ਕਸਾਬ ਅਤੇ ਪਾਕਿਸਤਾਨ ਦੇ ਹੱਥੋਂ ਨਿਕਲਦੇ ਹਾਲਾਤ

-ਜਤਿੰਦਰ ਪਨੂੰ
ਅਸੀਂ ਉਨ੍ਹਾਂ ਬਹੁਤ ਸਾਰੇ ਲੋਕਾਂ ਵਿਚ ਸ਼ਾਮਲ ਹੋ ਸਕਦੇ ਹਾਂ, ਜਿਹੜੇ ਇਹ ਸਮਝਦੇ ਹਨ ਕਿ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਜਾਣੀ ਚਾਹੀਦੀ ਹੈ ਪਰ ਉਹ ਬਹੁਤ ਸਾਰੇ ਹੋ ਸਕਦੇ ਹਨ, ਹਾਲੇ ਤੱਕ ਬਹੁਗਿਣਤੀ ਬਣਦੇ ਹਨ ਕਿ ਨਹੀਂ, ਇਸ ਬਾਰੇ ਕੋਈ ਨਹੀਂ ਕਹਿ ਸਕਦਾ। ਇਹ ਸਬੱਬ ਦੀ ਗੱਲ ਹੈ ਕਿ ਜਿਸ ਦਿਨ ਦੁਨੀਆਂ ਦੀ ਪੰਚਾਇਤ ਵਜੋਂ ਜਾਣੀ ਜਾਂਦੀ ਯੂ ਐਨ ਓ ਵਿਚ ਇਸ ਮੁੱਦੇ ਬਾਰੇ ਬਹਿਸ ਹੋਈ ਅਤੇ ਭਾਰਤ ਨੇ ਇਹ ਸਜ਼ਾ ਖਤਮ ਕਰਨ ਦਾ ਵਿਰੋਧ ਕੀਤਾ, ਅਗਲੇ ਦਿਨ ਮੁੰਬਈ ਵਾਲੇ ਸਭ ਤੋਂ ਵੱਡੇ ਦਹਿਸ਼ਤਗਰਦ ਹਮਲੇ ਦੇ ਦੋਸ਼ੀ ਅਜਮਲ ਆਮਿਰ ਕਸਾਬ ਨੂੰ ਫਾਂਸੀ ਲਾ ਦਿੱਤਾ ਗਿਆ। ਉਸ ਦੀ ਫਾਂਸੀ ਦੇ ਵਾਰੰਟ ਜਾਰੀ ਕਰਨ ਵਾਲੇ ਜੱਜ ਨੇ ਯੂ ਐਨ ਓ ਨੂੰ ਉਸ ਦਾ ਉਸ ਦਿਨ ਦਾ ਏਜੰਡਾ ਨਹੀਂ ਪੁੱਛਿਆ ਹੋਵੇਗਾ, ਦੋਵਾਂ ਦਾ ਆਪੋ ਆਪਣਾ ਕਾਰਜ ਖੇਤਰ ਹੋਣ ਕਰ ਕੇ ਇਹ ਦੋਵੇਂ ਘਟਨਾਵਾਂ ਆਪੋ ਵਿਚ ਅਚਾਨਕ ਜੁੜ ਗਈਆਂ ਹਨ। ਭਾਰਤ ਫਾਂਸੀ ਨੂੰ ਲਗਾਤਾਰ ਸਰਗਰਮ ਰੱਖਣ ਵਾਲਾ ਦੇਸ਼ ਨਹੀਂ। ਪਿਛਲੀ ਵਾਰੀ ਬੰਗਾਲ ਦੇ ਇੱਕ ਅਪਰਾਧੀ ਧਨੰਜੈ ਚੈਟਰਜੀ ਨੂੰ ਜਦੋਂ ਫਾਂਸੀ ਲਾਈ ਗਈ, ਉਸ ਤੋਂ ਅੱਠ ਸਾਲ ਬਾਅਦ ਹੁਣ ਅਜਮਲ ਆਮਿਰ ਕਸਾਬ ਨੂੰ ਫਾਂਸੀ ਇੱਕ ਮੁਕੰਮਲ ਨਿਆਂ ਪ੍ਰਕਿਰਿਆ ਤੋਂ ਬਾਅਦ ਦਿੱਤੀ ਗਈ ਹੈ।
