ਹੇ ਮੇਘ

(‘ਮੇਘਦੂਤ’ ਕਾਲੀਦਾਸ ਦੀ ਪੰਦਰਾਂ ਸੌ ਸਾਲ ਪੁਰਾਣੀ ਅਦੁੱਤੀ ਰਚਨਾ ਹੈ ਜਿਸ ਵਿਚ ਕਹਾਣੀ ਨਾਂ ਦੀ ਚੀਜ਼ ਕੋਈ ਨਹੀਂ। ਇਸ ਕਾਵਿ ਦੇ ਨਾਇਕ ਯੱਕਸ਼ ਨੂੰ ਆਪਣੇ ਘਰੋਂ ਦੂਰ ਪਰਦੇਸ ਵਿਚ ਜਾਣਾ ਪੈ ਗਿਆ ਹੈ। ਉਸ ਨੂੰ ਘਰ ਵਿਚ ਪਿੱਛੇ ਰਹਿ ਗਈ ਆਪਣੀ ਪਤਨੀ ਯਾਦ ਆਉਂਦੀ ਹੈ ਤਾਂ ਬੱਦਲ ਨੂੰ ਰੋਕ ਕੇ ਕੁਝ ਸੁਨੇਹੇ ਦਿੰਦਾ ਹੈ। ਰਾਹ ਵਿਚ ਪੈਂਦੇ ਇਲਾਕਿਆਂ ਬਾਰੇ, ਲੋਕਾਂ ਬਾਰੇ, ਤੀਰਥ ਸਥਾਨਾਂ ਤੇ ਨਦੀਆਂ ਬਾਰੇ ਦੱਸਦਾ ਹੋਇਆ ਹਦਾਇਤਾਂ ਕਰਦਾ ਹੈ ਕਿ ਕਿਥੋਂ ਲੰਘਣ ਵੇਲੇ ਕੀ-ਕੀ ਕਰਨਾ ਹੈ। ਬੱਸ ਇਹੀ ਸਾਰੀ ਕਹਾਣੀ ਹੈ। ਅੱਜ ਦੇ ਸਾਡੇ ਕਵੀਆਂ ਨੂੰ ਮੇਘਦੂਤ ਵਿਚ ਇਕ ਕਮੀ ਨਜ਼ਰ ਆਉਂਦੀ ਹੈ। ਕਮੀ ਇਹ ਹੈ ਕਿ ਕਾਲੀਦਾਸ ਦੀ ਪ੍ਰੇਮਿਕਾ, ਨਾਇਕ ਦੀ ਪਤਨੀ ਹੈ। ਪਤਨੀ, ਪਤਨੀ ਹੈ ਤੇ ਪ੍ਰੇਮਿਕਾ, ਪ੍ਰੇਮਿਕਾ। ਦੋਵੇਂ ਇਕ ਨਹੀਂ ਹੋ ਸਕਦੀਆਂ। ਇਕ ਪੰਜਾਬੀ ਪਿਆਰੇ ਨੇ ਕਿਹਾ ਸੀ ਕਿ ਸੱਤਵੇਂ ਫੇਰੇ/ਚੌਥੀ ਲਾਂਵ ਉਪਰੰਤ ਪ੍ਰੇਮਿਕਾ ਸੁਆਸ ਤਿਆਗ ਦਿੰਦੀ ਹੈ ਤੇ ਪਤਨੀ ਦਾ ਜਨਮ ਹੁੰਦਾ ਹੈ। ਇਹ ਹਿੱਸੇ ਜਿਹੜੇ ਤੁਸੀਂ ਪੜ੍ਹੋਗੇ, ਸਖਤ ਸ਼ਾਬਦਿਕ ਅਨੁਵਾਦ ਨਹੀਂ ਹਨ। ‘ਮੇਘਦੂਤ’ ਗ੍ਰੰਥ ਦਾ ਪਾਠ ਕੀਤਾ। ਉਪਰੰਤ ਜੋ ਭਾਵ ਹਿਰਦੇ ਵਿਚ ਪ੍ਰਗਟ ਹੋਏ, ਉਹ ਆਪਣੀ ਦੇਸੀ ਬੋਲੀ ਵਿਚ ਲਿਖ ਦਿੱਤੇ। ਮੇਘਦੂਤ ਜਿਵੇਂ ਸਮਝ ਆਇਆ, ਇਹ ਉਹ ਕੁਝ ਹੈ। ਚੁਮਾਸੇ ਦੇ ਮਹੀਨੇ ਪੰਜਾਬੀ ਪਾਠਕਾਂ ਲਈ ਇਹ ਠੀਕ ਸੁਗਾਤ ਹੈ। ਦੋਸਤੋਵਸਕੀ ਅਨੁਸਾਰ ਵਿਚਾਰ ਬੱਦਲ ਹਨ, ਇਨ੍ਹਾਂ ਵਿਚੋਂ ਸ਼ਬਦ ਝੜੀਆਂ ਬਣ-ਬਣ ਡਿਗਦੇ ਹਨ, ਤਬਾਹੀ ਮਚਾ ਦਿੰਦੇ ਹਨ।)

ਹਰਪਾਲ ਸਿੰਘ ਪੰਨੂ
ਮੇਘਲੇ ਅੱਗੇ ਪ੍ਰਾਰਥਨਾ
ਪੁਸ਼ਕਰ ਦੀ ਵੰਸ਼ ਵਿਚ ਜਨਮੇ ਹੇ ਮੇਘ! ਤੂੰ ਇੰਦਰ ਮਹਾਰਾਜ ਦਾ ਬੁੱਧੀਵਾਨ ਵਜ਼ੀਰ ਹੈਂ। ਤੂੰ ਇੱਛਾਧਾਰੀ ਹਸਤੀ ਹੈਂ। ਵਿਜੋਗ ਕਾਰਨ ਅਲਕਾਪੁਰੀ ਝੁਲਸੀ ਪਈ ਹੈ। ਉਥੇ ਜਾ ਕੇ ਸ਼ਾਂਤ ਬਰਸ। ਤੇਰੇ ਅੱਗੇ ਮੇਰੀ ਇਹ ਅਰਦਾਸ ਹੈ। ਜੇ ਤੂੰ ਮੇਰੀ ਅਰਦਾਸ ਠੁਕਰਾ ਦਏਂਗਾ, ਤਦ ਵੀ ਮੈਂ ਬੁਰਾ ਨਹੀਂ ਮਨਾਵਾਂਗਾ। ਦੁਸ਼ਟ ਬੰਦੇ ਤੋਂ ਬੇਨਤੀ ਮਨਵਾਉਣ ਨਾਲੋਂ ਤਾਂ ਭਲੇ ਬੰਦੇ ਤੋਂ ਠੋਕਰ ਖਾਧੀ ਚੰਗੀ। ਮੈਂ ਨੀਚਾਂ ਬਦਨੀਤਾਂ ਅੱਗੇ ਪ੍ਰਾਰਥਨਾ ਕਦੀ ਨਹੀਂ ਕਰਾਂਗਾ। ਬੁਰਿਆਂ ਤੋਂ ਸਨਮਾਨਿਤ ਹੋਣ ਨਾਲ ਭਾਰੀ ਸ਼ਰਮਿੰਦਗੀ ਹੁੰਦੀ ਹੈ। ਮੇਰੀ ਬੇਨਤੀ ਮੰਨਣੀ ਨਾ ਮੰਨਣੀ ਤੇਰੇ ਵਸ।
