ਪ੍ਰਿੰæ ਸਰਵਣ ਸਿੰਘ
ਕ੍ਰਿਕਟ, ਹਾਕੀ ਤੇ ਹੋਰ ਖੇਡਾਂ ਦੀਆਂ ਲੀਗਾਂ ਵਾਂਗ ਪੰਜਾਬੀਆਂ ਦੀ ਦੇਸੀ ਖੇਡ ਕਬੱਡੀ ਦੀ ਵਰਲਡ ਲੀਗ 9 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਹ ਚਾਰ ਮਹੀਨੇ ਚੱਲੇਗੀ ਜਿਸ ਦੇ ਮੈਚ ਤਿੰਨ ਮਹਾਂਦੀਪਾਂ ਦੇ ਵੱਖ ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ। ਉਥੇ ਕਬੱਡੀ ਦੀਆਂ ਪਕੜਾਂ ਦੇ ਨਾਲ ਫਿਲਮੀ ਨਾਚ ਗਾਣਿਆਂ ਦੇ ਮੁਜਰੇ ਵੀ ਹੋਣਗੇ। ਵਿਚੇ ਜੱਫੇ ਲੱਗਣਗੇ ਤੇ ਵਿਚੇ ਠੁਮਕੇ ਵੱਜਣਗੇ। ਵੇਖਾਂਗੇ ਕਬੱਡੀ ਉਪਰ ਰਹਿੰਦੀ ਹੈ ਜਾਂ ਨੱਚਣ ਗਾਉਣ? ਸਪੋਰਟਸ ਦਾ ਸੋਨੀ ਚੈਨਲ ਇਸ ਦੀ ਕਵਰੇਜ ਕਰੇਗਾ ਜਿਸ ਦੇ ਨਜ਼ਾਰੇ ਕੁਲ ਦੁਨੀਆਂ ‘ਚ ਵਸਦੇ ਪੰਜਾਬੀ ਵੇਖ ਸਕਣਗੇ। ਲੀਗ ਦਾ ਆਗਾਜ਼ ਲੰਡਨ ਦੇ ਆਲੀਸ਼ਾਨ ਖੇਡ ਭਵਨ ਓ ਟੂ ਅਰੀਨਾ ਵਿਚ ਹੋ ਰਿਹੈ। 9 ਅਤੇ 10 ਅਗਸਤ ਨੂੰ ਕਬੱਡੀ ਦੇ ਦੋ-ਦੋ ਮੈਚ ਖੇਡੇ ਜਾਣਗੇ। ਇਕ ਦਿਨ ਦੀ ਟਿਕਟ 40 ਯੂਰੋ ਤੋਂ ਲੈ ਕੇ 80, 110 ਤੇ 125 ਯੂਰੋ ਤਕ ਹੈ। ਸਟੇਡੀਅਮ ਦੇ ਦਰਵਾਜ਼ੇ ਬਾਅਦ ਦੁਪਹਿਰ 1:00 ਵਜੇ ਖੁੱਲ੍ਹ ਜਾਣਗੇ ਤੇ 2:00 ਵਜੇ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਭਾਰਤੀ ਸਮੇਂ ਮੁਤਾਬਿਕ ਸ਼ਾਮ 6:30 ਵਜੇ ਤੋਂ ਮਨੋਰੰਜਨੀ ਸੋæਅ ਤੇ ਕਬੱਡੀ ਦੇ ਮੈਚ ਟੀæ ਵੀæ ਦੀਆਂ ਸਕਰੀਨਾਂ ਤੋਂ ਦਿਖਾਈ ਦੇ ਸਕਣਗੇ। ਕੈਨੇਡਾ ਤੇ ਅਮਰੀਕਾ ਵਿਚ ਉਸ ਸਮੇਂ ਸਵੇਰਾ ਹੋਵੇਗਾ।