ਜਿਵੇਂ ਆਸ ਸੀ ਕਿ ਪਾਕਿਸਤਾਨ ਵਿਚ ਇਸ ਦਾ ਬਹੁਤ ਤਿੱਖਾ ਪ੍ਰਤੀਕਰਮ ਹੋਵੇਗਾ, ਇਹੋ ਜਿਹਾ ਕੁਝ ਨਹੀਂ ਹੋਇਆ ਤੇ ਕਸਾਬ ਦੇ ਪਿੰਡ ਦੇ ਬਹੁਤੇ ਲੋਕਾਂ ਨੇ ਵੀ ਇਹੋ ਕਿਹਾ ਕਿ ਉਸ ਮੁੰਡੇ ਨੇ ਜਿਹੜਾ ਰਾਹ ਚੁਣਿਆ ਸੀ, ਉਸ ਵਿਚ ਉਸ ਦਾ ਅੰਤ ਇਹੋ ਹੋਣਾ ਸੀ। ਉਸ ਦਿਨ ਅਟਾਰੀ-ਵਾਹਗਾ ਸਰਹੱਦ ਉਤੇ ਸ਼ਾਮ ਦੀ ਪਰੇਡ ਮੌਕੇ ਇਹ ਖਦਸ਼ਾ ਸੀ ਕਿ ਦੋਵੇਂ ਪਾਸਿਆਂ ਦੇ ਦਰਸ਼ਕ ਕੋਈ ਹੰਗਾਮਾ ਕਰ ਸਕਦੇ ਹਨ, ਪਰ ਪਾਕਿਸਤਾਨ ਦੇ ਸਰਹੱਦੀ ਗਾਰਡ ਤਾਂ ਪਰੇਡ ਦੇ ਬਹਾਨੇ ਕੁਝ ਬਦਤਮੀਜ਼ੀ ਕਰਦੇ ਨਜ਼ਰ ਆਏ, ਜਿਸ ਦਾ ਜਵਾਬ ਭਾਰਤੀ ਗਾਰਡਾਂ ਨੇ ਮੁਸਕੁਰਾਹਟ ਨਾਲ ਦੇ ਛੱਡਿਆ, ਲੋਕਾਂ ਨੇ ਦੋਵੇਂ ਪਾਸੇ ਬੇਹੱਦ ਜ਼ਾਬਤੇ ਵਿਚ ਸਮਾਂ ਗੁਜ਼ਾਰਿਆ। ਉਥੇ ਅਜਮਲ ਕਸਾਬ ਦਾ ਕੋਈ ਨਾਂ ਵੀ ਨਹੀਂ ਸੀ ਲੈ ਰਿਹਾ। ਆਪੋ-ਆਪਣੇ ਦੇਸ਼ ਲਈ ਜ਼ਿੰਦਾਬਾਦ ਦੇ ਨਾਹਰੇ ਦੋਵੇਂ ਪਾਸੇ ਲੱਗਦੇ ਰਹੇ, ਪਰ ਇੱਕ ਦੂਸਰੇ ਬਾਰੇ ਵਾਢਵਾਂ ਜਾਂ ਨਫਰਤ ਦੇ ਪ੍ਰਗਟਾਵੇ ਦਾ ਕੋਈ ਝਲਕਾਰਾ ਕਿਸੇ ਵੀ ਪਾਸੇ ਤੋਂ ਨਹੀਂ ਸੀ ਮਿਲਿਆ। ਇਹ ਇੱਕ ਸੁਖਾਵੀਂ ਗੱਲ ਸੀ।
ਲੋਕਾਂ ਦੇ ਪੱਧਰ ਉਤੇ ਜਿੱਥੇ ਇਹ ਸੁਖਾਵਾਂਪਣ ਸੀ, ਤੇ ਪਾਕਿਸਤਾਨ ਦੀ ਸਰਕਾਰ ਵੀ ਇਸ ਮਾਮਲੇ ਵਿਚ ਆਮ ਕਰ ਕੇ ਕਾਫੀ ਜ਼ਬਤ ਵਿਚ ਰਹੀ ਸੀ, ਉਥੇ ਕੁਝ ਹੋਰਨਾਂ ਨੇ ਵੱਖ-ਵੱਖ ਕਿਸਮ ਦੇ ਨੁਕਤੇ ਉਠਾਏ ਸਨ। ਮਿਸਾਲ ਵਜੋਂ ਇਮਰਾਨ ਖਾਨ ਵਰਗੇ ਤਾਲਿਬਾਨ ਦੀ ਖੁਸ਼ੀ ਵਿਚੋਂ ਪਾਕਿਸਤਾਨ ਦਾ ਤਖਤ ਭਾਲਦੇ ਫੁਕਰੇ ਕਿਸਮ ਦੇ ਰਾਜਸੀ ਆਗੂ ਨੇ ਇਹ ਮੰਗ ਰੱਖ ਦਿੱਤੀ ਕਿ ਕਸਾਬ ਦੇ ਜਵਾਬ ਵਿਚ ਹੁਣ ਸਰਬਜੀਤ ਸਿੰਘ ਨੂੰ ਫਾਂਸੀ ਲਾ ਦੇਣਾ ਚਾਹੀਦਾ ਹੈ। ਏਦਾਂ ਹੀ ਕਈ ਲੋਕਾਂ ਨੇ ਭਾਰਤ ਵਿਚ ਇਹ ਸਵਾਲ ਉਠਾ ਦਿੱਤਾ ਕਿ ਕਸਾਬ ਦੀ ਫਾਂਸੀ ਲੇਟ ਕਿਉਂ ਕੀਤੀ ਗਈ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਜਾ ਰਹੀ?
