ਮੋਦੀ ਵਜ਼ਾਰਤ ਵਲੋਂ ਪ੍ਰੋਫੈਸਰ ਵਾਈæ ਸੁਦਰਸ਼ਨ ਰਾਓ ਨੂੰ ਭਾਰਤੀ ਇਤਿਹਾਸ ਖੋਜ ਕੌਂਸਲ (ਇੰਡੀਅਨ ਕੌਂਸਲ ਫਾਰ ਹਿਸਟਾਰੀਕਲ ਰਿਸਰਚ) ਦਾ ਮੁਖੀ ਬਣਾਉਣਾ ਅਤੇ ਦੀਨਾ ਨਾਥ ਬਤਰਾ ਦੀ ਅਗਵਾਈ ਵਿਚ ਆਰæਐਸ਼ਐਸ਼ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਦੇ ਭਗਵੇਂਕਰਨ ਲਈ ‘ਭਾਰਤੀ ਸਿਖਿਆ ਨੀਤੀ ਕਮਿਸ਼ਨ’ ਬਣਾਉਣਾ ਹਿੰਦੂਤਵੀ ਏਜੰਡੇ ਦੇ ਉਭਰਵੇਂ ਇਜ਼ਹਾਰ ਹਨ। ਪ੍ਰੋਫੈਸਰ ਰਾਓ ਉਹ ਸ਼ਖ਼ਸ ਹੈ ਜਿਸ ਨੇ ਰਮਾਇਣ ਤੇ ਮਹਾਭਾਰਤ ਦੇ ਮਿਥਿਹਾਸ ਨੂੰ ਇਤਿਹਾਸ ਸਾਬਤ ਕਰਨ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ। ਉਹ ਸੰਘ ਦੇ ਸਾਬਕਾ ਮੁਖੀ ਐਮæਐਸ਼ ਗੋਲਵਾਲਕਰ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਪੁਰਾਤਨ ਭਾਰਤ ਦੇ ‘ਸੁਨਹਿਰੀ ਯੁਗ’ ਦਾ ਮੂੰਹਫਟ ਢੰਡੋਰਚੀ ਹੈ। ਉਸ ਮੁਤਾਬਿਕ ਪੁਰਾਤਨ ਜਾਤਪਾਤੀ ਪ੍ਰਬੰਧ ਬਿਲਕੁਲ ਸਹੀ ਕੰਮ ਕਰ ਰਿਹਾ ਸੀ। ਸਾਰੇ ਵਿਗਾੜਾਂ ਦੀ ਜੜ੍ਹ ਮੁਸਲਮਾਨਾਂ ਦਾ ਸੱਤ ਸਦੀਆਂ ਦਾ ਰਾਜ ਹੈ। ਇਹ ਨਿਯੁਕਤੀਆਂ ਵਿਰਲੀ-ਟਾਂਵੀਂ ਮਿਸਾਲ ਨਹੀਂ ਹਨ। ਰਾਜਤੰਤਰ ਨੂੰ ਥੋਕ ਰੂਪ ਵਿਚ ਹਿੰਦੂਤਵੀ ਰੰਗ ‘ਚ ਰੰਗਣ ਲਈ ਅੰਦਰੋ-ਅੰਦਰੀ ਲੰਮੇ ਸਮੇਂ ਤੋਂ ਕਿਵੇਂ ਬਾਰੀਕੀ ‘ਚ ਵਿਉਂਤਬੰਦੀ ਚੱਲਦੀ ਆ ਰਹੀ ਹੈ, ਇਸ ਬਾਰੇ ਤੱਥਪੂਰਨ ਖ਼ੁਲਾਸਾ ਪੱਤਰਕਾਰ ਬ੍ਰਿਜੇਸ਼ ਸਿੰਘ ਦੀ ਇਹ ਰਿਪੋਰਟ ਕਰਦੀ ਹੈ। ਇਹ ਰਿਪੋਰਟ ਅਸੀਂ ਰਤਾ ਕੁ ਸੰਖੇਪ ਕਰ ਕੇ ਛਾਪ ਰਹੇ ਹਾਂ। ‘ਤਹਿਲਕਾ’ ਵਿਚ ਛਪੀ ਇਸ ਰਿਪੋਰਟ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ (ਫੋਨ: 91-94634-74342) ਨੇ ਕੀਤਾ ਹੈ।
ਅਜੀਤ ਡੋਵਾਲ, ਨ੍ਰਿਪਿੰਦਰ ਮਿਸ਼ਰਾ ਅਤੇ ਪੀæਕੇæ ਮਿਸ਼ਰਾ ਦੀ ਸਾਂਝੀ ਤੰਦ ਕਿਹੜੀ ਹੈ? ਨਿਸ਼ਚੇ ਹੀ, ਉਹ ਚੋਟੀ ਦੇ ਐਸੇ ਨੌਕਰਸ਼ਾਹ ਹਨ ਜਿਨ੍ਹਾਂ ਨੂੰ ਮੋਦੀ ਨੇ ਆਪਣੀ ਟੀਮ ਲਈ ਚੁਣਿਆ ਹੈ। ਇਨ੍ਹਾਂ ਦੀ ਇਕ ਸਾਂਝ ਹੋਰ ਵੀ ਹੈ। ਇਹ ਸਾਰੇ ਨਵੀਂ ਦਿੱਲੀ ਆਧਾਰਤ ਥਿੰਕ ਟੈਂਕ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ (ਵੀæਆਈæਐਫ਼) ਨਾਲ ਸਬੰਧਤ ਹਨ। ਮੋਦੀ ਦਾ ਕੌਮੀ ਸੁਰੱਖਿਆ ਸਲਾਹਕਾਰ ਲਾਏ ਜਾਣ ਤੋਂ ਪਹਿਲਾਂ ਅਜੀਤ ਡੋਵਾਲ (ਇੰਟੈਲੀਜੈਂਸ ਬਿਊਰੋ ਦਾ ਸਾਬਕਾ ਡਾਇਰੈਕਟਰ) ਵੀæਆਈæਐਫ਼ ਦੇ ਮੋਢੀ ਨਿਰਦੇਸ਼ਕ ਵਜੋਂ ਕੰਮ ਕਰ ਰਿਹਾ ਸੀ। ਸਰਕਾਰ ਬਣਾਏ ਜਾਣ ਤੋਂ ਪਹਿਲਾਂ ਹੀ ਉਹ ਮੋਦੀ ਨੂੰ ਮਸ਼ਵਰੇ ਦੇ ਰਿਹਾ ਸੀ। ਦਰਅਸਲ, ਦੱਖਣੀ ਏਸ਼ੀਆ ਦੇ ਆਗੂਆਂ ਨੂੰ ਮੋਦੀ ਦੇ ਸਹੁੰ-ਚੁੱਕ ਸਮਾਗਮ ‘ਚ ਸੱਦਣਾ ਡੋਵਾਲ ਦੇ ਦਿਮਾਗ ਦੀ ਕਾਢ ਸੀ।
ਨ੍ਰਿਪਿੰਦਰ ਮਿਸ਼ਰਾ 2ਜੀ ਸਪੈਕਟਰਮ ਘੁਟਾਲੇ ਦਾ ਨਿਗਰਾਨ ਸੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਚੇਅਰਮੈਨ ਦਾ ਕਾਰਜ ਕਾਲ ਖ਼ਤਮ ਹੁੰਦੇ ਸਾਰ ਹੀ ਉਹ ਵੀæਆਈæਐਫ਼ ਦੀ ਕਾਰਜਕਾਰੀ ਕੌਂਸਲ ਦਾ ਮੈਂਬਰ ਬਣ ਗਿਆ ਸੀ। ਹੁਣ ਉਹ ਮੋਦੀ ਦਾ ਪ੍ਰਮੁੱਖ ਸਕੱਤਰ ਹੈ। ਇਸ ਅਹੁਦੇ ‘ਤੇ ਉਸ ਦੀ ਨਿਯੁਕਤੀ ‘ਚ ਇਕ ਕਾਨੂੰਨੀ ਉਲਝਣ ਸੀ। ਟਰਾਈ ਦਾ ਕਾਨੂੰਨ ਕਿਉਂਕਿ ਆਪਣੇ ਸਾਬਕਾ ਚੇਅਰਮੈਨ ਨੂੰ ਸਰਕਾਰੀ ਅਹੁਦੇ ਲੈਣ ਤੋਂ ਰੋਕਦਾ ਹੈ, ਪਰ ਮੋਦੀ ਨੂੰ ਉਸ ਦੀ ਲੋੜ ਐਨੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਸੀ ਕਿ ਉਸ ਨੇ ਇਸ ਕਾਨੂੰਨ ਵਿਚ ਸੋਧ ਕਰਨ ਲਈ ਆਰਡੀਨੈਂਸ ਪਾਸ ਕਰ ਦਿੱਤਾ।
ਸਾਬਕਾ ਕੇਂਦਰੀ ਖੇਤੀਬਾੜੀ ਸਕੱਤਰ ਪੀæਕੇæ ਮਿਸ਼ਰਾ ਸੀਨੀਅਰ ਫੈਲੋ ਵਜੋਂ ਵੀæਆਈæਐੱਫ਼ ਨਾਲ ਜੁੜਿਆ ਹੋਇਆ ਸੀ। ਹੁਣ ਉਹ ਪ੍ਰਧਾਨ ਮੰਤਰੀ ਦਾ ਵਧੀਕ ਪ੍ਰਮੁੱਖ ਸਕੱਤਰ ਹੈ। ਮੋਦੀ ਹਕੂਮਤ ਨੇ ਇਸ ਥਿੰਕ ਟੈਂਕ ਦੇ ਮੈਂਬਰਾਂ ਦਾ ਯੋਗਦਾਨ ਪੁਆਉਣ ਲਈ ਜਿਨ੍ਹਾਂ ਨੂੰ ਚੁਣਿਆ ਹੈ, ਉਨ੍ਹਾਂ ਵਿਚ ਖੁਫੀਆ ਏਜੰਸੀ ‘ਰਾਅ’ ਦਾ ਸਾਬਕਾ ਮੁਖੀ ਸੀæਡੀæ ਸਹਾਏ, ਸਾਬਕਾ ਸ਼ਹਿਰੀ ਵਿਕਾਸ ਸਕੱਤਰ ਅਨਿਲ ਬੈਜਲ, ਰੂਸ ਵਿਚ ਸਫ਼ੀਰ ਰਿਹਾ ਪ੍ਰਭਾਤ ਸ਼ੁਕਲਾ, ਇੰਡੀਅਨ ਏਅਰ ਫੋਰਸ ਦਾ ਸਾਬਕਾ ਮੁਖੀ ਐਸ਼ਜੀæ ਇਨਾਮਦਾਰ ਅਤੇ ਬੀæਐਸ਼ਐਫ਼ ਦਾ ਸਾਬਕਾ ਮੁਖੀ ਪ੍ਰਕਾਸ਼ ਸਿੰਘ ਸ਼ਾਮਲ ਹਨ।
ਫ਼ੌਜ ਦੇ ਸਾਬਕਾ ਮੁਖੀ (ਸੇਵਾਮੁਕਤ) ਐੱਨæਸੀæ ਵਿਜ ਨੇ ਡੋਵਾਲ ਦੀ ਥਾਂ ਵੀæਆਈæਐਫ਼ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਛੇਤੀ ਹੀ ਵੀæਆਈæਐੱਫ਼ ਦੇ ਹੋਰ ਕਈ ਮੈਂਬਰਾਂ ਨੂੰ ਹਕੂਮਤ ਵਿਚ ਅਹਿਮ ਅਹੁਦਿਆਂ ‘ਤੇ ਲਗਾਏ ਜਾਣ ਦੀ ਸੰਭਾਵਨਾ ਹੈ। ਰਿਪੋਰਟਾਂ ਇਹ ਵੀ ਹਨ ਕਿ ਡੀæਆਰæਡੀæਓæ ਦੇ ਸਾਬਕਾ ਡਾਇਰੈਕਟਰ ਜਨਰਲ ਵੀæਕੇæ ਸਰਸਵਤ ਨੂੰ ਮੁੱਖ ਵਿਗਿਆਨਕ ਸਲਾਹਕਾਰ ਵਜੋਂ ਆਰæ ਚਿਦੰਬਰਮ ਦੀ ਜਗ੍ਹਾ ਲਿਆ ਜਾਣਾ ਹੈ ਜੋ ਇਸ ਵਕਤ ਵੀæਆਈæਐਫ਼ ਵਿਖੇ ਵਿਗਿਆਨ ਤੇ ਤਕਨਾਲੋਜੀਕਲ ਅਧਿਐਨ ਲਈ ਕੇਂਦਰ ਦਾ ਡੀਨ ਹੈ। ਦਿਲਚਸਪ ਗੱਲ ਇਹ ਹੋਈ ਕਿ ਅਹੁਦਾ ਸੰਭਾਲਦੇ ਸਾਰ ਮੋਦੀ ਵਲੋਂ ‘ਗੈਟਿੰਗ ਇੰਡੀਆ ਬੈਕ ਆਨ ਟਰੈਕ’ ਕਿਤਾਬ ਰਿਲੀਜ਼ ਕੀਤੀ ਗਈ। ਇਸ ਦਾ ਸੰਪਾਦਕ ਬਿਬੇਕ ਡੈਬਰੌਏ ਵੀæਆਈæਐਫ਼ ਦੇ ਅਰਥ ਸ਼ਾਸਤਰ ਅਧਿਐਨ ਲਈ ਕੇਂਦਰ ਦਾ ਡੀਨ ਹੈ।
