ਇਸਰਾਇਲੀ ਇਤਿਹਾਸਕਾਰ ਦੀ ਨਜ਼ਰ ‘ਚ ਫ਼ਲਸਤੀਨ ਦਾ ਸਵਾਲ

ਇਸਰਾਈਲ ਵਲੋਂ ਗਾਜ਼ਾ ਪੱਟੀ ਉਪਰ 6 ਜੁਲਾਈ ਤੋਂ ਵਿੱਢਿਆ ਨਹੱਕਾ ਹਮਲਾ ‘ਓਪਰੇਸ਼ਨ ਪ੍ਰੋਟੈਕਟਿਵ ਐੱਜ’ ਜਾਰੀ ਹੈ। ਹੁਣ ਤਾਈਂ ਇਹ 1100 ਬੇਕਸੂਰ ਫਲਸਤੀਨੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਕੁਲ ਆਲਮ ਦੇ ਇਨਸਾਫ਼ਪਸੰਦ ਲੋਕ ਇਸਰਾਈਲ ਵਲੋਂ ਵਿੱਢੀ ਕਤਲੋਗ਼ਾਰਤ ਦਾ ਡੱਟ ਕੇ ਵਿਰੋਧ ਕਰ ਰਹੇ ਹਨ। ਆਲਮੀ ਮਕਬੂਲੀਅਤ ਵਾਲੇ ਬੁੱਧੀਜੀਵੀ ਨੌਮ ਚੌਮਸਕੀ ਅਤੇ ਡਿਸਮੌਂਡ ਟੁਟੂ, ਮਾਇਰੀਡ ਮੈਗੂਇਰ, ਅਮਰੀਕੀ ਰੈਪਰ ਬੂਟਸ ਰਿਲੇ ਸਮੇਤ ਬਹੁਤ ਸਾਰੀਆਂ ਰੌਸ਼ਨ-ਖਿਆਲ ਸ਼ਖਸੀਅਤਾਂ ਨੇ ਇਸਰਾਈਲ ਦੇ ਖ਼ੂਨੀ ਹੱਥ ਰੋਕਣ ਲਈ ਇਸ ਦੇ ਖਿਲਾਫ ਚੌਤਰਫ਼ਾ ਪਾਬੰਦੀਆਂ ਲਗਾਉਣ ਦੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਹੈ, “ਇਸਰਾਈਲ ਨਾਲ ਫ਼ੌਜੀ ਵਪਾਰ ਤੇ ਫ਼ੌਜੀ ਖੇਤਰ ਨਾਲ ਸਬੰਧਤ ਸਾਂਝੀ ਖੋਜ ਕਰਨ ਦੇ ਰਿਸ਼ਤੇ ਕੌਮਾਂਤਰੀ ਕਾਇਦੇ-ਕਾਨੂੰਨਾਂ ਦੀਆਂ ਘੋਰ ਉਲੰਘਣਾ ਕਰਨ ਅਤੇ ਉਥੇ ਕਬਜ਼ਾ ਬਣਾਈ ਰੱਖਣ, ਬਸਤੀਕਰਨ ਅਤੇ ਫਲਸਤੀਨੀ ਲੋਕਾਂ ਨੂੰ ਹੱਕ ਦੇਣ ਤੋਂ ਇਨਕਾਰੀ ਇਸਰਾਇਲੀ ਨਿਜ਼ਾਮ ਦੇ ਪੱਕੇ ਪੈਰੀਂ ਹੋਣ ‘ਚ ਹੱਥ ਵਟਾਉਂਦੇ ਹਨ। ਅਸੀਂ ਸੰਯੁਕਤ ਰਾਸ਼ਟਰ ਅਤੇ ਕੁਲ ਆਲਮ ਦੀਆਂ ਹਕਮੂਤਾਂ ਨੂੰ ਇਸਰਾਈਲ ਦੀ ਉਸੇ ਤਰ੍ਹਾਂ ਦੀ ਚੌਤਰਫ਼ਾ ਅਤੇ ਕਾਨੂੰਨੀ ਤੌਰ ‘ਤੇ ਪਾਬੰਦ ਬਣਾਉਣ ਵਾਲੀ ਫ਼ੌਜੀ ਨਾਕਾਬੰਦੀ ਲਾਗੂ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਸੱਦਾ ਦਿੰਦੇ ਹਾਂ ਜਿਸ ਤਰ੍ਹਾਂ ਦੀ ਨਸਲੀ ਭੇਦ-ਭਾਵ ਦੇ ਰਾਜ ਸਮੇਂ ਦੱਖਣੀ ਅਫ਼ਰੀਕਾ ਉਪਰ ਲਗਾਈ ਗਈ ਸੀ।” ਖ਼ੁਦ ਇਸਰਾਈਲ ਦੇ 50 ਫ਼ੌਜੀਆਂ ਨੇ ਗਾਜ਼ਾ ਉਪਰ ਹਮਲੇ ਵਿਚ ਹਿੱਸਾ ਲੈਣ ਤੋਂ ਨਾਂਹ ਕਰ ਕੇ ਤੇ ਖੁੱਲ੍ਹਾ ਖ਼ਤ ਲਿਖ ਕੇ ਇਸਰਾਇਲੀ ਸਟੇਟ ਦੀ ਕਾਤਲਾਨਾ ਨੀਤੀ ਦੀ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਇਸਰਾਇਲੀ ਸਮਾਜ ਦੇ ਅੰਦਰੋਂ ਇਕ ਵਿਦਰੋਹੀ ਆਵਾਜ਼ ਇਲਾਨ ਪਾਪੇ ਦੀ ਹੈ। ਉਹ ਇਸਰਾਇਲੀ ਇਤਿਹਾਸਕਾਰ ਅਤੇ ਸਮਾਜਵਾਦੀ ਕਾਰਕੁਨ ਹੈ। ਇਸਰਾਈਲ ਦਾ ਇਹ ਜੰਮਪਲ ਇਕ ਸਮੇਂ ਹਾਏਫ਼ਾ ਯੂਨੀਵਰਸਿਟੀ ਵਿਖੇ ਰਾਜਨੀਤੀ ਵਿਗਿਆਨ ਦਾ ਸੀਨੀਅਰ ਲੈਕਚਰਾਰ ਸੀ। ਇਸਰਾਈਲ ਦੀ ਫ਼ਲਸਤੀਨ ਨੀਤੀ ਦਾ ਤਿੱਖਾ ਆਲੋਚਕ ਹੋਣ ਕਾਰਨ ਇਸਰਾਇਲੀ ਪਾਰਲੀਮੈਂਟ ਨੇ ਉਸ ਦੀ ਨਿਖੇਧੀ ਕੀਤੀ ਅਤੇ ਸਿੱਖਿਆ ਮੰਤਰੀ ਨੇ ਉਸ ਨੂੰ ਕੱਢ ਦੇਣ ਦਾ ਸੱਦਾ ਦਿੱਤਾ। ਉਸ ਦੀ ਜਾਨ ਲੈਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਵਕਤ ਉਹ ਦੱਖਣ-ਪੱਛਮੀ ਇੰਗਲੈਂਡ ਦੀ ਐਕਸਟਰ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਤੇ ਫਲਸਤੀਨੀ ਅਧਿਐਨ ਦਾ ਨਿਰਦੇਸ਼ਕ ਹੈ। ‘ਦਿ ਐਥਨਿਕ ਕਲੀਨਜ਼ਿੰਗ ਆਫ ਫਲਸਤੀਨ’ (2006), ‘ਦਿ ਮਾਡਰਨ ਮਿਡਲ ਈਸਟ’ (2005), ‘ਏ ਹਿਸਟਰੀ ਆਫ ਮਾਡਰਨ ਫਲਸਤੀਨ: ਵਨ ਲੈਂਡ, ਟੂ ਪੀਪਲਜ਼’ (2003) ਅਤੇ ‘ਬ੍ਰਿਟੇਨ ਐਂਡ ਦਿ ਅਰਬ-ਇਸਰਾਈਲ ਕੰਫਲਿਕਟ’ (1988) ਵਰਗੀਆਂ ਅਹਿਮ ਕਿਤਾਬਾਂ ਦਾ ਰਚੇਤਾ ਇਲਾਨ ਪਾਪੇ ਇਸਰਾਈਲ ਦੇ ਉਨ੍ਹਾਂ ਨਵੇਂ ਇਤਿਹਾਸਕਾਰਾਂ ਵਿਚੋਂ ਇਕ ਹੈ ਜੋ 1980ਵਿਆਂ ਦੇ ਸ਼ੁਰੂ ਵਿਚ ਬਰਤਾਨੀਆ ਤੇ ਇਸਰਾਇਲੀ ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਨੂੰ ਨਸ਼ਰ ਕੀਤੇ ਜਾਣ ਦੇ ਸਮੇਂ ਤੋਂ ਹੀ 1948 ਵਿਚ ਇਸਰਾਈਲ ਬਣਾਏ ਜਾਣ ਅਤੇ ਉਸੇ ਵਰ੍ਹੇ 7 ਲੱਖ ਫਲਸਤੀਨੀਆਂ ਦੀ ਹਿਜਰਤ ਦਾ ਇਤਿਹਾਸ ਨਵੇਂ ਸਿਰਿਓਂ ਲਿਖ ਰਹੇ ਹਨ। ਉਸ ਦਾ ਮੰਨਣਾ ਹੈ ਕਿ ਫਲਸਤੀਨੀਆਂ ਨੂੰ ਉਨ੍ਹਾਂ ਦੀ ਸਰਜ਼ਮੀਨ ਤੋਂ ਉਜਾੜਨਾ ਅਣਵਿਉਂਤੀ ਕਾਰਵਾਈ ਨਹੀਂ ਸੀ; ਸਗੋਂ ਇਹ ਇਸਰਾਈਲ ਦੇ ਆਗੂਆਂ ਵਲੋਂ ਫਲਸਤੀਨੀਆਂ ਦਾ ਵਿਉਂਤਬਧ ਨਸਲੀ-ਸਭਿਆਚਾਰਕ ਕੁਲ-ਨਾਸ਼ ਸੀ। ਉਸ ਦਾ ਖਿਆਲ ਹੈ ਕਿ ਯਹੂਦੀਵਾਦ ਇਸਲਾਮਿਕ ਖਾੜਕੂਵਾਦ ਨਾਲੋਂ ਵੱਧ ਖ਼ਤਰਨਾਕ ਹੈ। ਪੇਸ਼ ਹੈ ‘ਟਰੁੱਥ ਆਊਟ’ ਦੇ ਹੈਰੀਸਨ ਸੈਂਫਿਰ ਵਲੋਂ 19 ਜੁਲਾਈ 2014 ਨੂੰ ਉਸ ਨਾਲ ਕੀਤੀ ਗੱਲਬਾਤ ਦਾ ਸਾਰ-ਅੰਸ਼। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। -ਸੰਪਾਦਕ

ਸਵਾਲ: 2008 ਤੋਂ ਲੈ ਕੇ ਇਸਰਾਈਲ ਦੇ ਅੰਦਰ ਅਤੇ ਇਸ ਦੇ ਬਾਹਰ ਦੇ ਹਾਲਾਤ ਕਿਵੇਂ ਬਦਲੇ? ਇਸ ਵਕਤ ਇਸਰਾਈਲ ਦੇ ਸਿਆਸੀ ਨਿਸ਼ਾਨੇ ਕੀ ਹਨ?
