ਅੰਮ੍ਰਿਤਸਰ: ਉੱਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਵਿਚ ਗੁਰਦੁਆਰੇ ਦੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਦੋ ਫਿਰਕਿਆਂ ਵਿਚਾਲੇ ਹੋਏ ਦੰਗਿਆਂ ਨੇ ਇਥੋਂ ਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਰੋੜਾਂ ਦੇ ਮਾਲਕ ਸਿੱਖ ਦੁਕਾਨਦਾਰ ਪਲਾਂ ਵਿਚ ਹੀ ਕੱਖੋਂ ਹੌਲੇ ਕਰ ਦਿੱਤੇ ਗਏ। ਅੰਬਾਲਾ ਰੋਡ ਉੱਪਰ ਸਥਿਤ ਸਿੱਖਾਂ ਦੇ ਵੱਡੇ ਸ਼ੋਅ ਰੂਮਾਂ ਤੇ ਦੁਕਾਨਾਂ ਨੂੰ ਬੜੇ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ। ਸਿੱਖ ਪ੍ਰਤੀਨਿਧਾਂ ਵੱਲੋਂ ਸਰਕਾਰ ਨੂੰ ਭੇਜੇ ਗਏ ਨੁਕਸਾਨ ਦੇ ਵੇਰਵਿਆਂ ਮੁਤਾਬਕ ਤਕਰੀਬਨ ਦੋ ਅਰਬ ਦਾ ਨੁਕਸਾਨ ਹੋਇਆ ਹੈ।
ਦੰਗਿਆਂ ਬਾਅਦ ਇਕੋ ਫਿਰਕੇ ਦੇ ਲੋਕਾਂ ਦੀ ਵੱਡੀ ਪੱਧਰ ‘ਤੇ ਹੋਈ ਲੁੱਟ-ਮਾਰ ਤੇ ਸਾੜ-ਫੂਕ ਲਈ ਪ੍ਰਸ਼ਾਸਨ ਦੀ ਢਿੱਲ-ਮੱਠ ਨੂੰ ਹੀ ਮੁੱਖ ਤੌਰ ‘ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਪ੍ਰਤੀਨਿਧਾਂ ਨੂੰ ਮਿਲਣ ਆਏ ਉੱਤਰ ਪ੍ਰਦੇਸ਼ ਦੇ ਰਾਜ ਮੰਤਰੀ ਰਾਜਿੰਦਰ ਰਾਣਾ ਨੇ ਵੀ ਇਹ ਗੱਲ ਮੰਨੀ ਕਿ ਪ੍ਰਸ਼ਾਸਨ ਨੇ ਲੁੱਟ ਤੇ ਅਗਜ਼ਨੀ ਰੋਕਣ ਲਈ ਕਾਫੀ ਸਮਾਂ ਲਗਾ ਦਿੱਤਾ। ਗੁਰਦੁਆਰਾ ਸਿੰਘ ਸਭਾ ਦੇ ਨਾਲ ਲੱਗਦੀ ਜਗ੍ਹਾ ਉੱਪਰ ਉਸਰ ਰਹੀ ਗੁਰਦੁਆਰੇ ਦੀ ਇਮਾਰਤ ‘ਤੇ ਤਕਰੀਬਨ ਦਰਜਨ ਨੌਜਵਾਨਾਂ ਵੱਲੋਂ ਪਥਰਾਅ ਹੋਇਆ, ਜਿਸ ਦੇ ਜੁਆਬ ਵਿਚ ਉਥੇ ਹਾਜ਼ਰ 3-4 ਸਿੱਖਾਂ ਨੇ ਵਿਰੋਧ ਕੀਤਾ।
ਸਹਾਰਨਪੁਰ ਦੇ ਸਿੱਖਾਂ ਦੀ ਵਸੋਂ ਕੁਝ ਇਲਾਕਿਆਂ ਵਿਚ ਇਕੱਠੀ ਹੈ ਜਾਂ ਫਿਰ ਵਧੇਰੇ ਹਿੰਦੂ ਵਸੋਂ ਵਾਲੇ ਖੇਤਰਾਂ ਵਿਚ ਸਿੱਖਾਂ ਦੇ ਘਰ ਹਨ। ਲੋਕਾਂ ਦਾ ਇਹ ਪ੍ਰਭਾਵ ਸੀ ਕਿ ਦੰਗਾਕਾਰੀ ਗੁਰਦੁਆਰੇ ਵਿਖੇ ਸਿੱਖਾਂ ਵੱਲੋਂ ਦਿਖਾਏ ਕਰਾਰੇ ਜੁਆਬ ਤੇ ਕੁਝ ਥਾਈਂ ਹਿੰਦੂ ਭਾਈਚਾਰੇ ਦੇ ਸਿੱਖਾਂ ਦੀ ਹਮਾਇਤ ਵਿਚ ਆ ਡੱਟਣ ਕਾਰਨ ਸਿਰਫ ਅੰਬਾਲਾ ਰੋਡ ਹੀ ਵਧੇਰੇ ਕਰਕੇ ਉਨ੍ਹਾਂ ਦਾ ਨਿਸ਼ਾਨਾ ਬਣਿਆ।
