ਬਲਜੀਤ ਬਾਸੀ
ਆਰੀਆ ਇਕ ਅਜਿਹਾ ਪਦ ਹੈ ਜੋ ਵੱਖ ਵੱਖ ਪ੍ਰਸੰਗਾਂ ਵਿਚ ਵੱਖੋ ਵੱਖ ਅਰਥਾਂ ਦਾ ਧਾਰਨੀ ਹੈ। ਆਰੀਆ ਨਸਲ, ਆਰੀਆ ਭਾਸ਼ਾ, ਆਰੀਆ ਲੋਕ ਅਜਿਹੇ ਸੰਕਲਪ ਹਨ ਜਿਨ੍ਹਾਂ ਬਾਰੇ ਵਿਦਵਾਨਾਂ ਵਿਚ ਜ਼ਬਰਦਸਤ ਮਤਭੇਦ ਹਨ। ਦੁਨੀਆਂ ਭਰ ਦੇ ਭਿੰਨ ਭਿੰਨ ਲੋਕਾਂ ਵਿਚ ਇਹ ਭਿੰਨ ਭਿੰਨ ਤਰ੍ਹਾਂ ਦੇ ਭਾਵ ਜਗਾਉਂਦਾ ਹੈ। ਭਾਰਤੀ ਲੋਕ ਪ੍ਰਾਚੀਨ ਕਾਲ ਤੋਂ ਹੀ ਆਰੀਆ ਸ਼ਬਦ ਬਾਰੇ ਖੂਬ ਜਾਣਦੇ ਹਨ। ਕਿਸੇ ਵੇਲੇ ਭਾਰਤ ਨੂੰ ਹੀ ਆਰੀਆਵਰਤ ਕਿਹਾ ਜਾਂਦਾ ਸੀ ਅਰਥਾਤ ਆਰੀਆਂ ਦਾ ਦੇਸ਼। ਇਥੇ ਆਰੀਆ ਸਮਾਜ ਨਾਂ ਦਾ ਇਕ ਹਿੰਦੂ ਫਿਰਕਾ ਹੈ। ਕਈਆਂ ਦਾ ਆਰੀਆ ਗੋਤ ਹੈ। ਅੱਜ ਤੋਂ ਕੋਈ 2500 ਸਾਲ ਪਹਿਲਾਂ ਆਰੀਆ ਭੱਟ ਨਾਂ ਦਾ ਇਕ ਮਹਾਨ ਭਾਰਤੀ ਗਣਿਤਕਾਰ ਹੋਇਆ ਹੈ। ਰਿਗ ਵੇਦ ਵਿਚ ਕੋਈ 36 ਵਾਰੀ ਇਹ ਸ਼ਬਦ ਆਇਆ ਹੈ। ਇਕ ਥਾ ਲਿਖਿਆ ਹੈ, “ਪਰਜਾ ਆਰੀਆ ਜਯੋਤਰ ਗ੍ਰਹ” ਅਰਥਾਤ ਆਰੀਆ ਦੇ ਬੱਚੇ ਪ੍ਰਕਾਸ਼ ਤੋਂ ਅਗਵਾਈ ਲੈਂਦੇ ਹਨ। ਭਾਰਤ ਦੇ ਪ੍ਰਾਚੀਨ ਸਾਹਿਤ ਵਿਚ ਉਚ ਕੁਲ ਦੇ ਬੰਦੇ ਲਈ ਆਰੀਆਪੁਤਰ ਸ਼ਬਦ ਵਰਤਿਆ ਗਿਆ ਹੈ। ਰਾਮਾਇਣ ਵਿਚ ਰਾਮ ਚੰਦਰ ਨੂੰ ਆਰੀਆ ਕਿਹਾ ਗਿਆ ਹੈ। ਵਿਸ਼ਵ ਪ੍ਰਸੰਗ ਵਿਚ ਮੋਟੇ ਤੌਰ ‘ਤੇ ਆਰੀਆ ਸ਼ਬਦ ਉਨ੍ਹਾਂ ਲੋਕਾਂ ਲਈ ਵਰਤਿਆ ਗਿਆ ਸੀ ਜੋ ਪ੍ਰਾਗ-ਇਤਿਹਾਸਕ ਕਾਲ ਵਿਚ ਉਤਰ ਪੱਛਮੀ ਭਾਰਤ ਅਤੇ ਇਰਾਨ ਵਿਚ ਵਸਦੇ ਸਨ। ਉਨ੍ਹਾਂ ਦੀ ਭਾਸ਼ਾ ਨੂੰ ਵੀ ਆਰੀਆ ਭਾਸ਼ਾ ਕਿਹਾ ਗਿਆ ਜਿਸ ਨੂੰ ਅੱਜ ਕਲ੍ਹ ਪ੍ਰਾਚੀਨ ਹਿੰਦ-ਯੂਰਪੀ ਭਾਸ਼ਾ ਕਿਹਾ ਜਾਣ ਲੱਗਾ ਹੈ।
ਉਨ੍ਹੀਵੀਂ ਸਦੀ ਵਿਚ ਆਰੀਆ ਨਸਲ ਦਾ ਸੰਕਲਪ ਪੈਦਾ ਹੋਇਆ ਜੋ ਯੂਰਪ ਵਿਚ ਵੀਹਵੀਂ ਸਦੀ ਦੇ ਅੱਧ ਤੱਕ ਲੋਕਾਂ ਦੇ ਦਿਮਾਗਾਂ ਵਿਚ ਛਾਇਆ ਰਿਹਾ। ਇਸ ਵੇਲੇ ਆਰੀਆ ਨਸਲ ਦੇ ਵਿਚਾਰ ਨੇ ਯੂਰਪ ਨੂੰ ਵੀ ਆਪਣੇ ਕਲੇਵਰ ਵਿਚ ਲੈ ਆਂਦਾ। ਮੁਢਲੇ ਤੌਰ ‘ਤੇ ਆਰੀਆ ਸ਼ਬਦ ਵਧੇਰੇ ਤੌਰ ‘ਤੇ ਇਕ ਭਾਸ਼ਾ ਬੋਲਦੇ ਲੋਕਾਂ ਦੇ ਸਮੂਹ ਲਈ ਵਰਤਿਆ ਗਿਆ ਸੀ ਪਰ ਹੌਲੀ-ਹੌਲੀ ਇਹ ਇਕ ਵਿਸ਼ੇਸ਼ ਨਸਲ ਵਜੋਂ ਉਭਰਨ ਲੱਗਾ, ਯੂਰਪ ਦੇ ਚਿੱਟੇ ਲੋਕਾਂ ਨੂੰ ਸ਼ੁਧ ਆਰਿਆਈ ਕਿਹਾ ਗਿਆ। ਇਸ ਨਾਲ ਚਿੱਟੀ ਨਸਲ ਦੇ ਲੋਕਾਂ ਦੀ ਉਤਮਤਾ ਦਾ ਵਿਚਾਰ ਉਜਾਗਰ ਹੋਣ ਲੱਗਾ। ਫਲਸਰੂਪ ਯੂਰਪ ਵਿਚ ਆਰੀਆਪ੍ਰਸਤੀ ਜਿਹੀ ਘੋਰ ਨਸਲਵਾਦੀ ਪ੍ਰਵਿਰਤੀ ਨੇ ਜਨਮ ਲਿਆ। ਨਾਜ਼ੀਵਾਦ ਜਾਂ ਫਾਸ਼ੀਵਾਦ ਜਿਹੀ ਵਿਚਾਰਧਾਰਾ ਇਸੇ ਦੀ ਉਪਜ ਸੀ। ਆਰੀਆ ਨੂੰ ਸਾਮੀ ਲੋਕਾਂ ਤੋਂ ਇਕ ਵੱਖਰੀ, ਸਰਬੋਤਮ ਤੇ ਦੁਨੀਆਂ ਦੀ ਸੁਆਮੀ ਨਸਲ ਦੇ ਤੌਰ ‘ਤੇ ਪ੍ਰਚਾਰਿਆ ਗਿਆ। ਸਿੱਟੇ ਵਜੋਂ ਜਰਮਨੀ ਆਦਿ ਦੇਸ਼ਾਂ ਵਿਚ ਜ਼ਬਰਦਸਤ ‘ਨਸਲੀ’ ਤਣਾਅ ਪੈਦਾ ਹੋ ਗਿਆ। ਹਿਟਲਰ ਜਿਹੀ ਪਾਪੀ ਸ਼ਖਸੀਅਤ ਦਾ ਉਭਾਰ ਇਸੇ ਵਿਚਾਰਧਾਰਕ ਮਾਹੌਲ ਦੀ ਦੇਣ ਸੀ ਜਿਸ ਦੇ ਦੁਖਾਂਤਕ ਪਰਿਣਾਮ ਸਭ ਜਾਣਦੇ ਹਨ। ਨਾਜ਼ੀਵਾਦ ਅਨੁਸਾਰ ਆਰੀਆ ਗ਼ੈਰ-ਯਹੂਦੀ ਲੋਕਾਂ ਦਾ ਬੰਦਾ ਹੈ, ਖਾਸ ਤੌਰ ‘ਤੇ ਜਰਮਨ ਮੂਲ ਦਾ। ਅਮਰੀਕਾ ਵਿਚ ਵੀ ਕਾਕੇਸ਼ਿਆਈ ਨਸਲ ਦੇ ਗੈਰ-ਯਹੂਦੀ ਬੰਦੇ ਨੂੰ ਆਰੀਆ ਸਮਝਿਆ ਜਾਂਦਾ ਹੈ।
ਸੋਲਵੀਂ ਸਦੀ ਵਿਚ ਲਾਤੀਨੀ ਅਤੇ ਗਰੀਕ ਸਾਹਿਤ ਵਿਚ ਇਰਾਨ ਦੇ ਪੂਰਬੀ ਖੇਤਰ ਅਤੇ ਇਥੋਂ ਦੇ ਵਸਨੀਕਾਂ ਨੂੰ ਆਰੀਅਨ ਕਿਹਾ ਜਾਂਦਾ ਸੀ। ਫਿਰ ਹਿੰਦ-ਯੂਰਪ ਦੇ ਲਾਤੀਨੀ, ਗਰੀਕ, ਜਰਮਨ ਤੇ ਹੋਰ ਲੋਕਾਂ ਦੀਆ ਭਾਸ਼ਾਵਾਂ ਨੂੰ ਵੀ ਇਹ ਨਾਂ ਮਿਲਿਆ। ਬਾਅਦ ਵਿਚ ਕੈਲਟ, ਬੈਤ, ਸਲਾਵ ਆਦਿ ਦੇ ਬੋਲਣਹਾਰਿਆਂ ਨੂੰ ਇਸ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਪਿਛੇ ਇਹ ਦਲੀਲ ਕੰਮ ਕਰ ਰਹੀ ਹੈ ਕਿ ਇਹ ਸਾਰੇ ਇਕ ਆਦਿਮ-ਹਿੰਦ-ਯੂਰਪੀ ਭਾਸ਼ਾ ਬੋਲਦੇ ਸਨ ਜਿਸ ਦੇ ਅਜੋਕੇ ਜਾਨਸ਼ੀਨ ਆਰਿਆਈ ਹਨ। ਅਸਲ ਵਿਚ ਉਨੀਵੀਂ ਸਦੀ ਵਿਚ ਮੈਕਸਮੁਲਰ ਜਿਹੇ ਯੂਰਪੀ ਵਿਦਵਾਨਾਂ ਨੇ ਸੰਸਕ੍ਰਿਤ ਦੇ ਪੁਰਾਤਨ ਗ੍ਰੰਥਾਂ ਦਾ ਅਧਿਐਨ ਕਰਨ ਪਿਛੋਂ ਸੰਸਕ੍ਰਿਤ ਅਤੇ ਯੂਰਪੀ ਭਾਸ਼ਾਵਾਂ ਦੇ ਸ਼ਬਦਾਂ ਵਿਚ ਸਪਸ਼ਟ ਸਾਂਝ ਅਨੁਭਵ ਕੀਤੀ। ਇਸ ਭਾਸ਼ਾਈ ਸਾਂਝ ਤੋਂ ਇਨ੍ਹਾਂ ਦੇ ਬੋਲਣਹਾਰਿਆਂ ਨੂੰ ਇਕੋ ਅਸਲੇ ਦੇ ਸਮਝਿਆ ਗਿਆ। ਭਾਰਤੀ ਵਿਦਵਾਨਾਂ ਵਿਚ ਇਸ ਵਿਚਾਰ ਤੋਂ ਦੋ ਤਰ੍ਹਾਂ ਦੇ ਵਿਰੋਧੀ ਪ੍ਰਤਿਕ੍ਰਮ ਪੈਦਾ ਹੋਏ। ਕੁਝ ਆਪਣੇ ਆਪ ਨੂੰ ਯੂਰਪੀ ਗੋਰਿਆਂ ਦੇ ਸਕੇ ਸਮਝਦੇ ਹੋਏ ਫੂਕ ਵਿਚ ਆ ਗਏ। ਦੂਜੇ ਇਸ ਦੀ ਉਤਮਤਾ ਦੇ ਵਿਚਾਰ ਤੋਂ ਇਹ ਸਾਬਿਤ ਕਰਨ ਲੱਗ ਪਏ ਕਿ ਆਰਿਆਈ ਨਸਲ ਦੇ ਲੋਕ ਅਸਲ ਵਿਚ ਭਾਰਤ ਦੇ ਆਦਿਮ ਵਸਨੀਕ ਸਨ ਤੇ ਇਥੋਂ ਹੀ ਉਠ ਕੇ ਹੋਰ ਦੁਨੀਆਂ ਵਿਚ ਫੈਲੇ। ਇਸ ਤਰ੍ਹਾਂ ਉਹ ਸੰਸਕ੍ਰਿਤ ਨੂੰ ਕੁਲ ਹਿੰਦ-ਆਰਿਆਈ ਭਾਸ਼ਾ ਪਰਿਵਾਰ, ਇਥੋਂ ਤੱਕ ਕਿ ਸਾਰੀਆਂ ਭਾਸ਼ਾਵਾਂ ਦੀ ਜਣਨੀ ਸਮਝਣ ਲੱਗ ਪਏ। ਚਿੱਟੇ ਲੋਕਾਂ ਅਤੇ ਆਰੀਆਂ ਦੇ ਸਰਵੋਤਮ ਹੋਣ ਦਾ ਏਨਾ ਖਬਤ ਹੈ ਕਿ ਇਰਾਨ ਵਿਚ ਵੀ ਇਹ ਵਿਚਾਰ ਪਾਇਆ ਜਾਂਦਾ ਹੈ ਕਿ ਆਰਿਆਈ ਨਸਲ ਤੇ ਭਾਸ਼ਾਵਾਂ ਪ੍ਰਾਚੀਨ ਫਾਰਸ ਤੋਂ ਹੋਰ ਦੁਨੀਆਂ ਵਿਚ ਫੈਲੀਆਂ। ਇਸ ਦੇ ਪੱਖ ਵਿਚ ਕਈ ਅਰਧ-ਵਿਗਿਆਨਕ ਦਲੀਲਾਂ ਦਿੱਤੀਆਂ ਜਾਂਦੀਆਂ ਹਨ।
ਅਸਲ ਵਿਚ ਇਰਾਨ ਸ਼ਬਦ ਆਰੀਆ ਤੋਂ ਹੀ ਬਣਿਆ ਹੈ। ਇਸ ਦਾ ਪ੍ਰਾਚੀਨ ਨਾਂ ਆਰਿਆਨਾ (ਆਰੀਆਂ ਦਾ ਦੇਸ਼) ਸੀ। ਅਵੇਸਤਾ ਵਿਚ ਵੀ ਐਰਿਆ/ਐਰਿਅਨ ਜਿਹੇ ਸ਼ਬਦ ਮਿਲਦੇ ਹਨ। ਇਤਿਹਾਸਕ ਤੌਰ ‘ਤੇ ‘ਇਰਾਨਸ਼ਹਰ’ ਜਾਂ ‘ਇਰਾਨਜ਼ਮੀਨ’ ਨਾਂਵਾਂ ਵਿਚ ਸੰਸਕ੍ਰਿਤਕ ਤੌਰ ‘ਤੇ ਇਕ ਵਿਆਪਕ ਇਰਾਨ ਦੀ ਝਲਕ ਪੈਂਦੀ ਹੈ। ਕੁਝ ਇਰਾਨ ਨਾਲ ਸਾਂਝ ਰਖਦੇ ਕਬੀਲਿਆਂ ਦੇ ਨਾਂਵਾਂ ਵਿਚ ਵੀ ਇਸ ਸ਼ਬਦ ਦੀ ਗੂੰਜ ਸੁਣਾਈ ਦਿੰਦੀ ਹੈ ਜਿਵੇਂ ‘ਅਲਾਨੀ’ ਅਤੇ ‘ਇਰ।’ ਅੱਜ ਤੋਂ ਕੋਈ ਢਾਈ ਹਜ਼ਾਰ ਸਾਲ ਪਹਿਲਾਂ ਪੈਦਾ ਹੋਏ ਮਹਾਨ ਫਾਰਸੀ ਸਮਰਾਟ ਦੇਰੀਅਸ (ਅਜੋਕੀ ਫਾਰਸੀ ਵਿਚ ਦਾਰਯੂਸ਼) ਬਾਰੇ ਮਿਲੀ ਇਕ ਸਿਲਾਲੇਖ ਵਿਚ ਕੁਝ ਅਜਿਹਾ ਲਿਖਿਆ ਮਿਲਦਾ ਹੈ,
ਮੈਂ ਦੇਰੀਅਸ ਹਾਂ, ਮਹਾਨ ਰਾਜਾ, ਰਾਜਿਆਂ ਦਾ ਰਾਜਾ
ਅਨੇਕਾਂ ਦੇਸ਼ਾਂ ਅਤੇ ਅਨੇਕਾਂ ਲੋਕਾਂ ਦਾ ਰਾਜਾ
ਫਾਰਸੀ ਹਾਂ ਮੈਂ ਫਾਰਸੀ ਦਾ ਪੁਤਰ
ਆਰਿਆਈ ਨਸਲ ਦਾ ਆਰਿਆਈ।
ਅੱਜ ਆਰੀਆ ਸ਼ਬਦ ਇਕ ਵਿਸ਼ੇਸ਼ ਨਸਲ ਦੇ ਲੋਕਾਂ ਲਈ ਵਰਤਣ ਤੋਂ ਸੰਕੋਚ ਕੀਤਾ ਜਾਂਦਾ ਹੈ। ਆਲੋਚਕਾਂ ਅਨੁਸਾਰ ਲੋਕਾਂ ਦਾ ਇਹ ਵਿਸ਼ਾਲ ਸਮੂਹ ਨਾ ਇਕ ਭਾਸ਼ਾ ਬੋਲਦਾ ਹੋ ਸਕਦਾ ਹੈ ਤੇ ਨਾ ਹੀ ਇਕ ਨਸਲ ਦਾ ਹੋ ਸਕਦਾ ਹੈ। ਅਸਲ ਵਿਚ ਕਥਿਤ ਆਰੀਆਂ ਵਿਚ ਅਨੇਕਾਂ ਅਨੇਕ ਕਬੀਲੇ ਸ਼ਾਮਿਲ ਹੋਣਗੇ।
ਆਰੀਆ ਸ਼ਬਦ ਦੇ ਸੰਸਕ੍ਰਿਤ ਵਿਚ ਸ਼ਬਦਜੋੜ ਹਨ ‘ਆਰਯ’ ਅਤੇ ਅਰਥ ਹਨ ਆਦਰਯੋਗ, ਵਿਸ਼ਵਾਸਯੋਗ, ਮਿੱਤਰ, ਕੁਲੀਨ, ਸ੍ਰੇਸ਼ਟ, ਸਭਿਆ, ਸੁਆਮੀ। ਅਮਰਕੋਸ਼ ਵਿਚ ਆਰੀਆ ਬਾਰੇ ਇਸ ਤਰ੍ਹਾਂ ਲਿਖਿਆ ਮਿਲਦਾ ਹੈ, “ਮਹਾਕੁਲ ਕੁਲਿਨਾਰਯ ਸਭਯ ਸਜਨ ਸਦਭਾਵ” ਅਰਥਾਤ ਆਰੀਆ ਉਚਕੁਲੀਨ, ਸਾਊ, ਚੰਗੇ ਸੁਭਾਅ ਅਤੇ ਸਹੀ ਵਤੀਰੇ ਵਾਲਾ ਵਿਅਕਤੀ ਹੈ। ਜ਼ੈਂਦ ਵਿਚ ਐਰੀਆ ਦਾ ਮਤਲਬ ਆਦਰਯੋਗ ਹੈ। ਆਰੀਆ ਸ਼ਬਦ ਦੀ ਅਜੇ ਤੱਕ ਕੋਈ ਸਰਵਪ੍ਰਵਾਣਿਤ ਤਸੱਲੀਬਖਸ਼ ਵਿਉਤਪਤੀ ਨਹੀਂ ਮਿਲ ਸਕੀ। ਕਈ ਸੁਝਾਅ ਤਜਵੀਜ਼ ਕੀਤੇ ਗਏ ਹਨ। ਇਕ ਵਿਚਾਰ ਅਨੁਸਾਰ ਇਹ ਭਾਰੋਪੀ (ਭਾਰੋਪੀ ਬਾਰੇ ਚਰਚਾ ਇਕ ਹੋਰ ਲੇਖ ਵਿਚ ਕੀਤੀ ਜਾਵੇਗੀ) ਮੂਲ ‘ਆਰ-ਯੋ’ ਤੋਂ ਬਣਿਆ ਹੈ। ਆਰ ਦਾ ਮਤਲਬ ਹੈ ਚੰਗੀ ਤਰ੍ਹਾਂ ਜੁੜਿਆ ਜਾਂ ਸਜਿਆ। ਲਾਤੀਨੀ ਹਰਮਾ (ਰਥ) ਅਤੇ ਅਰਿਸਟੋਸ (ਜਿਸ ਤੋਂ ਅੰਗਰੇਜ਼ੀ ਅਰਿਸਟੋਕਰੇਸੀ) ਸ਼ਬਦ ਬਣਿਆ), ਲਾਤੀਨੀ ਆਰਸ (ਆਰਟ=ਕਲਾ) ਇਸੇ ਮੂਲ ਤੋਂ ਬਣੇ ਹਨ। ਇਸ ਹਿਸਾਬ ਨਾਲ ਆਰੀਆ ਸ਼ਬਦ ਦਾ ਅਰਥ ਬਣਦਾ ਹੈ-ਜੋ ਕੁਸ਼ਲਤਾ ਸਹਿਤ ਜੋੜਦਾ ਹੈ। ਠੀਕ ਤਰ੍ਹਾਂ ਜੁੜੇ ਹੋਣ ਦੇ ਅਰਥ ਵਜੋਂ ਅਰਤ ਸ਼ਬਦ ਪ੍ਰਾਚੀਨ ਹਿੰਦ-ਆਰਿਆਈ ਸੰਕਲਪ ਹੈ ਜੋ ਅੰਤਮ ਤੌਰ ‘ਤੇ ਬ੍ਰਹਿਮੰਡਕ ਪ੍ਰਬੰਧ ਦੇ ਸੰਕਲਪ ਵਜੋਂ ਉਭਰਦਾ ਹੈ। ਇਕ ਹੋਰ ਸੁਝਾਅ ਅਨੁਸਾਰ ‘ਅਰ’ ਦਾ ਅਰਥ ਜਾਣਾ, ਅੱਗੇ ਵਧਣਾ ਹੈ। ਅਰ ਜੁਜ਼ ਦਾ ਅਰਥ ਹਲ ਚਲਾਉਣਾ ਵੀ ਦੱਸਿਆ ਗਿਆ ਹੈ, ਇਸ ਤਰ੍ਹਾਂ ਆਰੀਆ ਦਾ ਅਰਥ ਹੋਇਆ ਹਲਵਾਹਕ। ਇਕ ਸੁਝਾਅ ਅਨੁਸਾਰ ਇਸ ਦੇ ਅਰਥ ਫਿਟ ਹੋਣਾ ਹੈ ਅਰਥਾਤ ਜੋ ਤੁਹਾਡਾ ਸਾਥੀ ਬਣਨ ਦੇ ਯੋਗ ਹੈ। ਸੰਸਕ੍ਰਿਤ ਧਾਤੂ ‘ਰੀ’ ਵਿਚ ਵੀ ਇਹ ਅਰਥ ਨਿਹਿਤ ਹਨ ਇਸ ਲਈ ਇਸ ਧਾਤੂ ਨੂੰ ਵੀ ਇਸ ਸ਼ਬਦ ਦਾ ਨਿਰਮਾਤਾ ਸਮਝਿਆ ਜਾਂਦਾ ਹੈ।
ਆਦਿਮ ਹਿੰਦ-ਯੂਰਪੀ ਲੋਕ ਕੋਈ ਛੇ ਹਜ਼ਾਰ ਸਾਲ ਪਹਿਲਾਂ ਕਾਲੇ ਸਾਗਰ ਦੇ ਸਟੈਪੀ ਦੇ ਮੈਦਾਨਾਂ ਵਿਚ ਵਸਦੇ ਸਨ। ਇਹ ਨਵ-ਪੱਥਰ ਯੁੱਗ ਦੀ ਗੱਲ ਹੈ। ਇਥੋਂ ਇਨ੍ਹਾਂ ਲੋਕਾਂ ਦੀਆਂ ਹੋਰ ਸ਼ਾਖਾਵਾਂ ਅੱਗੇ ਅਨਾਤੋਲੀਆ (ਮੋਟੇ ਤੌਰ ‘ਤੇ ਅਜੋਕਾ ਤੁਰਕੀ), ਗਰੀਸ, ਪੱਛਮੀ ਯੂਰਪ, ਮੱਧ ਏਸ਼ੀਆ ਤੇ ਦੱਖਣੀ ਸਾਇਬੇਰੀਆ ਪ੍ਰਵਾਸ ਕਰ ਗਏ। ਖਿਆਲ ਕੀਤਾ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਨੇ ਪਸ਼ੂ, ਘੋੜਾ ਅਤੇ ਕੁੱਤੇ ਨੂੰ ਪਾਲਤੂ ਬਣਾਇਆ, ਅੰਨ ਉਗਾਉਣਾ ਸ਼ੁਰੂ ਕੀਤਾ ਅਤੇ ਹਲ ਦੀ ਕਾਢ ਕੱਢੀ। ਇਨ੍ਹਾਂ ਨੇ ਪਹੀਆ ਈਜਾਦ ਕਰਕੇ ਰੱਥ ਬਣਾ ਲਿਆ। ਇਨ੍ਹਾਂ ਦਾ ਸਮਾਜ ਮੋਟੇ ਤੋਰ ‘ਤੇ ਪਿਤਾ ਪੁਰਖੀ ਸੀ। ਕਈ ਹਿੰਦ-ਯੂਰਪੀ ਭਾਸ਼ਾਵਾਂ ਵਿਚ ਘੋੜੇ ਲਈ ਵਰਤੇ ਜਾਂਦੇ ਸ਼ਬਦਾਂ ਵਿਚ ਧੁਨੀ ਦੀ ਸਮਾਨਤਾ ਹੈ ਜਿਵੇਂ ਲਾਤੀਨੀ ਇਕੁਸ, ਫਾਰਸੀ ਅਸਪ ਸੰਸਕ੍ਰਿਤ ਅਸ਼ਵ। ਇਸੇ ਤਰ੍ਹਾਂ ਗਊ ਲਈ ਵੀ ਸਮੂਲਕ ਸ਼ਬਦ ਹਨ। ਇਸ ਸਭਿਅਤਾ ਵਿਚ ਬੰਦੇ ਦੀ ਦੌਲਤ ਉਸ ਕੋਲ ਪਸ਼ੂਆਂ ਦੀ ਗਿਣਤੀ ਤੋਂ ਲਾਈ ਜਾਂਦੀ ਸੀ। ਪਸ਼ੂ ਸ਼ਬਦ ਦੇ ਹੋਰ ਹਿੰਦ-ਯੂਰਪੀ ਭਾਸ਼ਾਵਾਂ ਵਿਚ ਸੁਜਾਤੀ ਸ਼ਬਦ ਮਿਲਦੇ ਹਨ। ਮਿਸਾਲ ਵਜੋਂ ਭਾਰਤੀ ਭਾਸ਼ਾਵਾਂ ਦਾ ਪਸ਼ੂ, ਅੰਗਰੇਜ਼ੀ ਾee ਅਤੇ ਲਾਤੀਨੀ ਪeਚੁਨਅਿ। ਹਿੰਦ-ਯੂਰਪੀ ਭਾਸ਼ਾ ਪਰਿਵਾਰ ਵਿਚ ਅਨੇਕਾਂ ਉਤਰੀ ਭਾਰਤੀ, ਇਰਾਨੀ ਅਤੇ ਯੂਰਪੀ ਭਾਸ਼ਾਵਾਂ ਸ਼ਾਮਿਲ ਹਨ। ਅਜੋਕੇ ਅਨੁਮਾਨਾਂ ਅਨੁਸਾਰ ਇਨ੍ਹਾਂ ਦੀ ਗਿਣਤੀ ਕੋਈ ਸਾਢੇ ਚਾਰ ਸੌ ਤੱਕ ਪਹੁੰਚ ਜਾਂਦੀ ਹੈ। ਉਤਰੀ ਭਾਰਤ ਦੀਆਂ ਭਾਸ਼ਾਵਾਂ ਹਿੰਦ-ਯੂਰਪੀ ਹਨ ਜਿਨ੍ਹਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ। ਦੁਨੀਆਂ ਭਰ ਦੀਆਂ 20 ਵੱਡੀਆਂ ਭਾਸ਼ਾਵਾਂ ਵਿਚੋਂ 12 ਹਿੰਦ-ਯੂਰਪੀ ਹਨ। ਇਹ ਹਨ ਸਪੇਨਿਸ਼, ਅੰਗਰੇਜ਼ੀ, ਹਿੰਦੀ, ਪੁਰਤਗੀਜ਼, ਬੰਗਾਲੀ, ਰੂਸੀ, ਜਰਮਨ, ਪੰਜਾਬੀ, ਮਰਾਠੀ, ਫਰਾਂਸੀਸੀ, ਉਰਦੂ ਅਤੇ ਇਤਾਲਵੀ। ਇਨ੍ਹਾਂ ਨੂੰ ਭਾਰੋਪੀ (ਭਾਰਤੀ+ਯੂਰਪੀ ਦਾ ਸੰਖੇਪ) ਭਾਸ਼ਾਵਾਂ ਵੀ ਕਿਹਾ ਜਾਂਦਾ ਹੈ। ਮੈਂ ਇਨ੍ਹਾਂ ਕਾਲਮਾਂ ਵਿਚ ਇਹ ਪਦ ਆਮ ਹੀ ਵਰਤਦਾ ਹਾਂ। ਇਕੋ ਪਰਿਵਾਰ ਦੀਆਂ ਹੋਣ ਕਾਰਨ ਵਿਦਵਾਨਾਂ ਨੇ ਇਨ੍ਹਾਂ ਭਾਸ਼ਾਵਾਂ ਦੀ ਅਰਥ ਤੇ ਧੁਨੀ ਦੀ ਸਾਂਝ ਦਰਸਾਈ ਹੈ। ਇਕ ਹੋਰ ਲੇਖ ਵਿਚ ਇਸ ਵਿਸ਼ੇ ਬਾਰੇ ਹੋਰ ਚਾਨਣਾ ਪਾਇਆ ਜਾਵੇਗਾ ਤੇ ਨਾਲ ਹੀ ਆਰੀਆ ਸ਼ਬਦ ਤੋਂ ਬਣੇ ਕੁਝ ਆਮ ਵਰਤੀਂਦੇ ਸ਼ਬਦਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।
Leave a Reply