ਲੀਗ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਜਾ ਰਿਹੈ ਕਿ ਬਾਲੀਵੁੱਡ ਦਾ ਨਾਮੀ ਫਿਲਮ ਸਟਾਰ ਅਕਸ਼ੈ ਕੁਮਾਰ ਆਪਣੀ ਟੀਮ ਦੇ ਕਲਾਤਮਿਕ ਸ਼ੋਅ ਨਾਲ ਲੀਗ ਦਾ ਉਦਘਾਟਨ ਕਰੇਗਾ। ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੀਆਂ ਨਵੀਆਂ ਫਿਲਮਾਂ ਦੇ ਦਿਲਕਸ਼ ਨਾਚ ਗਾਣਿਆਂ ਦੇ ਦ੍ਰਿਸ਼ ਪੇਸ਼ ਕਰੇਗਾ। ਅੱਠ ਟੀਮਾਂ ਦੇ ਨਾਂ ਉਘੜ ਕੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕਬੱਡੀ ਦੇ ਚੋਣਵੇਂ ਖਿਡਾਰੀਆਂ ਨੂੰ ਵੰਡਿਆ ਗਿਆ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੀਮਾਂ ਇਕੋ ਜਿਹੀਆਂ ਬਣਨ। ਅਕਸ਼ੈ ਕੁਮਾਰ ਨੇ ਆਪਣੀ ਟੀਮ ਦਾ ਨਾਂ ਪਹਿਲਾਂ ਖ਼ਾਲਸਾ ਵਾਰੀਅਰਜ਼ ਰੱਖਿਆ ਸੀ ਪਰ ਖ਼ਾਲਸਿਆਂ ਦੇ ਤਪ ਤੇਜ਼ ਨੂੰ ਵੇਖਦਿਆਂ ਉਹਦਾ ਨਾਂ ਬਦਲ ਕੇ ਸਪੀਡੀ ਸਿੰਘ ਰੱਖ ਲਿਆ ਹੈ। ਉਹਦੇ ਭਾਈਵਾਲ ਇੰਗਲੈਂਡ ਦੇ ਕੁਝ ਕਬੱਡੀ ਪ੍ਰਮੋਟਰ ਹਨ। ਇੰਗਲੈਂਡ ਵਾਲਿਆਂ ਦੀ ਦੂਜੀ ਟੀਮ ਦਾ ਨਾਂ ਹੇਅਰ ਭਰਾਵਾਂ ਨੇ ਯੂਨਾਈਟਿਡ ਸਿੰਘਜ਼ ਰੱਖਿਆ ਹੈ ਜਿਸ ਦੀ ਭਾਈਵਾਲ ਫਿਲਮੀ ਐਕਟਰੈਸ ਸੋਨਾਕਸ਼ੀ ਸਿਨ੍ਹਾ ਹੈ। ਕੈਨੇਡਾ ਬੀæ ਸੀæ ਵਿਚ ਰਹਿੰਦੇ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਟੀਮ ਦਾ ਨਾਂ ਵੈਨਕੂਵਰ ਲਾਇਨਜ਼ ਹੈ। ਉਨ੍ਹਾਂ ਨੇ ਕਿਸੇ ਫਿਲਮੀ ਕਲਾਕਾਰ ਜਾਂ ਗਾਇਕ ਨੂੰ ਆਪਣੇ ਨਾਲ ਨਹੀਂ ਲਿਆ। ਕੈਲੀਫੋਰਨੀਆ ਦੇ ਟੁੱਟ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਟੀਮ ਦਾ ਨਾਂ ਕੈਲੀਫੋਰਨੀਆ ਈਗਲਜ਼ ਰੱਖਿਆ ਹੈ। ਅਮਰੀਕਨਾਂ ਦੀ ਦੂਜੀ ਟੀਮ ਰਾਇਲਜ਼ ਯੂæ ਐਸ਼ ਏæ ਹੋਵੇਗੀ। ਇਕ ਟੀਮ ਦਾ ਨਾਂ ਹਰਿਆਣਾ ਫੋਕਸ ਹੈ ਤੇ ਵਾਦ ਵਿਵਾਦੀ ਗਾਇਕ ਹਨੀ ਸਿੰਘ ਦੀ ਟੀਮ ਦਾ ਨਾਂ ਯੋ ਯੋ ਟਾਈਗਰਜ਼ ਹੈ। ਰਜਤ ਬੇਦੀ ਦੀ ਟੀਮ ਦਾ ਨਾਂ ਪੰਜਾਬ ਥੰਡਰਜ਼ ਹੈ।
