ਅੰਮ੍ਰਿਤਸਰ: ਸਹਾਰਨਪੁਰ ਵਿਚ ਗੁਰਦੁਆਰੇ ਦੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਦੋ ਫਿਰਕਿਆਂ ਵਿਚਾਲੇ ਹੋਏ ਦੰਗਿਆਂ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਕੁਝ ਸ਼ਰਾਰਤੀ ਲੋਕਾਂ ਦੀ ਸਾਜ਼ਿਸ਼ ਸੀ। ਜਾਂਚ ਟੀਮ ਨੇ ਦੱਸਿਆ ਹੈ ਕਿ ਗੁਰਦੁਆਰਾ ਸਿੰਘ ਸਭਾ ਵੱਲੋਂ ਉਥੇ 2001 ਵਿਚ ਜ਼ਮੀਨ ਮੁੱਲ ਖਰੀਦੀ ਸੀ ਪਰ ਉਥੋਂ ਦੇ ਇਕ ਵਿਅਕਤੀ ਨੇ ਸਾਜ਼ਿਸ਼ ਤਹਿਤ ਅਫ਼ਵਾਹ ਫੈਲਾ ਦਿੱਤੀ ਕਿ ਇਸ ਜ਼ਮੀਨ ‘ਤੇ 1947 ਤੋਂ ਪਹਿਲਾਂ ਮਸਜਿਦ ਬਣੀ ਹੋਈ ਸੀ ਜਦੋਂਕਿ ਮਾਲ ਵਿਭਾਗ ਦੇ ਰਿਕਾਰਡ ਤੇ ਪੁਰਾਣੇ ਸਮੇਂ ਤੋਂ ਉਥੇ ਰਹਿੰਦੇ ਲੋਕਾਂ ਮੁਤਾਬਕ ਉਥੇ ਕੋਈ ਮਸਜਿਦ ਨਹੀਂ ਸੀ। ਇਸ ਵਿਅਕਤੀ ਨੇ ਗੁਰਦੁਆਰਾ ਕਮੇਟੀ ‘ਤੇ ਇਸੇ ਮਾਮਲੇ ਨੂੰ ਲੈ ਕੇ ਕੇਸ ਵੀ ਕੀਤਾ ਸੀ ਪਰ ਉੱਚ ਅਦਾਲਤ ਵਿਚੋਂ ਕੇਸ ਗੁਰਦੁਆਰਾ ਸਾਹਿਬ ਦੇ ਹੱਕ ਵਿਚ ਹੋ ਗਿਆ ਸੀ। ਮਗਰੋਂ ਇਸ ਜ਼ਮੀਨ ‘ਤੇ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨੀਂਹ ਪੱਥਰ ਰੱਖਿਆ ਗਿਆ ਸੀ, ਜਿਥੇ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ। ਜ਼ਮੀਨ ‘ਤੇ ਚਾਰ ਦੀਵਾਰੀ ਵੀ ਕੀਤੀ ਹੋਈ ਸੀ ਤੇ ਹੁਣ ਉਥੇ ਬੀਤੇ ਦਿਨੀਂ ਲੈਂਟਰ ਪਾਇਆ ਗਿਆ ਸੀ।
ਟੀਮ ਦਾ ਦਾਅਵਾ ਹੈ ਕਿ ਜਿਸ ਦਿਨ ਇਹ ਘਟਨਾ ਵਾਪਰੀ, ਨੇੜੇ ਦੀ ਮਸਜਿਦ ਵਿਚ ਲੋਕ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ ਤੇ ਉਸ ਸ਼ਰਾਰਤੀ ਵਿਅਕਤੀ ਨੇ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਇਹ ਕਹਿ ਕੇ ਭੜਕਾਇਆ ਕਿ ਮਸਜਿਦ ਦੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਸਿੱਟੇ ਵਜੋਂ ਸ਼ਰਾਰਤੀ ਤੱਤਾਂ ਵੱਲੋਂ ਦੇਰ ਰਾਤ ਆ ਕੇ ਗੁਰਦੁਆਰੇ ‘ਤੇ ਪਥਰਾਅ ਕੀਤਾ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਵਿਵਾਦ ਪੈਦਾ ਹੋ ਗਿਆ ਤੇ ਫਿਰਕੂ ਦੰਗਿਆਂ ਦਾ ਰੂਪ ਲੈ ਲਿਆ। ਇਸ ਘਟਨਾ ਵਿਚ ਸਿੱਖ ਭਾਈਚਾਰੇ ਦੀਆਂ ਤਕਰੀਬਨ 150 ਦੁਕਾਨਾਂ ਤੇ ਵੱਡੀ ਗਿਣਤੀ ਵਿਚ ਵਾਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੈ। ਜਾਂਚ ਟੀਮ ਨੇ ਸਹਾਰਨਪੁਰ ਦੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਕੇ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉਣ ਲਈ ਕਿਹਾ ਹੈ। ਨਾਲ ਹੀ ਮਾਹੌਲ ਨੂੰ ਸ਼ਾਂਤ ਕਰਨ ਲਈ ਦੋਵਾਂ ਫਿਰਕਿਆਂ ਦੀਆਂ ਸਾਂਝੀਆਂ ਕਮੇਟੀਆਂ ਬਣਾਉਣ ਦਾ ਸੁਝਾਅ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਇਸ ਜ਼ਿਲ੍ਹੇ ਵਿਚ ਗੁਰਦੁਆਰੇ ਨਾਲ ਸਬੰਧਤ ਜ਼ਮੀਨ ਉਤੇ ਕਬਜ਼ੇ ਨੂੰ ਲੈ ਕੇ ਦੋ ਫਿਰਕਿਆਂ ਵਿਚਕਾਰ ਹੋਈਆਂ ਝੜਪਾਂ ਵਿਚ ਤਿੰਨ ਵਿਅਕਤੀ ਮਾਰੇ ਗਏ ਸਨ ਤੇ ਘੱਟੋ-ਘੱਟ 19 