ਐਸ ਅਸ਼ੋਕ ਭੌਰਾ
ਜੇ ਪੈਰਾਂ ਹੇਠ ਇਮਾਨਦਾਰੀ ਤੇ ਇਨਸਾਨੀਅਤ ਦੱਬੀ ਹੋਈ ਹੈ ਤਾਂ ਇਸ ਗੱਲ ਨੂੰ ਭੁੱਲ ਜਾਵੋ ਕਿ ਕਿਸਮਤ ਤੁਹਾਡੇ ਗਲ ਵਿਚ ਹਾਰ ਪਾਉਣ ਲਈ ਕਾਹਲੀ ਹੋਵੇਗੀ। ਗਰੀਬ ਦੀ ਧੀ ਜਦੋਂ ਮਜ਼ਬਰੀਆਂ ਵੱਸ ਅਬਲਾ ਹੋ ਜਾਵੇ ਤਾਂ ਸਮਾਜ ਵੀ ਉਸ ਦੀ ਇੱਜ਼ਤ ਦੀਆਂ ਵੱਖੀਆਂ ਉਧੇੜਦਾ ਹੈ। ਹਕੂਮਤ ਦੇ ਨਸ਼ੇ ਨੇ ਮਤ ਈ ਐਨੀ ਮਾਰੀ ਹੁੰਦੀ ਹੈ ਕਿ ਚੇਤਾ ਹੀ ਨਹੀਂ ਰਹਿੰਦਾ ਕਿ ਚਲੋ ਹਰਨਾਕਸ਼ ਦਾ ਯੁੱਗ ਤਾਂ ਨਾ ਆਊ ਪਰ ਸੱਦਾਮ, ਗਦਾਫ਼ੀ ਵਾਂਗ ਭੁਗਤਣਾ ਬੜਾ ਮਹਿੰਗਾ ਪੈਂਦਾ ਹੈ। ਚਲੋ ਚੀਜ਼ਾਂ ਜਾਂ ਵਸਤਾਂ ਨੇ ਤਾਂ ਮਹਿੰਗੀਆਂ ਸਸਤੀਆਂ ਹੋਣਾ ਹੀ ਹੁੰਦਾ ਹੈ, ਜ਼ਮੀਰਾਂ ਦੇ ਭਾਅ ਲਗਭਗ ਡਿਗਦੇ ਜਾ ਰਹੇ ਹਨ। ਜੇ ਕਿਸੇ ਸਿਆਣੇ ਨੂੰ ਪੁੱਛਿਆ ਜਾਵੇ ਕਿ ਬੇਈਮਾਨ, ਕੁਰੱਪਟ, ਲੁਟੇਰੇ, ਸਿਰ ਮੁੰਨਣ ਵਾਲੇ ਹੱਕ ਖਾਣ ਵਾਲੇ, ਦੇਸ਼ ਧਰੋਹੀ ਇਕੋ ਥਾਂ ‘ਕੱਠੇ ਕਿਥੋਂ ਮਿਲਣਗੇ ਤਾਂ ਬਿਨਾਂ ਦੇਰੀ ਕੀਤਿਆਂ ਕਹਿ ਦੇਵੇਗਾ, “ਦਿੱਲੀ ਜਾਂ ਚੰਡੀਗੜ੍ਹ ‘ਚ।” ਆਦਰਸ਼ ਬਦਲ ਜਾਣ ਨਾਲ ਹਾਲਾਤ ਤੇ ਸੰਦਰਭ ਰੋਜ਼ਾਨਾ ਬਦਲ ਰਹੇ ਹਨ। ਇਸੇ ਲਈ ਸੂਈ ਧਾਗੇ ਨੂੰ ਨਹੀਂ, ਧਾਗਾ ਸੂਈ ਨੂੰ ਖਿੱਚੀ ਫਿਰਦਾ ਹੈ। ਅਰਦਾਸ ਕਈ ਵਾਰ ਪੁੱਤਰ ਦੀ ਦਾਤ ਲਈ ਕੀਤੀ ਗਈ ਹੁੰਦੀ ਹੈ ਪਰ ਜੰਮ ਧੀਆਂ ਜੌੜੀਆਂ ਪੈਂਦੀਆਂ ਹਨ ਕਿਉਂਕਿ ਪਰਮਾਤਮਾ ਅਰਦਾਸ ਨੂੰ ਨਹੀਂ, ਤੁਹਾਡੀ ਜ਼ਮੀਰ ਨੂੰ ਸੁਣ ਰਿਹਾ ਹੁੰਦਾ ਹੈ। ਐਵੇਂ ਵਹਿਮ ਹੀ ਹੈ ਕਿ ਉਚੀਆਂ ਕੰਧਾਂ ਕੁੱਤੇ-ਬਿੱਲੇ ਨਹੀਂ ਟੱਪਦੇ ਕਿਉਂਕਿ ਇਹ ਕੰਮ ਹੁਣ ਉਨ੍ਹਾਂ ਨੇ ਬੰਦਿਆਂ ਨੂੰ ਸੌਂਪ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਮਧਰੇ ਹੱਥੀਂ ਖਜ਼ੂਰਾਂ ਤੋੜ ਲੈਂਦੇ ਹਨ ਪਰ ਲੰਮੇ ਮੰਗ ਮੰਗ ਕੇ ਖਾ ਰਹੇ ਨੇ। ਚਿੜੀਆਂ ਕਾਂਵਾਂ ਨਾਲ ਅੱਖ ਮਟੱਕਾ ਕਰਨ ਲੱਗ ਪਈਆਂ ਹਨ ਅਤੇ ਕਾਂ ‘ਤੇ ਲੂੰਬੜੀ ਨੂੰ ਛੇੜਨ ਦਾ ਦੋਸ਼ ਲੱਗ ਰਿਹਾ ਹੈ। ਪਤਨੀਆਂ ਜਾਣ ਗਈਆਂ ਹਨ ਕਿ ਪਤੀ, ਪਤਨੀਵਰਤਾ ਨਹੀਂ ਰਹੇ ਹਨ। ਲੋਕ ਲੱਜ ਨੂੰ ਕਰਵਾ ਚੌਥ ਵਾਲੇ ਦਿਨ ਉਹ ਵੀ ਮਹਿੰਦੀ ਵਾਲੇ ਹੱਥਾਂ ਨਾਲ ਨਾਰੀਅਲ ਭੰਨੀ ਜਾਂਦੀਆਂ ਹਨ। ਹਾਲਾਂ ਕਿ ਚੰਨ ਨੂੰ ਛਾਨਣੀ ‘ਚੋਂ ਵੇਖ ਕੇ ਜਿਸ ਚੰਦ ਦੀ ਤਸਵੀਰ ਦੀ ਪੂਜਾ ਕਰਕੇ ਪੈਰੀਂ ਹੱਥ ਲਾਵੇਗੀ, ਉਹ ਦਫ਼ਤਰ ‘ਚ ਕੰਮ ਕਰਨ ਜਾਂਦੀ ਕੁਆਰੀ ਕੁੜੀ ਦੇ ਚੱਕਰ ਵਿਚ ਜੇਲ੍ਹ ‘ਚ ਬੰਦ ਹੈ। ਅਸਲ ਵਿਚ ਮਕਾਨ ਹੀ ਉਚੇ ਦਿਸ ਰਹੇ ਹਨ, ਨੀਹਾਂ ਓਪਰੀਆਂ ਹੀ ਹਨ। ਵੇਖ ਲਓ ਖਚਰਿਆਂ ਨੇ ਖਚਰੀ ਹਾਸੀ ਹੱਸਣ ਤੋਂ ਕਦੇ ਬਾਜ਼ ਨਹੀਂ ਆਉਣਾ।
“ਏ ਭੂਆ ਦਿਖੀ ਨ੍ਹੀਂ ਕਦੇ, ਕਿਥੋਂ ਆਈ ਤੀ?”
“ਦਗਾੜਾ ਪੈਣਾ, ਮੈਂ ਕਿਤੇ ‘ਮਰੀਕਾ ਨੂੰ ਗਈ ਤੀ, ਐਥੇ ਈ ਰਹਿਨੀ ਆਂ, ਤੂੰ ਹੀ ਥੇਹ ਪੈਣਿਆਂ ਦਰੀਂ ਆਉਨਾਂ ਕਦੇ ਕਦੇ।
“ਭੂਆ ਮੈਂ ਦਿੱਲੀ ਚਲਾ ਗਿਆ ਤੀ। ਦੋ ਤਿੰਨ ਮਹੀਨੇ ਲੰਘ ਗਏ ਉਥੇ ਬੱਸ ਕੱਲ ਈ ਮੁੜਿਆਂ?”
“ਦਿੱਲੀ ਆਪਣੇ ਮੋਹਨ ਸਿੰਹੁ ਨੂੰ ਮਿਲਣ ਗਿਆ ਤੀ।”
“ਅਖੇ ਮੈਂ ਹੈਗਾ ਨਾ ਕਿਤੇ ਮਹਾਰਾਜਾ ਪਟਿਆਲਾ। ਚੱਲ ਮੈਂ ਤਾਂ ਤੈਨੂੰ ਬਾਦ ‘ਚ ਦੱਸਦਾਂ ਪਈ ਦਿੱਲੀ ਕੀ ਕਰਨ ਗਿਆ ਤੀ, ਤੂੰ ਦੱਸ ਕਿਧਰੋਂ ਆਈ ਐਂ? ਵਿਆਹ ਤੀ ਕਿਧਰੇ, ਦਾਲ ਰੋਟੀ ਚੁੱਕੀ ਫਿਰਦੀ ਆਂ?”
“ਵੇ ਕਾਹਨੂੰ ਆਪਣੇ ਮਰਾਸੀਆਂ ਦੇ ਸੱਦਾ ਆਇਆ ਤੀ ਫਜ਼ਲ ਦੀਨ ਦਾ।”
“ਉਨ੍ਹਾਂ ਦੇ ਕਿਆ ਤੀ?”
“ਬਿਮਾਰੀ ਪੈਣਿਆਂ ਤੂੰ ਤਾਂ ਗਿਆ ਤੀਗਾ ਦਿੱਲੀ ਨੂੰ, ਉਨ੍ਹਾਂ ਨੇ ਆਪਣੇ ਬੁੜ੍ਹੇ ਦੀ ਧਾਂਦਲੀ ਪਾਈ ਐ।”
“ਧਾਂਦਲੀ ਉਹ ਕੀ ਹੁੰਦੀ ਐ ਭੂਆ?”
