ਪ੍ਰੋæ ਹਰਪਾਲ ਸਿੰਘ
ਫੋਨ: 916-236-8830
ਸਰ ਜਾਰਜ ਗਰੀਅਰਸਨ ਅਨੁਸਾਰ, ਹਿੰਦੁਸਤਾਨ ਦੇ ਇਤਿਹਾਸ ਵਿਚ ਭਗਤੀ ਲਹਿਰ ਧਾਰਮਿਕ ਮੰਡਲ ਵਿਚ ਸਭ ਤੋਂ ਵੱਡੀ ਇਨਕਲਾਬੀ ਲਹਿਰ ਸੀ। ਅੱਜ ਵੀ ਭਾਰਤੀ ਜੀਵਨ ਵਿਚ ਇਸ ਲਹਿਰ ਦੇ ਪ੍ਰਭਾਵ ਨਜ਼ਰ ਆਉਂਦੇ ਹਨ। ਹਿੰਦੂ ਧਰਮ ਦੀਆਂ ਫੋਕੀਆਂ ਕਰਮ-ਕਾਂਡੀ ਰਸਮਾਂ ਅਤੇ ਰੀਤੀ-ਰਿਵਾਜਾਂ ਤੋਂ ਤੰਗ ਆ ਕੇ ਭਾਰਤ ਵਿਚ ਦੋ ਧਰਮਾਂ ਦਾ ਜਨਮ ਹੋਇਆ। ਇਕ ਪਾਸੇ ਤਾਂ ਜੈਨ ਧਰਮ ਤੇ ਬੁੱਧ ਧਰਮ ਜਿਹੇ ਕੋਮਲ ਸਦਾਚਾਰਕ ਧਰਮ ਦਾ ਅਰੰਭ ਹੋਇਆ, ਦੂਜੇ ਪਾਸੇ ਭਗਤੀ ਮਾਰਗ ਦਾ। ਭਗਤੀ ਮਾਰਗ ਜਿਸ ਨੂੰ ਮੁੱਢਲੇ ਦੌਰ ਵਿਚ ਵੈਸ਼ਨੂੰ ਮਤ ਵੀ ਕਿਹਾ ਜਾਂਦਾ ਸੀ, ਦਾ ਅਰੰਭ ਹਜ਼ਰਤ ਈਸਾ ਤੋਂ ਕੋਈ 500 ਵਰ੍ਹੇ ਪਹਿਲਾਂ ਭਾਰਤ ਵਿਚ ਹੋਇਆ। ਇਸ ਦਾ ਪਹਿਲਾ ਨਾਉਂ ‘ਏਕਤਿਕਾ’ ਧਰਮ, ਅਰਥਾਤ ਇਕ-ਚਿਤ ਭਗਤੀ ਵਾਲਾ ਮਤ ਸੀ। ਇਸ ਧਰਮ ਦਾ ਪਿਛੋਕੜ ਗੀਤਾ ਸੀ।
ਭਗਤੀ ਦਾ ਸਭ ਤੋਂ ਪ੍ਰਾਚੀਨ ਸਰੂਪ 7ਵੀਂ ਅਤੇ 12ਵੀਂ ਸਦੀ ਵਿਚ ਦੱਖਣੀ ਭਾਰਤ ਵਿਚ ਜਨਮ ਲੈਂਦਾ ਹੈ। ਤਾਮਿਲ ਦੇ ਅਲਵਰ ਭਗਤਾਂ ਨੇ ਵੈਸ਼ਨਵ ਭਗਤੀ ਦਾ ਅਰੰਭ ਕੀਤਾ। ਅਲਵਰ ਸ਼ਬਦ ਦਾ ਅਰਥ ਹੈ ਪ੍ਰਭੂ ਦੇ ਪਿਆਰ ਵਿਚ ਡੁੱਬੇ ਹੋਏ; ਅਧਿਆਤਮਕ, ਗਿਆਨ ਰੂਪੀ ਸਾਗਰ ਵਿਚ ਡੁੱਬਕੀ ਲਾਉਣ ਵਾਲਾ (ਸੰਪਾਦਕ, ਪੰਜਾਬੀ ਦੁਨੀਆਂ, ਭਗਤੀ ਅੰਕ, ਪੰਨਾ 37)। “ਇਸ ਭਗਤੀ ਦਾ ਜਨਮ ਸੰਸਕ੍ਰਿਤ ਸਭਿਆਚਾਰ ਅਤੇ ਉਪਰਲੀ ਸ਼੍ਰੇਣੀ ਦੇ ਧਾਰਮਿਕ ਵਿਹਾਰ ਦੇ ਖਿਲਾਫ ਲੋਕਾਂ ਦਾ ਧਰਮ ਪੈਦਾ ਕਰਨਾ ਸੀ।” (ਰੋਮਿਲਾ ਥਾਪਰ, ਅਰਲੀ ਇੰਡੀਆ, ਪੰਨਾ 355-356)
