ਦਰਵਾਜ਼ਾ ਜੋ ਕਦੇ ਬਣ ਨਾ ਸਕਿਆ

ਸਿਰਕੱਢ ਪੰਜਾਬੀ ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ Ḕਤੇਰੀਆਂ ਗਲੀਆਂḔ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲਿਖਤ ਵਿਚ ਵੀ ਉਹ Ḕਪੰਜਾਬੀ ਟ੍ਰਿਬਿਊਨḔ ਵਿਚ ਛਪਦੇ ਰਹੇ ਆਪਣੇ ਕਾਲਮ Ḕਜਗਤ ਤਮਾਸ਼ਾḔ ਵਾਂਗ ਨਿਵੇਕਲੇ ਰੰਗ ਨਾਲ ਹਾਜ਼ਰ ਹੈ। ਆਪਣੀ ਧੀ ਸੁਪਨੀਤ ਕੌਰ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਹਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਇਕੱਲੇ ਨੰਗਲ ਸ਼ਾਮਾ ਪਿੰਡ ਬਾਰੇ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਨ੍ਹਾਂ ਪਿੰਡਾਂ ਦੀ ਤਾਸੀਰ ਬਦਲ ਗਈ ਹੈ ਅਤੇ ਤੱਤ ਵੀ ਬਦਲ ਰਿਹਾ ਹੈ। ਦਲਬੀਰ ਨੇ ਇਹ ਰਚਨਾ ਧੜਕਦੇ ਦਿਲ ਨਾਲ ਕੀਤੀ ਹੋਈ ਹੈ, ਇਸੇ ਲਈ ਇਸ ਨੂੰ ਪੜ੍ਹਨ-ਸੁਣਨ ਵਾਲੇ ਦਾ ਦਿਲ ਵੀ ਉਸ ਰੌਂਅ ਵਿਚ ਧੜਕਣ ਲਗਦਾ ਹੈ। ਐਤਕੀਂ ਵਾਲੀ ਕਿਸ਼ਤ ‘ਦਰਵਾਜ਼ਾ ਜੋ ਕਦੇ ਬਣ ਨਾ ਸਕਿਆ’ ਵਿਚ ਉਹ ਪਿੰਡ ਦੇ ਬਾਹਰਵਾਰ ਬਣਾਏ ਜਾ ਰਹੇ ਉਚੇ ਗੇਟਾਂ ਦੀ ਭੇਡ-ਚਾਲ Ḕਤੇ ਵਿਅੰਗ ਕੱਸਦਾ ਹੈ। ਲੇਖ ਦੇ ਅਖੀਰ Ḕਤੇ ਉਹ ਜਿਸ ਤਰ੍ਹਾਂ ਤੋੜਾ ਝਾੜਦਾ ਹੈ, ਉਹ ਪਾਠਕ ਦੇ ਮਨ ਵਿਚ ਇਕ ਚਿਣਗ ਜਿਹੀ ਬਾਲਦਾ ਹੈ। ਬੱਸ, ਇਹੀ ਦਲਬੀਰ ਦੀ ਲਿਖਤ ਦਾ ਹੁਸਨ ਹੈ। -ਸੰਪਾਦਕ

ਦਲਬੀਰ ਸਿੰਘ
ਰਾਮਾ ਮੰਡੀ ਤੋਂ ਹੁਸ਼ਿਆਰਪੁਰ ਜਾਂਦੀ ਸੜਕ ਉਤੇ ਖੜੋ ਕੇ ਪਿੰਡ ਵੱਲ ਦੇਖਦਿਆਂ ਮੈਨੂੰ ਚੇਤੇ ਆਉਂਦਾ ਹੈ ਕਿ ਕਿਸੇ ਵੇਲੇ ਇਸ ਸੜਕ ਦੇ ਆਲੇ-ਦੁਆਲੇ ਉਚੇ-ਉਚੇ ਰੇਤੀਲੇ ਟਿੱਬੇ ਹੁੰਦੇ ਸਨ। ਇਨ੍ਹਾਂ ਟਿੱਬਿਆਂ ਉਤੇ ਆਮ ਤੌਰ Ḕਤੇ ਕਾਨੇ ਉਗੇ ਰਹਿੰਦੇ ਸਨ। ਸੜਕ ਮਸਾਂ ਇੰਨੀ ਕੁ ਚੌੜੀ ਸੀ ਕਿ ਬੱਸ ਹੀ ਲੰਘ ਸਕਦੀ ਸੀ। ਦੋਹੀਂ ਪਾਸੀਂ ਕਿਉਂਕਿ ਰੇਤ ਸੀ, ਇਸ ਲਈ ਸੜਕ ਕੰਢੇ ਤੁਰਨ ਵੇਲੇ ਵੀ ਬੱਸ ਹੇਠਾਂ ਆਉਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਸੀ।
ਬਹੁਤੀ ਵਾਰੀ ਸੜਕ ਦੇ ਕਿਨਾਰਿਆਂ ਤੋਂ ਰੇਤਾ ਖਿਸਕ ਕੇ ਬਹੁਤ ਹੇਠਾਂ ਹੋ ਜਾਂਦਾ ਸੀ। ਇਸ ਲਈ ਵਾਹਨਾਂ ਲਈ ਬਹੁਤ ਮੁਸ਼ਕਲ ਪੈਦਾ ਹੁੰਦੀ ਸੀ। ਪੀæਡਬਲਿਊæਡੀæ ਦੇ ਮੁਲਾਜ਼ਮ ਸੜਕ ਦੇ ਕਿਨਾਰਿਆਂ ਉਤੇ ਰੇਤਾ ਚੜ੍ਹਾਉਂਦੇ ਰਹਿੰਦੇ। ਸੁਣਿਆ ਹੈ ਕਿ ਰਾਜਸਥਾਨ ਵਿਚ ਅੱਜ ਵੀ ਇਸੇ ਤਰ੍ਹਾਂ ਕੀਤਾ ਜਾਂਦਾ ਹੈ। ਇਸ ਨਾਲ ਸੜਕਾਂ ਦੇ ਕੰਢੇ ਨਹੀਂ ਭੁਰਦੇ।
ਫਿਰ ਹੌਲੀ-ਹੌਲੀ ਇਹ ਰੇਤ ਚੁੱਕਣੀ ਸ਼ੁਰੂ ਹੋ ਗਈ। ਇਹ ਸ਼ਹਿਰ ਵਿਚ ਬਣ ਰਹੇ ਮਕਾਨਾਂ ਦੀ ਉਸਾਰੀ ਲਈ Ḕਭਰਤੀ’ ਪਾਉਣ ਜਾਂ ਹੋਰ ਕੰਮਾਂ ਲਈ ਵਰਤੀ ਜਾਂਦੀ ਸੀ। ਕੁਝ ਕੁ ਸਾਲਾਂ ਵਿਚ ਹੀ ਲਗਭਗ ਸਾਰੀ ਰੇਤ ਚੁੱਕੀ ਗਈ, ਫਿਰ ਲੱਧੇਵਾਲੀ ਨੂੰ ਜਾਂਦੇ ਦੂਜੇ ਰਸਤੇ ਕੋਲ ਪੈਟਰੋਲ ਪੰਪ ਬਣ ਗਿਆ।