ਸਿੰਘ ਸਭਾ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਚੱਢਾ ਨੇ ਦੱਸਿਆ ਕਿ ਸਹਾਰਨਪੁਰ ਦੇ ਸਿੱਖਾਂ ਦੀ ਤਕਰੀਬਨ 25 ਹਜ਼ਾਰ ਵਸੋਂ ਪਾਕਿਸਤਾਨ ਤੋਂ ਉੱਜੜ ਕੇ ਇਥੇ ਵਸੀ ਹੈ। ਸਖਤ ਮਿਹਨਤ ਨਾਲ ਉਨ੍ਹਾਂ ਆਪਣੇ ਕਾਰੋਬਾਰ ਸਥਾਪਤ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਹਾਰਨਪੁਰ ਦੇ ਤਕਰੀਬਨ ਸਾਰੇ ਹੀ ਸਿੱਖ ਚੰਗੇ ਕਾਰੋਬਾਰੀ ਤੇ ਰੱਜੇ-ਪੁੱਜੇ ਹਨ। ਸ਼ ਚੱਢਾ ਦਾ ਕਹਿਣਾ ਹੈ ਕਿ ਸਹਾਰਨਪੁਰ ਇਕ-ਦੋ ਵਾਰ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਭਾਈਚਾਰਕ ਸਾਂਝ ਤੇ ਸ਼ਾਂਤਮਈ ਤਬੀਅਤ ਵਾਲੇ ਲੋਕਾਂ ਦਾ ਸ਼ਹਿਰ ਮੰਨਿਆ ਜਾਂਦਾ ਰਿਹਾ ਹੈ। ਅਜਿਹੇ ਭਿਆਨਕ ਦੰਗਿਆਂ ਦਾ ਸੇਕ ਉਨ੍ਹਾਂ ਪਹਿਲੀ ਵਾਰ ਦੇਖਿਆ ਹੈ।
ਉਨ੍ਹਾਂ ਕਿਹਾ ਕਿ ਘੱਟ ਗਿਣਤੀ ਹੋਣ ਦਾ ਅਹਿਸਾਸ ਉਨ੍ਹਾਂ ਨੂੰ ਪਹਿਲੀ ਵਾਰ ਡੂੰਘੀ ਤਰ੍ਹਾਂ ਮਹਿਸੂਸ ਹੋਇਆ ਹੈ। ਗੁਰਦੁਆਰਾ ਸਾਹਿਬ ਵਿਖੇ ਇਕੱਤਰ ਸਿੱਖ ਪ੍ਰਤੀਨਿਧਾਂ ਦਾ ਸੁਤੇ-ਸਿਧ ਕਹਿਣਾ ਸੀ ਕਿ ਕਿਸੇ ਵੱਡੇ ਭਾਈਚਾਰੇ ਵੱਲ ਉਂਗਲ ਵੀ ਉੱਠੀ ਹੁੰਦੀ ਤਾਂ ਪ੍ਰਸ਼ਾਸਨ ਨੇ ਤੁਰੰਤ ਪੱਬਾਂ ਭਾਰ ਹੋਇਆ ਹੋਣਾ ਸੀ ਪਰ ਕਿਉਂਕਿ ਘੱਟ-ਗਿਣਤੀ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ, ਇਸ ਕਰਕੇ ਪ੍ਰਸ਼ਾਸਨ ਲਗਾਤਾਰ ਸਾਹ ਸਤਹੀਣ ਹੋਇਆ ਰਿਹਾ।
ਅੰਬਾਲਾ ਰੋਡ ਉੱਪਰ ਦੁਕਾਨਾਂ ਵਿਚ ਅੱਗ ਲਾਉਣ ਲਈ ਵਰਤਿਆ ਕੈਮੀਕਲ ਵੀ ਰਹੱਸ ਬਣਿਆ ਹੋਇਆ ਹੈ। ਚਸ਼ਮਦੀਦ ਗਵਾਹਾਂ ਮੁਤਾਬਕ ਦੰਗਾਕਾਰੀ ਨੌਜਵਾਨਾਂ ਦੇ ਹੱਥਾਂ ਵਿਚ ਸ਼ੀਸ਼ੇ ਵਾਲੀਆਂ ਛੋਟੀਆਂ ਬੋਤਲਾਂ ਵਿਚ ਇਹ ਕੈਮੀਕਲ ਫੜਿਆ ਹੋਇਆ ਸੀ। ਇਹ ਬੋਤਲ ਹਿਲਾ ਕੇ ਦੁਕਾਨ ਅੰਦਰ ਸੁੱਟ ਦਿੱਤੀ ਜਾਂਦੀ ਸੀ ਤੇ ਧਮਾਕੇ ਨਾਲ ਬੋਤਲ ਫਟਦੀ ਸੀ ਤੇ ਚਾਰੇ ਪਾਸੇ ਅੱਗ ਫ਼ੈਲ ਜਾਂਦੀ ਸੀ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਵਿਸਫੋਟਕ ਪਦਾਰਥ ਜੰਮੂ ਵਿਚ ਬੰਬ ਬਣਾਉਣ ਲਈ ਵੀ ਵਰਤਿਆ ਜਾਂਦਾ ਰਿਹਾ ਹੈ।
______________________________________
ਇਹ ਹੈ ਮਾਮਲਾæææ