ਅਲਵਰ ਭਗਤਾਂ ਦੀ ਗਿਣਤੀ 12 ਦੱਸੀ ਗਈ ਹੈ। ਇਕ ਉਚ ਸ਼੍ਰੇਣੀ ਵਿਚੋਂ ਅਤੇ ਦੂਜੇ ਬਹੁਤ ਨੀਵੀਂ ਸ਼੍ਰੇਣੀ ਨਾਲ ਸਬੰਧਤ ਭਗਤ ਸਨ। ਇਨ੍ਹਾਂ ਵਿਚੋਂ ਇਕ ਅੰਦਾਲ ਨਾਮ ਦੀ ਔਰਤ ਵੀ ਸੀ ਜਿਸ ਨੂੰ ਅਲਵਰ ਭਗਤੀ ਦਾ ਮੋਤੀ ਕਿਹਾ ਜਾਂਦਾ ਹੈ। ਇਸੇ ਪਰੰਪਰਾ ਵਿਚ ਵੈਸ਼ਨੂੰ ਭਗਤੀ ਦੇ ਪ੍ਰਸਿੱਧ ਵਿਦਵਾਨ ਰਾਮਾਨੁਜ ਦਾ ਜਨਮ ਹੋਇਆ। ਅਲਵਰ ਭਗਤਾਂ ਦੁਆਰਾ ਰਚੇ ਗਏ ਗੀਤਾਂ ਦਾ ਸੰਗ੍ਰਿਹ ‘ਦਿਵਯ ਪ੍ਰਬੰਧਮ’ ਹੈ। ਚਾਰ ਹਜ਼ਾਰ ਗੀਤਾਂ ਦੇ ਇਸ ਗ੍ਰੰਥ ਨੂੰ ਨਾਲਾਇਚ ਪ੍ਰਬੰਧਮ, ਦ੍ਰਾਵਿੜ ਵੇਦ, ਦ੍ਰਾਵਿੜ ਉਪਨਿਸ਼ਦ, ਤਾਮਿਲ ਵੇਦ ਆਦਿ ਨਾਂਵਾਂ ਨਾਲ ਸਤਿਕਾਰਿਆ ਜਾਂਦਾ ਹੈ। (ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਹਾਸ, ਭਾਗ ਪਹਿਲਾ, ਪੰਨਾ 97)। ਇਸ ਗ੍ਰੰਥ ਨੂੰ ਵੇਦਾਂ ਵਰਗਾ ਮਹੱਤਵ ਪ੍ਰਾਪਤ ਹੈ।
ਦੱਖਣ ਵਿਚ ਹੀ ਵੈਸ਼ਨਵ ਭਗਤੀ ਦੇ ਨਾਲ-ਨਾਲ ਸ਼ੈਵ ਭਗਤੀ ਵਿਕਸਿਤ ਹੋਈ, ਭਾਵ ਸ਼ਿਵ ਦੀ ਭਗਤੀ। ਦੱਖਣ ਦੇ ਅਡਿਆਰ ਸਾਧੂਆਂ ਜਿਨ੍ਹਾਂ ਦੀ ਗਿਣਤੀ 60 ਹੈ, ਨੂੰ ‘ਨਾਯ ਨਮਾਰ’ ਕਿਹਾ ਜਾਂਦਾ ਹੈ। ਇਨ੍ਹਾਂ ਦੀ ਬਾਣੀ ‘ਤਿਰੂ-ਮੂਰਾਏ’ ਗ੍ਰੰਥ ਦੇ ਰੂਪ ਵਿਚ ਸੰਗ੍ਰਿਹਤ ਹੈ। ਤਿਰੂਜਨ ਸਾਬੰਧਾਰ ਇਨ੍ਹਾਂ ਸਾਧੂਆਂ ਵਿਚੋਂ ਮੁੱਖ ਸੀ। ਇਨ੍ਹਾਂ ਭਗਤਾਂ ਦੀ ਬਾਣੀ ਵਿਚੋਂ ਜਿਉਂਦੀ ਜਾਗਦੀ ਭਗਤੀ ਅਤੇ ਦ੍ਰਿੜ ਵਿਸ਼ਵਾਸ ਦੀ ਝਲਕ ਨਜ਼ਰ ਆਉਂਦੀ ਹੈ। ਮਨੀਕਾ ਵਸਾਹਰ ਭਗਤ ਦੀ ਬਾਣੀ ਵਿਚ ‘ਗੁਰੂ ਜਾਗਤ ਜੋਤ ਹੈ’, ਇਹ ਗੁਰਮਤਿ ਦੇ ਵਿਚਾਰਾਂ ਨਾਲ ਮਿਲਦਾ-ਜੁਲਦਾ ਇਜ਼ਹਾਰ ਪ੍ਰਗਟ ਕਰਦਾ ਹੈ: ਸਤਿਗੁਰੂ ਜਾਗਤਾ ਹੈ ਦੇਉ॥ (ਆਦਿ ਗ੍ਰੰਥ ਪੰਨਾ 479)
‘ਭਗਤੀ’ ਸ਼ਬਦ ਦਾ ਸੰਸਕ੍ਰਿਤ ਧਾਤੂ ‘ਭਜ’ ਹੈ। ‘ਭਜ’ ਦੇ ਅਰਥ ਹਨ ਸੇਵਾ। ਭਜਨ ਤੇ ਭਜਨੀਕ ਸ਼ਬਦ ਵੀ ਇਸੇ ਧਾਤੂ ਤੋਂ ਬਣੇ ਹਨ। ਭਜਨ ਕਰਨਾ ਜਾਂ ਭਜਨਾ, ਭਗਤਾਂ ਲਈ ਜ਼ਰੂਰੀ ਹੈ। ਭਜਨੀਕ ਸ਼ਬਦ ਭਗਤ ਲਈ ਵੀ ਵਰਤਿਆ ਗਿਆ ਹੈ ਤੇ ਇਸ ਦਾ ਅਰਥ ਹੈ ਪ੍ਰਭੂ ਦੇ ਗੁਣ ਗਾਉਣ ਵਾਲਾ, ਭਗਵਾਨ ਅੱਗੇ ਆਤਮ-ਸਮਰਪਣ ਕਰ ਕੇ ਉਸ ਦੀ ਸ਼ਰਧਾ ਪੂਰਵ ਯਾਦ ਵਿਚ ਜੀਵਨ ਬਤੀਤ ਕਰਨ ਨੂੰ ਭਗਤੀ ਮਾਰਗ ਕਿਹਾ ਜਾਂਦਾ ਹੈ। ਪ੍ਰਭੂ ਨੂੰ ਮਾਤ-ਪਿਤਾ, ਸਖ਼ਾ, ਭਰਾ, ਪਤੀ, ਮਾਲਕ ਕਿਸੇ ਵੀ ਰੂਪ ਵਿਚ ਚਿਤਵਿਆ ਜਾ ਸਕਦਾ ਹੈ। ਭਗਤ ਆਪਣੇ ਆਪ ਵਿਚੋਂ ‘ਅਹੰ’ ਖ਼ਤਮ ਕਰ ਕੇ ਬ੍ਰਹਮ ਦਾ ਪ੍ਰਕਾਸ਼ ਦੇਖਦਾ ਹੈ (ਭਾਰਤ ਦੇ ਪੁਰਾਤਨ ਧਰਮ, ਡਾæ ਹਰਪਾਲ ਸਿੰਘ ਪੰਨੂ)।
“ਵੈਦਿਕ ਭਗਤੀਵਾਦ ਜਿਸ ਮੁਢਲੇ ਸਰੂਪ ਵਿਚ ਦ੍ਰਿਸ਼ਟੀਗੋਚਰ ਹੁੰਦਾ ਹੈ, ਉਸ ਨੂੰ ਤਿੰਨ ਅੰਗਾਂ ਵਿਚ ਵੰਡਿਆ ਜਾ ਸਕਦਾ ਹੈ- ਉਸਤਤੀ, ਪ੍ਰਾਰਥਨਾ ਅਤੇ ਉਪਾਸਨਾ। ਉਸਤਤੀ ਦੁਆਰਾ ਈਸ਼ਵਰ ਦੇ ਗੁਣ ਅਤੇ ਕਰਮ ਨੂੰ ਸਮਝ ਕੇ ਉਸ ਦੇ ਗੁਣਾਂ ਤੇ ਕਰਮਾਂ ਨੂੰ ਆਪਣੇ ਕਰਮ ਤੇ ਸੁਭਾਅ ਵਿਚ ਉਤਾਰਨਾ; ਪ੍ਰਾਰਥਨਾ ਦੁਆਰਾ ਹਉਮੈ ਦੀ ਨਵਿਰਤੀ ਕਰਨੀ; ਤੇ ਉਪਾਸਨਾ ਦੁਆਰਾ ਪ੍ਰਾਰਬ੍ਰਹਮ ਨਾਲ ਸਾਖਿਤ ਮੇਲ ਕਰ ਕੇ ਉਸ ਨੂੰ ਸਰਬੰਗ ਅੰਤਰਯਾਮੀ ਸਰੂਪ ਵਿਚ ਸਮਝਣਾ ਹੈ। ਵੈਦਿਕ ਕਾਲ ਵਿਚ ਇਨ੍ਹਾਂ ਤਿੰਨਾਂ ਨੂੰ ਇਕ ਰੂਪ ਵਿਚ ਰੱਖ ਕੇ ਭਗਤੀ ਕਰਨੀ ਦੱਸੀ ਗਈ ਹੈ।” (ਪੰਜਾਬੀ ਦੁਨੀਆਂ, ਭਗਤੀ ਅੰਕ ਪੰਨਾ 9)। ਵੇਦਾਂ ਵਿਚ ਇੰਦਰ, ਵਰੁਣ, ਪਸ਼ੂਪਤੀ ਤੇ ਊਸ਼ਾ ਆਦਿ ਪ੍ਰਤੀ ਅਜਿਹੀਆਂ ਭਾਵਨਾਵਾਂ ਪ੍ਰਸਤੁਤ ਕੀਤੀਆਂ ਮਿਲਦੀਆਂ ਹਨ।
ਗੀਤਾ ਵਿਚ ਭਗਤਾਂ ਦੀਆਂ ਚਾਰ ਸ਼੍ਰੇਣੀਆਂ ਦੀ ਦਰਜਾਬੰਦੀ ਹੈ,
ਆਰਤ ਭਗਤ: ਸੰਸਾਰਕ ਦੁੱਖਾਂ-ਦਰਦਾਂ ਵਿਚ ਫਸਿਆ ਮਨੁੱਖ ਸੁੱਖ ਦੀ ਇੱਛਾ ਲਈ ਭਗਤੀ ਕਰਦਾ ਹੈ, ਭਗਤੀ ਕਰਨ ਨਾਲ ਦੁੱਖਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ।
ਜਗਿਆਸੂ ਭਗਤ: ਦੁੱਖ ਹੋਣ ਜਾਂ ਸੁੱਖ, ਸ਼ਰਧਾਲੂ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦਾ ਹੈ।
ਅਰਥਾਰਤੀ ਭਗਤ: ਕੇਵਲ ਆਪਣੇ ਸੁੱਖ ਨੂੰ ਸਾਹਮਣੇ ਰੱਖ ਕੇ ਹੀ ਭਗਤੀ ਕੀਤੀ ਜਾਂਦੀ ਹੈ।
