ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ

ਡਾæ ਗੁਰਨਾਮ ਕੌਰ, ਕੈਨੇਡਾ
ਨਾਨਕ ਸੇਵਾ ਕਰਹੁ
ਹਰਿ ਗੁਰ ਸਫਲ ਦਰਸਨ ਕੀ
ਫਿਰਿ ਲੇਖਾ ਮੰਗੈ ਨ ਕੋਈ॥
ਇਸ ਸਲੋਕ ਵਿਚ ਗੁਰੂ ਰਾਮਦਾਸ ਮਨੁੱਖ ਨੂੰ ਉਸ ਅਕਾਲ ਪੁਰਖ ਅਤੇ ਪੂਰੇ ਗੁਰੂ ਦੀ ਸੇਵਾ ਕਰਨ ਦੀ ਪ੍ਰੇਰਨਾ ਕਰਦੇ ਹਨ ਜਿਸ ਦੀ ਸੇਵਾ ਕਰਨ ਨਾਲ ਮਨੁੱਖ ਦਾ ਇਸ ਸੰਸਾਰ ‘ਤੇ ਜਨਮ ਲੈਣਾ ਸਫਲ ਹੋ ਜਾਂਦਾ ਹੈ। ਗੁਰੂ ਰਾਮਦਾਸ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਜਿਸ ਸੇਵਾਦਾਰ ਜਾਂ ਨੌਕਰ ਦਾ ਮਾਲਕ ਆਪ ਹੀ ਨੰਗਾ ਅਤੇ ਭੁੱਖਾ ਹੋਵੇ ਉਹ ਆਦਮੀ ਆਪਣੇ ਸੇਵਾਦਾਰ ਨੂੰ ਕੀ ਦੇਵੇਗਾ, ਉਸ ਦਾ ਸੇਵਾਦਾਰ ਪੇਟ ਭਰ ਕੇ ਕਿਥੋਂ ਖਾ ਸਕਦਾ ਹੈ? ਜੇ ਸਾਹਿਬ ਦੇ ਆਪਣੇ ਘਰ ਵਿਚ ਕੋਈ ਚੀਜ਼ ਹੋਵੇਗੀ ਤਾਂ ਹੀ ਨੌਕਰ ਦੇ ਹੱਥ ਲੱਗੇਗੀ ਪਰ ਜੇ ਘਰ ਅੰਦਰ ਕੁਝ ਹੈ ਹੀ ਨਹੀਂ, ਫਿਰ ਨੌਕਰ ਨੂੰ ਕੁਝ ਵੀ ਕਿਥੋਂ ਲੱਭਣਾ ਹੈ? ਭਾਵ ਸੱਚਾ ਗੁਰੂ ਉਹ ਹੈ ਜਿਸ ਨੇ ਅਕਾਲ ਪੁਰਖ ਦਾ ਅਨੁਭਵ ਆਪ ਕਰ ਲਿਆ ਹੈ, ਉਸ ਨੂੰ ਆਤਮਸਾਤ ਕਰ ਲਿਆ ਹੈ, ਅਜਿਹੇ ਗੁਰੂ ਕੋਲ ਹੀ ਦੂਸਰਿਆਂ ਨੂੰ ਕੁਝ ਦੇਣ ਅਰਥਾਤ ਰਸਤਾ ਦਿਖਾਉਣ ਦੀ ਸਮਰੱਥਾ ਹੈ। ਜਿਸ ਨੇ ਆਪ ਕੋਈ ਅਨੁਭਵ ਨਹੀਂ ਕੀਤਾ, ਜਿਸ ਦੇ ਆਪਣੇ ਪੱਲੇ ਕੁਝ ਨਹੀਂ, ਉਹ ਦੂਸਰਿਆਂ ਨੂੰ ਕੀ ਰਸਤਾ ਦਿਖਾਵੇਗਾ? ਜਿਸ ਦੀ ਸੇਵਾ ਕਰਨ ਨਾਲ ਉਸ ਸੇਵਾ ਦਾ ਲੇਖਾ ਮੰਗਿਆ ਜਾਣਾ ਹੈ, ਅਜਿਹੀ ਸੇਵਾ ਕਰਨ ਦਾ ਕੀ ਲਾਭ ਹੈ? ਚੌਥੀ ਨਾਨਕ ਜੋਤਿ ਆਦੇਸ਼ ਕਰਦੇ ਹਨ ਕਿ ਜਿਸ ਹਰੀ ਅਤੇ ਸਤਿਗੁਰੁ ਦਾ ਦਰਸ਼ਨ ਮਨੁੱਖ ਦੇ ਜਨਮ ਨੂੰ ਸਫਲਾ ਕਰ ਦਿੰਦਾ ਹੈ, ਜਿਸ ਦੀ ਸੇਵਾ ਕਰਨ ਨਾਲ ਇਹ ਜਨਮ ਸਕਾਰਥਾ ਹੋ ਜਾਂਦਾ ਹੈ, ਉਸ ਦੀ ਸੇਵਾ ਕਰਨੀ ਚਾਹੀਦੀ ਹੈ,
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ॥
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ॥
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ॥
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ॥੨॥ (ਪੰਨਾ ੩੦੬)
ਅੱਗੇ ਪਉੜੀ ਵਿਚ ਗੁਰੂ ਰਾਮਦਾਸ ਪਰਮਾਤਮਾ ਦੇ ਭਗਤਾਂ ਦੀ, ਰੱਬੀ ਅਨੁਭਵ ਪ੍ਰਾਪਤ, ਉਸ ਨੂੰ ਪਹੁੰਚੇ ਹੋਏ ਉਸ ਦੇ ਪਿਆਰਿਆਂ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਅਜਿਹੇ ਰੱਬ ਦੇ ਭਗਤ ਜੋ ਵਿਚਾਰ ਅਤੇ ਗਿਆਨ ਦੀਆਂ ਗੱਲਾਂ ਦੱਸਦੇ ਹਨ, ਚਾਰੇ ਵੇਦ ਅਰਥਾਤ ਪੁਰਾਤਨ ਧਾਰਮਿਕ ਪੁਸਤਕ ਵੀ ਇਹੀ ਕਹਿੰਦੇ ਹਨ ਕਿ ਰੱਬ ਦੇ ਭਗਤ ਜੋ ਕੁਝ ਆਪਣੇ ਮੁੱਖ ਤੋਂ ਬੋਲਦੇ ਹਨ ਉਹ ਮਹਾਂ ਵਾਕ ਅਖਵਾਉਂਦੇ ਹਨ, ਉਹ ਸੱਚੇ ਬਚਨ ਹੁੰਦੇ ਹਨ। ਉਹ ਆਪਣੇ ਇਨ੍ਹਾਂ ਸੱਚੇ ਬਚਨਾਂ ਕਾਰਨ ਸਾਰੇ ਸੰਸਾਰ ਵਿਚ ਉਘੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸੋਭਾ, ਉਨ੍ਹਾਂ ਦੀ ਤਾਰੀਫ ਸਾਰੇ ਲੋਕ ਸੁਣਦੇ ਹਨ ਪਰ ਜਿਹੜੇ ਮੂਰਖ ਲੋਕ ਰੱਬ ਨਾਲ ਇੱਕ-ਸੁਰ ਹੋਏ ਉਸ ਦੇ ਅਜਿਹੇ ਭਗਤਾਂ ਨਾਲ ਦੁਸ਼ਮਣੀ ਕਰਦੇ ਹਨ, ਵੈਰ ਕਮਾਉਂਦੇ ਹਨ, ਉਹ ਕਦੇ ਵੀ ਸੁਖ ਦੀ ਨੀਂਦ ਨਹੀਂ ਸੋਂਦੇ, ਕਦੇ ਵੀ ਸੁਖ ਪ੍ਰਾਪਤ ਨਹੀਂ ਕਰਦੇ। ਸੰਤ ਜਨ ਤਾਂ ਅਜਿਹੇ ਲੋਕਾਂ ਨੂੰ ਗੁਣ ਦੇਣਾ ਚਾਹੁੰਦੇ ਹਨ ਪਰ ਅਜਿਹੇ ਮਨੁੱਖ ਆਪਣੀ ਹਉਮੈ ਕਾਰਨ ਅੰਦਰੋਂ ਸੜਦੇ ਰਹਿੰਦੇ ਹਨ। ਉਹ ਕਰ ਵੀ ਕੀ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਆਪਣੇ ਵੱਸ ਵਿਚ ਕੁਝ ਵੀ ਨਹੀਂ ਹੈ, ਅਸਲ ਵਿਚ ਉਨ੍ਹਾਂ ਦੇ ਮੰਦੇ ਕਰਮਾਂ ਦੇ ਕਾਰਨ ਉਨ੍ਹਾਂ ਦੇ ਮੰਦੇ ਸੰਸਕਾਰ ਹੀ ਉਨ੍ਹਾਂ ਦਾ ਭਾਗ ਹਨ। ਅਜਿਹੇ ਮਨੁੱਖ ਆਪਣੇ ਮੰਦੇ ਕਰਮਾਂ ਕਰਕੇ ਰੱਬ ਵੱਲੋਂ ਹੀ ਮਰੇ ਹੋਏ ਹਨ ਅਤੇ ਕਿਸੇ ਦੇ ਵੀ ਨਹੀਂ ਹੋ ਸਕਦੇ। ਉਹ ਨਿਰਵੈਰਾਂ ਅਰਥਾਤ ਜਿਨ੍ਹਾਂ ਦਾ ਕਿਸੇ ਨਾਲ ਵੈਰ ਨਹੀਂ, ਉਨ੍ਹਾਂ ਨਾਲ ਵੀ ਵੈਰ ਕਰਦੇ ਹਨ ਅਤੇ ਇਸੇ ਲਈ ਰੱਬੀ ਨਿਆਂ ਅਤੇ ਧਰਮ ਅਨੁਸਾਰ ਦੁਖੀ ਹੁੰਦੇ ਹਨ। ਜੋ ਜੋ ਮਨੁੱਖ ਗੁਰੂ ਦੇ ਦਰ ਤੋਂ ਫਿਟਕਾਰੇ ਹੋਏ ਹਨ, ਉਹ ਦਰ ਦਰ ਭਟਕਦੇ ਫਿਰਦੇ ਹਨ ਅਰਥਾਤ ਜਿਹੜੇ ਗੁਰੂ ਦੇ ਦਰ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਕਿਧਰੇ ਵੀ ਢੋਈ ਨਹੀਂ ਮਿਲਦੀ। ਜਿਹੜਾ ਰੁੱਖ ਮੁੱਢ ਤੋਂ ਹੀ ਕੱਟਿਆ ਜਾਵੇ, ਉਸ ਦੇ ਟਾਹਣ ਵੀ ਸੁੱਕ ਜਾਂਦੇ ਹਨ,
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ॥
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ॥
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ॥
ਓਇ ਲੋਚਨਿਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ॥
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ॥
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ॥
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ॥
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ॥
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ॥੧੨॥ (ਪੰਨਾ ੩੦੬)
ਇਸ ਸਲੋਕ ਵਿਚ ਗੁਰੂ ਰਾਮਦਾਸ ਜੀ ਨੇ ਦੱਸਿਆ ਹੈ ਕਿ ਸਤਿਗੁਰੁ ਦੀ ਉਪਮਾ, ਉਸ ਦੀ ਵਡਿਆਈ ਇਸ ਲਈ ਵੱਡੀ ਹੈ ਕਿਉਂਕਿ ਉਸ ਨੇ ਅਕਾਲ ਪੁਰਖ ਦਾ ਧਿਆਨ ਧਰਿਆ ਹੈ ਅਤੇ ਉਸ ਨੂੰ ਆਪਣੇ ਅੰਦਰ ਅਨੁਭਵ ਕੀਤਾ ਹੈ। ਇਹ ਵਡਿਆਈ ਅਕਾਲ ਪੁਰਖ ਦਾ ਸਿਮਰਨ ਕਰਨ ਕਰਕੇ ਉਸ ਨੇ ਆਪਣੀ ਮਿਹਰ ਸਦਕਾ ਦਿੱਤੀ ਹੈ, ਇਸ ਲਈ ਕੋਈ ਇਸ ਵਡਿਆਈ ਨੂੰ ਘਟਾਉਣਾ ਚਾਹੇ ਤਾਂ ਘੱਟ ਨਹੀਂ ਕਰ ਸਕਦਾ ਅਰਥਾਤ ਅਕਾਲ ਪੁਰਖ ਦੀ ਬਖਸ਼ਿਸ਼ ਰਾਹੀਂ ਮਿਲੀ ਹੋਈ ਵਸਤੂ ਨੂੰ ਕੋਈ ਮਨੁੱਖ ਘਟਾ ਨਹੀਂ ਸਕਦਾ। ਜਦੋਂ ਉਹ ਸਭ ਦਾ ਪਰਵਰਦਗਾਰ ਸਤਿਗੁਰੁ ਦੇ ਨਾਲ ਹੈ, ਉਸ ਦੇ ਅੰਗ-ਸੰਗ ਹੈ, ਫਿਰ ਦੁਨੀਆਂ ਬੇਸ਼ਕ ਖਪਦੀ ਰਹੇ, ਝੱਖ ਮਾਰੇ ਪਰ ਸਤਿਗੁਰੁ ਦਾ ਕੁਝ ਵੀ ਵਿਗਾੜ ਨਹੀਂ ਸਕਦੀ। ਸਤਿਗੁਰੁ ਦੀ ਸ਼ੋਭਾ ਅਕਾਲ ਪੁਰਖ ਸਿਰਜਣਹਾਰ ਨੇ ਆਪ ਬਖਸ਼ਿਸ਼ ਕੀਤੀ ਅਤੇ ਵਧਾਈ ਹੈ ਇਸ ਲਈ ਜੇ ਕੋਈ ਪੂਰੇ ਸਤਿਗੁਰੁ ਦੀ ਇਸ ਵਡਿਆਈ ਨੂੰ ਸਹਿਣ ਨਹੀਂ ਕਰਦਾ ਅਤੇ ਈਰਖਾ-ਵੱਸ ਗੁਰੂ ਦੀ ਨਿੰਦਿਆ-ਚੁਗਲੀ ਕਰਦਾ ਹੈ, ਉਸ ਦੇ ਮੂੰਹ ‘ਤੇ ਅਕਾਲ ਪੁਰਖ ਨੇ ਆਪ ਹੀ ਕਾਲਖ ਮਲ ਦਿੱਤੀ ਹੈ। ਜਿਵੇਂ ਜਿਵੇਂ ਨਿੰਦਕ ਮਨੁੱਖ ਨਿੰਦਿਆ ਕਰਦੇ ਹਨ ਤਿਵੇਂ ਤਿਵੇਂ ਸਤਿਗੁਰੁ ਦੀ ਵਡਿਆਈ ਵਧਦੀ ਜਾਂਦੀ ਹੈ, ਦੂਣ-ਸਵਾਈ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਤਿਗੁਰੁ ਨੇ ਜਿਸ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ, ਉਸ ਨੇ ਸਾਰੀ ਲੋਕਾਈ ਨੂੰ ਲਿਆ ਕੇ ਸਤਿਗੁਰੁ ਦੇ ਚਰਨਾਂ ਵਿਚ ਝੁਕਾ ਦਿੱਤਾ ਹੈ,
ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ॥
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ॥
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੁਕਾਈ॥
ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ॥
ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ॥
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ॥੧॥ (ਪੰਨਾ ੩੦੭)
ਅਗਲੇ ਸਲੋਕ ਵਿਚ ਇਸੇ ਵਿਚਾਰ ਨੂੰ ਦ੍ਰਿੜ ਕਰਾਉਂਦੇ ਹਨ ਕਿ ਜੇ ਕੋਈ ਮਨੁੱਖ ਸਤਿਗੁਰ ਦੇ ਨਾਲ ਵੈਰ ਰੱਖਦਾ ਹੈ ਤਾਂ ਅਜਿਹਾ ਮਨੁੱਖ ਆਪਣਾ ਇਹ ਲੋਕ ਵੀ ਗੁਆ ਲੈਂਦਾ ਹੈ ਅਤੇ ਅਗਲਾ ਜਹਾਨ ਵੀ, ਲੋਕ ਅਤੇ ਪਰਲੋਕ ਦੋਵੇਂ ਵਿਅਰਥ ਚਲੇ ਜਾਂਦੇ ਹਨ। ਉਹ ਹਲਕੇ ਕੁੱਤੇ ਦੀ ਤਰ੍ਹਾਂ ਝੱਗ ਸੁੱਟਦਾ ਅਤੇ ਦੰਦ ਪੀਂਹਦਾ ਹੈ ਅਤੇ ਖਪਦਾ, ਖਿਝਦਾ ਨਸ਼ਟ ਹੋ ਜਾਂਦਾ ਹੈ ਅਰਥਾਤ ਆਤਮਕ ਤੌਰ ‘ਤੇ ਉਸ ਦੀ ਮੌਤ ਹੋ ਜਾਂਦੀ ਹੈ। ਉਹ ਹਰ ਰੋਜ਼ ਹੋਰ ਮਾਇਆ, ਦੌਲਤ ਇਕੱਠੀ ਕਰਨ ਲਈ ਬਹੁਤ ਜਤਨ ਕਰਦਾ ਹੈ ਪਰ ਉਸ ਦਾ ਅਗਲਾ ਕਮਾਇਆ ਹੋਇਆ ਧਨ ਵੀ ਹੱਥੋਂ ਚਲਾ ਜਾਂਦਾ ਹੈ। ਅਜਿਹਾ ਮਨੁੱਖ ਕੀ ਕਮਾਈ ਕਰ ਸਕਦਾ ਹੈ ਅਤੇ ਕੀ ਆਪਣੀ ਕੀਤੀ ਹੋਈ ਕਮਾਈ ਨੂੰ ਖਾ ਸਕਦਾ ਹੈ ਜਿਸ ਦੇ ਅੰਦਰ ਝੋਰਾ ਅਤੇ ਦੁੱਖ ਹੋਵੇ,