ਜਦੋਂ ਅਸੀਂ ਪਿੰਡੋਂ ਚੱਲ ਕੇ ਜਲੰਧਰ ਛਾਉਣੀ ਪੜ੍ਹਨ ਜਾਂਦੇ ਸਾਂ, ਤਾਂ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਕਿਸੇ ਵੇਲੇ ਇਸ ਉਜਾੜ ਸੜਕ ਉਤੇ ਇੰਨੀ ਰੌਣਕ ਹੋਵੇਗੀ ਕਿ ਲੰਘਣਾ ਵੀ ਮੁਸ਼ਕਲ ਹੋਵੇਗਾ। ਉਨੀਂ ਦਿਨੀਂ ਕਾਕੀ ਪਿੰਡ ਤੋਂ ਕੋਈ ਨਾ ਕੋਈ ਸਾਥ ਲੈ ਕੇ ਪਿੰਡ ਨੂੰ ਤੁਰੀਦਾ ਸੀ। ਖਾਸ ਕਰ ਕੇ ਗਰਮੀਆਂ ਦੀ ਤਿੱਖੜ ਦੁਪਹਿਰੇ ਜਾਂ ਫਿਰ ਸ਼ਾਮ ਨੂੰ ਸੋਤੇ ਪਏ ਡਰ ਰਹਿੰਦਾ ਸੀ ਕਿ ਉਚੇ ਟਿੱਬਿਆਂ ਅਤੇ ਝਾੜੀਆਂ ਵਿਚੋਂ ਨਿਕਲ ਕੇ ਕੋਈ ਡਾਕੂ ਲੁਟੇਰਾ ਹੀ ਹਮਲਾ ਨਾ ਕਰ ਦੇਵੇ। ਸਕੂਲਾਂ ਨੂੰ ਜਾਂਦੀਆਂ ਕੁੜੀਆਂ ਲਈ ਤਾਂ ਹੋਰ ਵੀ ਮੁਸ਼ਕਲ ਹੁੰਦੀ ਹੋਵੇਗੀ। ਸਲਵਾੜ ਇੰਨਾ ਹੁੰਦਾ ਸੀ ਕਿ ਸੜਕ ਉਤੇ ਚਲਦਿਆਂ ਵੀ ਰੁਕਾਵਟ ਬਣਦਾ ਸੀ। ਅਕਸਰ ਅਨਜਾਣਪੁਣੇ ਵਿਚ ਹੱਥ ਪਾਇਆਂ ਹੱਥ ਚੀਰ ਦਿੰਦਾ ਸੀ।
ਅੱਜ ਹਾਲਤ ਇਹ ਹੈ ਕਿ ਰਾਮਾ ਮੰਡੀ ਦੀ ਮਾਰਕੀਟ ਮੇਰੇ ਪਿੰਡ ਤੋਂ ਵੀ ਅੱਗੇ ਤਕ ਪਹੁੰਚ ਗਈ ਹੈ। ਪਤਾ ਹੀ ਨਹੀਂ ਲਗਦਾ ਕਿ ਕਿਥੇ ਕਾਕੀ ਪਿੰਡ ਹੁੰਦਾ ਸੀ, ਤੇ ਕਿਥੇ ਮੀਟ ਦੇ ਖੋਖੇ। ਫਾਟਕ ਨਾਲ ਪਕੌੜਿਆਂ ਦੀ ਰੇਹੜੀ ਲਾਉਣ ਵਾਲਾ ਵੀ ਹੁਣ ਉਥੇ ਨਹੀਂ ਰਿਹਾ। ਚਾਹ ਦੀਆਂ ਦੁਕਾਨਾਂ ਵੀ ਦਿਖਾਈ ਨਹੀਂ ਦਿੰਦੀਆਂ। ਇਕ ਕਿਲੋਮੀਟਰ ਦਾ ਇਹ ਸੜਕ ਦਾ ਟੋਟਾ ਹੁਣ ਬੇਪਛਾਣ ਹੋ ਗਿਆ ਹੈ। ਸਾਰੀ ਸੜਕ ਉਤੇ ਦੋਹੀਂ ਪਾਸੀਂ ਦੁਕਾਨਾਂ ਹੀ ਦੁਕਾਨਾਂ ਹਨ। ਹਰ ਚੀਜ਼ ਦੀ ਦੁਕਾਨ ਇਥੇ ਮੌਜੂਦ ਹੈ। ਕੀ ਇਹ ਉਹੀ ਰਸਤਾ ਹੈ ਜਿਥੇ ਕਦੇ ਦਿਨ ਵੇਲੇ ਵੀ ਲੰਘਣ ਤੋਂ ਡਰ ਆਉਂਦਾ ਸੀ? ਉਂਜ ਡਰ ਅੱਜ ਵੀ ਆਉਂਦਾ ਹੈ। ਫਰਕ ਸਿਰਫ਼ ਇੰਨਾ ਹੈ ਕਿ ਅੱਜ ਆਵਾਜਾਈ ਦੇ ਵਧ ਜਾਣ ਕਾਰਨ ਡਰ ਆਉਂਦਾ ਹੈ, ਉਦੋਂ ਉਜਾੜ ਕਾਰਨ ਡਰ ਆਉਂਦਾ ਸੀ।