ਗਿਆਨੀ ਭਗਤ: ਪ੍ਰਭੂ ਸਰਬ ਵਿਆਪਕ ਹੈ। ਸੁੱਖ-ਦੁੱਖ ਉਸ ਦੀ ਲੀਲ੍ਹਾ ਹੈ। ਉਹ ਨਿਰਭੈ ਹੈ, ਨਿਰਵੈਰ ਹੈ। ਆਪਣਾ ਕੁਝ ਨਹੀਂ, ਸਭ ਉਸ ਦਾ ਹੈ:
ਸੁਖ ਦੁਖੁ ਦੋਨੋ ਸਮ ਕਰਿ ਜਾਨੈ
ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ
ਤਿਨਿ ਜਗਿ ਤਤੁ ਪਛਾਨਾ॥੧॥
ਉਸਤਤਿ ਨਿੰਦਾ ਦੋਊ ਤਿਆਗੈ
ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ
ਕਿਨਹੂੰ ਗੁਰਮੁਖਿ ਜਾਨਾ॥
(ਰਾਗ ਗਉੜੀ ਮਹਲਾ ਨੌਵਾਂ)
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥
(ਭਗਤ ਰਵਿਦਾਸ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 93)
ਕਬੀਰ ਅਲਹ ਕੀ ਕਰਿ ਬੰਦਗੀ
ਜਿਹ ਸਿਮਰਤ ਦੁਖੁ ਜਾਇ॥
ਦਿਲ ਮਹਿ ਸਾਂਈ ਪਰਗਟੈ
ਬੁਝੇ ਬਲੰਤੀ ਨਾਂਇ॥
ਦੱਖਣੀ ਭਾਰਤ ਦੇ ਭਗਤ ਲੋਕ ਜਨ-ਜੀਵਨ ਵਿਚੋਂ ਜਾਤੀਵਾਦ, ਸ਼੍ਰੇਣੀ ਵੰਡ, ਛੂਤ-ਛਾਤ, ਕਰਮ ਕਾਂਡ ਵਰਗੀਆਂ ਬਿਮਾਰੀਆਂ ਦੂਰ ਕਰਨਾ ਚਾਹੁੰਦੇ ਸਨ, ਪਰ ਇਨ੍ਹਾਂ ਭਗਤਾਂ ਨੂੰ ਬਹੁਤੀ ਪ੍ਰਾਪਤੀ ਨਾ ਹੋਈ। ਜਦ ਰਾਮਾਨੰਦ ਉਤਰ ਭਾਰਤ ਵੱਲ ਆਏ ਤਾਂ ਉਥੇ ਭਗਤੀ ਮਤ ਬਾਰੇ ਇਨ੍ਹਾਂ ਮੁੱਦਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ। ਨਾਮਦੇਵ, ਸਧਨਾ, ਸੈਣ, ਧੰਨਾ, ਕਬੀਰ, ਰਵਿਦਾਸ-ਭਗਤਾਂ ਅਤੇ ਸਿੱਖ ਗੁਰੂਆਂ ਨੇ ਭਗਤੀ ਦਾ ਜ਼ੋਰਦਾਰ ਪ੍ਰਚਾਰ ਕੀਤਾ।
ਭਕਤਿ ਦ੍ਰਾਵਿੜ ਉਪਜੀ ਲਾਏ ਰਾਮਾਨੰਦ।
ਪ੍ਰਗਟ ਕੀਆਂ ਕਬੀਰ ਨੇ ਸਪਤ ਦੀਪ ਨਵਖੰਡ॥
