ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਅਤੇ ਸ਼ਹੀਦ ਊਧਮ ਸਿੰਘ

ਗਦਰੀ ਯੋਧਿਆਂ ਦਾ ਸਿੱਖ ਪਿਛੋਕੜ-2
ਡਾæ ਗੁਰਨਾਮ ਕੌਰ, ਕੈਨੇਡਾ
ਪਹਿਲੀ ਆਲਮੀ ਜੰਗ ਦਾ ਮਾੜਾ ਅਸਰ ਹਿੰਦੁਸਤਾਨ ‘ਤੇ ਵੀ ਹੋਇਆ। ਬਹੁਤ ਸਾਰੇ ਲੋਕ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ, ਮੁਦਰਾ ਦਾ ਪਾਸਾਰ, ਵਧੇ ਹੋਏ ਟੈਕਸਾਂ ਦਾ ਬੋਝ ਅਤੇ ਹੋਰ ਅਨੇਕਾਂ ਸਮੱਸਿਆਵਾਂ ਨੇ ਹਿੰਦੁਸਤਾਨ ਦੀ ਜਨਤਾ ‘ਤੇ ਬੇਹੱਦ ਅਸਰ ਪਾਇਆ। ਆਜ਼ਾਦੀ ਲਈ ਜੂਝ ਰਹੇ ਵੱਖੋ-ਵੱਖਰੇ ਧੜਿਆਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਪੋ-ਆਪਣੇ ਗਿਲੇ-ਸ਼ਿਕਵੇ ਦੂਰ ਕਰ ਕੇ ਏਕਾ ਕੀਤਾ। ਸਾਰੇ ਭਾਰਤ ਵਿਚ ਜਨਤਕ ਬੇਚੈਨੀ ਬਹੁਤ ਬੁਰੀ ਤਰ੍ਹਾਂ ਫੈਲ ਗਈ, ਖਾਸ ਕਰ ਕੇ ਮੁੰਬਈ ਦੇ ਮਿੱਲ ਕਾਮਿਆਂ ਵਿਚ, ਜਿਸ ਕਰਕੇ ਸੰਨ 1919 ਵਿਚ ਰੌਲਟ ਕਮੇਟੀ ਬਣਾਈ ਗਈ। ਰੌਲਟ ਕਮੇਟੀ ਦਾ ਨਾਮ ਅੰਗਰੇਜ਼ ਜੱਜ ਸਿਡਨੀ ਰੌਲਟ ਦੇ ਨਾਮ ‘ਤੇ ਪਿਆ। ਕਮੇਟੀ ਦਾ ਕੰਮ ਹਿੰਦੋਸਤਾਨ ਵਿਚ ਇਨਕਲਾਬੀ ਲਹਿਰ ਦੇ ਜਰਮਨ ਅਤੇ ਬਾਲਸ਼ਵਿਕਾਂ ਨਾਲ ਸਬੰਧਾਂ ਦੀ ਪੜਤਾਲ ਕਰਨਾ ਸੀ, ਖਾਸ ਕਰਕੇ ਪੰਜਾਬ ਅਤੇ ਬੰਗਾਲ ਵਿਚ। ਕਮੇਟੀ ਨੇ ਡਿਫੈਂਸ ਆਫ ਇੰਡੀਆ ਐਕਟ 1915 ਦੇ ਪਰਸਾਰ ਦੀ ਮੰਗ ਕੀਤੀ। ਐਕਟ ਨੇ ਵਾਇਸਰਾਏ ਦੀ ਸਰਕਾਰ ਦੀਆਂ ਸ਼ਕਤੀਆਂ ਬਹੁਤ ਵਧਾ ਦਿੱਤੀਆਂ, ਜਿਸ ਵਿਚ ਪ੍ਰੈਸ ਨੂੰ ਚੁੱਪ ਕਰਾ ਦੇਣਾ, ਰਾਜਨੀਤਕ ਤੌਰ ‘ਤੇ ਸਰਗਰਮ ਲੋਕਾਂ ਨੂੰ ਬਿਨਾਂ ਮੁਕੱਦਮੇ ਤੋਂ ਨਜ਼ਰਬੰਦ ਕਰਨਾ, ਕਿਸੇ ਵੀ ਵਿਅਕਤੀ ਨੂੰ ਵਿਦਰੋਹ ਦੇ ਸ਼ੱਕ ‘ਤੇ ਬਿਨਾਂ ਵਰੰਟਾਂ ਦੇ ਗ੍ਰਿਫਤਾਰ ਕਰਨਾ ਆਦਿ।
ਇਸ ਐਕਟ ਨੇ ਲੋਕਾਂ ਦੇ ਗੁੱਸੇ ਨੂੰ ਬਹੁਤ ਭੜਕਾ ਦਿੱਤਾ। ਅੰਮ੍ਰਿਤਸਰ, ਜਲ੍ਹਿਆਂ ਵਾਲੇ ਬਾਗ ਵਿਚ 15000 ਦੇ ਕਰੀਬ ਲੋਕ ਇਕੱਠੇ ਹੋਏ। ਅਗਲੇ ਕੁੱਝ ਦਿਨਾਂ ਵਿਚ ਹਾਲਾਤ ਬਹੁਤ ਹੀ ਖ਼ਰਾਬ ਹੋ ਗਏ। ਕਿਹਾ ਜਾਂਦਾ ਹੈ ਕਿ ਮਾਈਕਲ ਓਡਵਾਇਰ ਦਾ ਵਿਸ਼ਵਾਸ ਸੀ ਕਿ ਇਹ ਮਈ ਦੇ ਆਸ-ਪਾਸ, ਜਦੋਂ ਗਰਮ ਮੌਸਮ ਕਾਰਨ ਅੰਗਰੇਜ਼ ਸੈਨਾ ਪਹਾੜਾਂ ਵਿਚ ਚਲੀ ਜਾਂਦੀ ਹੈ, ਹੋਣ ਵਾਲੀ ਬਗ਼ਾਵਤ ਵਰਗੀ ਸਾਜਿਸ਼ ਦੇ ਮੁੱਢਲੇ ਅਤੇ ਛੁਪੇ ਹੋਏ ਭੈੜੇ ਚਿੰਨ੍ਹ ਹਨ। ਅੰਮ੍ਰਿਤਸਰ ਕਤਲੇਆਮ, ਇਸ ਤੋਂ ਪਿੱਛੋਂ ਅਤੇ ਪਹਿਲਾਂ ਦੀ ਪ੍ਰਤਿਕਿਰਿਆ ਇਸ ਤੱਥ ਨੂੰ ਦਰਸਾਉਂਦੀ ਹੈ ਕਿ ਇਹ ਇੱਕ ਨਿਵੇਕਲੀ ਘਟਨਾ ਦੀ ਬਜਾਇ, ਪੰਜਾਬ ਸਾਸ਼ਨ ਵੱਲੋਂ ਅਜਿਹੀ ਸਾਜਸ਼ ਨੂੰ ਦਬਾਉਣ ਲਈ ਸੋਚੀ ਸਮਝੀ ਯੋਜਨਾ ਦਾ ਨਤੀਜਾ ਸੀ। ਕਿਹਾ ਜਾਂਦਾ ਹੈ ਕਿ ਜੇਮਜ਼ ਹੂਸਮੇਨ ਡੂ ਬੂਲੇ ਨੇ ਪੰਜਾਬ ਵਿਚ ਵਧ ਰਹੇ ਤਣਾਅ-ਪੂਰਨ ਹਾਲਾਤ ਵਿਚ ਉਠ ਰਹੇ ਗ਼ਦਰ ਦੇ ਡਰ ਅਤੇ ਅੰਮ੍ਰਿਤਸਰ ਵਿਚ ਹੋਏ ਕਤਲੇਆਮ ਵਿਚ ਸਿੱਧਾ ਸਬੰਧ ਦੱਸਿਆ ਹੈ। (ਸੋਮੇ ਸੈਲ ਜੌਹਨ ਡਬਲਿਉ (2000) ਹੈਲੇ: ਏ ਸਟੱਡੀ ਇਨ ਬ੍ਰਿਟਿਸ਼ ਇੰਪੀਰੀਅਲਿਜ਼ਮ, 1872-1969, ਕੈਂਬਰਿਜ ਯੂਨੀਵਰਸਿਟੀ, ਅਤੇ ਬਰਾਊਨ, ਐਮਲੀ (1973), ਬੁਕ ਰਿਵਿਊਜ; ਸਾਊਥ ਏਸ਼ੀਆ, ਦ ਜਰਨਲ ਆਫ ਏਸ਼ੀਅਨ ਸਟੱਡੀਜ, ਕਾਂਡ 32, ਨੰਬਰ 3 (ਮਈ 1973) ਪੰਨਾ 522-23)
10 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਿਵਾਸ ਅੱਗੇ ਬਹੁਤ ਵੱਡਾ ਰੋਸ ਵਿਖਾਵਾ ਸੀ। ਇਹ ਦਿਖਾਵਾ ਭਾਰਤ ਦੀ ਸੁਤੰਤਰਤਾ-ਲਹਿਰ ਦੇ ਦੋ ਮਸ਼ਹੂਰ ਨੇਤਾ ਸਤਿਆਪਾਲ ਅਤੇ ਸੈਫ਼ੁਦੀਨ ਕਿਚਲੂ ਦੀ ਰਿਹਾਈ ਦੀ ਮੰਗ ਵਾਸਤੇ ਸੀ। ਫੌਜੀ ਕੁਮਕ ਨੇ ਭੀੜ ਉਤੇ ਗੋਲੀ ਚਲਾ ਦਿੱਤੀ ਜਿਸ ਨਾਲ ਕਈ ਵਿਖਾਵਾਕਾਰੀ ਮਾਰੇ ਗਏ। ਇਸ ਗੋਲੀ ਕਾਂਡ ਕਾਰਨ ਕਈ ਹਿੰਸਕ ਘਟਨਾਵਾਂ ਵਾਪਰ ਗਈਆਂ। ਉਸੇ ਦਿਨ ਬਾਅਦ ਵਿਚ ਕਈ ਬੈਂਕ ਅਤੇ ਹੋਰ ਸਰਕਾਰੀ ਇਮਾਰਤਾਂ ਜਿਵੇਂ ਟਾਊਨ ਹਾਲ ਅਤੇ ਰੇਲਵੇ ਸਟੇਸ਼ਨ ‘ਤੇ ਹਮਲਾ ਕੀਤਾ ਗਿਆ ਅਤੇ ਅੱਗਾਂ ਲਾਈਆਂ ਗਈਆਂ। ਹਿੰਸਾ ਬਹੁਤ ਭੜਕ ਗਈ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਪੰਜ ਯੂਰਪੀਨ, ਜਿਨ੍ਹਾਂ ਵਿਚ ਸਰਕਾਰੀ ਨੌਕਰ ਅਤੇ ਨਾਗਰਿਕ ਸ਼ਾਮਲ ਸਨ, ਮਾਰੇ ਗਏ। ਦਿਨ ਵੇਲੇ ਬਦਲੇ ਵਿਚ ਫੌਜ ਵੱਲੋਂ ਕਈ ਵਾਰ ਭੀੜ ਉਤੇ ਗੋਲੀ ਚਲਾਈ ਗਈ ਅਤੇ ਕੋਈ 20 ਲੋਕਾਂ ਦੀ ਮੌਤ ਹੋ ਗਈ। ਅਗਲੇ ਦੋ ਦਿਨ ਤੱਕ ਅੰਮ੍ਰਿਤਸਰ ਸ਼ਹਿਰ ਚੁੱਪ ਸੀ ਪਰ ਪੰਜਾਬ ਦੇ ਦੂਜੇ ਸ਼ਹਿਰਾਂ ਵਿਚ ਰੋਸ ਵਿਚ ਹਿੰਸਾ ਜਾਰੀ ਰਹੀ। ਰੇਲਵੇ ਲਾਈਨਾਂ ਕੱਟੀਆਂ ਗਈਆਂ, ਟੈਲੀਗਰਾਫ ਪੋਸਟਾਂ ਤਬਾਹ ਕੀਤੀਆਂ ਗਈਆਂ ਅਤੇ ਸਰਕਾਰੀ ਇਮਾਰਤਾਂ ਜਲਾ ਦਿੱਤੀਆਂ ਗਈਆਂ। ਤਿੰਨ ਯੂਰਪੀਨ ਕਤਲ ਕਰ ਦਿੱਤੇ। 