ਲਿਹਾਜ਼ਾ, ਵੀæਆਈæਐਫ਼ਹੈ ਕੀ? ਇਸ ਨਾਲ ਜੁੜੇ ਲੋਕ ਕੌਣ ਹਨ? ਇਹ ਥਿੰਕ ਟੈਂਕ ਮੋਦੀ ਦੇ ਨੌਕਰਸ਼ਾਹ ਅਮਲੇ ਦੇ ਉਮੀਦਵਾਰਾਂ ਦੀ ਜੰਮਣ-ਭੋਂਇ ਕਦੋਂ ਤੇ ਕਿਵੇਂ ਬਣਿਆ? ਇਹ ਕਾਫ਼ੀ ਰੌਚਕ ਮਾਮਲਾ ਹੈ। ਦਰਅਸਲ, ਵੀæਆਈæਐਫ਼ ਡੋਵਾਲ ਦੇ ਦਿਮਾਗ ਦੀ ਕਾਢ ਹੈ। 2005 ਵਿਚ ਆਈæਬੀæ ਤੋਂ ਸੇਵਾ ਮੁਕਤ ਹੋਣ ਤੋਂ ਪਿਛੋਂ ਉਸ ਨੇ ਆਪਣੀ ਤਾਕਤ ਥਿੰਕ ਟੈਂਕ ਉਸਾਰਨ ਵਿਚ ਲਾ ਦਿੱਤੀ। 10 ਦਸੰਬਰ 2009 ਨੂੰ ਮਾਤਾ ਅੰਮ੍ਰਿਤ ਨੰਦਾਮਾਈ ਅਤੇ ਜਸਟਿਸ ਵੈਂਕਟਾਚਲਈਆ ਨੇ ਇਸ ਫਾਊਂਡੇਸ਼ਨ ਦਾ ਉਦਘਾਟਨ ਕੀਤਾ।
ਵੀæਆਈæਐਫ਼ ਕੰਨਿਆਕੁਮਾਰੀ ਆਧਾਰਤ ਵਿਵੇਕਾਨੰਦ ਕੇਂਦਰ ਨਾਲ ਜੁੜੀ ਹੋਈ ਹੈ ਜਿਸ ਦੀ ਸਥਾਪਨਾ ਆਰæਐਸ਼ਐਸ਼ ਦੇ ਆਰਗੇਨਾਈਜ਼ਰ ਏਕਨਾਥ ਰਾਨਾਡੇ ਨੇ 1970 ਵਿਚ ਕੀਤੀ ਸੀ। 1993 ਵਿਚ ਨਰਸਿਮਹਾ ਰਾਓ ਹਕੂਮਤ ਨੇ ਚਾਣਕਿਆਪੁਰੀ ਵਿਚ ਵਿਵੇਕਾਨੰਦ ਕੇਂਦਰ ਨੂੰ ਜ਼ਮੀਨ ਦਿੱਤੀ ਅਤੇ ਉਸੇ ਜਗ੍ਹਾ ਉਪਰ ਵੀæਆਈæਐਫ਼ ਬਣਾਈ ਗਈ। ਇਸ ਥਿੰਕ ਟੈਂਕ ਦੀ ਵੈੱਬਸਾਈਟ ਦੱਸਦੀ ਹੈ: “ਵੀæਆਈæਐਫ਼ ਵਿਵੇਕਾਨੰਦ ਕੇਂਦਰ ਦੀ ਛਤਰ-ਛਾਇਆ ਹੇਠ ਭਾਰਤ ਦੇ ਮੋਹਰੀ ਸੁਰੱਖਿਆ ਮਾਹਰਾਂ, ਕੂਟਨੀਤਕਾਂ, ਸਨਅਤਕਾਰਾਂ ਅਤੇ ਪਰਉਪਕਾਰੀਆਂ ਦੇ ਸਾਂਝੇ ਯਤਨਾਂ ਨਾਲ ਬਣਿਆ ਨਵੀਂ ਦਿੱਲੀ ਆਧਾਰਤ ਥਿੰਕ ਟੈਂਕ ਹੈ। ਵੀæਆਈæਐਫ਼ ਦਾ ਮਨੋਰਥ ਨਵੇਂ ਖ਼ਿਆਲਾਂ ਤੇ ਸੋਚਾਂ ਪੈਦਾ ਕਰਨ ਵਾਲੀ ਸ਼੍ਰੇਸ਼ਟ ਬੌਧਿਕਤਾ ਦਾ ਕੇਂਦਰ ਬਣਨਾ ਹੈ ਜੋ ਆਲਮੀ ਮਾਮਲਿਆਂ ਵਿਚ ਆਪਣੀ ਨਿਸ਼ਚਿਤ ਭੂਮਿਕਾ ਨਿਭਾਉਣ ਵਾਲੇ ਵਧੇਰੇ ਤਾਕਤਵਰ, ਮਹਿਫੂਜ਼ ਅਤੇ ਖੁਸ਼ਹਾਲ ਭਾਰਤ ਦਾ ਨਿਰਮਾਣ ਕਰ ਸਕੇ।”
ਇਸ ਦੀ ਦ੍ਰਿਸ਼ਟੀ ਤੇ ਮਿਸ਼ਨ ਬਾਰੇ ਵੈੱਬਸਾਈਟ ਕਹਿੰਦੀ ਹੈ: “ਵੀæਆਈæਐਫ਼ ਆਜ਼ਾਦ, ਨਿਰਪੱਖ ਸੰਸਥਾ ਹੈ ਜੋ ਕਵਾਲਿਟੀ ਵਾਲੀ ਖੋਜ ਤੇ ਡੂੰਘੇ ਅਧਿਐਨ ਦਾ ਵਿਕਾਸ ਕਰਦੀ ਹੈ ਅਤੇ ਇਹ ਗੱਲਬਾਤ ਤੇ ਟਕਰਾਵਾਂ ਨੂੰ ਹੱਲ ਲਈ ਮੰਚ ਹੈ। ਇਹ ਭਾਰਤ ਦੇ ਬਿਹਤਰੀਨ ਦਿਮਾਗਾਂ ਨੂੰ ਅਹਿਮ ਕੌਮੀ ਤੇ ਕੌਮਾਂਤਰੀ ਮੁੱਦਿਆਂ ਬਾਰੇ ਦਿਮਾਗ ਲੜਾਉਣ ਲਈ ਸਿਰ ਜੋੜ ਕੇ ਬੈਠਾਉਣ ਦਾ ਤਰੱਦਦ ਕਰਦੀ ਹੈ; ਇਹ ਸ਼ਾਂਤੀ ਤੇ ਆਲਮੀ ਸਦਭਾਵਨਾ ਦੇ ਕਾਜ ਨੂੰ ਅੱਗੇ ਵਧਾਉਣ ਵਾਲੀਆਂ ਪਹਿਲਕਦਮੀਆਂ ਨੂੰ ਵਿਕਸਤ ਕਰਦੀ ਹੈ; ਇਹ ਭਾਰਤ ਦੀ ਏਕਤਾ ਤੇ ਅਖੰਡਤਾ ਉਪਰ ਅਸਰ ਪਾਉਣ ਵਾਲੇ ਸਮਾਜੀ, ਆਰਥਿਕ ਅਤੇ ਸਿਆਸੀ ਰੁਝਾਨਾਂ ‘ਤੇ ਤਿੱਖੀ ਨਜ਼ਰ ਰੱਖਦੀ ਹੈ।”
