ਮਨਪ੍ਰੀਤ ਬਾਦਲ ਪ੍ਰਤੀ ਮਨ ਦੇ ਵਲਵਲੇ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਖਤਾਂ ਮਾਰੀ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਜਾਂ ਇਸ ਦੇ ਸੰਸਥਾਪਕ ਮਨਪ੍ਰੀਤ ਸਿੰਘ ਬਾਦਲ ਬਾਰੇ ਕੁਝ ਕਹਿਣ ਤੋਂ ਪਹਿਲਾਂ ਇਕ ਇਤਿਹਾਸਕ ਝਾਕੀ ਦੇ ਅੰਸ਼ ਪੇਸ਼ ਕਰ ਰਿਹਾ ਹਾਂ ਤਾਂ ਕਿ ਜਿਨ੍ਹਾਂ ਹਾਲਾਤ ਨਾਲ ਇਹ ਦੋਵੇਂ ਜੂਝ ਰਹੇ ਹਨ, ਉਹ ਸਹਿਜੇ ਹੀ ਪਕੜ ਵਿਚ ਆ ਜਾਣ। ਇਹ ਵੀ ਸਪੱਸ਼ਟ ਕਰਦਾ ਜਾਵਾਂ ਕਿ ਮੈਂ ਮਨਪ੍ਰੀਤ ਦੀ ਪਾਰਟੀ ਦਾ ਮੈਂਬਰ-ਸ਼ੈਂਬਰ ਨਹੀਂ ਹੈ। ਹਾਂ, ਪੰਜਾਬ ਦੇ ਉਨ੍ਹਾਂ ਹਜ਼ਾਰਾਂ ਲੱਖਾਂ ਹਿਤੈਸ਼ੀਆਂ ਵਿਚੋਂ ਇਕ ਜ਼ਰੂਰ ਹਾਂ ਜੋ ਮਨਪ੍ਰੀਤ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਤੋਂ ਕੋਈ ਤਵੱਕੋ ਰੱਖਦੇ ਸਨ ਜਾਂ ਹਨ। ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨ ਦੀ ਬਜਾਏ, ਹਾਲਾਤ ਦੇ ਗ੍ਰਹਿਣੇ ਹੋਏ ਉਸ ਸੂਰਜ ਦੀ ਗੱਲ ਕਰਨ ਜਾ ਰਿਹਾ ਹਾਂ ਜਿਸ ਦੇ ਸ਼ੁਭਚਿੰਤਕ ਹਤਾਸ਼ ਅਤੇ ਨਿਰਾਸ਼ ਹੋਏ ਬੈਠੇ ਹਨ; ਖਾਸ ਕਰ ਕੇ ਮਨਪ੍ਰੀਤ ਦੇ ਵਿਦੇਸ਼ੀ ਦੌਰਿਆਂ ਮੌਕੇ ਜਿਹੜਾ ਠਾਠਾਂ ਮਾਰਦਾ ਲੋਕ-ਸੈਲਾਬ ਉਸ ਤੋਂ ਨਿਛਾਵਰ ਹੋਣ ਆਉਂਦਾ ਸੀ, ਉਸ ਜਾਹੋ-ਜਲਾਲ ਨੂੰ ਚਿਤਵਦਿਆਂ ਇਹ ਸਤਰਾਂ ਲਿਖ ਰਿਹਾ ਹਾਂ।
ਪਹਿਲਾਂ ਇਤਿਹਾਸਕ ਵੇਰਵਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਦੱਖਣ ਵੱਲ ਜਾਂਦੇ ਵਕਤ ਜਦੋਂ ਬਹਾਦਰ ਸ਼ਾਹ ਨੇ ਸ਼ਾਹਾਨਾ ਦਰਬਾਰ ਸਜਾ ਕੇ ਇਸਤ-ਇਕਬਾਲ ਕੀਤਾ, ਤਦ ਉਸ ਦਰਬਾਰ ਵਿਚ ਇਕ ਤੁਅੱਸਬੀ ਕਾਜ਼ੀ ਨੇ ਦਸਵੇਂ ਗੁਰੂ ਜੀ ਨੂੰ ਕੋਈ ਕਰਾਮਾਤ ਦਿਖਾਉਣ ਲਈ ਫਰਮਾਇਸ਼ ਕੀਤੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ‘ਕਰਾਮਾਤ ਨੂੰ ਕਹਿਰ’ ਆਖਦਿਆਂ ਗੁਰੂ ਘਰ ਵਿਚ ਇਸ ਨੂੰ ਨਿਖੇਧੀਯੋਗ ਦੱਸਿਆ, ਲੇਕਿਨ ਕਾਜ਼ੀ ਵੱਲੋਂ ਜ਼ੋਰ ਦੇਣ ‘ਤੇ ਉਨ੍ਹਾਂ ਦਰਬਾਰ ‘ਚ ਬੈਠੇ ਨਵੇਂ-ਨਵੇਂ ਬਾਦਸ਼ਾਹ ਬਣੇ ਬਹਾਦਰ ਸ਼ਾਹ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਹੁਕਮਰਾਨ ਹੋਣਾ ਵੀ ਕਰਾਮਾਤ ਹੀ ਹੁੰਦੀ ਹੈ। ਹਾਕਮ ਜਿਸ ਨੂੰ ਚਾਹੇ ਫਾਂਸੀ ‘ਤੇ ਲਟਕਾ ਸਕਦਾ ਹੈ, ਕਿਸੇ ਨੂੰ ਜਗੀਰਾਂ ਬਖ਼ਸ਼ ਕੇ ਸਨਮਾਨਤ ਕਰ ਸਕਦਾ ਹੈ।
ਕਾਜ਼ੀ ਨੇ ਫਿਰ ਕਿਹਾ ਕਿ ਆਪ ਦੀ ਗੱਲ ਮੰਨ ਲੈਂਦੇ ਹਾਂ ਪਰ ਮੈਂ ਆਪ ਦੀ ਕਰਾਮਾਤ ਦੇਖਣੀ ਚਾਹੁੰਦਾ ਹਾਂ। ਗੁਰੂ ਜੀ ਨੇ ਮੁਸਕਰਾਉਂਦਿਆਂ ਆਪਣੇ ਖੀਸੇ ਵਿਚੋਂ ਮੋਹਰ (ਉਸ ਵੇਲੇ ਦੀ ਕਰੰਸੀ ਦਾ ਸਿੱਕਾ) ਕੱਢਦਿਆਂ ਆਖਿਆ ਕਿ ਕਾਜ਼ੀ ਸਾਹਿਬ, ਇਸ ਜਹਾਨ ਦੀ ਇਹ ਵੀ ਇਕ ਕਰਾਮਾਤ ਹੈ ਕਿ ਜਿਸ ਕੋਲ ਇਹ ਬਹੁਤਾਤ ਵਿਚ ਹੋਵੇ, ਉਹ ਇਸ ਦੀ ਵਰਤੋਂ ਕਰ ਕੇ ਤਾਜ-ਓ-ਤਖਤ ਪਲਟਾ ਸਕਦਾ ਹੈ, ਨੀਵੇਂ ਨੂੰ ਉਚਾ ਤੇ ਉਚੇ ਨੂੰ ਨੀਵਾਂ ਦਿਖਾ ਸਕਦਾ ਹੈ। ਇਸ ਦੀ ਤਾਕਤ ਨਾਲ ਜ਼ਮੀਨਾਂ ਹੀ ਨਹੀਂ, ਜ਼ਮੀਰਾਂ ਵੀ ਖਰੀਦੀਆਂ ਜਾਂਦੀਆਂ ਹਨ।
ਇਹ ਸਾਖੀ ਤਾਂ ਅੱਗੇ ਹੋਰ ਲੰਬੀ ਚੱਲਦੀ ਹੈ ਕਿ ਕਾਜ਼ੀ ਵੱਲੋਂ ਕੁਝ ‘ਔਖਾ-ਭਾਰਾ’ ਹੋ ਕੇ ਬੋਲਣ ‘ਤੇ ਗੁਰੂ ਮਹਾਰਾਜ ਦੇ ਲਾਗੇ ਖੜ੍ਹੇ ਭਾਈ ਦਇਆ ਸਿੰਘ ਨੇ ਤਿੰਨ ਫੁੱਟੀ ਸ੍ਰੀ ਸਾਹਿਬ ਮਿਆਨੋਂ ਧੂਹ ਕੇ ਲਹਿਰਾਉਂਦਿਆਂ ਕਾਜ਼ੀ ਨੂੰ ਲਲਕਾਰਿਆ ਕਿ ਹੁਣੇ ਆ ਜਾ, ਤੈਨੂੰ ‘ਗੁਰੂ ਜੀ ਦੀ ਕਰਾਮਾਤ’ ਵੀ ਦਿਖਾ ਦਿਆਂ! ਲੇਕਿਨ ਆਪਾਂ ਇਸ ਇਤਿਹਾਸਕ ਵੇਰਵੇ ਵਿਚੋਂ ਦੋ ਕਰਾਮਾਤਾਂ ਦਾ ਆਪਣੀ ਲਿਖਤ ਵਿਚ ਉਲੇਖ ਕਰਨਾ ਹੈ। ਪਹਿਲੀ ‘ਹੁਕਮਰਾਨ’ ਹੋਣ ਦੀ ਤੇ ਦੂਜੀ ‘ਮਾਇਆ’ ਦੀ ਕਰਾਮਾਤ!
ਹਰ ਨਿਰਪੱਖ ਬੰਦਾ ਇਸ ਸੱਚਾਈ ਨੂੰ ਸਵੀਕਾਰ ਕਰੇਗਾ ਕਿ ਮੌਜੂਦਾ ਸਮੇਂ ਵਿਚ ਮਨਪ੍ਰੀਤ ਤੇ ਉਸ ਦੀ ਪੀæਪੀæਪੀæ ਉਪਰ ਉਪਰੋਕਤ ਦੋਹਾਂ ਕਰਾਮਾਤਾਂ ਨੇ ਕਹਿਰ-ਏ-ਨਾਜ਼ਲ ਬਰਸਾਇਆ ਹੋਇਆ ਹੈ। ਹਾਲੇ ਕਾਂਗਰਸੀਆਂ ਵੱਲੋਂ ਬਾਦਲ ਦਲ ਵਿਚ ਜਾਣ ਦਾ ਤਾਂ ਕੋਈ ਨਾਗਾ ਪੈ ਜਾਂਦਾ ਹੈ, ਪਰ ਕੋਈ ਸੁੱਕਾ ਦਿਨ ਲੰਘਦਾ ਹੀ ਨਹੀਂ ਜਿਸ ਦਿਨ ਪੀæਪੀæਪੀæ ਦੇ ਕਿਸੇ ਹਮਾਇਤੀ ਦੇ ਸਿਰ ‘ਤੇ ਦੋਹਾਂ ਕਰਾਮਾਤਾਂ ਦੇ ਕਾਂ ਠੂੰਗੇ ਨਹੀਂ ਮਾਰਦੇ। ਭਗਤ ਕਬੀਰ ਦਾ ਇਹ ਸਲੋਕ ਮਨਪ੍ਰੀਤ ਉਤੇ ਪੂਰਾ ਢੁੱਕਦਾ ਹੈ,
ਕਬੀਰ ਕਾਰਨ ਬਪੁਰਾ ਕਿਆ ਕਰੇ
ਜੋ ਰਾਮ ਨਾ ਕਰੇ ਸਹਾਇ॥
ਜਿਹ ਜਿਹ ਡਾਲੀ ਪਗ ਧਰਉ
ਸੋਈ ਮੁਰਿ ਮੁਰਿ ਜਾਇ॥
ਦੇਖੋ ਇਕ ਕਰੁਣਾਮਈ ਵਿਅੰਗ! ਮੇਰੇ ਸਾਹਮਣੇ ਮੇਰੀ ਨਿੱਜੀ ਡਾਇਰੀ ਪਈ ਹੈ ਜਿਸ ਵਿਚ ਉਨ੍ਹਾਂ ਤਮਾਮ ਬੰਦਿਆਂ, ਸਭਾ-ਸੁਸਾਇਟੀਆਂ ਦੇ ਫੋਨ ਨੰਬਰ ਜਾਂ ਪਤੇ ਨੋਟ ਕੀਤੇ ਹੋਏ ਹਨ ਜਿਨ੍ਹਾਂ ਦੀ ਬਤੌਰ ਪੱਤਰਕਾਰ ਮੈਨੂੰ ਗਾਹੇ-ਬ-ਗਾਹੇ ਲੋੜ ਪੈ ਸਕਦੀ ਹੈ। ਮਨਪ੍ਰੀਤ ਵਾਲੇ ਇੰਦਰਾਜ ਵਿਚ ਉਸ ਦਾ ਆਪਣਾ ‘ਪਰਸਨਲ ਨੰਬਰ’ ਤਾਂ ਸੁੱਖ ਨਾਲ ਜਿਉਂ ਦਾ ਤਿਉਂ ਕਾਇਮ ਹੈ, ਲੇਕਿਨ ਮੈਂ ਉਹਦੇ ਜਿਸ ਵੀ ‘ਪੀæਏæ’ ਦਾ ਨਾਮ ਅਤੇ ਫੋਨ ਨੰਬਰ ਲਿਖਦਾ ਹਾਂ, ਕੁਝ ਦਿਨਾਂ ਬਾਅਦ ਹੀ ਭਾਣਾ ਵਰਤ ਜਾਂਦਾ ਹੈ ਤੇ ਮੈਨੂੰ ਉਹ ਮਿਟਾਉਣਾ ਪੈ ਜਾਂਦਾ ਹੈ। ਦੋ ਤਿੰਨ ਵਾਰ ਮੈਂ ਭਰੇ ਮਨ ਨਾਲ ਅਜਿਹਾ ਕਰਦਾ ਰਿਹਾ, ਪਰ ਹੁਣ ਮਾਇਆ ਅਤੇ ਹਕੂਮਤ ਦੀ ਅਚਿੰਤੇ ਬਾਜਾਂ ਵਾਂਗ ਝਪਟ ਕੇ ਪੈਣ ਵਾਲੀ ਕਰਾਮਾਤ ਦਾ ਚੇਤਾ ਕਰਦਿਆਂ, ਪੀæਏæ ਦੇ ਨਾਮ ਵਾਲਾ ਖਾਨਾ ਹੀ ਖਾਲੀ ਛੱਡ ਦਿੱਤਾ ਹੈ; ਕੀ ਜਾਣੀਏ ਨਵੇਂ ਬਣੇ ਪੀæਏæ ਨੇ ‘ਅਗਲਿਆਂ’ ਪਾਸੋਂ ਕਦੋਂ ‘ਟੀæਏæ ਦਾ ਗੱਫਾ’ ਲੈਣ ਲਈ ਜਾ ਹਾਜ਼ਰ ਹੋਣਾ ਹੈ?
ਬਾਦਲ ਹਕੂਮਤ ਜਾਂ ਖਾਸ ਕਰ ਕੇ ਆਪਣੇ ਤਾਇਆ ਜੀ ਦੇ ਪੁੱਤਰ ਵੱਲੋਂ ‘ਹੱਥ ਧੋ ਕੇ ਮਗਰ ਪੈ ਜਾਣ’ ਵਾਲੀ ਹਮਲਾਵਰ ਨੀਤੀ ਤੋਂ ਮਨਪ੍ਰੀਤ ਬੁਖਲਾਇਆ ਜਾਂ ਘਬਰਾਇਆ ਹੋਇਆ ਨਹੀਂ ਜਾਪਦਾ, ਸਗੋਂ ‘ਜਬੈ ਬਾਣ ਲਾਗਿਉ ਤਬੈ ਰੋਸ ਜਾਗਿਉ’ ਮੁਤਾਬਕ ਉਹ ਹੋਰ ‘ਚੀੜ੍ਹਾ’ ਹੋਇਆ ਜਾਪਦਾ ਹੈ। ਪਿਛਲੇ ਦਿਨੀਂ ਉਸ ਨੇ ਇਕ ਬਿਆਨ ਵਿਚ ‘ਬਾਦਲਕਿਆਂ’ ਸ਼ਬਦ ਪਹਿਲੀ ਵਾਰ ਵਰਤਦਿਆਂ ਆਪਣੇ ਤਾਇਆ ਪਰਿਵਾਰ ਦੀਆਂ ਕੁਟਲ ਨੀਤੀਆਂ ਦਾ ਕਰੜੀ ਭਾਸ਼ਾ ਵਿਚ ਪਰਦਾਫਾਸ਼ ਕੀਤਾ।
ਇਥੇ ਹੀ ਬੱਸ ਨਹੀਂ, ਇਕ ਪੱਤਰਕਾਰ ਨੇ ਜਦੋਂ ਉਸ ਨੂੰ ਬਾਦਲ ਦਲ ਵਿਚ ਮੁੜ ਰਲੇਵੇਂ ਦੀ ਸੰਭਾਵਨਾ ਬਾਰੇ ਸਵਾਲ ਕੀਤਾ ਤਾਂ ਉਸ ਨੇ ਦੋ ਟੁੱਕ ਜਵਾਬ ਦਿੰਦਿਆਂ ਸਿਰੇ ਦੀ ਗੱਲ ਕਹਿ ਦਿੱਤੀ, “ਤਾਇਆ ਜੀ ਦਾ ‘ਉਹ ਮਨਪ੍ਰੀਤ ਭਤੀਜਾ’ ਕਦੋਂ ਦਾ ਮਰ ਚੁੱਕਾ ਹੈ।”
ਲੇਕਿਨ ਇਸੇ ਪ੍ਰਪੱਕਤਾ ਦੇ ਚਲਦਿਆਂ ਜਦੋਂ ਕਦੇ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਖੜ੍ਹਾ ਹੋ ਕੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੀਆਂ ਕਚੀਚੀਆਂ ਵੱਟਣ ਲੱਗ ਪੈਂਦਾ ਹੈ ਤਾਂ ਪੀæਪੀæਪੀæ ਵਾਲਾ ‘ਨਿਜ਼ਾਮ ਬਦਲਣ’ ਦਾ ਏਜੰਡਾ ਧੁੰਦਲਾ ਪ੍ਰਤੀਤ ਹੋਣ ਲਗਦਾ ਹੈ। ਉਦੋਂ ਮਹਿਸੂਸ ਹੋਣ ਲਗਦਾ ਹੈ ਕਿ ਉਸ ਦੀ ਲੜਾਈ ਆਮ ਸ਼ਰੀਕੇਬਾਜ਼ੀ ਵਾਲੀ ਈਰਖਾ ਵਿਚੋਂ ਹੀ ਉਪਜੀ ਹੋਈ ਹੈ। ਉਸ ਦੀਆਂ ਚੋਣ ਰੈਲੀਆਂ ਵਿਚ ਆਏ ਬੇਬਹਾ ਲੋਕਾਂ ਦਾ ਉਸ ਦੇ ਵੋਟਰ ਨਾ ਬਣਨ ਦਾ ਸ਼ਾਇਦ ਇਹ ਵੀ ਇਕ ਕਾਰਨ ਰਿਹਾ ਹੋਵੇਗਾ।