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ॥
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ॥
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ॥
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ॥
ਇਸੇ ਖਿਆਲ ਨੂੰ ਸਲੋਕ ਵਿਚ ਅੱਗੇ ਵਿਸਥਾਰ ਦਿੰਦੇ ਹੋਏ ਦੱਸਦੇ ਹਨ ਕਿ ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ (ਸਤਿਗੁਰੂ ਨਿਰਵੈਰ ਹਸਤੀ ਹੁੰਦੀ ਹੈ ਉਸ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ, ਅਜਿਹੀ ਹਸਤੀ ਨਾਲ ਵੈਰ ਕਰਨਾ ਪਾਪ ਕਰਨਾ ਹੈ) ਉਹ ਸਾਰੀ ਦੁਨੀਆਂ ਦੇ ਪਾਪ ਅਪਣੇ ਸਿਰ ਲੈ ਲੈਂਦਾ ਹੈ। ਦੂਸਰਿਆਂ ਦੀ ਨਿੰਦਾ-ਚੁਗਲੀ ਕਰਦਿਆਂ ਉਸ ਦਾ ਮੂੰਹ ਅੰਬ ਜਾਂਦਾ ਹੈ ਤੇ ਉਸ ਨੂੰ ਲੋਕ ਪਰਲੋਕ ਵਿਚ ਕਿਧਰੇ ਵੀ ਥਾਂ ਨਹੀਂ ਮਿਲਦੀ ਭਾਵ ਉਹ ਇਸ ਦੁਨੀਆਂ ‘ਤੇ ਵੀ ਬੁਰਾ ਪੈਂਦਾ ਹੈ ਅਤੇ ਰੱਬ ਦੇ ਦਰਬਾਰ ਵਿਚ ਵੀ ਝੂਠਾ ਪੈ ਜਾਂਦਾ ਹੈ। ਅਜਿਹਾ ਮਨੁੱਖ ਜੇ ਸੋਨੇ ਨੂੰ ਵੀ ਹੱਥ ਪਾਵੇ ਤਾਂ ਉਹ ਵੀ ਸੁਆਹ ਨਾਲ ਰਲ ਜਾਂਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਅਜਿਹੇ ਮਨੁੱਖ ਵੀ ਆਪਣੀ ਸਾਰੀ ਪਿਛਲੀ ਕਰਨੀ ਦੇ ਬਾਵਜੂਦ ਗੁਰੂ ਦੀ ਸ਼ਰਨ ਆ ਜਾਣ ਤਾਂ ਗੁਰੂ ਉਨ੍ਹਾਂ ਦੀਆਂ ਪਿਛਲੀਆਂ ਸਾਰੀਆਂ ਗਲਤੀਆਂ ਨੂੰ ਮੁਆਫ ਕਰ ਦਿੰਦਾ ਹੈ। ਜਿਹੜੇ ਮਨੁੱਖ ਦਿਨ ਰਾਤ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ, ਕਲੇਸ਼ ਮੁੱਕ ਜਾਂਦੇ ਹਨ,
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ॥
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ॥
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ॥
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ॥
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ॥੨॥ (ਪੰਨਾ ੩੦੭)
ਅੱਗੇ ਪਉੜੀ ਵਿਚ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਹੈ ਕਿ ਹੇ ਸੱਚੇ ਅਕਾਲ ਪੁਰਖ! ਤੂੰ ਹੀ ਸਾਰਿਆਂ ਤੋਂ ਵੱਡਾ ਸਾਰੇ ਜੀਵਾਂ ਦਾ ਸਹਾਰਾ ਹੈਂ। ਜਿਹੜੇ ਉਸ ਸੱਚੇ ਪਰਵਰਦਗਾਰ ਦਾ ਸਿਮਰਨ ਕਰਦੇ ਹਨ, ਉਸ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਉਸ ਅਕਾਲ ਪੁਰਖ ਦਾ ਹੀ ਮਾਣ ਹੈ। ਅਕਾਲ ਪੁਰਖ ਦਾ ਸਿਮਰਨ ਕਰਨ ਵਾਲੇ ਅਜਿਹੇ ਮਨੁੱਖਾਂ ਦੇ ਅੰਦਰ ਸੱਚ ਦਾ ਵਾਸਾ ਹੈ, ਉਨ੍ਹਾਂ ਦੇ ਹਿਰਦੇ ਵਿਚ ਸੱਚ ਹੈ, ਇਸ ਲਈ ਉਨ੍ਹਾਂ ਦੇ ਮੱਥੇ ਸਦਾ ਖਿੜੇ ਰਹਿੰਦੇ ਹਨ, ਉਹ ਸਦਾ ਸੱਚ ਬੋਲਦੇ ਹਨ ਅਤੇ ਉਸ ਸੱਚੇ ਦਾ ਸਦੀਵੀ ਕਾਇਮ ਰਹਿਣ ਵਾਲਾ ਨਾਮ ਜਪਦੇ ਹਨ ਅਤੇ ਉਨ੍ਹਾਂ ਨੂੰ ਉਸ ਸੱਚੇ ਦਾ ਹੀ ਤਾਣ ਹੈ, ਭਾਵ ਉਸੇ ਦੇ ਜ਼ੋਰ ‘ਤੇ ਹਨ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ ਉਸ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦੇ ਹਨ, ਉਹ ਅਕਾਲ ਪੁਰਖ ਦੇ ਸੱਚੇ ਭਗਤ ਹਨ, ਉਨ੍ਹਾਂ ਪਾਸ ਉਸ ਅਕਾਲ ਪੁਰਖ ਦਾ ਸੱਚਾ ਸ਼ਬਦ-ਰੂਪ ਨਿਸ਼ਾਨ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਅਜਿਹੇ ਗੁਰਮੁਖਾਂ ਦੇ ਸਦਕੇ ਜਾਂਦੇ ਹਨ, ਕੁਰਬਾਨ ਜਾਂਦੇ ਹਨ ਜਿਹੜੇ ਤਨ ਅਤੇ ਮਨ ਨਾਲ ਉਸ ਸੱਚੇ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ,
ਤੂ ਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ॥
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ॥
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ॥
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ॥
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ॥੧੩॥ (ਪੰਨਾ ੩੦੭)
ਅੱਗੇ ਸਲੋਕ ਵਿਚ ਗੁਰੂ ਰਾਮਦਾਸ ਮਨਮੁਖਾਂ ਦੀ ਹੀ ਗੱਲ ਕਰਦੇ ਹਨ ਕਿ ਜਿਹੜੇ ਮਨੁੱਖ ਪਹਿਲਾਂ ਹੀ ਪੂਰੇ ਸਤਿਗੁਰੁ (ਗੁਰੂ ਨਾਨਕ) ਨੇ ਫਿਟਕਾਰੇ ਹੋਏ ਸੀ, ਉਹ ਹੁਣ ਫਿਰ ਸਤਿਗੁਰੁ (ਗੁਰੂ ਅੰਗਦ) ਵੱਲੋਂ ਮਾਰੇ ਗਏ ਹਨ ਭਾਵ ਉਹ ਮਨਮੁਖ ਹੋ ਗਏ ਹਨ। ਅਜਿਹੇ ਮਨਮੁਖਾਂ ਨੂੰ ਜੇ ਸਤਿਗੁਰੁ ਨਾਲ ਮੇਲਣ ਦੀ ਬਹੁਤ ਤਾਂਘ ਵੀ ਕਰੀਏ ਫਿਰ ਵੀ ਅਕਾਲ ਪੁਰਖ ਸਿਰਜਣਹਾਰ ਉਨ੍ਹਾਂ ਨੂੰ ਮਿਲਣ ਨਹੀਂ ਦਿੰਦਾ। ਅਜਿਹੇ ਮਨਮੁਖਾਂ ਨੂੰ ਸੰਗਤਿ ਵਿਚ ਵੀ ਆਸਰਾ ਨਹੀਂ ਮਿਲਦਾ- ਗੁਰੂ ਨੇ ਵੀ ਸਤਿਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ। ਭਾਵ ਜੋ ਮਨੁੱਖ ਗੁਰੂ ਤੋਂ ਬੇਮੁਖ ਹੋ ਕੇ ਚੱਲਦੇ ਹਨ, ਉਨ੍ਹਾਂ ਨੂੰ ਸਤਿਸੰਗਤਿ ਵਿਚ ਵੀ ਕੋਈ ਆਸਰਾ ਨਹੀਂ ਮਿਲਦਾ। ਜਿਹੜੇ ਮਨੁੱਖ ਅਜਿਹੇ ਮਨਮੁਖਾਂ ਨਾਲ ਮਿਲ ਜਾਂਦੇ ਹਨ, ਫਿਰ ਉਹ ਵੀ ਉਸੇ ਰਸਤੇ ‘ਤੇ ਤੁਰ ਪੈਂਦੇ ਹਨ ਅਤੇ ਜਮਾਂ ਦੇ ਮਾਰਗ ਦੇ ਭਾਗੀ ਬਣਦੇ ਹਨ ਭਾਵ ਮਨਮੁਖਾਂ ਦੇ ਸਾਥ ਵਿਚ ਦੂਸਰੇ ਮਨੁੱਖ ਵੀ ਮਨਮੁਖਾਂ ਵਾਲੇ ਕੰਮ ਕਰਨਗੇ ਅਤੇ ਆਪਣਾ ਪਰਲੋਕ ਵਿਗਾੜ ਲੈਂਦੇ ਹਨ,
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ॥
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ॥
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ॥
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ॥
ਇਸੇ ਸਲੋਕ ਵਿਚ ਅੱਗੇ ਜ਼ਿਕਰ ਕੀਤਾ ਗਿਆ ਹੈ ਕਿ ਜਿਨ੍ਹਾਂ ਮਨੁੱਖਾਂ ਨੂੰ ਬਾਬੇ ਨਾਨਕ ਦੇਵ ਨੇ ਮਨਮੁਖ ਕਰਾਰ ਦਿੱਤਾ, ਉਨ੍ਹਾਂ ਅਹੰਕਾਰ ਕਰਨ ਵਾਲਿਆਂ ਨੂੰ ਗੁਰੂ ਅੰਗਦ ਨੇ ਵੀ ਝੂਠਾ ਮਿਥਿਆ। ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਤੀਸਰੀ ਨਾਨਕ ਜੋਤਿ ਗੁਰੂ ਅਮਰਦਾਸ ਨੇ ਵਿਚਾਰ ਕੀਤੀ ਕਿ ਇਨ੍ਹਾਂ ਲੋਕਾਂ ਦੇ ਹੱਥ-ਪੱਲੇ ਕੀ ਹੈ, ਇਨ੍ਹਾਂ ਦੇ ਵੱਸ ਵਿਚ ਕੀ ਹੈ, ਇਹ ਆਤਮਕ ਤੌਰ ‘ਤੇ ਗਰੀਬ ਬੰਦੇ ਹਨ? ਇਸ ਲਈ ਉਸ ਨੇ ਸਾਰੇ ਨਿੰਦਕ ਅਤੇ ਦੁਸ਼ਟ ਤਾਰ ਦਿੱਤੇ ਅਰਥਾਤ ਉਨ੍ਹਾਂ ਨੂੰ ਹਉਮੈ ਤੋਂ ਬਚਾ ਲਿਆ,