ਸਿੱਖ ਪ੍ਰਤੀਨਿਧਾਂ ਦਾ ਕਹਿਣਾ ਹੈ ਕਿ 2001 ਵਿਚ ਗੁਰਦੁਆਰੇ ਦੇ ਨਾਲ ਲੱਗਦੀ ਜਗ੍ਹਾ ਉਨ੍ਹਾਂ ਖਰੀਦੀ ਸੀ। ਇਸ ਜਗ੍ਹਾ ਉੱਪਰ 2010 ਤੱਕ ਧਾਰਮਿਕ ਸਮਾਗਮ ਹੁੰਦੇ ਰਹੇ, ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਪਰ 2010 ਵਿਚ ਇਕ ਮੋਹਰਮ ਅਲੀ ਪੱਪੂ ਨਾਂ ਦੇ ਵਿਅਕਤੀ ਨੇ ਦਾਅਵਾ ਕਰ ਦਿੱਤਾ ਕਿ ਇਸ ਥਾਂ ‘ਤੇ ਮਸਜਿਦ ਹੁੰਦੀ ਸੀ। ਇਸ ਦਾਅਵੇ ਵਿਰੁੱਧ ਕਮੇਟੀ ਅਦਾਲਤ ਵਿਚ ਗਈ ਤੇ ਮਈ 2013 ਵਿਚ ਅਦਾਲਤ ਨੇ ਸਿੱਖਾਂ ਦੇ ਦਾਅਵੇ ਨੂੰ ਜਾਇਜ਼ ਕਰਾਰ ਦਿੰਦਿਆਂ ਉਸ ਥਾਂ ਉੱਪਰ ਕਦੇ ਮਸਜਿਦ ਹੋਣ ਦੀ ਗੱਲ ਰੱਦ ਕਰ ਦਿੱਤੀ। ਪੱਪੂ ਤੇ ਕੁਝ ਹੋਰ ਲੋਕਾਂ ਨੇ ਐਸ਼ਡੀæਐਮæ ਕੋਲ ਇਸ ਥਾਂ ਉਪਰ ਗੁਰਦੁਆਰੇ ਦੀ ਉਸਾਰੀ ਰੋਕਣ ਲਈ ਦਰਖਾਸਤ ਦਿੱਤੀ। ਇਸ ਉੱਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ, ਸਗੋਂ ਗੁਰਦੁਆਰਾ ਕਮੇਟੀ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਕਿਹਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਧੀਰ ਨੇ ਕਿਹਾ ਕਿ ਸਿੱਖਾਂ ਉੱਪਰ ਹਮਲਾ ਇਕ ਯੋਜਨਾ ਤਹਿਤ ਕੀਤਾ ਗਿਆ ਹੈ।
_______________________________________
ਸ਼੍ਰੋਮਣੀ ਕਮੇਟੀ ਵੱਲੋਂ ਪੀੜਤਾਂ ਨੂੰ ਮਦਦ ਦਾ ਭਰੋਸਾ
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਾਰਨਪੁਰ ਵਿਚ ਵੱਸਦੀ ਸਮੁੱਚੀ ਸਿੱਖ ਸੰਗਤ ਤੇ ਪੰਜਾਬੀ ਭਾਈਚਾਰੇ ਨਾਲ ਤਨਦੇਹੀ ਨਾਲ ਖੜ੍ਹੀ ਹੈ। ਉਨ੍ਹਾਂ ਸਹਾਰਨਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਸਿੱਖਾਂ ਉਪਰ ਹਮਲਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਪਰਚੇ ਦਰਜ ਕੀਤੇ ਜਾਣ ਤੇ ਸ਼ਰਾਰਤੀ ਅਨਸਰਾਂ ਵੱਲੋਂ ਲੁੱਟੇ ਗਏ ਸਾਮਾਨ ਦੀ ਬਰਾਮਦਗੀ ਲਈ ਯਤਨ ਤੇਜ਼ ਕੀਤੇ ਜਾਣ। ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੀ ਸਰਕਾਰ ਸਹਾਰਨਪੁਰ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਨੁਕਸਾਨ ਦਾ ਸਮੁੱਚਾ ਮੁਆਵਜ਼ਾ ਪਹਿਲ ਦੇ ਆਧਾਰ ‘ਤੇ ਪੀੜਤ ਸਿੱਖਾਂ ਨੂੰ ਦੇਵੇ ਤੇ ਸਿੱਖ ਭਾਈਚਾਰੇ ਦੇ ਧਾਰਮਿਕ ਅਸਥਾਨ ਤੇ ਜਾਇਦਾਦ ਆਦਿ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ।
Leave a Reply