ਬੀਬੀ

ਮਾਂਵਾਂ-ਧੀਆਂ ਦੀਆਂ ਗਲੋੜੀਆਂ

ਮਾਂਵਾਂ-ਧੀਆਂ ਦੇ ਰਿਸ਼ਤੇ ਦੀ ਵਿਆਖਿਆ ਦੀ ਕਦੀ ਕਿਸੇ ਨੂੰ ਲੋੜ ਨਹੀਂ ਪਈ। ਰਿਸ਼ਤੇ ਦੀ ਇਹ ਗੰਢ ਆਪ-ਮੁਹਾਰੇ ਅਤੇ ਬਹੁਤ ਪੀਡੀ ਜੁੜੀ ਹੋਈ ਹੈ। ਰਜਵੰਤ ਕੌਰ ਸੰਧੂ ਨੇ ਆਪਣੇ ਇਸ ਲੰਮੇ ਲੇਖ ‘ਬੀਬੀ’ ਵਿਚ ਭਾਵੇਂ ਨਿਰੋਲ ਆਪਣੀ ਮਾਂ ਬਾਰੇ ਗੱਲਾਂ ਕੀਤੀਆਂ ਹਨ, ਪਰ ਇਹ ਲੇਖ ਪੂਰੇ ਜੱਗ-ਜਹਾਨ ਦੀਆਂ ਧੀਆਂ ਤੇ ਮਾਂਵਾਂ ਦੀ ਗੱਲ ਕਰਦਾ ਜਾਪਦਾ ਹੈ। ਇਹੀ ਇਸ ਲੇਖ ਅਤੇ ਇਸ ਰਿਸ਼ਤੇ ਦੀ ਖੂਬਸੂਰਤੀ ਹੈ। ਸਮਾਜ ਦੀਆਂ ਵਿੰਗੀਆਂ-ਟੇਢੀਆਂ ਸੁੰਨ-ਮਸਾਣ ਗਲੀਆਂ ਵਿਚੋਂ ਲੰਘਦੀਆਂ ਮਾਂਵਾਂ-ਧੀਆਂ ਬਾਰੇ ਇਹ ਚਰਚਾ ਇੰਨੀ ਸਹਿਜ-ਭਰਪੂਰ ਹੈ ਕਿ ਪਾਠਕ-ਮਨ ਦੀਆਂ ਲੜੀਆਂ ਆਪਣੇ ਚੇਤਿਆਂ ਦੀ ਚੰਗੇਰ ਫਰੋਲਣ ਬਹਿ ਜਾਂਦੀਆਂ ਹਨ। ਇਸ ਲੇਖ ਦੀ ਪਹਿਲੀ ਕਿਸ਼ਤ ਅਸੀਂ ਆਪਣੇ ਮੁਹੱਬਤੀ ਪਾਠਕਾਂ ਦੀ ਨਜ਼ਰ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਰਜਵੰਤ ਕੌਰ ਸੰਧੂ
ਮਾਂਵਾਂ ਕਿਸ ਨੂੰ ਪਿਆਰੀਆਂ ਨਹੀਂ ਹੁੰਦੀਆਂ! ਕਿਸੇ ਲਈ ਠੰਢੀ ਮਿੱਠੀ ਸਵਰਗਾਂ ਵਰਗੀ ਛਾਂ, ਕਿਸੇ ਲਈ ਧਰਤੀ ਵਰਗਾ ਧੀਰਜ ਤੇ ਧਰਵਾਸ, ਕਿਸੇ ਲਈ ਬੇਫ਼ਿਕਰੀ ਵਾਲੀ ਡੂੰਘੀ ਨੀਂਦੇ ਸੌਣ ਵਾਲੀ ਨਿੱਘੀ ਗੋਦ। ਧੀਆਂ ਦੀ ਤਾਂ ਧਿਰ ਹੁੰਦੀਆਂ ਨੇ ਮਾਂਵਾਂ। ਸਭ ਤੋਂ ਨੇੜਲੀਆਂ ਹਮਰਾਜ਼। ਮਿਲ ਬੈਠ ਕੇ ‘ਨਿੱਕੀਆਂ ਨਿੱਕੀਆਂ ਗਲੋੜੀਆਂ ਕਰਨ ਵਾਲੀਆਂ।’ ਪਰਿਵਾਰਾਂ ਦਾ ਦੁੱਖ ਚੁੱਕਣ ਵਾਲੀਆਂ। ਧੀਆਂ ਦਾ ਭਾਰ ਹੌਲਾ ਕਰਨ ਵਾਲੀਆਂ। ਸਭ ਤੋਂ ਵੱਡਾ ਆਸਰਾ। ਸਾਰੀਆਂ ਮਾਂਵਾਂ ਅਜਿਹੀਆਂ ਹੀ ਹੁੰਦੀਆਂ ਨੇ, ਪਰ ਮੇਰੀ ਮਾਂ ਤਾਂ ਮੇਰੀ ਮਾਂ ਹੈ। ਮੈਂ ਤਾਂ ਆਪਣੀ ਮਾਂ ਦੀ ਗੱਲ ਹੀ ਕਰ ਸਕਦੀ ਹਾਂ। ਮਾਂ ਨੂੰ ਜਹਾਨੋਂ ਤੁਰ ਗਿਆਂ ਦਹਾਕਾ ਲੰਘ ਚੁੱਕਾ ਹੈ ਪਰ ਮੈਂ ਅਜੇ ਵੀ ਉਹਦੀ ਗੋਦ ਵਿਚ ਸਿਰ ਰੱਖ ਕੇ ਸੁੱਤੀ ਪਈ ਹਾਂ। ਸੁਪਨੇ ਵਿਚ ਰੀਲ ਚੱਲਦੀ ਹੈ। ਮਾਂ ਦਾ ਜੀਵਨ ਮੁੱਢ ਤੋਂ ਲੈ ਕੇ ਉਧੜਨਾ ਸ਼ੁਰੂ ਹੋ ਜਾਂਦਾ ਹੈ।
ਮਾਂ ਔਰਤ ਵੀ ਤਾਂ ਹੁੰਦੀ ਹੈ। ਔਰਤ ਦੀ ਹੋਣੀ ਭੋਗਣਾ ਉਹਦੀ ਸਮਾਜ ਵੱਲੋਂ ਨਿਸ਼ਚਿਤ ਕਰ ਦਿੱਤੀ ਕਿਸਮਤ ਵੀ ਆਖੀ ਜਾ ਸਕਦੀ ਹੈ। ਦੁਆਬੇ ਦੇ ਪਿੰਡ ਸਾਰੋਬਾਦ ਵਿਚ ‘ਜਾਗੀਰਦਾਰ’ ਵੱਜਦੇ ਹੁੰਦਲਾਂ ਦੇ ਘਰ ਜੰਮੀ ਸੀ ਮੇਰੀ ਮਾਂ। ‘ਜਾਗੀਰਦਾਰੀ’ ਘਰ ਵਿਚ ਜੰਮੀ ਕੁੜੀ ਨੇ ਜਾਗੀਰਦਾਰੀ ਕਦਰਾਂ-ਕੀਮਤਾਂ ਦਾ ਦੁਖਾਂਤ ਵੀ ਤਾਂ ਭੋਗਣਾ ਸੀ! ਉਹ ਆਪਣੇ ਬਾਪ ਦੀ ਦੂਜੀ ਔਲਾਦ ਸੀ। ਦੂਜੀ ਧੀ। ਦੂਜਾ ਪੱਥਰ। ਪੱਥਰ ਕੀ ਕਿਸੇ ਨੇ ਸਿਰ ‘ਚ ਮਾਰਨਾ ਸੀ! ਪਿਉ ਤਾਂ ਪਹਿਲੇ ਪੱਥਰ ਦੀ ਪੀੜ ਨਾਲ ‘ਸੀਅ! ਸੀਅ!’ ਕਰ ਰਿਹਾ ਸੀ। ਉਹ ਤਾਂ ਉਡੀਕ ਰਿਹਾ ਸੀ ਪੁੱਤ ਨੂੰ। ਪੀੜਾਂ ਹਰ ਲੈਣ ਵਾਲੇ ਖ਼ਾਨਦਾਨੀ ਇਲਾਜ ਨੂੰ, ਪਰ ਦੂਜੀ ਧੀ ਤੋਂ ਬਾਅਦ ਵੀ ਤੀਜਾ ਪੱਥਰ ਸਿਰ ਵਿਚ ਆਣ ਵੱਜਾ ਤਾਂ ਪਿਉ ਨੂੰ ਲੱਗਾ, ਧੀਆਂ ਤਾਂ ਉਹਨੂੰ ਉਮਰ ਤੇ ਟੱਬਰ ਦਾ ਰੋਗ ਬਣ ਕੇ ਆ ਚੰਬੜੀਆਂ ਹਨ। ਹੇਠ ਉਤੇ ਜੰਮੀਆਂ ਤਿੰਨ ਧੀਆਂ ਨੇ ਤਾਂ ਪਿਉ ਦੀ ਲਾਡਲੀ ਵਹੁਟੀ ਦੀ ਕਦਰ ਇੰਨੀ ਘਟਾ ਦਿੱਤੀ ਕਿ ‘ਧੀਆਂ ਜੰਮਣ ਵਾਲੀ ਇਸ ਮਸ਼ੀਨ’ ਤੋਂ ਪਿਉ ਹੌਲੀ-ਹੌਲੀ ਦੂਰ ਹੋਣ ਲੱਗਾ। ਕੁਝ ਵੱਖਰਾ ਸੋਚਣ ਲੱਗਾ। ਸ਼ਾਇਦ ਠੀਕ ਹੀ ਸੋਚਦਾ ਸੀ। ਧੀਆਂ ਤਾਂ ਜੱਗ ਦਾ ਨਿਸ਼ਾਨ ਨਹੀਂ ਨਾ ਹੁੰਦੀਆਂ! ਧੀਆਂ ਤਾਂ ਪਰਾਇਆ ਧਨ ਹੁੰਦੀਆਂ ਨੇ! ਖ਼ਾਨਦਾਨ ਦੀ ਜੜ੍ਹ ਤਾਂ ਪੁੱਤ ਹੀ ਹੁੰਦਾ ਹੋਇਆ! ਉਹਨੇ ਨਵਾਂ ਵਿਆਹ ਕਰਵਾ ਲਿਆ, ਤੇ ਸਾਰਾ ਪਿਆਰ ਨਵ-ਵਿਆਹੁਤਾ ਦੀ ਝੋਲੀ ਵਿਚ ਉਲੱਦ ਦਿੱਤਾ।
ਹਾਲਾਤ ਦੀ ਕੈਸੀ ਟੇਢ ਵੱਜੀ, ਬੀਬੀ ਦੱਸਦੀ ਹੁੰਦੀ ਸੀ- ਨਵੀਂ ਵਿਆਹੀ ਦੇ ਘਰ ਵੀ ਧੀ ਜੰਮ ਪਈ, ਪਰ ਉਧਰ ਸਾਡੀ ਨਾਨੀ ਦੇ ਘਰ ਪੁੱਤ ਜੰਮ ਪਿਆ। ਖ਼ਾਨਦਾਨ ਦਾ ਪਹਿਲਾ ਪੁੱਤ। ਨਾਨਾ ਸਾਡੀ ਨਾਨੀ ਵੱਲ ਪਰਤਣ ਲੱਗਾ, ਤਾਂ ਨਵੀਂ ਵਿਆਹੀ ਦੇ ਸੱਤੀਂ ਕੱਪੜੀਂ ਅੱਗ ਲੱਗਣੀ ਹੀ ਸੀ। ਉਹਨੂੰ ਆਪਣੀ ਚੜ੍ਹਦੀ ਜਵਾਨੀ ਤੇ ਨਵੇਂ ਹੁਸਨ ਦਾ ਮਾਣ ਵੀ ਸੀ। ਉਹ ਕਿਵੇਂ ਆਪਣੇ ਪਤੀ ਨੂੰ ਸੌਕਣ ਨੇੜੇ ਢੁੱਕਣ ਦਿੰਦੀ। ਉਂਜ ਵੀ ਕੁਝ ਦਿਨਾਂ ਬਾਅਦ ਹੀ ਉਹਦੀ ਨਵ-ਜਨਮੀ ਧੀ ਦੀ ਮੌਤ ਹੋ ਗਈ ਸੀ। ਸੌਕਣ-ਸਾੜਾ ਇੰਨਾ ਕਿ ਨਿੱਕੀ-ਨਿੱਕੀ ਗੱਲ ‘ਤੇ ਪਤੀ ਕੋਲ ਸਾਡੀ ਨਾਨੀ ਦੀਆਂ ਝੂਠੀਆਂ ਸ਼ਿਕਾਇਤਾਂ ਕਰਦੀ ਰਹਿੰਦੀ। ਸਿਰ ‘ਤੇ ਪੱਟੀ ਬੰਨ੍ਹ ਕੇ ‘ਖਣਵੱਟੀ-ਪੱਟੀ’ ਲੈ ਕੇ ਲੇਟੀ ਰਹਿੰਦੀ। ਸਾਡੇ ਮਾਮੇ ਨੂੰ ਖਿਡਾਉਂਦੀਆਂ ਤੇ ਖਿੜ-ਖਿੜ ਹੱਸਦੀਆਂ ਤਿੰਨੇ ਭੈਣਾਂ ਉਹਨੂੰ ‘ਹਿੜ-ਹਿੜ’ ਕਰਦੀਆਂ ਲੱਗਦੀਆਂ। ਮੇਰਾ ਮਾਮਾ ਉਹਨੂੰ ਫੁੱਟੀ ਅੱਖ ਨਾ ਭਾਉਂਦਾ। ਜੇ ਕਿਤੇ ਪਿਉ ਖ਼ੁਸ਼ੀ ਵਿਚ ਪੁੱਤ ਨੂੰ ਕੁੱਛੜ ਚੁੱਕਦਾ ਤਾਂ ਕਹਿਰੀ ਅੱਖਾਂ ਨਾਲ ਉਸ ਵੱਲ ਵਿੰਹਦੀ। ਗੱਲੇ-ਗੱਲੇ ਸਾਡੀ ਨਾਨੀ ਨਾਲ ਲੜਨ ਬਹਿ ਜਾਂਦੀ। ਚੱਤੋ ਪਹਿਰ ਦਾ ਕਲੇਸ਼।
ਇਹ ਅਨੁਮਾਨ ਲਾਉਣਾ ਜ਼ਿਆਦਤੀ ਹੋਵੇਗਾ ਕਿ ਨਵ-ਜਾਤ ਆਪੇ ਮਰ ਗਈ ਸੀ, ਜਾਂ ਮਾਰ ਦਿੱਤੀ ਗਈ ਸੀ। ਜਦੋਂ ਮੈਂ ਮਾਂ ਨੂੰ ਪੁੱਛਦੀ, “ਬੀ ਜੀ! ਮੈਨੂੰ ਤਾਂ ਲੱਗਦੈ ਕਿ ਬਾਪੂ ਜੀ ਨਾਲ ਮਿਲ ਕੇ ਛੋਟੀ ਨਾਨੀ ਨੇ ਕੁੜੀ ਮਾਰ ਦਿੱਤੀ ਹੋਣੀ। ਉਦੋਂ ਤਾਂ ਧੀਆਂ ਮਾਰਨ ਦਾ ਆਮ ਰਿਵਾਜ ਸੀ।”
ਬੀਬੀ ਆਖਦੀ, “ਧੀਏ! ਰੱਬ ਨੂੰ ਜਾਨ ਦੇਣੀ ਹੈ। ਨਾ ਮੈਂ ਝੂਠ ਬੋਲਾਂ ਤੇ ਨਾ ਜੂਠ ਖਾਵਾਂ। ਜਦੋਂ ਪਤਾ ਹੀ ਨਹੀਂ ਤਾਂ ਕਿਵੇਂ ਆਖ ਦਿਆਂæææ ਕੁੜੀ ਆਪੇ ਮਰ ਗਈ ਹੋਣੀ। ਦੂਜਾ ਵਿਆਹ ਤਾਂ ਉਹਨੇ ਪੁੱਤ ਦੀ ਆਸ ਵਿਚ ਕੀਤਾ।”
ਸੋਚਦੀ ਕਿ ਮਾਂ ਕੋਲ ਇੰਨਾ ਕੁ ਝੂਠ ਮਾਰਨ ਦੀ ਗੁੰਜਾਇਸ਼ ਤਾਂ ਸੀ, ਪਰ ਉਹ ਇਸ ਗੁੰਜਾਇਸ਼ ਦਾ ਲਾਭ ਨਾ ਲੈਂਦੀ। ਉਹਦੀ ਗੱਲ ਠੀਕ ਸੀ। ਮੇਰੀ ਮਾਂ ਜੂਠ ਤੇ ਝੂਠ ਦੀ ਸਖ਼ਤ ਵਿਰੋਧੀ ਸੀ। ਉਹ ਕਿਸੇ ਨੂੰ ਖਾਣ ਲਈ ਜੂਠੀ ਚੀਜ਼ ਨਾ ਦਿੰਦੀ, ਤੇ ਨਾ ਕਿਸੇ ਦਾ ਜੂਠਾ ਖਾਂਦੀ ਸੀ। ਝੂਠ ਦੀ ਵੀ ਸਖ਼ਤ ਵਿਰੋਧੀ ਸੀ। ਇਹ ਦਾਅਵਾ ਨਹੀਂ ਕਰਦੀ ਸੀ ਕਿ ਉਹਨੇ ਕਦੀ ਝੂਠ ਬੋਲਿਆ ਹੀ ਨਾ ਹੋਵੇ। ਸਦਾ ਸੱਚ ਤਾਂ ਧਰਮ-ਪੁੱਤਰ ਯੁਧਿਸ਼ਟਰ ਵਰਗਿਆਂ ਤੋਂ ਵੀ ਨਾ ਬੋਲਿਆ ਗਿਆ, ਮੇਰੀ ਬੀਬੀ ਸਵਰਨ ਕੌਰ ਕੀਹਦੀ ਪਾਣੀਹਾਰ ਸੀ। ਰੋਜ਼ਮੱਰਾ ਦੀ ਜ਼ਿੰਦਗੀ ਵਿਚ ਉਹਨੂੰ ਵੀ ਸ਼ਾਇਦ ਕਈ ਵਾਰ ਝੂਠ ਬੋਲਣਾ ਪਿਆ ਹੋਵੇਗਾ, ਪਰ ਝੂਠ ਬੋਲਣ ਜਾਂ ਨਾ ਬੋਲਣ ਬਾਰੇ ਉਹਦੀਆਂ ਦੋ ਮਿਸਾਲਾਂ ਦੱਸਣਾ ਚਾਹੁੰਦੀ ਹਾਂæææ
