ਅਕਾਲੀ ਆਗੂਆਂ ਨੂੰ ਰਾਸ ਆਈ ਕਾਂਗਰਸ ਦੀ ਸ਼ਰਾਫਤ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕਾਂਗਰਸ ਵੱਲੋਂ ਹਾਕਮ ਧਿਰ ਪ੍ਰਤੀ ਵਿਖਾਈ ਨਰਮੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਵਿਰੋਧੀ ਧਿਰ ਵੱਲੋਂ ਅਪਣਾਈ ਨੀਤੀ ਤੋਂ ਜਾਪ ਰਿਹਾ ਹੈ ਕਿ ਉਸ ਨੇ ਹਾਕਮ ਧਿਰ ਅਕਾਲੀ-ਭਾਜਪਾ ਦੀਆਂ ਸਾਰੀਆਂ ‘ਗਲਤੀਆਂ’ ਮੁਆਫ ਕਰ ਦਿੱਤੀਆਂ ਹਨ। ਕਾਂਗਰਸ ਨੇ ਪੂਰੇ ਸ਼ੈਸਨ ਦੌਰਾਨ ਸੂਬੇ ਦੇ ਕਿਸੇ ਵੀ ਭਖਦੇ ਮਸਲੇ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਸੈਸ਼ਨ ਦੇ ਛੇ ਦਿਨਾਂ ਦੌਰਾਨ ਇੰਜ ਲੱਗ ਰਿਹਾ ਸੀ ਕਿ ਕਾਂਗਰਸ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕੁੜਿੱਕੀ ਵਿਚ ਫਸ ਗਈ ਹੈ ਜਾਂ ਫਿਰ ਘਿਓ ਖਿਚੜੀ ਹੋ ਗਈ ਹੈ। ਕਾਂਗਰਸ ਦੇ ਕਈ ਸੀਨੀਅਰ ਆਗੂ ਸਰਕਾਰ ਨੂੰ ਘੇਰਨ ਦਾ ਮੌਕਾ ਹੱਥੋਂ ਗਵਾਉਣ ‘ਤੇ ਪਛਤਾਵਾ ਕਰ ਰਹੇ ਹਨ।
ਕਾਂਗਰਸ ਵੱਲੋਂ ਰੇਤ-ਬਜਰੀ ਦੀ ਕਿੱਲਤ ਤੇ ਭਾਅ ਅਸਮਾਨੀ ਚੜ੍ਹਨ, ਨਸ਼ਿਆਂ ਦੀ ਸਮਗਲਿੰਗ, ਜਾਇਦਾਦ ਟੈਕਸ, ਬਿਜਲੀ ਤੇ ਹੋਰ ਕਈ ਮੁੱਦਿਆਂ ‘ਤੇ ਰੌਲਾ ਪਾਇਆ ਜਾ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੀਆਂ ਸਮੀਖਿਆ ਮੀਟਿੰਗਾਂ ਵਿਚ ਵੀ ਇਹ ਮੁੱਦੇ ਭਾਰੂ ਰਹੇ ਸਨ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹਾਕਮ ਪਾਰਟੀਆਂ ਇਨ੍ਹਾਂ ਮਸਲਿਆਂ ਨੂੰ ਲੈ ਕੇ ਚਿੰਤਤ ਸਨ ਤੇ ਸਦਨ ਵਿਚ ਜਵਾਬ ਦੇਣ ਲਈ ਸਰਕਾਰ ਵੱਲੋਂ ਤਿਆਰੀ ਵੀ ਕੀਤੀ ਗਈ ਸੀ ਪਰ ਕਾਂਗਰਸ ਵੱਲੋਂ ਸਦਨ ਵਿਚ ਅਪਣਾਈ ਗਈ ਰਣਨੀਤੀ ਫਲਾਪ ਸਿੱਧ ਹੋ ਗਈ। ਪੰਜਾਬ ਵਿਚ ਰੇਤ-ਬਜਰੀ ਦੀ ਕਿੱਲਤ ਅਜੇ ਵੀ ਭਖਦਾ ਮਸਲਾ ਹੈ। ਵਿਰੋਧੀ ਧਿਰ ਨੇ ਇਸ ਮੁੱਦੇ ‘ਤੇ ਜ਼ਬਾਨ ਵੀ ਨਹੀਂ ਖੋਲ੍ਹੀ। ਨਸ਼ਿਆਂ ਦੇ ਮੁੱਦੇ ‘ਤੇ ਕਾਂਗਰਸ ਉਸ ਵੇਲੇ ਖ਼ੁਦ ਹੀ ਘਿਰ ਗਈ ਜਦੋਂ ਮਾਨਸਾ ਪੁਲਿਸ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਇਕ ਸਮੱਗਲਰ ਨਾਲ ਜੋੜ ਦਿੱਤਾ। ਜਾਇਦਾਦ ਟੈਕਸ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਉਸ ਵੇਲੇ ਬੋਲੇ ਜਦੋਂ ਸਰਕਾਰ ਵੱਲੋਂ ਸਦਨ ਵਿਚ ਸੋਧ ਬਿੱਲ ਲਿਆਂਦਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੈਸ਼ਨ ਵਿਚ ਸਿਰਫ਼ ਇਕ ਦਿਨ ਹੀ ਆਏ। ਸ਼ ਬਾਦਲ ਦੀ ਗੈਰਹਾਜ਼ਰੀ ਵਿਰੋਧੀ ਧਿਰ ਲਈ ਵੱਡਾ ਮੌਕਾ ਸੀ ਜਦੋਂ ਸਰਕਾਰ ਨੂੰ ਘੇਰਿਆ ਜਾ ਸਕਦਾ ਸੀ ਕਿਉਂਕਿ ਆਮ ਤੌਰ ‘ਤੇ ਇਹ ਪ੍ਰਭਾਵ ਮੰਨਿਆ ਜਾਂਦਾ ਹੈ ਕਿ ਹੰਗਾਮੀ ਹਾਲਤ ਉਤੇ ਵੱਡੇ ਬਾਦਲ ਹੀ ਕਾਬੂ ਪਾ ਸਕਦੇ ਹਨ।
ਵਿਧਾਨ ਸਭਾ ਦਾ ਬਜਟ ਸੈਸ਼ਨ ਮਹਿਜ਼ ਛੇ ਦਿਨ ਹੀ ਚੱਲਿਆ। ਸਦਨ ਵਿਚ ਤਿੰਨ ਦਿਨ ਅਜਿਹੇ ਸਨ ਜਦੋਂ ਵਿਰੋਧੀ ਧਿਰ ਸਰਕਾਰ ਨੂੰ ਘੇਰ ਸਕਦੀ ਸੀ। ਕਾਂਗਰਸ ਵੱਲੋਂ ਜੇਕਰ ਸਦਨ ਦੀ ਕਾਰਵਾਈ ਵਿਚੋਂ ਵਾਕਆਊਟ ਵੀ ਕੀਤਾ ਗਿਆ ਤਾਂ ਇਹ ਮਹਿਜ਼ ਸੰਕੇਤਕ ਸੀ। ਬਜਟ ਇਜਲਾਸ ਦੌਰਾਨ ਇਕ ਵਾਰ ਵੀ ਅਜਿਹਾ ਸਮਾਂ ਨਹੀਂ ਆਇਆ ਜਦੋਂ ਵਿਰੋਧੀ ਧਿਰ ਨੇ ਕਿਸੇ ਮੁੱਦੇ ‘ਤੇ ਸਪੀਕਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਕੀਤਾ ਹੋਵੇ। ਵਿਰੋਧੀ ਧਿਰ ਵੱਲੋਂ ਸਦਨ ਵਿਚ ਜਿਨ੍ਹਾਂ ਮੁੱਦਿਆਂ ‘ਤੇ ਬੋਲਣ ਲਈ ਸਮਾਂ ਮੰਗਿਆ ਗਿਆ ਜਾਂ ਸੈਸ਼ਨ ਦੇ ਦਿਨ ਵਧਾਉਣ ਦੀ ਮੰਗ ਕੀਤੀ ਗਈ, ਉਨ੍ਹਾਂ ਨੂੰ ਸਪੀਕਰ ਨੇ ਮੁੱਢੋਂ ਹੀ ਰੱਦ ਕਰ ਦਿੱਤਾ। ਸੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਵੱਲੋਂ ਮਾਨਸਾ ਦੇ ਐਸ਼ਐਸ਼ਪੀæ ਵਿਰੁੱਧ ਮਰਿਯਾਦਾ ਮਤਾ ਲਿਆਂਦਾ ਗਿਆ ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ। ਇਸ ਤਰ੍ਹਾਂ ਵਿਰੋਧੀ ਧਿਰ ਨੂੰ ਕੋਈ ਵੀ ਮੌਕਾ ਨਹੀਂ ਮਿਲਿਆ। ਦੂਜੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਚਰਚਾ ਦਾ ਵਿਸ਼ਾ ਬਣੇ ਰਹੇ ਬਿਕਰਮ ਸਿੰਘ ਮਜੀਠੀਆ ਨੇ ਸਦਨ ਵਿਚ ਆਪਣੀ ਸਫ਼ਾਈ ਦੇਣ ਦਾ ਚੰਗਾ ਲਾਹਾ ਲਿਆ।
