‘ਪੰਜਾਬੀ ਟ੍ਰਿਬਿਊਨ’ ਵਾਲੇ ਪੱਤਰਕਾਰ ਦਲਬੀਰ ਸਿੰਘ ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਦੀਆਂ ਦੋ ਕਿਸ਼ਤਾਂ ‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕਾਂ (30 ਤੇ 31) ਵਿਚ ਪੜ੍ਹੀਆਂ। ਪੜ੍ਹ ਕੇ ਉਸ ਦੇ ਕਾਲਮ ‘ਜਗਤ ਤਮਾਸ਼ਾ’ ਦੀ ਯਾਦ ਆ ਗਈ। ਇਹ ਕਾਲਮ ਮੇਰੇ ਵਰਗੇ ਹੋਰ ਹਜ਼ਾਰਾਂ ਪਾਠਕ ਪੜ੍ਹਦੇ ਹੋਣਗੇ। ‘ਤੇਰੀਆਂ ਗਲੀਆਂ’ ਵਿਚ ਵੀ ਦਲਬੀਰ ਸਿੰਘ ਉਸੇ ਤਰ੍ਹਾਂ ਗੱਲਾਂ ਕਰਦਾ ਜਾਪਦਾ ਹੈ- ਸਹਿਜੇ-ਸਹਿਜੇ, ਹੌਲੀ-ਹੌਲੀ। ਜਿਸ ਤਰ੍ਹਾਂ ‘ਜਗਤ ਤਮਾਸ਼ਾ’ ਵਿਚ ਉਹ ਆਪੇ ਘੜੇ ਪਾਤਰ ਮੁਰਾਰੀ ਦੇ ਬਹਾਨੇ ਟੋਟਕੇ ਛੱਡਦਾ ਰਹਿੰਦਾ ਸੀ, ਸਵੈ-ਜੀਵਨੀ ਵਿਚ ਉਹ ਆਪਣੀ ਧੀ ਨੂੰ ਪਿੰਡ ਦਿਖਾਉਣ ਦੇ ਬਹਾਨੇ ਪੰਜਾਬ ਦੇ ਪਿੰਡਾਂ ਅਤੇ ਉਥੇ ਦੇ ਮਾਹੌਲ ਬਾਰੇ ਗੱਲਾਂ ਕਰੀ ਜਾਂਦਾ ਹੈ। ਮੈਂ ਖੁਦ ਦਲਬੀਰ ਸਿੰਘ ਨੂੰ ਕਦੀ ਮਿਲਿਆ ਨਹੀਂ, ਉਸ ਦੀਆਂ ਲਿਖਤਾਂ ਰਾਹੀਂ ਹੀ ਉਸ ਨਾਲ ਮੁਲਾਕਾਤ ਹੁੰਦੀ ਸੀ। ਹੁਣ ਸਵੈ-ਜੀਵਨੀ ਪੜ੍ਹ ਕੇ ਲੱਗਿਆ ਕਿ ਦਲਬੀਰ ਸਿੰਘ ਨਾਲ ਦੁਬਾਰਾ ਮੁਲਾਕਾਤ ਹੋ ਰਹੀ ਹੈ। ਉਸ ਦੀ ਇਹ ਲਿਖਤ ਛਾਪਣੀ ਸ਼ੁਰੂ ਕਰ ਕੇ ਤੁਸੀਂ ਚੰਗਾ ਕੀਤਾ ਹੈ। ਇਸ ਕੰਮ ਲਈ ਮੇਰੇ ਵੱਲੋਂ ਅਤੇ ਮੇਰੇ ਵਰਗੇ ਦਲਬੀਰ ਸਿੰਘ ਦੇ ਹੋਰ ਪਾਠਕਾਂ ਦਾ ਤੁਹਾਡਾ ਸ਼ਤ-ਸ਼ਤ ਸ਼ੁਕਰੀਆ।
-ਨਿਰਮਲ ਸਿੰਘ ਜਵੰਦਾ
ਮਿਲਪੀਟਸ, ਕੈਲੀਫੋਰਨੀਆ।
——————-
ਫਲਸਤੀਨ ਦਾ ਮਸਲਾ
ਫਲਸਤੀਨ ਇਕ ਵਾਰ ਫਿਰ ਇਸਰਾਈਲ ਦੇ ਹਮਲਿਆਂ ਦੀ ਮਾਰ ਹੇਠ ਹੈ। ਵੱਖ-ਵੱਖ ਭਾਸ਼ਾਵਾਂ ਦੇ ਅਖਬਾਰਾਂ-ਰਸਾਲਿਆਂ ਵਿਚ ਇਸ ਬਾਰੇ ਬੜਾ ਕੁਝ ਛਪਿਆ ਹੈ, ਪਰ ਇਸ ਮਾਮਲੇ ਵਿਚ ‘ਪੰਜਾਬ ਟਾਈਮਜ਼’ ਨੰਬਰ ਲੈ ਗਿਆ ਹੈ। ਮੈਂ ਨੋਟ ਕੀਤਾ ਹੈ ਕਿ ਕਈ ਹੋਰ ਪੰਜਾਬੀ ਅਖਬਾਰਾਂ ਨੇ ਤਾਂ ਇਸ ਮਸਲੇ ਦੀ ਹਾਜ਼ਰੀ ਲੁਆਉਣੀ ਵੀ ਸ਼ਾਇਦ ਜਾਇਜ਼ ਨਹੀਂ ਸਮਝੀ। 26 ਜੁਲਾਈ ਵਾਲੇ ਪਰਚੇ ਵਿਚ ਨਾਰਵੇ ਦੇ ਡਾਕਟਰ ਮਾਡਸ ਗਿਲਬਰਟ ਦਾ ਦਰਦ ਭਿੱਜਾ ਲੇਖ ਪੜ੍ਹ ਕੇ ਅੱਖਾਂ ਨਮ ਹੋ ਗਈਆਂ। ਕਿੰਨੇ ਔਖੇ ਹਾਲਾਤ ਵਿਚ ਲੰਘ ਰਹੇ ਹਨ ਫਲਸਤੀਨੀ ਬੱਚੇ, ਬੁੱਢੇ ਅਤੇ ਮਾਂਵਾਂ। ਸੋਚ ਕੇ ਹੀ ਕਾਲਜਾ ਮੂੰਹ ਨੂੰ ਆਉਂਦਾ ਹੈ। ਦੋ ਅਗਸਤ ਵਾਲੇ ਪਰਚੇ ਵਿਚ ਇਸਰਾਇਲੀ ਇਤਿਹਾਸਕਾਰ ਇਲਾਨ ਪਾਪੇ ਨਾਲ ਮੁਲਾਕਾਤ ਇਕ ਤਰ੍ਹਾਂ ਨਾਲ ‘ਹਾਅ ਦਾ ਨਾਅਰਾ’ ਹੀ ਹੈ। ਅਜਿਹੇ ਲੋਕ ਭਾਵੇਂ ਦੁਨੀਆਂ ਵਿਚ ਘੱਟ ਹਨ, ਪਰ ਹੈਨ ਜ਼ਰੂਰ, ਜਿਹੜੇ ਗਲਤ ਬੰਦੇ ਨੂੰ ਗਲਤ ਆਖਣ ਦਾ ਜੇਰਾ ਕਰਦੇ ਹਨ, ਉਹ ਗਲਤ ਬੰਦਾ ਉਨ੍ਹਾਂ ਦਾ ਭਾਵੇਂ ਸਕਾ ਹੀ ਕਿਉਂ ਨਾ ਹੋਵੇ। ਸ਼ਾਇਦ ਅਜਿਹੇ ਬੰਦਿਆਂ ਕਰ ਕੇ ਹੀ ਮਨੁੱਖਤਾ ਦਾਗਦਾਰ ਹੋਣ ਤੋਂ ਬਚੀ ਹੋਈ ਹੈ।
-ਸੇਵਕ ਰਾਮ, ਯੂਬਾ ਸਿਟੀ
————————
ਇਕਬਾਲ ਬਾਨੋ ਦੇ ਰੂ-ਬ-ਰੂ