ਕੱਟੜਪੰਥੀ ਦੋਵੇਂ ਪਾਸੇ ਹੁੰਦੇ ਹਨ ਤੇ ਉਹ ਹਰ ਵਕਤ ਇਹੋ ਜਿਹਾ ਮੌਕਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿਚ ਉਹ ਚਿੰਗਾੜੀ ਸੁੱਟ ਕੇ ਰਾਜਸੀ ਲਾਭ ਲੈ ਸਕਣ। ਭਾਰਤ ਦੇ ਕੱਟੜਪੰਥੀਆਂ ਨੇ ਪਹਿਲਾਂ ਕਸਾਬ ਦੇ ਸਵਾਲ ਉਤੇ ਸਰਕਾਰ ਨੂੰ ਭੜਕਾਉਣਾ ਜਾਰੀ ਰੱਖਿਆ ਕਿ ਉਹ ਉਸ ਨੂੰ ਫਟਾਫਟ ਫਾਂਸੀ ਲਾ ਦੇਵੇ। ਭਾਜਪਾ ਦੇ ਮੌਜੂਦਾ ਬਹੁ-ਚਰਚਿਤ ਪ੍ਰਧਾਨ ਨਿਤਿਨ ਗਡਕਰੀ ਨੇ ਤਾਂ ਇਹ ਵੀ ਸਵਾਲ ਉਛਾਲ ਦਿੱਤਾ ਸੀ ਕਿ ‘ਕਸਾਬ ਕਯਾ ਕਾਂਗਰਸ ਵਾਲੋਂ ਕਾ ਦਾਮਾਦ ਲਗਤਾ ਹੈ, ਕਯਾ ਕਾਂਗਰਸ ਵਾਲੋਂ ਨੇ ਉਸ ਕੇ ਸਾਥ ਅਪਨੀ ਬੇਟੀ ਬਿਆਹ ਰੱਖੀ ਹੈ?’ ਜ਼ਬਾਨ ਜਿੰਨੀ ਮਰਜ਼ੀ ਕੋਈ ਵਾਹੀ ਜਾਵੇ, ਕਾਨੂੰਨ ਦੇ ਅਧੀਨ ਚੱਲਦੇ ਲੋਕਤੰਤਰ ਅਤੇ ਭੀੜਤੰਤਰ ਵਿਚ ਫਰਕ ਰੱਖਣ ਦੀ ਜ਼ਿਮੇਵਾਰੀ ਦੇਸ਼ ਦੀ ਸੰਵਿਧਾਨਕ ਸਰਕਾਰ ਦੀ ਹੁੰਦੀ ਹੈ। ਜੇ ਕਸਾਬ ਨੂੰ ਪ੍ਰਕਿਰਿਆ ਪੂਰੀ ਕਰਨ ਤੋਂ ਪਹਿਲਾਂ ਫਾਂਸੀ ਲਾ ਦਿੱਤਾ ਹੁੰਦਾ ਤਾਂ ਦੁਨੀਆਂ ਇਹ ਪੁੱਛ ਸਕਦੀ ਸੀ ਕਿ ਭਾਰਤ ਦੇ ਲੋਕਤੰਤਰ ਤੇ ਅਫਗਾਨਿਸਤਾਨ ਵਿਚ ਇੱਕ ਦਹਾਕਾ ਪਹਿਲਾਂ ਦੇ ਤਾਲਿਬਾਨ ਦੇ ਰਾਜ ਵਿਚ ਕੀ ਫਰਕ ਹੈ, ਦੋਵੇਂ ਫਟਾਫਟ ਫਾਂਸੀਆਂ ਲਾਈ ਜਾਂਦੇ ਹਨ? ਹੁਣ ਅਜਿਹਾ ਕੋਈ ਸਵਾਲ ਪੁੱਛਣ ਦਾ ਮੌਕਾ ਨਹੀਂ ਰਹਿ ਗਿਆ।
ਗੋਲੀ ਚਲਾਉਂਦਾ ਅਤੇ ਬੇਦੋਸ਼ੇ ਲੋਕਾਂ ਨੂੰ ਮਾਰਦਾ ਜ਼ਖਮੀ ਹੋਣ ਪਿੱਛੋਂ ਹਥਿਆਰਾਂ ਸਮੇਤ ਫੜੇ ਜਾਣ ਦੇ ਬਾਵਜੂਦ ਭਾਰਤ ਨੇ ਕਸਾਬ ਨੂੰ ਬਾਕਾਇਦਾ ਆਪਣਾ ਪੱਖ ਅਦਾਲਤ ਵਿਚ ਪੇਸ਼ ਕਰਨ ਦਾ ਮੌਕਾ ਦਿੱਤਾ ਤੇ ਇਸ ਕੰਮ ਲਈ ਉਸ ਨੂੰ ਵਕੀਲ ਵੀ ਆਪਣੇ ਖਰਚੇ ਉਤੇ ਕਰ ਕੇ ਦਿੱਤੇ ਸਨ, ਜਦ ਕਿ ਉਸ ਦੇ ਆਪਣੇ ਦੇਸ਼ ਦੀ ਸਰਕਾਰ ਨੇ ਉਸ ਦੀ ਮੰਗ ਉਤੇ ਉਸ ਨੂੰ ਵਕੀਲ ਦੇਣ ਤੋਂ ਨਾਂਹ ਕਰ ਦਿੱਤੀ ਸੀ। ਆਪਣੇ ਦੇਸ਼ ਦੀ ਸਰਕਾਰ ਤੋਂ ਵਕੀਲ ਦੀ ਮੰਗ ਕਸਾਬ ਨੇ ਉਦੋਂ ਕੀਤੀ ਸੀ, ਜਦੋਂ ਪਾਕਿਸਤਾਨ ਸਰਕਾਰ ਉਸ ਨੂੰ ਆਪਣਾ ਨਾਗਰਿਕ ਮੰਨ ਚੁੱਕੀ ਸੀ। ਵਿਸ਼ੇਸ਼ ਅਦਾਲਤ ਵਿਚ ਫਾਂਸੀ ਦੀ ਸਜ਼ਾ ਦੇ ਹੁਕਮ ਨੂੰ ਹਾਈ ਕੋਰਟ ਤੋਂ ਪੁਸ਼ਟੀ ਮਿਲਣ ਪਿੱਛੋਂ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਲਈ ਵੀ ਉਸ ਨੂੰ ਵਕੀਲ ਕਰ ਕੇ ਦਿੱਤਾ ਗਿਆ ਤੇ ਜਦੋਂ ਉਥੋਂ ਵੀ ਉਸ ਦੀ ਸਜ਼ਾ ਕਾਇਮ ਰਹੀ, ਉਸ ਦੇ ਬਾਅਦ ਆਈ ਉਸ ਦੀ ਰਹਿਮ ਦੀ ਪਟੀਸ਼ਨ ਖਾਰਜ ਕਰਨ ਜਾਂ ਨਾ ਕਰਨ ਦਾ ਕੰਮ ਰਾਸ਼ਟਰਪਤੀ ਵੱਲੋਂ ਫਿਰ ਪ੍ਰਕਿਰਿਆ ਪੂਰੀ ਕਰਨ ਪਿੱਛੋਂ ਕੀਤਾ ਗਿਆ ਸੀ।
ਹੁਣ ਜੋ ਲੋਕ ਇਸ ਕੇਸ ਦੇ ਬਾਅਦ ਅਫਜ਼ਲ ਗੁਰੂ ਨੂੰ ਫਟਾਫਟ ਫਾਂਸੀ ਦੇਣ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਇਹ ਚੇਤਾ ਭੁੱਲ ਜਾਂਦਾ ਹੈ ਕਿ ਉਸ ਦੀ ਇੱਕ ਪਟੀਸ਼ਨ ਹਾਲੇ ਤੱਕ ਵਿਚਾਰ ਅਧੀਨ ਹੈ ਤੇ ਜਦੋਂ ਤੱਕ ਉਸ ਦਾ ਫੈਸਲਾ ਨਾ ਆ ਜਾਵੇ, ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਜੇ ਕਾਨੂੰਨ ਨੇ ਲੋਕਾਂ ਦੀ ਮੰਗ ਜਾਂ ਦਬਾਅ ਦੇ ਮੁਤਾਬਕ ਝੁਕਦੇ ਹੋਏ ਫੈਸਲੇ ਕਰਨੇ ਹਨ ਤਾਂ ਉਹ ਫੈਸਲੇ ਸੰਸਾਰ ਦੀ ਸੱਥ ਵਿਚ ਜਾਇਜ਼ ਠਹਿਰਾਉਣੇ ਔਖੇ ਹੋ ਜਾਣਗੇ।
ਦੂਸਰੇ ਪਾਸੇ ਪਾਕਿਸਤਨ ਵਿਚ ਤਾਲਿਬਾਨ ਕੀ ਕਹਿੰਦੇ ਹਨ, ਇਸ ਦੀ ਬਹੁਤੀ ਪ੍ਰਵਾਹ ਕਰਨ ਦੀ ਲੋੜ ਨਹੀਂ, ਪਰ ਇੱਕ ਰਾਜਸੀ ਆਗੂ ਵਜੋਂ ਜਿਹੜੀ ਘਟੀਆ ਗੱਲ ਇਮਰਾਨ ਖਾਨ ਨੇ ਆਖੀ ਹੈ, ਉਹ ਵਿਚਾਰਨ ਵਾਲੀ ਹੈ। ਉਸ ਦਾ ਇਹ ਕਹਿਣਾ ਅਸਲੋਂ ਨਾਵਾਜਬ ਹੈ ਕਿ ਕਸਾਬ ਦੀ ਫਾਂਸੀ ਦੇ ਜਵਾਬ ਵਿਚ ਪਾਕਿਸਤਾਨ ਸਰਕਾਰ ਹੁਣ ਸਰਬਜੀਤ ਸਿੰਘ ਨੂੰ ਫਾਂਸੀ ਟੰਗ ਦੇਵੇ। ਇਨ੍ਹਾਂ ਦੋਵਾਂ ਕੇਸਾਂ ਦਾ ਆਪੋ ਵਿਚ ਕੋਈ ਸਬੰਧ ਹੀ ਨਹੀਂ ਬਣਦਾ। ਅਜਮਲ ਕਸਾਬ ਮੌਕੇ ਉਤੇ ਹਥਿਆਰਾਂ ਸਮੇਤ ਫੜਿਆ ਗਿਆ ਸੀ। ਕਈ ਥਾਂ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਉਹ ਗੋਲੀਆਂ ਚਲਾਉਂਦਾ ਤੇ ਲੋਕਾਂ ਨੂੰ ਮਾਰਦਾ ਹੋਇਆ ਨਜ਼ਰ ਆਉਂਦਾ ਹੈ। ਉਸ ਦੀਆਂ ਗੋਲੀਆਂ ਨਾਲ ਸਾਰੀ ਉਮਰ ਲਈ ਤੁਰਨ ਤੋਂ ਨਕਾਰਾ ਹੋ ਚੁੱਕੀ ਇੱਕ ਬੱਚੀ ਨੇ ਭੌੜੀਆਂ ਦੀ ਮਦਦ ਨਾਲ ਤੁਰਦੇ ਹੋਏ ਅਦਾਲਤ ਵਿਚ ਆ ਕੇ ਕਸਾਬ ਨੂੰ ਪਛਾਣਿਆ ਤੇ ਕਿਹਾ ਸੀ ਕਿ ਇਹੋ ਹੈ, ਜਿਸ ਨੇ ਉਸ ਨੂੰ ਗੋਲੀਆਂ ਮਾਰੀਆਂ ਸਨ। ਫੜੇ ਜਾਣ ਵੇਲੇ ਉਸ ਨੇ ਉਹ ਕਮਾਂਡੋ ਵਰਦੀ ਪਾਈ ਹੋਈ ਸੀ ਤੇ ਉਹ ਹਥਿਆਰ ਵੀ ਉਸ ਦੇ ਕੋਲ ਸਨ, ਜਿਹੜੇ ਤਾਜ ਹੋਟਲ ਵਿਚ ਕਈ ਦਿਨ ਲੜਦੇ ਰਹਿਣ ਮਗਰੋਂ ਮਰਨ ਵਾਲੇ ਉਸ ਦੇ ਸਾਥੀ ਦਹਿਸ਼ਤਗਰਦਾਂ ਦੇ ਕੋਲ ਸਨ। ਸਰਬਜੀਤ ਦਾ ਇਸ ਸਾਰੀ ਕਹਾਣੀ ਨਾਲ ਕੀ ਜੋੜ ਜੁੜਦਾ ਹੈ? ਉਸ ਨੂੰ ਘਟਨਾ ਵਾਲੀ ਥਾਂ ਫੜਿਆ ਨਹੀਂ ਸੀ ਗਿਆ, ਕਿਸੇ ਨੇ ਇਹ ਕੰਮ ਕਰਦਾ ਨਹੀਂ ਸੀ ਵੇਖਿਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਜਿਸ ਵਾਰਦਾਤ ਲਈ ਉਸ ਨੂੰ ਫਾਂਸੀ ਦਾ ਹੁਕਮ ਦਿੱਤਾ ਗਿਆ, ਪੁਲਿਸ ਰਿਪੋਰਟ ਮੁਤਾਬਕ ਉਹ ਕਿਸੇ ਮਨਜੀਤ ਸਿੰਘ ਨੇ ਕੀਤੀ ਸੀ, ਸਰਬਜੀਤ ਨੇ ਕੀਤੀ ਹੀ ਨਹੀਂ। ਉਹ ਅਦਾਲਤ ਵਿਚ ਕੂਕ-ਕੂਕ ਕੇ ਕਹਿੰਦਾ ਰਿਹਾ ਕਿ ਉਹ ਮਨਜੀਤ ਨਹੀਂ, ਸਰਬਜੀਤ ਹੈ, ਪਰ ਉਸ ਦੀ ਕਿਸੇ ਨੇ ਨਹੀਂ ਸੀ ਸੁਣੀ। ਗਲਤ ਪਛਾਣ ਦੇ ਆਧਾਰ ਉਤੇ ਫਾਂਸੀ ਟੰਗੇ ਜਾ ਰਹੇ ਬੰਦੇ ਦੀ ਫਾਂਸੀ ਨਾਜਾਇਜ਼ ਹੀ ਕਹੀ ਜਾਣੀ ਹੈ, ਉਸ ਨੂੰ ਕਸਾਬ ਦੇ ਨਾਲ ਤੋਲਣ ਦੀ ਗੱਲ ਪਾਕਿਸਤਾਨ ਦੇ ਲੋਕਾਂ ਵਿਚੋਂ ਵੀ ਕਿਸੇ ਹੋਰ ਨੇ ਨਹੀਂ ਕੀਤੀ, ਸਿਰਫ ਇਮਰਾਨ ਖਾਨ ਕਰਦਾ ਹੈ ਅਤੇ ਵੱਡੇ ਤਖਤ ਦੀ ਝਾਕ ਰੱਖ ਕੇ ਇਸ ਲਈ ਕਰਦਾ ਹੈ ਕਿ ਉਹ ਆਪਣੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਦਾ ਲਾਭ ਲੈ ਸਕੇ।
ਪਾਕਿਸਤਾਨ ਦੇ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ ਜਿਨ੍ਹਾਂ ਵੱਲ ਇਮਰਾਨ ਖਾਨ ਨੇ ਜੇ ਧਿਆਨ ਦਿੱਤਾ ਹੋਵੇ ਤਾਂ ਵੱਧ ਲਾਭ ਹੋ ਸਕਦਾ ਹੈ। ਇਸ ਵਕਤ ਆਏ ਦਿਨ ਉਥੇ ਬੰਬ ਚੱਲ ਰਹੇ ਹਨ ਤੇ ਬੇਦੋਸ਼ੇ ਲੋਕਾਂ ਦੇ ਮਰਨ ਦਾ ਸਿਲਸਿਲਾ ਚੱਲ ਰਿਹਾ ਹੈ, ਜਿਨ੍ਹਾਂ ਦੀ ਜ਼ਿਮੇਵਾਰੀ ਤਾਲਿਬਾਨ ਹਿੱਕ ਠੋਕ ਕੇ ਲੈਂਦੇ ਹਨ। ਇਮਰਾਨ ਨੇ ਕਦੇ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਅਮਰੀਕਾ ਦੀ ਸਰਕਾਰ ਨਾਲ ਜਾਂ ਆਪਣੇ ਮੁਲਕ ਦੀ ਸਰਕਾਰ ਦੇ ਨਾਲ ਲੜਦੇ ਹੋ ਤਾਂ ਲੜੀ ਜਾਵੋ, ਪਰ ਬੇਦੋਸ਼ੇ ਲੋਕਾਂ ਨੂੰ ਬੰਬਾਂ ਦਾ ਸ਼ਿਕਾਰ ਬਣਾਉਣਾ ਤਾਂ ਬੰਦ ਕਰ ਦਿਓ। ਅਜਿਹਾ ਕਰਨ ਤੋਂ ਪਹਿਲਾਂ ਇਮਰਾਨ ਨੂੰ ‘ਰੱਬ ਨੇੜੇ ਕਿ ਘਸੁੰਨ’ ਦੀ ਕਹਾਵਤ ਯਾਦ ਆ ਜਾਂਦੀ ਹੈ ਤੇ ਉਸ ਦੀ ਕੰਬਣੀ ਛਿੜਦੇ ਸਾਰ ਉਹ ਤਾਲਿਬਾਨ ਨੂੰ ਖੁਸ਼ ਕਰਨ ਲਈ ਸਰਗਰਮ ਹੋ ਜਾਂਦਾ ਹੈ। ਉਸ ਨੇ ਉਦੋਂ ਵੀ ਜ਼ਬਾਨ ਨਹੀਂ ਖੋਲ੍ਹੀ, ਜਦੋਂ ਉਸ ਦੇ ਮੁਲਕ ਦੇ ਲੋਕਾਂ ਨੂੰ ਨਮਾਜ਼ ਪੜ੍ਹਦਿਆਂ ਨੂੰ ਮਸਜਿਦਾਂ ਵਿਚ ਬੰਬ ਮਾਰ ਕੇ ਮਾਰ ਦਿੱਤਾ ਗਿਆ। ਮਲਾਲਾ ਯੂਸਫਜ਼ਈ ਨੂੰ ਸਾਰੀ ਦੁਨੀਆਂ ਦੇ ਲੋਕਾਂ ਨੇ ਇਸ ਗੱਲ ਦੀ ਸ਼ਾਬਾਸ਼ ਦਿੱਤੀ ਕਿ ਉਸ ਨੇ ਗੋਲੀਆਂ ਦੀ ਗੂੰਜ ਵਿਚ ਰਹਿ ਕੇ ਵੀ ਜ਼ਮੀਰ ਨਹੀਂ ਮਰਨ ਦਿੱਤੀ, ਪਰ ਇਮਰਾਨ ਖਾਨ ਸੌ ਪਹਿਰਿਆਂ ਵਿਚ ਹੁੰਦਾ ਹੋਇਆ ਵੀ ਜ਼ਮੀਰ ਦੀ ਆਵਾਜ਼ ਨਹੀਂ ਸੁਣ ਰਿਹਾ।
ਜਿਸ ਹਫਤੇ ਇੱਕ ਪਾਕਿਸਤਾਨੀ ਦਹਿਸ਼ਤਗਰਦ ਨੂੰ ਭਾਰਤ ਵਿਚ ਫਾਂਸੀ ਲਾਈ ਗਈ ਤੇ ਉਸ ਦੇ ਆਪਣੇ ਦੇਸ਼ ਵਿਚ ਵੀ ਬਹੁਤੇ ਲੋਕਾਂ ਨੇ ‘ਜੋ ਬੀਜਿਆ, ਜੋ ਵੱਢਿਆ’ ਮੰਨ ਲਿਆ, ਉਸ ਹਫਤੇ ਵੀ ਪਾਕਿਸਤਾਨ ਵਿਚ ਖੂਨ-ਖਰਾਬਾ ਓੜਕ ਨੂੰ ਪਾਰ ਕਰ ਗਿਆ, ਪਰ ਉਸ ਬਾਰੇ ਇਮਰਾਨ ਖਾਨ ਨਹੀਂ ਬੋਲਿਆ। ਸੰਸਾਰ ਵਿਚ ਮੁਸਲਮਾਨਾਂ ਦੇ ਦੋ ਮੁੱਖ ਵਰਗ ਹਨ, ਇੱਕ ਸੁੰਨੀ ਅਤੇ ਦੂਸਰੇ ਸ਼ੀਆ ਕਹੇ ਜਾਂਦੇ ਹਨ। ਇਸ ਵਕਤ ਪਾਕਿਸਤਾਨ ਵਿਚ ਸ਼ੀਆ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ ਤੇ ਇੱਕ ਮਸਜਿਦ ਵਿਚ ਆਤਮਘਾਤੀ ਬੰਬਾਰ ਭੇਜ ਕੇ ਦੋ ਦਰਜਨ ਤੋਂ ਵੱਧ ਲੋਕ ਇਸੇ ਹਫਤੇ ਮਾਰ ਕੇ ਇਸ ਤੋਂ ਡਿਓਢੇ ਹੋਰਨਾਂ ਨੂੰ ਹਸਪਤਾਲ ਪੁਚਾ ਦਿੱਤਾ ਗਿਆ ਹੈ। ਕਾਤਲਾਂ ਦੀ ਬੋਲੀ ਵਿਚ ਸ਼ੀਆ ਮੁਸਲਮਾਨ ਅਸਲੀ ਮੁਸਲਮਾਨ ਨਹੀਂ ਮੰਨੇ ਜਾ ਰਹੇ, ਪਰ ਉਹ ਹਕੀਕਤ ਨਾ ਵੀ ਜਾਣਦੇ ਹੋਣ, ਇਮਰਾਨ ਖਾਨ ਨੂੰ ਤਾਂ ਪਤਾ ਹੋਵੇਗਾ ਕਿ ਮੁਲਕ ਦਾ ਬਾਬਾ-ਇ-ਕੌਮ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਵੀ ਸ਼ੀਆ ਮੁਸਲਮਾਨ ਸੀ। ਇੱਕ ਸ਼ੀਆ ਆਗੂ ਦੇ ਪੈਦਾ ਕੀਤੇ ਮੁਲਕ ਵਿਚ ਉਸ ਦੇ ਆਪਣੇ ਸ਼ੀਆ ਭਾਈਚਾਰੇ ਦਾ ਨਸਲਘਾਤ ਹੋਈ ਜਾਣਾ ਕਿਸ ਦਲੀਲ ਨਾਲ ਜਾਇਜ਼ ਕਿਹਾ ਜਾ ਸਕਦਾ ਹੈ? ਤੇ ਜੇ ਨਹੀਂ ਕਿਹਾ ਜਾ ਸਕਦਾ ਤਾਂ ਇਮਰਾਨ ਖਾਨ ਜਾਂ ਹੋਰ ਪਾਕਿਸਤਾਨੀ ਲੀਡਰ ਇਸ ਕਤਲੇਆਮ ਦੇ ਖਿਲਾਫ ਕਦੇ ਬੋਲਦੇ ਕਿਉਂ ਨਹੀਂ? ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਉਹ ਇਸ ਕਤਲੇਆਮ ਬਾਰੇ ਚੁੱਪ ਸਹਿਮਤੀ ਦੇ ਕੇ ਕਾਤਲਾਂ ਦੀ ਤਰਫਦਾਰੀ ਦਾ ਗੁਨਾਹ ਕਰ ਰਹੇ ਹਨ?
ਬਰਤਾਨਵੀ ਸਾਮਰਾਜ ਦੇ ਜਾਣ ਤੇ ਪਾਕਿਸਤਾਨ ਦੇ ਪੈਦਾ ਹੋਣ ਦੇ ਦਿਨ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚਾਰ ਵਾਰ ਜੰਗਾਂ ਹੋ ਜਾਣ ਦੇ ਬਾਵਜੂਦ ਭਾਰਤ ਨੇ ਕਦੇ ਕੋਈ ਸਾਜ਼ਿਸ਼ ਕੀਤੀ ਨਹੀਂ ਤੇ ਪਾਕਿਸਤਾਨ ਨੇ ਕਦੇ ਕੋਈ ਮੌਕਾ ਛੱਡਿਆ ਨਹੀਂ। ਹਾਲੇ ਉਸ ਦੇ ਨਵਾਂ ਦੇਸ਼ ਬਣੇ ਨੂੰ ਛੇ ਮਹੀਨੇ ਹੋਏ ਸਨ, ਜਦੋਂ ਕਸ਼ਮੀਰ ਘਾਟੀ ਵਿਚ ਕਬਾਇਲੀਆਂ ਦੇ ਭੇਸ ਵਿਚ ਪਾਕਿਸਤਾਨ ਨੇ ਆਪਣੀ ਫੌਜ ਭੇਜ ਕੇ ਕਬਜ਼ਾ ਕਰਨ ਦਾ ਯਤਨ ਕੀਤਾ ਤੇ ਅੱਧਾ ਕਸ਼ਮੀਰ ਉਦੋਂ ਤੋਂ ਉਸ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਉਸ ਦੇ ਬਾਅਦ ਹੁਣ ਤੱਕ ਚਾਰ ਵਾਰ ਭਾਰਤੀ ਹਵਾਈ ਜਹਾਜ਼ ਅਗਵਾ ਕਰ ਕੇ ਉਧਰ ਲਿਜਾਏ ਗਏ, ਭਾਰਤ ਵੱਲ ਉਥੋਂ ਟਾਂਗਾ ਵੀ ਕਦੇ ਅਗਵਾ ਕਰ ਕੇ ਕਿਸੇ ਨੇ ਨਹੀਂ ਲਿਆਂਦਾ ਕਿਉਂਕਿ ਭਾਰਤ ਏਦਾਂ ਦੀ ਸਰਗਰਮੀ ਨੂੰ ਸ਼ਹਿ ਨਹੀਂ ਦਿੰਦਾ, ਜਦ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਇਹ ਕੰਮ ਆਪ ਸ਼ਹਿ ਦੇ ਕੇ ਕਰਵਾਉਂਦੀ ਹੈ। ਜਿੰਨੀ ਵਾਰੀ ਵੀ ਦਹਿਸ਼ਤਗਰਦੀ ਦੀ ਕੋਈ ਘਟਨਾ ਹੋਈ, ਭਾਵੇਂ ਭਾਰਤ ਤਾਂ ਕੀ, ਅਮਰੀਕਾ ਜਾਂ ਡੈਨਮਾਰਕ ਵਿਚ ਵੀ ਕੋਈ ਬੰਦਾ ਫੜਿਆ ਜਾਵੇ, ਹਰ ਵਾਰੀ ਉਸ ਦੀ ਪੈੜ ਪਾਕਿਸਤਾਨ ਵਿਚ ਜਾ ਕੇ ਨਿਕਲਦੀ ਹੈ। ਇਹ ਸੁੱਤੇ-ਸਿੱਧ ਤਾਂ ਨਹੀਂ ਹੋ ਰਿਹਾ।
ਕਸਾਬ ਦੀ ਫਾਂਸੀ ਲਈ ਵੀ ਪਾਕਿਸਤਾਨ ਦੀ ਖੁਫੀਆ ਏਜੰਸੀ ਜਾਂ ਉਹ ਕੱਟੜਪੰਥੀ ਵੱਧ ਜ਼ਿਮੇਵਾਰ ਹਨ, ਜਿਹੜੇ ਆਪਣੇ ਲੋਕਾਂ ਦੇ ਪੁੱਤਰਾਂ ਨੂੰ ਬੇਗਾਨੇ ਮੁਲਕਾਂ ਵਿਚ ਮੌਤ ਦਾ ਮੀਂਹ ਵਰ੍ਹਾਉਣ ਤੇ ਫਿਰ ਆਪ ਮੌਤ ਦੀ ਝੋਲੀ ਪੈਣ ਲਈ ਭੇਜਦੇ ਹਨ। ਜਿਸ ਕਿਸੇ ਵਿਅਕਤੀ ਜਾਂ ਦੇਸ਼ ਦੇ ਪੱਲੇ ਚੰਦਰਾ ਗਵਾਂਢ ਪੈ ਜਾਵੇ, ਉਸ ਨੂੰ ਜੋ ਕੁਝ ਭੁਗਤਣਾ ਪੈਂਦਾ ਹੈ, ਉਹ ਭਾਰਤ ਭੁਗਤ ਰਿਹਾ ਹੈ, ਪਰ ਹੁਣ ਦੂਸਰੇ ਘਰਾਂ ਵੱਲ ਸੁੱਟੇ ਜਾਂਦੇ ਅੱਗ ਦੇ ਕੁਝ ਗੋਲੇ ਸਾਜ਼ਿਸ਼ ਕਰਨ ਵਾਲਿਆਂ ਦੇ ਆਪਣੇ ਘਰ ਵੀ ਡਿੱਗਣ ਲੱਗੇ ਹਨ। ਬਦਲ ਰਹੇ ਹਾਲਾਤ ਨੂੰ ਸਮਝ ਕੇ ਉਨ੍ਹਾਂ ਨੂੰ ਹੁਣ ਕਸਾਬ ਦਾ ਕਿੱਸਾ ਛੱਡ ਕੇ ਆਪਣਾ ਘਰ ਸਾਂਭਣਾ ਚਾਹੀਦਾ ਹੈ। ਜੇ ਉਸ ਦੇਸ਼ ਦੇ ਲੀਡਰ ਹੁਣ ਵੀ ਪੁਰਾਣੀਆਂ ਖੇਡਾਂ ਵਿਚ ਗਲਤਾਨ ਰਹੇ ਜਾਂ ਖੁਫੀਆ ਏਜੰਸੀ ਦੇ ਕਾਰਿੰਦੇ ਬਣੇ ਰਹੇ ਤਾਂ ਪਾਕਿਸਤਾਨ ਦੇ ਲੋਕਾਂ ਦਾ ਅੱਜ ਖਰਾਬ ਕਰ ਚੁੱਕਣ ਤੋਂ ਬਾਅਦ ਉਨ੍ਹਾਂ ਦਾ ਭਵਿੱਖ ਵੀ ਹੋਰ ਧੁੰਦਲਾ ਕਰ ਦੇਣ ਦੇ ਦੋਸ਼ੀ ਮੰਨੇ ਜਾਣਗੇ।

Be the first to comment

Leave a Reply

Your email address will not be published.