“ਵੱਡਾ ਚਲਾਕ ਬਣਦੈਂ, ਤੈਨੂੰ ਕਿਤੇ ਪਤੈ ਪਈ ਕੀ ਹੁੰਦੀ ਐ ਧਾਂਦਲੀ! ਉਨ੍ਹਾਂ ਦਾ ਬੁੜ੍ਹਾ ਮਰ ਗਿਆ ਤੀ ਪਿਛਲੇ ਐਤਵਾਰ ਨੂੰ, ਅੱਜ ਤੀ ਉਨ੍ਹਾਂ ਦੇ ਪ੍ਰੋਗਰਾਮ।
“ਭੂਆ ਕਮਲੀਆਂ ਘੋਟਦੀ ਐਂ। ਸ਼ਰਧਾਂਜਲੀ ਸਮਾਗਮ ਤੀ, ਧਾਂਦਲੀ ਧਾਂਦਲੀ ਕਹੀ ਜਾਨੀ ਐ।”
“ਬੱਸ ਬੱਸ ਹਾਈæææਮੈਂ ਕਿਹੜਾ ਅੱਗ ਲਾਉਣੀਆਂ ਸੋਲਾਂ ਜਮਾਤਾਂ ਪੜ੍ਹੀ ਆਂ।”
“ਭਲਾ ਭੂਆ ਸਾਰੀ ਉਮਰ ਰਜਾਈ ਨ੍ਹੀਂ ਜੁੜੀ ਫਜ਼ਲ ਦੇ ਪਿਉ ਕਮਾਲਦੀਨ ਨੂੰ, ਹੁਣ ਸ਼ਰਧਾਂਜਲੀਆਂ ਦੇਣ ਲੱਗ ਪਏ!”
“ਅਕਲ ਦਿਆ ਅੰਨ੍ਹਿਆ ਫਜ਼ਲ ਦੇ ਦੋ ਮੁੰਡੇ ਦੁਬਈ ਗਏ ਓ ਆ। ਉਹ ਆਂਹਦੇ ਤੀ ਬਈ ਬੁੜਾ ਬੜਾ ਕਰਕੇ ਕੱਢਣੈ।”
“ਫੇ ਪਈਆਂ ਹੋਣੀਆਂ ਜਲੇਬੀਆਂ?”
“ਬਥੇਰੀਆਂ! ਪਰ ਫਜ਼ਲ ਨੇ ਬੁੜਾ ਬੜਾ ਬੁੜਾ ਤਾਂ ਕੀ ਕਰਨਾ ਤੀ, ਉਹਦਾ ਤਾਂ ਮਰਿਓ ਦਾ ਵੀ ਨੱਕ ਵੱਢਤਾæææ!”
“ਕੀ ਹੋ ਗਿਆ ਭੂਆ?”
“ਚਲੋ ਸਰਪੰਚ ਨੇ ਵੀ ਲੌਡ ਸਪੀਕਰ ‘ਤੇ ਚਾਰ ਅੱਖਰ ਚੰਗੇ ਕਹਿ ‘ਤੇ, ਲੰਬੜਦਾਰ ਵੀ ਕਮਾਲ ਬਾਰੇ ਚੰਗਾ ਬੋਲ ਗਿਆ ਪਰ ਫਜ਼ਲ ਦੀਨ ਨੇ ਤਾਂ ਜਲੂਸ ਕੱਢਤਾ ‘ਖੀਰ ‘ਚ।”
“ਉਹ ਕਿੱਦਾਂ?”
“ਸਾਰਿਆਂ ਦਾ ਸ਼ੁਕਰੀਆ ਕਰਨ ਲੱਗਾ ਬੋਲਿਆ, ‘ਏਨਾ ਚੰਗਾ ਤਿਗਾ ਸਾਡਾ ਪਿਓ ਪਈ ਮੈਨੂੰ ਸਮਝ ਨ੍ਹੀਂ ਲਗਦੀ ਗੱਲ ਕਿਥੋਂ ਸ਼ੁਰੂ ਕਰਾਂ ਤੇ ਕਿਥੇ ਛੱਡਾਂæææਬੜੇ ਭਲੇ ਕਾਰਜ ਕੀਤੇ ਆ ਸਾਡੇ ਬੁੜੇ ਨੇ। ਜਿੱਦਣ ਸਾਡੀ ਮਾਂ ਵਿਆਹ ਕੇ ਲਿਆਇਆ ਤੀ ਇਹ ਉਹਦੇ ਨਾਲ ਲੜ ਕੇ ਝੀਰਾਂ ਦੇ ਫੱਤੂ ਨਾਲ ਭੱਜ ਗਈ। ਪੂਰੇ ਡੂਢ ਮਹੀਨੇ ਪਿੱਛੋਂ ਲੱਭੀ ਜਾ ਕੇæææਪਰ ਵੇਖ ਲਓ ਸਾਡੇ ਬੁੜੇ ਨੇ ਸੀ ਨ੍ਹੀਂ ਕੀਤੀ ਫੇਰ ਰੱਖ ਲੀ, ਭਲਾ ਏਦੂੰ ਚੰਗਾ ਹੋ ਸਕਦੈ ਕੋਈ?’ ਮੱਦੀ ਮੈਂ ਤਾਂ ਮਰ ਮਰ ਜਾਵਾਂ ਪਈ ਇਹ ਫਜ਼ਲ ਦੀਨ ਕਰਦਾ ਕੀ ਐ? ਦੋ ਫੁਲਕੇ ਲੈ ਕੇ ਆ ਗਈ ਮੈਂ ਤਾਂ ਪਰ ਤੂੰ ਦੱਸ ਦਿੱਲੀ ਕੀ ਕਰਨ ਗਿਆ ਤੀ?”
“ਭੂਆ ਮੈਨੂੰ ਲੈ ਗਿਆ ਕਾਮਰੇਡਾਂ ਦਾ ਬਿੱਕਰ। ਆਂਹਦਾ ਚੱਲ ਤੈਨੂੰ ਦਿੱਲੀ ਜੰਤਰ-ਮੰਤਰ ‘ਤੇ ਅੰਨਾ ਹਜ਼ਾਰੇ ਨੂੰ ਮਿਲਾ ਕੇ ਲਿਆਵਾਂ। ਮੈਂ ਸੋਚਿਆ ਚਲੋ ਦਿੱਲੀ ਦੇਖ ਆਉਨੇਂ ਆਂ, ਕਾਮਰੇਡ ਦੀ ਚੰਗੀ ਪੁੱਛ ਪ੍ਰਤੀਤ ਹੋਣੀ ਆ ਉਥੇ?”
