਬੀ ਬੋਲੀ ਤੋਂ ਮੁਨਕਰ ਹੋ ਰਹੀ ਨਵੀਂ ਪੀੜ੍ਹੀ ਨੂੰ ਵੀ ਵਰਜਦਾ ਹੋਇਆ ਕਹਿੰਦਾ ਹੈ,
ਆਪਣੀ ਜ਼ੁਬਾਨ ਛੱਡ ਗੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫ ਕਿਹੜੀ ਗੱਲ ਪਾਪ ਦੀ।
ਬਾਬੂ ਜੀ ਪੰਜਾਬੀ ਫਿਰੇ ਸਿੱਖਦਾ ਜ਼ੁਬਾਨਾਂ ਹੋਰ,
ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਬਾਪ ਦੀ।
ਕੋਇਲ ਕੂ ਕੂ ਕਰੇ ਸਦਾ ਆਪਣੀ ਜ਼ੁਬਾਨ ਵਿਚ,
ਬੁਲਬੁਲ ਸਦਾ ਆਪਣੀ ਅਲਾਪਦੀ।
ਬਾਬੂ ਰਜਬ ਅਲੀ ਤਾਂ ਸਾਰੇ ਧਰਮਾਂ ਅਤੇ ਕੌਮਾਂ ਦਾ ਸਾਂਝਾ ਕਵੀ ਹੈ। ਉਹ ਮੁਸਲਮਾਨ ਧਰਮ ਨਾਲ ਸਬੰਧਤ ਹੁੰਦਿਆਂ ਜਿਥੇ ਰਾਮਾਇਣ, ਪ੍ਰਹਿਲਾਦ ਭਗਤ, ਕ੍ਰਿਸ਼ਨ ਅਵਤਾਰ ਸਬੰਧੀ ਕਿੱਸੇ ਲਿਖੇ, ਉਥੇ ਮਾਤਾ ਸੁਰਸਤੀ ਦਾ ਮੰਗਲਾਚਰਨ ਕਰਕੇ ਆਪਣੀ ਕਲਮ ਲਈ ਤਾਕਤ ਵੀ ਮੰਗੀ। ਬਾਬੂ ਰਜਬ ਅਲੀ ਨੇ ਦਸ ਗੁਰੂ ਸਾਹਿਬਾਨ, ਪੰਚਮ ਪਾਤਿਸ਼ਾਹ ਦੀ ਸ਼ਹੀਦੀ, ਬੰਦਾ ਬਹਾਦਰ, ਬਾਬਾ ਦੀਪ ਸਿੰਘ, ਸਾਹਿਬਜ਼ਾਦਿਆਂ ਦੀ ਸ਼ਹੀਦੀ ਆਦਿ ਅਨੇਕਾਂ ਅਜਿਹੇ ਕਿਸੇ ਲਿਖੇ ਹਨ, ਜੋ ਉਨ੍ਹਾਂ ਦੀ ਧਰਮ ਨਿਰਪੱਖ ਸੋਚ ਨੂੰ ਉਜਾਗਰ ਕਰਦੇ ਹਨ। ਆਪਣੀ ਕਵਿਤਾ ਦਸ਼ਮੇਸ਼ ਮਹਿਮਾ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਾਬੂ ਰਜਬ ਅਲੀ ਇਸ ਤਰ੍ਹਾਂ ਲਿਖਦਾ ਹੈ,
ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,
ਗੱਲ ‘ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ।
ਛਾਟਮੇ ਸਰੀਰ ਵਾਲੇ, ਤੇ ਧਨੁਸ਼ ਤੀਰ ਵਾਲੇ,
ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫੇਸ ਗੁਰ।
ਗੁਰੂ ਪੰਜਾਂ ਕੱਕਿਆਂ ਵਾਲੇ,
ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣਥੱਕਿਆਂ ਵਾਲੇ, ਕਰਨ ਹਮੇਸ਼ ਗੁਰ।
ਬਾਬੂ ਜੀ ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ, ਮੇਰੇ ਦਸਮੇਸ਼ ਗੁਰ।
ਬਾਬੂ ਰਜਬ ਅਲੀ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦਾ ਹੋਇਆ ਵੀ ਆਜ਼ਾਦੀ ਦਾ ਪ੍ਰਵਾਨਾ ਬਣਿਆ। 1940 ਵਿਚ ਜਦ ਉਹ ਓਵਰਸੀਅਰ ਤੋਂ ਐਸ਼ਡੀæਓæ ਬਣਨ ਵਾਲਾ ਸੀ ਤਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪ੍ਰਸੰਗ ਵਿਚ ਉਸ ਨੇ ਕਵਿਤਾ ਲਿਖੀ,
ਥੋਡਾ ਧਨ ਲੁਟ ਕੇ ਬਣਾ ਲੇ ਬੰਗਲੇ,
ਬਲੈਤ ਵਾਲੇ ਗੋਰਿਆਂ ਨੇ।
ਹਿੰਦ ਦੇ ਧਨਾਢ ਸਾਰੇ ਕੀਤੇ ਕੰਗਲੇ,
ਸੁਕਾ’ਤੇ ਚੰਮ ਝੋਰਿਆਂ ਨੇ।
ਐਹੋ ਜੀ ਖਰੀ ਸਾਮੀ ਦੇ,
ਲਾਹ ਦਿਓ ਗਲਾਂ ‘ਚ ਤਵਕ ਗੁਲਾਮੀ ਦੇ
ਕਹਿਣਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ,
ਪੁੱਤਰ ਇੱਕ ਮਾਂ ਦਿਉ।
ਬੁਰਜ ਉਸਰੇ ਜਿਹੜੇ ਦੇ ਕੇ ਜਾਨਾਂ ਨੂੰ,
ਗਿਰਨ ਹੇਠਾਂ ਬਾਂਹ ਦਿਉ।
ਲੰਮੀ ਫਰਿਆਦ ਗੱਭਰੂਓ,
ਕਰਲੋ ਵਤਨ ਨੂੰ ਅਜਾਦ ਗੱਭਰੂਓ।
ਕਿਸੇ ਵੱਲੋਂ ਅੰਗਰੇਜ਼ ਸਰਕਾਰ ਕੋਲ ਇਹ ਚੁਗਲੀ ਕਰ ਦਿੱਤੀ ਗਈ ਕਿ ਬਾਬੂ ਰਜਬ ਅਲੀ ਲੋਕਾਂ ਵਿਚ ਬਗਾਵਤੀ ਸਾਹਿਤ ਲਿਖ ਕੇ ਵੰਡ ਰਿਹਾ ਹੈ, ਜਦੋਂ ਇੱਕ ਅੰਗਰੇਜ਼ ਅਫਸਰ ਨੇ ਇਸ ਦੀ ਤਫਤੀਸ ਕੀਤੀ ਤਾਂ ਕੁਦਰਤੀ ਇਹ ਕਵਿਤਾ ਰੋਜ਼ਨਾਮਚੇ ਵਿਚੋਂ ਉਸ ਨੂੰ ਮਿਲ ਗਈ, ਜਿਸ ਤੋਂ ਨਾਰਾਜ਼ ਹੋ ਕੇ ਉਸ ਅਫਸਰ ਨੇ ਬਾਬੂ ਰਜਬ ਅਲੀ ਦੀ ਪ੍ਰਮੋਸ਼ਨ ਫਾਇਲ ਸੀਲ ਕਰ ਦਿੱਤੀ।