ਹੋਰ ਜ਼ਖ਼ਮੀ ਹੋਏ ਸਨ। ਇਸ ਦੌਰਾਨ ਵੱਡੇ ਪੱਧਰ ਉਤੇ ਪਥਰਾਅ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰਨ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਕਰਫਿਊ ਲਗਾ ਦਿੱਤਾ ਸੀ। ਇਨ੍ਹਾਂ ਝੜਪਾਂ ਵਿਚ ਹਰੀਸ਼ ਕੋਛੜ ਨਾਮੀ ਵਪਾਰੀ, ਆਰਿਫ ਤੇ ਇਕ ਅਣਪਛਾਤਾ ਵਿਅਕਤੀ ਮਾਰਿਆ ਗਿਆ ਸੀ। ਇਕ ਪੁਲਿਸ ਜਵਾਨ ਨੂੰ ਵੀ ਗੋਲੀ ਲੱਗ ਗਈ। ਭੜਕੀ ਭੀੜ ਵੱਲੋਂ ਦੁਕਾਨਾਂ ਦੀ ਭੰਨ-ਤੋੜ ਸ਼ੁਰੂ ਕਰ ਦਿੱਤੇ ਜਾਣ ਕਾਰਨ ਪੁਲਿਸ ਨੇ ਹਾਲਾਤ ਨੂੰ ਕਾਬੂ ਕਰਨ ਲਈ ਤਾਕਤ ਦੀ ਵਰਤੋਂ ਕੀਤੀ ਤੇ ਰਬੜ ਦੀਆਂ ਗੋਲੀਆਂ ਚਲਾਈਆਂ।
ਪੁਲਿਸ ਨੇ ਇਸ ਸਬੰਧੀ 38 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਜਦੋਂਕਿ ਹਿੰਸਾ ਬਾਰੇ ਨੌਂ ਐਫ਼ਆਈæਆਰ’ਜ਼ ਦਾਖਲ ਕੀਤੀਆਂ ਗਈਆਂ ਹਨ। ਸਿਆਸੀ ਪਾਰਟੀਆਂ ਵੱਲੋਂ ਇਕ-ਦੂਜੇ ‘ਤੇ ਦੂਸ਼ਣਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸਹਾਰਨਪੁਰ ਦੀ ਜ਼ਿਲ੍ਹਾ ਮੈਜਿਸਟਰੇਟ ਸੰਧਿਆ ਤਿਵਾੜੀ ਨੇ ਦੱਸਿਆ ਕਿ ਹਿੰਸਾ ਦੀਆਂ ਵਾਰਦਾਤਾਂ ਬਾਰੇ 38 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲਾਤ ਆਮ ਵਾਂਗ ਹੁੰਦੇ ਜਾ ਰਹੇ ਹਨ। ਹਿੰਸਾ ਵਿਚ ਤਿੰਨ ਵਿਅਕਤੀ ਮਾਰੇ ਗਏ ਤੇ 33 ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ 22 ਦੁਕਾਨਾਂ ਸਾੜ ਦਿੱਤੀਆਂ ਗਈਆਂ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਜਦਕਿ 15 ਚਹੁੰ-ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ, ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਸਰਕਾਰ ਸੂਬੇ ਵਿਚ ਅਮਨ ਕਾਨੂੰਨ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ ਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਕਾਂਗਰਸ ਆਗੂ ਰੀਟਾ ਬਹੁਗੁਣਾ ਨੇ ਕਿਹਾ ਕਿ ਮੁਕਾਮੀ ਪ੍ਰਸ਼ਾਸਨ ਵੱਲੋਂ ਢਿਲਮੱਠ ਵਰਤੀ ਗਈ ਹੈ ਤੇ ਸਰਕਾਰ ਵੀ ਨਾਅਹਿਲ ਸਾਬਤ ਹੋਈ ਹੈ।
_________________________________
ਸ੍ਰੀ ਅਕਾਲ ਤਖਤ ਵੱਲੋਂ ਪ੍ਰਸ਼ਾਸਨ ਦੀ ਆਲੋਚਨਾ
ਸਹਾਰਨਪੁਰ: ਸਹਾਰਨਪੁਰ ਦੀਆਂ ਘਟਨਾਵਾਂ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਹਿੰਸਾ ‘ਤੇ ਰੋਕਥਾਮ ਲਈ ਸਮੇਂ ਸਿਰ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਤੇ ਹੋਰ ਅਫਸਰ ਆਪਣੀ ਡਿਊਟੀ ਨਿਭਾਉਣ ਵਿਚ ਅਸਫਲ ਰਹੇ ਹਨ। ਇਸੇ ਕਰਕੇ ਸਹਾਰਨਪੁਰ ਜਿਹੇ ਅਮਨਮਈ ਜ਼ਿਲ੍ਹੇ ਵਿਚ ਅਜਿਹੀਆਂ ਝੜਪਾਂ ਹੋਈਆਂ ਹਨ।” ਉਨ੍ਹਾਂ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਸੰਪਤੀ ਦੇ ਨੁਕਸਾਨ ਦਾ ਮੁਆਵਜ਼ਾ ਵਾਜਬ ਢੰਗ ਨਾਲ ਦੇਣ ਲਈ ਕਿਹਾ ਹੈ।
Leave a Reply