9 ਤੇ 10 ਅਗਸਤ ਤੋਂ ਬਾਅਦ 16 ਤੇ 17 ਅਗਸਤ ਨੂੰ ਬਰਮਿੰਘਮ ਦੇ ਐਲ ਜੀ ਈਰੀਨਾ ਵਿਚ ਮੈਚ ਹੋਣਗੇ ਜਿਨ੍ਹਾਂ ਦੇ ਖੇਡਣ ਦਾ ਸਮਾਂ ਲੰਡਨ ਵਾਲਾ ਹੀ ਹੋਵੇਗਾ। 30 ਤੇ 31 ਅਗਸਤ ਨੂੰ ਡੁਬਈ ਵਿਚ ਮੈਚ ਖੇਡੇ ਜਾਣਗੇ ਅਤੇ 6 ਤੇ 7 ਸਤੰਬਰ ਨੂੰ ਨਿਊ ਯਾਰਕ ਵਿਚ। 13 ਤੇ 14 ਸਤੰਬਰ ਨੂੰ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਵਿਚ ਮੈਚ ਰੱਖੇ ਗਏ ਹਨ। 20 ਤੇ 21 ਸਤੰਬਰ ਨੂੰ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ ਦੇ ਸੈਂਟਰ ਵਿਚ ਮੈਚ ਹੋਣਗੇ ਤੇ 27 ਤੇ 28 ਸਤੰਬਰ ਨੂੰ ਟੋਰਾਂਟੋ ਵਿਚ ਕਬੱਡੀ ਖੇਡੀ ਜਾਵੇਗੀ। 4 ਤੇ 5 ਅਕਤੂਬਰ ਨੂੰ ਸਟਾਕਟਨ ਵਿਚ ਕਬੱਡੀਆਂ ਪੈਣਗੀਆਂ। ਸੰਭਵ ਹੈ ਲੀਗ ਦੇ ਮੈਚ ਯੂਰਪ ਤੇ ਅਮਰੀਕਾ ਦੇ ਕੁਝ ਹੋਰ ਸ਼ਹਿਰਾਂ ਵਿਚ ਵੀ ਖੇਡੇ ਜਾਣ। ਅਸਲ ਵਿਚ 9 ਤੇ 10 ਅਗਸਤ ਨੂੰ ਲੰਡਨ ਵਿਚਲੇ ਮੈਚਾਂ ਤੋਂ ਹੀ ਪਤਾ ਲੱਗੇਗਾ ਕਿ ਕਬੱਡੀ ਲੀਗ ਕਿਸ ਤਰ੍ਹਾਂ ਚੱਲਦੀ ਹੈ? ਕਿਉਂਕਿ ਕਬੱਡੀ ਦੇ ਚੋਣਵੇਂ ਖਿਡਾਰੀ ਉਸ ਦਿਨ ਲੰਡਨ ਵਿਚ ਹੋਣਗੇ ਇਸ ਲਈ ਉਨ੍ਹਾਂ ਦਿਨਾਂ ਦੌਰਾਨ ਜਿਹੜੇ ਕਬੱਡੀ ਕੱਪ ਪਹਿਲਾਂ ਹੀ ਰੱਖੇ ਗਏ ਹਨ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਵਰਲਡ ਕਬੱਡੀ ਲੀਗ ਨੇ ਫਿਕਰਾਂ ਵਿਚ ਪਾ ਦਿੱਤਾ ਹੈ। ਟੋਰਾਂਟੋ ਦਾ ਕੈਨੇਡਾ ਕੱਪ ਵੀ ਉਸੇ ਦਿਨ ਹੈ। ਕੈਲੀਫੋਰਨੀਆ ਦੇ ਕੁਝ ਕਬੱਡੀ ਕੱਪ ਕੈਂਸਲ ਕਰਨੇ ਪਏ ਹਨ।