ਗੀਤਾ ਵਿਚ ਭਗਤੀ ਦੀਆਂ ਦੋ ਕਿਸਮਾਂ ਦਾ ਵਰਣਨ ਆਇਆ ਹੈ। “ਸਰਗੁਣ ਭਗਤੀ ਕਰਨ ਵਾਲਾ ਮਨੁੱਖ ਦ੍ਰਿਸ਼ਟਮਾਨ ਸੰਸਾਰ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਭਗਤੀ ਕਰਦਾ ਹੈ। ਉਸ ਲਈ ਪਰਮੇਸ਼ਰ ਪ੍ਰਤੱਖ ਹੈ। ਭਗਤ ਲਈ ਸ਼ੁਭ ਕਰਮ ਕਰਨੇ ਜ਼ਰੂਰੀ ਹਨ। ਸਾਰੇ ਕਰਮਾਂ ਦੀ ਹੋਂਦ ਨੂੰ ਭਗਤ ਪ੍ਰਭੂ ਉਤੇ ਛੱਡ ਦਿੰਦਾ ਹੈ। ਹੌਲੀ-ਹੌਲੀ ਸਰਗੁਣ ਭਗਤੀ ਵਿਚ ਮੂਰਤੀ ਪੂਜਾ ਅਰੰਭ ਹੋ ਗਈ। ਵੈਦਿਕ ਮੱਤ ਦੇ ਵਿਦਵਾਨ ਅਤੇ ਰਿਸ਼ੀ ਮੂਰਤੀ ਪੂਜਾ ਨੂੰ ਭਗਤੀ ਦਾ ਕੋਈ ਉਤਮ ਨਮੂਨਾ ਨਹੀਂ ਮੰਨਦੇ ਪਰ ਜਨ-ਸਾਧਾਰਨ ਮੂਰਤੀ ਉਤੇ ਹੀ ਟੇਕ ਰੱਖਦਾ ਹੈ। ਗੀਤਾ ਵਿਚ ਮੂਰਤੀ ਪੂਜਾ ਦੀ ਸ਼ਲਾਘਾ ਨਹੀਂ ਕੀਤੀ ਗਈ। ਮੂਰਤੀ ਪੂਜਾ ਵਿਚ ਕਈ ਪ੍ਰਕਾਰ ਦੀ ਸੰਸਾਰਕ ਦੌੜ ਲੱਗ ਜਾਂਦੀ ਹੈ, ਭਾਵ ਮੂਰਤੀ ਕਿਸ ਦੇਵਤੇ ਦੀ, ਮੂਰਤੀ ਉਤੇ ਖਰਚਾ, ਸੋਨੇ-ਹੀਰੇ ਤੱਕ ਦੀ ਜੜਤ, ਵਿਸ਼ਾਲ ਮੰਦਰ, ਮੰਦਰਾਂ ਦੀ ਉਚਾਈ ਅਤੇ ਸੁੰਦਰਤਾ ਵਿਚ ਮੁਕਾਬਲੇ ਦੀ ਹੋੜ, ਅਜਿਹੀਆਂ ਕੁਝ ਮਨੁੱਖੀ ਬੁੱਧੀ ਦੀਆਂ ਵਿਗੜੀਆਂ ਰੁਚੀਆਂ ਹਨ ਕਿ ਇਹ ਧਰਮ ਤੱਕ ਲਿਜਾਉਣ ਦੀ ਥਾਂ ਦੁਬਾਰਾ ਦੁਨਿਆਵੀ ਰੰਗ ਚਾੜ੍ਹਦੀਆਂ ਹਨ। ਪੁਜਾਰੀ ਸ਼੍ਰੇਣੀ ਵਾਸਤੇ ਮੂਰਤੀ ਪੂਜਾ ਹੀ ਲਾਭਦਾਇਕ ਹੈ ਕਿਉਂਕਿ ਇਕੋ ਸਥਾਨ ਉਤੇ ਪੂਜਾ ਧਨ ਇਕੱਠਾ ਹੋ ਜਾਂਦਾ ਹੈ ਅਤੇ ਪੁਜਾਰੀ ਦਾ ਸਵਰਗ ਇਸ ਧਰਤੀ ‘ਤੇ ਹੀ ਬਣ ਜਾਂਦਾ ਹੈ।
ਨਿਰਗੁਣ ਭਗਤੀ: ਨਿਰਗੁਣ ਭਗਤੀ ਵਿਚ ਇਹ ਮੰਨਿਆ ਜਾਂਦਾ ਹੈ ਕਿ ਪਰਗਟ ਸੰਸਾਰ ਭਾਵੇਂ ਪਰਮਾਤਮਾ ਦੀ ਰਚਨਾ ਹੈ ਤੇ ਉਹ ਹੀ ਇਸ ਨੂੰ ਸੰਚਾਲਿਤ ਕਰ ਰਿਹਾ ਹੈ ਪਰ ਇਹ ਉਸ ਦੀ ਸਖਸ਼ੀਅਤ ਦਾ ਨਿੱਕਾ ਜਿਹਾ ਹਿੱਸਾ ਹੈ। ਆਪ ਉਹ ਅਦ੍ਰਿਸ਼ਟ ਅਨੰਤ ਸ਼ਕਤੀ ਹੈ। ਭਗਤ ਜਦੋਂ ਅਭੇਦ ਹੁੰਦਾ ਹੈ ਤਾਂ ਅਸੀਮ ਨਿਰਾਕਾਰ ਵਿਚ ਚਲਾ ਜਾਂਦਾ ਹੈ। (ਭਾਰਤ ਦੇ ਪੁਰਾਤਨ ਧਰਮ, ਡਾæ ਹਰਪਾਲ ਸਿੰਘ ਪੰਨੂ)