ਵਿਰੋਧੀ ਧਿਰ ਦੇ ਮੈਂਬਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਫੋਟੋਆਂ ਖਿਚਵਾਉਣ ਵਿਚ ਫ਼ਖਰ ਮਹਿਸੂਸ ਕਰ ਰਹੇ ਸਨ। ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਕਾਂਗਰਸ ਨੇ ਸਰਕਾਰ ਨੂੰ ਘੇਰਨ ਦਾ ਇਕ ਵੱਡਾ ਮੌਕਾ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਗੁਆਚੇ ਲੋਕ ਆਧਾਰ ਨੂੰ ਮੁੜ ਪ੍ਰਾਪਤ ਕਰਨ ਦਾ ਇਹ ਚੰਗਾ ਮੌਕਾ ਸੀ। ਸ੍ਰੀ ਖਹਿਰਾ ਆਪਣੀ ਪਾਰਟੀ ਦੇ ਆਗੂਆਂ ‘ਤੇ ਹਾਕਮ ਧਿਰ ਨਾਲ ਮਿਲੇ ਹੋਣ ਦੇ ਦੋਸ਼ ਵੀ ਲਗਾ ਚੁੱਕੇ ਹਨ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਕਾਰਨ ਜਨਤਕ ਮੁੱਦਿਆਂ ‘ਤੇ ਆਵਾਜ਼ ਬੁਲੰਦ ਨਹੀਂ ਕੀਤੀ ਜਾ ਸਕੀ। ਉਨ੍ਹਾਂ ਕਿਹਾ ਕਿ ਉਹ ਟਕਰਾਅ ਨਹੀਂ ਚਾਹੁੰਦੇ। ਸਰਕਾਰ ਨੇ ਉਨ੍ਹਾਂ ਦੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾਇਆ ਹੈ। ਉਨ੍ਹਾਂ ਮੰਨਿਆ ਕਿ ਰਾਜਾ ਵੜਿੰਗ ਦਾ ਮੁੱਦਾ ਸਾਹਮਣੇ ਆਉਣ ਕਾਰਨ ਨਸ਼ਿਆਂ ਦੇ ਮੁੱਦੇ ‘ਤੇ ਕਾਂਗਰਸ ਢਿੱਲੀ ਪੈ ਗਈ।
___________________________________________
ਨਸ਼ਿਆਂ ਦੇ ਮੁੱਦੇ ਤੋਂ ਵੀ ਕਿਨਾਰਾ ਕਰ ਗਏ ਕਾਂਗਰਸੀ
ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਰਾਜਸੀ ਨੇਤਾਵਾਂ ਲਈ ਇਕ ਸਿਆਸੀ ਖੇਡ ਬਣ ਕੇ ਰਹਿ ਗਿਆ ਹੈ। ਹੁਣ ਤੱਕ ਹਾਕਮ ਧਿਰ ਨੂੰ ਇਸ ਮੁੱਦੇ ‘ਤੇ ਘੇਰਦੀ ਰਹੀ ਕਾਂਗਰਸ ਨੇ ਜਿਵੇਂ ਚੁੱਪ ਹੀ ਧਾਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਕਾਂਗਰਸੀ ਆਗੂਆਂ ਦੇ ਨਾਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਆਉਣ ਤੋਂ ਬਾਅਦ ਇਸ ਮੁੱਦੇ ‘ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਰਕਾਰੀ ਧਿਰ ਨੇ ਜਿਥੇ ਕਾਂਗਰਸ ਵੱਲੋਂ ਡਰੱਗ ਦੇ ਸਮੁੱਚੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀæਬੀæਆਈæ) ