ਚੰਡੀਗੜ੍ਹ: ਪਰਵਾਸੀ ਲਾੜੀਆਂ ਵੱਲੋਂ ਪੰਜਾਬੀ ਨੌਜਵਾਨਾਂ ਨੂੰ ‘ਡਾਲਰਾਂ ਦੇ ਸਬਜ਼ਬਾਗ’ ਦਿਖਾ ਕੇ ਉਨ੍ਹਾਂ ਨਾਲ ਵਿਆਹ ਦੇ ਬਹਾਨੇ ਠੱਗੀ ਮਾਰੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਐਨæਆਰæਆਈæ ਵਿੰਗ ਸਮੇਤ ਸੂਬੇ ਦੇ ਪੁਲਿਸ ਸਟੇਸ਼ਨਾਂ ਵਿਚ ਇਸ ਸਾਲ ਅਜਿਹੇ ਤਕਰੀਬਨ 40 ਮਾਮਲੇ ਦਰਜ ਹੋ ਚੁੱਕੇ ਹਨ। ਸਰਕਾਰੀ ਅੰਕੜਿਆਂ ਵਿਚ ਪਰਵਾਸੀ ਲਾੜਿਆਂ ਵੱਲੋਂ ਲਾੜੀਆਂ ਦੀ ਬੇਕਦਰੀ ਕਰਨਾ ਜਾਰੀ ਹੈ ਪਰ ਇਹ ਗਿਣਤੀ ਕੁਝ ਘਟ ਗਈ ਹੈ।
ਮਹਿਲਾਵਾਂ ਵੱਲੋਂ ਪਰਵਾਸੀ ਲਾੜਿਆਂ ਖ਼ਿਲਾਫ਼ ਇਸ ਵਰ੍ਹੇ 180 ਸ਼ਿਕਾਇਤਾਂ ਦਰਜ ਹੋਈਆ ਹਨ ਜੋ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਪਰਵਾਸੀ ਲਾੜਿਆਂ ਦੇ ਪਰਿਵਾਰਾਂ ਵੱਲੋਂ ਛੱਡੀਆਂ ਗਈਆਂ ਔਰਤਾਂ ‘ਤੇ ਇਹ ਇਲਜ਼ਾਮ ਲਾਏ ਜਾਂਦੇ ਹਨ ਕਿ ਉਸ ਦਾ ਚਰਿੱਤਰ ਠੀਕ ਨਹੀਂ ਸੀ ਜਾਂ ਉਹ ਉਨ੍ਹਾਂ ਦੇ ਰੁਤਬੇ ਮੁਤਾਬਕ ਨਹੀਂ ਹੈ, ਜਾਂ ਘੱਟ ਦਾਜ ਲਿਆਈ ਹੈ। ਲਾੜੀਆਂ ਵੱਲੋਂ ਛੱਡੇ ਗਏ ਮੁੰਡਿਆਂ ‘ਤੇ ਇਹ ਦੋਸ਼ ਮੜ੍ਹੇ ਜਾ ਰਹੇ ਹਨ ਕਿ ਉਹ ਨਿਪੁੰਸਕ ਹੈ ਜਾਂ ਰਿਸ਼ਤਾ ਬੇਮੇਲ ਹੈ। ਰਾਏਕੋਟ ਦੇ ਸੁਰਜੀਤ ਸਿੰਘ (ਬਦਲਿਆ ਨਾਂ) ਨਾਲ ਵੀ ਅਜਿਹੀ ਠੱਗੀ ਵੱਜੀ ਹੈ। 2009 ਵਿਚ ਉਸ ਨੂੰ ਕੈਨੇਡਾ ਵਿਚ ਰਹਿੰਦੀ ਪੰਜਾਬੀ ਕੁੜੀ ਮਿਲ ਗਈ। ਇਸ ਕੁੜੀ ਦੇ ਪਰਿਵਾਰ ਨੇ ਵਿਦੇਸ਼ ਲਿਜਾਣ ਲਈ 26 ਲੱਖ ਰੁਪਏ ਮੰਗੇ। ਸੁਰਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰ ਇਹ ਪੈਸਾ ਦੇਣਾ ਮੰਨ ਗਏ ਕਿਉਂਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਵਿਦੇਸ਼ ਜਾਣ ਦਾ ਸੁਪਨਾ ਇੰਜ ਹੀ ਪੂਰਾ ਹੋ ਸਕਦਾ ਹੈ। ਦੋਹਾਂ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ ਪਰ ਸੁਰਜੀਤ ਅਜੇ ਵੀ ਪੰਜਾਬ ਬੈਠਾ ਹੈ। ਉਸ ਦਾ ਪਤਨੀ ਨਾਲ ਤਿੰਨ ਸਾਲ ਤੋਂ ਰਾਬਤਾ ਵੀ ਟੁੱਟ ਗਿਆ ਹੈ। 2011 ਵਿਚ ਉਸ ਦੇ ਵੀਜ਼ੇ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਉਸ ਤੋਂ ਹੋਰ 10 ਲੱਖ ਰੁਪਏ ਵਸੂਲੇ ਗਏ ਸਨ।