ਫ਼ੌਜ ਦੇ ਸਾਬਕਾ ਮੁਖੀਆਂ, ਸਾਬਕਾ ਸਫ਼ੀਰਾਂ, ਵਿਦੇਸ਼ ਸਕੱਤਰਾਂ, ‘ਰਾਅ’ ਤੇ ਆਈæਬੀæ ਦੇ ਸੇਵਾਮੁਕਤ ਅਫਸਰਾਂ ਅਤੇ ਕੇਂਦਰ ਵਿਚ ਚੋਟੀ ਦੇ ਅਹੁਦਿਆਂ ‘ਤੇ ਰਹਿ ਚੁੱਕੇ ਅਹਿਮ ਅਧਿਕਾਰੀਆਂ ਤੋਂ ਇਲਾਵਾ ਬਹੁਤ ਸਾਰੇ ਵਿਦਵਾਨ ਵੀ ਇਸ ਦੀਆਂ ਸਲਾਹਕਾਰ ਤੇ ਕਾਰਜਕਾਰੀ ਕੌਂਸਲਾਂ ਦੇ ਮੈਂਬਰ ਹਨ। ਵੀæਆਈæਐਫ਼ ਮੁੱਖ ਤੌਰ ‘ਤੇ ਅੱਠ ਵੱਖੋ-ਵੱਖਰੇ ਖੇਤਰਾਂ ਵਿਚ ਕੰਮ ਕਰਦੀ ਹੈ: ਕੌਮੀ ਸੁਰੱਖਿਆ ਤੇ ਯੁੱਧਨੀਤਕ ਅਧਿਐਨ, ਕੌਮਾਂਤਰੀ ਸਬੰਧ ਤੇ ਕੂਟਨੀਤੀ, ਗੁਆਂਢੀ ਮੁਲਕਾਂ ਦੇ ਅਧਿਐਨ, ਸਰਕਾਰਾਂ ਚਲਾਉਣ ਅਤੇ ਸਿਆਸੀ ਮਾਮਲਿਆਂ ਦੇ ਅਧਿਐਨ, ਆਰਥਿਕ ਅਧਿਐਨ, ਇਤਿਹਾਸ ਅਤੇ ਸਭਿਅਤਾ ਦੇ ਅਧਿਐਨ, ਤਕਨਾਲੋਜੀ ਅਤੇ ਵਿਗਿਆਨਕ ਅਧਿਐਨ ਅਤੇ ਮੀਡੀਆ ਅਧਿਐਨ। ਵੀæਆਈæਐਫ਼ ਕਾਨਫਰੰਸਾਂ ਅਤੇ ਲੈਕਚਰਾਂ ਲਈ ਕੁਲ ਆਲਮ ਵਿਚੋਂ ਵਿਦਵਾਨ ਅਤੇ ਮਾਹਰ ਬੁਲਾਉਂਦੀ ਹੈ। ਇਹ ਨਵੀਂ ਦਿੱਲੀ ਆਧਾਰਤ ਕੂਟਨੀਤਕ ਭਾਈਚਾਰੇ ਅੱਗੇ ਭਾਰਤ ਦਾ ਨਜ਼ਰੀਆ ਪੇਸ਼ ਕਰਦੀ ਹੈ ਅਤੇ ਮੁਲਕ ਦੇ ਸਿਆਸੀ, ਯੁੱਧਨੀਤਕ, ਆਰਥਿਕ ਤੇ ਸਭਿਆਚਾਰਕ ਮਾਮਲਿਆਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦਾ ਯੋਗਦਾਨ ਪੁਆਉਂਦੀ ਹੈ। ਇਹ ਤਾਜ਼ਾ ਮਾਮਲਿਆਂ ਬਾਰੇ ਨੀਤੀਘਾੜਿਆਂ ਨਾਲ ਵਿਚਾਰ-ਵਟਾਂਦਰੇ ਜਥੇਬੰਦ ਕਰਦੀ ਹੈ। ਇਹ ਹਕੂਮਤੀ ਨੁਮਾਇੰਦਿਆਂ, ਸੰਸਦ ਮੈਂਬਰਾਂ, ਨਿਆਂਪ੍ਰਣਾਲੀ ਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਨੀਤੀਆਂ ਬਾਰੇ ਮਸ਼ਵਰਾ ਦਿੰਦੀ ਹੈ। ਇਹ ਅਕਾਦਮਿਕ ਸੰਸਥਾਵਾਂ ਅਤੇ ਖੋਜ ਕੇਂਦਰਾਂ ਨਾਲ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੀ ਹੈ।
‘ਰਾਅ’ ਦਾ ਸਾਬਕਾ ਮੁਖੀ ਆਨੰਦ ਵਰਮਾ ਜੋ ਹੁਣ ਵੀæਆਈæਐਫ਼ ਦੇ ਸਲਾਹਕਾਰ ਬੋਰਡ ਦਾ ਮੈਂਬਰ ਹੈ, ਕਹਿੰਦਾ ਹੈ: “ਲੰਘੇ ਪੰਜ-ਛੇ ਸਾਲਾਂ ਵਿਚ ਫਾਊਂਡੇਸ਼ਨ ਨੇ ਸਲਾਹੁਣਯੋਗ ਕੰਮ ਕੀਤਾ ਹੈ। ਵੱਖੋ-ਵੱਖਰੇ ਖੇਤਰਾਂ ਵਿਚ ਉਚ-ਪਾਏ ਦੀ ਖੋਜ ਕੀਤੀ ਗਈ ਹੈ। ਕੌਮੀ ਤੇ ਕੌਮਾਂਤਰੀ ਅਹਿਮੀਅਤ ਵਾਲੇ ਬਹੁਤ ਸਾਰੇ ਸੈਮੀਨਾਰ ਕੀਤੇ ਗਏ ਹਨ। ਇਸ ਨੇ ਵੱਖੋ-ਵੱਖਰੇ ਆਲਮੀ ਥਿੰਕ ਟੈਂਕਾਂ ਨਾਲ ਵਿਚਾਰ ਚਰਚਾ ਕਰਵਾਈਆਂ ਹਨ। ਉਨ੍ਹਾਂ ਵਿਚ ਕੁਲ ਆਲਮ ‘ਚੋਂ ਸਰਕਾਰੀ ਤੇ ਗ਼ੈਰ-ਸਰਕਾਰੀ ਸੀਨੀਅਰ ਅਧਿਕਾਰੀਆਂ ਨੂੰ ਸੱਦਿਆ ਜਾਂਦਾ ਹੈ। ਇਸ ਥਿੰਕ ਟੈਂਕ ਦੇ ਆਪਣੇ ਕਾਇਦੇ-ਕਾਨੂੰਨ ਹੋਣ ਕਾਰਨ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਜਨਤਕ ਨਹੀਂ ਕੀਤੀਆਂ ਜਾਂਦੀਆਂ।”
