-ਜਤਿੰਦਰ ਪਨੂੰ
ਦਿੱਲੀ ਦਾ ਰਾਜਸੀ ਦ੍ਰਿਸ਼ ਬਦਲ ਜਾਣ ਤੋਂ ਬਾਅਦ ਪੰਜਾਬ ਵਿਚ ਵੀ ਰਾਜਸੀ ਦ੍ਰਿਸ਼ ਬਦਲਦਾ ਹੋਣ ਦੀ ਚਰਚਾ ਕਈ ਥਾਂ ਚੱਲਣ ਲੱਗ ਪਈ ਹੈ। ਕਿਸੇ ਨੂੰ ਚਿੜਾਉਣ ਲਈ ‘ਹਵਾਈ ਕੁੱਕੜ’ ਦਾ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ, ਜਿਸ ਦਾ ਭਾਵ ਇਹ ਹੁੰਦਾ ਹੈ ਕਿ ਇਹ ਬੰਦਾ ਜਿੱਧਰ ਹਵਾ ਚੱਲਦੀ ਮਹਿਸੂਸ ਕਰ ਲਵੇ, ਓਸੇ ਪਾਸੇ ਮੂੰਹ ਕਰ ਲੈਂਦਾ ਹੈ। ਅਸਲ ਵਿਚ ਇਹੋ ਜਿਹੇ ਹਵਾਈ ਕੁੱਕੜ ਰਾਜਸੀ ਹਵਾ ਦੇ ਸਭ ਤੋਂ ਵੱਡੇ ਪ੍ਰਤੀਕ ਹੁੰਦੇ ਹਨ। ਜਿਸ ਨੇ ਇਹ ਗੱਲ ਸਮਝਣੀ ਹੋਵੇ ਕਿ ਅਗਲੇ ਦਿਨਾਂ ਵਿਚ ਰਾਜਨੀਤੀ ਕਿੱਧਰ ਨੂੰ ਜਾਵੇਗੀ, ਉਹ ਇਨ੍ਹਾਂ ‘ਹਵਾਈ ਕੁੱਕੜ’ ਜਾਪਦੇ ਬੰਦਿਆਂ ਦੇ ਰੌਂਅ ਤੋਂ ਅੰਦਾਜ਼ਾ ਲਾ ਸਕਦਾ ਹੈ, ਤੇ ਮੱਧ ਵਰਗ ਦੀ ਮਾਨਸਿਕਤਾ ਤੋਂ ਵੀ। ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਜਦੋਂ ਤੱਕ ਹਵਾ ਦਾ ਰੁਖ ਸਾਫ ਨਹੀਂ ਸੀ ਹੋਇਆ, ਸਾਡੇ ਸਮੇਤ ਬਹੁਤ ਸਾਰੇ ਲੋਕ ਇਹ ਆਖਦੇ ਸਨ ਕਿ ਅੱਧੇ ਭਾਰਤ ਵਿਚ ਭਾਜਪਾ ਦਾ ਦੀਵਾ ਨਹੀਂ ਜਗਦਾ, ਉਸ ਦਾ ਆਗੂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਾ। ਅਖੀਰਲੇ ਦਿਨਾਂ ਵਿਚ ਜਦੋਂ ਰੇਲ ਗੱਡੀਆਂ ਤੇ ਬੱਸਾਂ ਵਿਚ ਬਿਨਾਂ ਜਾਣ-ਪਛਾਣ ਤੋਂ ਇਕੱਠੇ ਸਫਰ ਕਰਦੇ ਮੁਸਾਫਰ ਵੀ ਮੋਦੀ ਦੇ ਜਿੱਤਣ ਦੀਆਂ ਗੱਲਾਂ ਆਪੋ ਵਿਚ ਕਰਨ ਲੱਗ ਪਏ, ਉਦੋਂ ਇਹ ਭਾਵੇਂ ਨਹੀਂ ਸੀ ਲੱਗਦਾ ਕਿ ਭਾਜਪਾ ਆਪਣੇ ਸਿਰ ਬਹੁ-ਸੰਮਤੀ ਲੈ ਜਾਵੇਗੀ, ਪਰ ਉਸ ਦੇ ਗੱਠਜੋੜ ਦੇ ਜਿੱਤਣ ਦੀ ਗੱਲ ਲਗਭਗ ਸਾਰੇ ਮੰਨਣ ਲੱਗ ਪਏ ਸਨ। ਇਹੋ ਮੌਕਾ ਸੀ ਜਦੋਂ ਸਾਰੀ ਉਮਰ ਦੇ ਕਾਂਗਰਸ ਦੇ ਨੇੜੂ ਕੁਝ ਪੱਤਰਕਾਰ ਵੀ ਰਾਤੋ-ਰਾਤ ਬੋਲੀ ਬਦਲ ਗਏ ਸਨ। ਅੱਜ ਪੰਜਾਬ ਵਿਚ ਐਨ ਇਹੋ ਕੁਝ ਮੱਧ ਵਰਗ, ਤੇ ਖਾਸ ਕਰ ਕੇ ਹਿੰਦੂ ਮੱਧ-ਵਰਗ ਵਿਚ ਅਕਾਲੀ-ਭਾਜਪਾ ਸਬੰਧਾਂ ਦੇ ਪ੍ਰਸੰਗ ਵਿਚ ਦਿੱਸਣ ਲੱਗ ਪਿਆ ਹੈ। ਬਾਹਰਲੇ ਲੋਕ ਇਸ ਨੂੰ ਨੋਟ ਕਰਨ ਜਾਂ ਨਾ, ਅਕਾਲੀ ਲੀਡਰਸ਼ਿਪ ਇਸ ਤੋਂ ਫਿਕਰਮੰਦ ਹੈ।
ਮੋਰਾਰਜੀ ਡਿਸਾਈ ਦੀ ਸਰਕਾਰ ਦੇ ਟੁੱਟਣ ਨਾਲ ਟੁੱਟੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਬੰਧ ਉਦੋਂ ਦੋਬਾਰਾ ਬਣੇ ਸਨ, ਜਦੋਂ ਪੰਜਾਬ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਬਣੇ ਹਰਚਰਨ ਸਿੰਘ ਬਰਾੜ ਦੀ ਢਿੱਲੀ ਕਮਾਨ ਨਾਲ ਕਾਂਗਰਸ ਕਮਜ਼ੋਰ ਹੋ ਗਈ ਸੀ। ਉਸ ਦੇ ਖਿਲਾਫ ਆਢਾ ਲਾ ਕੇ ਬੀਬੀ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣ ਗਈ, ਪਰ ਉਦੋਂ ਤੱਕ ਏਨਾ ਨੁਕਸਾਨ ਹੋ ਚੁੱਕਾ ਸੀ ਕਿ ਕਾਂਗਰਸ ਵਿਚ ਬੈਠੇ ਕਈ ਲੋਕ ਅਗਲੇ ਦਿਨ ਕਰਨ ਵਾਲਾ ਕੰਮ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਣ ਲੱਗ ਪਏ ਸਨ। ਅਕਾਲੀ-ਭਾਜਪਾ ਦਾ ਗੱਠਜੋੜ ਜਿੱਤ ਗਿਆ, ਪਰ ਪਹਿਲੇ ਪੰਜ ਸਾਲ ਦਾ ਸਮਾਂ ਇੱਕ ਦੂਸਰੇ ਨੂੰ ਆਪੋ ਆਪਣੀ ਹੱਦ ਵਿਚ ਰੱਖਣ ਲਈ ਅੱਖਾਂ ਕੱਢਦੇ ਹੋਏ ਬਰਾਬਰੀ ਦੇ ਸਬੰਧਾਂ ਨਾਲ ਲੰਘਿਆ ਸੀ। ਜਦੋਂ ਅਮਰਿੰਦਰ ਸਿੰਘ ਦੇ ਪੰਜ ਸਾਲ ਦੇ ਰਾਜ ਪਿਛੋਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਫਿਰ ਬੀਬੀ ਭੱਠਲ ਨੂੰ ਸੌਂਪ ਦਿੱਤੀ ਗਈ ਤੇ ਕਾਂਗਰਸ ਪਾਰਟੀ ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਚੋਣ ਮੈਦਾਨ ਵਿਚੋਂ ਅਕਾਲੀਆਂ ਦੀ ਕੁੱਟ ਤੋਂ ਡਰਦੀ ਬਾਹਰ ਹੋ ਗਈ, ਉਦੋਂ ਭਾਜਪਾ ਨੇ ਕਾਂਗਰਸ ਦਾ ਖਾਲੀ ਕੀਤਾ ਸ਼ਹਿਰੀ ਵੋਟਰ ਵਾਲਾ ਮੈਦਾਨ ਮੱਲਣ ਦਾ ਯਤਨ ਕੀਤਾ। ਉਸ ਦਾ ਖਿਆਲ ਸੀ ਕਿ ਸ਼ਹਿਰ ਦਾ ਹਿੰਦੂ ਮੱਧ ਵਰਗ ਅਤੇ ਹਿੰਦੂ ਵਪਾਰੀ ਰਵਾਇਤੀ ਤੌਰ ਉਤੇ ਸਾਡਾ ਜਾਂ ਕਾਂਗਰਸ ਦਾ ਰਿਹਾ ਹੈ, ਅਕਾਲੀਆਂ ਵੱਲ ਜਾਣਾ ਨਹੀਂ, ਇਸ ਨੂੰ ਸਾਂਭ ਲਿਆ ਜਾਵੇ ਤਾਂ ਅਕਾਲੀਆਂ ਨਾਲ ਬੰਨੇ ਉਤੇ ਅੱਧੋ-ਅੱਧ ਦੀ ਗੱਲ ਕੀਤੀ ਜਾ ਸਕਦੀ ਹੈ।
ਅਕਾਲੀ ਦਲ ਦੀ ਕਮਾਨ ਅਣ-ਐਲਾਨੇ ਤੌਰ ਉਤੇ ਸੰਭਾਲ ਚੁੱਕੇ ਸੁਖਬੀਰ ਸਿੰਘ ਬਾਦਲ ਦੀ ਨੀਤੀ ਉਦੋਂ ਤੱਕ ਇਹ ਬਣ ਗਈ ਸੀ ਕਿ ਦਿੱਲੀ ਵਿਚ ਮਨਮੋਹਨ ਸਿੰਘ ਕਾਂਗਰਸ ਤੋਂ ਵੱਧ ਸਾਡਾ ਹੈ, ਪੰਜਾਬ ਦੇ ਕਾਂਗਰਸੀ ਭੱਜ ਖੜੋਤੇ ਹਨ, ਲੱਗੇ ਹੱਥ ਹੁਣ ਭਾਜਪਾ ਦੇ ਭਾਂਡੇ ਵੀ ਮੂਧੇ ਮਰਵਾ ਦਿੱਤੇ ਜਾਣ। ਇਸ ਨੀਤੀ ਅਧੀਨ ਜਿਸ ਵੀ ਸ਼ਹਿਰ ਦੀ ਨਗਰ ਕੌਂਸਲ ਚੋਣ ਵਿਚ ਕੋਈ ਬੰਦਾ ਭਾਜਪਾ ਤੋਂ ਬਾਗੀ ਹੋ ਕੇ ਖੜੋ ਗਿਆ, ਉਸ ਦੀ ਮਦਦ ਕਰ ਕੇ ਜਿਤਾ ਦਿੱਤਾ ਤੇ ਭਾਜਪਾ ਨੂੰ ਠਿੱਬੀ ਲਾ ਦਿੱਤੀ। ਜਲੰਧਰ ਵਿਚ ਭਾਜਪਾ ਦੇ ਕੌਂਸਲਰ ਇਸ ਗੱਠਜੋੜ ਵਿਚ ਅਕਾਲੀਆਂ ਤੋਂ ਫੇਰ ਵੀ ਦੋ ਵੱਧ ਜਿੱਤ ਗਏ, ਪਰ ਜਿਹੜੇ ਚਾਰ ਭਾਜਪਾ ਦੇ ਬਾਗੀ ਜਿੱਤੇ ਸਨ, ਉਨ੍ਹਾਂ ਨੂੰ ਰਾਤੋ-ਰਾਤ ਅਕਾਲੀ ਦਲ ਵਿਚ ਲੈ ਕੇ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਚ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਹੁਣ ਭਾਜਪਾ ਤੋਂ ਸਾਡੇ ਦੋ ਕੌਂਸਲਰ ਵੱਧ ਹਨ, ਮੇਅਰ ਵੀ ਜਲੰਧਰ ਵਿਚ ਸਾਡਾ ਬਣੇਗਾ। ਇਸ ਝਟਕੇ ਨਾਲ ਬੌਂਦਲੇ ਭਾਜਪਾ ਵਾਲੇ ਦਿੱਲੀ ਨੂੰ ਦੌੜੇ ਤੇ ਅਡਵਾਨੀ ਤੋਂ ਵੱਡੇ ਬਾਦਲ ਨੂੰ ਅਖਵਾਇਆ ਕਿ ਦਿਨ ਸਦਾ ਇਹੋ ਨਹੀਂ ਰਹਿਣੇ, ਅਗਲੀ ਵਾਰ ਕੇਂਦਰ ਵਿਚ ਮਨਮੋਹਨ ਸਿੰਘ ਦੀ ਥਾਂ ਅਸੀਂ ਵੀ ਆ ਸਕਦੇ ਹਾਂ, ਸਾਂਝ ਬਣੀ ਰਹਿਣ ਦਿਓ। ਵੱਡੇ ਬਾਦਲ ਸਾਹਿਬ ਨੇ ਅਗਲੇ ਦਿਨ ਜਲੰਧਰ ਆ ਕੇ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਮੇਅਰ ਇਥੇ ਭਾਜਪਾ ਦਾ ਹੀ ਬਣੇਗਾ ਤੇ ਜਿਹੜੇ ਭਾਜਪਾ ਦੇ ਚਾਰ ਬਾਗੀ ਸਾਡੇ ਵਿਚ ਆ ਗਏ ਸਨ, ਉਨ੍ਹਾਂ ਨੂੰ ਅਸੀਂ ਨਹੀਂ ਲੈ ਰਹੇ। ਫਿਰ ਵੀ ਇਸ ਘਟਨਾ ਨਾਲ ਗੱਠਜੋੜ ਵਿਚ ਤਰੇੜ ਪੈ ਗਈ ਸੀ।
ਇਸ ਤਰੇੜ ਦੇ ਨਤੀਜੇ ਵਜੋਂ ਅਕਾਲੀ-ਭਾਜਪਾ ਸਬੰਧਾਂ ਵਿਚ ਨਵੀਂ ਖਿੱਚੋਤਾਣ ਪੈਦਾ ਹੋ ਗਈ। ਅਕਾਲੀ ਦਲ ਨੇ ਹਿੰਦੂ ਵੋਟ ਬੈਂਕ ਵਿਚ ਸੰਨ੍ਹ ਲਾਉਣ ਲਈ ਉਸ ਭਾਈਚਾਰੇ ਦੇ ਪ੍ਰਭਾਵ ਵਾਲੇ ਬੰਦਿਆਂ ਨੂੰ ਟਿਕਟਾਂ ਦੇਣ ਅਤੇ ਭਾਜਪਾ ਨੂੰ ਖੂੰਜੇ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਭਾਜਪਾ ਤੇ ਇਸ ਦੇ ਪਿੱਛੇ ਖੜੇ ਆਰ ਐਸ ਐਸ ਨੇ ਸਿੱਖਾਂ, ਤੇ ਖਾਸ ਕਰ ਕੇ ਜੱਟ ਸਿੱਖਾਂ, ਵਿਚੋਂ ਬੰਦੇ ਉਭਾਰਨੇ ਸ਼ੁਰੂ ਕਰ ਦਿੱਤੇ ਤੇ ਪਿੰਡਾਂ ਵਿਚ ਸ਼ਾਖਾ ਲਾਉਣ ਦਾ ਕੰਮ ਤੇਜ਼ ਕਰ ਕੇ ਅਕਾਲੀ ਦਲ ਨੂੰ ਨਵੀਂ ਵੰਗਾਰ ਪੇਸ਼ ਕਰ ਦਿੱਤੀ। ਭਾਜਪਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਇਸੇ ਖਿੱਚੋਤਾਣ ਵਿਚ ਨਵਜੋਤ ਸਿੱਧੂ ਖੂੰਜੇ ਲਾਇਆ ਗਿਆ ਅਤੇ ਭਾਜਪਾ ਚੁੱਪ ਕਰ ਕੇ ਬੇਇੱਜ਼ਤੀ ਬਰਦਾਸ਼ਤ ਕਰ ਗਈ। ਜਦੋਂ ਅਗਲੀ ਵਾਰੀ ਫਿਰ ਦਿੱਲੀ ਵਿਚ ਮਨਮੋਹਨ ਸਿੰਘ ਜਿੱਤ ਗਿਆ, ਉਸ ਨਾਲ ਅਕਾਲੀ ਦਲ ਦੀ ਇਸ ਨੀਤੀ ਵਿਚ ਹੋਰ ਤੇਜ਼ੀ ਆ ਗਈ ਅਤੇ ਉਹ ਭਾਜਪਾ ਦੇ ਲੀਡਰਾਂ ਨੂੰ ਅਣ-ਐਲਾਨੇ ਤੌਰ ਉਤੇ ਹਾਸ਼ੀਏ ਉਤੇ ਧੱਕਣ ਲੱਗ ਪਏ। ਭਾਜਪਾ ਲੀਡਰਾਂ ਦੀ ਪਛੇਤ ਦੇ ਇਸ ਪ੍ਰਭਾਵ ਹੇਠ ਸ਼ਹਿਰਾਂ ਵਿਚੋਂ ਹਿੰਦੂ ਮੱਧ ਵਰਗ ਅਤੇ ਵਪਾਰੀ-ਕਾਰੋਬਾਰੀ ਵਰਗ ਭਾਜਪਾ ਦੀ ਥਾਂ ਅਕਾਲੀ ਦਲ ਦੀ ਤੱਕੜੀ ਦੇ ਛਾਬੇ ਵਿਚ ਪੈਣ ਲੱਗ ਪਿਆ, ਪਰ ਹੁਣ ਹਾਲਤ ਫਿਰ ਉਲਟੇ ਬਾਂਸ ਬਰੇਲੀ ਨੂੰ ਜਾਣ ਵਰਗੀ ਹੋ ਗਈ ਹੈ।
ਉਹ ਵੀ ਦਿਨ ਸਨ, ਜਦੋਂ ਅਕਾਲੀ ਦਲ ਨੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕਿਹਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਰਾਂ ਵਿਚੋਂ ਸਹਿਜਧਾਰੀ ਸਿੱਖਾਂ ਦੇ ਨਾਂ ਕਟਵਾਉਣ ਦੀ ਮੱਦ ਪਾਸ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾ ਲਿਆ ਸੀ। ਦੂਸਰੇ ਦਿਨ ਅੱਜ ਵਾਲੇ ਹਨ ਕਿ ਹਰਿਆਣੇ ਦੇ ਸਿੱਖਾਂ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਮੰਨਣ ਦਾ ਮਤਾ ਹਰਿਆਣੇ ਦੀ ਵਿਧਾਨ ਸਭਾ ਵਿਚ ਆਏ ਤੋਂ ਭਾਜਪਾ ਮੈਂਬਰਾਂ ਨੇ ਵਿਰੋਧ ਨਹੀਂ ਕੀਤਾ, ਮਤਾ ਪੜ੍ਹਨ ਦਾ ਵਕਤ ਘੱਟ ਮਿਲਣ ਦਾ ਬਹਾਨਾ ਮਾਰ ਕੇ ਵਾਕ ਆਊਟ ਕਰ ਗਏ ਤੇ ਜਾਣ-ਬੁੱਝ ਕੇ ਮਤਾ ਪਾਸ ਹੋਣ ਦਿੱਤਾ। ਜਦੋਂ ਅਕਾਲੀ ਲੀਡਰਸ਼ਿਪ ਨੇ ਇਸ ਦੇ ਖਿਲਾਫ ਮੋਰਚਾ ਲਾਉਣ ਵੱਲ ਮੂੰਹ ਕੀਤਾ ਤਾਂ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੂੰ ਦਿੱਲੀਓਂ ਉਚੇਚਾ ਭੇਜ ਕੇ ਕਹਿ ਦਿੱਤਾ ਕਿ ਮੋਰਚਾ ਨਹੀਂ ਲਾਉਣ ਦੇਣਾ। ਅਕਾਲੀ ਦਲ ਜੇ ਮੋਰਚਾ ਲਾਉਂਦਾ ਤਾਂ ਨਰਿੰਦਰ ਮੋਦੀ ਨਾਰਾਜ਼ ਹੁੰਦਾ ਤੇ ਜੇ ਰੱਦ ਕਰਦਾ ਤਾਂ ਸਿੱਖਾਂ ਨੂੰ ਮੂੰਹ ਵਿਖਾਉਣਾ ਔਖਾ ਸੀ, ਇਸ ਲਈ ਅਕਾਲ ਤਖਤ ਦੇ ਜਥੇਦਾਰ ਤੋਂ ਆਦੇਸ਼ ਜਾਰੀ ਕਰਵਾ ਕੇ ਮੋਰਚੇ ਤੋਂ ਬਚਣ ਦਾ ਰਾਹ ਕੱਢਿਆ ਗਿਆ। ਇਸ ਪਿਛੋਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਭਾਵੇਂ ਇਹ ਆਖਦੇ ਰਹੇ ਕਿ ਕਿਸੇ ਦਾ ਦਬਾਅ ਨਹੀਂ, ਅਕਾਲ ਤਖਤ ਦੇ ਜਥੇਦਾਰ ਦੇ ਕਹੇ ਉਤੇ ਮੋਰਚਾ ਰੱਦ ਕੀਤਾ ਹੈ, ਪਰ ਭਾਜਪਾ ਵਾਲੇ ਵੀ ਨਾਲੋ-ਨਾਲ ਕਹੀ ਗਏ ਕਿ ਮੋਰਚਾ ਰੱਦ ਅਕਾਲੀਆਂ ਨੇ ਕੀਤਾ ਨਹੀਂ, ਅਸੀਂ ਦਬਾਅ ਪਾ ਕੇ ਕਰਵਾਇਆ ਹੈ। ਉਨ੍ਹਾਂ ਦਾ ਇਹ ਕਹਿਣਾ ਅਕਾਲੀਆਂ ਨੂੰ ਚਿੜਾਉਣ ਲਈ ਨਹੀਂ, ਪੰਜਾਬ ਦੇ ਰਵਾਇਤੀ ਹਿੰਦੂ ਵੋਟ ਬੈਂਕ ਨੂੰ ਦੱਸਣ ਲਈ ਸੀ ਕਿ ਚਿੰਤਾ ਨਾ ਕਰੋ, ਹੁਣ ਅਸੀਂ ਅਕਾਲੀਆਂ ਦੇ ਥੱਲੇ ਲੱਗਣ ਦੇ ਦੌਰ ਵਿਚੋਂ ਨਿਕਲ ਕੇ ਉਨ੍ਹਾਂ ਉਤੇ ਦਬਾਅ ਪਾ ਕੇ ਆਪਣੀ ਗੱਲ ਮੰਨਵਾਉਣ ਜੋਗੇ ਹੋ ਗਏ ਹਾਂ। ਜਿਹੜਾ ਪ੍ਰਭਾਵ ਭਾਜਪਾ ਪਾਉਣਾ ਚਾਹੁੰਦੀ ਸੀ, ਉਸ ਦੇ ਲੱਛਣ ਹੁਣ ਮੱਧ ਵਰਗ ਦੇ ਲੋਕਾਂ ਦੀਆਂ ਗੱਲਾਂ ਵਿਚੋਂ ਪ੍ਰਗਟ ਹੋਣ ਲੱਗ ਪਏ ਹਨ। ਵੈਟ ਟੈਕਸ ਦੀ ਇੱਕ ਸੋਧ ਦੇ ਮੁੱਦੇ ਉਤੇ ਜਿਹੜੀ ਭਾਜਪਾ ਨੇ ਤਿੰਨ ਮਹੀਨੇ ਪਹਿਲਾਂ ਕੁਸਕਣ ਦੀ ਜੁਰਅੱਤ ਨਹੀਂ ਸੀ ਕਰਨੀ, ਜਦੋਂ ਉਹ ਸੋਧ ਵੀ ਉਸ ਨੇ ਰੱਦ ਕਰਵਾ ਲਈ ਹੈ ਤਾਂ ਇਸ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਥਿਤੀ ਸ਼ਹਿਰਾਂ ਵਿਚ ਹੋਰ ਕਮਜ਼ੋਰ ਹੋ ਗਈ ਹੈ।