‘ਪੰਜਾਬ ਟਾਈਮਜ਼’ ਦੇ 2 ਅਗਸਤ ਵਾਲੇ ਅੰਕ ਵਿਚੋਂ ਸਭ ਤੋਂ ਪਹਿਲਾਂ ਇਕਬਾਲ ਬਾਨੋ ਬਾਰੇ ਲਿਖਿਆ ਫੀਚਰ ਪੜ੍ਹਿਆ। ਨਾਲ ਹੀ ਪੜ੍ਹੀ ਫੈਜ਼ ਅਹਿਮਦ ਫੈਜ਼ ਦੀ ਉਹ ਅਮਰ ਰਚਨਾ ‘ਹਮ ਦੇਖੇਂਗੇ’ ਜਿਹੜੀ ਜਵਾਨੀ ਵੇਲੇ ਤੋਂ ਹੀ ਹੱਡਾਂ ਵਿਚ ਰਚੀ ਹੋਈ ਹੈ। ਪਤਾ ਨਹੀਂ ਇਹ ਰਚਨਾ ਕਿੰਨੀ ਵਾਰ ਪੜ੍ਹੀ ਹੈ, ਕਿੰਨੀ ਵਾਰ ਖੁਦ ਗਾਈ ਹੈ ਅਤੇ ਕਿੰਨੀ ਵਾਰ ਇਕਬਾਲ ਬਾਨੋ ਵਾਲੀ ਰਿਕਾਰਡਿੰਗ ਸੁਣੀ ਹੈ। ਹਰ ਵਾਰ ਲਗਦਾ ਹੈ ਕਿ ਨਾੜਾਂ ਵਿਚ ਵਗਦੇ ਲਹੂ ਦੀ ਰਫਤਾਰ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ। ਫੈਜ਼ ਦੀ ਇਸ ਰਚਨਾ ਅਤੇ ਇਕਬਾਲ ਬਾਨੋ ਦੀ ਬੁਲੰਦ ਆਵਾਜ਼ ਵਿਚ ਬੜਾ ਦਮ-ਖਮ ਹੈ। ਇਹ ਰਚਨਾ ਪੜ੍ਹਦਿਆਂ-ਸੁਣਦਿਆਂ ਜਦੋਂ ਵੀ ‘ਸਭ ਤਖ਼ਤ ਗਿਰਾਏ ਜਾਏਂਗੇ’ ਉਤੇ ਪੁੱਜੀਦਾ ਹੈ ਤਾਂ ਮੱਲੋ-ਮੱਲੀ ਬਾਹਾਂ ਉਲਰ ਪੈਂਦੀਆਂ ਹਨ। ‘ਪੰਜਾਬ ਟਾਈਮਜ਼’ ਵਿਚ ਛਪਦੀਆਂ ਸਾਰੀਆਂ ਰਚਨਾਵਾਂ ਭਾਵੇਂ ਧਿਆਨ ਖਿੱਚਦੀਆਂ ਹਨ, ਪਰ ਮੈਨੂੰ ਇਤਨੇ ਸਾਲਾਂ ਦੌਰਾਨ ਪਹਿਲੀ ਵਾਰ ਚਿੱਠੀ ਲਿਖਣ ਲਈ ਮਜਬੂਰ ਇਕਬਾਲ ਬਾਨੋ ਦੇ ਇਸ ਫੀਚਰ ਨੇ ਕੀਤਾ ਹੈ। 26 ਜੁਲਾਈ ਨੂੰ ਫਿਲਮੀ ਪੰਨੇ ਉਤੇ ਫਿਲਮ ‘ਸੋਲਡ’ ਬਾਰੇ ਪੜ੍ਹਿਆ। ਕੁਦਰਤੀ ਇਹ ਫਿਲਮ ਮੈਂ ਪਹਿਲਾਂ ਹੀ ਦੇਖੀ ਹੋਈ ਸੀ। ਬੜਾ ਖੁਸ਼ ਹੋਇਆ ਕਿ ‘ਪੰਜਾਬ ਟਾਈਮਜ਼’ ਵਿਚ ਅਜਿਹਾ ਮੈਟਰ ਛਪ ਰਿਹਾ ਹੈ। ਨਹੀਂ ਤਾਂ ਮੈਂ ਦੇਖਿਆ ਹੈ ਕਿ ਫਿਲਮੀ ਗੱਪ-ਸ਼ੱਪ ਦੇ ਨਾਂ ਉਤੇ ਫਿਲਮਾਂ ਬਾਰੇ ਬਿਲਕੁਲ ਕੂੜਾ-ਕਬਾੜਾ ਹੀ ਛਾਪਿਆ ਜਾ ਰਿਹਾ ਹੈ।
-ਕਰਨੈਲ ਸਿੰਘ ਸਾਹਦੜਾ
ਸਟਾਕਟਨ, ਕੈਲੀਫੋਰਨੀਆ।
Leave a Reply