ਪਿੰਡ ਨੂੰ ਜਾਂਦੀ ਸੜਕ ਉਤੇ ਪਿੰਡ ਦੇ ਨਾਂ ਦਾ ਗੇਟ ਬਣਾਉਣ ਬਾਰੇ ਕਈ ਵਾਰੀ ਵਿਚਾਰਾਂ ਹੋਈਆਂ। ਉਨ੍ਹੀਂ ਦਿਨੀਂ ਵੀ ਹੋਈਆਂ ਜਿਨ੍ਹੀਂ ਦਿਨੀਂ ਮੈਂ ਪਿੰਡ ਦੀ ਨੌਜਵਾਨ ਸਭਾ ਦਾ ਸਕੱਤਰ ਸਾਂ। ਫਿਰਨੀ ਉਦੋਂ ਕੱਚੀ ਸੀ। ਇਸ ਲਈ ਆਮ ਤੌਰ ਉਤੇ ਨੌਜਵਾਨ ਸਭਾ ਦਾ ਕੰਮ ਫਿਰਨੀ ਉਤੇ ਮਿੱਟੀ ਪਾਉਣ ਦਾ ਹੀ ਹੁੰਦਾ ਸੀ; ਜਾਂ ਫਿਰ ਟੂਰਨਾਮੈਂਟ ਕਰਵਾਏ ਜਾਂਦੇ ਸਨ।
ਮੈਂ ਕਦੇ ਵੀ ਕੋਈ ਖੇਡ ਨਹੀਂ ਸੀ ਖੇਡੀ, ਸਿਵਾ ਕਦੇ-ਕਦੇ ਕਬੱਡੀ ਦੇ। ਨੱਸਣਾ ਮੈਨੂੰ ਆਉਂਦਾ ਨਹੀਂ ਸੀ। ਜਦੋਂ ਕਦੇ ਫੁਟਬਾਲ ਖੇਡਦੇ ਸਾਂ, ਤਾਂ ਨਾਲ ਦੇ ਮੁੰਡੇ ਮੇਰੇ ਨੱਸਣ ਦੇ ਤਰੀਕੇ ਉਤੇ ਹੱਸਦੇ ਸਨ। ਇਸ ਲਈ ਮੈਂ ਫੁਟਬਾਲ ਖੇਡਣਾ ਬੰਦ ਕਰ ਦਿੱਤਾ ਸੀ। ਮੈਂ ਸਿਹਤ ਪੱਖੋਂ ਛੋਟਾ ਹੁੰਦਾ ਕਾਫੀ ਗੋਲ-ਮਟੋਲ ਸਾਂ। ਇਸ ਲਈ ਨਾਲ ਦੇ ਮੁੰਡਿਆਂ ਨੇ ਮੇਰਾ ਕੁਨਾਂ Ḕਬਲੈਡਰ’ ਪਾਇਆ ਹੋਇਆ ਸੀ। ਇਸ ਤਰ੍ਹਾਂ ਦੇ ਨਾਂ-ਕੁਨਾਂ ਸਭ ਦੇ ਹੀ ਪਏ ਹੋਏ ਸਨ।
ਖ਼ੈਰ, ਪਿੰਡ ਨੂੰ ਜਾਂਦੀ ਸੜਕ ਉਤੇ ਗੇਟ ਬਣਾਉਣ ਲਈ ਵਾਰੀ ਕਮੇਟੀਆਂ ਵੀ ਬਣੀਆਂ। ਸਾਡੇ ਪਿੰਡ ਦਾ ਇਕ ਫੌਜੀ ਅਫਸਰ ਜਿਸ ਦਾ ਨਾਂ ਮੇਰੇ ਚੇਤੇ ਵਿਚੋਂ ਵਿਸਰ ਗਿਆ ਹੈ (ਕੈਪਟਨ ਕਰਨੈਲ ਸਿੰਘ ਸੀ ਸ਼ਾਇਦ), ਸੰਨ 1962 ਦੀ ਚੀਨ ਨਾਲ ਹੋਈ ਜੰਗ ਵਿਚ ਸ਼ਹੀਦ ਹੋ ਗਿਆ ਸੀ। ਉਸੇ ਦੇ ਨਾਂ ਉਤੇ ਗੇਟ ਬਣਾਉਣ ਦੀ ਤਜਵੀਜ਼ ਕਈ ਵਾਰੀ ਪਾਸ ਕੀਤੀ ਗਈ ਪਰ ਕਦੇ ਵੀ ਇਸ ਤਜਵੀਜ਼ ਉਤੇ ਅਮਲ ਨਾ ਹੋ ਸਕਿਆ।