-ਹੇ ਮੇਘ! ਹਿਮਾਲਾ ਪਰਬਤ ਉਪਰੋਂ ਦੀ ਲੰਘਣ ਲੱਗਿਆਂ ਥੋੜ੍ਹੀ ਧੀਮੀ ਗਤੀ ਕਰ ਲਵੀਂ ਅਤੇ ਹੇਠਾਂ ਵੱਲ ਦੇਖਦਾ ਜਾਈਂ। ਇਕ ਪਹਾੜੀ ਉਪਰ ਅਜਿਹੀ ਸ਼ਿਲਾ ਹੈ ਜਿਸ ਉਤੇ ਸ਼ਿਵਜੀ ਦੇ ਚਰਨਾਂ ਦੇ ਨਿਸ਼ਾਨ ਉਕਰੇ ਪਏ ਸਾਫ ਦਿਸਦੇ ਹਨ। ਸ਼ਿਲਾ ਨੂੰ ਪ੍ਰਣਾਮ ਕਰੀਂ ਤੇ ਪਹਾੜੀ ਦੁਆਲੇ ਪਰਿਕਰਮਾ ਕਰੀਂ।
ਹੇ ਮੇਘ! ਇਨ੍ਹਾਂ ਹੀ ਪਹਾੜੀਆਂ ਵਿਚ ਸ਼ਿਵ ਦੀ ਤਲਾਸ਼ ਵਿਚ ਇਧਰ ਉਧਰ ਭਟਕਦੀ ਹੋਈ ਉਚੇ ਨੀਵੇਂ ਰਸਤਿਆਂ ਉਪਰ ਤੁਰਦੀ ਹੋਈ ਸ਼ਾਇਦ ਪਾਰਬਤੀ ਵੀ ਤੈਨੂੰ ਕਿਧਰੇ ਦਿਸ ਪਵੇ। ਜੇ ਤੈਨੂੰ ਪਾਰਬਤੀ ਦਿਸੇ ਤਾਂ ਮੂਰਖਾਂ ਵਾਂਗ ਉਸ ਦੇ ਸਿਰ ਉਪਰ ਮੰਡਰਾਂਦਾ ਨਾ ਫਿਰੀਂ। ਤੁਰੰਤ ਬਰਫ ਬਣ ਕੇ ਉਸ ਦੇ ਕਦਮਾਂ ਹੇਠ ਵਿਛ ਜਾਈਂ ਹੇ ਮੇਘ!
ਆਪਣੇ ਹੱਥਾਂ ਵਿਚ ਪਹਿਨੇ ਹੋਏ ਸੱਪਾਂ ਦੇ ਕੰਗਣ ਉਤਾਰ ਕੇ ਸ਼ੰਕਰ, ਜੇ ਪਾਰਬਤੀ ਨੂੰ ਹੱਥ ਦਾ ਸਹਾਰਾ ਦੇਣ ਲੱਗਣ ਤਾਂ ਚੜ੍ਹਾਈ ਚੜ੍ਹਦੀ ਪਾਰਬਤੀ ਦੇ ਕਦਮਾਂ ਹੇਠ ਆਪਣੀ ਬਰਫ ਦੀਆਂ ਪੌੜੀਆਂ ਬਣਾ ਲਵੀਂ ਤਾਂ ਕਿ ਉਹ ਮਣੀ-ਤਟ ਤੱਕ ਪੁੱਜ ਸਕੇ।
ਸ਼ਿਵਾਲਿਕ ਪਹਾੜੀਆਂ ਪਿਛੋਂ ਆਰੀਆ-ਵਰਤ ਦੇਸ ਆਏਗਾ। ਇਥੋਂ ਦੀ ਲੰਘਦਾ ਹੋਇਆ ਇੰਨਾ ਨੀਵਾਂ ਆਈਂ ਕਿ ਬਨੇਰਿਆਂ ਨੂੰ ਛੁਹੇਂ। ਆਰੀਆ-ਵਰਤ ਦੀਆਂ ਸੁੰਦਰੀਆਂ ਆਪਣੇ ਵਿਹੜਿਆਂ ਵਿਚ ਨਿਕਲ ਕੇ ਖਿੜੇ ਹੋਠਾਂ ਨਾਲ ਤੈਨੂੰ ਪ੍ਰਣਾਮ ਕਰਨਗੀਆਂ, ਕਿਉਂਕਿ ਇਨ੍ਹਾਂ ਦੀ ਕਿਸਮਤ ਤੂਹੀਂ ਹਂੈ ਹੇ ਮੇਘ! ਇਨ੍ਹਾਂ ਤੋਂ ਬਚ ਕੇ ਲੰਘੀਂ ਕਿਉਂਕਿ ਅੱਖਾਂ ਨਾਲ ਹੀ ਇਹ ਤੈਨੂੰ ਪੀਣ ਦਾ ਯਤਨ ਕਰਨਗੀਆਂ।
ਜਦੋਂ ਇਨ੍ਹਾਂ ਸੁੰਦਰੀਆਂ ਨੂੰ ਦੇਖਣ ਲਈ ਤੂੰ ਨੀਵਾਂ ਉਤਰੇਂ ਤਾਂ ਬਿਜਲੀਆਂ ਨੂੰ ਆਪਣੇ ਨਾਲ ਨਾਂ ਲੈ ਕੇ ਜਾਈਂ। ਬਿਜਲੀਆਂ ਨੂੰ ਆਕਾਸ਼ ਵਿਚ ਉਚੇ ਹੀ ਛੱਡ ਆਈਂ ਹੇ ਮੇਘ!
ਕੋਈ ਜ਼ਿੱਦੀ ਬਿਜਲੀ ਜੇ ਮਿੰਨਤਾਂ ਕਰੇ ਕਿ ਉਹ ਵੀ ਇਨ੍ਹਾਂ ਸੁੰਦਰੀਆਂ ਨੂੰ ਨੇੜੇ ਹੋ ਕੇ ਦੇਖਣ ਦੀ ਇੱਛੁਕ ਹੈ ਤਾਂ ਕਹੀਂ ਕਿ ਜੁਗਨੂੰ ਬਣ ਕੇ ਚੱਲ। ਸੁੰਦਰਤਾ ਦੇ ਦਰਸ਼ਨ ਕਰਨ ਲਈ ਕਿੰਨਾ ਨਿਮਰ ਹੋਣਾ ਪੈਂਦਾ ਹੈ, ਬਿਜਲੀਆਂ ਨੂੰ ਪਤਾ ਨਹੀਂ ਹੈ। ਤੂੰ ਦੱਸ ਦਈਂ ਹੇ ਮੇਘ!