ਵਰਲਡ ਕਬੱਡੀ ਲੀਗ ਨਾਲ ਇਸ ਨੇ ਕਰੋੜਾਂ ਤੋ ਅਰਬਾਂ ਦੀ ਹੋ ਜਾਣਾ ਹੈ। ਇਸ ਲੀਗ ਵਿਚ ਹਰੇਕ ਖਿਡਾਰੀ ਦੀ ਖਰੀਦ 6 ਲੱਖ ਤੋਂ 25 ਲੱਖ ਰੁਪਏ ਤਕ ਤੈਅ ਹੋਈ ਹੈ। ਹਰੇਕ ਟੀਮ ਵਿਚ ਕੁਝ ਖਿਡਾਰੀ ‘ਏ’ ਗਰੇਡ ਦੇ ਹੋਣਗੇ, ਕੁਝ ‘ਬੀ’ ਅਤੇ ਕੁਝ ‘ਸੀ’ ਗਰੇਡ ਦੇ। ਦੂਜੀ ਲੀਗ ਦਾ ਭਾਅ ਪਹਿਲੀ ਲੀਗ ਦੇ ਘਾਟੇ ਵਾਧੇ ਮੁਤਾਬਿਕ ਤੈਅ ਹੋਵੇਗਾ। ਕੈਨੇਡਾ ਵਾਲਿਆਂ ਨੇ ਕਬੱਡੀ ਕੱਲਰਾਂ ਤੋਂ ਇਕ ਦਿਨ ਦੇ ਇਕ ਕਰੋੜ ਰੁਪਏ ਕਿਰਾਏ ਵਾਲੇ ਅਤਿ ਆਧੁਨਿਕ ਸਟੇਡੀਅਮ ਸਕਾਈਡੋਮ ਤਕ ਪੁਚਾ ਦਿੱਤੀ ਸੀ। ਫਿਰ ਪੰਜਾਬ ਸਰਕਾਰ ਨੇ ਕਬੱਡੀ ਵਿਸ਼ਵ ਕੱਪਾਂ ਨਾਲ ਕਰੋੜਾਂ ਦੇ ਇਨਾਮਾਂ ਤਕ ਪੁਚਾ ਦਿੱਤੀ। ਟੱਪੇ ਜੁੜ ਗਏ-ਖੇਡੋ ਮੁੰਡਿਓ ਖੇਡ ਕਬੱਡੀ ਖੜ੍ਹਨਾ ਛੱਡ ਦਿਓ ਮੋੜਾਂ ‘ਤੇ, ਪੰਜਾਬ ਸਰਕਾਰ ਨੇ ਚਾੜ੍ਹ ਦਿੱਤੀ ਆ ਕੌਡੀ ਹੁਣ ਕਰੋੜਾਂ ‘ਤੇ। ਕਬੱਡੀ ਦੀ ਵਰਲਡ ਲੀਗ ਸ਼ੁਰੂ ਹੋਣ ਨਾਲ ਕਬੱਡੀ ਦੀ ਖੇਡ ਮੰਡੀ ਦੀ ਪਕੜ ਵਿਚ ਆ ਗਈ ਹੈ। ਇਹ ਸਮਝ ਲਓ ਕਿ ਕਬੱਡੀ ਨੂੰ ਕਾਰੋਬਾਰੀਆਂ ਦਾ ਜੱਫਾ ਲੱਗ ਗਿਐ। 9 ਅਗਸਤ ਕਬੱਡੀ ਦਾ ਬਾਜ਼ਾਰ ਲੱਗਣ ਦਾ ਦਿਨ ਹੈ। ਜਦੋਂ ਕੋਈ ਸ਼ੈਅ ਬਜ਼ਾਰੀ ਹੋ ਜਾਵੇ ਤਾਂ ਹੋਰ ਗੱਲਾਂ ਪਿੱਛੇ ਰਹਿ ਜਾਂਦੀਆਂ, ਮੁਨਾਫ਼ਾ ਮੂਹਰੇ ਆ ਜਾਂਦੈ।
ਵੇਖਣਾ ਹੁਣ ਇਹ ਹੈ ਕਿ ਵਰਲਡ ਕਬੱਡੀ ਲੀਗ ਕਿਹੋ ਜਿਹੀ ਹੋਵੇਗੀ? ਇਸ ਰਾਹੀਂ ਕੀ ਪ੍ਰਫੁਲਿਤ ਹੋਵੇਗਾ? ਕੀ ਕਬੱਡੀ ਦੀ ਖੇਡ ਤੇ ਖਿਡਾਰੀ ਪ੍ਰਫੁਲਿਤ ਹੋਣਗੇ ਜਾਂ ਸਿਆਸਤਦਾਨ, ਬਿਜਨਸਮੈਨ ਤੇ ਬਾਲੀਵੁੱਡ ਸਿਤਾਰਿਆਂ ਨੂੰ ਰੰਗ ਭਾਗ ਲੱਗਣਗੇ? ਕਬੱਡੀ ਦੀ ਮਲਾਈ ਕੌਣ ਖਾਵੇਗਾ ਤੇ ਹੱਡ ਕੌਣ ਰਗੜਾਵੇਗਾ?