ਇਲਾਨ ਪਾਪੇ: 2008 ਤੋਂ ਲੈ ਕੇ ਆਮ ਤਸਵੀਰ ‘ਚ ਕੋਈ ਬਦਲਾਅ ਨਹੀਂ ਹੈ। ਜਦੋਂ ਤੋਂ ਫਲਸਤੀਨੀਆਂ ਵਲੋਂ ਗਾਜ਼ਾ ਪੱਟੀ ਵਿਚ ਜਮਹੂਰੀ ਤੌਰ ‘ਤੇ ਆਪਣੀ ਹਕੂਮਤ ਦੀ ਚੋਣ ਕੀਤੀ ਗਈ, ਉਦੋਂ ਤੋਂ ਹੀ ਉਨ੍ਹਾਂ ਦੀ ਘੇਰਾਬੰਦੀ, ਉਨ੍ਹਾਂ ਦਾ ਗਲਾ ਘੁੱਟਣ ਅਤੇ ਉਨ੍ਹਾਂ ਦੇ ਇਲਾਕੇ ਦੀ ਬਰਬਾਦੀ ਦੀ ਨੀਤੀ ਚੱਲ ਰਹੀ ਹੈ। ਇਹ ਉਨ੍ਹਾਂ ਨੂੰ ਇਸਰਾਈਲ ਦੀ ਪਸੰਦ ਦੀ ਹਕੂਮਤ ਨਾ ਚੁਣਨ ਦੀ ਸਜ਼ਾ ਸੀ। 1967 ਤੋਂ ਹੀ ਇਸਰਾਇਲੀ ਆਪਣੇ ਕਬਜ਼ੇ ‘ਚ ਲਏ ਫਲਸਤੀਨੀ ਇਲਾਕਿਆਂ ਦੀ ਹੋਣੀ ਦਾ ਫ਼ੈਸਲਾ ਕਰਨ ‘ਚ ਫਲਸਤੀਨੀਆਂ ਦੇ ਅਹਿਮ ਯਤਨਾਂ ਨੂੰ ਦਬਾਉਣ ਲਈ ਵਹਿਸ਼ੀ ਢੰਗ ਨਾਲ ਪੇਸ਼ ਆ ਰਹੇ ਹਨ। ਸੱਚੀ ਆਜ਼ਾਦੀ ਦੀ ਮੰਗ ਕਰਨ ਜਾਂ ਜਾਬਰ ਰਾਜ ਦਾ ਭੋਗ ਪਾਉਣ ਦੀ ਮੰਗ ਨੂੰ ਫ਼ੌਜ ਦੀ ਵਹਿਸ਼ੀ ਤਾਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਸ਼ਚੇ ਹੀ, ਜਦੋਂ ਇਹ ਟਾਕਰਾ ਹਥਿਆਰਬੰਦ ਸੰਘਰਸ਼ ‘ਤੇ ਆਧਾਰਤ ਹੈ ਤਾਂ ਬਦਲਾਲਊ ਕਾਰਵਾਈ ਹੋਰ ਵੀ ਭੈੜੀ ਸ਼ਕਲ ‘ਚ ਸਾਹਮਣੇ ਆਉਂਦੀ ਹੈ, ਜਿਵੇਂ ਅਸੀਂ ਅੱਜ ਗਾਜ਼ਾ ਵਿਚ ਦੇਖ ਸਕਦੇ ਹਾਂ।
ਇਸਰਾਈਲ ਨੂੰ ਹੁਣ ਸੁੱਝ ਨਹੀਂ ਰਿਹਾ, ਗਾਜ਼ਾ ਦਾ ਕੀ ਕਰੇ। ਇਸ ਦਾ ਮੰਨਣਾ ਹੈ ਕਿ ਇਸ ਨੇ ਪੱਛਮੀ ਕੰਢੇ ਦੇ ਇਕ ਹਿੱਸੇ ਨੂੰ ਇਸਰਾਈਲ ਦਾ ਹਿੱਸਾ ਬਣਾ ਕੇ ਅਤੇ ਫਲਸਤੀਨੀਆਂ ਨੂੰ ਉਨ੍ਹਾਂ ਦੀਆਂ ਦੱਖਣੀ ਅਫ਼ਰੀਕੀ ਤਰਜ਼ ਦੀਆਂ ਛੋਟੀਆਂ-ਛੋਟੀਆਂ ਬੰਦ ਬਸਤੀਆਂ ‘ਚ ਤਾੜਨ ਦਾ ਜੋ ਢੰਗ ਈਜਾਦ ਕਰ ਲਿਆ ਹੋਇਆ ਹੈ, ਇਸ ਨੂੰ ਉਮੀਦ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਨੂੰ ਬਤੌਰ ‘ਸ਼ਾਂਤਮਈ ਹੱਲ’ ਮਾਨਤਾ ਦੇ ਦੇਵੇਗਾ। ਇਹ ਕੰਮ ਨਹੀਂ ਆਇਆ ਅਤੇ ਪੱਛਮੀ ਕੰਢੇ ਦੀ ਨਾਕਾਮੀ ਨੇ ਇਸ ਦੀ ਗਾਜ਼ਾ ਪੱਟੀ ਦੇ ਭਵਿੱਖ ਨਾਲ ਉਲਝੇ ਰਹਿਣ ਦੀ ਦੂਰਗਾਮੀ ਨਾਕਾਬਲੀਅਤ ਹੋਰ ਵੀ ਉਘਾੜ ਦਿੱਤੀ। ਇਸਰਾਈਲ ਦੀ ਇਸ ਇਕਪਾਸੜ ਨੀਤੀ ਦੀ ਨਾਕਾਮੀ ਦਾ ਪਹਿਲਾ ਸੰਕੇਤ ਉਦੋਂ ਸਾਹਮਣੇ ਆਇਆ ਜਦੋਂ ਇਸ ਨੇ ਕਹਿ ਦਿੱਤਾ ਕਿ ਕੈਰੀ (ਅਮਰੀਕੀ ਵਿਦੇਸ਼ ਮੰਤਰੀ) ਵਾਲੀ ਪਹਿਲਕਦਮੀ ਮਰ-ਮੁੱਕ ਚੁੱਕੀ ਸਮਝਣੀ ਚਾਹੀਦੀ ਹੈ ਅਤੇ ਕੋਈ ਵੀ ਇਸ ਨੂੰ ਮੁੜ-ਸੁਰਜੀਤ ਕਰਨ ਲਈ ਤਿਆਰ ਨਹੀਂ। ਇਸ ਦਾ ਦੂਜਾ ਸੰਕੇਤ ਹਮਾਸ-ਫਤਿਹ ਏਕਤਾ ਹਕੂਮਤ ਪ੍ਰਤੀ ਇਸ ਦੀਆਂ ਪਹਿਲੀਆਂ ਮੁਹਿੰਮਾਂ ਨਾਲ ਸਾਹਮਣਾ ਆਇਆ। ਲਿਹਾਜ਼ਾ ਮੁਹਿੰਮ ਦਾ ਪਹਿਲਾ ਨਿਸ਼ਾਨਾ ਇਸਰਾਇਲੀ ਦਾਬੇ ਦਾ ਵਿਰੋਧ ਕਰਨ ਦੀ ਫਲਸਤੀਨੀਆਂ ਦੀ ਕਿਸੇ ਵੀ ਉਮੰਗ ਨੂੰ ਕੁਚਲ ਦੇਣ ਦੀ ਪੂਰੀ-ਸੂਰੀ ਮੁਹਿੰਮ ਦਾ ਹਿੱਸਾ ਸੀ ਜਿਸ ਦਾ ਆਗਾਜ਼ ਹਮਾਸ ਵਾਲਿਆਂ ਦੀ ਵਿਆਪਕ ਫੜੋ-ਫੜੀ ਅਤੇ ਉਸ ਸਾਲ ਜੂਨ ਵਿਚ ਕੈਦੀਆਂ ਦੇ ਵਟਾਂਦਰੇ ਦੌਰਾਨ ਰਿਹਾ ਕੀਤੇ ਫਲਸਤੀਨੀਆਂ ਦੀਆਂ ਦੁਬਾਰਾ ਗ੍ਰਿਫ਼ਤਾਰੀਆਂ ਨਾਲ ਹੋਇਆ।
ਸਵਾਲ: ਕੀ ਹਮਾਸ ਸੱਚਮੁੱਚ ਇਸਰਾਈਲ ਦੀ ਪੈਦਾ ਕੀਤੀ ਹੋਈ ਹੈ, ਤੇ ਐਨੇ ਦਹਾਕਿਆਂ ਤੋਂ ਫਲਸਤੀਨੀ ਇਲਾਕੇ ਉਪਰ ਚਲੇ ਆ ਰਹੇ ਕਬਜ਼ੇ ਦਾ ਵਿਸਤਾਰ ਹੈ?
ਇਲਾਨ ਪਾਪੇ: ਹਮਾਸ ਇਸਰਾਈਲ ਨੇ ਨਹੀਂ ਸੀ ਬਣਾਈ, ਪਰ 1970ਵਿਆਂ ਵਿਚ ਫਤਿਹ ਦੇ ਵਿਰੋਧ ‘ਚ ਖੜ੍ਹਨ ਵਾਲੀ ਤਾਕਤ ਵਜੋਂ ਇਸ ਨੂੰ ਇਸਰਾਈਲ ਨੇ ਤਕੜਾਈ ਬਖਸ਼ੀ ਤੇ ਪ੍ਰਫੁਲਿਤ ਕੀਤਾ। ਇਸ ਨੂੰ ਇਸ ਉਮੀਦ ਨਾਲ ਗੁੰਜਾਇਸ਼ ਮੁਹੱਈਆ ਕੀਤੀ ਗਈ ਅਤੇ ਵਸੀਲੇ ਪੈਦਾ ਕਰਨ ਦੀ ਖੁੱਲ੍ਹ ਦਿੱਤੀ ਗਈ ਕਿ ਇਸ ਨਾਲ ਉਸ ਧਰਮਨਿਰਪੱਖ ਕੌਮੀ ਲਹਿਰ ਦੀ ਤਾਕਤ ਨੂੰ ਸੱਟ ਵੱਜੇਗੀ ਜੋ ਇਸਰਾਇਲੀ ਕਬਜ਼ੇ ਹੇਠਲੇ ਇਲਾਕਿਆਂ ਵਿਚ ਪ੍ਰਚੰਡ ਹੋਣੀ ਸ਼ੁਰੂ ਹੋ ਗਈ ਸੀ। ਬਹੁਤ ਸਾਰੀਆਂ ਮੀਡੀਆ ਦੁਕਾਨਾਂ ਨੇ ਇਹੀ ਰੱਟ ਲਾਈ ਹੋਈ ਹੈ ਕਿ ਮਿਸਰ ਜੰਗਬੰਦੀ ਦੀ ਯੋਜਨਾ ਹਮਾਸ ਨੇ ‘ਰੱਦ ਕੀਤੀ’ ਜਦਕਿ ਇਸਰਾਈਲ ਨੇ ਤਾਂ ਇਸ ਨੂੰ ਕਬੂਲ ਕਰ ਲਿਆ ਸੀ। ਐਪਰ, ਜਿਵੇਂ ਜੋਨਾਥਨ ਕੁਕ ਨੇ ਦਰਸਾਇਆ ਹੈ, ਦਰਅਸਲ ਜੰਗਬੰਦੀ ਦੀ ਤਜਵੀਜ਼ ਵਾਸ਼ਿੰਗਟਨ ਵਿਚ ਬਣੀ ਸੀ, ਇਹ ਟੋਨੀ ਬਲੇਅਰ ਨੇ ਅੱਗੇ ਪਹੁੰਚਾਈ। ਇਸ ਦਾ ਮਨੋਰਥ ਇਹ ਸੀ ਕਿ ਜਾਂ ਤਾਂ ਹਮਾਸ ਐਸੀ ਹਾਲਤ ‘ਚ ਘਿਰ ਜਾਵੇ ਕਿ ਹਥਿਆਰ ਸੁੱਟ ਦੇਵੇ- ਤੇ ਇਸ ਜ਼ਰੀਏ ਇਥੇ ਘੇਰਾਬੰਦੀ ਬਰਕਰਾਰ ਰਹੇ- ਜਾਂ ਉਹ ਇਸ ਨੂੰ ਮੰਨਣ ਤੋਂ ਨਾਂਹ ਕਰ ਦੇਵੇ ਤੇ ਇਸ ਨਾਲ ਉਸ ਦੇ ਦਹਿਸ਼ਤਗਰਦ ਜਥੇਬੰਦੀ ਵਾਲੇ ਦਰਜੇ ‘ਤੇ ਮੋਹਰ ਲੱਗ ਜਾਵੇ। ਲਗਦਾ ਹੈ ਕਿ ਐਸੀ ਚਾਲ ਦਾ ਇਰਾਦਾ ਇਸ ਖੇਤਰ ਵਿਚ ਅਮਰੀਕੀ ਪੁਸ਼ਤ-ਪਨਾਹੀ ਵਾਲੀ ਦਵੰਦਮਈ ਹਾਲਤ ਬਣਾਈ ਰੱਖਣਾ ਸੀ: ਨੇਕੀ ਬਨਾਮ ਬਦੀ ਦਾ ਬਿਰਤਾਂਤ ਜੋ ਯਹੂਦੀ ਹੋਮਲੈਂਡ ਦਾ ਇਖ਼ਲਾਕੀ ਰਖਵਾਲਾ ਹੋਣ ਦੇ ਇਸਰਾਈਲ ਦੇ ਦਾਅਵੇ ਨੂੰ ਰਾਸ ਆਉਂਦਾ ਹੈ।
ਸਵਾਲ : ਮੀਡੀਆ ਅੰਦਰਲੀ ਇਸ ਸੋਚ ਨੂੰ ਤੁਸੀਂ ਕਿਵੇਂ ਦੇਖਦੇ ਹੋ?