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ॥
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ॥
ਗੁਰੂ ਰਾਮਦਾਸ ਅੱਗੇ ਦੱਸਦੇ ਹਨ ਕਿ ਕੋਈ ਪੁੱਤ ਹੋਵੇ ਭਾਵੇਂ ਸਿੱਖ ਜੋ ਵੀ ਕੋਈ ਗੁਰੂ ਦੇ ਸਨਮੁਖ ਹੋ ਕੇ ਸਤਿਗੁਰੁ ਦੀ ਸੇਵਾ ਕਰਦਾ ਹੈ, ਉਸ ਦੀ ਸੇਵਾ ਸਦਕਾ ਸਤਿਗੁਰੁ ਉਸ ਦੇ ਸਾਰੇ ਕਾਰਜ ਸੰਵਾਰ ਦਿੰਦਾ ਹੈ। ਅਜਿਹਾ ਸੇਵਕ ਅਤੇ ਭਗਤ ਜੋ ਵੀ ਇੱਛਾ ਕਰਦਾ ਹੈ, ਉਸ ਨੂੰ ਉਸ ਦਾ ਫਲ ਪ੍ਰਾਪਤ ਹੁੰਦਾ ਹੈ ਅਰਥਾਤ ਦੌਲਤ, ਪੁੱਤਰ, ਧਨ, ਲਛਮੀ ਸਭ ਕੁਝ ਪਾ ਲੈਂਦਾ ਹੈ, ਉਸ ਨੂੰ ਅਕਾਲ ਪੁਰਖ ਲੈ ਜਾ ਕੇ ਮੇਲਦਾ ਹੈ ਅਤੇ ਉਸ ਨੂੰ ਪਾਰ ਲਗਾ ਦਿੰਦਾ ਹੈ। ਜਿਸ ਸਤਿਗੁਰੁ ਦੇ ਹਿਰਦੇ ਵਿਚ ਅਕਾਲ ਪੁਰਖ ਆਪ ਟਿਕਿਆ ਹੋਇਆ ਹੈ, ਉਸ ਅੰਦਰ ਸਭ ਖਜ਼ਾਨੇ ਹਨ। ਜਿਸ ਮਨੁੱਖ ਦੇ ਪਿਛਲੇ ਕਰਮ ਚੰਗੇ ਕੀਤੇ ਹੁੰਦੇ ਹਨ ਉਸ ਦੇ ਸੰਸਕਾਰ ਵੀ ਚੰਗੇ ਬਣ ਜਾਂਦੇ ਹਨ ਜਿਸ ਕਰਕੇ ਉਸ ਦੇ ਮੱਥੇ ਦੇ ਲਿਖੇ ਚੰਗੇ ਭਾਗਾਂ ਕਰਕੇ ਉਸ ਦਾ ਮੇਲ ਸਤਿਗੁਰੁ ਨਾਲ ਹੋ ਜਾਂਦਾ ਹੈ। ਗੁਰੂ ਰਾਮਦਾਸ ਕਹਿੰਦੇ ਹਨ ਕਿ ਉਹ ਅਜਿਹੇ ਗੁਰੂ ਦੇ ਸਿੱਖਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਜਿਹੜੇ ਮਿੱਤਰ ਪਿਆਰੇ ਗੁਰੂ ਦੇ ਸਿੱਖ ਹਨ,
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ॥
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ॥
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰਧਾਰੇ॥
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ॥
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ॥੧॥ (ਪੰਨਾ ੩੦੭-੩੦੮)

Be the first to comment

Leave a Reply

Your email address will not be published.