ਯੋਰੋਸ਼ਲਮ: ਕੌਮਾਂਤਰੀ ਅਮਨ ਪਸੰਦ ਭਾਈਚਾਰੇ ਵੱਲੋਂ ਜੰਗਬੰਦੀ ਦੀ ਅਪੀਲ ਦੇ ਬਾਵਜੂਦ ਇਸਰਾਈਲ ਤੇ ਫ਼ਲਸਤੀਨ ਵਿਚਕਾਰ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਸਰਾਈਲ ਨੇ ਗਾਜ਼ਾ ਪੱਟੀ ਉੱਤੇ ਹਵਾਈ ਹਮਲਿਆਂ ਤੋਂ ਬਾਅਦ ਜ਼ਮੀਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਹਮਲਿਆਂ ਤੋਂ ਡਰਦਿਆਂ ਹਜ਼ਾਰਾਂ ਫ਼ਲਸਤੀਨੀ ਲੋਕ ਬੇਘਰ ਹੋ ਕੇ ਸੰਯੁਕਤ ਰਾਸ਼ਟਰ ਸੰਘ ਦੇ ਕੈਂਪ ਵਿਚ ਪਨਾਹ ਲੈਣ ਜਾ ਰਹੇ ਹਨ। ਭਾਵੇਂ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਸਦਕਾ ਹਮਾਸ ਮਾਨਵੀ ਆਧਾਰ ‘ਤੇ 24 ਘੰਟੇ ਲਈ ਗੋਲੀਬੰਦੀ ਲਈ ਰਜ਼ਾਮੰਦ ਹੋਇਆ ਸੀ ਪਰ ਇਹ ਇਸ ਮਸਲੇ ਦਾ ਸਥਾਈ ਹੱਲ ਨਹੀਂ।
ਇਸਰਾਇਲੀ ਫੌਜ ਵੱਲੋਂ ਪਿਛਲੇ 20 ਦਿਨਾਂ ਤੋਂ ਕੀਤੀ ਜਾ ਰਹੀ ਅੰਨ੍ਹੇਵਾਹ ਫਾਇਰਿੰਗ ਤੇ ਬੰਬਾਰੀ ਵਿਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 1060 ਹੋ ਗਈ ਹੈ ਜਦਕਿ ਇਸਰਾਈਲ ਨੇ ਵੀ ਹਮਾਸ ਦੇ ਰਾਕੇਟ ਹਮਲਿਆਂ ਵਿਚ ਇਕ ਭਾਰਤੀ ਮੂਲ ਦੇ ਫੌਜੀ ਸਣੇ 46 ਇਸਰਾਇਲੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਨੇ ਕਾਹਿਰਾ (ਮਿਸਰ) ਤੇ ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅਬਾਸ ਨਾਲ ਗੱਲ-ਬਾਤ ਕੀਤੀ ਹੈ ਜਿਸ ਨਾਲ ਆਲਮੀ ਅਮਨ ਕੋਸ਼ਿਸ਼ਾਂ ਨੇ ਗਤੀ ਫੜੀ ਹੈ। ਇਸਰਾਈਲ ਨੇ ਇਲਜ਼ਾਮ ਲਾਇਆ ਸੀ ਕਿ ਮੁਸਲਿਮ ਅਤਿਵਾਦੀ ਸੰਗਠਨ ਵੱਲੋਂ ਕਤਲ ਕੀਤੇ ਨੌਜਵਾਨਾਂ ਦੀਆਂ ਲਾਸ਼ਾਂ ਬਹੁਤ ਹੀ ਮਾੜੀ ਹਾਲਤ ਵਿਚ ਗਾਜ਼ਾ ਵਿਚੋਂ ਮਿਲੀਆਂ ਸਨ ਹਾਲਾਂਕਿ ਇਸ ਤੋਂ ‘ਹਮਾਸ’ ਨੇ ਇਨਕਾਰ ਕੀਤਾ ਸੀ ਪਰ ਇਸ ਦੇ ਜੁਆਬ ਵਿਚ ਇਸਰਾਈਲ ਨਾਗਰਿਕਾਂ ਨੇ ਇਕ ਫ਼ਲਸਤੀਨ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ।
ਹਮਾਸ ਨੇ ਦੋਸ਼ ਲਾਇਆ ਹੈ ਕਿ ਇਸਰਾਈਲ ਗੋਲੀਬੰਦੀ ਦੀਆਂ ਪੁਰਾਣੀਆਂ ਉਲੰਘਣਾਵਾਂ ਦਾ ਬਹਾਨਾ ਬਣਾ ਕੇ ਹੋਰ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਅੱਠ ਜੁਲਾਈ ਤੋਂ ਵਿੱਢੇ ਗਏ ਇਸਰਾਇਲੀ ਹਮਲਿਆਂ ਵਿਚ 1060 ਫਸਲਤੀਨੀ ਮਾਰੇ ਜਾ ਚੁੱਕੇ ਹਨ ਅਤੇ 6000 ਤੋਂ ਵੱਧ ਜ਼ਖਮੀ ਹੋ ਗਏ ਹਨ। ਉਧਰ ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨ ਨਾਹੂ ਨੇ ਹਮਾਸ ਉੱਪਰ ਦੋਸ਼ ਲਾਇਆ ਹੈ ਕਿ ਉਹ ਆਪ ਹੀ ਗੋਲੀਬੰਦੀ ਪ੍ਰਵਾਨ ਕਰਕੇ ਇਸ ਦੀ ਉਲੰਘਣਾ ਕਰਦੀ ਆ ਰਹੀ ਹੈ। ਇਸ ਕਾਰਨ ਇਸਰਾਈਲ ਨੂੰ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਹਮਾਸ ਜਥੇਬੰਦੀ ਆਪਣਾ ਰਵੱਈਆ ਨਹੀਂ ਬਦਲਦੀ ਉਦੋਂ ਤੱਕ ਹਮਲਿਆਂ ਨੂੰ ਟਾਲਿਆ ਨਹੀਂ ਜਾ ਸਕੇਗਾ।
ਅਖ਼ਬਾਰੀ ਰਿਪੋਟਰਾਂ ਮੁਤਾਬਕ ਇਰਾਕ ਵਿਚ ਸਰਗਰਮ ਬਾਗ਼ੀ ਸੰਗਠਨ ਆਈæਐਸ਼ਆਈæਐਸ਼ ਤੇ ਹਮਾਸ ਵਿਚਾਲੇ ਡੂੰਘਾ ਤਾਲਮੇਲ ਹੈ। ਸੀਰੀਆ ਤੇ ਇਰਾਕ ਵਿਚ ਹਿੰਸਾ ਦੇ ਰਾਹ ‘ਤੇ ਚੱਲਣ ਵਾਲੇ ਵੀ ਸੁੰਨੀ ਅਤਿਵਾਦੀ ਹਨ ਤੇ ਹਮਾਸ ਵੀ ਸੁੰਨੀ ਅਤਿਵਾਦੀ ਸੰਗਠਨ ਹੈ। ਇਸ ਨੂੰ ਤਰਾਸਦੀ ਹੀ ਕਿਹਾ ਜਾਵੇਗਾ ਕਿ ਮੁਸਲਿਮ ਦੇਸ਼ ਹਮਾਸ ਵਰਗੇ ਅਤਿਵਾਦੀ ਸਗੰਠਨਾਂ ਨੂੰ ਇਸਰਾਈਲ ਨਾਲ ਲੜਨ ਲਈ ਪੈਸਾ ਤੇ ਹਥਿਆਰ ਤਾਂ ਦਿੰਦੇ ਹਨ ਪਰ ਇਸਲਾਮਿਕ ਦੇਸ਼, ਫ਼ਲਸਤੀਨ ਅਬਾਦੀ ਨੂੰ ਸਿੱਖਿਅਤ ਬਣਾਉਣ, ਆਮ ਲੋਕਾਂ ਦੀ ਗ਼ਰੀਬੀ ਦੂਰ ਕਰਨ ਵਾਲੀਆਂ ਯੋਜਨਾਵਾਂ ਲਈ ਪੈਸਾ ਦੇਣ ਲਈ ਤਿਆਰ ਨਹੀਂ ਹਨ। ਦੂਜਾ ਦੁਖਦਾਈ ਪਹਿਲੂ ਇਹ ਹੈ ਕਿ ਫ਼ਲਸਤੀਨ ਦੀ ਆਪਣੀ ਕੋਈ ਅਰਥਵਿਵਸਥਾ ਨਹੀਂ ਹੈ ਭਾਵ ਖੇਤੀ ਲਈ ਜ਼ਮੀਨ ਨਹੀਂ ਹੈ ਤੇ ਨਾ ਹੀ ਕੋਈ ਖਣਿਜ ਪੂੰਜੀ ਹੈ। ਇਥੋਂ ਦੀ ਅਬਾਦੀ ਅਮਰੀਕਾ ਤੇ ਯੂਰਪ ਦੀ ਆਰਥਿਕ ਸਹਾਇਤਾ ‘ਤੇ ਨਿਰਭਰ ਹੈ। ਹਮਾਸ ਨੂੰ ਤੁਰਕੀ, ਸਾਊਦੀ ਅਰਬ ਅਤੇ ਮਿਸਰ ਵਰਗੇ ਮੁਸਲਿਮ ਦੇਸ਼ਾਂ ਤੋਂ ਸਹਾਇਤਾ ਮਿਲਦੀ ਹੈ।
ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਕਿਹਾ ਕਿ ਇਸਰਾਈਲ ਨੂੰ ਸਮਝਣਾ ਚਾਹੀਦਾ ਹੈ ਕਿ ਫ਼ਲਸਤੀਨੀਆਂ ਦਾ ਹੋਮ ਲੈਂਡ ਇਥੇ ਹੀ ਹੈ, ਜਿਥੇ ਉਹ ਟਿਕੇ ਹਨ। ਉਨ੍ਹਾਂ ਕਿਹਾ ਕਿ ਹੁਣ ਆਧੁਨਿਕ ਇਤਿਹਾਸ ਦੇ ਸਭ ਤੋਂ ਲੰਮੇ ਸਮੇਂ ਦੇ ਕਬਜ਼ੇ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਯੂæਐਨæਓ ਦੇ ਸਕੱਤਰ ਜਰਨਲ ਬਾਨ ਕੀ ਮੂਨ ਦੇ ਵਿਸ਼ੇਸ਼ ਦੂਤ ਨੂੰ ਅਧਿਕਾਰਤ ਪੱਤਰ ਸੌਂਪ ਕੇ ਮੰਗ ਕੀਤੀ ਕਿ ਗਾਜ਼ਾ ਪੱਟੀ ਵਿਚ ਹੋ ਰਹੀ ਹਿੰਸਾ ਤੇ ਮੌਤਾਂ ਦੇ ਮੱਦੇਨਜ਼ਰ ਫ਼ਲਸਤੀਨ ਰਾਜ ਨੂੰ ਯੂæਐਨæਓæ ਕੌਮਾਂਤਰੀ ਸੁਰੱਖਿਆ ਸਿਸਟਮ ਤਹਿਤ ਲਿਆ ਜਾਵੇ। ਵਿਸ਼ਵ ਭਰ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਦੇ ਤੌਰ ‘ਤੇ ਪੇਸ਼ ਹੋਣ ਵਾਲਾ ਅਮਰੀਕਾ ਤੇ ਉਸ ਦੇ ਹਮਾਇਤੀ ਯੂਰਪੀ ਦੇਸ਼, ਗਾਜ਼ਾ ਪੱਟੀ ਦੇ ਹਮਲਿਆਂ ਪ੍ਰਤੀ ਖ਼ਾਮੋਸ਼ ਹਨ। ਉਸ ਨੇ ਖ਼ੁਦ ਵੀ ਗ਼ਲਤ ਤੱਥਾਂ ਨੂੰ ਦੁਨੀਆਂ ਸਾਹਮਣੇ ਪ੍ਰਚਾਰ ਕੇ ਇਰਾਕ ਉੱਤੇ ਹਮਲਾ ਕੀਤਾ ਸੀ। ਜੇਕਰ ਅਮਰੀਕਾ ਸਾਮਰਾਜ ਚਾਹੇ ਤਾਂ ਇਸਰਾਈਲ ਉਸ ਦੀ ਇਕੋ ਘੁਰਕੀ ਨਾਲ ਹਮਲੇ ਰੋਕ ਸਕਦਾ ਹੈ।