ਇਲਾਨ ਪਾਪੇ: ਜੰਗਬੰਦੀ ਹਮਾਸ ਨੂੰ ਯਥਾਸਥਿਤੀ ਨੂੰ ਕਬੂਲ ਕਰ ਲੈਣ ਦਾ ਇਸਰਾਇਲੀ-ਮਿਸਰੀ ਫਰਮਾਨ ਸੀ ਜੋ ਹਮਾਸ ਤੇ ਗਾਜ਼ਾ ਦੇ ਲੋਕਾਂ ਲਈ ਅਸਹਿ ਸੀ। ਇਸ ਵਿਚ ਗਾਜ਼ਾ ਦੀ ਧੜਵੈਲ ਜੇਲ੍ਹ ਦੀ ਵਾਰਡਨ ਕਮਿਊਨਿਟੀ ਦਾ ਵਿਸਤਾਰ ਕਰਨ ਅਤੇ ਫਲਸਤੀਨੀ ਰਾਜ ਦੀ ਪੁਲਿਸ ਨੂੰ ਇਸ ਵਿਚ ਸ਼ੁਮਾਰ ਕਰਨ ਦਾ ਸੁਝਾਅ ਸ਼ਾਮਲ ਸੀ। ਹਮਾਸ ਦੇ ਸੰਸਦ ਮੈਂਬਰਾਂ ਦੀਆਂ ਗ੍ਰਿਫ਼ਤਾਰੀਆਂ, ਰਿਹਾ ਕੀਤੇ ਕੈਦੀਆਂ ਦੀਆਂ ਮੁੜ ਗ੍ਰਿਫ਼ਤਾਰੀਆਂ ਤੇ ਘੇਰਾਬੰਦੀ ਖ਼ਤਮ ਕਰਨ ਦੇ ਮੁੱਦੇ ਉਕਾ ਹੀ ਦਰਕਿਨਾਰ ਕਰ ਦਿੱਤੇ ਗਏ ਜਿਨ੍ਹਾਂ ਦੀ ਹਿੰਸਾ ਦੀ ਤਾਜ਼ਾ ਲਹਿਰ ਲਈ ਕੋਈ ਨਾ ਕੋਈ ਪ੍ਰਸੰਗਿਕਤਾ ਬਣਦੀ ਸੀ। ਇਹ ਜੰਗਬੰਦੀ ਦੀ ਪੇਸ਼ਕਸ਼ ਨਹੀਂ ਸੀ, ਇਹ ਐਸਾ ਫਰਮਾਨ ਸੀ ਜਿਸ ਬਾਰੇ ਘੱਟੋ-ਘੱਟ ਇਸਰਾਈਲ ਨੂੰ ਪਤਾ ਸੀ ਕਿ ਹਮਾਸ ਇਸ ਨੂੰ ਰੱਦ ਲਾਜ਼ਮੀ ਕਰੇਗਾ। ਇਸ ਨਾਲ ਬੀਤੇ ਦੀਆਂ ਉਹ ‘ਅਮਨ’ ਪੇਸ਼ਕਸ਼ਾਂ ਚੇਤੇ ਆ ਜਾਂਦੀਆਂ ਹਨ ਜੋ ਫਲਸਤੀਨੀਆਂ ਵਲੋਂ ਰੱਦ ਕਰ ਦਿੱਤੀਆਂ ਗਈਆਂ ਕਿਉਂਕਿ ਉਨ੍ਹਾਂ ਤੋਂ ਫਲਸਤੀਨੀਆਂ ਨੂੰ ਕੋਈ ਆਸ ਨਹੀਂ ਸੀ ਬੱਝਦੀ; ਜਿਵੇਂ 1947 ਦੀ ਤਕਸੀਮ ਯੋਜਨਾ ਅਤੇ ਸੰਨ 2000 ਵਿਚ ਇਸਰਾਈਲ ਦੀ ‘ਫ਼ਰਾਖ਼ਦਿਲ’ ਪੇਸ਼ਕਸ਼।
ਸਵਾਲ: ਕੀ ਇਸਰਾਇਲੀ ਰਾਜ ਦੀ ਨੁਕਤਾਚੀਨੀ ਕਰਦੇ ਵਿਚਾਰ ਰੱਖਣਾ ਹੁਣ ਮਹਿਫੂਜ਼ ਹੋ ਗਿਆ ਹੈ?
