ਪੰਜਾਬ ਦੀ ਸਿਆਸਤ ਅਤੇ ਮੁੱਦੇ

ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੀ ਸਿਆਸਤ ਅਤੇ ਮੀਡੀਆ ਵਿਚ ਹਰਿਆਣਾ ਗੁਰਦੁਆਰਾ ਕਮੇਟੀ ਦਾ ਮੁੱਦਾ ਛਾਇਆ ਹੋਇਆ ਹੈ। ਪੰਜਾਬ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅੱਜ ਕੱਲ੍ਹ ਇਨ੍ਹਾਂ ਨੂੰ ਆਪਣੀ ਮਰਜ਼ੀ ਅਤੇ ਮੱਤ (ਗੁਰਮਤਿ ਨਹੀਂ) ਨਾਲ ਚਲਾ ਰਹੇ ਬਾਦਲਾਂ ਦੀ ਸਿਆਸਤ ਖੂਬ ਭਖੀ ਹੋਈ ਹੈ। ਬਾਦਲਾਂ ਬਾਰੇ ਮੀਡੀਆਂ ਵਿਚ ਦੋ ਤਰ੍ਹਾਂ ਦੇ ਵਿਚਾਰ ਪ੍ਰਚੰਡ ਰੂਪ ਵਿਚ ਸਾਹਮਣੇ ਆਏ ਹਨ। ਇਕ ਤਾਂ ਇਹ ਕਿ ਹਰਿਆਣਾ ਕਮੇਟੀ ਨਾਲ ਬਾਦਲਾਂ ਦੀ ਸਿਆਸਤ ਨੂੰ ਵੱਡੀ ਵੰਗਾਰ ਪੈ ਗਈ ਹੈ ਅਤੇ ਇਸ ਵੰਗਾਰ ਨੂੰ ਬਾਦਲਾਂ ਦੀ ਸਿਆਸਤ ਨੂੰ ਲੱਗੇ ਖੋਰੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਦੂਜਾ ਵਿਚਾਰ ਬਾਦਲਾਂ ਦੇ ਪੈਰ ਹੇਠ ਆਪੇ ਆ ਗਏ ਬਟੇਰੇ ਬਾਰੇ ਹੈ। ਇਸ ਵਿਚਾਰ ਮੁਤਾਬਕ ਬਾਦਲ ਪੰਜਾਬ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ। ਵੱਖ-ਵੱਖ ਮੁੱਦਿਆਂ ਕਾਰਨ ਉਨ੍ਹਾਂ ਉਤੇ ਬੜੇ ਤਿੱਖੇ ਹਮਲੇ ਹੋ ਰਹੇ ਸਨ ਅਤੇ ਇਸ ਹਾਲਾਤ ਵਿਚੋਂ ਨਿਕਲਣ ਲਈ ਇਨ੍ਹਾਂ ਨੂੰ ਕੋਈ ਵੀ ਰਾਹ ਨਹੀਂ ਸੀ ਮਿਲ ਰਿਹਾ। ਹਰਿਆਣਾ ਗੁਰਦੁਆਰਾ ਕਮੇਟੀ ਦਾ ਮੁੱਦਾ ਭਖਣ ਨਾਲ ਬਾਦਲਾਂ ਦਾ ਇਸ ਕਸੂਤੀ ਸਥਿਤੀ ਤੋਂ ਬਚਾ ਹੋ ਗਿਆ ਹੈ। ਇਨ੍ਹਾਂ ਨੇ ਬੜੀ ਫੁਰਤੀ ਅਤੇ ਚਲਾਕੀ ਨਾਲ ਆਵਾਮ ਦਾ ਸਾਰਾ ਧਿਆਨ ਹਰਿਆਣਾ ਗੁਰਦੁਆਰਾ ਕਮੇਟੀ ਵੱਲ ਲਾ ਦਿੱਤਾ ਹੈ। ਮੋਰਚੇ ਦੇ ਐਲਾਨ ਨਾਲ ਗੱਲ ਸਿਖਰਾਂ ‘ਤੇ ਪਹੁੰਚਾ ਦਿੱਤੀ। ਕਹਿਣ ਨੂੰ ਭਾਵੇਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਦਖਲ ਨਾਲ ਪੰਥਕ ਕਨਵੈਨਸ਼ਨਾਂ ਰੱਦ ਹੋ ਗਈਆਂ, ਪਰ ਮੀਡੀਆ ਨੇ ਇਹ ਗੱਲ ਸਪਸ਼ਟ ਰੂਪ ਵਿਚ ਦਰਜ ਕੀਤੀ ਕਿ ਸਾਰੀ ਦੀ ਸਾਰੀ ਸਰਗਰਮੀ ਬਾਦਲਾਂ ਦੀ ਨਿਗਰਾਨੀ ਹੇਠ ਹੀ ਹੋਈ ਹੈ। ਇਸ ਤਰ੍ਹਾਂ ਬਾਦਲਾਂ ਵਲੋਂ ਇਸ ਮੁੱਦੇ ਉਤੇ ਸਿਆਸਤ ਪੂਰੀ ਤਰ੍ਹਾਂ ਭਖਾ ਕੇ ਆਵਾਮ ਦਾ ਧਿਆਨ ਪੰਜਾਬ ਦੇ ਮੁੱਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ ਹੈ।
ਉਂਜ, ਇਸ ਵਾਰ ਇਕ ਗੱਲ ਐਨ ਨਿੱਤਰ ਕੇ ਸਾਫ ਹੋ ਗਈ। ਆਵਾਮ ਨੇ ਵੀ ਅਤੇ ਮੀਡੀਆ ਨੇ ਵੀ ਇਹ ਨਿਤਾਰਾ ਸਪਸ਼ਟ ਰੂਪ ਵਿਚ ਕੀਤਾ ਕਿ ਬਾਦਲਾਂ ਦੀ ਸਮੁੱਚੀ ਸਰਗਰਮੀ ਆਪਣੀ ਪਾਰਟੀ ਜਾਂ ਪੰਥ ਲਈ ਨਹੀਂ ਸੀ, ਨਿਰੋਲ ਆਪਣੇ ਲਈ ਸੀ। ਹਰਿਆਣਾ ਦੇ ਸਿੱਖ ਆਗੂ ਇਸ ਵਾਰ ਇਹ ਤੱਥ ਉਭਾਰਨ ਵਿਚ ਕਾਮਯਾਬ ਰਹੇ ਕਿ ਗੁਰਦੁਆਰਾ ਸਿਆਸਤ ਦੇ ਪ੍ਰਸੰਗ ਵਿਚ ਹਰਿਆਣਾ ਦੇ ਸਿੱਖਾਂ ਨਾਲ ਲਗਾਤਾਰ ਵਿਤਕਰਾ ਹੋਇਆ ਹੈ। ਇਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਵੱਲ ਬਣਦਾ ਧਿਆਨ ਹੀ ਨਹੀਂ ਦਿੱਤਾ ਗਿਆ। ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਵੀਕਾਰ ਕੀਤੀ ਹੈ। ਇਸੇ ਕਰ ਕੇ ਜਦੋਂ ਬਾਦਲਾਂ ਨੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁੱਦੇ ਨੂੰ ‘ਪੰਥ ਨੂੰ ਵੰਗਾਰਾਂ’ ਨਾਲ ਜੋੜਨ ਦਾ ਯਤਨ ਕੀਤਾ ਤਾਂ ਕਿਸੇ ਨੇ ਵੀ ਇਸ ਨੂੰ ਸਵੀਕਾਰ ਨਹੀਂ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਭਾਵੇਂ ਹਰਿਆਣਾ ਕਮੇਟੀ ਦਾ ਮਾਮਲਾ ਹਰਿਆਣਾ ਦੇ ਸਿੱਖਾਂ ਦੀਆਂ ਵੋਟਾਂ ਨੂੰ ਧਿਆਨ ਵਿਚ ਰੱਖ ਕੇ ਹੀ ਅੱਗੇ ਵਧਾਇਆ, ਪਰ ਲੋਕਾਂ ਨੇ ਬਾਦਲਾਂ ਦੀ ਇਹ ਗੱਲ ਅਣਸੁਣੀ ਕਰ ਦਿੱਤੀ ਕਿ ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਰਹੀ ਹੈ। ਬਾਦਲਾਂ ਨੇ ਇਸ ਮੁੱਦੇ ਉਤੇ ਵਾਰ-ਵਾਰ ਕਾਂਗਰਸ ਦਾ ਜ਼ਿਕਰ ਕੀਤਾ, ਪਰ ਮੀਡੀਆ ਨੇ ਵੀ ਉਨ੍ਹਾਂ ਦੀ ਇਸ ਸਿਆਸਤ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਕਾਂਗਰਸ ਦੇ ਦਖਲ ਦੀ ਥਾਂ ਹਰਿਆਣਾ ਦੇ ਸਿੱਖਾਂ ਨਾਲ ਹੋਏ ਵਿਤਕਰੇ ਨਾਲ ਜੋੜਿਆ। ਅਸਲ ਵਿਚ ਪਿਛਲੇ ਸਮੇਂ ਦੌਰਾਨ ਸਮੁੱਚੇ ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਦੇ ਮਨਾਂ ਵਿਚ ਇਹ ਗੱਲ ਡੂੰਘੀ ਉਤਰ ਗਈ ਹੈ ਕਿ ਬਾਦਲ, ਪੰਥ ਜਾਂ ਪਾਰਟੀ ਦੀ ਥਾਂ ਸਾਰਾ ਧਿਆਨ ਆਪਣੇ ਪਰਿਵਾਰ ਵੱਲ ਦੇ ਰਹੇ ਹਨ। ਮੀਡੀਆ ਵਿਚ ਵੀ ਇਹੀ ਚਰਚਾ ਭਾਰੂ ਰਹੀ ਹੈ ਕਿ ਬਾਦਲਾਂ ਨੇ ਆਪਣੇ ਪਰਿਵਾਰ ਅਤੇ ਕਾਰੋਬਾਰ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰ ਮੰਚ ਅਤੇ ਮੋਹਰਾ ਵਰਤਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਲੋਕਾਂ ਨੂੰ ਇਹ ਮੱਤਾਂ ਦਿੰਦੇ ਹਨ ਕਿ ਸਿਆਸਤਦਾਨਾਂ ਨੂੰ ਕਾਰੋਬਾਰ ਨਹੀਂ ਕਰਨੇ ਚਾਹੀਦੇ, ਪਰ ਉਨ੍ਹਾਂ ਦੇ ਆਪਣੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦਾ ਹਰ ਵੱਡਾ ਤੇ ਮੁਨਾਫਾਮੁਖੀ ਕਾਰੋਬਾਰ ਆਪਣੀ ਜੇਬ ਵਿਚ ਪਾ ਲਿਆ ਹੈ।
ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਵਿਚ ਲੋਕਾਂ ਨੂੰ ਇਕ ਵਾਰ ਫਿਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਸਿਆਸਤਦਾਨਾਂ ਦਾ ਚੇਤਾ ਆ ਗਿਆ ਹੈ। ਜਥੇਦਾਰ ਟੌਹੜਾ ਦਹਾਕਿਆਂ ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ। ਉਨ੍ਹਾਂ ਬਾਰੇ ਇਹ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਆਪਣੀ ਪੈਂਠ ਬਣਾਈ ਰੱਖਣ ਲਈ ਆਪਣੇ ਹਿਸਾਬ ਨਾਲ ਸਿਆਸਤ ਚਲਾਈ ਅਤੇ ਉਹ ਅਜਿਹੀ ਸਿਆਸਤ ਦੇ ਮਾਹਰ ਵੀ ਮੰਨੇ ਜਾਂਦੇ ਸਨ, ਪਰ ਇਹ ਮੰਨਣ ਲਈ ਕੋਈ ਵੀ ਤਿਆਰ ਨਹੀਂ ਕਿ ਉਨ੍ਹਾਂ ਇਹ ਸਾਰਾ ਕੁਝ ਆਪਣੇ ਪਰਿਵਾਰ ਨੂੰ ਅਗਾਂਹ ਵਧਾਉਣ ਜਾਂ ਕਿਸੇ ਨਿੱਜੀ ਲਾਭ ਲਈ ਕੀਤਾ। ਉਨ੍ਹਾਂ ਨੇ ਆਪਣੀ ਵੱਖਰੀ ਜ਼ਮੀਨ-ਜਾਇਦਾਦ ਬਣਾਉਣ ਵੱਲ ਉਕਾ ਹੀ ਧਿਆਨ ਨਹੀਂ ਕੀਤਾ। ਪੂਰੀ ਚੜ੍ਹਤ ਦੇ ਦਿਨਾਂ ਵਿਚ ਵੀ ਉਨ੍ਹਾਂ ਦਾ ਹੈਡਕੁਆਰਟਰ ਉਨ੍ਹਾਂ ਦਾ ਜੱਦੀ ਪਿੰਡ ਟੌਹੜਾ ਹੀ ਰਿਹਾ। ਲੋਕਾਂ ਵਿਚ ਬਾਦਲਾਂ ਬਾਰੇ ਸੁਨੇਹਾ ਇਸ ਦੇ ਐਨ ਉਲਟ ਗਿਆ ਹੈ। ਹੋਰ ਤਾਂ ਹੋਰ ਪੰਜਾਬ ਵਿਚ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਵਗਿਆ ਹੈ ਅਤੇ ਜਿਸ ਵਿਚ ਪੰਜਾਬ ਦੀ ਜਵਾਨੀ ਹੜ੍ਹ ਹੀ ਚੱਲੀ ਹੈ, ਇਸ ਬਾਰੇ ਹਰ ਸੰਜੀਦਾ ਸ਼ਖਸ ਦੀ ਉਂਗਲ ਬਾਦਲਾਂ ਵੱਲ ਹੀ ਉਠੀ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਬਾਦਲਾਂ ਨੇ ਇਹ ਸਭ ਆਪਣੀ ਸਿਆਸਤ ਦੇ ਮੁਫਾਦ ਖਾਤਰ ਹੋ ਲੈਣ ਦਿੱਤਾ। ਸਮੁੱਚੇ ਪ੍ਰਸ਼ਾਸਨ ਨੇ ਇਸ ਨੂੰ ਠੱਲ੍ਹ ਤਾਂ ਕੀ ਪਾਉਣੀ ਸੀ, ਅਕਾਲੀ ਦਲ ਦੇ ਕਈ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦੇ ਨਾਂ ਨਸ਼ਾ ਤਸਕਰੀ ਵਿਚ ਵੱਜ ਰਹੇ ਹਨ। ਇਸੇ ਕਰ ਕੇ ਬਾਦਲਾਂ ਵੱਲੋਂ ਪਾਈ ਹਾਲ ਪਾਹਰਿਆ ਦੇ ਬਾਵਜੂਦ ਲੋਕਾਂ ਦੇ ਦਿਲਾਂ ਵਿਚ ਬਾਦਲਾਂ ਖਿਲਾਫ ਗੁੱਸਾ ਬਰਕਰਾਰ ਹੈ। ਲੋਕ ਸਭਾ ਵਿਚ ਲੋਕਾਂ ਨੇ ਇਹ ਗੁੱਸਾ ਜ਼ਾਹਿਰ ਵੀ ਕੀਤਾ। ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਿਆਸਤ ਕੋਈ ਹੋਰ ਮੋੜ ਕੱਟੇ।

Be the first to comment

Leave a Reply

Your email address will not be published.