ਨਾਮ ਸਾਧਨਾ ਨੂੰ ਉਤਰੀ ਭਾਰਤ ਦੇ ਭਗਤਾਂ ਨੇ ਮੋਕਸ਼ ਪ੍ਰਾਪਤੀ ਵਾਸਤੇ ਮੁੱਖ ਸਾਧਨ ਮੰਨਿਆ ਹੈ। ਬਾਹਰੀ ਭੇਖ ਭਗਤੀ ਨੂੰ ਕੋਈ ਮਹੱਤਵ ਨਹੀਂ ਦਿੰਦਾ। ਨਾਮ ਸਿਮਰਨ ਦੁਆਰਾ ਅੰਤਹਕਰਨ ਨੂੰ ਸਾਧਨ ਬਣਾ ਕੇ ਆਤਮਿਕ ਮਾਨਸਿਕ ਵਿਕਾਸ ਪ੍ਰਾਪਤ ਕੀਤਾ ਜਾ ਸਕਦਾ ਹੈ। ‘ਸ਼ਬਦ ਬ੍ਰਹਮ’ ਦੇ ਸੰਕਲਪ ਨੂੰ ਭਗਤਾਂ ਨੇ ਵੱਖਰੇ ਨਿਖੇੜ ਕੇ ਪ੍ਰਵਾਨ ਕੀਤਾ ਹੈ।
ਭਗਤੀ ਦਾ ਜ਼ਰੂਰੀ ਅੰਗ ਇਹ ਹੈ ਕਿ ਭਗਤਾਂ ਦਾ ਰੱਬ ਅਤੇ ਉਸ ਰੱਬ ਦਾ ਅਵਤਾਰ ਹਰ ਗੱਲੋਂ ਸੰਪੂਰਨ ਹੈ ਅਤੇ ਉਸ ਦੇ ਮੁਕਾਬਲੇ ਜੀਵ ਜਾਂ ਉਪਾਸ਼ਕ ਦੀ ਹਸਤੀ ਕੀੜੀ ਤੁੱਲ ਵੀ ਨਹੀਂ ਹੈ। ਜੀਵ ਆਪਣੇ ਪੂਰਬਲੇ ਕਰਮਾਂ ਤੋਂ ਛੁਟਕਾਰਾ ਤਾਂ ਹੀ ਪਾ ਸਕਦਾ ਹੈ, ਜੇ ਉਸ ਵਿਚ ਪਰਲੇ ਦਰਜੇ ਦੀ ਨਿਮਰਤਾ ਹੋਵੇ ਅਤੇ ਉਹ ਆਪਣੇ ਇਸ਼ਟ ਲਈ ਸਭ ਕੁਝ ਵਾਰਨ ਲਈ ਤਿਆਰ ਹੋਵੇ। ਭਗਵਾਨ ਤਾਂ ਹੀ ਖੁਸ਼ ਹੁੰਦਾ ਹੈ, ਜੇ ਉਪਾਸ਼ਕ ਬਿਲਕੁਲ ਨਿਰ-ਆਸਰਾ, ਨਿਰਮਲ ਤੇ ਨਾਚੀਜ਼ ਹੋਵੇ।
ਭਗਤੀ ਮਾਰਗ ਵਿਚ ਕਿਸੇ ਦੇਵਤੇ, ਅਵਤਾਰ ਜਾਂ ਪਰਮਾਤਮਾ ਦੇ ਅੱਖਰੀ ਨਾਉਂ ਦਾ ਰਟਨ ਕੀਤਾ ਜਾਂਦਾ ਹੈ। ਜੇ ਨਾਮ ਦਾ ਰਟਨ ਕਰਨ ਨਾਲ ਮਨ ਵਿਚ ਸ਼ੁੱਧੀ ਨਹੀਂ ਆਉਂਦੀ ਤੇ ਮਨ ਕੇਵਲ ਕਪਟ ਨਾਲ ਹੀ ਭਰਿਆ ਰਹਿੰਦਾ ਹੈ ਤਾਂ ਇਹ ਕੇਵਲ ਖੁਦ ਨਾਲ ਹੀ ਧੋਖਾ ਨਹੀਂ, ਸਗੋਂ ਉਸ ਨਾਲ ਵੀ ਧੋਖਾ ਕਰਨਾ ਹੈ ਜਿਸ ਦੇ ਨਾਮ ਦਾ ਰਟਨ ਕੀਤਾ ਜਾਂਦਾ ਹੈ। ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਭਗਤ ਕੇਵਲ ਮਾਲਾ ਦੇ ਮਣਕਿਆਂ ‘ਤੇ ਹੀ ਆਪਣਾ ਧਿਆਨ ਕੇਂਦਰਤ ਕਰਦੇ ਹਨ, ਮੁੱਖ ਤੋਂ ਵਾਹਿਗੁਰੂ ਦੇ ਸਿਮਰਨ ਦਾ ਪ੍ਰਵਾਹ ਚਲਦਾ ਹੈ, ਪਰ ਮਨ ਵਿਚ ਸ਼ੁੱਧੀ ਦਾ ਨਾਂ ਨਹੀਂ ਹੁੰਦਾ। ਇਹ ਤੋਤਾ-ਰਟਨੀ ਜਾਪ ਪਾਖੰਡ ਹੈ, ਧੋਖਾ ਹੈ। ਖਾਣ-ਪੀਣ ਛੱਡ ਕੇ ਠੰਢੇ ਪਾਣੀਆਂ ਵਿਚ ਇਕ ਲੱਤ ‘ਤੇ ਖੜ੍ਹੇ ਰਹਿਣਾ ਤੇ ਅੱਖਾਂ ਬੰਦ ਕਰ ਕੇ ਰਾਮ-ਰਾਮ ਕਰੀ ਜਾਣਾ ਆਪਣੇ ਇਸ਼ਟ ਨਾਲ ਧੋਖਾ ਹੈ। ਵਰਤ ਰੱਖਣ ਨਾਲ ਰੱਬ ਨਹੀਂ ਮਿਲਦਾ ਤੇ ਨਾ ਹੀ ਝੂਠੀ ਭਗਤੀ ਕੁਝ ਸੁਆਰ ਸਕਦੀ ਹੈ। ਬਿਨਾਂ ਬਿਬੇਕ ਦੇ ਭਗਤੀ ਕੁਝ ਨਹੀਂ। ਗੁਰੂ ਸਾਹਿਬ ਨੇ ਤਾਂ ਬਿਬੇਕ ਬੁੱਧੀ ਤੇ ਭਾਉ ਦਾ ਮੇਲ ਕਰਨ ਦਾ ਯਤਨ ਕੀਤਾ ਹੈ। ਗੁਰੂ ਸਾਹਿਬ ਨੇ ਮਨੁੱਖੀ ਸ਼ਖ਼ਸੀਅਤ ਨੂੰ ਵਿਸਮਾਦ ਦੇ ਪੁੱਠ ਦੇ ਕੇ ਭਗਤੀ ਦੇ ਸਾਰੇ ਅੰਗਾਂ ਦੀ ਸਮੁੱਚੀ ਉਨਤੀ ਉਤੇ ਜ਼ੋਰ ਦਿੱਤਾ ਹੈ ਤਾਂ ਜੋ ਇਸ ਤਰੀਕੇ ਨਾਲ ਗਿਆਨ, ਭਾਵ ਤੇ ਕਰਮ ਦਾ ਮੇਲ ਕੀਤਾ ਜਾ ਸਕੇ।
ਡਾæ ਭਗਤ ਸਿੰਘ ਵੇਦੀ ਨੇ ਭਗਤੀ ਦੀਆਂ ਵਿਸ਼ੇਸ਼ਤਾਈਆਂ ਨੂੰ ਮੁੱਖ ਰੱਖਦਿਆਂ ਹੇਠ ਲਿਖੇ ਅਨੁਸਾਰ ਭਗਤੀ ਦੇ ਲੱਛਣਾਂ ਬਾਰੇ ਚਰਚਾ ਕੀਤੀ ਹੈ,
(1) ਆਪਣੇ ਇਸ਼ਟ ਵਿਚ ਦ੍ਰਿੜ ਵਿਸ਼ਵਾਸ ਰੱਖਣਾ ਭਗਤੀ ਦਾ ਮੂਲ ਆਧਾਰ ਹੈ। ਇਹ ਬਿਰਤੀ ਭਗਤੀ ਨੂੰ ਹਉਮੈ ਅਤੇ ਸਵੈ-ਕੇਂਦ੍ਰਿਤ ਹੋਣ ਤੋਂ ਬਚਾਉਂਦੀ ਹੈ।
(2) ਭਗਤੀ ਜੀਵ ਨੂੰ ਸਮਾਜਕ ਕਰਤੱਵਸ਼ੀਲਤਾ ਨਾਲ ਜੋੜਦੀ ਹੈ, ਜੀਵਨ ਤੋਂ ਨਿਰਲੇਪ ਰਹਿਣ ਤੋਂ ਰੋਕਦੀ ਹੈ, ਸੰਸਾਰਕ ਜ਼ਿੰਮੇਵਾਰੀਆਂ ਪ੍ਰਤਿ ਜਾਗਰੂਕ ਕਰਦੀ ਹੈ। ਕਰਨਸ਼ੀਲ ਹੋਣ ਬਾਰੇ ਗੁਰੂ ਨਾਨਕ ਦੇਵ, ਸੰਤ ਕਬੀਰ ਅਤੇ ਭਗਤ ਨਾਮਦੇਵ ਨੇ ਪੁਰਜ਼ੋਰ ਪ੍ਰਚਾਰ ਕੀਤਾ।
(3) ਭਗਤੀ ਵਿਚ ਸ਼ਰਧਾ ਅਤੇ ਪ੍ਰੇਮ ਇਕ ਸਾਥ ਚੱਲਦੇ ਹਨ। ਇਕੱਲਾ ਪ੍ਰੇਮ ਮਨੁੱਖ ਨੂੰ ਨਿਘਾਰ ਵਾਲੇ ਪਾਸੇ ਲਿਜਾ ਸਕਦਾ ਹੈ। ਪ੍ਰੇਮ ਦੀ ਦ੍ਰਿਸ਼ਟੀ ਪੂਰਨਤਾ ਦੀ ਪਛਾਣ ਵਾਲੀ ਹੋਣੀ ਚਾਹੀਦੀ ਹੈ। ਪ੍ਰੇਮ ਦੇ ਨਾਲ ਵੈਰਾਗ ਦਾ ਹੋਣਾ ਅਤਿ ਲਾਜ਼ਮੀ ਹੈ। ਪ੍ਰੇਮ ਨਾਲ ਵੈਰਾਗ ਸ਼ਾਮਲ ਹੋ ਕੇ ਪ੍ਰਭੂ ਭਗਤੀ ਦਾ ਜਨਮ ਹੁੰਦਾ ਹੈ। ਸਵੈ-ਭਗਤੀ ਤੇ ਵਾਮ-ਮਾਰਗੀ ਸਾਖਾਵਾਂ ਪ੍ਰੇਮ ਦੇ ਨਿਰੋਲ ਇਕਹਿਰੇ ਸਰੂਪ ਕਾਰਨ ਸਮਾਜਕ ਜੀਵਨ ਤੋਂ ਇਕ ਪਾਸੇ ਨਿਕਲ ਗਈਆਂ। ਯੋਗਦਾਨ ਪਾਉਣ ਦੀ ਥਾਂ ਉਨ੍ਹਾਂ ਨੇ ਨਿਘਾਰ ਪੈਦਾ ਕਰਨ ਵਿਚ ਦਿਲਚਸਪੀ ਲਈ।
