ਜ਼ਿਮਨੀ ਚੋਣ ਤੋਂ ਦੂਰ ਰਹਿਣਗੇ ਪੀæਪੀæਪੀæ ਤੇ ਖੱਬੇ ਪੱਖੀ

ਚੰਡੀਗੜ੍ਹ: ਪੰਜਾਬ ਦੀਆਂ ਕਈ ਪਾਰਟੀਆਂ ਦੋ ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣ ਲੜਣ ਦੇ ਰੌਂਅ ਵਿਚ ਨਹੀਂ ਹਨ। ਪੀਪਲਜ਼ ਪਾਰਟੀ ਆਫ ਪੰਜਾਬ, ਖੱਬੇਪੱਖੀ ਧਿਰਾਂ ਤੇ ਬਹੁਜਨ ਸਮਾਜ ਪਾਰਟੀ ਚੋਣਾਂ ਵਿਚ ਉਮੀਦਵਾਰ ਖੜ੍ਹੇ ਨਹੀਂ ਕਰ ਰਹੀਆਂ ਹਨ। ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਦੋਹਾਂ ਹਲਕਿਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਜਦੋਂਕਿ ਭਾਰਤੀ ਮਾਰਕਸਵਾਦੀ ਪਾਰਟੀ ਨੇ ਚੋਣ ਮੈਦਾਨ ਵਿਚੋਂ ਬਾਹਰ ਰਹਿਣ ਦਾ ਮਨ ਬਣਾ ਲਿਆ ਹੈ। ਬਹੁਜਨ ਸਮਾਜ ਪਾਰਟੀ ਨੇ ਹਾਲੇ ਰਸਮੀ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ ਹੈ ਪਰ ਪਾਰਟੀ ਹਾਈਕਮਾਂਡ ਵੱਲੋਂ ਚੋਣਾਂ ਤੋਂ ਦੂਰ ਰਹਿਣ ਦੇ ਸੰਕੇਤ ਦਿੱਤੇ ਜਾ ਚੁੱਕੇ ਹਨ।
ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚ ਮੁਕਾਬਲਾ ਹੋਣ ਦੇ ਆਸਾਰ ਬਣ ਰਹੇ ਹਨ। ਦੋਵੇਂ ਹਲਕਿਆਂ ਲਈ ਵੋਟਾਂ 21 ਅਗਸਤ ਨੂੰ ਪੈਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਸੇ ਸਾਲ ਦੇ ਸ਼ੁਰੂ ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਇਨ੍ਹਾਂ ਪਾਰਟੀਆਂ (ਜੋ ਇਸ ਵਾਰ ਚੋਣ ਨਹੀਂ ਲੜ ਰਹੀਆਂ) ਦੇ ਉਮੀਦਵਾਰ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੇ ਸਨ ਤੇ ਉਨ੍ਹਾਂ ਨੂੰ ਮਿਲੀਆਂ ਵੋਟਾਂ ਦੀ ਪ੍ਰਤੀਸ਼ਤਤਾ ਵੀ ਪਹਿਲਾਂ ਨਾਲੋਂ ਹੇਠਾਂ ਆ ਗਈ ਸੀ। ਇਸ ਦੇ ਉਲਟ ਆਮ ਆਦਮੀ ਪਾਰਟੀ ਨੇ ਹੋਂਦ ਵਿਚ ਆਉਣ ਦੇ ਇਕ ਸਾਲ ਦੇ ਅੰਦਰ ਹੀ ਪੰਜਾਬ ਵਿਚ ਚਮਤਕਾਰ ਦਿਖਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਲੋਕ ਸਭਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਤੋਂ ਬਾਹਰ ਕਿਧਰੇ ਹੁੰਗਾਰਾ ਨਹੀਂ ਮਿਲ ਸਕਿਆ ਸੀ।
ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਨਾਲ ਚੋਣ ਸਮਝੌਤੇ ਤਹਿਤ ਤਲਵੰਡੀ ਸਾਬੋ ਹਲਕੇ ਤੋਂ ਹਰਮਿੰਦਰ ਸਿੰਘ ਜੱਸੀ ਤੇ ਪਟਿਆਲਾ ਤੋਂ ਪਰਨੀਤ ਕੌਰ ਦੀ ਹਮਾਇਤ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਆਮ ਲੋਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਤੋਂ ਦੁਖੀ ਹਨ ਤੇ ਇਸ ਸਰਕਾਰ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹਨ। ਇਸ ਕਰਕੇ ਹਾਕਮ ਧਿਰ ਨੂੰ ਸਬਕ ਸਿਖਾਉਣ ਦਾ ਇਹ ਢੁਕਵਾਂ ਮੌਕਾ ਹੈ। ਉਹ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਗਠਨ ਤੋਂ ਵਿਹਲੇ ਹੋ ਕੇ ਅਗਲੇ ਦਿਨੀਂ ਚੋਣ ਪ੍ਰਚਾਰ ਵਿਚ ਜੁਟ ਜਾਣਗੇ।
ਬਸਪਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਜੰਡਾਲੀ ਨੇ ਕਿਹਾ ਕਿ ਹਾਲੇ ਤੱਕ ਉਮੀਦਵਾਰ ਨਾ ਖੜ੍ਹੇ ਕਰਨ ਦਾ ਮਨ ਹੈ ਤੇ ਪਾਰਟੀ ਹਾਈਕਮਾਂਡ ਵੱਲੋਂ ਵੀ ਚੋਣਾਂ ਵਿਚ ਹਿੱਸਾ ਲੈਣ ਬਾਰੇ ਹਦਾਇਤਾਂ ਨਹੀਂ ਆਈਆਂ ਹਨ। ਸੀæਪੀæਆਈæ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਦੋਹਾਂ ਹਲਕਿਆਂ ਵਿਚ ਪਾਰਟੀ ਦਾ ਜ਼ਿਆਦਾ ਆਧਾਰ ਨਹੀਂ ਹੈ, ਇਸ ਲਈ ਚੋਣ ਨਾ ਲੜਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੀæਪੀæਆਈæ (ਐਮæ) ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣ ਲੜਣ ਬਾਰੇ ਅਜੇ ਜੱਕੋਤੱਕੀ ਵਿਚ ਹੈ ਤੇ ਮੈਂਬਰਾਂ ਵਲੋਂ ਦੋਹਾਂ ਹਲਕਿਆਂ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਹੈ।
____________________________________
ਬਲਕਾਰ ਸਿੱਧੂ ਤੇ ਅਦਾਲਤੀਵਾਲਾ ‘ਆਪ’ ਦੇ ਉਮੀਦਵਾਰ
ਸੁਨਾਮ: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਪੰਜਾਬੀ ਗਾਇਕ ਬਲਕਾਰ ਸਿੱਧੂ ਤੇ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਹਰਜੀਤ ਸਿੰਘ ਅਦਾਲਤੀਵਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੰਨ ਰੋਜ਼ਾ ਕੌਮੀ ਕਾਰਜਕਾਰਨੀ ਦੀ ਬੈਠਕ ਦੀ ਸਮਾਪਤੀ ਉਪਰੰਤ ਦੱਸਿਆ ਕਿ ਦੋਵੇਂ ਸੀਟਾਂ ‘ਤੇ ਉਹ ਖੁਦ ਵੀ ਚੋਣ ਪ੍ਰਚਾਰ ਕਰਨ ਲਈ ਆਉਣਗੇ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਬੈਠਕ ਵਿਚ ਵਿਚਾਰ ਚਰਚਾ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਪਾਰਟੀ ਆਪਣੀ ਤਾਕਤ ਦਿੱਲੀ ਵਿਧਾਨ ਸਭਾ ਚੋਣਾਂ ਉਪਰ ਲਗਾਏਗੀ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿਚ ਕੈਂਸਰ ਦੀ ਵੱਡੀ ਸਮੱਸਿਆ ਹੈ ਜਿਸ ਦਾ ਮੁੱਖ ਕਾਰਨ ਪਾਣੀ ਵਿਚ ਯੂਰੇਨੀਅਮ ਦਾ ਹੋਣਾ ਹੈ। ਪੰਜਾਬ ਸਰਕਾਰ ਨੂੰ ਪੀਣ ਵਾਲੇ ਸਾਫ਼ ਪਾਣੀ ਦੇ ਪੁਖ਼ਤਾ ਪ੍ਰਬੰਧ ਦੇ ਨਾਲ-ਨਾਲ ਕੈਂਸਰ ਦੇ ਇਲਾਜ ਲਈ ਹਸਪਤਾਲ ਸਥਾਪਤ ਕਰਨੇ ਚਾਹੀਦੇ ਹਨ।
______________________________
ਪਟਿਆਲਾ ਤੋਂ ਪ੍ਰਨੀਤ ਤੇ ਤਲਵੰਡੀ ਸਾਬੋ ਤੋਂ ਜੱਸੀ ਕਾਂਗਰਸੀ ਉਮੀਦਵਾਰ
ਚੰਡੀਗੜ੍ਹ: ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਪਟਿਆਲਾ (ਸ਼ਹਿਰੀ) ਹਲਕੇ ਲਈ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਤਲਵੰਡੀ ਸਾਬੋ ਹਲਕੇ ਲਈ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਉਮੀਦਵਾਰ ਬਣਾਇਆ ਹੈ।
ਉਮੀਦਵਾਰਾਂ ਦਾ ਐਲਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤਾ। ਦੋਵੇਂ ਹਲਕਿਆਂ ਲਈ ਵੋਟਾਂ 21 ਅਗਸਤ ਨੂੰ ਪੈਣਗੀਆਂ। ਬੀਬੀ ਪ੍ਰਨੀਤ ਕੌਰ ਹਾਲੀਆ ਲੋਕ ਸਭਾ ਚੋਣਾਂ ਵਿਚ ਪਟਿਆਲਾ ਹਲਕੇ ਤੋਂ ਹਾਰ ਗਈ ਸੀ ਜਦੋਂਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਜੋ ਪਟਿਆਲਾ (ਸ਼ਹਿਰੀ) ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ, ਲੋਕ ਸਭਾ ਚੋਣ ਅੰਮ੍ਰਿਤਸਰ ਹਲਕੇ ਤੋਂ ਜਿੱਤ ਗਏ ਸਨ।
ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈ ਵਿਧਾਨ ਸਭਾ ਸੀਟ ਉਤੇ ਹੁਣ ਬੀਬੀ ਪ੍ਰਨੀਤ ਕੌਰ ਨੂੰ ਕਾਂਗਰਸੀ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਹਰਾਇਆ ਸੀ।
ਦੂਜੇ ਪਾਸੇ ਤਲਵੰਡੀ ਸਾਬੋ ਸੀਟ ਉੱਥੋਂ ਕਾਂਗਰਸੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਪਾਰਟੀ ਛੱਡ ਕੇ ਹਾਕਮ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਕਾਰਨ ਖਾਲੀ ਹੋਈ ਸੀ।

Be the first to comment

Leave a Reply

Your email address will not be published.