ਫਿਰ ਬੀਰ-ਭੂਮੀ ਕੁਰੂਕਸ਼ੇਤਰ ਆਏਗੀ। ਕ੍ਰਿਸ਼ਨ ਜੀ ਦੇ ਕਹਿਣ ਉਤੇ ਅਰਜਨ ਨੇ ਧਨੁੱਖ ਚੁੱਕ ਲਿਆ ਸੀ ਤਾਂ ਅਣਗਿਣਤ ਸਿਰ ਉਡ ਗਏ ਸਨ। ਲਹੂ ਦੀ ਬਾਰਸ਼ ਜਮ ਕੇ ਹੋਈ ਸੀ, ਪੂਰਾਂ ਦੇ ਪੂਰ ਖਪ ਗਏ ਸਨ, ਪਰ ਕਹਿੰਦੇ ਹਨ ਕਿ ਇਹ ਧਰਮ ਯੁੱਧ ਸੀ। ਮਾਂਵਾਂ ਦੇ ਲੱਖ ਪੁਤਰ ਸੌਂ ਗਏ ਸਨ ਹੇ ਮੇਘ! ਪਰ ਕਹਿੰਦੇ ਹਨ ਕਿ ਇਥੇ ਧਰਮ-ਧੁਜਾ ਲਹਿਰਾਈ ਸੀ।
ਕੁਰੂਕਸ਼ੇਤਰ ਵਿਚੋਂ ਦੀ ਸਰਸਵਤੀ ਨਦੀ ਲੰਘਦੀ ਹੈ। ਬਲਰਾਮ ਜੀ ਜਿਹੜੇ ਕੌਰਵਾਂ ਤੇ ਪਾਂਡਵਾਂ-ਦੋਵਾਂ ਧਿਰਾਂ ਨੂੰ ਬੇਅੰਤ ਪਿਆਰ ਕਰਦੇ ਸਨ, ਇਥੇ ਵਸਦੇ ਸਨ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਜਦੋਂ ਕੌਰਵ-ਪਾਂਡਵ ਆਪਸ ਵਿਚ ਲੜ ਪਏ, ਤਾਂ ਬਲਰਾਮ ਜੀ ਇੰਨੇ ਉਦਾਸ ਹੋ ਗਏ ਸਨ ਕਿ ਉਨ੍ਹਾਂ ਸਦਾ ਲਈ ਸ਼ਰਾਬ ਪੀਣੀ ਛੱਡ ਦਿੱਤੀ ਸੀ। ਫਿਰ ਉਹ ਅੰਤਿਮ ਸਵਾਸਾਂ ਤੱਕ ਸਰਸਵਤੀ ਨਦੀ ਦਾ ਪਵਿੱਤਰ ਜਲ ਹੀ ਪੀਆ ਕਰਦੇ ਸਨ। ਤੂੰ ਵੀ ਇਸ ਦਾ ਨਿਰਮਲ ਜਲ ਪੀ ਕੇ ਜਾਈਂ। ਗੱਜੀ ਨਾ। ਚੁੱਪ ਚਾਪ ਲੰਘੀਂ। ਇਸ ਧਰਤੀ ਨੇ ਬੜੇ ਦੁਖ ਦੇਖੇ ਹਨ ਹੇ ਮੇਘ!
ਉਜੈਨ ਸ਼ਹਿਰ ਤੈਨੂੰ ਬੜਾ ਸੋਹਣਾ ਲੱਗੇਗਾ, ਤੇ ਤੂੰ ਰੁਕ ਕੇ ਸੋਚਣ ਲੱਗੇਂਗਾ, ਇੰਨਾ ਸੁਹਣਾ ਸ਼ਹਿਰ ਕਿਵੇਂ ਬਣ ਗਿਆ? ਮੈਂ ਦੱਸਦਾ ਹਾਂ। ਸਾਧੂਆਂ ਨੇ ਬੜਾ ਤਪ ਕੀਤਾ। ਰੱਬ ਨੇ ਖੁਸ਼ ਹੋ ਕੇ ਕੁਝ ਮੰਗਣ ਲਈ ਕਿਹਾ ਤਾਂ ਉਨ੍ਹਾਂ ਨੇ ਸੁਰਗ ਦਾ ਹਿੱਸਾ ਮੰਗਿਆ। ਸੁਰਗ ਦਾ ਇਕ ਟੁਕੜਾ ਧਰਤੀ ਉਪਰ ਭੇਜਦਿਆਂ ਹੋਇਆਂ ਰੱਬ ਨੇ ਕਿਹਾ, ਇਸ ਦਾ ਨਾਮ ਉਜੈਨੀ ਰੱਖਣਾ।
ਗੰਗਾ ਨਦੀ ਦਾ ਜਲ ਪੀਣ ਲਈ ਹੇਠਾਂ ਉਤਰੀਂ। ਜਦੋਂ ਇਸ ਨਦੀ ਦਾ ਪਾਣੀ ਪੀਣ ਲਈ ਝੁਕੇਂਗਾ ਤਾਂ ਤੈਨੂੰ ਨਿਰਮਲ ਜਲ ਵਿਚੋਂ ਆਪਣਾ ਅਕਸ ਦਿਸੇਗਾ। ਜਦੋਂ ਤੈਨੂੰ ਆਪਣੀ ਸ਼ਕਲ ਨਦੀ ਵਿਚ ਦਿਸੇਗੀ, ਤਦ ਪਤਾ ਲੱਗੇਗਾ ਕਿ ਕੇਵਲ ਪ੍ਰਯਾਗ ਦੇ ਸਥਾਨ ਉਤੇ ਨਹੀਂ; ਸੰਸਾਰ ਵਿਚ ਤਾਂ ਥਾਂ-ਥਾਂ ਲੱਖਾਂ ਸੰਗਮ ਹੋ ਰਹੇ ਹਨ। ਹੇ ਆਕਾਸ਼ ਵਿਚ ਤੈਰਦੇ ਹੋਏ ਤਾਕਤਵਰ ਦਰਿਆ! ਕਦੀ ਤੂੰ ਨਦੀਆਂ ਦਾ ਪਾਣੀ ਪੀਣ ਲਈ ਝੁਕਦਾ ਹੈਂ, ਕਦੀ ਇਨ੍ਹਾਂ ਨੂੰ ਪਾਣੀ ਪਿਲਾਉਣ ਲਈ ਉਤਰਦਾ ਹੈਂ, ਇਹ ਖਾਮੋਸ਼ ਸੰਗਮ ਘੱਟ ਲੋਕਾਂ ਨੇ ਦੇਖੇ ਹਨ।
