ਕਾਂਗਰਸ ਦਾ ਕਲੇਸ਼ ਬਰਕਰਾਰ, ਹੁਣ ਬਰਾੜ ਦੀ ਵਾਰੀ!

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਖਾਨਾਜੰਗੀ ਉਭਰ ਕੇ ਸਾਹਮਣੇ ਆਈ ਹੈ। ਚੋਣਾਂ ਵਿਚ ਮਿਲੀ ਹਾਰ-ਦਰ-ਹਾਰ ਪਿੱਛੋਂ ਲੀਡਰਸ਼ਿਪ ਬਾਰੇ ਛਿੜੀ ਬਹਿਸ ਵਿਚ ਹਿੱਸਾ ਲੈਂਦਿਆਂ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਦੋ ਸਾਲ ਲਈ ਛੁੱਟੀ ‘ਤੇ ਜਾਣ ਦੀ ਸਲਾਹ ਦਿੱਤੀ ਹੈ। ਮਾਮਲਾ ਭਖਣ ‘ਤੇ ਉਹ ਬੁਰੀ ਤਰ੍ਹਾਂ ਘਿਰ ਗਏ। ਉਹ ਹੁਣ ਭਾਵੇਂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਛੁੱਟੀ ਲਫ਼ਜ਼ ਨਹੀਂ ਵਰਤਿਆ, ਸਗੋਂ ਇੰਨਾ ਹੀ ਕਿਹਾ ਸੀ ਕਿ ਪਾਰਟੀ ਦੇ ਭਵਿੱਖ ਤੇ ਵਡੇਰੇ ਹਿੱਤਾਂ ਲਈ ਦੋਵਾਂ ਆਗੂਆਂ ਨੂੰ ਵਰਕਰਾਂ ਨੂੰ ਮੁੜ ਹੌਸਲਾ ਦੇਣ ਲਈ ਦੇਸ਼ ਦਾ ਦੌਰਾ ਕਰਨਾ ਚਾਹੀਦਾ ਹੈ ਪਰ ਕੇਂਦਰੀ ਲੀਡਰਸ਼ਿਪ ਸਮੇਤ ਪੰਜਾਬ ਦੇ ਕਈ ਸੀਨੀਅਰ ਆਗੂ ਸ਼ ਬਰਾੜ ਦੀ ਇਸ ਬਿਨ ਮੰਗੀ ਸਲਾਹ ਤੋਂ ਖ਼ਫ਼ਾ ਹਨ।
ਸ਼ ਜਗਮੀਤ ਬਰਾੜ ਦੀ ਇਸ ਸਲਾਹ ਦਾ ਪੰਜਾਬ ਕਾਂਗਰਸ ਨੇ ਵੀ ਸਖ਼ਤ ਨੋਟਿਸ ਲਿਆ ਹੈ ਜਿਸ ਕਰ ਕੇ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਉਭਰ ਕੇ ਸਾਹਮਣੇ ਆਈ ਹੈ। ਸ਼ ਬਰਾੜ ਨੇ ਆਪਣਾ ਜਵਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਦੇਣ ਦੀ ਥਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੂੰ ਭੇਜਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਛੁੱਟੀ ‘ਤੇ ਜਾਣ ਦੀ ਗੱਲ ਨਹੀਂ ਕਹੀ ਸੀ ਪਰ ਉਨ੍ਹਾਂ ਦੇ ਸਲਾਹਕਾਰਾਂ ਨੂੰ ਕਾਂਗਰਸ ਦੀ ਹਾਰ ਲਈ ਜ਼ਿੰਮੇਵਾਰ ਜ਼ਰੂਰ ਠਹਿਰਾਇਆ ਸੀ। ਸ਼ ਬਰਾੜ ਵੱਲੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦੋ ਸਾਲਾਂ ਲਈ ਛੁੱਟੀ ‘ਤੇ ਜਾਣ ਦੇ ਦਿੱਤੇ ਕਥਿਤ ਬਿਆਨ ਤੋਂ ਪਾਰਟੀ ਵਿਚ ਕੌਮੀ ਪੱਧਰ ਦਾ ਰੇੜਕਾ ਖੜ੍ਹਾ ਹੋ ਗਿਆ। ਸ਼ ਬਾਜਵਾ ਨੇ ਸ਼ ਬਰਾੜ ਨੂੰ ਜਵਾਬ ਦੇਣ ਦੇ ਆਦੇਸ਼ ਦਿੱਤੇ ਸਨ। ਸ਼ ਬਰਾੜ ਨੇ ਕਿਹਾ ਹੈ ਕਿ ਸ਼ ਬਾਜਵਾ ਨੂੰ ਉਨ੍ਹਾਂ ਨੂੰ ਨੋਟਿਸ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਹ ਸ਼ ਬਾਜਵਾ ਨੂੰ ਜਵਾਬ ਨਹੀਂ ਦੇਣਗੇ। ਸ਼ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਧਾਨ ਸਭਾ ਦੀਆਂ ਸਾਲ 2007 ਤੇ 2012 ਦੀਆਂ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੀ ਕਮਾਂਡ ਉਨ੍ਹਾਂ ਦੇ ਹੱਥ ਹੁੰਦੀ ਤਾਂ ਅੱਜ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੋਣੀ ਸੀ। ਇਨ੍ਹਾਂ ਦੋਵਾਂ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਸ਼ ਬਰਾੜ ਪਾਰਟੀ ਵਿਚੋਂ ਇਕ ਤਰ੍ਹਾਂ ਨੁੱਕਰੇ ਲੱਗੇ ਪਏ ਸਨ। ਉਨ੍ਹਾਂ ਨੂੰ ਜਿੱਥੇ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਕੋਈ ਖਾਸ ਅਹੁਦਾ ਨਹੀਂ ਦਿੱਤਾ ਗਿਆ ਸੀ, ਉਥੇ ਪੰਜਾਬ ਕਾਂਗਰਸ ਵਿਚ ਵੀ ਉਨ੍ਹਾਂ ਦਾ ਕੋਈ ਰੁਤਬਾ ਨਹੀਂ ਹੈ। ਉਹ ਲੰਮੇ ਸਮੇਂ ਤੋਂ ਜਿਥੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਹਨ, ਉਥੇ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਦੀ ਟਿਕਟ ਦੇ ਚਾਹਵਾਨ ਸਨ।

Be the first to comment

Leave a Reply

Your email address will not be published.