13 ਅਪ੍ਰੈਲ ਤੱਕ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਮਾਰਸ਼ਲ-ਲਾਅ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ। ਨਾਗਰਿਕ ਆਜ਼ਾਦੀ ਨੂੰ ਜਿਵੇਂ ਇਕੱਠ ਕਰਨ ਆਦਿ ‘ਤੇ ਰੋਕਾਂ ਲਾ ਕੇ ਸੀਮਤ ਕਰ ਦਿੱਤਾ ਗਿਆ। ਚਾਰ ਤੋਂ ਵੱਧ ਬੰਦੇ ਇਕੱਠੇ ਹੋਣ ‘ਤੇ ਰੋਕ ਲਾ ਦਿੱਤੀ ਗਈ।
13 ਅਪ੍ਰੈਲ ਵਿਸਾਖੀ ਦੇ ਦਿਹਾੜੇ ‘ਤੇ ਹਿੰਦੂ, ਸਿੱਖ, ਮੁਸਲਮਾਨ ਹਰਿਮੰਦਰ ਸਾਹਿਬ ਦੇ ਨੇੜੇ ਜਲ੍ਹਿਆਂ ਵਾਲੇ ਬਾਗ਼ ਵਿਚ ਇਕੱਠੇ ਹੋ ਗਏ। ਮੀਟਿੰਗ ਦਾ ਸਮਾ ਸ਼ਾਮ ਦੇ 4:30 ਵਜੇ ਮਿੱਥਿਆ ਗਿਆ ਸੀ ਜਿਸ ਦੇ ਸ਼ੁਰੂ ਹੋਣ ਦੇ ਇੱਕ ਘੰਟੇ ਬਾਅਦ ਬ੍ਰਿਗੇਡੀਅਰ-ਜਨਰਲ ਡਾਇਰ 65 ਗੋਰਖੇ ਅਤੇ 25 ਬਲੋਚ ਫੌਜੀਆਂ ਨਾਲ ਬਾਗ਼ ਵਿਚ ਆਇਆ। ਉਨ੍ਹਾਂ ਵਿਚੋਂ 50 ਕੋਲ ਰਾਈਫਲਾਂ ਸਨ। ਡਾਇਰ ਦੋ ਹਥਿਆਰਬੰਦ ਗੱਡੀਆਂ ਲਿਆਇਆ ਜਿਨ੍ਹਾਂ ਵਿਚ ਮਸ਼ੀਨਗਨਾਂ ਲੱਦੀਆਂ ਹੋਈਆਂ ਸਨ ਪਰ ਵਾਹਨ ਬਾਹਰ ਛੱਡ ਦਿੱਤੇ ਗਏ, ਕਿਉਂਕਿ ਉਹ ਤੰਗ ਲਾਂਘੇ ਵਿਚੋਂ ਅੰਦਰ ਨਹੀਂ ਸੀ ਜਾ ਸਕਦੇ। ਜਲ੍ਹਿਆਂ ਵਾਲਾ ਬਾਗ਼ ਚਾਰੇ ਪਾਸੇ ਤੋਂ ਘਰਾਂ ਅਤੇ ਇਮਾਰਤਾਂ ਨਾਲ ਘਿਰਿਆ ਹੋਇਆ ਸੀ ਅਤੇ ਕੁੱਝ ਬਹੁਤ ਤੰਗ ਲਾਂਘੇ ਸਨ ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਪੱਕੇ ਤੌਰ ‘ਤੇ ਤਾਲੇ ਲੱਗੇ ਹੋਏ ਸਨ। ਮੁੱਖ ਲਾਂਘਾ ਦੂਸਰਿਆਂ ਦੇ ਮੁਕਾਬਲੇ ਖੁਲ੍ਹਾ ਸੀ, ਪਰ ਉਸ ‘ਤੇ ਫੌਜੀਆਂ ਦਾ ਪਹਿਰਾ ਸੀ ਜਿਨ੍ਹਾਂ ਦੇ ਪਿੱਛੇ ਹਥਿਆਰਬੰਦ ਗੱਡੀਆਂ ਸਨ। ਜਨਰਲ ਡਾਇਰ ਨੇ ਭੀੜ ਨੂੰ ਖਿੰਡ ਜਾਣ ਲਈ ਕੋਈ ਵੀ ਚਿਤਾਵਨੀ ਦਿੱਤੇ ਬਗੈਰ ਮੁੱਖ ਲਾਂਘਾ ਰੋਕ ਦਿੱਤਾ। ਇਸ ਕਾਰੇ ਲਈ ਉਸ ਨੇ ਪਿੱਛੋਂ ਸਫਾਈ ਇਹ ਦਿੱਤੀ ਕਿ ਇਹ ਮੀਟਿੰਗ ਨੁੰ ਖਿੰਡਾਉਣ ਲਈ ਨਹੀਂ ਸਗੋਂ ਹੁਕਮ-ਅਦੂਲੀ ਲਈ ਹਿੰਦੋਸਤਾਨੀਆਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ (ਸੋਮਾ: ਨਿਗੇਲ ਕੋਲੈਟ (2007); ਦ ਬੁਚੜ ਆਫ ਅੰਮ੍ਰਿਤਸਰ:ਜਨਰਲ ਰੇਗਨਿਲਡ ਡਾਇਰ, ਪੰਨਾ 255-58)
ਡਾਇਰ ਨੇ ਆਪਣੇ ਫੌਜੀਆਂ ਨੂੰ ਸੰਘਣੀ ਭੀੜ (ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸਨ) ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਤਕਰੀਬਨ ਦਸ ਮਿੰਟ ਤੱਕ ਗੋਲਾਬਾਰੀ ਚਾਲੂ ਰਹੀ। ਗੋਲੀਬੰਦੀ ਦਾ ਹੁਕਮ ਉਦੋਂ ਕੀਤਾ ਜਦੋਂ ਤਕਰੀਬਨ 1650 ਰਾਊਂਡ ਖਰਚ ਹੋ ਗਏ ਸੀ ਅਤੇ ਬਾਰੂਦ-ਸਿੱਕਾ ਤਕਰੀਬਨ ਮੁੱਕ ਗਿਆ ਸੀ। (ਸੋਮਾ: ਉਹੀ ਪੰਨਾ 266, 337) ਇਸ ਗੋਲੀ-ਕਾਂਡ ਵਿਚ ਹੋਈਆਂ ਮੌਤਾਂ ਦੀ ਗਿਣਤੀ ਬਾਰੇ ਦੁਬਿਧਾ ਹੈ। ਇਸ ਕਤਲੇਆਮ ਦੀ ਬ੍ਰਿਟਿਸ਼ ਜਾਂਚ ਅਨੁਸਾਰ ਮੌਤਾਂ ਦੀ ਗਿਣਤੀ 379 ਹੈ, ਜਾਂਚ ਲਈ ਅਪਨਾਏ ਗਏ ਢੰਗ ਦੀ ਵੀ ਆਲੋਚਨਾ ਕੀਤੀ ਗਈ। (ਸੋਮਾ: ਹੰਟਰ ਰਿਪੋਰਟ, ਪੰਨਾ 116-17) ਇਸ ਦੇ ਨਾਲ ਹੀ, ਪੰਜਾਬ ਦੇ ਇੱਕ ਉਚ ਸਿਵਲ ਅਧਿਕਾਰੀ ਦੀ ਕਮੇਟੀ ਵਲੋਂ ਕੀਤੀ ਇੰਟਰਵਿਊ ਅਨੁਸਾਰ ਅਸਲ ਗਿਣਤੀ ਕਿਤੇ ਜ਼ਿਆਦਾ ਸੀ।
ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਮਾਰਚ 1940 ਵਿਚ ਮਾਈਕਲ ਓਡਵਾਇਰ ਨੂੰ ਮਾਰ ਕੇ ਲਿਆ। ਊਧਮ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦੇ ਪਿੰਡ ਸ਼ਾਹਪੁਰ ਕਲਾਂ ਵਿਚ ਸ਼ ਟਹਿਲ ਸਿੰਘ ਦੇ ਘਰ 26 ਦਸੰਬਰ 1899 ਈæ ਨੂੰ ਹੋਇਆ। ਸ਼ ਟਹਿਲ ਸਿੰਘ ਇੱਕ ਅੰਮ੍ਰਿਤਧਾਰੀ ਸਿੱਖ ਸਨ ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਂ ਚੂਹੜ ਸਿੰਘ ਸੀ। ਮਾਂ-ਬਾਪ ਦੀ ਮੌਤ ਤੋਂ ਬਾਅਦ ਕਿਸ਼ਨ ਸਿੰਘ ਰਾਗੀ ਦੀ ਮਦਦ ਨਾਲ ਸ਼ੇਰ ਸਿੰਘ (ਊਧਮ ਸਿੰਘ) ਅਤੇ ਉਸ ਦਾ ਵੱਡਾ ਭਰਾ ਮੁਕਤਾ ਸਿੰਘ ਅੰਮ੍ਰਿਤਸਰ, ਪੁਤਲੀ ਘਰ, ਕੇਂਦਰੀ ਖਾਲਸਾ ਯਤੀਮਖਾਨਾ ਵਿਚ 24 ਅਕਤੂਬਰ 1907 ਨੂੰ ਚਲੇ ਗਏ। ਇਥੇ ਹੀ ਸਿੱਖ ਰਹਿਤ ਵਿਚ ਪਰਪੱਕ ਹੋਏ, ਸ਼ੇਰ ਸਿੰਘ ਨੁੰ ਨਵਾਂ ਨਾਂ ਊਧਮ ਸਿੰਘ ਅਤੇ ਵੱਡੇ ਭਰਾ ਮੁਕਤਾ ਸਿੰਘ ਨੂੰ ਸਾਧੂ ਸਿੰਘ ਦਿੱਤਾ ਗਿਆ। ਇੱਥੇ ਹੀ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਅਤੇ ਕਈ ਕਿੱਤਿਆਂ ਵਿਚ ਸਿਖਲਾਈ ਲਈ। ਸਾਧੂ ਸਿੰਘ ਦੀ 1917 ਵਿਚ ਮੌਤ ਹੋ ਗਈ ਅਤੇ ਊਧਮ ਸਿੰਘ 1919 ਵਿਚ ਯਤੀਮਖਾਨਾ ਛੱਡ ਕੇ ਗ਼ਦਰ ਲਹਿਰ ਵਿਚ ਕੁੱਦ ਪਿਆ ਅਤੇ ਇਨਕਲਾਬੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ।
ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਊਧਮ ਸਿੰਘ ਨੇ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਸੀ। ਊਧਮ ਸਿੰਘ ਦੇਸ਼-ਦੇਸ਼ ਘੁੰਮਦੇ-ਘੁਮਾਉਂਦੇ ਲੰਡਨ ਪਹੁੰਚ ਗਿਆ। 13 ਮਾਰਚ 1940 ਨੂੰ ਜਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਤੋਂ 21 ਸਾਲ ਬਾਅਦ ਕੇਕਸਟਨ ਹਾਲ ਵਿਚ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਮੀਟਿੰਗ ਸੀ ਜਿਸ ਵਿਚ ਮਾਈਕਲ ਓਡਵਾਇਰ ਨੇ ਵੀ ਬੋਲਣਾ ਸੀ। ਊਧਮ ਸਿੰਘ ਆਪਣਾ ਰਿਵਾਲਵਰ ਪੁਸਤਕ ਵਿਚ ਛੁਪਾ ਕੇ ਲੈ ਗਿਆ। ਜਿਉਂ ਹੀ ਓਡਵਾਇਰ ਪਲੈਟਫਾਰਮ ਵੱਲ ਜਾਣ ਲੱਗਾ, ਊਧਮ ਸਿੰਘ ਨੇ ਗੋਲੀਆਂ ਚਲਾਈਆਂ। ਓਡਵਾਇਰ ਥਾਂ ‘ਤੇ ਹੀ ਮਾਰਿਆ ਗਿਆ। ਜੈਟਲੈਂਡ ਜੋ ਹਿੰਦੋਸਤਾਨ ਲਈ ਸਕੱਤਰ ਸੀ, ਉਤੇ ਵੀ ਗੋਲੀ ਚਲਾਈ ਪਰ ਉਹ ਮਰਿਆ ਨਹੀਂ, ਜ਼ਖਮੀ ਹੋ ਗਿਆ ਅਤੇ ਦੋ ਹੋਰ ਅਫਸਰ ਵੀ ਜ਼ਖਮੀ ਹੋ ਗਏ। ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਸਜ਼ਾ ਸੁਣਾਈ ਗਈ। ਸੈਂਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿਚ ਜਦੋਂ ਜਸਟਿਸ ਐਟਕਿਨਸਨ ਨੇ ਊਧਮ ਸਿੰਘ ਨੂੰ ਉਸ ਦਾ ਨਾਂ ਪੁੱਛਿਆ ਤਾਂ ਊਧਮ ਸਿੰਘ ਨੇ ਜੁਆਬ ਵਿਚ ਕਿਹਾ, ਰਾਮ ਮੁਹੰਮਦ ਸਿੰਘ ਆਜ਼ਾਦ। ਇਹ ਨਾਂ ਨਸਲ, ਜਾਤ, ਧਰਮ ਅਤੇ ਫਿਰਕੇ ਦੀਆਂ ਹੱਦਾਂ ਤੋਂ ਪਾਰ ਲੰਘ ਜਾਣ ਵੱਲ ਇਸ਼ਾਰਾ ਕਰਦਾ ਹੈ। ਊਧਮ ਸਿੰਘ ਨੇ ਓਡਵਾਇਰ ਦੇ ਕਤਲ ਬਾਰੇ ਸਪਸ਼ਟ ਕੀਤਾ, “ਮੈਂ ਇਹ ਇਸ ਲਈ ਕੀਤਾ ਕਿ ਮੈਨੂੰ ਉਸ ਨਾਲ ਗੁੱਸਾ ਸੀ। ਉਹ ਇਸੇ ਦੇ ਲਾਇਕ ਸੀ।”
ਭਗਤ ਸਿੰਘ: ਸ਼ ਅਜੀਤ ਸਿੰਘ ਦੇ ਸਬੰਧ ਵਿਚ ਗੱਲ ਕਰਦਿਆਂ ਇਹ ਤੱਥ ਸਾਹਮਣੇ ਆਇਆ ਸੀ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਪਰਿਵਾਰ ਪੁਰਖਿਆਂ ਤੋਂ ਅੰਮ੍ਰਿਤਧਾਰੀ ਅਤੇ ਦੇਸ਼-ਭਗਤ ਪਰਿਵਾਰ ਸੀ। ਅਜੀਤ ਸਿੰਘ ਦੇ ਦਾਦਾ ਅਤੇ ਭਗਤ ਸਿੰਘ ਦੇ ਪੜਦਾਦਾ ਸ਼ ਫਤਿਹ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਸਨ ਜੋ ਖ਼ਾਲਸਾ ਫੌਜਾਂ ਵੱਲੋਂ ਐਂਗਲੋ-ਸਿੱਖ ਲੜਾਈਆਂ ਵਿਚ ਅੰਗਰੇਜ਼ਾਂ ਦੇ ਖਿਲਾਫ ਇੱਕ ਸੱਚੇ ਸੰਤ-ਸਿਪਾਹੀ ਵਾਂਗ ਲੜੇ। ਉਨ੍ਹਾਂ ਨੇ ਸਰਦਾਰ ਮਜੀਠੀਆ ਦੇ ਕਹਿਣ ‘ਤੇ ਵੀ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ ਜਦ ਕਿ ਸਰਦਾਰ ਮਜੀਠੀਆ ਵਰਗੇ ਕਈਆਂ ਨੇ ਆਪਣੀਆਂ ਜਗੀਰਾਂ ਵਾਪਸ ਲੈਣ ਦੇ ਲਾਲਚ ਵੱਸ ਅਜਿਹਾ ਕੀਤਾ। ਉਹ ਅੰਗਰੇਜ਼ਾਂ ਦਾ ਸਾਥ ਦੇਣ ਨੂੰ ਆਪਣੇ ਲੋਕਾਂ ਨਾਲ ਗੱਦਾਰੀ ਸਮਝਦੇ ਸਨ। ਭਗਤ ਸਿੰਘ ਦੇ ਪਿਤਾ ਸ਼ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਅੰਮ੍ਰਿਤਧਾਰੀ ਸਿੱਖ ਸਨ ਜਿਸ ਦਾ ਜ਼ਿਕਰ ਅਜੀਤ ਸਿੰਘ ਨੇ ਆਪਣੀ ਪੁਸਤਕ ਵਿਚ ਕੀਤਾ ਹੈ। ਇਹ ਬਿਲਕੁਲ ਇੱਕ ਕੁਦਰਤੀ ਅਮਲ ਹੈ ਕਿ ਇੱਕ ਗੁਰਸਿੱਖ ਅਤੇ ਦੇਸ਼-ਭਗਤ ਪਰਿਵਾਰ ਵਿਚ ਪੈਦਾ ਹੋਣ ਕਰਕੇ ਭਗਤ ਸਿੰਘ ਨੂੰ ਇਹ ਸਾਰੇ ਸੰਸਕਾਰ ਗੁੜ੍ਹਤੀ ਵਿਚ ਮਿਲੇ ਅਤੇ ਦੇਸ਼ ਦੀ ਆਜ਼ਾਦੀ ਲਈ ਉਸ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਇਨਕਲਾਬੀ ਰਸਤਾ ਅਪਨਾਇਆ। ਲਾਹੌਰ ਸਾਜਿਸ਼ ਕੇਸ ਵਿਚ ਚਾਰਜ ਹੋਣ ਤੋਂ ਬਾਅਦ ਸ਼ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸਮੇਂ ਸਮੇਂ ਬਿਆਨ ਜਾਰੀ ਕੀਤੇ, ਜੋ ਕੋਰਟ ਵਿਚ ਪੇਸ਼ ਕੀਤੇ ਜਾਂਦੇ ਰਹੇ। ਭਗਤ ਸਿੰਘ ਦੀ ਅੰਗਰੇਜ਼-ਰਾਜ ਦੇ ਜ਼ੁਲਮ ਦੇ ਖਿਲਾਫ ਜਦੋਜਹਿਦ ਨੂੰ ਦੱਸਣ ਲਈ ਇਨ੍ਹਾਂ ਵਿਚੋਂ ਕੁੱਝ ਹਵਾਲੇ ਦਿੱਤੇ ਜਾ ਸਕਦੇ ਹਨ। ਭਗਤ ਸਿੰਘ ਅਤੇ ਬੀæਕੇæ ਦੱਤ ਦੇ ‘ਅਸੈਂਬਲੀ ਬੰਬ ਕੇਸ’ ਬਿਆਨਾਂ, ਜੋ 6 ਜੂਨ 1929 ਨੂੰ ਮਿਸਟਰ ਆਸਫ ਅਲੀ ਨੇ ਉਨ੍ਹਾਂ ਦੀ ਤਰਫੋਂ ਪੜ੍ਹੇ, ਵਿਚੋਂ ਕੁੱਝ ਹਿੱਸੇ ਇਸ ਤਰ੍ਹਾਂ ਹਨ,
ਅਮਲੀ ਰੋਸ ਵਿਖਾਵਾ: ਅਸੀਂ ਆਪਣੇ ਦੇਸ਼ ਦੇ ਇਤਿਹਾਸ, ਹਾਲਾਤ ਅਤੇ ਉਸ ਦੀਆਂ ਅਕਾਂਖਿਆਵਾਂ ਦੇ ਗੰਭੀਰ ਵਿਦਿਆਰਥੀਆਂ ਤੋਂ ਜ਼ਿਆਦਾ ਕੁੱਝ ਵੀ ਨਹੀਂ। ਅਸੀਂ ਪਖੰਡ ਨੂੰ ਨਫਰਤ ਕਰਦੇ ਹਾਂ, ਸਾਡਾ ਅਮਲੀ ਰੋਸ ਵਿਖਾਵਾ ਸੰਸਥਾ (ਇੰਸਟੀਟਿਊਸ਼ਨ) ਦੇ ਖਿਲਾਫ ਸੀ, ਜਿਸ ਨੇ ਆਪਣੇ ਅਰੰਭ ਤੋਂ ਲੈ ਕੇ, ਨਾ ਸਿਰਫ ਆਪਣੀ ਨਾਅਹਿਲੀਅਤ ਦਿਖਾਉਣ ਵਿਚ ਸਗੋਂ ਸ਼ਰਾਰਤ ਲਈ ਇਸ ਦੀ ਦੂਰ-ਰਸੀ ਸ਼ਕਤੀ ਲਈ ਵਿਸ਼ੇਸ਼ ਮਦਦ ਕੀਤੀ। ਜਿਉਂ ਜਿਉਂ ਸਾਨੂੰ ਵਿਸ਼ਵਾਸ ਹੁੰਦਾ ਗਿਆ ਕਿ ਇਸ ਦੀ ਹੋਂਦ ਸਿਰਫ ਸੰਸਾਰ ਨੂੰ ਹਿੰਦੁਸਤਾਨ ਦੀ ਹੀਣਤਾ ਅਤੇ ਮਜ਼ਬੂਰੀ ਦਿਖਾਉਣ ਲਈ ਹੈ, ਅਤੇ ਇਹ ਗੈਰ-ਜ਼ਿੰਮੇਵਾਰ ਹੈ ਅਤੇ ਇਸ ਦੀ ਹੋਂਦ ਬਾਦਸ਼ਾਹੀ ਹਕੂਮਤ ਦੀ ਦਮਨਕਾਰੀ ਪ੍ਰਭੂਸੱਤਾ ਦਾ ਚਿੰਨ੍ਹ ਹੈ। ਵਾਰ ਵਾਰ ਜਨਤਾ ਦੇ ਨੁਮਾਇੰਦਿਆਂ ਵੱਲੋਂ ਰੱਖੀ ਗਈ ਕੌਮੀ ਮੰਗ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਰਿਹਾ ਹੈ।
ਬੰਬ ਦੀ ਜ਼ਰੂਰਤ: ਸਵਰਗੀ ਸ੍ਰੀ ਐਸ਼ ਆਰæ ਦਾਸ, ਜੋ ਇੱਕ ਵੇਲੇ ਗਵਰਨਰ ਜਨਰਲ ਦੀ ਪ੍ਰਬੰਧਕੀ ਕੌਂਸਲ ਦੇ ਕਾਨੂੰਨ ਮੈਂਬਰ ਰਹੇ, ਦੇ ਸ਼ਬਦਾਂ ਨੂੰ ਜਿਹਨ ਵਿਚ ਰੱਖਦੇ ਹੋਏ ਜੋ ਉਸ ਨੇ ਆਪਣੇ ਪੁੱਤਰ ਨੂੰ ਮਸ਼ਹੂਰ ਖਤ ਵਿਚ ਲਿਖੇ ਸਨ ਤੇ ਜਿਨ੍ਹਾਂ ਦਾ ਅਰਥ ਕੁੱਝ ਇਸ ਤਰ੍ਹਾਂ ਸੀ, ‘ਬੰਬ ਇੰਗਲੈਂਡ ਨੂੰ ਉਸ ਦੇ ਸੁਪਨਿਆਂ ਤੋਂ ਜਗਾਉਣ ਵਾਸਤੇ ਜ਼ਰੂਰੀ ਸੀ’, ਅਸੀਂ ਅਸੈਂਬਲੀ ਚੈਂਬਰ ਦੇ ਫਰਸ਼ ‘ਤੇ ਬੰਬ ਉਨ੍ਹਾਂ ਸਭਨਾਂ ਦੀ ਤਰਫੋਂ ਆਪਣਾ ਵਿਰੋਧ ਜਤਾਉਣ ਲਈ ਸੁੱਟਿਆ ਜਿਨ੍ਹਾਂ ਕੋਲ ਆਪਣੀ ਹਿਰਦੇਵੇਧਕ ਪੀੜ ਪ੍ਰਗਟ ਕਰਨ ਦਾ ਹੋਰ ਕੋਈ ਰਸਤਾ ਨਹੀਂ ਸੀ ਬਚਿਆ। ਸਾਡਾ ਇੱਕੋ ਇੱਕ ਮਕਸਦ ‘ਬੋਲਿਆਂ ਨੂੰ ਸੁਣਾਉਣਾ’ ਅਤੇ ‘ਬੇਧਿਆਨਿਆਂ ਨੂੰ ਚੇਤਾਵਨੀ ਦੇਣਾ’ ਸੀ। ਦੂਸਰੇ ਵੀ ਉਸੇ ਤਰ੍ਹਾਂ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਜਿਵੇਂ ਅਸੀਂ ਕੀਤਾ ਹੈ ਅਤੇ ਸ਼ਾਂਤ ਨਜ਼ਰ ਆਉਂਦੇ ਭਾਰਤੀ ਲੋਕਾਂ ਦੇ ਸਮੁੰਦਰ ਵਿਚ ਇੱਕ ਸੱਚਮੁੱਚ ਦਾ ਤੂਫਾਨ ਉਠਣ ਵਾਲਾ ਹੈ। ਅਸੀਂ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਸਿਰਫ ‘ਖਤਰੇ ਦਾ ਸਿਗਨਲ’ ਦਿੱਤਾ ਹੈ ਜਿਹੜੇ ਖਤਰੇ ਵੱਲ ਧਿਆਨ ਦਿੱਤੇ ਬਿਨਾਂ ਅੱਗੇ ਦੌੜੇ ਜਾ ਰਹੇ ਹਨ। ਅਸੀਂ ‘ਨਾਨ-ਵਾਇਲੈਂਸ ਯੁਟੋਪੀਆ’ ਦੌਰ ਦੇ ਅੰਤ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ ਦੀ ਨਿਰਾਰਥਕਤਾ ਨੂੰ ਉਠ ਰਹੀ ਪੀੜ੍ਹੀ ਬਿਨਾਂ ਕਿਸੇ ਸ਼ੱਕ ਦੇ ਪ੍ਰਛਾਂਵੇਂ ਦੇ ਯਕੀਨੀ ਮੰਨਦੀ ਹੈ।