ਪੰਜਾਬ ਦੇ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦੀ ਸਾਜ਼ਿਸ਼ੀ ਮੌਤ ਨੂੰ ਪੰਜਾਬ ਦੀ ਬਦਕਿਸਮਤੀ ਮੰਨਿਆ ਜਾਂਦਾ ਹੈ। ਉਸ ਹੋਣਹਾਰ ਚਤੁਰਬੁੱਧ ਸ਼ਹਿਜ਼ਾਦੇ ਉਪਰ ਗਿਣ-ਮਿਥ ਕੇ ਕਿਲੇ ਦੇ ਦਰਵਾਜ਼ੇ ਦਾ ਛੱਜਾ ਸੁੱਟਿਆ ਗਿਆ ਸੀ। ਇਸ ਕਰ ਕੇ ਗਿਆਨੀ ਸੋਹਣ ਸਿੰਘ ‘ਸੀਤਲ’ ਲਿਖਦੇ ਹਨ,
ਛੱਜਾ ਡਿਗਿਆ ਕਿਸਮਤ ਪੰਜਾਬ ਦੀ ‘ਤੇ
ਫੱਟੜ ਮਹਾਰਾਜਾ ਨੌਨਿਹਾਲ ਹੋਇਆ।
ਇੰਜ ਮੇਰਾ ਇਹ ਜਾਤੀ ਵਿਚਾਰ ਹੈ ਕਿ ਜੇ ਫਰਵਰੀ 2012 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਖਾਲ-ਮ-ਖਾਲੀ ਨਾ ਰਿਹਾ ਹੁੰਦਾ ਤਾਂ ਸ਼ਾਇਦ ਪੰਜਾਬ ਵਾਲੇ ਅਜੋਕੇ ਡਿਕਟੇਟਰੀ ਜਾਂ ਖਾਨਦਾਨੀ ‘ਲੋਕ ਰਾਜ’ ਦੀ ਰੂਪ ਰੇਖਾ ਕੁਝ ਹੋਰ ਹੁੰਦੀ। ਫਿਰ ਵੀ ਜੇ ਮਨਪ੍ਰੀਤ ਸਿੰਘ ਬਾਦਲ ਆਪਣੀ ਕਥਨੀ ‘ਤੇ ਕਾਇਮ-ਦਾਇਮ ਰਿਹਾ ਤਾਂ ਘੱਟ ਤੋਂ ਘੱਟ ਉਨ੍ਹਾਂ ‘ਗੁਰਸਿੱਖ’ ਸਿਆਸਤਦਾਨਾਂ ਦਾ ਕਲੰਕ ਤਾਂ ਧੋ ਹੀ ਦੇਵੇਗਾ ਜੋ ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਬਾਹਾਂ ਕੱਢ ਕੇ ਕਹਿੰਦੇ ਰਹੇ, ‘ਸਾਡੀ ਮੜ੍ਹੀ ਵੀ ਬਾਦਲ ਨਾਲ ਸਮਝੌਤਾ ਨਹੀਂ ਕਰੇਗੀ’, ਲੇਕਿਨ ਦੁਨੀਆਂ ਨੇ ਦੇਖਿਆ ਕਿ ਉਹ ਜੀਉਂਦੇ ਜੀਅ ਹੀ ਉਸੇ ਬਾਦਲ ਹੱਥੋਂ ਮੋਤੀਚੂਰ ਦੇ ਲੱਡੂ ਵੀ ਛਕ ਗਏ ਸਨ।

Be the first to comment

Leave a Reply

Your email address will not be published.