ਮੁਹਾਲੀ: ਡਰੱਗ ਤਸਕਰੀ ਮਾਮਲੇ ਵਿਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਤੇ ਬਰਖ਼ਾਸਤ ਡੀæਐਸ਼ਪੀæ ਜਗਦੀਸ਼ ਸਿੰਘ ਉਰਫ਼ ਭੋਲਾ ਸਣੇ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ ਤੇ ਬਲਜਿੰਦਰ ਸਿੰਘ ਸੋਨੂੰ, ਸਰਬਜੀਤ ਸਿੰਘ ਸਾਬਾ, ਜਗਜੀਤ ਸਿੰਘ ਚਾਹਲ, ਸਤਿੰਦਰ ਸਿੰਘ ਧਾਮਾ, ਸੁਰਜੀਤ ਸਿੰਘ, ਦੀਪ ਸਿੰਘ ਦੀਪੂ ਤੇ ਪਰਮਜੀਤ ਸਿੰਘ ਪੰਮਾ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ ਹਨ।
ਇਸ ਮਾਮਲੇ ਦੀ ਸੁਣਵਾਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਵੀਜ਼ਨ) ਪਰਮਿੰਦਰਪਾਲ ਸਿੰਘ ਦੀ ਅਦਾਲਤ ਵਿਚ ਚੱਲ ਰਹੀ ਹੈ। ਉਂਜ ਬੀਤੀ 24 ਜੁਲਾਈ ਨੂੰ ਕੇਸ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰਨ ਬਾਰੇ ਸਰਕਾਰੀ ਵਕੀਲ ਤੇ ਬਚਾਅ ਪੱਖ ਦੇ ਵਕੀਲਾਂ ਦਾ ਜਿਰ੍ਹਾ ਮੁੱਕ ਗਈ ਸੀ। ਇਸ ਕੇਸ ਦੀ ਅਗਲੀ ਸੁਣਵਾਈ 25 ਅਗਸਤ ਨੂੰ ਹੋਵੇਗੀ। ਉਧਰ, ਅਦਾਲਤ ਨੇ ਮੁਲਜ਼ਮ ਅਨੂਪ ਸਿੰਘ ਕਾਹਲੋਂ ਨੂੰ ਵੱਡੀ ਰਾਹਤ ਦਿੰਦਿਆਂ ਡਰੱਸ ਤਸਕਰੀ ਮਾਮਲੇ ਵਿਚੋਂ ਬਰੀ ਕਰ ਦਿੱਤਾ ਹੈ। ਅਜਿਹਾ ਪੁਲਿਸ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੀਤਾ ਗਿਆ ਹੈ ਕਿਉਂਕਿ ਬਨੂੜ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਬੀਤੀ 11 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿਚ ਕਾਹਲੋਂ ਪ੍ਰਤੀ ਨਰਮੀ ਵਰਤੀ ਗਈ ਹੈ। ਉਂਜ ਕਾਹਲੋਂ ਵੱਲੋਂ ਜੇਲ੍ਹ ਵਿਚ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਬਾਰੇ ਉਸ ਦੇ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਸਬੰਧਤ ਜਾਂਚ ਅਧਿਕਾਰੀ ਵੱਲੋਂ ਚਲਾਨ ਵਿਚ ਕਾਹਲੋਂ ਦੇ ਹੱਕ ਵਿਚ ਰਿਪੋਰਟ ਲਿਖੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਸਭ ਤੋਂ ਪਹਿਲਾਂ ਅਨੂਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਉਸਦੀ ਨਿਸ਼ਾਨਦੇਹੀ ‘ਤੇ ਭੋਲੇ ਸਮੇਤ ਬਾਕੀ ਮੁਲਜ਼ਮ ਵਾਰੋ ਵਾਰੀ ਗ੍ਰਿਫ਼ਤਾਰ ਕੀਤੇ ਗਏ। ਇਹੀ ਨਹੀਂ ਜ਼ੀਰਕਪੁਰ ਸਥਿਤ ਕਾਹਲੋਂ ਦੇ ਫਲੈਟ ਵਿਚੋਂ ਕੌਮਾਂਤਰੀ ਮੁੱਕੇਬਾਜ਼ ਵਿਜੇਂਦਰ ਦੀ ਪਤਨੀ ਦੀ ਕਾਰ ਬਰਾਮਦ ਕੀਤੀ ਗਈ ਸੀ, ਜਿਸ ਕਾਰਨ ਵਿਜੇਂਦਰ ਦਾ ਨਾਂ ਵੀ ਇਸ ਵਿਚ ਉਛਲਿਆ ਸੀ। ਬਾਅਦ ਵਿਚ ਪੁਲਿਸ ਨੇ ਕਾਹਲੋਂ ਪ੍ਰਤੀ ਆਪਣਾ ਨਜ਼ਰੀਆ ਬਦਲ ਲਿਆ, ਜਿਸ ਕਾਰਨ ਉਸ ਦੀ ਰਿਹਾਈ ਦਾ ਰਾਹ ਪੱਧਰਾ ਹੋ ਸਕਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਬਾਕੀ ਮੁਲਜ਼ਮਾਂ ਨੂੰ ਫੜਾਉਣ ਲਈ ਪੁਲਿਸ ਦੀ ਕੀਤੀ ਮੱਦਦ ਦੇ ਬਦਲੇ ਕਾਹਲੋਂ ਪ੍ਰਤੀ ਨਰਮ ਰੁਖ਼ ਅਪਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਭੋਲਾ ਤੇ ਸਾਥੀਆਂ ਨੂੰ ਇਕ ਸਾਂਝੇ ਅਪਰੇਸ਼ਨ ਤਹਿਤ 11 ਨਵੰਬਰ 2013 ਨੂੰ ਬਨੂੜ ਤੇ ਪਟਿਆਲਾ ਪੁਲਿਸ ਵੱਲੋਂ ਨਵੀਂ ਦਿੱਲੀ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 18 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤੂਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
Leave a Reply