“ਮੱਦੀ ਚੱਲ ਪੁੱਛ ਪ੍ਰਤੀਤ ਨੂੰ ਤਾਂ ਮਾਰ ਗੋਲੀ, ਇਹ ਜੰਤਰ-ਮੰਤਰ ‘ਤੇ ਭਲਾ ਜਾਦੂਗਰ ਰਹਿੰਦੇ ਆਂ? ਬੜੀ ਮਸ਼ੂਰੀ ਆ ਇਹਦੀ?”
“ਭੂਆ ਐਵੇਂ ਕੰਧਾਂ ਈ ਆ ਚਾਰ। ਹੋਰ ਉਥੇ ਕਿਤੇ ਰਹਿੰਦੈ ਜਾਦੂਗਰ ਸਮਰਾਟ।”
“ਨਾ ਫਿਰ ਕੀ ਕਰਕੇ ਆਇਆæææ!”
“ਸੁਆਹ ਕਰਨੀ ਭੂਆ! ਹਾਲੇ ਅਸੀਂ ਪੰਜ ਕੁ ਨਾਅਰੇ ਮਾਰੇ ਤੀæææਪੈ ਗਈ ਪੁਲਿਸ ਵਾਛੜ ਆਗੂੰ। ਜਿਹੜੇ ਕਹਿੰਦੇ ਤੀ ਪਾਰਲੀਮੈਂਟ ਦਾ ਘਰਾਓ ਕਰਨਾ, ਖਲ੍ਹਾਰ’ਤੇ ਪੁਲਿਸ ਨੇ ਥਾਂਏਂ।”
“ਵੇ ਤੈਨੂੰ ਤਾਂ ਨ੍ਹੀਂ ਕਿਹਾ ਪੁਲਿਸ ਨੇ ਕੁਛ?”
“ਕਾਮਰੇਡ ਸਿਆਣਾ ਨਿਕਲਿਆ, ਭੂਆ ਮੈਨੂੰ ਆਂਹਦਾ ਮੱਦੀ ਸਾਰੀ ਉਮਰ ਬਹੁਤ ਖਾਧੀ ਐ ਪੁਲਿਸ ਦੀ ਕੁੱਟ। ਆ ਜਾ ਖਬਾਰਾਂ ਵਾਲਿਆਂ ਵੱਲ ਨੂੰ ਆ ਜਾ। ਨਾਲੇ ਭੂਆ ਇਹ ਨਾਂ ਦੇ ਈ ਕਾਮਰੇਡ ਆ ਉਹ ਹੁਣ।”
“ਵੇ ਰੌਲਾ ਤਾਂ ਬੜਾ ਪੈਂਦਾ ਪਈ ਅੱਨਾ ਕਹਿੰਦਾ ਇਹ ਚਿੱਟੇ ਕੱਪੜਿਆਂ ਆਲੇ ਲੁਟੇਰੇ, ਬੇਈਮਾਨ ਸਾਰੇ ਯਮਨਾ ‘ਚ ਡੋਬ ਕੇ ਮਾਰਨੇ ਆææææਕਰੂ ਕੁਝ?”
“ਭੂਆ ਮੈਨੂੰ ਤਾਂ ਐਂ ਲਗਦਾ ਪਈ ਸਰਕਾਰ ਨੇ ਇਨ੍ਹਾਂ ਦਾ ਈ ਘੁੱਗੂ ਵਜਾ ਦੇਣੈਂ। ਹੁਣ ਬੱਸ ਕੱਲਾ ਰਾਮ ਦੇਵ ਈ ਪਾਉਂਦੈ ਦੁਹਾਈæææ।”
“ਅੱਛਾ ਉਹ ਜਿਹੜਾ ਭਗਵੇਂ ਜਿਹੇ ਕੱਪੜਿਆਂ ਆਲ੍ਹਾ ਦੇਖਦਾ ਵੀ ਤੇਰੇ ਫੁੱਫੜ ਆਂਗੂੰ ਟੇਡਾ ਜਿਹਾ ਡੇਢੀ ਅੱਖ ਨਾਲ ਈ ਐ।”
“ਭੂਆ ਬੜੀ ਸ਼ੈਅ ਆ ਅਰਬਾਂਪਤੀ, ਕਰੋੜਾਂ ‘ਚ ਸਰਕਾਰ ਉਹਦੇ ਅੱਲ ਟੈਕਸ ਕੱਢੀ ਫਿਰਦੀ ਐ।”
“ਅੱਛਾ ਮੈਂ ਤਾਂ ਸੋਚਿਆ ਪਈ ਉਹ ਟੂਟੀ ਜੰਗ ਈ ਐ, ਜਿਹੜਾ ਲੀੜਾ ਲੱਤਾਂ ਵੀ ਬੜਾ ਘੱਟ ਪਾਊਂਦੈæææ। ਚੱਲ ਐਂ ਦੱਸ ਮੁਲਕ ਦਾ ਕੁਛ ਸੁਧਰੂ ਕਿ ਨਹੀਂ?”
“ਭੂਆ ਜਿਹੜੇ ਫੁੱਲ ਆਲੇ ਦੁਹਾਈ ਪਾਉਂਦੇ ਆ ਇਨ੍ਹਾਂ ਦਾ ਸੂਤ ਨ੍ਹੀਂ ਲੱਗਿਆ ਕਈ ਸਾਲਾਂ ਤੋਂ, ਇਹ ਵੀ ਨਵਾਂ ਫੁੱਲ ਈ ਪਾਉਣ ਨੂੰ ਫਿਰਦੇ ਆ। ਬਦਨਾਮ ਇਹ ਵੀ ਬਥੇਰੇ ਹੋ ਗਏ ਆ ਹੁਣ। ਚੱਲ ਭੂਆ ਹੁਣ ਤੂੰ ਇਹ ਦੱਸ ਪਈ ਦਾਣਿਆਂ ਵਾਲੀ ਭੱਠੀ ਹੁਣ ਲਾਉਨੀਆਂ ਕਿ ਨਹੀਂ?”
“ਟੁੱਟ ਪੈਣਿਆਂ ਕਿਥੇ ਛੇੜ’ਤੀ ਤੂੰ ਮੇਰੀ ਦੁਖਦੀ ਰਗ! ਸਤੀ ਪਈ ਆਂ ਮੈਂ ਇਨ੍ਹਾਂ ਤੋਂ?”
“ਕੀਹਤੋਂ?”
“ਦੇਖ ਮੱਦੀ, ਆਪਣਾ ਗੁਆਂਢੀ ਦੁਨੀ ਚੰਦ ਪੇ-ਪੁੱਤ ਤੋਂ ਬਹੁਤ ਜ਼ਿਆਦਾ ਦੁਖੀ ਐ ਤੇ ਮੇਰਾ ਵੱਸ ਚੱਲੇ ਤਾਂ ਮੈਂ ਮਾਂ ਪੁੱਤ ਗੁੱਤੋਂ ਤੇ ਬੋਦੇ ਤੋਂ ਫੜ੍ਹ ਲਵਾਂ।”
“ਭੂਆ ਇਹ ਪੇ ਪੁੱਤ ਤੇ ਮਾਂ ਪੁੱਤ ਆਲੀ ਕੀ ਕਹਾਣੀ ਆ? ਸਮਝ ਨ੍ਹੀਂ ਆਉਂਦੀ ਕੁਛ। ਕਿਤੇ ਸਰਪੰਚ ਨੂੰ ਤਾਂ ਨ੍ਹੀਂ ਲਪੇਟੀ ਜਾਂਦੀ ਜਿਹਦਾ ਪੁੱਤ ਹੁਣ ਥਾਣੇਦਾਰ ਲੱਗਿਆ ਤੇ ਉਧਰ ਨੰਦੋ ਪੁੱਤ ਨਾਲ ਰਲ ਕੇ ਭੁੱਕੀ ਵੇਚ ਵੇਚ ਗੱਭਰੂ ਗਾਲ੍ਹੀ ਜਾਂਦੀ ਐ।”
“ਫੋਟ ਤੇਰੇ, ਵੱਡਾ ਪੜ੍ਹਿਆ ਲਿਖਿਆ। ਗੋਹੇ ‘ਤੇ ਡਿੱਗ ਪਿਆ। ਮੂਰਖਾ ਜਹਾਨ ਦਿਆ, ਮੈਂ ਬੱਦਲਾਂ ਦੀ ਗੱਲ ਕਰਨੀ ਆਂ?”
“ਅੱਛਾ ਬਾਦਲ ਕਹਿ ਬੱਦਲ ਕਹੀ ਜਾਨੀ ਐਂ।”
“ਮੱਦੀ ਇਹ ਆਂਹਦੇ ਤਾਂ ਸੀ ਸੌਣ ਵਾਗੂੰ ਵਰ੍ਹਾਂਗੇ ਪਰ ਹੁਣ ਭਾਦੋਂ ਵੀ ਸੁੱਕੀ ਲੰਘਣ ਲੱਗ ਪਈ।”
“ਹੋਰ ਪਾ ਵੋਟਾਂ।”
“ਪਾਈ ਤਾਂ ਹੱਥ ਪੰਜੇ ਨੂੰ ਤਿਗੀ। ਬਹਿ ਗਿਆ ਬੇੜਾ ਉਨ੍ਹਾਂ ਦਾ, ਉਹ ਬੁੱਢੇ ਵਾਰੇ ਠਰਕ ਭੋਰਨੇ ਤੋਂ ਨ੍ਹੀਂ ਹਟਦਾ।”
“ਪਰ ਦੁਨੀ ਚੰਦ ਕਾਹਤੋਂ ਦੁਖੀ ਐ ਇਨ੍ਹਾਂ ਤੋਂ?”
“ਚਾਰ ਪੰਜ ਸਾਲ ਪਹਿਲਾਂ ਵੱਡੀ ਧੀ ਵਿਆਹੀ ਸੀ, ਸ਼ਗਨ ਦਾ ਗਿਆਰਾਂ ਹਜ਼ਾਰ ਮਿਲਿਆ ਸੀ, ਵੋਟਾਂ ਵੇਲੇ ਆਂਹਦੇ ਸੀ, ਹੁਣ ਕੱਤੀ ਹਜ਼ਾਰ ਦਿਆਂ ਕਰਾਂਗੇ। ਹੁਣ ਵਿਚਾਰੇ ਨੇ ਦੂਜੀ ਧੀ ਵਿਆਹ’ਤੀ। ਛੇ ਮਹੀਨੇ ਹੋ ਗਏ ਕੋਟ ਕਚਹਿਰੀਆਂ ‘ਚ ਘੁੰਮਦੇ ਨੂੰ ਪਈ ਚਲੋ ਸ਼ਗਨ ਦੇ ਪੈਸਿਆਂ ਨਾਲ ਸੁਸਾਇਟੀ ਦਾ ਕਰਜਾ ਲਹਿ ਜੂ। ਆਪ ਤਾਂ ਪੇ ਪੁੱਤ ਹਜ਼ਾਜ਼ਾਂ ‘ਚ ਝੂਟਦੇ ਆ, ਨੂੰਹ ਵੀ ਨਾਲੇ ਘੁੰਮਦੀ ਐ। ਕੱਲ ਦੁਨੀ ਚੰਦ ਵੱਡੇ ਦਰਵਾਜੇ ਕੋਲ ਬੈਠਾ ਪਿੱਟੇ ਪਈ ਪੈਸੇ ਤਾਂ ਸਾਰੇ ਇਹ ਸ਼ਗਨਾਂ ਦੇ ਅੰਬਰਸਰ ਵੱਲ ਦਾ ਇਕ ਲੀਡਰ ਖੁਆ ਗਿਆ ਕਿਸੇ ਨੂੰ, ਇਹ ਨੀ ਮਿਲਣੇ ਹੁਣ। ਮੱਦੀ ਉਹ ਤਾਂ ਲਲਕਾਰੇ ਮਾਰੇ ਪਈ ਜੇ ਮੈਨੂੰ ਪੈਸੇ ਨਾ ਮਿਲੇ ਤਾਂ ਘਰਦੀਆਂ ਤਾਂ ਕੀ ਪਿੰਡ ਦੀ ਇਕ ਵੀ ਵੋਟ ਨਾ ਪੈਣ ਦਊਂ ਤੁਹਾਨੂੰ।”
“ਭੂਆ ਚੱਲ ਇਹ ਗੱਲ ਤਾਂ ਮਨ ਨੂੰ ਲਗਦੀ ਆ ਪਈ ਦੁਨੀ ਚੰਦ ਪਿਉ ਪੁੱਤ ਤੋਂ ਦੁਖੀ ਐæææਪਰ ਤੂੰ ਕਿਹੜੇ ਮਾਂ ਪੁੱਤ ਨੂੰ ਭੰਡਣ ਲੱਗਦੀ ਆਂ!”
“ਐਨਾ ਭੋਲਾ ਜਿੱਦਾਂ ਕਿਤੇ ਕੁਝ ਪਤਾ ਈ ਨ੍ਹੀਂ ਹੁੰਦਾ। ਸਾਲ ਕੁ ਹੋ ਗਿਆ ਮੈਂ ਆਪਣੀ ਦਾਣੇ ਭੁੰਨਣ ਵਾਲੀ ਭੱਠੀ ਗੈਸ ਸਲੰਡਰ ‘ਤੇ ਲਾ ਲਈ ਸੀ। ਮਹੀਨਾ ਲੰਘ ਜਾਂਦਾ ਤੀ ਇਕ ਸਲੰਡਰ ਨਾਲ, ਦੋ ਤਿੰਨ ਸੌ ਨਗਦ ਤੇ ਦੋ ਮਣ ਦਾਣੇ ਬਣ ਜਾਂਦੇ ਸੀ। ਹੁਣ ਆਹ ਸਾਲ ‘ਚ ਛੇ ਸਲੰਡਰ ਮਿਲਣਗੇ ਤੇ ਭਾਅ ਨੂੰ ਵੀ ਲਾ ‘ਤੀ ਅੱਗ।”
“ਅੱਛਾ ਭੂਆ ਤੂੰ ਗੱਲ ਕਰਨੀ ਆਂ ਸੋਨੀਆਂ ਗਾਂਧੀ ਤੇ ਰਾਹੁਲ ਦੀ। ਰਾਜਨੀਤੀ ਸਿੱਖ ਗਈ ਪੂਰੀ। ਮਾਂ ਪੁੱਤ ਨੂੰ ਤਾਂ ਆਂਹਨੀ ਆਂ, ਬਾਦਲਾਂ ਦਾ ਰਿਸ਼ਤੇਦਾਰਾਂ ਜੂ ਕਹਿੰਦਾ ਪਈ ਸਲੰਡਰਾਂ ‘ਤੇ ਇਨ੍ਹਾਂ ਦੀਆਂ ਫੋਟੋਆ ਲਾਓ। ਭੂਆ ਇਹ ਤਾਂ ਸਾਰਾ ਕੁਛ ਮਨਮੋਹਨ ਸਿਹੁੰ ਦੀ ਸਰਕਾਰ ਨੇ ਕੀਤਾ।”
“ਛੋਕਰਿਆ, ਕਮਲੀ ਨਾ ਸਮਝ ਮੈਨੂੰ। ਜਿਹੜੇ ਮੋਹਣ ਸਿਹੁੰ ਦੀ ਗੱਲ ਤੂੰ ਕਰਦੈਂ ਉਹ ਤਾਂ ਵਿਚਾਰਾ ਸਾਧ ਐ। ਉਹ ਤਾਂ ਸਿਰਫ਼ ਨੱਚਦੈ, ਢੋਲਕੀਆਂ ਛੈਣੇ ਤਾਂ ਇਹ ਮਾਂ ਪੁੱਤ ਵਜਾਉਂਦੇ ਨੇ।”
“ਭੂਆ ਇਹ ਐਨੀਆਂ ਗੱਲਾਂ ਸਿੱਖਦੀ ਕਿਥੋਂ ਆਂ। ਕਿਤੇ ਅਖ਼ਬਾਰ ਤਾਂ ਨ੍ਹੀਂ ਪੜ੍ਹਨ ਲੱਗ ਪਈ?”
“ਦੇਖ ਤੈਨੂੰ ਦੱਸਾਂ ਮੱਦੀ ਦਿਆ ਲੱਗਦਿਆ! ਜਿੱਦਣ ਰੌਲੇ ਪਏ ਆ। ਆਪਣੇ ਪਿੰਡ ਵੀ ਮਚ ਗਈ ਨਫ਼ਰਤ ਤੇ ਮਜ੍ਹਬ ਦੀ ਅੱਗ। ਹਾ ਜਿਹੜੀ ਖ਼ਜ਼ੂਰਾਂ ਕੋਲ ਵੱਡੀ ਹਵੇਲੀ ਆ, ਇਹ ਸੀ ਮੁਹੰਮਦ ਸ਼ਰੀਫ਼ ਹੋਰਾਂ ਦੀ। ਕਹਿੰਦੇ ਕਹਾਉਂਦੇ ਮੁਸਲਮਾਨ ਤਿਗੇ। ਡਰਦੇ ਰਾਤ ਨੂੰ ਪਿੰਡ ਛੱਡ ਗਏ। ਜੁਆਨ ਧੀ ਪੰਡਿਤਾਂ ਦੇ ਸੋਮ ਨਾਥ ਨੂੰ ਸੰਭਾਲ ਗਏ ਕਿ ਲੈ ਅੱਜ ਤੋਂ ਇਹ ਤੇਰੀ ਧੀ ਆ! ਤੂੰ ਹੀ ਇਹਦੇ ਹੱਥ ਪੀਲੇ ਕਰ ਦਈਂ। ਰਾਹ ‘ਚ ਅਸੀਂ ਇਹਦੀ ਇੱਜ਼ਤ ਨਹੀਂ ਬਚਾ ਸਕਾਂਗੇ, ਇਸੇ ਲਈ ਤੇਰੇ ਕੋਲ ਛੱਡ ਚੱਲੇ ਆਂ। ਦੋ ਤਿੰਨ ਦਿਨ ਬਾਅਦ ਕਿਤੇ ਦੰਗੇ ਕਰਦੇ ਭੁੱਖਿਆਂ ਨੂੰ ਪੈ ਗਈ ਭਿਣਕ! ਆ ਗਏ ਤਲਵਾਰਾਂ ਟਕੂਏ ਲੈ ਕੇ ਵੱਢਣ-ਟੁੱਕਣ। ਮੱਦੀ ਹੁਣ ਭਾਵੇਂ ਆਪਣਾ ਸਾਰਾ ਪਿੰਡ ਚਿੱਟੀਆਂ ਨੀਲੀਆਂ ਆਲ੍ਹਿਆਂ ਨੇ ਪਾੜਿਆ ਪਿਐ, ਉਦਣ ਸਾਰਾ ਪਿੰਡ ‘ਕੱਠਾ ਹੋ ਕੇ ਕਹਿਣ ਲੱਗਾ, ਪਹਿਲਾਂ ਸਾਡੀਆਂ ਲਾਸ਼ਾਂ ਤੋਂ ਲੰਘੋਗੇ, ਫੇਰ ਪਾਉਗੇ ਹੱਥ ਇਸ ਕੁੜੀ ਨੂੰæææਕਿਆ ਜੁਰਅਤ ਸੀ ਕਿਸੇ ‘ਚ ਸਭ ਭਿਰਨ ਭਿਰਨ ਨੱਠ ਪਏ।”
“ਭੂਆ ਗੱਲ ਕੋਈ ਹੋਰ ਚਲਦੀ ਤੀ? ਤੂੰ ਜਲੰਧਰੋਂ ਸਿੱਧੀ ਬੀਕਾਨੇਰ ਚਲੀ ਗਈ। ਇਹ ਤਾਂ ਗੱਲ ਈ ਨ੍ਹੀਂ ਜੁੜਦੀ ਨਾਲ?”
“ਜੁੜਦੀ ਕਿੱਦਾਂ ਨ੍ਹੀਂ! ਲੈ ਸੁਣ ਜਦੋਂ ਮੈਂ ਫਜ਼ਲ ਹੋਰਾਂ ਦੇ ਘਰੋਂ ਨਿਕਲੀ ਤਾਂ ਸੱਥ ‘ਚ ਕੱਲਾ ਮਾਹਟਰ ਬੈਠਾ ਸੀ ਸੰਤੂ। ਮਸੋਸਿਆ ਜਿਹਾ ਬੈਠਾ ਸੀ, ਆਂਹਦਾ ਭੂਆ ਕੁੜੀ ਆਪਣੀ ਵੀਰਾਂ ਸੋਲ੍ਹਵੇਂ ਸਾਲ ‘ਚ ਹੋ ਗਈ। ਚਿੱਤ ਦੁਖੀ ਰਹਿੰਦੈ। ਮੈਂ ਕਿਹਾ ਵੇ ਸੰਤੂਆ, ਹਾਲੇ ਤਾਂ ਫੁੱਲ ਭਰ ਐ ਕਾਹਦਾ ਫਿਕਰ ਕਰਦੈ। ਅੱਖਾਂ ਭਰ ਕੇ ਮੇਰੇ ਅੱਗੇ ‘ਖਬਾਰ ਧਰ’ਤੀ। ਮੈਂ ਕਿਹਾ ਮੈਨੂੰ ਕਿਹੜਾ ਪੜ੍ਹਨੀ ਆਉਂਦੀ ਆææææਦੋ ਮੁੰਡੇ-ਕੁੜੀ ਦੀਆਂ ਜੈ ਮਾਲਾ ਦੀਆਂ ਫੋਟੋਆਂ ਵਿਖਾ ਕੇ ਕਹਿਣ ਲੱਗਾ, ਭੂਆ ਵੇਖ ਬਾਬੇ ਫਰੀਦ ਦੀ ਧਰਤੀ ‘ਤੇ ਕੀ ਹੋ ਕੇ ਹਟਿਆ। ਪੰਦਰਾਂ ਸਾਲ ਦੀ ਸਕੂਲੇ ਪੜ੍ਹਦੀ ਧੀ ਮਾਂ ਬਾਪ ਦੀਆਂ ਹੱਡੀਆਂ ਭੰਨ ਕੇ ਲੈ ਗਏ ਚੁੱਕ ਕੇæææਪੌਣੇ ਮਹੀਨੇ ਬਾਅਦ ਲੱਭੀ ਐ ਮੱਦੀæææਤੇ ਮੇਰਾ ਤਾਂ ਹੋਰ ਵੀ ਕਾਲਜਾ ਨਿਕਲ ਗਿਆ ਰੁੱਗ ਭਰਕੇ ਜਦੋਂ ਪਤਾ ਲੱਗਾ ਪਈ ਇਸ ਮਲੂਕੜੀ ਜਿੰਦ ਦਾ ਪੈਰ ਭਾਰੀ ਐæææਹਾਏ ਹਾਏ ਥੋਡਾ ਬਹਿ ਜੇ ਬੇੜਾ ਨਿਆਣੀ ਦੇ ਨਿਆਣਾæææ!”