ਸੁਰਜੀਤ ਸਿੰਘ ਹੁਣ ਇਨਸਾਫ ਲਈ ਪੁਲਿਸ ਥਾਣਿਆਂ ਤੇ ਅਦਾਲਤਾਂ ਦੇ ਚੱਕਰ ਕੱਟਣ ਨੂੰ ਮਜਬੂਰ ਹੈ। ਉਸ ਨੂੰ ਤਲਾਕ ਵੀ ਨਹੀਂ ਮਿਲ ਸਕਦਾ ਹੈ ਤੇ ਨਾ ਹੀ ਉਹ ਦੁਬਾਰਾ ਵਿਆਹ ਕਰਵਾ ਸਕਦਾ ਹੈ। ਉਸ ਦੀ ਆਮਦਨ ਦਾ ਜ਼ਰੀਆ ਵੀ ਨਹੀਂ ਰਿਹਾ ਕਿਉਂਕਿ ਵਿਦੇਸ਼ ਜਾਣ ਲਈ ਪੈਸੇ ਦਾ ਪ੍ਰਬੰਧ ਉਸ ਨੇ ਜ਼ਮੀਨ ਵੇਚ ਕੇ ਕੀਤਾ ਸੀ। ਕੁਝ ਅਜਿਹੇ ਵੀ ਕੇਸ ਹਨ ਜਦੋਂ ਪਰਵਾਸੀ ਪੰਜਾਬੀ ਨੌਜਵਾਨਾਂ ਨਾਲ ਕੁੜੀਆਂ ਨੇ ਠੱਗੀ ਮਾਰੀ। ਅਜਿਹਾ ਹੀ ਇਕ ਮਾਮਲਾ ਮੋਗਾ ਦੇ ਕੈਨੇਡੀਅਨ ਵਾਸੀ ਅਮਰੀਕ ਸਿੰਘ (ਬਦਲਿਆ ਨਾਂ) ਦਾ ਹੈ। ਉਸ ਦੀ ਪਤਨੀ ਨੇ ਆਪਣੇ ਮਾਪਿਆਂ ਕੋਲ ਪਹੁੰਚਣ ਦਾ ਗਲਤ ਰਾਹ ਅਖਤਿਆਰ ਕੀਤਾ ਕਿਉਂਕਿ ਉਸ ਦੇ ਕਾਗਜ਼ ਰੱਦ ਹੋ ਗਏ ਸਨ। ਉਸ ਨੇ ਕੈਨੇਡਾ ਵਿਚ ਰਹਿੰਦੇ ਲੜਕੇ ਨਾਲ ਵਿਆਹ ਕੀਤਾ ਤੇ ਫਿਰ ਸਥਾਈ ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਉਹ ਮਾਪਿਆਂ ਨੂੰ ਮਿਲਣ ਗਈ ਤੇ ਫਿਰ ਪਰਤੀ ਨਹੀਂ। ਬਾਅਦ ਵਿਚ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਤਾਂ ਲੜਕੀ ਨੇ ਨੌਜਵਾਨ ਨੂੰ ਨਪੁੰਸਕ ਹੋਣ ਦਾ ਦੋਸ਼ ਲਾਇਆ। ਉਂਜ ਸਾਲ ਭਰ ਇਕੱਠੇ ਰਹਿੰਦੇ ਰਹੇ ਸਨ।
ਮੈਡੀਕਲ ਜਾਂਚ ਵਿਚ ਮੁੰਡੇ ਨੂੰ ਅਜਿਹੀ ਕੋਈ ਸਮੱਸਿਆ ਸਾਹਮਣੇ ਨਹੀਂ ਆਈæ ਮਾਮਲਾ ਵਿਗੜਦਾ ਦੇਖ ਕੇ ਕੁੜੀ ਨੇ ਪਤੀ ਤੇ ਸਹੁਰਾ ਪਰਿਵਾਰ ‘ਤੇ ਦਾਜ ਲਈ ਤੰਗ ਕਰਨ ਦਾ ਦੋਸ਼ ਮੜ੍ਹ ਦਿੱਤਾ। ਪਤੀਆਂ ਨੂੰ ਛੱਡਣ ਦੇ ਬਹੁਤੇ ਮਾਮਲੇ ਕੈਨੇਡਾ, ਅਮਰੀਕਾ ਤੇ ਇੰਗਲੈਂਡ ਤੋਂ ਆ ਰਹੇ ਹਨ। ਅੰਕੜਿਆਂ ਮੁਤਾਬਕ ਮੋਗਾ, ਜਗਰਾਓਂ, ਬਠਿੰਡਾ ਤੇ ਜਲੰਧਰ ਦੇ ਨੌਜਵਾਨਾਂ ਨਾਲ ਅਜਿਹੀ ਠੱਗੀ ਮਾਰੀ ਗਈ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਵਿਦੇਸ਼ ਜਾਣ ਦੇ ਚੱਕਰ ਵਿਚ ਇਸ ਤਰ੍ਹਾਂ ਠੱਗਿਆ ਜਾਂਦਾ ਹੈ ਤਾਂ ਐਫ਼ਆਈæਆਰæ ਤੋਂ ਬਾਅਦ ਜੇਕਰ ਉਹ ਜਾਂਚ ਵਿਚ ਸ਼ਾਮਲ ਨਹੀਂ ਹੁੰਦੇ ਤਾਂ ਮੁਲਜ਼ਮ ਨੂੰ ਭਗੌੜਾ ਕਰਾਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਮੁਲਜ਼ਮਾਂ ਦੀ ਜਾਇਦਾਦ ਵੀ ਕੇਸ ਨਾਲ ਜੋੜ ਦਿੱਤੀ ਜਾਂਦੀ ਹੈ।
_______________________________________
ਠੇਕੇ ਉਤੇ ਵਿਆਹਾਂ ਦਾ ਰੁਝਾਨ ਵਧਿਆ
ਐਨæਆਰæਆਈæ ਵਿੰਗ ਦੀ ਮੁਖੀ ਆਈæਜੀæ ਗੁਰਪ੍ਰੀਤ ਦਿਓ ਦਾ ਕਹਿਣਾ ਹੈ ਕਿ ਔਰਤਾਂ ਅਸਲ ਵਿਆਹ ਦੇ ਨਾਲ-ਨਾਲ ਠੇਕੇ ‘ਤੇ ਵਿਆਹ (ਕਾਗਜ਼ੀ ਵਿਆਹ) ਵੀ ਕਰਵਾ ਰਹੀਆਂ ਹਨ। ਮੁੰਡੇ ਨੂੰ ਬਾਹਰ ਭੇਜਣ ਦੇ ਚੱਕਰ ਵਿਚ ਦੋਵੇਂ ਪਰਿਵਾਰਾਂ ਦੇ ਮੈਂਬਰ ਅਸਲ ਵਿਆਹ ਰਚਾਉਂਦੇ ਹਨ ਪਰ ਠੇਕੇ ‘ਤੇ ਵਿਆਹ ਦਾ ਮਕਸਦ ਸਿਰਫ ਵਿਦੇਸ਼ ਜਾਣ ਦੀ ਤਮੰਨਾ ਹੁੰਦੀ ਹੈ ਤੇ ਇਸ ਦੀ ਜਾਣਕਾਰੀ ਦੋਵੇਂ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਹੁੰਦੀ ਹੈ। ਲਾੜਿਆਂ ਨੂੰ ਛੱਡਣ ਦੇ ਜ਼ਿਆਦਾਤਰ ਮਾਮਲੇ ਠੇਕੇ ‘ਤੇ ਹੋਏ ਵਿਆਹ ਹੁੰਦੇ ਹਨ। ਪੁਲਿਸ ਕੋਲ ਫਰਿਆਦ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਦੋਵੇਂ ਧਿਰਾਂ ਵਿਚਕਾਰ ਰਾਬਤਾ ਠੱਪ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਾੜਿਆਂ ਨੂੰ ਛੱਡਣ ਦੇ ਮਾਮਲੇ ਆਮ ਤੌਰ ‘ਤੇ ਦੱਬੇ ਰਹਿ ਜਾਂਦੇ ਹਨ ਕਿਉਂਕਿ ਉਹ ਸਮਾਜ ਵਿਚ ਸ਼ਰਮ ਕਾਰਨ ਇਸ ਠੱਗੀ ਦਾ ਜ਼ਿਕਰ ਕਿਸੇ ਅੱਗੇ ਨਹੀਂ ਕਰਦੇ। ਉਂਜ ਔਰਤਾਂ ਨਾਲ ਠੱਗੀ ਵੱਜਣ ‘ਤੇ ਉਹ ਰੌਲਾ ਪਾਉਣ ਤੋਂ ਗੁਰੇਜ਼ ਨਹੀਂ ਕਰਦੀਆਂ।
Leave a Reply