ਮੋਦੀ ਵੀæਆਈæਐਫ਼ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ। ਜਦੋਂ ਉਹ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਉਹ ਆਰਥਿਕ ਤੇ ਸੁਰੱਖਿਆ ਮੁੱਦਿਆਂ ਸਬੰਧੀ ਇਸ ਸੰਸਥਾ ਤੋਂ ਲਗਾਤਾਰ ਸਲਾਹ ਲੈਂਦਾ ਰਿਹਾ। ਦਰਅਸਲ ਉਸ ਦੀ ਚੋਣ ਮੁਹਿੰਮ ਦੀ ਵਿਉਂਤ ਘੜਨ ਵਾਲੀ ਵੀæਆਈæਐਫ਼ ਦੀ ਹੀ ਮੁੱਖ ਟੀਮ ਸੀ।
ਵੀæਆਈæਐਫ਼ ਦੀ ਟੀਮ ਦਾ ਇਕ ਮੈਂਬਰ ਕਹਿੰਦਾ ਹੈ: “ਸਾਨੂੰ ਭਰੋਸਾ ਸੀ ਕਿ ਮੋਦੀ ਪ੍ਰਧਾਨ ਮੰਤਰੀ ਚੁਣਿਆ ਜਾਵੇਗਾ। ਇਸੇ ਕਾਰਨ ਅਸੀਂ ਵਿਦੇਸ਼, ਸੁਰੱਖਿਆ ਅਤੇ ਆਰਥਿਕ ਨੀਤੀਆਂ ਉਪਰ ਕੰਮ ਕਰਨ ਵਿਚ ਜੁਟੇ ਰਹੇ। ਲੋਕ ਸਭਾ ਚੋਣਾਂ ਦੀ ਤਿਆਰੀ ਦੌਰਾਨ ਵੀæਆਈæਐਫ਼ ਵਲੋਂ ਉਸ ਨੂੰ ਵੱਖੋ-ਵੱਖਰੇ ਮੁੱਦਿਆਂ ਉਪਰ ਹਰ ਜ਼ਰੂਰੀ ਜਾਣਕਾਰੀ ਮੁਹੱਈਆ ਕਰਾਈ ਗਈ। ਦਰਅਸਲ ਆਸਾਮ, ਅਰੁਨਾਚਲ ਪ੍ਰਦੇਸ਼ ਅਤੇ ਜੰਮੂ ਵਿਚ ਉਸ ਦੀ ਸਿਆਸੀ ਮੁਹਿੰਮ ਲਈ ਮੁੱਖ ਬੌਧਿਕ ਮਸਾਲਾ ਫਾਊਂਡੇਸ਼ਨ ਨੇ ਹੀ ਜੁਟਾਇਆ ਸੀ।”
ਫਾਊਂਡੇਸ਼ਨ ਅੰਦਰਲੇ ਸੂਤਰ ਵੀ ਫਾਊਂਡੇਸ਼ਨ ਪ੍ਰਤੀ ਮੋਦੀ ਦੇ ਝੁਕਾਅ ਦੀ ਤਸਦੀਕ ਕਰਦੇ ਹਨ। ਭਾਜਪਾ ਤੇ ਸੰਘ ਪਰਿਵਾਰ ਦੇ ਪ੍ਰਮੁੱਖ ਆਗੂ ਸਰਕਾਰ ਚਲਾਉਣ ਦੀਆਂ ਅੜਾਉਣੀਆਂ ਬਾਰੇ ਜਾਣਕਾਰੀ ਲੈਣ ਲਈ ਇਸੇ ਦਾ ਦਰਵਾਜ਼ਾ ਖੜਕਾਉਂਦੇ ਹਨ। ਮੋਦੀ ਅਤੇ ਵੀæਆਈæਐਫ਼ ਦਰਮਿਆਨ ਸਬੰਧ ਪਿਛਲੇ ਸਾਲ ਜੱਗ-ਜ਼ਾਹਰ ਹੋਏ। ਜਦੋਂ ਕਾਂਗਰਸ ਨੇ ਇਸ਼ਰਤ ਜਹਾਂ ਫਰਜ਼ੀ ਮੁਕਾਬਲੇ ਦੇ ਕੇਸ ਵਿਚ ਮੋਦੀ ਨੂੰ ਨਿਸ਼ਾਨਾ ਬਣਾਇਆ ਤਾਂ ਅਜੀਤ ਡੋਵਾਲ ਝੱਟ ਉਸ ਦੇ ਬਚਾਅ ਲਈ ਅੱਗੇ ਆ ਗਿਆ। ਉਸ ਨੇ ਦਲੀਲ ਦਿੱਤੀ ਕਿ ਇਸ਼ਰਤ ਜਹਾਂ ਪਾਕਿਸਤਾਨ ਆਧਾਰਤ ਜਥੇਬੰਦੀ ਲਸ਼ਕਰ-ਏ-ਤੋਇਬਾ ਦੀ ਮੈਂਬਰ ਸੀ ਅਤੇ ਯੂæਪੀæਏæ ਸਰਕਾਰ ਸਮੁੱਚੇ ਕੇਸ ਨੂੰ ਸਿਆਸੀ ਰੰਗਤ ਦੇਣ ਦੀ ਖੇਡ ਖੇਡ ਰਹੀ ਸੀ।
ਆਮ ਚੋਣਾਂ ਦੀ ਤਿਆਰੀ ਵਿਚ, ਜਦੋਂ ‘ਆਪ’ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਮੋਦੀ ਦੀ ਸਰਕਾਰ ਉਪਰ ਸਨਅਤਕਾਰਾਂ ਨੂੰ ਮੋਟੇ ਮੁਨਾਫ਼ੇ ਕਮਾਉਣ ਦੀ ਖੁੱਲ੍ਹ ਦੇਣ ਅਤੇ ਢੌਂਗੀ ਵਿਕਾਸ ਦਾ ਇਲਜ਼ਾਮ ਲਾਇਆ ਤਾਂ ਇਕਦਮ ‘ਫ਼ਿਕਰਮੰਦ ਸ਼ਹਿਰੀ’ ਨਾਂ ਦਾ ਟੋਲਾ ਅਚਾਨਕ ਉਭਰ ਆਇਆ। ਇਸ ਨੇ ਦਲੀਲ ਦਿੱਤੀ ਕਿ ਆਮ ਚੋਣਾਂ ਵਿਚ ਕਾਂਗਰਸ ਦੀ ਮਦਦ ਕਰਨ ਲਈ ਹੀ ਆਮ ਆਦਮੀ ਪਾਰਟੀ ਬੇਸਿਰ-ਪੈਰ ਇਲਜ਼ਾਮ ਲਗਾ ਰਹੀ ਹੈ। ਡੋਵਾਲ, ਲੇਖਕ ਐਮæਵੀæ ਕਾਮਤ, ਪੱਤਰਕਾਰ ਐਮæਜੇæ ਅਕਬਰ, ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਐਸ਼ਕੇæ ਸਿਨਹਾ, ਸਾਬਕਾ ਨੌਕਰਸ਼ਾਹ ਐਮæਐਨæ ਬੁਚ ਅਤੇ ਅਰਥ ਸ਼ਾਸਤਰੀ ਬਿਬੇਕ ਡੈਬਰੌਏ ਇਸ ਦੇ ਮੈਂਬਰ ਸਨ। ਸਾਫ਼ ਤੌਰ ‘ਤੇ ਇਹ ਫਾਊਂਡੇਸ਼ਨ ਦੀ ਯੁੱਧਨੀਤੀ ਦਾ ਹਿੱਸਾ ਸੀ।