ਮਗਧ ਦੇਸ਼ ਦੀਆਂ ਨੀਲੀਆਂ ਝੀਲਾਂ ਦਾ ਪਾਣੀ ਬੜਾ ਸਵੱਛ ਹੈ। ਇਨ੍ਹਾਂ ਦਾ ਜਲ ਪੀਣ ਲਈ ਜਦੋਂ ਨੀਵਾਂ ਉਤਰੇਂਗਾ ਤਾਂ ਪਾਣੀ ਦੇ ਤਲ ਉਪਰ ਦਾਇਰਿਆਂ ਵਿਚ ਤੈਰਦੇ ਹੋਏ ਸਫੈਦ ਹੰਸ ਦਿਸਣਗੇ। ਦਾਇਰਿਆਂ ਵਿਚ ਤੈਰਦੇ ਹੰਸ ਦੇਖ ਕੇ ਤੂੰ ਸੋਚਣ ਲੱਗੇਂਗਾ, “ਕੋਈ ਕਿਉਂ ਇੰਨੀਆਂ ਸੋਹਣੀਆਂ ਝਾਂਜਰਾਂ ਭੁੱਲ ਗਿਆ ਹੈ ਇਥੇ? ਕੌਣ ਸੀ ਉਹ ਜਿਸ ਨੇ ਰਾਤ ਭਰ ਇਸ ਬਲੋਰੀ ਮੰਚ ਉਪਰ ਨਾਚ ਕੀਤਾ ਸੀ? ਤੂੰ ਪਿਆਸਾ ਹੋਏਂਗਾ ਪਰ ਇੰਨੀਆਂ ਸੋਹਣੀਆਂ ਝਾਂਜਰਾਂ ਦੇਖ ਕੇ ਕੁਝ ਦੇਰ ਲਈ ਪਾਣੀ ਪੀਣਾ ਭੁੱਲ ਜਾਏਂਗਾ ਹੇ ਮੇਘ!
ਫਿਰ ਮੰਦਾਕਣੀ ਨਦੀ ਆਏਗੀ। ਉਤਰਾਖੰਡ ਵਿਚ ਮਸਤ ਹਾਥੀਆਂ ਦੇ ਝੁੰਡ ਜੰਗਲਾਂ ਵਿਚ ਘੁੰਮਦੇ ਹਨ। ਇਨ੍ਹਾਂ ਹਾਥੀਆਂ ਕੋਲੋਂ ਲੰਘਦਿਆਂ ਹੋਇਆਂ ਗੱਜੀਂ ਨਾ, ਕਿਉਂਕਿ ਫਿਰ ਇਹ ਤੈਨੂੰ ਆਪਣਾ ਬਦਤਮੀਜ਼ ਬੱਚਾ ਸਮਝ ਕੇ ਤੇਰੇ ਉਪਰ ਹੱਲਾ ਬੋਲ ਸਕਦੇ ਹਨ। ਇਹ ਹਾਥੀ, ਮੰਦਾਕਣੀ ਨਦੀ ਦਾ ਜਲ ਪੀਂਦੇ ਹਨ ਤੇ ਇਸੇ ਵਿਚ ਇਸ਼ਨਾਨ ਕਰਦੇ ਹਨ। ਜਦੋਂ ਤੂੰ ਪਾਣੀ ਪੀਣ ਲਈ ਉਤਰੇਂ ਤਾਂ ਹੋ ਸਕਦਾ ਹੈ ਥੋੜ੍ਹੀ ਦੇਰ ਪਹਿਲਾਂ ਹਾਥੀ ਇਸ਼ਨਾਨ ਕਰ ਕੇ ਗਏ ਹੋਣ। ਇਹ ਸੋਚ ਕੇ ਕਿ ਪਾਣੀ ਗੰਧਲਿਆਂ ਹੋਇਆ ਹੈ, ਪੀਣ ਤੋਂ ਝਿਜਕ ਨਾ ਜਾਈਂ। ਜਿਥੇ ਮਹਾਂਪੁਰਖਾਂ ਦੇ ਚਰਨ ਪਏ ਹੋਣ, ਉਹ ਜਲ ਪਵਿੱਤਰ ਹੁੰਦੇ ਹਨ।
ਹੇ ਮੇਘ! ਤੂੰ ਰੱਜ ਕੇ ਜਮਨਾ ਨਦੀ ਦਾ ਪਾਣੀ ਪੀਏਂਗਾ ਤਾਂ ਭਾਰਾ ਹੋ ਜਾਵੇਂਗਾ। ਫਿਰ ਹਵਾ ਦੇ ਬੁੱਲੇ ਤੈਨੂੰ ਡੁਲਾ ਨਹੀਂ ਸਕਣਗੇ। ਫਿਰ ਤੂੰ ਹਾਥੀ ਵਾਂਗ ਆਤਮ ਵਿਸ਼ਵਾਸ ਨਾਲ, ਟਿਕੇ ਵੇਗ ਉਡਦਾ ਜਾਏਂਗਾ। ਹੌਲਿਆਂ ਦਾ ਤਾਂ ਥਾਂ ਥਾਂ ਅਪਮਾਨ ਹੁੰਦਾ ਹੈ ਹੇ ਮੇਘ!
ਮੰਦਾਕਣੀ ਦੇ ਘਾਟਾਂ ਉਪਰ ਮੰਦਾਰ ਬਿਰਖਾਂ ਦੇ ਝੁੰਡ ਹਨ। ਕਿਨਾਰਿਆਂ ਦਾ ਰੇਤਾ ਸੋਨਰੰਗਾ ਹੈ। ਯੱਕਸ਼ ਸੁੰਦਰੀਆਂ ਇਸ ਰੇਤੇ ਵਿਚ ਮਣੀਆਂ ਨੂੰ ਲੁਕਾਣ ਅਤੇ ਲੱਭਣ ਦੀ ਖੇਡ ਆਮ ਖੇਡਦੀਆਂ ਹਨ।
ਸੰਘਣੇ ਜੰਗਲਾਂ ਅੰਦਰ ਪਗਡੰਡੀਆਂ ਬਣੀਆਂ ਹੋਈਆਂ ਹਨ। ਹੇਠਾਂ ਆ ਕੇ ਦੇਖੀਂ। ਇਨ੍ਹਾਂ ਡੰਡੀਆਂ ਉਪਰ ਕਿਤੇ-ਕਿਤੇ ਚਮੇਲੀ ਦਾ ਕੋਈ ਕੋਈ ਫੁੱਲ ਡਿਗਿਆ ਮਿਲੇਗਾ। ਤੂੰ ਸੋਚਣ ਲੱਗੇਂਗਾ ਕਿ ਇਥੇ ਨੇੜੇ ਚੰਬੇ ਦਾ ਰੁੱਖ ਤਾਂ ਹੈ ਨਹੀਂ, ਫਿਰ ਰਾਤ ਨੂੰ ਕੌਣ ਇਹ ਪੁਸ਼ਪ ਖਲਾਰ ਗਿਆ ਹੈ? ਜੰਗਲੀ ਸੁੰਦਰੀਆਂ ਫੁੱਲਾਂ ਦੇ ਗਹਿਣੇ ਪਹਿਨਦੀਆਂ ਹਨ। ਜਦੋਂ ਕਦੀ ਚੁੱਪ-ਚੁਪੀਤਾ ਇਨ੍ਹਾਂ ਪਗਡੰਡੀਆਂ ਉਪਰ ਤੁਰੇਂਗਾ ਤਾਂ ਜੀਵਨ ਦੇ ਅਨੰਤ ਰੰਗੀਨ ਭੇਤ ਤੇਰੇ ਅੱਗੇ ਖੁੱਲ੍ਹਦੇ ਜਾਣਗੇ ਹੇ ਮੇਘ!