ਨਿੱਕੇ ਹੁੰਦਿਆਂ ਦੀ ਗੱਲ ਹੈ। ਸਾਡੇ ਘਰ ਦਾ ਵਿਹੜਾ ਸਾਡੇ ਚਾਚੇ ਤਾਇਆਂ ਨਾਲ ਸਾਂਝਾ ਸੀ। ਚੌਂਤਰਿਆਂ ਦੀਆਂ ਕੰਧੋਲੀਆਂ ਦਾ ਹੀ ਓਹਲਾ ਸੀ। ਲੋਹੜੀ ਦਾ ਦਿਨ ਸੀ। ਸਕਿਆਂ ‘ਚੋਂ ਭਰਜਾਈ ਨੇ ਮੀਟ ਬਣਾਇਆ। ਬੀਬੀ ਕਮਰੇ ਵਿਚ ਪਾਠ ਕਰਦੀ ਸੀ। ਭਾਬੀ ਨੇ ਮੌਕਾ ਤਕਾ ਕੇ ਵਿਹੜੇ ਵਿਚ ਖੇਡਦੀਆਂ ਸਾਨੂੰ ਦੋਵਾਂ ਨਿੱਕੀਆਂ ਭੈਣਾਂ ਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ, ਤੇ ਕੌਲੀ ਵਿਚ ਮੀਟ ਪਾ ਕੇ ਖਾਣ ਨੂੰ ਦਿੱਤਾ। ਬੀਬੀ ਮੀਟ ਨਹੀਂ ਸੀ ਖਾਂਦੀ, ਖਾਣ ਵੀ ਨਹੀਂ ਸੀ ਦਿੰਦੀ। ਖਾਣਾ ਵੀ ਕੀ ਸੀ, ਜਦੋਂ ਘਰ ਵਿਚ ਬਣਨਾ ਹੀ ਨਹੀਂ ਸੀ ਤਾਂ।
“ਛੇਤੀ-ਛੇਤੀ ਖਾ ਲੌ। ਚਾਚੀ ਨਾ ਵੇਖ ਲਵੇ।”
ਅਸੀਂ ਮੂੰਹ ਪੂੰਝਦੀਆਂ ਉਠੀਆਂ ਤਾਂ ਬੀਬੀ ਕਮਰੇ ਵਿਚੋਂ ਬਾਹਰ ਆ ਗਈ। ਪੁੱਛਣ ਲੱਗੀ, “ਕੀ ਖਾਧਾ ਜੇ?”
ਮੈਥੋਂ ਨਿੱਕੀ ਤਾਂ ਡਰਦੀ ਭੱਜ ਗਈ। ਮੈਂ ਚੁੱਪ ਕੀਤੀ ਖਲੋਤੀ ਰਹੀ। ਬੀਬੀ ਨੇ ਜ਼ੋਰ ਦੇ ਕੇ ਪੁੱਛਿਆ ਤਾਂ ਮੇਰੇ ਮੂੰਹੋਂ ਐਵੇਂ ਹੀ ਨਿਕਲ ਗਿਆ, “ਕੁਛ ਨ੍ਹੀਂ।”
ਬੀਬੀ ਨੇ ਚਪੇੜ ਮੇਰੀ ਗੱਲ੍ਹ ‘ਤੇ ਮਾਰੀ, “ਕਿਉਂ ਝੂਠ ਬੋਲਦੀ ਏਂ।”
ਮੈਂ ਸੱਚ ਦੱਸ ਦਿੱਤਾ ਕਿ ਇਕੋ ਕੌਲੀ ਵਿਚ ਦੋਵਾਂ ਭੈਣਾਂ ਨੇ ਭਾਬੀ ਵੱਲੋਂ ਦਿੱਤਾ ਮੀਟ ਖਾਧਾ ਸੀ। ਭਾਬੀ ਨੇ ਵੀ ਆ ਕੇ ਕਿਹਾ, “ਚਾਚੀ ਜੀ, ਇਨ੍ਹਾਂ ਦਾ ਕਸੂਰ ਨਹੀਂ। ਮੈਂ ਦਿੱਤਾ ਸੀ ਖਾਣ ਨੂੰ। ਦਿਨ-ਸੁਧ ਨੂੰ ਖਾ ਵੀ ਲਿਆ ਤਾਂ ਕਿਹੜੀ ਗੱਲ ਏ। ਲਾਗੇ ਬਣਦਾ ਵੇਖ ਮਨ ਕਰ ਆਉਂਦਾ ਏ ਨਿਆਣੀਆਂ ਦਾ।”
“ਹਰਜੀਤ ਕੁਰੇ! ਨਿਰਾ ਮੀਟ ਖਾਣ ਦੀ ਗੱਲ ਨਹੀਂ, ਇਨ੍ਹਾਂ ਜੂਠ ਵੀ ਖਾਧੀ ਤੇ ਝੂਠ ਵੀ ਬੋਲਿਆ।”
ਬਾਹੋਂ ਫੜ ਕੇ ਬੀਬੀ ਮੈਨੂੰ ਕਮਰੇ ਵਿਚ ਲੈ ਗਈ। ਮੈਂ ਰੋਣ ਲੱਗੀ ਤਾਂ ਬੀਬੀ ਨੇ ਗਲ਼ ਨਾਲ ਲਾ ਲਿਆ। ਮੈਨੂੰ ਗੋਦੀ ਵਿਚ ਲੈ ਲਿਆ, ਤੇ ਅੱਖਾਂ ਭਰ ਕੇ ਕਹਿੰਦੀ, “ਧੀਏ! ਝੂਠ ਨਹੀਂ ਬੋਲੀਦਾ। ਮਾਂਵਾਂ ਨਾਲ ਤਾਂ ਕਦੀ ਵੀ ਨਹੀਂ। ਤੁਹਾਡੇ ਸਿਰ ‘ਤੇ ਪਿਉ ਦੀ ਛਾਂ ਨਹੀਂ। ਮੈਂ ਤੁਹਾਡੇ ਪਿਉ ਦੀ ਪਤ ਸਾਂਭ ਕੇ ਬੈਠੀ ਆਂ। ਆਪਾਂ ਮਾਂਵਾਂ-ਧੀਆਂ ਦੀ ਇੱਜ਼ਤ ਵੀ ਸਾਂਝੀ ਤੇ ਦੁਖ-ਸੁਖ ਵੀ। ਸਾਡੇ ਵਿਚੋਂ ਇਕ ਵੀ ਡੋਲ ਗਈ, ਸਮਝੀਂ ਇਨ੍ਹਾਂ ਮਹਿਲਾਂ ਦੀਆਂ ਨੀਂਹਾਂ ਹਿੱਲ ਗਈਆਂ। ਆਪਾਂ ਇਕ ਦੂਜੀ ਨਾਲ ਜੁੜ ਕੇ ਇਕ ਦੂਜੀ ਦਾ ਆਸਰਾ ਬਣਨੈਂ। ਜੇ ਆਪਣਾ ਇਕ ਦੂਜੀ ‘ਚੋਂ ਯਕੀਨ ਈ ਉਠ ਗਿਆ ਤਾਂ ਜਾਹ ਜਾਂਦੀਏ ਹੋ ਜੂ। ਧੀਏ! ਮਾਂ ਨਾਲ ਕਦੀ ਝੂਠ ਨਾ ਬੋਲੀਂ।” ਮਾਂ ਮੇਰੇ ਅੱਥਰੂ ਵੀ ਪੂੰਝ ਰਹੀ ਸੀ ਤੇ ਆਪਣੇ ਵੀ।
ਉਸ ਤੋਂ ਬਾਅਦ ਮੈਂ ਮੀਟ ਵੀ ਕਦੀ ਨਾ ਖਾਧਾ, ਤੇ ਵਾਹ ਲੱਗਦਿਆਂ ਮਾਂ ਨਾਲ ਝੂਠ ਵੀ ਨਾ ਬੋਲਿਆ।
ਇਕ ਵਾਰ ਕੈਨੇਡਾ ਤੋਂ ਪਰਤ ਕੇ ਆਇਆ ਮੇਰਾ ਪੁੱਤ ਸੁਪਨ ਆਪਣੀ ਨਾਨੀ ਨਾਲ ਲਾਡ ਕਰ ਰਿਹਾ ਸੀ। ਕਹਿੰਦਾ, “ਬੀਬੀ! ਮੇਰੀਆਂ ‘ਉਹ ਗੱਲਾਂ’ ਇਨ੍ਹਾਂ ਨੂੰ ਦੱਸ ਤਾਂ ਨਹੀਂ ਦਿੱਤੀਆਂ?”
ਬੀਬੀ ਮੁਸਕਰਾ ਕੇ ਸਾਡੇ ਵੱਲ ਵੇਖਣ ਲੱਗੀ। ਬੋਲੀ ਕੁਝ ਨਾ। ਫਿਰ ਸੁਪਨ ਵੱਲ ਮੂੰਹ ਕਰ ਕੇ ਕਹਿੰਦੀ, “ਨਾ; ਮੈਂ ਨਹੀਂ ਦੱਸੀਆਂ।”
ਬੀਬੀ ਦਾ ਜਵਾਬ ਸੁਣ ਕੇ ਅਸੀਂ ਹੈਰਾਨ ਹੋਏ। ਸੰਧੂ ਸਾਹਿਬ (ਵਰਿਆਮ ਸਿੰਘ ਸੰਧੂ) ਕਹਿੰਦੇ, “ਬੀਬੀ! ਹੁਣ ਈ ਦੱਸ ਦੇ। ਕੀ ਲੁਕਾਅ ਰੱਖਦੇ ਰਹੇ ਜੇ ਸਾਡੇ ਕੋਲੋਂ ਨਾਨੀ ਦੋਹਤਾ ਰਲ ਕੇ?”
ਸੁਪਨ ਨੇ ਬੀਬੀ ਨੂੰ ਜੱਫੀ ਪਾ ਲਈ, “ਨਾ ਬੀਬੀ! ਆਪਣੇ ਰਾਜ਼ ਦੀਆਂ ਗੱਲਾਂ ਨੇ। ਇਨ੍ਹਾਂ ਨੂੰ ਨਹੀਂ ਦੱਸਣੀਆਂ।”
ਬੀਬੀ ਕਹਿੰਦੀ, “ਨਹੀਂ ਦੱਸਦੀ।”
“ਕਿਸੇ ਕੁੜੀ ਦੀ ਗੱਲ ਹੋਊ?” ਸੰਧੂ ਸਾਹਿਬ ਨੇ ਕੁਰੇਦਿਆ।
“ਤੁਹਾਨੂੰ ਕਿਉਂ ਦੱਸੀਏ ਰਾਜ਼ ਦੀਆਂ ਗੱਲਾਂ।” ਉਹ ਮੱਛਰ ਗਿਆ। ਬੀਬੀ ਨੂੰ ਬਾਹਾਂ ਵਿਚ ਘੁੱਟ ਕੇ ਗਾਉਣ ਲੱਗਾ, “ਅਸੀਂ ਕਿਹਨੂੰ-ਕਿਹਨੂੰ ਦੱਸੀਏ, ਇਹ ਰਾਜ਼ ਦੀਆਂ ਗੱਲਾਂ। ਚੱਲ ਬੀਬੀ, ਮੇਰੇ ਨਾਲ ਗੌਂ। ਨੀ ਮੈਂ ਕੀਹਨੂੰ-ਕੀਹਨੂੰ ਦੱਸਾਂ ਇਹ ਰਾਜ਼ ਦੀਆਂ ਗੱਲਾਂ।”
ਬੀਬੀ ਵੀ ਸੁਪਨ ਨਾਲ ਮਿਲ ਕੇ ਬੁੱਢੇ ਕਮਜ਼ੋਰ ਹੱਥਾਂ ਨਾਲ ਤਾੜੀ ਮਾਰ ਕੇ ਬੋਲੀ, “ਮੈਂ ਕੀਹਨੂੰ-ਕੀਹਨੂੰ ਦੱਸਾਂ ਰਾਜ਼ ਦੀਆਂ ਗੱਲਾਂ।” ਉਹ ਸੁਪਨ ਨਾਲ ਸਦਾ ਬੱਚਾ ਬਣ ਜਾਂਦੀ।
ਉਸ ਤੋਂ ਬਾਅਦ ਕਈ ਵਾਰ ਪੁੱਛਣ ਦੇ ਬਾਵਜੂਦ ਕਦੀ ਬੀਬੀ ਨੇ ਰਾਜ਼ ਦੀਆਂ ਗੱਲਾਂ ਸਾਨੂੰ ਨਾ ਦੱਸੀਆਂ। ਹੱਸ ਕੇ ਆਖਣਾ, “ਮੇਰੇ ਪੁੱਤ ਨੇ ਆਖਿਆ ਸੀ, ਕਿਸੇ ਨੂੰ ਨਹੀਂ ਦੱਸਣਾ।”
ਬੀਬੀ ਦੇ ਤੁਰ ਜਾਣ ਤੋਂ ਬਾਅਦ ਸੁਪਨ ਨੇ ਦੱਸਿਆ ਕਿ ਬੀਬੀ ਨੇ ਉਹਦੇ ਕਿਹੜੇ-ਕਿਹੜੇ ਭੇਤ ਸਾਂਭੇ ਹੋਏ ਸਨ। ਸਾਨੂੰ ਬੀਬੀ ਦੇ ਭੇਤ ਪਚਾਅ ਕੇ ਰੱਖਣ ਵਾਲੇ ‘ਹਾਜ਼ਮੇ’ ਉਤੇ ਹੈਰਾਨੀ ਹੋਈ। ਮੈਨੂੰ ਕਿਸੇ ਸਿਆਣੇ ਦੇ ਬੋਲ ਚੇਤੇ ਆਏ, “ਜੇ ਤੁਸੀਂ ਸੱਚ ਨਹੀਂ ਬੋਲ ਸਕਦੇ ਤਾਂ ਝੂਠ ਵੀ ਨਾ ਬੋਲੋ। ਬੱਸ ਚੁੱਪ ਕਰ ਜਾਵੋ।”
ਭੇਤ ਤਾਂ ਭਾਵੇਂ ਕੋਈ ਇੰਨੇ ਵੱਡੇ ਨਹੀਂ ਸਨ, ਕੋਈ ਕੁੜੀ ਚੰਗੀ ਲੱਗਣੀ ਤਾਂ ਉਹਨੇ ਬੀਬੀ ਨੂੰ ਦੱਸਣਾ। ਕਿਸੇ ਯਾਰ ਦੋਸਤ ਨਾਲ ਮਿਲ ਕੇ ਕੋਈ ਖ਼ੁਰਾਫ਼ਾਤ ਕੀਤੀ ਹੋਣੀ ਤਾਂ ਬੀਬੀ ਨਾਲ ਸਾਂਝ ਕਰ ਲੈਣੀ। ਸਕੂਲ ਪੜ੍ਹਦੇ ਸਮੇਂ, ਸਾਨੂੰ ਬਿਨ ਦੱਸਿਆਂ, ਕਿਸੇ ਦੂਜੇ ਸ਼ਹਿਰ ਮੇਲਾ-ਗੇਲਾ ਵੇਖਣ ਯਾਰਾਂ ਨਾਲ ਤੁਰ ਜਾਣਾ। ਸਾਡੀ ਫਿਕਰ ਵਿਚ ਜਾਨ ਸੁੱਕਣੀ, ਪਰ ਬੀਬੀ ਨੂੰ ਗੱਲ ਦਾ ਪਤਾ ਹੋਣਾ। ਪਤਾ ਛੱਡੋ, ਜਾਣ ਲਈ ਖ਼ਰਚਾ-ਪਾਣੀ ਵੀ ਬੀਬੀ ਨੇ ਦਿੱਤਾ ਹੋਣਾ। ਬੀਬੀ ਨੇ ਸੱਚ ਤਾਂ ਨਾ ਦੱਸਣਾ ਪਰ ਝੂਠ ਵੀ ਕਦੀ ਨਾ ਬੋਲਣਾ। ਬੱਸ ਚੁੱਪ ਰਹਿਣਾ।

