ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਛੁੱਟੀ ‘ਤੇ ਜਾਣ ਦੀ ਸਲਾਹ ਦੇ ਕੇ ਬੁਰੀ ਤਰ੍ਹਾਂ ਘਿਰ ਗਏ ਹਨ। ਸ਼ ਬਰਾੜ ਭਾਵੇਂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ‘ਛੁੱਟੀ’ ਲਫ਼ਜ਼ ਨਹੀਂ ਵਰਤਿਆ, ਸਗੋਂ ਇੰਨਾ ਹੀ ਕਿਹਾ ਸੀ ਕਿ ਪਾਰਟੀ ਦੇ ਭਵਿੱਖ ਤੇ ਵਡੇਰੇ ਹਿੱਤਾਂ ਲਈ ਦੋਵਾਂ ਆਗੂਆਂ ਨੂੰ ਵਰਕਰਾਂ ਨੂੰ ਮੁੜ ਹੌਸਲਾ ਦੇਣ ਲਈ ਦੇਸ਼ ਦਾ ਦੌਰਾ ਕਰਨਾ ਚਾਹੀਦਾ ਹੈ ਪਰ ਕੇਂਦਰੀ ਲੀਡਰਸ਼ਿੱਪ ਸਮੇਤ ਪੰਜਾਬ ਦੇ ਕਈ ਸੀਨੀਅਰ ਆਗੂ ਸ਼ ਬਰਾੜ ਦੀ ਇਸ ਬਿਨ ਮੰਗੀ ਸਲਾਹ ਤੋਂ ਖ਼ਫ਼ਾ ਹਨ।
ਇਸ ਵਿਵਾਦਗ੍ਰਸਤ ਬਿਆਨ ਕਰਕੇ ਸ਼ ਬਰਾੜ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਸ਼ਕੀਲ ਅਹਿਮਦ ਦੀਆਂ ਹਿਦਾਇਤਾਂ ‘ਤੇ ਸ਼ ਬਰਾੜ ਨੂੰ ਉਨ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਵਤੀਰੇ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ। ਸ਼ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਮੀਡੀਆ ਵਿਚ ਆਏ ਬਰਾੜ ਦੇ ਬਿਆਨ ਨੂੰ ਵਾਚਿਆ ਹੈ, ਜਿਸ ਵਿਚ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਾੜ ਦੇ ਬਿਆਨ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਬਾਰੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤਾਂ ਬਰਾੜ ਵਰਗੇ ਆਗੂਆਂ ਤੋਂ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇਕਰ ਉਨ੍ਹਾਂ ਦੇ ਕੁਝ ਮੁੱਦੇ ਹਨ ਤਾਂ ਉਹ ਇਨ੍ਹਾਂ ਨੂੰ ਮੀਡੀਆ ਵਿਚ ਉਛਾਲਣ ਦੀ ਬਜਾਏ ਪਾਰਟੀ ਸਾਹਮਣੇ ਰੱਖ ਸਕਦੇ ਸਨ। ਹੁਣ ਜਦੋਂ ਪੰਜਾਬ ਵਿਚ ਦੋ ਮਹੱਤਵਪੂਰਨ ਸੀਟਾਂ ‘ਤੇ ਉਪ-ਚੋਣਾਂ ਹੋਣ ਜਾ ਰਹੀਆਂ ਹਨ ਤਾਂ ਉਨ੍ਹਾਂ ਵਰਗੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਅਜਿਹੇ ਬਿਆਨਾਂ ਕਾਰਨ ਕਾਂਗਰਸੀ ਉਮੀਦਵਾਰਾਂ ਨੂੰ ਨੁਕਸਾਨ ਹੋ ਸਕਦਾ ਹੈ।
ਦੂਜੇ ਪਾਸੇ ਪਾਰਟੀ ਹਾਈਕਮਾਨ ਨੇ ਇਸ ਬਿਆਨ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਤੋਂ ਰਿਪੋਰਟ ਮੰਗੀ ਹੈ। ਪੰਜਾਬ ਲਈ ਕਾਂਗਰਸ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਦਾ ਕਹਿਣਾ ਹੈ ਕਿ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਇਸ ਬਾਰੇ ਪਾਰਟੀ ਦੀ ਪੰਜਾਬ ਇਕਾਈ ਤੋਂ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਪਿਛਲੀਆਂ ਕੁਝ ਚੋਣਾਂ ਹਾਰਦੇ ਆ ਰਹੇ ਹਨ, ਜਿਸ ਕਾਰਨ ਇਸ ਵਾਰ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ। ਸ਼ਾਇਦ ਇਸ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਕੁਝ ਨਾਰਾਜ਼ਗੀ ਹੋਵੇਗੀ। ਇਸੇ ਦੌਰਾਨ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਬਰਾੜ ਦੇ ਬਿਆਨ ਨੂੰ ਗੈਰ-ਜ਼ਰੂਰੀ ਦੱਸਿਆ ਤੇ ਪਾਰਟੀ ਆਗੂਆਂ ਨੂੰ ਇਕ-ਦੂਜੇ ‘ਤੇ ਦੋਸ਼ ਲਾਉਣ ਤੋਂ ਬਚਣ ਦੀ ਸਲਾਹ ਦਿੱਤੀ।
ਜ਼ਿਕਰਯੋਗ ਹੈ ਕਿ ਸ਼ ਬਰਾੜ ਨੇ ਅਸਿੱਧੇ ਤਰੀਕੇ ਨਾਲ ਕੌਮੀ ਲੀਡਰਸ਼ਿਪ ਨੂੰ ਘੇਰਦਿਆਂ ਕਿਹਾ ਸੀ ਕਿ ਖੇਤਰੀ ਇਕਾਈਆਂ ਦੇ ਕਾਬਲ ਆਗੂਆਂ ਨੂੰ ਜਾਣਬੁੱਝ ਕੇ ਖੂੰਜੇ ਲਾਇਆ ਗਿਆ ਤਾਂ ਜੋ ਕੋਈ ਕੌਮੀ ਪੱਧਰ ਦਾ ਆਗੂ ਹੀ ਪੈਦਾ ਨਾ ਹੋ ਜਾਵੇ। ਇਸ ਕਾਰਨ ਪਾਰਟੀ ਸੰਗਠਨ ਵਿਚ ਖੜੋਤ ਆ ਗਈ ਹੈ। ਉਨ੍ਹਾਂ ਇਸ ਦੀ ਉਦਾਹਰਣ ਹਰਿਆਣਾ ਦੇ ਕੱਦਾਵਰ ਆਗੂ ਬਰਿੰਦਰ ਸਿੰਘ ਦੀ ਦਿੱਤੀ, ਜੋ ਨਾਰਾਜ਼ ਹੋ ਕੇ ਪਾਰਟੀ ਤੋਂ ਜਾ ਰਹੇ ਹਨ। ਸ਼ ਬਰਾੜ ਨੇ ਕਾਂਗਰਸ ਦੇ ਬੁਲਾਰਿਆਂ ਮਨੀਸ਼ ਤਿਵਾੜੀ, ਸ਼ਕੀਲ ਅਹਿਮਦ ਤੇ ਦਿਗਵਿਜੈ ਸਿੰਘ ਨੂੰ ‘ਚਮਚੇ’ ਤੇ ‘ਚੱਲੇ ਹੋਏ ਕਾਰਤੂਸ’ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਸਲਾਹਾਂ ਤੇ ਬੇਥਵੇ ਬਿਆਨਾਂ ਕਾਰਨ ਹੀ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਬੁਰੀ ਦੁਰਗਤ ਹੋਈ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ‘ਸਾਂਝੀ ਜ਼ਿੰਮੇਵਾਰੀ’ ਲੈਂਦੇ ਹੋਏ ਸਭ ਤੋਂ ਪਹਿਲਾਂ ਅਸਤੀਫ਼ੇ ਦੇਣੇ ਚਾਹੀਦੇ ਸਨ। ਹਾਰ ਲਈ ਸਿਰਫ਼ ਸੋਨੀਆ/ਰਾਹੁਲ ਹੀ ਜ਼ਿੰਮੇਵਾਰ ਨਹੀਂ, ਸਲਾਹਕਾਰ ਵੱਧ ਜ਼ਿੰਮੇਵਾਰ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਡਾæ ਮਨਮੋਹਨ ਸਿੰਘ ਦੀ ਥਾਂ ਜੇ ਯੂæਪੀæਏæ ਦੀ ਦੂਜੀ ਪਾਰੀ ਦੀ ਜ਼ਿੰਮੇਵਾਰੀ ਸ੍ਰੀ ਪ੍ਰਣਬ ਮੁਖਰਜੀ ਨੂੰ ਦੇ ਦਿੱਤੀ ਜਾਂਦੀ ਤਾਂ ਸ਼ਾਇਦ ਇੰਨੀ ਮਾੜੀ ਹਾਲਤ ਨਾ ਹੁੰਦੀ। ਉਨ੍ਹਾਂ ਇਸ ਗੱਲੋਂ ਇਨਕਾਰ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਟਿਕਟ ਨਾ ਦੇਣ ਤੋਂ ਉਹ ਕੌਮੀ ਲੀਡਰਸ਼ਿਪ ਤੋਂ ਖ਼ਫ਼ਾ ਹਨ।
ਸ੍ਰੀ ਬਰਾੜ ਨੇ ਦੋਸ਼ ਲਾਇਆ ਕਿ ਦਿਗਵਿਜੈ ਸਿੰਘ ਇਸ ਲਈ ਉਨ੍ਹਾਂ (ਬਰਾੜ) ਖ਼ਿਲਾਫ਼ ਬਿਆਨ ਦੇ ਰਹੇ ਹਨ ਕਿਉਂਕਿ ਉਹ ਹਮੇਸ਼ਾ ਦਿਗਵਿਜੈ ਦੇ ਸਿਆਸੀ ਗੁਰੂ ਅਰਜੁਨ ਸਿੰਘ ਨਾਲ ਖੜ੍ਹੇ ਰਹੇ, ਜਦੋਂ ਕਿ ਦਿਗਵਿਜੈ ਸਿੰਘ ਨੇ ‘ਕ੍ਰਿਤਘਣਤਾ’ ਦਿਖਾਉਂਦੇ ਹੋਏ ਆਪਣੇ ਗੁਰੂ ਨੂੰ ਧੋਖਾ ਦਿੱਤਾ ਸੀ। ਉਨ੍ਹਾਂ ਸ੍ਰੀ ਨਟਵਰ ਸਿੰਘ ਵੱਲੋਂ ਕਿਤਾਬ ਵਿਚ ਕੀਤੇ ਖੁਲਾਸੇ ਦੀ ਨਿੰਦਾ ਕੀਤੀ।
____________________________________
ਬਾਜਵਾ ਨੋਟਿਸ ਜਾਰੀ ਨਹੀਂ ਕਰ ਸਕਦਾ: ਬਰਾੜ
ਚੰਡੀਗੜ੍ਹ: ਹੁਣ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਘੂਰੀਆਂ ਵੱਟਣ ਲੱਗ ਪਏ ਹਨ। ਸ਼ ਬਰਾੜ ਨੇ ਕਿਹਾ ਹੈ ਕਿ ਬਾਜਵਾ ਨੂੰ ਸੋਨੀਆ ਗਾਂਧੀ ਨੇ ਪ੍ਰਧਾਨ ਬਣਾਇਆ ਹੈ ਤੇ ਉਹ ਸੋਨੀਆ ਗਾਂਧੀ ਦੇ ਫੈਸਲੇ ਦਾ ਆਦਰ ਕਰਦੇ ਹਨ ਪਰ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ। ਉਨ੍ਹਾਂ ਸ਼ ਬਾਜਵਾ ਨੂੰ ਨਸੀਹਤ ਦਿੱਤੀ ਕਿ ਉਨ੍ਹਾਂ ਵੱਲੋਂ ਜਨਰਲ ਸਕੱਤਰ ਦੇ ਅਧਾਰ ‘ਤੇ ਜਾਰੀ ਕੀਤਾ ਨੋਟਿਸ ਤਕਨੀਕੀ ਤੌਰ ‘ਤੇ ਗ਼ਲਤ ਹੈ ਤੇ ਉਨ੍ਹਾਂ ਨੂੰ ਸਿਰਫ ਜਨਰਲ ਸਕੱਤਰ ਸ਼ਕੀਲ ਅਹਿਮਦ ਆਪਣੇ ਦਸਤਖ਼ਤਾਂ ਹੇਠ ਹੀ ਨੋਟਿਸ ਜਾਰੀ ਕਰ ਸਕਦਾ ਹੈ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਨ ਤੇ ਕਈ ਸਾਲ ਕਾਰਜਕਾਰਨੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸ਼ ਬਰਾੜ ਨੇ ਬਾਜਵਾ ਨੂੰ ਇਕ ਹੋਰ ਨਸੀਹਤ ਦਿੱਤੀ ਕਿ ਉਹ ਇਸ ਮਾਮਲੇ ਵਿਚ ਉਨ੍ਹਾਂ ਦੇ ਬਿਆਨ ਨੂੰ ਪੜ੍ਹੇ ਬਿਨਾਂ ਬਿਆਨਬਾਜ਼ੀ ਕਰ ਰਹੇ ਆਪਣੇ ਅਹੁਦੇਦਾਰਾਂ ਤੇ ਵਿਧਾਇਕਾਂ ਨੂੰ ਰੋਕਣ ਕਿਉਂਕਿ ਉਨ੍ਹਾਂ ਦੇ ਵਿਚਾਰ ਪਾਰਟੀ ਦੇ ਹਿੱਤ ਵਿਚ ਹੀ ਹਨ।
Leave a Reply