ਗੁਲਜ਼ਾਰ ਸਿੰਘ ਸੰਧੂ
ਭਾਰਤੀ ਖੇਤੀ ਖੋਜ ਕੌਂਸਲ ਦੇ 86ਵੇਂ ਸਥਾਪਨਾ ਦਿਵਸ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਨਾਲ ਖੇਤ, ਪਾਣੀ ਤੇ ਪੈਦਾਵਾਰ ਦੇ ਮਸਲੇ ਇਕ ਵਾਰੀ ਫੇਰ ਚਰਚਾ ਵਿਚ ਆ ਗਏ ਹਨ। ਮੋਦੀ ਨੇ ਆਪਣੇ ਭਾਸ਼ਨ ਵਿਚ ਘਟ ਭੂਮੀ ਤੋਂ ਘਟ ਸਮੇਂ ਵਿਚ ਵਧ ਉਪਜ ਲੈਣ ਦਾ ਸੱਦਾ ਦਿੱਤਾ ਹੈ। ਉਸ ਦਾ ਮੱਤ ਹੈ ਕਿ ਜਦੋਂ ਤੱਕ ਜੱਟ ਦੀ ਜੇਬ ਨਹੀਂ ਭਰਦੀ ਦੇਸ਼ ਦੀ ਭੁੱਖ ਦਾ ਮਸਲਾ ਹੱਲ ਨਹੀਂ ਹੋ ਸਕਦਾ। ਇਸ ਦਾ ਸਾਧਨ ਕ੍ਰਿਸ਼ੀ ਤਕਨਾਲੋਜੀ ਨੂੰ ਖੇਤ ਤੱਕ ਲਿਜਾਣਾ ਹੈ। ਖਾਸ ਕਰਕੇ ਇਸ ਲਈ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਘਾਟ ਬਹੁਤ ਵੱਡਾ ਮਸਲਾ ਬਣ ਸਕਦੀ ਹੈ। ਖੇਤੀ ਵਿਗਿਆਨੀਆਂ ਦਾ ਫਰਜ਼ ਬਣਦਾ ਹੈ ਕਿ ਉਹ ਪਾਣੀ ਦੀ ਵਧੀਆ ਤੋਂ ਵਧੀਆ ਸੰਭਾਲ ਦੇ ਤਰੀਕੇ ਲਭਣ ਤੇ ਕਿਰਸਾਣੀ ਤੱਕ ਪਹੁੰਚਾਉਣਾ।
ਭਾਵੇਂ ਖੇਤੀ ਖੋਜ ਕੌਂਸਲ ਦੀ ਨੀਂਹ ਬਰਤਾਨਵੀ ਸਰਕਾਰ ਨੇ ਰੱਖੀ ਸੀ ਪਰ ਇਸ ਵਿਚ ਡਾæ ਮਹਿੰਦਰ ਸਿੰਘ ਰੰਧਾਵਾ, ਡਾæ ਅਮਰੀਕ ਸਿੰਘ ਚੀਮਾ, ਡਾæ ਜੀ ਐਸ ਕਲਕਟ, ਡਾæ ਐਸ ਐਸ ਜੌਹਲ ਦੇ ਸਿੱਧੇ ਤੇ ਅਸਿੱਧੇ ਯੋਗਦਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਖੇਤੀ ਨਾਲ ਸਬੰਧਤ ਖੋਜ ਦੇ ਨਤੀਜਿਆਂ ਨੂੰ ਉਰਦੂ, ਹਿੰਦੀ, ਤਾਮਿਲ, ਤੈਲਗੂ, ਬੰਗਾਲੀ, ਮਰਾਠੀ ਤੇ ਪੰਜਾਬੀ ਆਦਿ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਕੇ ਦੇਸ਼ ਦੀ ਕਿਰਸਾਣੀ ਤੱਕ ਪਹੁੰਚਾਣ ਦੀ ਸ਼ੁਰੂਆਤ ਐਮ ਐਸ ਰੰਧਾਵਾ ਨੇ ਕੀਤੀ ਅਤੇ ਚੀਮਾ ਤੇ ਕਲਕਟ ਨੇ ਕੇਂਦਰ ਵਿਖੇ ਐਗਰੀਕਲਚਰ ਕਮਿਸ਼ਨਰ ਹੁੰਦਿਆਂ ਇਸ ਦਾ ਵੱਧ ਤੋਂ ਵੱਧ ਵਿਸਤਾਰ ਕੀਤਾ ਤੇ ਡਾæ ਐਸ਼ ਐਸ਼ ਜੌਹਲ ਨੇ ਖੇਤੀ ਉਪਜ ਦਾ ਠੀਕ ਮੁੱਲ ਦਿਵਾਉਣ ਦੀ ਸੁਚੱਜੀ ਵਿਉਂਤਬੰਦੀ ਕੀਤੀ। ਅੱਜ ਖੇਤੀ ਪੱਤਰਕਾਰਤਾ ਵਿਚ ਪ੍ਰਧਾਨ ਮੰਤਰੀ ਤੋਂ ਸਨਮਾਨ ਪ੍ਰਾਪਤ ਕਰਨ ਵਾਲੇ ਭਗਵਾਨ ਦਾਸ ਨੂੰ ਉਤਸ਼ਾਹਤ ਕਰਨ ਵਾਲਾ ਡਾæ ਚੀਮਾ ਸੀ। ਕੱਲ੍ਹ ਨੂੰ ਇਹ ਸਨਮਾਨ ਖੇਤੀ ਯੂਨੀਵਰਸਿਟੀ ਦੇ ਸਾਬਕਾ ਅਧਿਕਾਰੀ ਡਾæ ਰਣਜੀਤ ਸਿੰਘ ਨੂੰ ਮਿਲ ਸਕਦਾ ਹੈ। ਇਕ ਸਮਾਂ ਅਜਿਹਾ ਵੀ ਸੀ ਕਿ ਦੇਸ਼ ਦੇ ਅੱਧੇ ਰਾਜਾਂ ਵਿਚ ਕ੍ਰਿਸ਼ੀ ਨਿਰਦੇਸ਼ਕ ਦੀ ਜ਼ਿੰਮੇਵਾਰੀ ਸਾਂਭਣ ਵਾਲੇ ਖੇਤੀ-ਬਾੜੀ ਕਾਲਜ, ਲਾਇਲਪੁਰ (ਪਾਕਿਸਤਾਨ) ਦੇ ਪੜ੍ਹੇ ਹੋਏ ਪੰਜਾਬੀ ਸਨ। ਹਰੀ ਕ੍ਰਾਂਤੀ ਦੀ ਨੀਂਹ ਰੱਖਣ ਵਾਲੀ ਵੀ ਕੋਈ ਇੱਕ ਸੰਸਥਾ ਨਹੀਂ, ਇਹ ਸਾਰੇ ਹੀ ਸਨ।
ਅੱਜ ਦੇਸ਼ ਭਰ ਵਿਚ ਖੇਤੀ ਯੂਨੀਵਰਸਿਟੀਆਂ ਦਾ ਜਾਲ ਵਿਛ ਚੁੱਕਾ ਹੈ ਜਿਸ ਨੂੰ ਸੇਧ ਦੇਣ ਵਾਲੀ ਭਾਰਤੀ ਖੇਤੀ ਖੋਜ ਕੌਂਸਲ, ਨਵੀਂ ਦਿੱਲੀ ਹੈ। ਸਾਡੀ ਭੋਇੰ ਵਿਚ ਦਾਲਾਂ ਅਤੇ ਤੇਲ ਦੇ ਬੀਜ ਦੇਣ ਵਾਲੀਆਂ ਫਸਲਾਂ ਪੈਦਾ ਕਰਨ ਦੀ ਚੋਖੀ ਯੋਗਤਾ ਹੈ। ਖੇਤੀ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਵਿਗਿਆਨੀਆਂ ਦਾ ਫਰਜ਼ ਬਣਦਾ ਹੈ ਕਿ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਰਾਹੀਂ ਵਧ ਤੋਂ ਵੱਧ ਉਪਜ ਪੈਦਾ ਕਰਨ ਦੇ ਤਰੀਕੇ ਲੱਭਣ ਤੇ ਇਨ੍ਹਾਂ ਨੂੰ ਭਾਰਤ ਦੇ ਹਰ ਪਿੰਡ ਤੇ ਕਿਰਸਾਣੀ ਵਿਚ ਜੁੱਟੇ ਹਰ ਪ੍ਰਾਣੀ ਤੱਕ ਪਹੁੰਚਾਣ। ਅੱਜ ਦੇ ਦਿਨ ਕਿਰਸਾਣੀ ਦਾ ਮਾਣ ਰਖਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਵਿਗਿਆਨੀਆਂ ਦਾ।
ਨਵੀਂ ਦਿੱਲੀ ਦੇ ਰਾਹਗੀਰੀ ਦਿਵਸ: ਨਵੀਂ ਦਿੱਲੀ ਦੇ ਵਸਨੀਕਾਂ ਨੇ ਆਪਣੇ ਆਪ ਨੂੰ ਚੁਸਤ-ਦਰੁਸਤ ਰੱਖਣ ਲਈ ਇੱਕ ਨਵਾਂ ਰਾਹ ਲੱਭਿਆ ਹੈ। ਉਹ 13 ਜੁਲਾਈ ਤੋਂ ਹਰ ਐਤਵਾਰ ਵਾਲੇ ਦਿਨ ਕਨਾਟ ਪਲਾਸ ਤੇ ਇੰਡੀਆ ਗੇਟ ਦੇ ਨੇੜੇ ਰਾਹਗੀਰੀ ਦਿਵਸ ਮਨਾ ਰਹੇ ਸਨ। ਇਸ ਦੀ ਕਾਢ ਦਿੱਲੀ ਪੁਲਿਸ ਨੇ ਨਵੀਂ ਦਿੱਲੀ ਨਗਰ ਪਾਲਿਕਾ ਨਾਲ ਮਿਲ ਕੇ ਕੱਢੀ ਹੈ। ਇਸ ਵਿਚ ਰੰਗੀਨੀ ਭਰਨ ਵਾਲਾ ਸੀæਆਰæਪੀæਐਫ਼ ਦਾ ਬੈਂਡ ਵਾਜਾ ਹੈ ਤੇ ਇਸ ਨੂੰ ਪ੍ਰਚਾਰਕ ਪ੍ਰਸਾਰਨ ਦਾ ਕੰਮ ਟਾਈਮਜ਼ ਆਫ ਇੰਡੀਆ ਪ੍ਰਕਾਸ਼ਨ ਸਮੂਹ ਕਰ ਰਿਹਾ ਹੈ। ਮੇਰੀ ਇਸ ਵਾਰੀ ਦੀ ਦਿੱਲੀ ਫੇਰੀ ਲੰਮੀ ਹੋਣ ਕਾਰਨ ਮੇਰੇ ਸੁਣਨ ਵਿਚ ਰਾਹਗੀਰੀ ਦਿਵਸ ਦੀਆਂ ਕਈ ਕਹਾਣੀਆਂ ਆਈਆਂ। ਸਭ ਤੋਂ ਪਹਿਲੀ ਤਾਂ ਇਹ ਕਿ ਇਸ ਵਿਚ ਭਾਗ ਲੈਣ ਵਾਲੇ ਸਾਈਕਲਿੰਗ ਤੇ ਸਕੇਟਿੰਗ ਕਰਨ ਵਾਲੇ ਹੀ ਨਹੀਂ, ਬੰਸਰੀ ਵਾਦਕ ਵੀ ਹਨ ਭਾਵੇਂ ਬਹੁਗਿਣਤੀ ਨੱਚਣ-ਭੱਜਣ ਤੇ ਮੌਜ-ਮੇਲਾ ਕਰਨ ਵਾਲਿਆਂ ਦੀ ਹੁੰਦੀ ਹੈ।
ਵੱਡੀ ਗੱਲ ਇਹ ਹੈ ਕਿ ਨਚਦੇ-ਭਜਦੇ ਸਮੇਂ ਜੇ ਕਿਸੇ ਨੂੰ ਮਾੜਾ-ਮੋਟਾ ਧੱਕਾ ਵੀ ਲਗਦਾ ਹੈ ਤਾਂ ਉਹ ਉਸ ਦਾ ਗੁੱਸਾ ਕਰਨ ਦੀ ਥਾਂ ਇਸ ਦਾ ਉਤਰ ਮੁਸਕਾਨ ਨਾਲ ਦਿੰਦਾ ਹੈ। ਆਮ ਤੌਰ ‘ਤੇ ਕਨਾਟ ਪਲੇਸ ਦਾ ਅੰਦਰ ਵਾਲਾ ਘੇਰਾ ਸਾਈਕ ਸਕੇਟਿੰਗ ਵਾਲਿਆਂ ਲਈ ਰਾਖਵਾਂ ਰੱਖਿਆ ਜਾਂਦਾ ਹੈ ਪਰ ਵੇਖਣ ਵਿਚ ਆਇਆ ਹੈ ਕਿ ਕਈ ਸਾਈਕਲ ਵਾਲੇ ਇੰਡੀਆ ਗੇਟ ਦੀ ਅਮਰ ਜਯੋਤੀ ਤੱਕ ਨਤਮਸਤਕ ਹੋਣ ਨਿਕਲ ਜਾਂਦੇ ਹਨ। ਇਸ ਐਤਵਾਰ ਵਾਲਾ ਰਾਹਗੀਰੀ ਦਿਵਸ ਤੀਜਾ ਸੀ। ਇਸ ਵਿਚ ਭਾਗ ਲੈਣ ਵਾਲੀ ਨਵੀਂ ਦਿੱਲੀ ਤੋਂ ਚੋਣ ਜਿੱਤਣ ਵਾਲੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਆਪਣੀ ਨਵੀਂ ਸਾਈਕਲ ਉਤੇ ਅਮਰ ਜਿਉਤੀ ਤੱਕ ਹੋ ਕੇ ਆਈ ਸੀ। ਉਸ ਨੇ ਇਹ ਵੀ ਕਿਹਾ ਕਿ ਅਗਲੀ ਵਾਰੀ ਉਹ ਆਪਣੀ ਸਾਈਕਲ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਲਿਆਵੇਗੀ। ਇਸ ਵਾਰੀ ਦਿੱਲੀ ਤੇ ਨਵੀਂ ਦਿੱਲੀ ਤੋਂ ਬਿਨਾਂ ਫਰੀਦਾਬਾਦ ਅਤੇ ਗੁੜਗਾਉਂ ਵਾਲੇ ਵੀ ਆਏ। ਰਾਹਗੀਰੀ ਵਿਚ ਭਾਗ ਲੈਣ ਵਾਸਤੇ ਹਰ ਨਵੇਂ ਐਤਵਾਰ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਰਾਹਗੀਰੀ ਵਿਚ ਵਿਸ਼ੇਸ਼ ਪੁਲਿਸ ਕਮਿਸ਼ਨਰ ਮੁਕਤੇਸ਼ ਚੰਦਰ ਅਤੇ ਸੰਯੁਕਤ ਕਮਿਸ਼ਨਰ ਦੌੜ ਭੱਜ ਕੇ ਤੇ ਸਾਈਕਲ ਚਲਾ ਕੇ ਪੂਰੀ ਦਿਲਚਸਪੀ ਲੈ ਰਹੇ ਹਨ। ਨਗਰਪਾਲਿਕਾ ਤੇ ਪੁਲਿਸ ਦਾ ਇੱਕ ਮੰਤਵ ਦਿੱਲੀ ਦੀਆਂ ਸੜਕਾਂ ਨੂੰ ਸਾਫ਼ ਸੁਥਰੀਆਂ ਰਖਣਾ ਅਤੇ ਤੁਰਨ ਵਾਲਿਆਂ ਤੇ ਸਾਈਕਲ ਵਾਲਿਆਂ ਲਈ ਰਾਹ ਮੋਕਲਾ ਕਰਨਾ ਵੀ ਹੈ। ਚੰਗੀ ਗੱਲ ਇਹ ਕਿ ਇਸ ਸਾਰੇ ਅਮਲ ਵਿਚ ਜਨਤਾ ਹੁਮਾ ਹੁਮਾ ਕੇ ਹਿੱਸਾ ਲੈ ਰਹੀ ਹੈ। ਪ੍ਰਬੰਧਕਾਂ ਦਾ ਵਿਚਾਰ ਹੈ ਕਿ ਸਮਾਂ ਪਾ ਕੇ ਇਹ ਕਾਰਵਾਈ ਕਨਾਟ ਪਲੇਸ ਤੇ ਇੰਡੀਆ ਗੇਟ ਤੋਂ ਦੂਰ ਦੀਆਂ ਕਾਲੋਨੀਆਂ ਵਿਚ ਵੀ ਲੈ ਜਾਣਗੇ। ਜਿਵੇਂ ਛਾਉਣੀ ਤੇ ਲਾਲ ਕਿਲ੍ਹਾ ਖੇਤਰ ਵਿਚ। ਅਜਿਹੀ ਕਾਰਵਾਈ ਹਰ ਸੂਬੇ ਤੇ ਪ੍ਰਾਂਤ ਦੇ ਵੱਡੇ ਸ਼ਹਿਰਾਂ ਵਾਲਿਆਂ ਨੂੰ ਵੀ ਸ਼ੁਰੂ ਕਰਨੀ ਚਾਹੀਦੀ ਹੈ। ਨਗਰ ਪਾਲਿਕਾ ਹੀ ਨਹੀਂ, ਪੁਲਿਸ ਵਾਲਿਆਂ ਦਾ ਯੋਗਦਾਨ ਇਸ ਨੂੰ ਸਫਲ ਬਣਾ ਸਕਦਾ ਹੈ। ਜੇ ਹੋਰ ਨਹੀਂ ਤਾਂ ਜਲੰਧਰ ਤੇ ਚੰਡੀਗੜ੍ਹ ਵਰਗੇ ਸ਼ਹਿਰ ਤਾਂ ਸ਼ੁਰੂ ਕਰ ਹੀ ਸਕਦੇ ਹਨ ਜਿਥੇ ਅਖਬਾਰਾਂ ਵੀ ਹਨ, ਪੁਲਿਸ ਵੀ ਤੇ ਨਗਰ ਪਾਲਿਕਾਵਾਂ ਵੀ।
ਮੋਬਾਈਲ ਕ੍ਰਾਂਤੀ ਦਾ ਸੰਕਟ: ਅਸੀਂ ਜਨਸੰਖਿਆ ਦੀ ਕ੍ਰਾਂਤੀ ਸੁਣੀ ਸੀ ਹੁਣ ਮੋਬਾਈਲ ਕ੍ਰਾਂਤੀ ਵੇਖ ਲਈ ਹੈ। ਦੁਨੀਆਂ ਭਰ ਵਿਚ ਵਰਤੇ ਜਾ ਰਹੇ ਮੋਬਾਈਲਾਂ ਦੀ ਗਿਣਤੀ ਜਨਸੰਖਿਆ ਤੋਂ ਵੱਧ ਹੋ ਸਕਦੀ ਹੈ, ਘਟ ਨਹੀਂ। ਕਈਆਂ ਕੋਲ ਇੱਕ ਤੋਂ ਵੱਧ ਮੋਬਾਈਲ ਹਨ ਜਿਹੜੇ ਉਨ੍ਹਾਂ ਦੇ ਅੰਗ-ਸੰਗ ਰਹਿੰਦੇ ਹਨ। ਵੱਡੇ ਘਰਾਂ ਵਾਲੇ ਦੂਜੇ ਕਮਰੇ ਵਿਚ ਬੈਠੇ ਪ੍ਰਾਣੀ ਨਾਲ ਗੱਲ ਕਰਨ ਵਾਸਤੇ ਮੋਬਾਈਲ ਦੀ ਵਰਤੋਂ ਕਰਦੇ ਹਨ। ਰੇਲ ਗੱਡੀਆਂ ਤੇ ਬੱਸਾਂ ਵਿਚ ਸਫਰ ਕਰਨ ਵਾਲੇ ਗਵਾਂਢੀ ਸਵਾਰੀ ਨਾਲ ਗੱਲ ਕਰਨ ਦੀ ਥਾਂ ਇਸ ਯੰਤਰ ਰਾਹੀਂ ਦੂਰ-ਨੇੜੇ ਦੇ ਮਿੱਤਰਾਂ ਨਾਲ ਗੱਲਾਂ ਕਰਦੇ ਹਨ। ਰੇਲ ਦੇ ਡੱਬਿਆਂ ਵਿਚ ਜਿੰਨੇ ਵੀ ਸਵਿਚ ਬੋਰਡ ਹਨ ਉਨ੍ਹਾਂ ਨਾਲ ਦੋ-ਦੋ ਤਿੰਨ-ਤਿੰਨ ਮੋਬਾਈਲ ਚਾਰਜ ਹੁੰਦੇ ਵੇਖੇ ਗਏ ਹਨ। ਪਤਾ ਨਹੀਂ ਇਹੀਓ ਕਾਰਨ ਹੈ ਕਿ ਬਹੁਤੀ ਵਾਰੀ ਮੋਬਾਈਲ ਉਤੇ ਹੋ ਰਹੀ ਗੱਲ ਵਿਚੋਂ ਕੱਟੀ ਜਾਂਦੀ ਹੈ। ਇਹ ਹੁਣ ਹੀ ਹੋਣ ਲੱਗਿਆ ਹੈ। ਹੋ ਸਕਦਾ ਹੈ ਹਵਾ ਵਿਚ ਲਾਈਨਾਂ ਦੀ ਗਿਣਤੀ ਏਨੀ ਵੱਧ ਗਈ ਹੈ ਕਿ ਇੱਕ ਦੂਜੀ ਨਾਲ ਟਕਰਾਅ ਜਾਂਦੀਆਂ ਹਨ। ਸਾਇੰਸ ਨੇ ਬਹੁਤ ਉਨਤੀ ਕੀਤੀ ਹੈ। ਪਤਾ ਨਹੀਂ ਹੋਰ ਕੀ ਕੁਝ ਕਰਨ ਵਾਲੀ ਹੈ। ਰੱਬ ਹੀ ਰਾਖਾ ਹੈ, ਜੇ ਕਿਧਰੇ ਹੈ ਤਾਂ!
ਅੰਤਿਕਾ: (ਚਿਰਾਗ ਹਸਨ ਹਸਰਤ)
ਉਮੀਦ ਤੋਂ ਬੰਧ ਜਾਤੀ, ਤਸਕੀਨ ਤੋ ਹੋ ਜਾਤੀ,
ਵਾਅਦਾ ਨਾ ਵਫ਼ਾ ਕਰਤੇ, ਵਾਅਦਾ ਤੋ ਕੀਆ ਹੋਤਾ।
ਗੈਰੋਂ ਨੇ ਕਹਾ ਤੁਮਸੇ, ਗੈਰੋਂ ਸੇ ਸੁਨਾ ਤੁਮ ਨੇ,
ਕੁਛ ਹਮ ਸੇ ਕਹਾ ਹੋਤਾ, ਕੁਛ ਹਮਸੇ ਸੁਨਾ ਹੋਤਾ।
Leave a Reply