ਪਿਛਲੇ ਸਾਲਾਂ ਵਿਚ ਯੂæਪੀæਏæ (ਭਾਵ ਕਾਂਗਰਸ) ਦੇ ਖ਼ਿਲਾਫ਼ ਮਾਹੌਲ ਬਣਾਉਣਾ ਵੀæਆਈæਐਫ਼ ਦਾ ਵੱਡਾ ਹਾਸਲ ਰਿਹਾ ਹੈ। ਫਾਊਂਡੇਸ਼ਨ ਦੇ ਕਰੀਬੀ ਸੂਤਰ ਦਾਅਵਾ ਕਰਦੇ ਹਨ ਕਿ ਫਾਊਂਡੇਸ਼ਨ ਦੇ ਮੈਂਬਰਾਂ ਨੇ 2011 ਵਿਚ ਪੂਰੇ ਮੁਲਕ ਅੰਦਰ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਫਾਊਂਡੇਸ਼ਨ ਦੇ ਇਕ ਮੈਂਬਰ ਨੇ ਖ਼ੁਲਾਸਾ ਕੀਤਾ ਹੈ: “ਅਪਰੈਲ 2011 ਵਿਚ ਬਾਬਾ ਰਾਮਦੇਵ ਦੀ ਅਗਵਾਈ ‘ਚ ਭ੍ਰਿਸ਼ਟਾਚਾਰ ਵਿਰੋਧੀ ਮੰਚ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਲਗਭਗ ਇਕ ਸਾਲ ਵਿਉਂਤਬੰਦੀ ਹੁੰਦੀ ਰਹੀ। ਕੇæਐਨæ ਗੋਵਿੰਦਾਚਾਰੀਆ ਦੇ ਰਾਸ਼ਟਰੀ ਸਵੈਭਿਮਾਨ ਅੰਦੋਲਨ ਨਾਲ ਮਿਲ ਕੇ ਫਾਊਂਡੇਸ਼ਨ ਨੇ ਪਹਿਲੀ ਅਪਰੈਲ 2011 ਨੂੰ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਬਾਰੇ ਦੋ-ਦਿਨਾ ਸੈਮੀਨਾਰ ਕਰਵਾਇਆ। ਬਾਬਾ ਰਾਮਦੇਵ, ਅਰਵਿੰਦ ਕੇਜਰੀਵਾਲ ਅਤੇ ਕਿਰਨ ਬੇਦੀ ਇਸ ਵਿਚ ਸ਼ਾਮਲ ਹੋਏ। ਸੈਮੀਨਾਰ ਦੇ ਅਖ਼ੀਰ ਵਿਚ, ਬਾਬਾ ਰਾਮਦੇਵ ਨੂੰ ਸਰਪ੍ਰਸਤ ਅਤੇ ਗੋਵਿੰਦਾਚਾਰੀਆ ਨੂੰ ਆਰਗੇਨਾਈਜ਼ਰ ਲੈ ਕੇ ਭ੍ਰਿਸ਼ਟਾਚਾਰ ਵਿਰੋਧੀ ਮੁਹਾਜ਼ ਬਣਾਇਆ ਗਿਆ। ਅਜੀਤ ਡੋਵਾਲ, ਭੀਸ਼ਮ ਅਗਨੀਹੋਤਰੀ (ਪਿਛਲੀ ਐਨæਡੀæਏæ ਹਕੂਮਤ ਸਮੇਂ ਅਮਰੀਕਾ ਵਿਚ ਸਫ਼ੀਰ), ਆਈæਆਈæਐਮæ ਬੰਗਲੌਰ ਤੋਂ ਪ੍ਰੋਫੈਸਰ ਆਰæ ਵੈਦਿਆਨਾਥਨ, ਬਾਬਾ ਰਾਮਦੇਵ ਦਾ ਨਜ਼ਦੀਕੀ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਅਤੇ ਲੇਖਕ ਤੇ ਵਿਤੀ ਮਾਮਲਿਆਂ ਦਾ ਮਾਹਰ ਐਸ਼ ਗੁਰੂਮੂਰਤੀ ਇਸ ਦੇ ਮੈਂਬਰ ਸਨ।”
ਇਸ ਦੌਰਾਨ ਗੋਵਿੰਦਾਚਾਰੀਆ ਨੇ ਅੰਨਾ ਹਜ਼ਾਰੇ ਅਤੇ ਬਾਬਾ ਰਾਮਦੇਵ ਦੀ ਮੀਟਿੰਗ ਕਰਵਾਈ। ਫਾਊਂਡੇਸ਼ਨ ਦੇ ਮੈਂਬਰਾਂ ਦੀ ਯੁੱਧਨੀਤੀ ਅਨੁਸਾਰ ਇਹ ਦੋਵੇਂ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਅੱਗੇ ਜੁੱਪਣਗੇ। ਸੈਮੀਨਾਰ ਤੋਂ ਤਿੰਨ ਦਿਨ ਬਾਅਦ ਹੀ ਹਜ਼ਾਰੇ ਨੇ ਜੰਤਰ ਮੰਤਰ ਵਿਖੇ ਮਰਨ ਵਰਤ ਰੱਖ ਲਿਆ। ਅਪਰੈਲ ਦੇ ਅਖ਼ੀਰ ‘ਚ ਬਾਬਾ ਰਾਮਦੇਵ ਨੇ ਵੀ 4 ਜੂਨ ਤੋਂ ਨਵੀਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਤੋਂ ਯੂæਪੀæਏæ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ। ਅਫਵਾਹ ਇਹ ਸੀ ਕਿ ਵੀæਆਈæਐਫ਼ ਵਲੋਂ ਇਹ ਯੋਜਨਾ ਕਾਂਗਰਸ ਨੂੰ ਖੂੰਜੇ ਲਾਉਣ ਲਈ ਭਾਜਪਾ ਤੇ ਆਰæਐਸ਼ਐਸ਼ ਦੇ ਇਸ਼ਾਰੇ ‘ਤੇ ਬਣਾਈ ਗਈ ਸੀ। ਕਾਂਗਰਸ ਦਾ ਸੀਨੀਅਰ ਆਗੂ ਦਿਗਵਿਜੇ ਸਿੰਘ ਲਗਾਤਾਰ ਦੁਹਾਈ ਦਿੰਦਾ ਰਿਹਾ ਕਿ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਆਰæਐਸ਼ਐਸ਼ ਦੀ ਸਾਜ਼ਿਸ਼ ਹੈ ਪਰ ਲਹਿਰ ਦੇ ਸਿਖ਼ਰਾਂ ਛੂਹ ਲੈਣ ਅਤੇ ਯੂæਪੀæਏæ ਸਰਕਾਰ ਵਲੋਂ ਹਾਲਾਤ ਨਾਲ ਨਜਿੱਠਣ ਲਈ ਵਾਹਯਾਤ ਤਰੀਕੇ ਅਖ਼ਤਿਆਰ ਕਰਨ ਕਰ ਕੇ ਕਿਸੇ ਨੇ ਉਸ ਦੀ ਗੱਲ ਨਾ ਗੌਲੀ।
ਸੰਘ ਦੇ ਆਗੂਆਂ ਦਾ ਵੀæਆਈæਐਫ਼ ਵਿਚ ਆਮ ਆਉਣ-ਜਾਣ ਹੈ, ਜਦਕਿ ਆਰæਐਸ਼ਐਸ਼ ਦਾ ਮੁਖੀ ਮੋਹਨ ਭਾਗਵਤ ਅਤੇ ਭਾਜਪਾ ਆਗੂ ਐਲ਼ਕੇæ ਅਡਵਾਨੀ ਇਸ ਨਾਲ ਜੁੜ ਕੇ ਸਰਗਰਮੀ ਕਰ ਰਹੇ ਹਨ। ਪਿੱਛੇ ਜਿਹੇ ਭਾਗਵਤ ਨੇ ਸਾਬਕਾ ਕੂਟਨੀਤਕ ਓæਪੀæ ਗੁਪਤਾ ਦੀ ਕਿਤਾਬ ‘ਡਿਫਾਈਨਿੰਗ ਹਿੰਦੂਤਵ’ ਵੀæਆਈæਐਫ਼ ਤੋਂ ਰਿਲੀਜ਼ ਕੀਤੀ।
ਆਲੋਚਕ ਫਾਊਂਡੇਸ਼ਨ ਦੇ ਸੱਜੇਪੱਖੀ ਝੁਕਾਅ ਦੀਆਂ ਮਿਸਾਲਾਂ ਦਿੰਦੇ ਹਨ ਕਿ ਜਦੋਂ ਵੈਂਡੀ ਡੌਨੀਗਰ ਦੀ ਕਿਤਾਬ ‘ਦਿ ਹਿੰਦੂ: ਐਨ ਆਲਟਰਨੇਟਿਵ ਹਿਸਟਰੀ’ ਬਾਰੇ ਵਿਵਾਦ ਛਿੜਿਆ ਤਾਂ ਇਸ ਦੇ ਸੀਨੀਅਰ ਫੈਲੋ ਮੱਖਨ ਲਾਲ ਨੇ ਲਿਖਿਆ ਕਿ ਇਸ ਨਾਲ ਨਕਲੀ ਧਰਮਨਿਰਪੱਖਤਾਵਾਦੀਆਂ ਅਤੇ ਹਿੰਦੂ ਵਿਰੋਧੀਆਂ ਨੂੰ ਆਪਣੀ ਪੁਰਾਣੀ ਚਾਲ ਖੇਡਣ ਦਾ ਮੌਕਾ ਮਿਲ ਗਿਆ ਹੈ ਜਿਸ ਤਹਿਤ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ਹੇਠ ਉਹ ਹਿੰਦੂਆਂ ਨੂੰ ਭੰਡਦੇ ਹਨ। ਲੋਕ ਸਭਾ ਚੋਣਾਂ ਦੇ ਫਤਵੇ ਦਾ ਵਿਸ਼ਲੇਸ਼ਣ ਕਰਦੇ ਹੋਏ, ਫਾਊਂਡੇਸ਼ਨ ਦੇ ਜਾਇੰਟ ਡਾਇਰੈਕਟਰ ਪ੍ਰਭਾਤ ਸ਼ੁਕਲਾ ਨੇ ਲਿਖਿਆ ਕਿ ਇਹ ਨਤੀਜੇ ਸਦੀਆਂ ਤੋਂ ਹੋ ਰਹੇ ਹਿੰਦੂਆਂ ਦੇ ਸ਼ੋਸ਼ਣ ਦਾ ਫ਼ਲ ਸਨ। ਇਕ ਹੋਰ ਫੈਲੋ ਅਨਿਰਬਾਨ ਗਾਂਗੁਲੀ ਨੇ ਆਪਣੇ ਖੋਜ ਪੱਤਰ ‘ਭਾਰਤ ਵਿਚ ਮਨੁੱਖ ਅਤੇ ਵਾਤਾਵਰਨ: ਬੀਤੇ ਦੀ ਰਵਾਇਤ ਅਤੇ ਹਾਲੀਆ ਚੁਣੌਤੀਆਂ’ ਵਿਚ ਜ਼ੋਰ ਦਿੱਤਾ ਕਿ ਹਿੰਦੂਵਾਦ ਤਾਂ ਕੁਦਰਤੀ ਚੌਗਿਰਦੇ ਦੀ ਰਗ-ਰਗ ਤੋਂ ਜਾਣੂ ਹੈ ਅਤੇ ਇਸ ਰਵਾਇਤ ਦਾ ਜ਼ਿਕਰ ਤਾਂ ਵੇਦਾਂ ਤੇ ਅਰਥ ਸ਼ਾਸਤਰਾਂ ਵਿਚ ਵੀ ਮਿਲਦਾ ਹੈ। ਆਲੋਚਕ ਕਹਿੰਦੇ ਹਨ ਕਿ ਜੇ ਇਹ ਸੱਜੇਪੱਖੀ ਵਿਚਾਰਧਾਰਾ ਨਹੀਂ, ਤਾਂ ਫਿਰ ਹੋਰ ਕੀ ਹੈ?
ਐਪਰ ਫਾਊਂਡੇਸ਼ਨ ਦੇ ਰਸਾਲੇ ‘ਪੱਤ੍ਰਿਕਾ’ ਦਾ ਸੰਪਾਦਕ ਕੇæਜੀæ ਸੁਰੇਸ਼ ਅਜਿਹੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਹਿੰਦਾ ਹੈ: “ਫਾਊਂਡੇਸ਼ਨ ਨੂੰ ਆਰæਐਸ਼ਐਸ਼ ਨਾਲ ਜੋੜਨਾ ਗ਼ਲਤ ਹੈ। æææ ਇਹ ਸੱਚ ਹੈ ਕਿ ਭਾਜਪਾ ਅਤੇ ਆਰæਐਸ਼ਐਸ਼ ਦੀ ਆਹਲਾ ਲੀਡਰਸ਼ਿਪ ਵੱਖੋ-ਵੱਖਰੇ ਮੁੱਦਿਆਂ ਬਾਰੇ ਸਾਡੇ ਤੋਂ ਜਾਣਕਾਰੀ ਲੈਂਦੀ ਹੈ, ਪਰ ਕਾਂਗਰਸ ਦੇ ਆਗੂ ਵੀ ਤਾਂ ਸਾਡੇ ਸੈਮੀਨਾਰਾਂ ਵਿਚ ਆਉਂਦੇ ਹਨ।”
ਸੁਰੇਸ਼ ਕਹਿੰਦਾ ਹੈ: “ਭਾਰਤੀ ਇਤਿਹਾਸ ਦਾ ਕੌਮੀਕਰਨ ਜ਼ਰੂਰੀ ਹੈ। ਖੱਬੀ ਧਿਰ ਪਹਿਲਾਂ ਹੀ ਸਿਆਸੀ ਤੌਰ ‘ਤੇ ਹਾਸ਼ੀਏ ‘ਤੇ ਧੱਕੀ ਜਾ ਚੁੱਕੀ ਹੈ। ਹੁਣ, ਇਹ ਬੌਧਿਕ ਤੌਰ ‘ਤੇ ਵੀ ਹਾਸ਼ੀਏ ‘ਤੇ ਧੱਕ ਦਿੱਤੀ ਜਾਵੇਗੀ। ਹੁਣ ਤਾਈਂ ਅਸੀਂ ਹਾਸ਼ੀਏ ‘ਤੇ ਧੱਕੇ ਰਹੇ ਹਾਂ, ਹੁਣ ਉਨ੍ਹਾਂ ਦੀ ਵਾਰੀ ਹੈ।” ਵੀæਆਈæਐਫ਼ ਦਾ ਇਕ ਹੋਰ ਮੈਂਬਰ ਇਹੀ ਭਾਵਨਾ ਦੁਹਰਾਉਂਦਿਆਂ ਕਹਿੰਦਾ ਹੈ: “ਜ਼ਿਆਦਾਤਰ ਥਿੰਕ ਟੈਂਕਾਂ ਉਪਰ ਖੱਬੇ ਪੱਖੀਆਂ ਦੀ ਸਰਦਾਰੀ ਰਹੀ ਹੈ। ਸਾਡਾ ਮੰਚ ਗ਼ੈਰ-ਖੱਬੇਪੱਖੀਆਂ ਅਤੇ ਰਾਸ਼ਟਰਵਾਦੀਆਂ ਦਾ ਹੈ ਜਿਨ੍ਹਾਂ ਨੂੰ ਬੁੱਧੀਜੀਵੀ ਜਗਤ ਅੰਦਰ ਅਛੂਤ ਸਮਝਿਆ ਜਾਂਦਾ ਸੀ।” ਜਿਉਂ-ਜਿਉਂ ਵੀæਆਈæਐਫ਼ ਦੇ ਵਧੇਰੇ ਤੋਂ ਵਧੇਰੇ ਮੈਂਬਰ ਨਰੇਂਦਰ ਮੋਦੀ ਸਰਕਾਰ ਵਿਚ ਸ਼ਾਮਲ ਹੁੰਦੇ ਜਾਂਦੇ ਹਨ, ਥਿੰਕ ਟੈਂਕ ਲਈ ਮੁਲਕ ਦੇ ਵਿਦੇਸ਼ੀ, ਆਰਥਿਕ ਅਤੇ ਸੁਰੱਖਿਆ ਮਾਮਲਿਆਂ ਬਾਰੇ ਨੀਤੀਆਂ ਘੜਨ ਵਿਚ ਅਹਿਮ ਭੂਮਿਕਾ ਨਿਭਾਉਣੀ ਸੁਖਾਲੀ ਹੋ ਗਈ ਹੈ।
Leave a Reply