ਆਕਾਸ਼ ਵਿਚ ਜਦੋਂ ਉਚਾ ਉਡੇਂਗਾ ਤਾਂ ਧੌਣਾਂ ਲੰਮੀਆਂ ਕਰ ਕੇ ਹੰਸ ਤੇਰੇ ਨਾਲ ਉਡਣਗੇ। ਇਉਂ ਲੱਗੇਗਾ ਜਿਵੇਂ ਤੂੰ ਵੱਡੇ-ਵੱਡੇ ਸਫੈਦ ਮੋਤੀਆਂ ਦੀ ਮਾਲਾ ਪਹਿਨ ਲਈ ਹੋਵੇ। ਸੁਹਣਾ ਲੱਗੇਂਗਾ ਬੜਾ। ਇਹ ਹੰਸ ਰਾਹ ਦੱਸਣਗੇ। ਜਿੱਧਰ ਜਾਣ, ਉਧਰੇ ਤੂੰ ਜਾਈਂ। ਇਨ੍ਹਾਂ ਨੂੰ ਰਾਹਾਂ ਦਾ ਪੱਕਾ ਪਤਾ ਹੈ।
ਨਿਰਵਿੰਧਿਆ ਨਦੀ ਵੀ ਦੇਖੀਂ ਭਰਾ। ਉਛਲਦੀਆਂ ਲਹਿਰਾਂ ਉਪਰ ਪੰਛੀਆਂ ਦੀਆਂ ਕਤਾਰਾਂ ਉਡਦੀਆਂ ਦੇਖ ਕੇ ਕਹੇਂਗਾ, ਵਾਹ! ਕਿੰਨਾ ਸੋਹਣਾ ਕਮਰਬੰਦ ਬੰਨ੍ਹ ਕੇ ਨਦੀ ਪੂਰੀ ਤਾਕਤ ਨਾਲ ਨੱਚੀ ਹੈ।
ਕਿਤੇ-ਕਿਤੇ ਰਿਸ਼ੀਆਂ ਦੀਆਂ ਕੋਮਲ ਨਾਰੀਆਂ ਤੈਨੂੰ ਦੇਖ ਕੇ ਡਰ ਜਾਣਗੀਆਂ ਕਿ ਏਡੇ ਭਾਰੀ ਪਰਬਤ ਨੂੰ ਕਿਵੇਂ ਪੌਣ ਚੁੱਕੀ ਲਿਆ ਰਹੀ ਹੈ। ਕਿਤੇ ਇਹ ਪਹਾੜ ਸਾਡੇ ਉਪਰ ਡਿਗ ਹੀ ਨਾ ਪਵੇ, ਉਹ ਤੇਜ ਕਦਮੀਂ ਘਰਾਂ ਵਿਚ ਜਾ ਵੜਨਗੀਆਂ।
ਰੂਪਮਤੀਆਂ ਭੋਲੀਆਂ ਭਾਲੀਆਂ ਨਿਰਛਲ ਜੱਟੀਆਂ ਤੈਨੂੰ ਦੇਖ ਕੇ ਖੁਸ਼ੀ ਨਾਲ ਇਉਂ ਨੱਚ ਉਠਣਗੀਆਂ ਜਿਵੇਂ ਉਨ੍ਹਾਂ ਨੂੰ ਗੁਆਚੀ ਹੋਈ ਕੋਈ ਦੁਰਲਭ ਵਸਤੂ ਮਿਲ ਗਈ ਹੋਵੇ। ਉਨ੍ਹਾਂ ਦੀ ਸੁੱਚੀ ਮੁਸਕਾਣ ਦੇਖਦਿਆਂ ਹੀ ਤਾਜ਼ੇ ਵਾਹੇ ਖੇਤਾਂ ਉਪਰ ਜਮ ਕੇ ਬਾਰਸ਼ ਕਰੀਂ ਹੇ ਮੇਘ!
ਨਰਬਦਾ ਨਦੀ ਤੇਜੀ ਨਾਲ ਬੜੇ ਤਿੱਖੇ ਮੋੜ ਕਟਦੀ ਹੈ ਜਿਵੇਂ ਕੋਈ ਨਟੀ ਨੱਚਦੀ ਜਾਂਦੀ ਹੋਵੇ। ਪਰਬਤ ਵਿਚ ਇਸ ਦੀਆਂ ਸੈਂਕੜੇ ਧਾਰਾਂ ਇੰਜ ਲਗਦੀਆਂ ਹਨ ਜਿਵੇਂ ਹਾਥੀ ਦੀ ਪਿੱਠ ਉਪਰ ਕਿਸੇ ਨੇ ਜਾਲ ਸੁੱਟ ਦਿੱਤਾ ਹੋਵੇ।
ਕ੍ਰਿਸ਼ਨ ਦਾ ਕਾਲਾ ਰੰਗ ਚੁਰਾ ਕੇ ਤੇਜ ਦੌੜੀਂ ਅਤੇ ਅਸਮਾਨ ਦੇ ਕਿਸੇ ਕੋਨੇ ਵਿਚ ਲੁਕਣ ਦਾ ਯਤਨ ਕਰੀਂ। ਇਉਂ ਕਰੇਂਗਾ ਤਾਂ ਤੇਰੇ ਪਿੱਛੋਂ ਦੀ ਸਤਰੰਗੀ ਪੀਂਘ ਲਹਿਰਾਏਗੀ। ਲੋਕ ਕਹਿਣਗੇ, ਜੂੜੇ ਵਿਚ ਮੋਰ ਖੰਭ ਟੰਗ ਕੇ ਇਹ ਤਾਂ ਕ੍ਰਿਸ਼ਨ ਜੀ ਮਹਾਰਾਜ ਪ੍ਰਗਟ ਹੋਏ ਹਨ। ਸਭ ਤੈਨੂੰ ਪ੍ਰਣਾਮ ਕਰਨਗੇ। ਵੱਡਿਆਂ ਦੀਆਂ ਨਿਸ਼ਾਨੀਆਂ ਪ੍ਰਾਪਤ ਕਰਨ ਵਾਲਾ ਪੂਜਨੀਕ ਹੋ ਜਾਂਦਾ ਹੈ ਹੇ ਮੇਘ!
