ਵੱਖਰੀ ਕਮੇਟੀ: ਦੋਵਾਂ ਧਿਰਾਂ ਵਿਚ ਆਰ-ਪਾਰ ਦੀ ਲੜਾਈ

ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਲੇ ਹਰਿਆਣੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲੈ ਕੇ ਟਕਰਾਅ ਵੱਧਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵਿਚਾਲੇ ਤਣਾਅ ਨੂੰ ਹੱਲ ਕਰਨ ਲਈ ਉੱਚ ਪੱਧਰੀ ਮੀਟਿੰਗ ਵਿਚ ਵੀ ਕਿਸੇ ਠੋਸ ਨਤੀਜੇ ਉੱਤੇ ਨਹੀਂ ਪੁੱਜਿਆ ਜਾ ਸਕਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅਣਮਿਥੇ ਸਮੇਂ ਲਈ ‘ਸੇਵਾ ਸੰਭਾਲ ਮੋਰਚਾ’ ਲਾ ਦਿੱਤਾ ਹੈ। ਦੂਜੇ ਪਾਸੇ ਪੰਜਾਬ ਤੋਂ ਗਏ ਅਕਾਲੀ ਆਗੂ ਸੂਬੇ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਚ ਡਟੇ ਹੋਏ ਹਨ।
ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰੇ ਛੇਵੀਂ ਤੇ ਨੌਵੀਂ ਪਾਤਸ਼ਾਹੀ ਦੇ ਬਾਹਰ ਤੇ ਅੰਦਰ ਦੋਵਾਂ ਧਿਰਾਂ ਦੇ ਹਮਾਇਤੀਆਂ ਵਿਚਾਲੇ ਟਕਰਾਅ ਬਣਿਆ ਹੋਇਆ ਹੈ ਤੇ ਵੱਡੀ ਗਿਣਤੀ ਵਿਚ ਹਰਿਆਣਾ ਪੁਲਿਸ ਤਾਇਨਾਤ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਅਮਲੇ ਦੇ 50 ਹੋਰ ਮੈਂਬਰ ਭੇਜ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ਼ਡੀæ ਐਮ ਵਿਨੈ ਪ੍ਰਤਾਪ ਸਾਰੀ ਸਥਿਤੀ ਉੱਤੇ ਨਜ਼ਰ ਰੱਖ ਰਹੇ ਹਨ। ਵੱਖਰੀ ਕਮੇਟੀ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਬਾਹਰੋਂ ਆ ਰਹੇ ਵਿਅਕਤੀਆਂ ਨੂੰ ਗੁਰਦੁਆਰੇ ਵਿਚੋਂ ਕੱਢਿਆ ਜਾਵੇ। ਪੁਲਿਸ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਮਾਇਤੀਆਂ ਨੂੰ ਬੈਰੀਕੇਡਾਂ ਤੋਂ ਅੱਗੇ ਗੁਰਦੁਆਰੇ ਵਾਲੇ ਪਾਸੇ ਨਹੀਂ ਜਾਣ ਦਿੱਤਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ, ਜਨਰਲ ਸਕੱਤਰ ਜੋਗਾ ਸਿੰਘ ਯਮੁਨਾਨਗਰ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਹਰਿਆਣਾ ਕਮੇਟੀ ਹੋਂਦ ਵਿਚ ਆ ਚੁੱਕੀ ਹੈ ਤੇ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਬੇ ਦੇ ਗੁਰਦੁਆਰਿਆਂ ਉਤੇ ਕਬਜ਼ੇ ਦਾ ਕੋਈ ਅਧਿਕਾਰ ਨਹੀਂ ਹੈ।
ਇਨ੍ਹਾਂ ਦੇ ਕਬਜ਼ੇ ਵਿਚੋਂ ਗੁਰਦੁਆਰੇ ਖਾਲੀ ਕਰਵਾਉਣ ਲਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਲੇ 11 ਜੁਲਾਈ ਤੋਂ ਜ਼ਬਰੀ ਕਬਜ਼ੇ ਕਰੀ ਬੈਠੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਹ ਮਾਮਲਾ ਉਠਾਇਆ ਸੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਪੰਜਾਬ ਤੋਂ ਆਏ ਵਿਅਕਤੀਆਂ ਨਾਲ ਮਹਿਮਾਨਾਂ ਵਾਲਾ ਵਤੀਰਾ ਅਪਣਾ ਰਹੇ ਹਨ ਤੇ ਗੁਰਦੁਆਰਿਆਂ ਦੇ ਅਸਲ ਵਾਰਸਾਂ ਦੀ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਧੇ ਤੌਰੇ ਉੱਤੇ ਹਰਿਆਣਾ ਦੇ ਮਾਮਲਿਆਂ ਵਿਚ ਦਖ਼ਲ ਦੇ ਰਹੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਨੂੰ ਹਰਿਆਣਾ ਦੇ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਰੋਕੇ ਤੇ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਹਰਿਆਣਾ ਕਮੇਟੀ ਨੂੰ ਸੌਂਪਣ ਵਿਚ ਮਦਦ ਕਰੇ।
ਗੁਰਦੁਆਰੇ ਤੋਂ ਕੁਝ ਦੂਰੀ ਉਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਹਮਾਇਤੀਆਂ ਨੇ ਸ਼ਮਿਆਨਾ ਲਾ ਕੇ ਸੇਵਾ ਸੰਭਾਲ ਮੋਰਚਾ ਲਾਂਿeਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ 100 ਤੋਂ ਵੱਧ ਤੇ ਅੰਮ੍ਰਿਤਸਰ ਤੋਂ ਬਾਹਰਲੇ ਗੁਰਦੁਆਰਿਆਂ ਦੇ 150 ਮੁਲਾਜ਼ਮ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਤਾਇਨਾਤ ਕੀਤੇ ਹੋਏ ਹਨ। ਇਨ੍ਹਾਂ ਤੋਂ ਬਿਨਾਂ ਹਰਿਆਣਾ ਸਥਿਤ ਗੁਰਦੁਆਰਿਆਂ ਵਿਚ 500 ਤੋਂ ਵੱਧ ਮੁਲਾਜ਼ਮ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਹੋਏ ਹਨ, ਜਿਨ੍ਹਾਂ ਵਿਚੋਂ 400 ਤੋਂ ਵੱਧ ਮੁਲਾਜ਼ਮ ਹਰਿਆਣਾ ਨਾਲ ਹੀ ਸਬੰਧਤ ਹਨ। ਇਨ੍ਹਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ, ਵਿਧਾਇਕ ਤੇ ਲੋਕ ਸਭਾ ਮੈਂਬਰ ਕਰ ਰਹੇ ਹਨ। ਦੂਜੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਥ ਵਿੰਗ ਵੱਲੋਂ ਕੀਤੀ ਗਈ ਕਾਰਵਾਈ ‘ਤੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਸੀ ਕਿ ਦੋਵਾਂ ਧਿਰਾਂ ਨੂੰ ਆਪਸੀ ਵਿਵਾਦ ਨੂੰ ਵਧਾਉਣ ਵਾਲੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਤੇ ਇਸ ਮਸਲੇ ਨੂੰ ਬਹਿ ਕੇ ਹੱਲ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਹਰਿਆਣਾ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਹੋਂਦ ਵਿਚ ਆ ਚੁੱਕੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਹਰਿਆਣੇ ਦੀ ਕਮੇਟੀ ਨੂੰ ਕਬਜ਼ਾ ਲੈਣ ਵਿਚ ਮਦਦ ਕਰੇ।
___________________________________________
ਅਕਾਲੀਆਂ ਦੇ ਹਰਿਆਣੇ ਵਿਚ ਦਾਖਲੇ ਨੂੰ ਰੋਕੇ ਸਰਕਾਰ: ਝੀਂਡਾ
ਕੁਰੂਕਸ਼ੇਤਰ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਹੈ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ। ਇਸ ਲਈ ਹਰਿਆਣਾ ਸਰਕਾਰ ਨੂੰ ਸਖ਼ਤ ਹੋਣਾ ਚਾਹੀਦਾ ਹੈ ਤੇ ਹਰਿਆਣਾ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਅਕਾਲੀਆਂ ਨੂੰ ਇਥੇ ਆਉਣ ਤੋਂ ਰੋਕਣਾ ਚਾਹੀਦਾ ਹੈ। ਇਸ ਲਈ ਹਰਿਆਣਾ ਸਰਕਾਰ, ਕੇਂਦਰ ਸਰਕਾਰ ਨੂੰ ਵੀ ਅਪੀਲ ਕਰ ਸਕਦੀ ਹੈ। ਪੰਜਾਬ ਦੇ ਵਿਧਾਇਕ, ਐਮæਪੀæ ਤੇ ਮੰਤਰੀ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਭੜਕਾਊ ਭਾਸ਼ਣ ਦੇ ਕੇ ਉਨ੍ਹਾਂ ਨੂੰ ਭੜਕਾਅ ਕਰ ਰਹੇ ਹਨ।
____________________________________________
ਵੱਖਰੀ ਕਮੇਟੀ ਦਾ ਮਸਲਾ ਛੇਤੀ ਸੁਲਝਾ ਲਿਆ ਜਾਵੇਗਾ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮਸਲੇ ਦਾ ਹੱਲ ਜਲਦੀ ਕੱਢ ਲਿਆ ਜਾਵੇਗਾ। ਜਥੇਦਾਰ ਨੇ ਦੋਵਾਂ ਧਿਰਾਂ ਨੂੰ ਹਦਾਇਤ ਕੀਤੀ ਕਿ ਉਹ ਟਕਰਾਅ ਦੀ ਥਾਂ ਅਮਨ ਚੈਨ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਉਨ੍ਹਾਂ ਬੀਤੇ ਦਿਨੀਂ ਬਿਆਨ ਜਾਰੀ ਕੀਤਾ ਸੀ ਕਿ ਹਰਿਆਣਾ ਦੇ ਸਿੱਖ ਆਗੂ ਸਟੇਟਸ ਕੋ ਬਣਾਈ ਰੱਖਣ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਸਾਰਥਕ ਹੱਲ ਨਾ ਨਿਕਲਿਆ ਤਾਂ ਸਥਿਤੀ ਵਿਸਫੋਟਕ ਹੋ ਸਕਦੀ ਹੈ। ਇਸ ਲਈ ਦੋਵੇਂ ਧਿਰਾਂ ਫਜ਼ੂਲ ਦੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਹਰਿਆਣਾ ਦੇ ਸਿੱਖਾਂ ਨਾਲ ਵਿਤਕਰਾ ਨਾ ਕਰਦੇ ਤਾਂ ਨੌਬਤ ਇਥੋਂ ਤੱਕ ਨਹੀਂ ਆਉਣੀ ਸੀ। ਸਿੰਘ ਸਾਹਿਬ ਕਿਹਾ ਕਿ ਹਰਿਆਣਾ ਦੀ ਵੱਖਰੀ ਬਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੈਨੇਜਰਾਂ ਨੂੰ ਬੁਲਾਉਣਾ ਗਲਤ ਹੈ।

Be the first to comment

Leave a Reply

Your email address will not be published.