ਇਕ ਵਾਰੀ ਇਹ ਵੀ ਫੈਸਲਾ ਕੀਤਾ ਗਿਆ ਕਿ ਗੇਟ ਨੂੰ Ḕਸ਼ਹੀਦੀ ਗੇਟ’ ਕਿਹਾ ਜਾਵੇ। ਸਾਡੇ ਪਿੰਡ ਦਾ ਨਾਂ ਨੰਗਲ ਸ਼ਾਮਾ ਹੈ ਅਤੇ ਇਸ ਨੂੰ ਚੇਲਿਆਂ ਦਾ ਨੰਗਲ ਵੀ ਕਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਥੇ ਗੁੱਗੇ ਪੀਰ ਦੀ ਮਾੜੀ ਹੈ। ਇਸ ਮਾੜੀ ਦੀ ਸਾਂਭ-ਸੰਭਾਲ ਕਰਨ ਵਾਲੇ ਨੂੰ ਚੇਲਾ ਕਹਿੰਦੇ ਹਨ। ਇਸ ਮਾੜੀ ਉਤੇ ਸੱਤ ਦਿਨ ਰਾਤ-ਰਾਤ ਭਰ ਗੁੱਗੇ ਦੀ ਹਾਜ਼ਰੀ ਭਰੀ ਜਾਂਦੀ ਅਤੇ ਉਸ ਦੀ ਉਸਤਤ ਗਾਈ ਜਾਂਦੀ। ਚੇਲੇ ਅਤੇ ਹੋਰ ਲੋਕ ਦਿਨ ਵੇਲੇ ਪਿੰਡ ਵਿਚ ਗੁੱਗੇ ਦੀ ਗਾਥਾ ਦਾ ਗਾਇਨ ਕਰਦੇ।
ਗੁੱਗੇ ਦੀ ਪੂਜਾ ਲਈ ਪਿੰਡ ਦੀਆ ਤ੍ਰੀਮਤਾਂ ਆਪਣੇ ਹੱਥੀਂ ਸੇਵੀਆਂ ਵੱਟਦੀਆਂ ਅਤੇ ਪਿੰਡ ਦੇ ਬਾਹਰਵਾਰ ਵਣੀ ਉਤੇ ਕੱਚੀ ਲੱਸੀ ਚੜ੍ਹਾ ਕੇ ਆਉਂਦੀਆਂ। ਅਗਲੇ ਦਿਨ ਛਿੰਝ ਪਾਈ ਜਾਂਦੀ ਜਿਸ ਵਿਚ ਦੂਰੋਂ-ਦੂਰੋਂ ਭਲਵਾਨ ਆਉਂਦੇ। ਇਸ ਲਈ ਇਕ ਵਾਰੀ ਇਸ ਗੇਟ ਨੂੰ ਗੁੱਗੇ ਪੀਰ ਦਾ ਗੇਟ ਕਹਿਣ ਦੀ ਵੀ ਤਜਵੀਜ਼ ਆਈ। ਇਹ ਤਜਵੀਜ਼ ਵੀ ਸਿਰੇ ਨਾ ਚੜ੍ਹ ਸਕੀ।
ਸੂਬੇਦਾਰ ਮੇਜਰ ਮਿਹਰ ਸਿੰਘ ਉਨ੍ਹੀਂ ਦਿਨੀਂ ਸਾਡੇ ਪਿੰਡ ਦੇ ਸਰਪੰਚ ਸਨ ਜਿਨ੍ਹੀਂ ਦਿਨੀਂ ਮੈਂ ਹੋਸ਼ ਸੰਭਾਲੀ ਸੀ। ਉਹ ਆਪਣੀ ਮੌਤ ਤਕ ਪਿੰਡ ਦੇ ਸਰਪੰਚ ਰਹੇ। ਉਨ੍ਹਾਂ ਨੂੰ ਸਾਰੇ ਹੀ ਮੇਜਰ ਮਿਹਰ ਸਿੰਘ ਕਹਿੰਦੇ ਸਨ। ਕੱਦ ਭਾਵੇਂ ਉਨ੍ਹਾਂ ਦਾ ਬਹੁਤ ਲੰਬਾ ਨਹੀਂ ਸੀ, ਪਰ ਉਨ੍ਹਾਂ ਦੀ ਸ਼ਖ਼ਸੀਅਤ ਦਾ ਰੋਹਬ ਬਹੁਤ ਸੀ। ਦਾੜ੍ਹੀ ਨੂੰ ਉਹ ਪੁੱਠੀ ਚੜ੍ਹਾ ਕੇ ਬੰਨ੍ਹਦੇ ਸਨ। ਇਸ ਕਾਰਨ ਰੋਹਬ ਹੋਰ ਵੀ ਵਧ ਜਾਂਦਾ ਸੀ। ਉਨ੍ਹਾਂ ਦੇ ਹੁੰਦਿਆਂ ਪਿੰਡ ਵਿਚ ਕਦੇ ਪੁਲਿਸ ਨਹੀਂ ਸੀ ਆਈ। ਉਹ ਸਾਰੇ ਮਾਮਲੇ ਪਿੰਡ ਵਿਚ ਹੀ ਨਜਿੱਠ ਲੈਂਦੇ ਸਨ। ਅਸੀਂ ਨਿੱਕੇ ਨਿਆਣੇ ਤਾਂ ਉਨ੍ਹਾਂ ਤੋਂ ਬਹੁਤ ਖ਼ੌਫ਼ ਖਾਂਦੇ ਸਾਂ। ਇਹ ਖ਼ੌਫ਼ ਹੋਰ ਵੀ ਵਧ ਗਿਆ ਸੀ ਕਿਉਂਕਿ ਇਕ ਵਾਰੀ ਉਨ੍ਹਾਂ ਨੇ ਬਸਤਾ ਬੇ ਵਿਚ ਸ਼ਾਮਲ ਦਾਰੇ ਦੇ, ਪਿੰਡ ਦੇ ਪਰ੍ਹੇ ਵਿਚ ਛਿੱਤਰ ਮਾਰੇ ਸਨ ਅਤੇ ਉਸ ਦਾ ਮੂੰਹ ਕਾਲਾ ਕੀਤਾ ਸੀ। ਅਜਿਹਾ ਕਿਸ ਕਸੂਰ ਬਦਲੇ ਕੀਤਾ ਗਿਆ ਸੀ, ਇਸ ਦਾ ਮੈਨੂੰ ਚੇਤਾ ਨਹੀਂ, ਪਰ ਉਸ ਦਿਨ ਤੋਂ ਬਾਅਦ ਮੇਜਰ ਮਿਹਰ ਸਿੰਘ ਦੀ ਦਹਿਸ਼ਤ ਹੋਰ ਵੀ ਵਧ ਗਈ ਸੀ। ਇਸ ਲਈ ਇਕ ਵਾਰੀ ਇਹ ਵੀ ਤਜਵੀਜ਼ ਆਈ ਕਿ ਗੇਟ ਦਾ ਨਾਂ ਮੇਜਰ ਮਿਹਰ ਸਿੰਘ ਦੇ ਨਾਂ ਉਤੇ ਰੱਖਿਆ ਜਾਵੇ ਪਰ ਉਹ ਤਜਵੀਜ਼ ਵੀ ਸਿਰੇ ਨਹੀਂ ਸੀ ਚੜ੍ਹ ਸਕੀ।
ਗੁੱਗੇ ਦੀ ਪੂਜਾ ਮਗਰੋਂ ਪਿੰਡ ਵਿਚ ਛਿੰਝ ਪੈਂਦੀ ਸੀ। ਮੇਰੇ ਦਾਦਾ ਸਵਰਗੀ ਸਰਦਾਰ ਮੇਲਾ ਸਿੰਘ ਦੱਸਿਆ ਕਰਦੇ ਸਨ ਕਿ ਜਵਾਨੀ ਵਿਚ ਉਹ ਵੀ ਕੁਸ਼ਤੀ ਕਰਦੇ ਸਨ ਪਰ ਜਿਨ੍ਹਾਂ ਦਿਨਾਂ ਦੀ ਮੈਨੂੰ ਸੁਰਤ ਹੈ, ਉਨ੍ਹੀਂ ਦਿਨੀਂ ਸਾਡੇ ਪਿੰਡ ਦਾ ਬ੍ਰਾਹਮਣਾਂ ਦਾ ਗਿਰਧਾਰੀ ਹੀ ਇਕੋ-ਇਕ ਤਕੜਾ ਭਲਵਾਨ ਸੀ। ਉਸ ਦੀ ਦੇਹ ਬਹੁਤ ਦਰਸ਼ਨੀ ਸੀ ਅਤੇ ਚਿਹਰਾ ਵੀ ਬਹੁਤ ਸ਼ਾਨਦਾਰ ਅਤੇ ਭਰਵਾਂ ਸੀ। ਕਈ ਸਾਲਾਂ ਤਕ ਉਹ ਝੰਡੀ ਦੀ ਕੁਸ਼ਤੀ ਲੜਦਾ ਰਿਹਾ ਸੀ ਅਤੇ ਜਿੱਤਦਾ ਵੀ ਰਿਹਾ ਸੀ। ਹਰ ਵਾਰੀ ਜਦੋਂ ਉਹ ਝੰਡੀ ਦੀ ਕੁਸ਼ਤੀ ਜਿੱਤਦਾ ਸੀ, ਪਿੰਡ ਵਾਲੇ ਦੇਸੀ ਘਿਉ ਦੇ ਪੀਪੇ ਉਸ ਦੇ ਘਰ ਦੇ ਆਉਂਦੇ ਸਨ। ਸ਼ਾਬਾਸ਼ੇ ਦੇ ਰੂਪ ਵਿਚ ਉਸ ਦੀ ਪਿੜ ਵਿਚ ਗੇੜੀ ਦੌਰਾਨ ਵੀ ਉਸ ਦੀ ਬੁੱਕ ਰੁਪਈਆਂ ਨਾਲ ਭਰ ਜਾਂਦੀ ਸੀ।
ਗਿਰਧਾਰੀ ਪਿੰਡ ਦਾ ਮਾਣ ਸੀ। ਉਹ ਜਲੰਧਰ ਛਾਉਣੀ ਈæਐਮæਈæ ਵਿਚ ਕੰਮ ਕਰਦਾ ਸੀ। ਬੇਲਦਾਰ ਸੀ ਖਬਰੇ। ਇਕ ਸ਼ਾਮ ਉਹ ਬੁਲਡੋਜ਼ਰ ਉਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਚੀ-ਨੀਵੀਂ ਥਾਂ ਕਾਰਨ ਬੁਲਡੋਜ਼ਰ ਉਲਟ ਗਿਆ। ਗਿਰਧਾਰੀ ਉਸ ਦੇ ਹੇਠਾਂ ਆ ਗਿਆ। ਸੋਨੇ ਵਰਗਾ ਸਰੀਰ ਮਿੰਟਾਂ ਵਿਚ ਮਿੱਟੀ ਹੋ ਗਿਆ। ਪਿੰਡ ਦਾ ਇਕੋ-ਇਕ ਭਲਵਾਨ ਤੁਰ ਗਿਆ। ਉਸ ਤੋਂ ਬਾਅਦ ਜ਼ੋਰ ਕਰਨ ਵਾਲੇ ਮੁੰਡੇ ਤਾਂ ਬਥੇਰੇ ਉਠੇ, ਪਰ ਗਿਰਧਾਰੀ ਦੇ ਬਰਾਬਰ ਦਾ ਕੋਈ ਨਹੀਂ ਸੀ ਹੋ ਸਕਿਆ। ਇਸ ਲਈ ਇਕ ਵਾਰੀ ਇਹ ਤਜਵੀਜ਼ ਆਈ ਕਿ ਪਿੰਡ ਦੇ ਗੇਟ ਦਾ ਨਾਂ ਗਿਰਧਾਰੀ ਦੇ ਨਾਂ ਉਤੇ ਰੱਖ ਦਿੱਤਾ ਜਾਵੇ ਪਰ ਇਹ ਤਜਵੀਜ਼ ਵੀ ਅਮਲ ਤੋਂ ਬਿਨਾਂ ਹੀ ਖੁਰ ਗਈ।
1995 ਵਿਚ ਇਸ ਪਿੰਡ ਨੂੰ ਜਲੰਧਰ ਮਿਉਂਸਪਲ ਕਮੇਟੀ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਗਿਆ, ਪਰ ਪਿੰਡ ਦੇ ਉਸ ਵੇਲੇ ਦੇ ਕਾਂਗਰਸੀ ਸਰਪੰਚ ਕੰਵਲਜੀਤ ਸਿੰਘ ਲਾਲੀ ਨੇ ਉਸ ਵੇਲੇ ਦੇ ਮੁੱਖ ਮੰਤਰੀ ਮਰਹੂਮ ਸ੍ਰੀ ਬੇਅੰਤ ਸਿੰਘ ਉਤੇ ਜ਼ੋਰ ਪਾ ਕੇ ਇਸ ਨੂੰ ਕਢਵਾਇਆ। ਕੰਵਲਜੀਤ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨੀ ਸੀ ਅਤੇ ਇਹ ਚੋਣ ਉਹ ਤਾਂ ਹੀ ਲੜ ਸਕਦਾ ਸੀ, ਜੇ ਨੰਗਲ ਸ਼ਾਮਾ ਪਿੰਡ ਹੀ ਰਹਿੰਦਾ, ਸ਼ਹਿਰ ਦਾ ਹਿੱਸਾ ਨਾ ਬਣਦਾ; ਪਰ ਜਿਸ ਰਫ਼ਤਾਰ ਨਾਲ ਜਲੰਧਰ ਸ਼ਹਿਰ ਫੈਲ ਰਿਹਾ ਸੀ, ਉਸ ਨੂੰ ਦੇਖਦੇ ਹੋਏ ਲਗਦਾ ਸੀ ਕਿ ਬਹੁਤ ਦੇਰ ਤਕ ਇਸ ਨੂੰ ਸ਼ਹਿਰ ਦੀ ਜਕੜ ਤੋਂ ਬਚਾਇਆ ਨਹੀਂ ਸੀ ਜਾ ਸਕਦਾ। ਇਸ ਨੇ ਦੇਰ ਸਵੇਰ ਪਿੰਡ ਦੀ ਥਾਂ ਮੁਹੱਲਾ ਬਣਨਾ ਹੀ ਸੀ।
ਇਸ ਲਈ ਇਸ ਨੂੰ ਹੁਣ ਗੇਟ ਦੀ ਜ਼ਰੂਰਤ ਨਹੀਂ ਰਹਿ ਗਈ। ਇਸੇ ਕਾਰਨ ਹੀ ਸ਼ਾਇਦ ਗੇਟ ਨਹੀਂ ਬਣ ਸਕਿਆ। ਮੈਂ ਗੇਟ ਬਣਾਉਣ ਬਾਰੇ ਤਜਵੀਜ਼ਾਂ ਦਾ ਜਿਹੜਾ ਉਪਰਲਾ ਇਤਿਹਾਸ ਲਿਖਿਆ ਹੈ, ਉਹ ਸੰਨ 1971 ਤਕ ਦਾ ਹੈ। ਇਸੇ ਸਾਲ ਮੈਨੂੰ ਪਿੰਡ ਛੱਡਣਾ ਪਿਆ ਸੀ। ਪੰਝੀ ਸਾਲਾਂ ਵਿਚ ਕਈ ਵਾਰੀ ਪਿੰਡ ਗਿਆ ਹੋਵਾਂਗਾ। ਇਸ ਦੀਆਂ ਗਲੀਆਂ ਨਾਲ ਮੋਹ ਦੀਆਂ ਤੰਦਾਂ ਟੁੱਟ ਨਹੀਂ ਸਕਦੀਆਂ ਪਰ ਜਦੋਂ ਮੈਂ ਆਪਣੀ ਧੀ ਨੂੰ ਉਸ ਦੇ ਬਾਪ ਦੀ ਜੰਮਣ ਭੋਇੰ ਦਿਖਾਉਣ ਆਇਆ ਤਾਂ ਸੋਚ ਰਿਹਾ ਹਾਂ ਕਿ ਪਿੰਡਾਂ ਦੀ ਪਛਾਣ ਉਨ੍ਹਾਂ ਦੇ ਰਸਤਿਆਂ ਉਤੇ ਬਣੇ ਦਰਵਾਜ਼ਿਆਂ (ਗੇਟਾਂ) ਤੋਂ ਨਹੀਂ ਹੁੰਦੀ, ਸਗੋਂ ਇਸ ਦੇ ਪੁੱਤਰਾਂ ਵੱਲੋਂ ਸਰ ਕੀਤੇ ਗਏ ਰਸਤਿਆਂ ਦੀ ਲੰਬਾਈ ਅਤੇ ਉਚਾਈ ਤੋਂ ਹੁੰਦੀ ਹੈ।
ਜੇ ਅਜੇ ਤੱਕ ਇਥੇ ਗੇਟ ਨਹੀਂ ਬਣ ਸਕਿਆ ਤਾਂ ਇਸ ਨਾਲ ਨੰਗਲ ਸ਼ਾਮਾ ਦੀ ਸ਼ਾਨ ਵਿਚ ਕੋਈ ਕਮੀ ਨਹੀਂ ਆਈ।
(ਚੱਲਦਾ)

Be the first to comment

Leave a Reply

Your email address will not be published.