“ਭੂਆ ਇਹ ਕਹਾਣੀਆਂ ਤੂੰ ਨ੍ਹੀਂ ਜਾਣਦੀ! ਪੁਲਿਸ ਨੂੰ ਸਭ ਪਤੈ, ਚੁੱਕਣ ਵਾਲੇ ਵੀ ਪਾਰਟੀਆਂ ਦੇ ਬੰਦੇ ਆ। ਜਿਹੜੇ ਵੋਟਾਂ ਮੰਗਣ ਆਉਂਦੇ ਆ। ਡੇਢ ਦਰਜਨ ਪਰਚੇ ਦਰਜ ਆ ਇਸ ਕੁੜੀ ਚੁੱਕਣ ਵਾਲੇ ਛੋਕਰੇ ‘ਤੇ।”
“ਵੇ ਮੱਦੀ ਪਰਚੇ ਦਰਜ ਕਰਨ ਵਾਲੇ ਅੰਨ੍ਹੇ ਆ। ਪਾਈਆ ਪੱਕੀ ਭੁੱਕੀ ਫੜ੍ਹੀ ਤੀ ਤੇਰੇ ਫੁੱਫੜ ਕੋਲੋ। ਛੇ ਮਹੀਨੇ ਕੈਦ ਕੱਟੀ। ਹੱਡ ਵੱਖਰੇ ਭਨਾਏ। ਹੈਂ ਆਹ ਇਹ ਏਨੇ ਪਰਚਿਆਂ ਵਾਲੇ ਬਾਹਰ ਕਿਵੇਂ ਫਿਰਦੇ ਰਹੇ?”
“ਭੂਆ ਫੁੱਫੜ ਦਾ ਕਿਹੜਾ ਚੰਡੀਗੜ੍ਹ ਕੋਈ ਰਿਸ਼ਤੇਦਾਰ ਹੋਣਾ?”
“ਅੱਗ ਲੱਗਣ ਏਦਾਂ ਦੇ ਰਿਸ਼ਤੇਦਾਰ। ਫਾਹੇ ਲਾਉਣਗੇ ਕਿ ਨਹੀਂ? ਰੌਲਿਆਂ ਤੋਂ ਬਾਦ ਪਹਿਲਾ ਵਾਕਿਆ ਸੁਣਿਆਂ ਇਹ ਮੱਦੀ।”
“ਭੂਆ ਹੁਣ ਪਤਾ ਨ੍ਹੀਂ ਕੀਹਦੇ ਕੀਹਦੇ ਨਾਲ ਹੁਣ ਏਦਾਂ ਹੋਣੀ ਆਂ।”
“ਰੱਬਾ ਏਦੂੰ ਤਾਂ ਪਹਿਲਾਂ ਈ ਚੁੱਕ ਲਵੀਂ।”
“ਭੁਆ ਤੈਨੂੰ ਫਿਰ ਮਾਂ ਪੁੱਤ ਵਾਲੀ ਗੱਲ ਵੀ ਸੰਤੂ ਮਾਹਟਰ ਨੇ ਈ ਦੱਸੀਂ ਹੋਣੀ ਆ?”
“ਸੱਚ ਮੱਦੀ ਮਾਹਟਰ ਨੇ ਤਾਂ ਉਹ ਸੁਣਾਈਆਂ ਪਈ ਜਗੋਂ ਤੇਰ੍ਹਵੀਆਂ ਨਹੀਂ ਸੋਲ੍ਹਵੀਆਂ ਸਨ।”
“ਭੂਆ ਤੂੰ ਤਾਂ ਅੱਜ ਚਿੱਤ ਈ ਉਦਾਸ ਕਰ ‘ਤਾ।”
“ਵੇ ਮੱਦੀ ਮੈਨੂੰ ਤਾਂ ਐਂ ਲਗਦੈ ਪਈ ਰੱਬ ਅੱਜ ਕੱਲ ਸਿੰਘਾਸਣ ‘ਤੇ ਨਹੀਂ ਬਹਿੰਦਾ। ਲੋਕੀਂ ਖੜਾਵਾਂ ਦੀ ਈ ਪੂਜਾ ਕਰਨ ਜਾਂਦੇ ਆ।”
ਤੇ ਭੂਆ-ਭਤੀਜਾ ਲਟਕਦੇ ਚਿਹਰੇ ਲੈ ਕੇ ਅੱਡੋ ਅੱਡ ਹੋ ਗਏ।
Leave a Reply