________________________________________________
ਬੰਬਾਂ ਤੋਂ ਬਾਅਦ ਹੁਣ ਭੁੱਖ ਤੇ ਪਿਆਸ ਨਾਲ ਜੰਗ
ਲੰਡਨ: ਇਸਰਾਈਲ ਤੇ ਹਮਾਸ ਵਿਚਕਾਰ ਚੱਲ ਰਹੇ ਸੰਘਰਸ਼ ਦਾ ਅਸਰ ਹਿਜਰਤ ਕਰ ਗਏ ਫਲਸਤੀਨੀਆਂ ‘ਤੇ ਪੈ ਰਿਹਾ ਹੈ। ਖੈਰਾਤੀ ਸੰਸਥਾ ਓਕਸਫੈਮ ਦਾ ਕਹਿਣਾ ਹੈ ਕਿ ਘਰਾਂ ਨੂੰ ਛੱਡ ਕੇ ਕੈਂਪਾਂ ਵਿਚ ਬੈਠੇ ਲੋਕਾਂ ਨੂੰ ਭੁੱਖੇ-ਪਿਆਸੇ ਦਿਨ ਗੁਜ਼ਾਰਨੇ ਪੈ ਰਹੇ ਹਨ।
ਓਕਸਫੈਮ ਮੁਤਾਬਕ ਇਕ ਲੱਖ 20 ਹਜ਼ਾਰ ਲੋਕਾਂ ਨੇ ਘਰ-ਬਾਰ ਛੱਡ ਦਿੱਤਾ ਹੈ ਪਰ ਇਸਰਾਈਲ ਤੇ ਮਿਸਰ ਦੀਆਂ ਸਰਹੱਦਾਂ ਬੰਦ ਹੋਣ ਕਾਰਨ ਉਨ੍ਹਾਂ ਦਾ ਜੀਵਨ ਮੁਸ਼ਕਲ ਵਿਚ ਹੈ। ਓਕਸਫੈਮ ਦੇ ਫਲਸਤੀਨ ਤੇ ਇਸਰਾਈਲ ਵਿਚ ਮੁਖੀ ਨਿਸ਼ਾਂਤ ਪਾਂਡੇ ਨੇ ਕਿਹਾ ਕਿ ਹਸਪਤਾਲਾਂ ਤੇ ਪਾਣੀ ਦੀ ਸਪਲਾਈ ਦੀ ਘਾਟ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਲ ਹੋ ਗਿਆ ਹੈ। ਅਜਿਹੇ ਸੰਘਰਸ਼ਾਂ ਦੌਰਾਨ ਲੋਕ ਇਲਾਕਿਆਂ ਨੂੰ ਖਾਲੀ ਕਰ ਦਿੰਦੇ ਹਨ ਪਰ ਸਰਹੱਦਾਂ ਬੰਦ ਹੋਣ ਕਾਰਨ ਉਨ੍ਹਾਂ ਦਾ ਹਿੰਸਾ ਤੋਂ ਬਚਣਾ ਮੁਸ਼ਕਲ ਜਾਪ ਰਿਹਾ ਹੈ। ਸੰਸਥਾ ਦਾ ਕਹਿਣਾ ਹੈ ਕਿ 10 ਲੱਖ ਤੋਂ ਵੱਧ ਲੋਕਾਂ ਦੀ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ ਤੇ ਸੈਨੀਟੇਸ਼ਨ ਪਲਾਂਟਾਂ ਦੇ ਤਬਾਹ ਹੋਣ ਕਾਰਨ ਪਾਣੀ ਦੂਸ਼ਿਤ ਹੋ ਰਿਹਾ ਹੈ। ਲੋਕਾਂ ਨੂੰ ਬਿਜਲੀ ਵੀ ਸਿਰਫ ਚਾਰ ਘੰਟੇ ਮੁਹੱਈਆ ਹੋ ਰਹੀ ਹੈ। ਓਕਸਫੈਮ 19 ਹਜ਼ਾਰ ਲੋਕਾਂ ਨੂੰ ਮਸਜਿਦਾਂ, ਚਰਚ, ਸਕੂਲਾਂ ਤੇ ਹਸਪਤਾਲਾਂ ਵਿਚ ਪਾਣੀ ਮੁਹੱਈਆ ਕਰਵਾ ਰਹੀ ਹੈ ਪਰ ਹਵਾਈ ਹਮਲਿਆਂ ਕਾਰਨ ਉਨ੍ਹਾਂ ਕੋਲ ਸਹਾਇਤਾ ਪਹੁੰਚਾਉਣੀ ਵੀ ਮੁਸ਼ਕਲ ਹੁੰਦੀ ਜਾ ਰਹੀ ਹੈ।
Leave a Reply