ਹੰਸਣੀਆਂ ਨੂੰ ਖੁਸ਼ ਕਰਨ ਲਈ ਹੰਸ ਹਵਾ ਵਿਚ ਨੱਚਣਗੇ। ਬਬੀਹੇ ਕਿੱਕਲੀਆਂ ਪਾਉਣਗੇ ਤੇ ਭੰਵਰੇ ਲਗਾਤਾਰ ਅਲਾਪ ਲੈਂਦੇ ਹੋਏ ਲੰਮਾ ਸਮਾਂ ਗਾਇਨ ਕਰਨਗੇ। ਚਾਰੇ ਪਾਸੇ ਮਲਹਾਰ ਰਾਗ ਗੂੰਜਦਾ ਸੁਣ ਕੇ ਤੂੰ ਵੀ ਫਿਰ ਆਪਣੇ ਢੋਲ ਉਪਰ ਡੱਗਾ ਲਾ ਦਈਂ ਹੇ ਮੇਘ!
ਬਾਗਾਂ ਵਿਚ ਕੰਮ ਕਰਦੀਆਂ ਸੋਹਣੀਆਂ ਮਾਲਣਾਂ, ਪਸੀਨੇ ਵਿਚ ਨਹਾਤੀਆਂ ਹੋਈਆਂ, ਸਖਤ ਮੁਸ਼ੱਕਤ ਅਤੇ ਸਖਤ ਗਰਮੀ ਵਿਚ ਅਧਜਲੀਆਂ ਹੋਈਆਂ ਪਈਆਂ ਹਨ। ਤੈਨੂੰ ਦੇਖ ਕੇ ਆਪਣੇ ਮੂੰਹ ਜਦੋਂ ਉਪਰ ਚੁੱਕਣ ਤਾਂ ਇਨ੍ਹਾਂ ਦੇ ਤਾਂਬੇ ਰੰਗੇ ਸੁੰਦਰ ਮੁਖੜੇ ਤੁਰੰਤ ਧੋ ਦਈਂ।
ਕੋਈ-ਕੋਈ ਨਦੀ ਰੁਕ-ਰੁਕ ਇੰਜ ਚਲਦੀ ਹੈ ਜਿਵੇਂ ਕੋਈ ਸ਼ਰਮਾਕਲ ਮੁਟਿਆਰ ਇੰਜ ਤੁਰੀ ਜਾਂਦੀ ਹੋਵੇ ਹੌਲੇ-ਹੌਲੇ, ਜਿਵੇਂ ਪਤਾ ਨਾ ਲੱਗੇ ਉਸ ਤੋਂ ਕੀ ਭੁੱਲ ਹੋ ਗਈ ਹੈ।
ਵਿਸ਼ਵ ਦਾ ਨਾਸ ਕਰਨ ਵੇਲੇ ਭੋਲੇ ਨਾਥ ਆਪਣੇ ਲੱਕ ਦੁਆਰੇ ਹਾਥੀ ਦੀ ਲਹੂ ਲਿਬੜੀ ਤਾਜੀ ਖੱਲ ਲਪੇਟ ਕੇ ਤਾਂਡਵ ਨਾਚ ਕਰਿਆ ਕਰਦੇ ਹਨ। ਤਦ ਪਰਲੋ ਸੰਸਾਰ ਦਾ ਖਾਤਮਾ ਕਰ ਦਿੰਦੀ ਹੈ। ਜਦੋਂ ਸੂਰਜ ਅਸਤ ਹੋਣ ਲੱਗੇਗਾ ਤਾਂ ਪੱਛਮ ਵਿਚ ਖਲੋਤਾ ਤੂੰ ਲਹੂ ਲਿਬੜਿਆ ਖੱਲ ਦਾ ਟੋਟਾ ਲੱਗੇਂਗਾ। ਤੈਨੂੰ ਦੇਖਣ ਸਾਰ ਗੋਰੀ ਮਾਂ ਦਾ ਹਿਰਦਾ ਕੰਬ ਉਠੇਗਾ। ਹੋਣੀ ਦੀਆਂ ਗੁੱਝੀਆਂ ਰਮਜ਼ਾਂ ਸਭ ਤੋਂ ਪਹਿਲਾਂ ਮਾਂਵਾਂ ਨੂੰ ਸਮਝ ਪੈਂਦੀਆਂ ਹਨ ਹੇ ਮੇਘ!