ਦੇਸ਼ ਨੂੰ ਆਜ਼ਾਦੀ ਕਾਹਦੀ ਮਿਲੀ ਕਿ ਪੰਜਾਬ ਦੋ ਥਾਂਈਂ ਵੰਡਿਆ ਗਿਆ ਅਤੇ ਬਾਬੂ ਰਜਬ ਅਲੀ ਨੂੰ ਪਿੰਡ ਸਾਹੋਕੇ ਛੱਡ ਕੇ ਨਵੇਂ ਹੋਂਦ ਵਿਚ ਆਏ ਮੁਲਕ ਪਾਕਿਸਤਾਨ ਜਾਣਾ ਪਿਆ। ਉਥੇ ਉਸ ਦੇ ਪਰਿਵਾਰ ਨੂੰ ਕਈ ਮੁਰੱਬੇ ਜ਼ਮੀਨ ਅਲਾਟ ਹੋ ਗਈ ਅਤੇ ਉਨ੍ਹਾਂ ਦਾ ਕੁਨਬਾ ਰੱਜੇ ਪੁੱਜੇ ਲੋਕਾਂ ਵਿਚ ਗਿਣਿਆ ਜਾਣ ਲੱਗਾ, ਪਰ ਬਾਬੂ ਰਜਬ ਅਲੀ ਦਾ ਦਿਲ ਹਮੇਸ਼ਾ ਆਪਣੇ ਵਤਨ ਲਈ ਤੜਪਦਾ ਰਿਹਾ। ਪਾਕਿਸਤਾਨ ਦੀ ਸਰਕਾਰ ਤੋਂ ਵੀਜਾ ਲੈ ਕੇ ਬਾਬੂ ਰਜਬ ਅਲੀ ਆਪਣੇ ਛੋਟੇ ਪੁੱਤਰ ਸ਼ਮਸ਼ੇਰ ਖਾਂ ਦੇ ਨਾਲ 15 ਮਾਰਚ 1965 ਨੂੰ ਵਾਹਗਾ ਬਾਰਡਰ ਰਾਹੀਂ ਆਪਣੇ ਪਿਆਰੇ ਵਤਨ ਦੇ ਦਰਸ਼ਨ ਕਰਨ ਲਈ ਸਾਹੋਕੇ ਆ ਗਿਆ। ਭਾਵੇਂ ਉਨ੍ਹਾਂ ਨੂੰ ਇੱਕ ਮਹੀਨੇ ਦਾ ਵੀਜ਼ਾ ਮਿਲਿਆ ਸੀ ਪਰ ਰਣਕੱਛ ਖੇਤਰ ਵਿਚ ਪਾਕਿਸਤਾਨ-ਭਾਰਤ ਲੜਾਈ ਛਿੜ ਜਾਣ ਕਾਰਨ ਬਾਬੂ ਰਜਬ ਅਲੀ ਨੂੰ 26 ਮਾਰਚ ਨੂੰ ਹੀ ਵਾਪਸ ਪਾਕਿਸਤਾਨ ਜਾਣਾ ਪੈ ਗਿਆ। ਇਹ ਮਹਾਨ ਪੰਜਾਬੀ ਸ਼ਾਇਰ 6 ਜੂਨ 1979 ਨੂੰ ਪਾਕਿਸਤਾਨ ਵਿਚ ਹੀ ਅਕਾਲ ਚਲਾਣਾ ਕਰ ਗਿਆ।
ਬਾਬੂ ਰਜਬ ਦੀ ਕਲਮ ਨੇ ਜਿਥੇ ਜੰਗ ਚਮਕੌਰ ਦੀ, ਵਿਧੀ ਚੰਦ ਦੇ ਦੁਸ਼ਾਲੇ, ਸੁੱਚਾ ਸਿੰਘ ਸੂਰਮਾ, ਨਲ ਦਮਿਅੰਤੀ, ਸਾਹਣੀ ਕੌਲਾਂ, ਪੈਂਦ ਦਾ ਮਹੱਲਾ ਅਤੇ ਮਾਲਵੇ ਇਲਾਕੇ ਵਿਚ ਹੋਏ ਕਈ ਨਾਮਵਰ ਯੋਧਿਆਂ ਅਤੇ ਸੂਰਮਿਆਂ ਦੇ ਕਿੱਸੇ ਬਹੁਤ ਹੀ ਬਾਕਮਾਲ ਸ਼ੈਲੀ ਵਿਚ ਲਿਖੇ ਹਨ, ਜਿਨ੍ਹਾਂ ਨੂੰ ਪੰਜਾਬ ਦੇ ਕਰੀਬ ਸਾਰੇ ਹੀ ਕਵੀਸ਼ਰ ਸੁਣਾਉਂਦੇ ਆ ਰਹੇ ਹਨ। ਧਰਮਾਂ, ਕੌਮਾਂ ਅਤੇ ਫਿਰਕੂਪੁਣੇ ਤੋਂ ਬਹੁਤ ਉਚੇ ਅਤੇ ਸੁੱਚੇ ਇਨਸ਼ਾਨ, ਆਜ਼ਾਦੀ ਦੇ ਪ੍ਰਵਾਨੇ, ਤਿੰਨ ਕੌਮਾਂ ਦੇ ਸਾਂਝੇ ਸ਼ਾਇਰ ਬਾਬੂ ਰਜਬ ਅਲੀ ਨੂੰ 10 ਅਗਸਤ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਚੇਤੇ ਕੀਤਾ ਜਾ ਰਿਹਾ ਹੈ।

Be the first to comment

Leave a Reply

Your email address will not be published.