(4) ਭਗਤੀ ਮਤ ਨੇ ਵਰਣ ਆਸ਼ਰਮ ਖਿਲਾਫ ਉਚੇ ਸੁਰ ਵਿਚ ਵਿਰੋਧ ਕੀਤਾ। ਬ੍ਰਾਹਮਣੀ ਕਰਮ ਕਾਂਡ ਦੇ ਦਬਾਅ ਨੂੰ ਕਰਾਰੇ ਹੱਥੀਂ ਲਿਆ। ਕਿਸੇ ਇਕ ਵਿਸ਼ੇਸ਼ ਜਾਤੀ ਵੱਲੋਂ ਭਗਤੀ ਦੁਆਰਾ ਪ੍ਰਾਪਤ ਕਰਨ ਦੀ ਥਾਂ ਹਰ ਜਾਤੀ ਦੇ ਪੁਰਸ਼ਾਂ ਵਾਸਤੇ ਭਗਤੀ ਕਰਨ ਲਈ ਸਾਰੇ ਕਿਵਾੜ ਖੋਲ੍ਹ ਦਿੱਤੇ।
(5) ਭਗਤੀ ਮਾਰਗ ਨੇ ‘ਸਭੈ ਘਟ ਰਾਮੁ ਬੋਲੈ ਰਾਮਾ ਬੋਲੈ’, ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਅਤੇ ‘ਸਭੈ ਸਾਂਝੀਵਾਲ ਸਦਾਇਨ’ ਦਾ ਪ੍ਰਚਾਰ ਕੀਤਾ। ਵਿਸ਼ਵ ਪੱਧਰ ‘ਤੇ ਦੀਨ ਦੁਖੀ ਵਾਸਤੇ ਹਮਦਰਦੀ ਦੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ। ਸਮਾਜ ਵਿਚ ਇਲਾਕਾਵਾਦ, ਜਾਤੀਵਾਦ ਅਤੇ ਧਾਰਮਿਕ ਫਿਰਕਾਪ੍ਰਸਤੀ ਖਿਲਾਫ ਸਰਵ-ਮਾਨਵਵਾਦ ਦੀਆਂ ਭਾਵਨਾਵਾਂ ਦਾ ਡਟ ਕੇ ਪ੍ਰਚਾਰ ਕੀਤਾ ਅਤੇ ਇਸ ਤਰ੍ਹਾਂ ਵਿਸ਼ਵ ਭਾਈਚਾਰੇ ਦੀ ਨੀਂਹ ਰੱਖੀ। (ਭਗਤ ਸਿੰਘ ਵੇਦੀ, ਮੱਧਕਾਲੀਨ ਭਗਤੀ ਕਾਵਿ ਤੇ ਭੂਮਿਕਾ)
ਭਗਵਾਨ ਕ੍ਰਿਸ਼ਨ ਜੀ ਦੱਸਦੇ ਹਨ ਕਿ ਭਾਵੇਂ ਬ੍ਰਹਮ ਤੱਕ ਲੈ ਜਾਣ ਵਾਲੇ ਸਾਰੇ ਮਾਰਗ ਉਤਮ ਹਨ, ਪਰ ਭਗਤੀ ਮਾਰਗ ਸਰਬੋਤਮ ਹੈ, ਕਿਉਂਕਿ ਇਹ ਆਸਾਨ ਹੈ ਤੇ ਕੋਈ ਵੀ ਵਿਅਕਤੀ ਇਸ ਪੰਧ ਦਾ ਪਾਂਧੀ ਬਣ ਸਕਦਾ ਹੈ। ਸਮੁੱਚੇ ਭਾਰਤ ਦੇ ਇਤਿਹਾਸ ਵਿਚ ਇਹ ਇਕ ਵਿਆਪਕ ਧਾਰਮਿਕ ਅੰਦੋਲਨ ਹੈ। ਡਾæ ਗਰੀਅਰਸਨ ਦੇ ਸ਼ਬਦਾਂ ਵਿਚ “ਬਿਜਲੀ ਦੀ ਚਮਕ ਵਾਂਗ ਪੁਰਾਤਨ ਸਮੂਹ ਧਾਰਮਿਕ ਮੱਤਾਂ ਦੇ ਅੰਧਕਾਰ ਦੇ ਖਿਲਾਫ ਇਕ ਨਵੀਂ ਰੋਸ਼ਨੀ ਅਕਸਮਾਤ ਹੋਈ। ਕੋਈ ਹਿੰਦੂ ਇਹ ਨਾ ਜਾਣ ਸਕਿਆ, ਇਹ ਕਿਥੋਂ ਆਈ ਅਤੇ ਇਸ ਦੇ ਅਚਾਨਕ ਆ ਜਾਣ ਦਾ ਕੀ ਕਾਰਨ ਵਾਪਰਿਆ।” (ਡਾæ ਹਜ਼ਾਰੀ ਪ੍ਰਸ਼ਾਦ ਦਿਵੈਦੀ, ‘ਹਿੰਦੂ ਸਾਹਿਤਯ ਕੀ ਭੂਮਿਕਾ’ ਵਿਚੋਂ)
Leave a Reply