ਇਲਾਨ ਪਾਪੇ: ਹਾਂ, ਇਹ ਹੁਣ ਵਧੇਰੇ ਮਹਿਫੂਜ਼ ਹੈ ਤੇ ਪੂਰੀ ਤਰ੍ਹਾਂ ਆਮ ਗੱਲ ਹੈ। ਹਾਲਾਂਕਿ ਸੱਤਾ ਦੇ ਗਲਿਆਰੇ ਅਜੇ ਵੀ ਇਸ ਤਰ੍ਹਾਂ ਦੀ ਨੁਕਤਾਚੀਨੀ ਨੂੰ ਰੋਕਦੇ ਹਨ, ਪਰ ਇਧਰ-ਉਧਰ ਐਸੇ ਸੰਕੇਤ ਆਉਂਦੇ ਰਹਿੰਦੇ ਹਨ ਕਿ ਇਹ ਖਿਆਲ ਹੁਣ ਮੁੱਖਧਾਰਾ ਮੀਡੀਆ ਦੇ ਅੰਦਰ ਚਲੇ ਗਏ ਹਨ।
ਸਵਾਲ: ਇਸਰਾਈਲ ਤੇ ਗਾਜ਼ਾ ਅੰਦਰਲੀ ਹਾਲੀਆ ਹਿੰਸਾ ਤਾਕਤਾਂ ਦੇ ਖੇਤਰੀ ਤੋਲ ‘ਤੇ ਕੀ ਅਸਰ ਪਾ ਰਹੀ ਹੈ?
ਇਲਾਨ ਪਾਪੇ: ਥੋੜ੍ਹਚਿਰੇ ਲਿਹਾਜ਼ ਨਾਲ ਦੇਖੀਏ, ਤਾਂ ਇਸ ਦਾ ਤਾਕਤਾਂ ਦੇ ਖੇਤਰੀ ਤੋਲ ਉਪਰ ਨਾਂ-ਮਾਤਰ ਅਸਰ ਹੈ। ਤਾਕਤਾਂ ਦੇ ਇਸ ਤੋਲ ਉਪਰ ਫ਼ਲਸਤੀਨ ਦੀਆਂ ਘਟਨਾਵਾਂ ਨਾਲੋਂ ਸੀਰੀਆ ਤੇ ਇਰਾਕ ਦੇ ਘਟਨਾ-ਵਿਕਾਸਾਂ ਦਾ ਵੱਧ ਅਸਰ ਪੈ ਰਿਹਾ ਹੈ। ਦੂਰਗਾਮੀ ਨਜ਼ਰੀਏ ਤੋਂ, ਹਮਾਸ ਦੇ ਖਿਲਾਫ ਮਿਸਰ ਦਾ ਫ਼ਲਸਤੀਨ ਨਾਲ ਗੱਠਜੋੜ ਅਰਬ ਜਗਤ ਵਿਚ ਮਿਸਰ ਦੀ ਵੁੱਕਤ ਨੂੰ ਸੱਟ ਮਾਰੇਗਾ ਅਤੇ ਇਹ ਇਸ ਖਿੱਤੇ ਦੇ ਉਤਰੀ ਹਿੱਸੇ ਵਿਚ ਲੜ ਰਹੇ ਧੜਿਆਂ ਨੂੰ ਇਕ ਆਮ-ਸਹਿਮਤੀ ਵਾਲਾ ਕਾਜ ਮੁਹੱਈਆ ਕਰ ਕੇ ਉਨ੍ਹਾਂ ਦਾ ਆਪਸੀ ਲੜਾਈ ਤੋਂ ਖਹਿੜਾ ਛੁਡਾ ਸਕਦਾ ਹੈ। ਇਹ ਕਾਜ ਇਰਾਕ ਤੇ ਸੀਰੀਆ ਅੰਦਰਲੀਆਂ ਮੌਜੂਦਾ ਖ਼ੂਨੀ ਟੱਕਰਾਂ ਨੂੰ ਰੋਕਣ ਲਈ ਮਜਬੂਰ ਕਰ ਸਕਦਾ ਹੈ। ਬਹੁਤਾ ਕੁਝ ਆਈæਐਸ਼ਆਈæਐਸ਼ ਦੀ ਇਕ ਰਿਆਸਤ ਬਣਾ ਲੈਣ ਦੀ ਯੋਗਤਾ-ਸਮਰੱਥਾ ‘ਤੇ ਮੁਨੱਸਰ ਕਰਦਾ ਹੈ, ਇਹ ਐਸਾ ਮੰਜ਼ਰ ਨਹੀਂ ਹੈ ਜੋ ਸੰਭਵ ਨਾ ਹੋ ਸਕੇ। ਇਕ ਐਸੀ ਰਿਆਸਤ ਜਿਸ ਦਾ ਖਾੜੀ ਰਾਜਾਂ ਅਤੇ ਸਾਊਦੀ ਅਰਬ ਨਾਲ ਗੂੜ੍ਹਾ ਗੱਠਜੋੜ ਹੋਵੇਗਾ ਪਰ ਇਹ ਐਸੀ ਰਿਆਸਤ ਵੀ ਹੋਵੇਗੀ ਜੋ ਇਨ੍ਹਾਂ ਮੁਲਕਾਂ ਉਪਰ ਇਸ ਤਰ੍ਹਾਂ ਦਾ ਪ੍ਰਭਾਵ ਪਾ ਸਕੇਗੀ ਹੈ ਕਿ ਇਹ ਫਲਸਤੀਨੀ ਮੁੱਦੇ ਤੇ ਕਾਜ ਪ੍ਰਤੀ ਵੱਖਰਾ ਵਤੀਰਾ ਅਖ਼ਤਿਆਰ ਕਰਨ। ਸੰਖੇਪ ‘ਚ, ਥੋੜ੍ਹਚਿਰੇ ਲਿਹਾਜ਼ ਨਾਲ ਦੇਖਿਆਂ ਤਾਕਤਾਂ ਦੇ ਖੇਤਰੀ ਤੋਲ ਦਾ ਫ਼ਾਇਦਾ ਇਸਰਾਈਲ ਨੂੰ ਹੈ, ਪਰ ਇਹ ਐਨਾ ਅਸਥਿਰ ਸੁਭਾਅ ਦਾ ਹੈ ਕਿ ਇਹ ਤਾਕਤਾਂ ਦੇ ਤੋਲ ਨੂੰ ਅੱਖੋਂ ਪਰੋਖੇ ਕਰਨ ਅਤੇ ਅਮਰੀਕੀ ਤੇ ਪੱਛਮੀ ਹਮਾਇਤ ਉਪਰ ਕੇਂਦਰਤ ਕਰਨ ਦੀ ਹਾਲਤ ‘ਚ ਡਿਗ ਸਕਦਾ ਹੈ।
ਸਵਾਲ: ਕੀ ਇਸਰਾਇਲੀ ਕੰਪਨੀਆਂ, ਸਮਾਨ ਤੇ ਸੇਵਾਵਾਂ ਦਾ ਬਾਈਕਾਟ ਫਲਸਤੀਨੀ ਇਲਾਕਿਆਂ ਉਪਰ ਇਸ ਦੇ ਨਾਜਾਇਜ਼ ਕਬਜ਼ੇ ਅਤੇ ਇਸਰਾਈਲ ਦੇ ਅਖੌਤੀ ਨਸਲੀ ਵਿਤਰਕੇ ਵਾਲੇ ਰਾਜ ਵਿਰੁਧ ਲੜਨ ਦਾ ਕਾਰਗਰ ਤਰੀਕਾ ਹੈ?
ਇਲਾਨ ਪਾਪੇ: ਬੀæਡੀæਐਸ਼ (ਬਾਈਕਾਟ, ਲਗਾਇਆ ਸਰਮਾਇਆ ਵਾਪਸ ਲੈਣ ਤੇ ਆਰਥਿਕ ਪਾਬੰਦੀਆਂ) ਦੀ ਲਹਿਰ ਫ਼ਲਸਤੀਨ ਵਿਚ ਮਨੁੱਖੀ ਤੇ ਸ਼ਹਿਰੀ ਹੱਕਾਂ ਦੀ ਉਲੰਘਣਾ ਨਾਲ ਲੜਨ ਦਾ ਇਕ ਕਾਰਗਰ ਤੇ ਨੈਤਿਕ ਢੰਗ ਹੈ। ਇਹ ਇਸ ਵਾਜਬ ਮਨੌਤ ‘ਤੇ ਆਧਾਰਤ ਹੈ ਕਿ ਇਸਰਾਈਲ ਦੇ ਅੰਦਰ ਅਤੇ ਹਥਿਆਰਬੰਦ ਲੜਾਈ ਦੀ ਨਿਰਾਰਥਿਕਤਾ ਬਾਰੇ ਸੋਚ ‘ਚ ਬਦਲਾਅ ਆਉਣ ਦੀ ਕੋਈ ਉਮੀਦ ਨਹੀਂ ਹੈ। ਇਤਿਹਾਸ ਵਿਚ ਦੱਖਣੀ ਅਫ਼ਰੀਕਾ ਵਿਚ ਨਸਲੀ-ਵਿਤਕਰੇ ਵਿਰੁਧ ਐਸੀ ਮੁਹਿੰਮ ਦੇ ਕਾਮਯਾਬ ਹੋਣ ਦੀ ਪਹਿਲਾਂ ਹੀ ਮਿਸਾਲ ਮੌਜੂਦ ਹੈ। ਹੋਰ ਕੋਈ ਬਦਲ ਵੀ ਨਹੀਂ।
ਸਵਾਲ: ਯਹੂਦੀ ਹੋਮ ਪਾਰਟੀ ਦੇ ਅਯੇਲੇ ਸ਼ਾਕਿਦ ਨੇ ਪਿੱਛੇ ਜਿਹੇ ਫਲਸਤੀਨੀ ਮਾਂਵਾਂ ਦਾ ਖ਼ਾਤਮਾ ਕਰਨ ਦਾ ਸੱਦਾ ਦਿੱਤਾ ਹੈ ਜੋ ‘ਸਪੋਲੀਏ’ ਜੰਮਦੀਆਂ ਹਨ। ਇਸਰਾਇਲੀ ਸਮਾਜ ਦਾ ਕਿੰਨਾ ਕੁ ਹਿੱਸਾ ਅਜਿਹੇ ਖਿਆਲਾਂ ਨੂੰ ਸਵੀਕਾਰ ਕਰਦਾ ਹੈ? ਕੀ ਲੰਘੇ ਦਹਾਕੇ ‘ਚ ਇਸ ਤਰ੍ਹਾਂ ਦੇ ਖਿਆਲਾਂ ਨੇ ਜ਼ੋਰ ਫੜਿਆ ਹੈ?
ਇਲਾਨ ਪਾਪੇ: ਬਹੁਤ ਸਾਲਾਂ ਤੋਂ ਚਾਹੇ ਜਨਤਾ ਵਿਚ ਇਸ ਤਰ੍ਹਾਂ ਦੀ ਗੱਲਬਾਤ ਚਲਦੀ ਰਹੀ ਹੈ ਪਰ ਇਸਰਾਇਲੀ ਯਹੂਦੀ ਸਮਾਜ ਦੀ ਇਹ ਸਮਝ ਰਹੀ ਹੈ ਕਿ ਅਜਿਹੇ ਖਿਆਲਾਂ ਨੂੰ ਬਾਹਰ ਨਾ ਲਿਜਾਇਆ ਜਾਵੇ। ਸੰਨ 2000 ਤੋਂ ਲੈ ਕੇ, ਬਤੌਰ ਸਿਆਸੀ ਪ੍ਰਬੰਧ ਤੇ ਇਕ ਸਮਾਜ ਇਸਰਾਈਲ ਨੇ ਇਹ ਚੌਕਸੀ ਬੰਦ ਕਰ ਦਿੱਤੀ ਹੈ। ਹੁਣ ਇਹ ਸ਼ੱਰ੍ਹੇਆਮ ਹੈ। ਇਹ ਨਾ ਸਿਰਫ਼ ਸਮਾਜ ਦੇ ਸੱਜੇਪੱਖੀ ਹਿੱਸਿਆਂ ਵਿਚ ਹੀ ਪ੍ਰਚਲਿਤ ਹੈ, ਸਗੋਂ ਹੁਣ ਤਾਂ ਇਹ ਸਿਆਸਤ ਦਾ ਧੁਰਾ ਬਣ ਚੁੱਕੀ ਹੈ। ਯਹੂਦੀ ਹੋਮ ਪਾਪੂਲਰ ਪਾਰਟੀ ਹੈ ਜੋ ਗੱਠਜੋੜ ਹਕੂਮਤ ਦੀ ਸੀਨੀਅਰ ਮੈਂਬਰ ਹੈ। ਉਂਜ ਫਲਸਤੀਨੀਆਂ ਨੂੰ ਸੱਪ ਦੱਸਣਾ ਨਵੀਂ ਗੱਲ ਨਹੀਂ। ਜੂਨ 1967 ਦੀ ਜੰਗ ਪਿੱਛੋਂ ਹੀ ਇਸਰਾਇਲੀ ਹਕੂਮਤ ਦੇ ਅੰਦਰ ਇਹ ਬਹਿਸ ਹੋਈ ਸੀ ਕਿ ਕੀ ਗਾਜ਼ਾ ਪੱਟੀ ਨੂੰ ਆਪਣੇ ‘ਚ ਮਿਲਾ ਲੈਣਾ ਚਾਹੀਦਾ ਹੈ। ਉਦੋਂ ਵਿੱਤ ਮੰਤਰੀ ਨੇ ਕਿਹਾ ਸੀ ਕਿ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਇਹ ਨਾਗਾਂ ਦੀ ਬਰਮੀ ਹੈ।
ਸਵਾਲ: ਕੀ ਦੋ-ਰਾਜਾਂ ਦਾ ਹੱਲ ਅਜੇ ਵੀ ਸੰਭਵ ਹੈ?