ਮਨ ਪਿੱਛੇ ਪਰਤਦਾ ਹੈ: ਫਿਰ ਛੋਟੀ ਨਾਨੀ ਦੀ ਵੀ ਰੱਬ ਨੇ ਸੁਣ ਲਈ ਸੀ। ਕੁੜੀ ਦੀ ਮੌਤ ਪਿੱਛੋਂ ਉਹਦੇ ਘਰ ਵੀ ਪੁੱਤ ਨੇ ਜਨਮ ਲਿਆ। ਛੋਟੀ ਨਾਨੀ ਪਹਿਲਾਂ ਹੀ ਜ਼ੋਰਾਵਰ ਸੀ, ਹੁਣ ਪੂਰੀ ਘਰਵਾਲੀ ਬਣ ਗਈ। ਇਕ ਤੋਂ ਬਾਅਦ ਇਕ ਪੁੱਤ ਜੰਮਦਾ ਗਿਆ। ਪੂਰੇ ਚਾਰ ਪੁੱਤਾਂ ਦੀ ਮਾਂ, ਘਰ ਦੀ ਪੂਰੀ ਮਾਲਕਣ ਬਣ ਗਈ। ਵੱਡੇ ਘਰ ਤੇ ਵੱਡੀ ਹਵੇਲੀ ਵਾਲੀ ਸਾਡੀ ਨਾਨੀ ਦਾ ਥਾਂ ਉਸ ਘਰ ਵਿਚ ਘਟਦਾ-ਘਟਦਾ ਇੰਨਾ ਘਟ ਗਿਆ ਕਿ ਆਪਣੇ ਚਾਰ ਜੀਆਂ ਨੂੰ ਲੈ ਕੇ ਉਹ ਇਕ ਕੋਠੜੀ ਵਿਚ ਸੁੰਗੜ ਗਈ। ਨੌਕਰਾਣੀ ਬਣ ਕੇ ਦਿਨ ਲੰਘਾਉਣ ਲੱਗੀ। ਮਾਂਵਾਂ ਧੀਆਂ ਰਲ ਕੇ ਘਰ ਦਾ ਚੁੱਲ੍ਹਾ-ਚੌਂਕਾ ਕਰਦੀਆਂ, ਕੱਪੜੇ ਧੋਂਦੀਆਂ, ਭਾਂਡੇ ਮਾਂਜਦੀਆਂ। ਮੇਰੀ ਮਾਂ ਤੇ ਮਾਸੀਆਂ ਆਪਣੇ ਪੁੱਤ ਤੇ ਭਰਾ ਨੂੰ ਛੱਡ ਕੇ ਮਤਰੇਏ ਪੁੱਤਾਂ ਤੇ ਭਰਾਵਾਂ ਦੀਆਂ ਖਿਡਾਵੀਆਂ ਬਣ ਕੇ ਰਹਿ ਗਈਆਂ। ਮਾਂ-ਧੀਆਂ ਦੀ ਘਰ ਵਿਚ ਕਾਮਿਆਂ ਤੋਂ ਭੈੜੀ ਔਕਾਤ ਸੀ। ਨੌਕਰਾਂ ਤੋਂ ਵਧ ਕੇ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਨਿੱਤ ਝਿੜਕਾਂ ਪੈਂਦੀਆਂ।
ਇਹ ਬੇਇਨਸਾਫ਼ੀ ਸਾਡੇ ਨਾਨੇ ਨੂੰ ਵੀ ਤਾਂ ਦਿਸਦੀ ਹੋਊ!æææ ਸ਼ਾਇਦ ਇਸੇ ਕਾਰਨ ਉਹਨੇ ਧੀਆਂ ਦੇ ਵਿਆਹ ਛੋਟੀ ਉਮਰ ਵਿਚ ਕਰਨ ਦੀ ਸੋਚੀ। ਕਿਸੇ ਰਿਸ਼ਤੇਦਾਰ ਦੀ ਦੱਸ ‘ਤੇ ਮਾਝੇ ਦੇ ਮਸ਼ਹੂਰ ਪਿੰਡ ਝਬਾਲ ਵਿਚ ਸਾਡੀ ਵੱਡੀ ਮਾਸੀ ਦਾ ਰਿਸ਼ਤਾ ਚੰਗੇ ਸਰਦੇ-ਪੁੱਜਦੇ ਘਰ ਕਰ ਦਿੱਤਾ। ਵੱਡੀ ਮਾਸੀ ਨੇ ਮੇਰੀ ਮਾਂ ਦਾ ਰਿਸ਼ਤਾ ਵੀ ਝਬਾਲ ਕਰਵਾ ਦਿੱਤਾ। ਉਸ ਤੋਂ ਬਾਅਦ ਛੋਟੀ ਮਾਸੀ ਦਾ ਵੀ। ਤਿੰਨੇ ਭੈਣਾਂ ਇਕੋ ਪਿੰਡ। ਦੁੱਖ-ਸੁੱਖ ਦੀਆਂ ਭਿਆਲ ਬਣ ਗਈਆਂ। ਵੱਡੀ ਮਾਸੀ ਮਾਮੇ ਨੂੰ ਵੀ ਕੋਲ ਲੈ ਆਈ। ਡਰਦੀ ਸੀ ਕਿ ਕਿਤੇ ਮਤਰੇਈ ਉਹਦੇ ਨਾਲ ਕੁਝ ਬੁਰਾ ਈ ਨਾ ਕਰ ਦੇਵੇ। ਪਿੱਛੇ ਰਹਿ ਗਈ ਸੀ ਇਕੱਲੀ ਜਿੰਦ ਸਾਡੀ ਨਾਨੀ। ਦੁੱਖ ਭੋਗਣ ਦਾ ਥਾਂ। ਚਰਖ਼ਾ ਚਲਾਉਂਦੀ, ਸੂਤ ਕੱਤਦੀ, ਭਾਂਡੇ ਮਾਂਜਦੀ। ਅਣਗੌਲੀ ਤੇ ਇਕੱਲੀ। ਰੋ-ਰੋ ਕੇ ਅੱਖਾਂ ਦੀ ਰੋਸ਼ਨੀ ਮੱਧਮ ਪੈ ਗਈ, ਪਰ ਇਸ ਗੱਲੋਂ ਮਨ ਨੂੰ ਠੰਢ ਕਿ ਧੀਆਂ ਚੰਗੇ ਘਰੀਂ ਵਿਆਹੀਆਂ ਵਰੀਆਂ ਗਈਆਂ। ਇੰਨਾ ਯਾਦ ਹੈ ਕਿ ਜਦੋਂ ਨਾਨੀ ਨੇ ਆਪਣੀਆਂ ਧੀਆਂ ਨੂੰ ਮਿਲਣ ਆਉਣਾ ਤਾਂ ਪਹਿਲਾਂ ਚਰਖ਼ਾ ਮੰਗਣਾ, ਤੇ ਧੀਆਂ ਦੇ ਰੋਕਦਿਆਂ ਕਰਦਿਆਂ ਵੀ ਬਦੋ-ਬਦੀ ਸੂਤ ਕੱਤਣ ਬਹਿ ਜਾਣਾ। ਆਖਣਾ ਕਿ ਧੀ ਦੇ ਘਰੋਂ ਉਨਾ ਚਿਰ ਕੁਝ ਨਹੀਂ ਖਾਣਾ ਜਿੰਨਾ ਚਿਰ ਰੋਟੀ ਦੇ ਮੁੱਲ ਦਾ ਸੂਤ ਨਾ ਕੱਤ ਲਵਾਂ।
ਮੇਰੀ ਮਾਂ ਮਸਾਂ ਬਾਰਾਂ-ਤੇਰਾਂ ਸਾਲ ਦੀ ਸੀ ਜਦੋਂ ਉਹਦਾ ਵਿਆਹ ਹੋ ਗਿਆ। ਛੋਟੀ ਮਾਸੀ ਤਾਂ ਉਸ ਤੋਂ ਵੀ ਛੋਟੀ ਉਮਰ ਦੀ ਵਿਆਹੀ ਗਈ। ਬੀਬੀ ਦੱਸਦੀ ਸੀ ਕਿ ਇਕ ਵਾਰ ਨਵੀਂ-ਨਵੀਂ ਸਹੁਰੇ ਆਈ ਛੋਟੀ ਮਾਸੀ ਨੇ ਗੁਆਂਢ ਦੀਆਂ ਹਮ-ਉਮਰ ਕੁੜੀਆਂ ਨਾਲ ਰਲ ਕੇ ‘ਘਰ-ਘਰ’ ਖੇਡਣਾ ਸ਼ੁਰੂ ਕਰ ਦਿੱਤਾ। ਖੇਡਦਿਆਂ-ਖੇਡਦਿਆਂ ਲਾਗੇ ਪਏ ਰੂੰ ਨੂੰ ਅੱਗ ਲਾ ਦਿੱਤੀ। ਬਾਹਰੋਂ ਆ ਕੇ ਉਹਦੀ ਸੱਸ ਨੇ ਛੇਤੀ-ਛੇਤੀ ਅੱਗ ਬੁਝਾਈ ਤੇ ਵਿਚੋਲਣ, ਵੱਡੀ ਮਾਸੀ, ਨੂੰ ਉਲਾਂਭਾ ਦਿੱਤਾ ਕਿ ਤੇਰੀ ਭੈਣ ਸਾਡਾ ਤਾਂ ਘਰ ਲੂਹ ਦੇਣ ਲੱਗੀ ਸੀ। ਠੀਕ ਹੈ; ਉਦੋਂ ਛੋਟੀ ਉਮਰੇ ਧੀਆਂ ਨੂੰ ਵਿਆਹੁਣ ਦਾ ਰਿਵਾਜ ਸੀ ਪਰ ਕਦੀ-ਕਦੀ ਲੱਗਦਾ ਹੈ, ਨਾਨੇ ਨੇ ਛੋਟੀ ਨਾਨੀ ਦੇ ਜ਼ੋਰ ਦੇਣ ‘ਤੇ ਧੀਆਂ ਨੂੰ ਗਲੋਂ ਲਾਹੁਣ ਦੇ ਇਰਾਦੇ ਨਾਲ ਹੀ ਸ਼ਾਇਦ ਇੰਜ ਕੀਤਾ ਹੋਵੇ।