ਕੌਲ-ਇਕਰਾਰ ਅਨੁਸਾਰ ਹੋ ਸਕਦਾ ਹੈ, ਰਾਤ ਨੂੰ ਸਹਿਜੇ-ਸਹਿਜੇ ਕੋਈ ਮੁਟਿਆਰ ਆਪਣੇ ਪ੍ਰੀਤਮ ਨੂੰ ਮਿਲਣ ਨਿਕਲੇ। ਨਾ ਲਿਸ਼ਕੀਂ ਨਾ ਗੱਜੀਂ। ਇੱਕ ਪੱਤਾ ਹਿੱਲਣ ਨਾਲ ਤਾਂ ਇਸ ਦਾ ਦਿਲ ਕੰਬ ਜਾਂਦਾ ਹੈ। ਇੰਨੇ ਸਹਿਮੇ ਹੋਇਆਂ ਨੂੰ ਡਰਾਉਣ ਵਿਚ ਕੀ ਸੂਰਬੀਰਤਾ ਭਰਾ? ਬੇਅੰਤ ਸੁੰਦਰ ਵਾਦੀਆਂ ਦੇਖ ਕੇ ਮਦਹੋਸ਼ ਨਾ ਹੋਈਂ। ਇਥੇ ਮਾਤਲੋਕ ਵਿਚ ਸਭ ਕੁਝ ਬੜੀ ਜਲਦੀ ਛਾਈਂ ਮਾਈਂ ਹੋ ਜਾਣ ਵਾਲਾ ਹੈ।
ਚੜ੍ਹਦੇ ਸੂਰਜ ਕਲੀਆਂ ਨੂੰ ਮਿਲਣ ਲਈ ਭੰਵਰੇ ਨਿਕਲ ਪੈਣਗੇ। ਇਨ੍ਹਾਂ ਦੇ ਰਸਤੇ ਵਿਚ ਆਉਣ ਦਾ ਅਪਰਾਧ ਨਾ ਕਰੀਂ। ਤੈਨੂੰ ਇਨ੍ਹਾਂ ਦੇ ਅਨੰਦ ਵਿਚ ਵਿਘਨ ਪਾਣ ਦਾ ਹੱਕ ਨਹੀਂ। ਚੰਗਾ ਇਹੀ ਹੈ ਕਿ ਸੂਰਜ ਚੜ੍ਹਨ ਤੋਂ ਕਾਫੀ ਸਮਾਂ ਪਹਿਲੋਂ ਹੀ ਉੱਚਾ ਉਡ ਜਾਏਂ।
ਗੰਗਾ ਜਦੋਂ ਪਹਿਲੀ ਵਾਰ ਆਕਾਸ਼ ਵਿਚੋਂ ਹੇਠਾਂ ਉਤਰੀ ਤਾਂ ਸ਼ਿਵ ਨੇ ਉਸ ਨੂੰ ਆਪਣੀਆਂ ਜਟਾਂ ਵਿਚ ਸਮਾ ਲਿਆ ਸੀ। ਇਉਂ ਲਗਦਾ ਸੀ ਜਿਵੇਂ ਬਾਬੇ ਨੇ ਗੋਟੇ ਨਾਲ ਮੜ੍ਹੀ ਸੁੱਚੀ ਦਸਤਾਰ ਬੰਨ੍ਹ ਲਈ ਹੋਵੇ। ਸ਼ਿਵ ਦੇ ਮੱਥੇ ਵਿਚ ਚੰਦਰਮਾ ਅਤੇ ਸੀਸ ਵਿਚ ਗੰਗਾ ਦੇਖ ਕੇ ਪਾਰਬਤੀ ਨੇ ਬਹੁਤ ਰੋਸ ਕੀਤਾ ਸੀ।
ਅਲਕਾ ਨਗਰੀ ਦੇ ਪਰਿੰਦਿਆਂ ਨੈਣੀ ਹੰਝੂਆਂ ਦੀ ਧਾਰ ਦੇਖੀਂ ਹੇ ਮੇਘ! ਸੱਤੇ ਸੁਰਾਂ ਦੇ ਅਭਿਆਸੀ, ਖੰਭਾਂ ਵਾਲੇ ਇਹ ਨਿੱਕੇ-ਨਿੱਕੇ ਰਾਗੀ, ਅਕਾਸ਼ ਵਿਚ ਉਚੇ ਉਡ ਕੇ ਮਨੋਹਰ ਕੀਰਤਨ ਕਰਦੇ ਹਨ। ਇਨ੍ਹਾਂ ਨੂੰ ਸੁਣ ਕੇ ਤੇਰੀਆਂ ਅੱਖਾਂ ਨਮ ਹੋਣਗੀਆਂ। ਮਨੁੱਖਾਂ ਨੇ ਇਨ੍ਹਾਂ ਉਸਤਾਦਾਂ ਤੋਂ ਥੋੜ੍ਹਾ ਕੁ ਸੰਗੀਤ ਬੜੀ ਮਿਹਨਤ ਕਰ ਕੇ ਸਿੱਖਿਆ ਹੈ।
ਪਰ ਇਸ ਨਗਰੀ ਦੇ ਲੋਕ ਸ਼ਰਾਬ ਪੀਂਦੇ ਹਨ। ਮੈਂ ਸੁਣਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਨੂੰ ਰੱਬ ਆਪਣੀ ਰਾਜਧਾਨੀ ਵਿਚੋਂ ਸੁਗਾਤਾਂ ਨਹੀਂ ਭੇਜਦਾ। ਤੈਨੂੰ ਤਾਂ ਪਤਾ ਹੋਵੇਗਾ, ਕੀ ਇਹ ਗੱਲ ਠੀਕ ਹੈ ਪਿਆਰੇ ਮੇਘ?
ਅਲਕਾ ਦੀਆਂ ਸੁੰਦਰੀਆਂ ਸਾਹਮਣੇ ਝੁਕ ਕੇ ਦੇਵਤੇ ਭੀਖ ਮੰਗਦੇ ਆਮ ਦਿਖਾਈ ਦਿੰਦੇ ਹਨ। ਇਨ੍ਹਾਂ ਸੁੰਦਰੀਆਂ ਦੇ ਘਰ ਦੀਵੇ ਨਹੀਂ ਜਗਦੇ, ਰਤਨ ਜਵਾਹਰ ਰੋਸ਼ਨੀ ਕਰਦੇ ਹਨ। ਕਿਉਂਕਿ ਇਹ ਰਤਨਦੀਪ ਕਦੀ ਬੁਝਦੇ ਨਹੀਂ; ਇਸ ਲਈ ਇਹ ਜੋਬਨ ਮੱਤੀਆਂ ਕਦੀ-ਕਦੀ ਸ਼ਰਮਾਉਂਦੀਆਂ ਹੋਈਆਂ ਚਾਹੁੰਦੀਆਂ ਹਨ ਕਿ ਥੋੜ੍ਹੀ ਕੁ ਦੇਰ ਲਈ ਰਤਨਦੀਪਾਂ ਨੂੰ ਬੁਝਣਾ ਵੀ ਚਾਹੀਦਾ ਹੈ।
ਹਿਮ ਪਰਬਤ ਦੇ ਬਾਂਸ-ਜੰਗਲਾਂ ਵਲ ਵੀ ਝਾਤ ਮਾਰੀਂ। ਅਣਗਿਣਤ ਭੰਵਰੇ ਬਾਂਸ ਦੀਆਂ ਪੋਰੀਆਂ ਵਿਚ ਤੇਜੀ ਨਾਲ ਸੁਰਾਖ ਕੱਢ-ਕੱਢ ਬੀਨਾਂ ਬਣਾਉਂਦੇ ਦਿਖਾਈ ਦੇਣਗੇ। ਉਨ੍ਹਾਂ ਦੇ ਮਧੁਰ ਸਾਜ਼ਾਂ ਨਾਲ ਦੇਵ ਕੰਨਿਆਵਾਂ ਜਦੋਂ ਜੰਗਲ ਵਿਚ ਸੁਰਾਂ ਮਿਲਾ ਕੇ ਵਿਜੈ ਗੀਤ ਗਾਉਣ ਤਦ ਤੂੰ ਵੀ ਆਪਣੀ ਮਰਦੰਗ ਇੰਨੀ ਜ਼ਬਰਦਸਤ ਵਜਾਈਂ ਕਿ ਗੁਫਾਵਾਂ ਵਿਚ ਗੁੰਜਾਰਾਂ ਪੈ ਜਾਣ ਤੇ ਰਿਸ਼ੀ ਦੰਗ ਹੋ ਜਾਣ।
ਆਪਣੇ ਸੁੰਡ ਉਚੇ ਕਰ-ਕਰ ਜੰਗਲੀ ਹਾਥੀ ਜਦੋਂ ਤੇਰਾ ਸਵਾਗਤ ਕਰਨ ਲੱਗਣ, ਤਦ ਤੂੰ ਉਨ੍ਹਾਂ ਦੇ ਗਲਾਂ ਵਿਚ ਜਲ-ਮਣੀਆਂ ਦੇ ਹਾਰ ਪਾ ਦੇਈਂ। ਕਲਪ ਬਿਰਖਾਂ ਦੀਆਂ ਕਰੂੰਬਲਾਂ ਕੋਮਲ ਝੰਡੀਆਂ ਵਰਗੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਸਹਿਜੇ-ਸਹਿਜੇ ਸਹਿਲਾਈਂ।
ਮਥਰਾ ਨਗਰੀ ਦੇ ਰੌਣਕਾਂ ਭਰੇ ਬਾਜ਼ਾਰਾਂ ਦੀ ਚਹਿਲ-ਪਹਿਲ ਕਮਾਲ ਦੀ ਹੈ। ਤੇਰਾ ਵੀ ਦਿਲ ਕਰੇਗਾ ਕਿ ਤੂੰ ਕਿਸੇ ਬਾਜ਼ਾਰ ਵਿਚ ਘੁੰਮੇਂ। ਜੇ ਬਾਜ਼ਾਰ ਵਿਚ ਜਾਏਂ ਤਾਂ ਜੇਬਾਂ ਕੱਸ ਕੇ ਫੜ ਰੱਖੀਂ। ਇਥੇ ਸਿਰੇ ਦੇ ਹੰਢੇ ਹੋਏ ਚੋਰ ਵਸਦੇ ਹਨ। ਫੜੇ ਜਾਣ ਦੀ ਸੂਰਤ ਵਿਚ ਸ਼ਰਮਿੰਦੇ ਹੋਣ ਦੀ ਥਾਂ ਆਖਦੇ ਹਨ, ਕ੍ਰਿਸ਼ਨ ਜੀ ਇਥੇ ਲੰਮਾ ਸਮਾਂ ਰਹੇ, ਅਸੀਂ ਉਨ੍ਹਾਂ ਪਾਸੋਂ ਸਾਰੀਆਂ ਵਿਦਿਆਵਾਂ ਸਿੱਖੀਆਂ ਹਨ।
ਅਲਕਾਪੁਰੀ ਦੇ ਤਾਂ ਕਹਿਣੇ ਹੀ ਕੀ। ਇਥੋਂ ਦੀਆਂ ਸੁੰਦਰੀਆਂ ਕੰਵਲ-ਨਾੜ ਦੇ ਕੜੇ ਪਹਿਨਦੀਆਂ ਹਨ। ਲੋਧਰ ਫੁੱਲਾਂ ਦੀ ਧੂੜੀ ਚਿਹਰੇ ‘ਤੇ ਮਲਦੀਆਂ ਹਨ, ਗੁੱਤਾਂ ਵਿਚ ਕਲੀਆਂ ਟੰਗ ਲੈਂਦੀਆਂ ਹਨ, ਕੰਨਾਂ ਵਿਚ ਸਰੀਂਹ ਦੇ ਫੁੱਲ ਪਹਿਨਦੀਆਂ ਹਨ, ਕਦੰਬ ਪੁਸ਼ਪਾਂ ਵਿਚ ਮਟਕਦੀਆਂ ਨੂੰ ਦੇਖ ਕੇ ਰਾਹੀ ਰੁਕ ਜਾਂਦੇ ਹਨ ਤੇ ਅਸਮਾਨੀਂ ਉਡਦੇ ਪੰਛੀ ਹੇਠਾਂ ਡਿਗਦੇ ਹਨ।
ਗੰਗਾ ਦਾ ਦੁਪੱਟਾ ਮੇਰੀ ਅਲਕਾਪੁਰੀ ਨੇ ਓੜ੍ਹਿਆ ਤਾਂ ਸਿਰ ਉਪਰ ਹੀ ਸੀ ਪਰ ਉਹ ਹੇਠਾਂ ਢਲਕਦਾ ਹੋਇਆ ਇਸ ਦੇ ਸਾਰੇ ਸਰੀਰ ਉਪਰ ਫੈਲ ਗਿਆ ਹੈ।
ਮੇਰੀ ਪ੍ਰੀਤਮਾ ਜੇ ਤੇਰੇ ਪੁੱਜਣ ਵੇਲੇ ਸੁੱਤੀ ਪਈ ਹੋਵੇ ਤਾਂ ਗਰਜਾਂ ਧਮਕਾਂ ਨਾਲ ਡਰਾਈਂ ਨਾ। ਉਸ ਦੇ ਸੁਫਨਿਆਂ ਵਿਚ ਮੈਂ ਮੌਜੂਦ ਹੁੰਦਾ ਹਾਂ। ਉਸ ਦੇ ਜਾਗਣ ਤੱਕ ਤੂੰ ਉਸ ਦਾ ਸੋਹਣਾ ਮੁਖੜਾ ਨਿਸ਼ੰਗ ਦੇਖਦਾ ਰਹੀਂ।
ਜਿਸ ਪਾਸ ਇਹ ਸੁਨੇਹੇ ਲੈ ਕੇ ਜਾਣੇ ਹਨ, ਮੇਰੀ ਪਤਨੀ ਬਾਰੇ ਤੈਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪਵੇਗੀ। ਘਰ ਦੇ ਅੰਦਰ ਕਦੀ ਬਾਹਰ ਨੀਵੀਂ ਪਾਈ ਕੰਮ-ਕਾਜ ਕਰਦੀ ਉਹ ਇਉਂ ਲਗੇਗੀ ਜਿਵੇਂ ਬੱਦਲਵਾਈ ਦੇ ਦਿਨ ਕੰਵਲ ਫੁੱਲ ਫੈਸਲਾ ਨਹੀਂ ਕਰ ਸਕਦਾ, ਖਿੜਾਂ ਕਿ ਬੰਦ ਹੋਵਾਂ। ਉਸ ਨੂੰ ਦੇਖਦਿਆਂ ਤੈਨੂੰ ਆਪੇ ਵਿਸ਼ਵਾਸ ਹੋ ਜਾਵੇਗਾ ਕਿ ਬ੍ਰਹਮਾ ਜੀ ਦੀ ਪਹਿਲੀ ਰਚਨਾ ਉਹੀ ਹੈ। ਨਾ ਉਸ ਤੋਂ ਪਹਿਲਾਂ ਕੁਝ ਸੀ, ਨਾ ਬਾਅਦ ਵਿਚ। ਬਾਕੀ ਦਾ ਸੰਸਾਰ ਦੇਵਤਿਆਂ ਨੇ ਬਣਾਇਆ ਸੀ।

Be the first to comment

Leave a Reply

Your email address will not be published.