ਮੌਜੂਦਾ ਦੌਰ ਵਿਚ ਅਕਾਲੀ ਲੀਡਰਸ਼ਿਪ ਦੀ ਕਮਜ਼ੋਰੀ ਦਾ ਲਾਭ ਲੈਣ ਲਈ ਕਾਂਗਰਸ ਪਾਰਟੀ ਕੁਝ ਕਰਨ ਦੀ ਥਾਂ ਆਪੋ ਵਿਚ ਭਿੜਨ ਲੱਗੀ ਹੋਈ ਹੈ, ਪਰ ਭਾਜਪਾ ਆਪਣੇ ਟੀਚੇ ਲਈ ਸਰਗਰਮ ਹੈ। ਪਿਛਲੇ ਦਿਨਾਂ ਵਿਚ ਕਾਂਗਰਸ ਦੇ ਅੱਗੜ-ਪਿੱਛੜ ਦੋ ਵਿਧਾਇਕ, ਮੋਗੇ ਤੇ ਤਲਵੰਡੀ ਸਾਬੋ ਵਾਲਾ, ਜਦੋਂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਤਾਂ ਸੁਖਬੀਰ ਸਿੰਘ ਬਾਦਲ ਨੇ ਠੀਕ ਕਿਹਾ ਸੀ ਕਿ ਕੁਝ ਹੋਰ ਵਿਧਾਇਕ ਵੀ ਅਕਾਲੀ ਦਲ ਵਿਚ ਆਉਣ ਨੂੰ ਆਪਣੇ ਵੱਲੋਂ ਅਰਜ਼ੋਈਆਂ ਕਰ ਰਹੇ ਹਨ। ਉਨ੍ਹਾਂ ਵਿਚੋਂ ਦੋ ਸਿੱਖ ਵਿਧਾਇਕ, ਇੱਕ ਤਾਂ ਪੁਰਾਣਾ ਖਾਲਿਸਤਾਨੀ ਲਹਿਰ ਨਾਲ ਜੁੜਿਆ ਹੋਇਆ ਵੀ ਹੈ, ਤੇ ਤਿੰਨ ਹਿੰਦੂ ਵਿਧਾਇਕ ਓਧਰ ਜਾਣ ਨੂੰ ਤਿਆਰ ਬੈਠੇ ਸਨ। ਹੁਣ ਉਹ ਇਸ ਪਾਸੇ ਚੁੱਪ ਵੱਟ ਗਏ ਹਨ ਤੇ ਭਾਜਪਾ ਲੀਡਰਸ਼ਿਪ ਨਾਲ ਸੰਪਰਕ ਕਰ ਰਹੇ ਹਨ ਕਿ ਪੰਜਾਬ ਵਿਚ ਅਕਾਲੀ ਦਲ ਦੇ ਰਾਜ ਦੀ ਬਦ-ਅਮਨੀ ਤੋਂ ਲੋਕ ਤੰਗ ਹਨ, ਜੇ ਭਾਜਪਾ ਚਾਹੇ ਤਾਂ ਉਹ ਉਸ ਨੂੰ ਮਜ਼ਬੂਤ ਕਰਨ ਲਈ ਭਾਜਪਾ ਨਾਲ ਜੁੜ ਸਕਦੇ ਹਨ।
ਕਾਂਗਰਸ ਦੇ ਲੀਡਰ ਭਾਜਪਾ ਨੂੰ ਅਤੇ ਇਸ ਤੋਂ ਪਹਿਲਾਂ ਜਨ ਸੰਘ ਨੂੰ ਵੀ ਸਿਰੇ ਦੀ ਫਿਰਕੂ ਆਖਦੇ ਰਹੇ ਸਨ, ਇਸ ਕਰ ਕੇ ਕਈ ਲੋਕਾਂ ਨੂੰ ਇਸ ਤੋਂ ਹੈਰਾਨੀ ਹੁੰਦੀ ਹੈ ਕਿ ਉਹ ਭਾਜਪਾ ਵਿਚ ਕਿਵੇਂ ਜਾਣਗੇ? ਲੋਕਾਂ ਵਿਚ ਜਾ ਕੇ ਭਾਜਪਾ ਨੂੰ ਹੀ ਨਹੀਂ, ਕਾਂਗਰਸ ਦੇ ਆਗੂ ਅਕਾਲੀਆਂ ਨੂੰ ਵੀ ਫਿਰਕੂ ਕਹਿੰਦੇ ਰਹੇ ਹਨ। ਜੇ ਉਨ੍ਹਾਂ ਵਿਚਲੇ ਕੁਝ ਸੱਜਣ ਅਕਾਲੀ ਦਲ ਦੀ ਨੀਲੀ ਪੱਗ ਬੰਨ੍ਹਣ ਨੂੰ ਤਿਆਰ ਹੋ ਗਏ ਸਨ ਤਾਂ ਭਾਜਪਾ ਵਿਚ ਜਾਣ ਵੇਲੇ ਵੀ ਉਨ੍ਹਾਂ ਨੂੰ ਔਖ ਨਹੀਂ ਹੋਣ ਲੱਗੀ। ਭਾਜਪਾ ਨੂੰ ਵੀ ਉਨ੍ਹਾਂ ਦੇ ਪੁਰਾਣੇ ਬਿਆਨਾਂ ਦੀ ਕੋਈ ਪ੍ਰਵਾਹ ਨਹੀਂ। ਨਰਸਿਮਹਾ ਰਾਓ ਸਰਕਾਰ ਵੇਲੇ ਦੇ ਦੋ ਮੰਤਰੀ, ਜਿਹੜੇ ਭਾਜਪਾ ਵਾਲਿਆਂ ਨੂੰ ਪਾਰਲੀਮੈਂਟ ਵਿਚ ਬੋਲਣ ਨਹੀਂ ਸਨ ਦਿੰਦੇ ਹੁੰਦੇ, ਅੱਜ ਦੀ ਮੋਦੀ ਸਰਕਾਰ ਵਿਚ ਹਨ ਤੇ ਇੱਕ ਇਹੋ ਜਿਹਾ ਮਨਮੋਹਨ ਸਿੰਘ ਦੇ ਵਕਤ ਦਾ ਕਾਂਗਰਸ ਦਾ ਬੁਲਾਰਾ ਵੀ ਹੁਣ ਮੰਤਰੀ ਹੈ। ਪੁੱਛੇ ਜਾਣ ਉਤੇ ਭਾਜਪਾ ਕਹਿੰਦੀ ਹੈ ਕਿ ਉਹ ਬੰਦਾ ਕਾਂਗਰਸ ਵਿਚ ਹੁੰਦਿਆਂ ਵੀ ਬਾਬਰੀ ਮਸਜਿਦ ਢਾਹੁਣ ਵੇਲੇ ਕਾਰ-ਸੇਵਕ ਬਣ ਕੇ ਸਾਡੇ ਜਥੇ ਵਿਚ ਸ਼ਾਮਲ ਹੋ ਗਿਆ ਸੀ। ਏਦਾਂ ਦੇ ਕਈ ਕਾਂਗਰਸੀ ਲੀਡਰ ਪੰਜਾਬ ਵਿਚ ਵੀ ਹਨ, ਜਿਹੜੇ ਅਕਾਲੀਆਂ ਦੇ ਮੋਰਚੇ ਦੀ ਹਮਾਇਤ ਵੀ ਕਰਦੇ ਰਹੇ ਤੇ ਸਾਧਵੀ ਰਿਤੰਬਰਾ ਵੱਲੋਂ ਜਲੰਧਰ ਵਿਚ ‘ਕਸਮ ਰਾਮ ਕੀ ਖਾਤੇ ਹੈਂ, ਮੰਦਰ ਵਹੀਂ ਬਨਾਏਂਗੇ’ ਵਾਲੇ ਨਾਅਰੇ ਦੇ ਮਗਰ ਬਾਂਹਾਂ ਉਚੀਆਂ ਕਰ ਕੇ ਨਾਅਰਾ ਲਾਉਣ ਦੀਆਂ ਫੋਟੋਆਂ ਵੀ ਅਜੇ ਤੱਕ ਰੱਖੀ ਫਿਰਦੇ ਹਨ, ਤਾਂ ਕਿ ਲੋੜ ਵੇਲੇ ਇਨ੍ਹਾਂ ਨੂੰ ਵਰਤ ਸਕਣ। ਹੱਦ ਤਾਂ ਇਹ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਹਾਰ ਦੇ ਦੁਖੀ ਕੀਤੇ ਹੋਏ ਕਈ ਅਕਾਲੀ ਵਿਧਾਇਕ ਵੀ ਹੁਣ ਜਦੋਂ ਆਪੋ ਵਿਚ ਬੈਠਦੇ ਹਨ ਤਾਂ ਉਥੇ ਬਾਦਲ ਨਾਲੋਂ ਮੋਦੀ ਦੀ ਚਰਚਾ ਵੱਧ ਹੁੰਦੀ ਹੈ। ਹਕੀਕੀ ਹਾਲਾਤ ਦੇ ਹਵਾਈ-ਕੁੱਕੜਾਂ ਦਾ ਬਦਲਿਆ ਹੋਇਆ ਵਹਿਣ ਇਸ ਵਕਤ ਜੇ ਕਿਸੇ ਨੂੰ ਚਿੰਤਾ ਵਿਚ ਪਾ ਰਿਹਾ ਹੈ ਤਾਂ ਇਹ ਅਕਾਲੀ ਦਲ ਦੀ ਉਹ ਲੀਡਰਸ਼ਿਪ ਹੈ, ਜਿਹੜੀ ਮਸਾਂ ਤਿੰਨ ਮਹੀਨੇ ਪਹਿਲਾਂ ਤੱਕ ਪੰਜਾਬ ਦੀ ਰਾਜਨੀਤੀ ਵਿਚ ਆਪਣੀ ‘ਚਾਰੇ ਚੱਕ ਜਗੀਰ’ ਸਮਝ ਕੇ ਚੱਲਦੀ ਹੁੰਦੀ ਸੀ।
Leave a Reply