ਕੁਝ ਵੀ ਸੀ, ਵਿਆਹ ਤੋਂ ਬਾਅਦ ਮੇਰੀ ਮਾਂ ਦੇ ਕੁਝ ਸਮੇਂ ਲਈ ਤਾਂ ਸਾਰੇ ਦੁੱਖ ਕੱਟੇ ਗਏ, ਪਰ ਮਾਂ ਵਾਲਾ ਦੁੱਖ ਉਹਦੇ ਵੀ ਨਾਲ-ਨਾਲ ਤੁਰਨ ਲੱਗਾ। ਪਹਿਲਾਂ ਧੀ ਜੰਮੀ। ਉਸ ਤੋਂ ਬਾਅਦ ਫਿਰ ਧੀ, ਪਰ ਸਾਡੇ ਪਿਉ ਨੂੰ ਮਾਂ ਫਿਰ ਵੀ ਕਰਮਾਂ ਵਾਲੀ ਲੱਗਦੀ। ਸਾਡੇ ਭਰਾ ਭਗਵੰਤ ਨੇ ਜਨਮ ਲੈ ਕੇ ਉਨ੍ਹਾਂ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦਿੱਤੀ। ਉਹ ਪਹਿਲਾਂ ਫੌਜ ਵਿਚ ਸੀ। ਫਿਰ ਫੌਜ ਛੱਡ ਕੇ ਪੁਲਿਸ ਵਿਚ ਹੋ ਗਿਆ। ਛੇਤੀ ਤਰੱਕੀ ਕਰਦਾ ਵੱਡਾ ਥਾਣੇਦਾਰ ਬਣ ਗਿਆ। ਮੇਰੀ ਬੀਬੀ ਘਰ ਬੈਠੀ ਥਾਣੇਦਾਰਨੀ ਬਣ ਗਈ। ਘਰ ਦਾ ਕੰਮ ਕਰਨ ਲਈ ਪੱਕਾ ਨੌਕਰ। ਖਾਣ-ਪੀਣ, ਪਹਿਨਣ ਦੀਆਂ ਮੌਜਾਂ। ਉਹਨੂੰ ਲੱਗਦਾ, ਇਹ ਸਰਦਾਰੀਆਂ ਉਹਦੀ ਪਤਨੀ ਦੀ ਕਿਸਮਤ ਕਰ ਕੇ ਮਿਲੀਆਂ ਨੇ। ਉਹ ਉਹਨੂੰ ਲਾਹੌਰ ਆਪਣੇ ਨਾਲ ਲੈ ਗਿਆ। ਉਥੇ ਉਹ ਕਿਲ੍ਹਾ ਗੁੱਜਰ ਸਿੰਘ ਵਿਚ ਥਾਣੇ ਦਾ ਇੰਚਾਰਜ ਸੀ। ਮਾਂ ਲਈ ਇਹ ਸਭ ਤੋਂ ਭਲੇ ਦਿਨ ਸਨ।
ਫਿਰ ਇਕ ਦਿਨ ਦੋ-ਢਾਈ ਸਾਲ ਦਾ ਭਗਵੰਤ ਗਵਾਂਢੋਂ, ਪਿਤਾ ਦੇ ਸਹਿਕਰਮੀ ਮੁਸਲਮਾਨ ਹੌਲਦਾਰ ਦੇ ਘਰੋਂ, ਉਹਦੇ ਮੁੰਡੇ ਨਾਲ ਖੇਡਦਾ-ਖੇਡਦਾ ਪਤਾ ਨਹੀਂ ਕੀ ਖਾ ਆਇਆ ਕਿ ਬੇਹੋਸ਼ੀ ਵਿਚ ਧੌਣ ਸੁੱਟ ਲਈ, ਅੱਖਾਂ ਤਾੜੇ ਲੱਗ ਗਈਆਂ। ਪਲਾਂ-ਛਿਣਾਂ ਵਿਚ ਭੌਰ ਉਡਾਰੀ ਮਾਰ ਗਿਆ। ਮਾਪਿਆਂ ਦਾ ਲੱਕ ਟੁੱਟ ਗਿਆ। ਮਾਂ ਤੇ ਭੈਣਾਂ ਦੀ ਜ਼ਿੰਦਗੀ ਵਿਚ ਰੋਣ ਘੁਲ ਗਿਆ। ਪਿਤਾ ਹੌਸਲਾ ਦਿੰਦਾ ਪਰ ਇਸ ਨਾਲ ਕੀ ਹੋਣਾ ਸੀ! ਉਤੋਂ ਦੇਸ਼-ਵੰਡ ਦਾ ਕਹਿਰ ਵਾਪਰ ਗਿਆ।
ਦੇਸ਼ ਦੀ ਵੰਡ ਵੇਲੇ ਵੀ ਸਾਡਾ ਪਿਤਾ ਉਸੇ ਥਾਣੇ ਵਿਚ ਸੀ। ਆਪਣਾ ਟੱਬਰ ਹੀ ਨਹੀਂ, ਹੋਰ ਵੀ ਕਈਆਂ ਨੂੰ ਉਹ ਟਰੱਕ ‘ਤੇ ਲੱਦ ਕੇ ਭਾਰਤ ਵਿਚ ਲੈ ਆਇਆ। ਆਪ ਉਹਦੀ ਡਿਊਟੀ ਫ਼ਿਰੋਜ਼ਪੁਰ ਲੱਗ ਗਈ। ਬੀਬੀ ਝਬਾਲ ਆਪਣੇ ਪੁੱਤ-ਧੀਆਂ ਨੂੰ ਲੈ ਕੇ ਸਹੁਰੇ ਘਰ ਝਬਾਲ ਰਹਿਣ ਲੱਗੀ।
ਭਗਵੰਤ ਦੇ ਤੁਰ ਜਾਣ ਬਾਅਦ ਮੇਰਾ ਜਨਮ ਹੋਇਆ। ਬੀਬੀ ਦੱਸਦੀ, “ਤੇਰੇ ਭਾਪਾ ਜੀ ਤੈਨੂੰ ਬੜਾ ਪਿਆਰ ਕਰਦੇ। ਇਕ ਵਾਰ ਤੇਰੇ ਗਾਜਰੀ ਰੰਗ ਦੀ ਫਰਾਕ ਪਾਈ ਹੋਈ ਸੀ। ਤੇਰੇ ਭਾਪਾ ਜੀ ਛੁੱਟੀ ਆਏ ਹੋਏ ਸਨ। ਤੇਰੇ ‘ਤੇ ਲਾਡ ਆਇਆ, ਤੇ ਕੁੱਛੜ ਚੁੱਕ ਕੇ ਅਸਮਾਨ ਵੱਲ ਉਲਾਰ ਕੇ ਵਾਰ-ਵਾਰ ਬਾਹਾਂ ਵਿਚ ਬੋਚ ਕੇ ਆਖਣ, ਮੇਰੀ ਧੀ ਦਾ ਰੰਗ ਤਾਂ ਵੇਖ। ਲਾਲ, ਦਗ-ਦਗ ਕਰਦਾ। ਫਰਾਕ ਦੇ ਰੰਗ ਨਾਲ ਈ ਰਲੀ ਪਈ ਏ। ਵੇਖ ਤੇਰੇ ਤੋਂ ਵੀ ਇਹਦਾ ਰੰਗ ਵੱਧ ਲਾਲ ਤੇ ਗੋਰਾ।”