ਆਦਰਸ਼ ਦੀ ਵਿਆਖਿਆ: ਅਸੀਂ ਉਪਰਲੇ ਪਹਿਰੇ ਵਿਚ ‘ਯੁਟੋਪੀਅਨ ਨਾਨ-ਵਾਇਲੈਂਸ’ ਸ਼ਬਦ ਵਰਤਿਆ ਹੈ ਜਿਸ ਦੀ ਵਿਆਖਿਆ ਕਰਨ ਦੀ ਜ਼ਰੂਰਤ ਹੈ। ਜਦੋਂ ਤਾਕਤ ਦੀ ਆਕਰਮਣਕਾਰੀ ਰੂਪ ਵਿਚ ਵਰਤੋਂ ਕੀਤੀ ਜਾਵੇ ਤਾਂ ਇਹ ‘ਹਿੰਸਾ (ਵਾਇਲੈਂਸ)’ ਹੁੰਦੀ ਹੈ, ਅਤੇ ਇਸ ਲਈ ਇਹ ਨੈਤਿਕ ਤੌਰ ‘ਤੇ ਨਿਆਂ-ਸੰਗਤ ਨਹੀਂ ਹੈ, ਪ੍ਰੰਤੂ ਜਦੋਂ ਇਸ ਦੀ ਵਰਤੋਂ ਕਿਸੇ ਹੱਕੀ ਉਦੇਸ਼ ਲਈ ਕੀਤੀ ਜਾਵੇ, ਤਾਂ ਇਹ ਨੈਤਿਕ ਤੌਰ ‘ਤੇ ਨਿਆਂ-ਸੰਗਤ ਹੈ। ਤਾਕਤ ਨੂੰ ਬਿਲਕੁਲ ਨਕਾਰਨਾ ‘ਯੁਟੋਪੀਅਨ’ ਹੈ ਅਤੇ ‘ਮਿਯੁ ਮੂਵਮੈਂਟ’ ਜੋ ਦੇਸ਼ ਵਿਚ ਪੈਦਾ ਹੋ ਗਈ ਹੈ ਅਤੇ ਉਹ ਸ਼ੁਰੂਆਤ ਜਿਸ ਦੀ ਅਸੀਂ ਚਿਤਾਵਨੀ ਦੇ ਚੁੱਕੇ ਹਾਂ, ਉਸੇ ਆਦਰਸ਼ ਤੋਂ ਪ੍ਰਭਾਵਤ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਅਤੇ ਸ਼ਿਵਾਜੀ, ਕਮਾਲ ਪਾਸ਼ਾ ਅਤੇ ਰਿਜ਼ਾ ਖਾਨæ ਵਾਸ਼ਿੰਗਟਨ ਅਤੇ ਗੈਰੀਬਾਲਡੀ, ਲਾਫਾਇਤ ਅਤੇ ਲੈਨਿਨ ਨੂੰ ਪ੍ਰਭਾਵਿਤ ਕੀਤਾ। (ਸੋਮਾ-ਵਿਕੀਪੀਡੀਆ, ਦ ਫਰੀ ਇਨਸਾਈਕਲੋਪੀਡੀਆ)।
ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਜ਼ਫਰਨਾਮੇ ਵਿਚ ਔਰੰਗਜ਼ੇਬ ਨੁੰ ਲਿਖਿਆ ਕਿ ਜਦੋਂ ਜ਼ੁਲਮ ਦੇ ਖਿਲਾਫ ਸਾਰੇ ਹੀਲੇ ਮੁੱਕ ਜਾਣ ਤਾਂ ਤਲਵਾਰ ਉਠਾਉਣੀ ਪੈਂਦੀ ਹੈ, “ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ। ਹਲਾਲ ਅਸਤ ਬੁਰਦਾਂ ਬਾ ਸ਼ਮਸ਼ੀਰ ਦਸਤ।” ਇਸੇ ਸਿਧਾਂਤ ਦੀ ਤਰਜ਼ਮਾਨੀ ਕਰਦਿਆਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਕਿਹਾ ਹੈ, “ਇਨਕਲਾਬੀ, ਆਪਣੇ ਪਰਉਪਕਾਰ ਦੇ ਸਿਧਾਂਤਾਂ ਕਾਰਨ ਸ਼ਾਂਤੀ ਦੇ ਪ੍ਰੇਮੀ ਹਨ-ਅਸਲੀ ਅਤੇ ਪੱਕੀ ਸ਼ਾਂਤੀ ਜੋ ਇਨਸਾਫ ਅਤੇ ਬਰਾਬਰੀ ‘ਤੇ ਆਧਾਰਤ ਹੈ, ਭਰਮਾਊ ਸ਼ਾਂਤੀ ਨਹੀਂ ਜੋ ਕਾਇਰਤਾ ਵਿਚੋਂ ਅਤੇ ਸੰਗੀਨਾਂ ਰਾਹੀਂ ਕਾਇਮ ਕੀਤੀ ਜਾਂਦੀ ਹੈ। ਜੇ ਇਨਕਲਾਬੀ ਬੰਬਾਂ ਅਤੇ ਪਿਸਤੌਲਾਂ ਦੀ ਵਰਤੋਂ ਕਰਦੇ ਹਨ, ਇਹ ਆਖਰੀ ਹੀਲੇ ਵਜੋਂ ਇੱਕ ਭਿਆਨਕ ਲੋੜ ਹੁੰਦੀ ਹੈ।”

Be the first to comment

Leave a Reply

Your email address will not be published.