ਇਲਾਨ ਪਾਪੇ: ਨਹੀਂ, ਮੇਰੀ ਸੋਚ ਹੈ ਇਹ ਬਹੁਤ ਪਹਿਲਾਂ ਮਰ-ਮੁੱਕ ਚੁੱਕਾ ਤੇ ਦਫ਼ਨ ਹੋ ਚੁੱਕਾ ਹੈ। ਦਰਅਸਲ ਇਸ ਦੀ ਮੌਤ ਤਾਂ ਉਦੋਂ ਹੀ ਹੋ ਗਈ ਸੀ ਜਦੋਂ 1993 ‘ਚ ਓਸਲੋ ਸਮਝੌਤੇ ਨਾਲ ਉਦਾਰ ਇਸਰਾਈਲ ਦੀ ਸੋਚ ਦੀ ਅਸਲ ਕਹਾਣੀ ਸਾਹਮਣੇ ਆ ਗਈ। ਇਹ ਸੀ: ਪੱਛਮੀ ਕੰਢੇ ਤੇ ਗਾਜ਼ਾ ਪੱਟੀ ਅੰਦਰ ਕਿਸੇ ਤਰ੍ਹਾਂ ਦੀ ਖ਼ੁਦਮੁਖਤਿਆਰੀ ਤੋਂ ਵਾਂਝੀਆਂ ਦੱਖਣੀ ਅਫ਼ਰੀਕਾ ਵਰਗੀਆਂ ਬੰਦ ਬਸਤੀਆਂ ਬਣਾਉਣਾ; ਟਕਰਾਅ ਦੇ ਮੁੱਖ ਮਸਲੇ, ਸ਼ਰਨਾਰਥੀਆਂ ਦੇ ਵਾਪਸ ਮੁੜਨ ਦੇ ਹੱਕ ਅਤੇ ਯੋਰੋਸ਼ਲਮ ਦਾ ਨਿਆਂਪੂਰਨ ਹੱਲ ਨਾ ਕਰਨਾ।
ਸਵਾਲ: ਇਸ ਵਕਤ ਇਸਰਾਇਲੀ ਰਿਆਸਤ ਨਾਲ ਤੁਹਾਡਾ ਨਿੱਜੀ ਰਿਸ਼ਤਾ ਕਿਸ ਤਰ੍ਹਾਂ ਦਾ ਹੈ?
ਇਲਾਨ ਪਾਪੇ: ਮੈਂ ਇਕ ਨਾਗਰਿਕ ਹਾਂ, ਪਰ ਮੈਂ ਵੱਖਰੇ ਖਿਆਲਾਂ ਵਾਲਾ ਬੰਦਾ ਵੀ ਹਾਂ। ਮੈਂ ਆਪਣੇ ਵਤਨ ਨੂੰ ਪਿਆਰ ਕਰਦਾ ਹਾਂ, ਪਰ ਮੇਰਾ ਇਤਰਾਜ਼ ਉਨ੍ਹਾਂ ਵਿਚਾਰਧਾਰਕ ਤੌਰ-ਤਰੀਕਿਆਂ ਬਾਰੇ ਹੈ ਜਿਨ੍ਹਾਂ ਰਾਹੀਂ ਇਸਰਾਇਲੀ ਰਾਜ ਨੂੰ ਚਲਾਇਆ ਜਾ ਰਿਹਾ ਹੈ। ਉਥੇ ਜਿਹੜਾ ਕੋਈ ਯਹੂਦੀ ਨਹੀਂ, ਉਸ ਨਾਲ ਨਸਲੀ ਵਿਤਕਰਾ ਸ਼ੱਰ੍ਹੇਆਮ ਹੈ। ਅੱਜ ਇਸ ਰਾਜ ਦੇ ਘੇਰੇ ਅੰਦਰਲੀ ਅੱਧੀ ਆਬਾਦੀ ਯਹੂਦੀ ਨਹੀਂ ਹੈ। ਉਨ੍ਹਾਂ ਵਿਚੋਂ ਬਹੁਤ ਸਾਰਿਆਂ ਉਪਰ ਉਥੋਂ ਨਸਲੀ ਤੌਰ ‘ਤੇ ਸਫ਼ਾਇਆ ਕਰ ਦਿੱਤੇ ਜਾਣ ਦਾ ਖ਼ਤਰਾ ਲਗਾਤਾਰ ਮੰਡਲਾ ਰਿਹਾ ਹੈ। ਗਾਜ਼ਾ ਦੇ ਮਾਮਲੇ ਵਿਚ ਤਾਂ ਇਹ ਖ਼ਤਰਾ ਮਾਰ ਦਿੱਤੇ ਜਾਣ ਦੇ ਰੂਪ ਹੈ।

Be the first to comment

Leave a Reply

Your email address will not be published.