ਬੀਬੀ ਬਾਰੇ ਸਾਡੀ ਵਡੇਰੀ ਉਮਰ ਦੀ ਤਾਈ ਦੱਸਦੀ ਹੁੰਦੀ, “ਤੁਹਾਡੀ ਮਾਂ ਬੜੀ ਹੌਲੀ ਜਿਹੀ ਉਮਰ ਦੀ ਸੀ ਜਦੋਂ ਵਿਆਹੀ ਆਈ। ਬੜੀ ਸੋਹਣੀ, ਲਾਲ ਦਗਦਾ ਮਘਦਾ ਰੰਗ। ਜਦੋਂ ਸਾਲੂ ਵਿਚੋਂ ਤੇਰੀ ਮਾਂ ਦੇ ਗੋਰੇ ਚਿੱਟੇ ਹੱਥ ਬਾਹਰ ਨਿਕਲੇ ਤਾਂ ਤੇਰਾ ਪਿਉ ਮੈਨੂੰ ਆਖਣ ਲੱਗਾ, ਭਾਬੀ ਇਹਦੇ ਹੱਥਾਂ ਨੂੰ ਟੋਹ-ਟੋਹ ਕੇ ਨਾ ਵੇਖ। ਵੇਖੀਂ ਕਿਤੇ ਆਪਣੇ ਹੱਥਾਂ ਦਾ ਕਾਲਾ ਰੰਗ ਇਹਦੇ ਹੱਥਾਂ ‘ਤੇ ਚੜ੍ਹਾ ਕੇ ਇਹਦੇ ਹੱਥ ਮੈਲੇ ਕਰ ਦਏਂ।”
ਸਾਡੇ ਪਿਤਾ ਨੇ ਸੱਚ-ਮੁੱਚ ਮਾਂ ਦੇ ਹੱਥ ਮੈਲੇ ਨਹੀਂ ਸਨ ਹੋਣ ਦਿੱਤੇ। ਬਜ਼ੁਰਗ ਬਾਬਾ ਜਬਰੂ, ਇਕ ਰਾਜਾ ਸਿੰਘ, ਸਾਡੇ ਘਰ ਦਾ ਰੋਟੀ ਟੁੱਕ ਵੀ ਕਰਦਾ, ਹੱਟੀ ਭੱਠੀ ਦੇ ਕੰਮ ਵੀ ਕਰਦਾ। ਬੀਬੀ ਸਾਨੂੰ ਭੈਣ-ਭਰਾਵਾਂ ਨੂੰ ਨਹਾਉਂਦੀ, ਧੁਆਉਂਦੀ। ਸਾਂਭਦੀ, ਸਜਾਉਂਦੀ ਸਵਾਰਦੀ।
ਤੇ ਫਿਰ ਅਚਨਚੇਤ ਬਿਜਲੀ ਡਿੱਗੀ। ਛੱਬੀ ਜਨਵਰੀ ਦਾ ਦਿਨ ਸੀ। ਸ਼ਾਮ ਹੁੰਦਿਆਂ ਪੁਲਿਸ ਦੀ ਗੱਡੀ ਝਬਾਲ ਪਿੰਡ ਵਿਚ ਪਹੁੰਚੀ। ਵਿਚ ਸਾਡੇ ਪਿਤਾ ਦੀ ਲਾਸ਼ ਸੀ। ਪਿਤਾ ਨਾਮਵਰ ਘੋੜ-ਸਵਾਰ ਸੀ। ਘੋੜ-ਖੇਡਾਂ ਵਿਚ ਕਈ ਤਮਗੇ ਜਿੱਤ ਚੁੱਕਾ ਸੀ। ਲਾਸ਼ ਲਿਆਉਣ ਵਾਲੇ ਪੁਲਸੀਆਂ ਦੱਸਿਆ- ‘ਅੱਜ ਵੀ ਗਣਤੰਤਰ ਦਿਹਾੜੇ ‘ਤੇ ਘੋੜ-ਸਵਾਰ ਕਰਤੱਵ ਵਿਖਾ ਰਹੇ ਸਨ। ਪਿਤਾ ਦਾ ਘੋੜਾ ਉਛਲ-ਉਛਲ ਰੁਕਾਵਟਾਂ ਪਾਰ ਕਰ ਰਿਹਾ ਸੀ। ਇਕ ਰੁਕਾਵਟ ‘ਤੇ ਘੋੜਾ ਥੋੜ੍ਹਾ ਕੁ ਝਿਜਕਿਆ ਤਾਂ ਪਿਤਾ ਨੇ ਹੱਲਾਸ਼ੇਰੀ ਦੇਣ ਲਈ ਲਗਾਮ ਨੂੰ ਝਟਕਾ ਦਿੱਤਾ, ਪਿੰਡੇ ਨੂੰ ਅੱਡੀ ਛੁਹਾਈ। ਘੋੜੇ ਨੇ ਕੌੜ ਮੰਨੀ। ਘੋੜਾ ਸਿੱਧਾ ਸੀਖ-ਪੌ ਹੋ ਗਿਆ ਤੇ ਸੰਤੁਲਨ ਵਿਗੜ ਜਾਣ ਕਰ ਕੇ ਪਿੱਠ ਪਰਨੇ ਡਿੱਗ ਪਿਆ’।æææ ਤੇ ਸਾਡਾ ਪਿਤਾ ਘੋੜੇ ਹੇਠਾਂ ਦੱਬਿਆ ਗਿਆ ਤੇ ਨਾਲ ਹੀ ਸਾਡੀ ਸਭਨਾਂ ਦੀ, ਮਾਂ ਤੇ ਤਿੰਨਾਂ ਭੈਣਾਂ ਦੀ, ਕਿਸਮਤ ਵੀ ਦੱਬੀ ਗਈ। ਘੋੜਾ ਨਹੀਂ ਸੀ ਡਿੱਗਾ, ਸਾਡੀ ਕਿਸਮਤ ਦੇ ਕਿੰਗਰੇ ਢਹਿ ਗਏ ਸਨ।
ਮੈਨੂੰ ਕਹਿਰ ਦੀਆਂ ਉਨ੍ਹਾਂ ਘੜੀਆਂ ਦੀ ਸੰਭਾਲ ਨਹੀਂ। ਪੌਣੇ ਦੋ ਸਾਲ ਤਾਂ ਸਾਰੀ ਉਮਰ ਸੀ ਮੇਰੀ, ਪਰ ਮਾਂ ਦੇ ਚੇਤੇ ਵਿਚ ਤਾਂ ਉਹ ਦੁਖਦਾਈ ਘੜੀਆਂ ਸਦਾ ਜਿਉਂਦੀਆਂ ਰਹੀਆਂ ਸਨ। ਕਿੰਨੇ ਸਾਲ, ਕਿੰਨੀ ਵਾਰ ਉਹਨੇ ਹਉਕੇ ਭਰਦਿਆਂ, ਅੱਥਰੂ ਵਹਾਉਂਦਿਆਂ ਇਹ ਦੁਖਦ-ਕਥਾ ਸਾਡੇ ਨਾਲ ਸਾਂਝੀ ਕੀਤੀ ਸੀ, ਤੇ ਅਸੀਂ ਤਿੰਨਾਂ ਭੈਣਾਂ ਨੇ ਪਥਰਾਈ ਚੁੱਪ ਵਿਚ ਉਹਦੇ ਹੰਝੂ ਹਉਕਿਆਂ ਨਾਲ ਆਪਣੇ ਹੰਝੂ ਹਉਕੇ ਰਲਾਏ ਸਨ। ਲੋਕ ਤਾਂ ਵੱਖਰੇ ਤੇ ਵੱਡੇ ਪ੍ਰਸੰਗ ਵਿਚ ਇਹ ਕਥਨ ਦੁਹਰਾਉਂਦੇ ਰਹੇ ਹਨ, ਪਰ ਮੇਰੀ ਮਾਂ ਇਹਨੂੰ ਆਪਣੇ ਨਿੱਜੀ ਦੁੱਖ ਨਾਲ ਜੋੜ ਕੇ ਆਖਦੀ, “ਛੱਬੀ ਜਨਵਰੀ ਦਾ ਉਹ ਦਿਨ ਲੋਕਾਂ ਲਈ ਹੋਊ ਕੋਈ ਦਿਨ-ਦਿਵਾੜਾ, ਪਰ ਸਾਡੇ ਲਈ ਤਾਂ ਉਹ ਬਰਬਾਦੀ ਦਾ ਦਿਨ ਸੀ।” ਅਸੀਂ ਭੈਣਾਂ ਹਰ ਸਾਲ ਇਸ ਕੋਸ਼ਿਸ ਵਿਚ ਰਹਿੰਦੀਆਂ ਕਿ ਬੀਬੀ ਨੂੰ ਸਾਲ ਬਾਅਦ ਆਉਣ ਵਾਲੇ ਛੱਬੀ ਜਨਵਰੀ ਦੇ ਦਿਨ ਦਾ ਪਤਾ ਨਾ ਲੱਗੇ। ਪਤਾ ਲੱਗਣ ‘ਤੇ ਉਹ ਸਾਰੀ ਦਿਹਾੜੀ ਵੈਣ ਪਾਉਂਦੀ ਰਹਿੰਦੀ। ਉਹਨੂੰ ਲੱਗਦਾ ਕਿ ਉਹਦਾ ਪਤੀ ਜਿਵੇਂ ਹੁਣੇ ਮਰਿਆ ਹੋਵੇ, ਤੇ ਵਿਹੜੇ ਵਿਚ ਇਕੱਠੀ ਹੋਈ ਭੀੜ ਦੀ ਕੁਰਲਾਹਟ ਵਿਚ ਉਹਦੀ ਫ਼ਿਰੋਜ਼ਪੁਰੋਂ ਅੱਪੜੀ ਲਾਸ਼ ਪਈ ਹੋਵੇ।
ਪੰਝੀ ਕੁ ਸਾਲ ਦੀ ਉਮਰ ਹੋਵੇਗੀ ਮਾਂ ਦੀ ਜਦੋਂ ਉਹ ਵਿਧਵਾ ਹੋ ਗਈ। ‘ਜਿਉਂ ਜੰਮੀ ਤੇ ਬੋਦੀਉਂ ਲੰਮੀ’ ਵਾਲੀ ਕਹਾਵਤ ਸਾਡੀ ਮਾਂ ‘ਤੇ ਢੁਕਦੀ ਹੈ। ਪਤੀ ਦੇ ਘਰ ਵਿਚ ਲਗਭਗ ਬਾਰਾਂ ਤੇਰਾਂ ਵਰ੍ਹੇ ਦੇ ਵਿਆਹੁਤਾ ਤੇ ਹਰਿਆਲੇ ਜੀਵਨ ਦੇ ਉਰਾਰ ਪਾਰ ਉਹਦੇ ਲਈ ਭੁੱਜਦਾ ਹੋਇਆ ਮਾਰੂਥਲ ਸੀ। ਤਪਦੀ ਰੇਤ, ਪੈਰਾਂ ਵਿਚ ਛਾਲੇ, ਹੋਠਾਂ ‘ਤੇ ਤਪਦੀ ਪਿਆਸ ਪਰ ਉਹਨੇ ਮਾਰੂਥਲ ਵਿਚ ਵੀ ਤਾਂ ਤੁਰਨਾ ਸੀ। ਉਹ ਆਪਣੀਆਂ ਬੋਟਾਂ ਵਰਗੀਆਂ ਧੀਆਂ ਨੂੰ ਕਿਵੇਂ ਮਾਰੂਥਲ ਦੀ ਤਪਸ਼ ਵਿਚ ਭੁੱਜਣ ਦਿੰਦੀ! ਉਹ ਡਿਗਦੀ, ਢਹਿੰਦੀ, ਉਠਦੀ ਤੇ ਅੱਗੇ ਤੁਰ ਪੈਂਦੀ। ਸਿਰ ਦੇ ਸਾਈਂ ਦੇ ਤੁਰ ਜਾਣ ਨਾਲ ਉਹਦੇ ਨਾਲ ਜੁੜੀਆਂ ਸਰਦਾਰੀਆਂ ਵੀ ਤੁਰ ਗਈਆਂ। ਪਤੀ ਦੀ ਮੌਤ ਸਮੇਂ ਮਾਂ ਗਰਭਵਤੀ ਸੀ। ਆਸ ਸੀ ਕਿ ਘਰ ਦਾ ਭਾਰ ਮੋਢਿਆਂ ‘ਤੇ ਚੁੱਕਣ ਲਈ ਸ਼ਾਇਦ ਇਸ ਵਾਰੀ ਪੁੱਤ ਜੰਮ ਪਵੇ ਪਰ ਨਹੀਂæææ ਇਕ ਧੀ ਹੋਰ ਆ ਗਈ।
ਮਾਂ ਬਹੁਤ ਦੁਖੀ ਹੋ ਗਈ। ਚਾਰ ਧੀਆਂ ਨੂੰ ਕਿਸ ਤਰ੍ਹਾਂ ਪਾਲੇ। ਪਿਤਾ ਦੀ ਪੈਨਸ਼ਨ ਬਹੁਤ ਥੋੜ੍ਹੀ ਲੱਗੀ। ਮੇਰਾ ਇਕੋ ਇਕ ਸਕਾ ਤਾਇਆ ਵੀ ਪਹਿਲਾਂ ਹੀ ਗੁਜ਼ਰ ਚੁੱਕਾ ਸੀ। ਉਸ ਦੇ ਲੜਕੇ ਸਾਥੋਂ ਕਾਫ਼ੀ ਵੱਡੇ ਸਨ ਤੇ ਫੌਜ ਵਿਚ ਨੌਕਰੀ ਕਰਦੇ ਸਨ। ਇੰਜ ਸਾਡੀ ਸਾਰੀ ਜ਼ਮੀਨ ਪਹਿਲਾਂ ਹੀ ਹਿੱਸੇ ਠੇਕੇ ‘ਤੇ ਵਗਦੀ ਸੀ। ਬੰਦਿਆਂ ਦੀ ਛਾਂ ਸਿਰ ‘ਤੇ ਨਾ ਹੋਣ ਕਰ ਕੇ ਹਿੱਸੇ-ਠੇਕੇ ਵਾਲੇ ਵੀ ਪੂਰਾ ਇਨਸਾਫ਼ ਨਾ ਕਰਦੇ। ਸਾਡਾ ਦੋਵਾਂ ਟੱਬਰਾਂ ਦਾ ਸਾਂਝਾ ਬਾਗ ਸੀ, ਦੋ ਕਿੱਲੇ ਵਿਚ। ਬਾਗ ਵਿਚ ਅੰਬ, ਜਾਮਨੂੰ, ਅਨਾਰ, ਅਮਰੂਦ, ਨਿੰਬੂ, ਆੜੂ ਤੇ ਸੰਤਰੇ ਦੇ ਬੂਟਿਆਂ ਨੂੰ ਫ਼ਲ ਲੱਗਦਾ ਮੈਂ ਆਪਣੀ ਸੰਭਾਲ ਵਿਚ ਆਪ ਵੇਖਿਆ। ਇਕ ਬੁੱਢੇ ਅੰਬ ‘ਤੇ ਚੜ੍ਹ ਕੇ ਰਸੇ ਅੰਬ ਤੋੜਨ ਦਾ ਮੈਨੂੰ ਅੱਜ ਵੀ ਚੇਤਾ ਹੈ। ਬੰਦਿਆਂ ਬਿਨਾਂ ਇਹ ਬਾਗ ਵੀ ਲੋਕਾਂ ਜੋਗਾ ਹੋ ਗਿਆ। ਬਾਗ ਨੂੰ ਤਬਾਹ ਹੁੰਦਾ ਵੇਖ ਕੇ ਛੁੱਟੀ ਆਏ ਮੇਰੇ ਤਾਏ ਦੇ ਛੋਟੇ ਲੜਕੇ ਨੇ ਬੀਬੀ ਦੀ ਸਲਾਹ ਨਾਲ ਬਾਗ ਕਟਵਾ ਦਿੱਤਾ ਕਿ ਚੱਲੋ, ਫ਼ਸਲ ਬੀਜਣ ਲਈ ਤਾਂ ਜ਼ਮੀਨ ਵਿਹਲੀ ਹੋ ਜਾਏਗੀ।
(ਚਲਦਾ)

Be the first to comment

Leave a Reply

Your email address will not be published.