ਪੰਜਾਬ ਸਰਕਾਰ ਵੱਲੋਂ ਕਰਾਏ ਕਬੱਡੀ ਵਿਸ਼ਵ ਕੱਪਾਂ ਵਿਚ ਕਬੱਡੀ ਦੀ ਮਲਾਈ ਅਕਸ਼ੈ ਕੁਮਾਰ, ਸ਼ਾਹਰੁਖ਼ ਖਾਨ, ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ ਤੇ ਕੁਝ ਹੋਰ ਫਿਲਮੀ ਸਿਤਾਰਿਆਂ ਦੇ ਹਿੱਸੇ ਆਈ ਸੀ। ਕੈਟਰੀਨਾ ਕੈਫ ਮਿਥੇ ਸਮੇਂ ਤੋਂ ਘੱਟ ਨੱਚ ਕੇ ਵੀ ਪੂਰੇ ਪੈਸੇ ਲੈ ਗਈ ਸੀ। ਉਸ ਦਾ ਕਹਿਣਾ ਸੀ ਕਿ ਜਿਹੜੇ ਵਜ਼ੀਰ ਤੇ ਅਫ਼ਸਰ ਮੇਰੇ ਨਾਲ ਹੱਥ ਮਿਲਾਉਂਦੇ ਰਹੇ ਉਹ ਮੇਰੇ ਨੱਚਣ ਦਾ ਸਮਾਂ ਖਾ ਗਏ। ਮੇਰਾ ਕੀ ਕਸੂਰ? ਨਾ ਮਿਲਾਉਂਦੇ ਮੇਰੇ ਨਾਲ ਹੱਥ! ਬਠਿੰਡੇ ਤੇ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿਚ ਨਾਚੀਆਂ ਵੱਲੋਂ ਵਿਖਾਏ ਅਰਧ ਨਗਨ ਨਾਚਾਂ ਦੀ ਆਲੋਚਨਾ ਵੀ ਹੋਈ ਸੀ। ਕਈ ਪੁਰਾਣੇ ਅਕਾਲੀਆਂ ਨੇ ਘੁਸਰ ਮੁਸਰ ਕੀਤੀ ਸੀ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਦੀ ਬਜ਼ੁਰਗੀ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਬਜ਼ੁਰਗਾਂ ਤੋਂ ਵੀ ਕਹਿ ਨਾ ਹੋਇਆ ਬਈ ਕਬੱਡੀ ‘ਚ ਨਹੀਂ ਜੱਚਦਾ ਇਹ ਕੰਜਰਖਾਨਾ!
ਜੇਕਰ ਵਰਲਡ ਕਬੱਡੀ ਲੀਗ ਦੇ ਪ੍ਰਬੰਧਕ ਪੰਜਾਬ ਦੀ ਨਰੋਈ ਦੇਸੀ ਖੇਡ ਨਾਲ ਪੰਜਾਬ ਦੇ ਨਰੋਏ ਸਭਿਆਚਾਰ ਨੂੰ ਪੇਸ਼ ਤੇ ਪ੍ਰਫੁਲਿਤ ਕਰਨਗੇ ਤਾਂ ਵਧਾਈ ਦੇ ਪਾਤਰ ਹੋਣਗੇ। ਜੇਕਰ ਮੁੰਡ੍ਹੀਰ ਦਾ ਮਨੋਰੰਜਨ ਕਰਨ ਬਹਾਨੇ ਕਬੱਡੀ ਨਾਲ ਅਸ਼ਲੀਲ ਨਾਚ ਗਾਣਿਆਂ ਦਾ ਪ੍ਰਦਰਸ਼ਨ ਕਰਨਗੇ ਤਾਂ ਦੁਰ ਦੁਰ ਕਰਵਾਉਣਗੇ। ਕਬੱਡੀ ਰਾਹੀਂ ਖੇਡ ਸਭਿਆਚਾਰ, ਪੰਜਾਬੀ ਭਾਸ਼ਾ ਤੇ ਪੰਜਾਬੀਅਤ ਦਾ ਜਜ਼ਬਾ ਵਧੇ-ਫੁਲੇ ਇਹ ਪੰਜਾਬੀਆਂ ਦੀ ਰੀਝ ਹੈ। ਵੇਖਣਾ ਕਿਤੇ ਗੰਧਲੇ ਨਾਚ ਗਾਣਿਆਂ ਨਾਲ ਪਹਿਲਾਂ ਹੀ ਪਲੀਤ ਕੀਤੇ ਜਾ ਰਹੇ ਪੰਜਾਬ ਨੂੰ ਕਬੱਡੀ ਲੀਗ ਨਾਲ ਹੋਰ ਪਲੀਤ ਨਾ ਕਰ ਦਿੱਤਾ ਜਾਵੇ। ਕਬੱਡੀ ਕਿਤੇ ਮੁਜਰਾ ਨਾ ਬਣ ਜਾਵੇ!
Leave a Reply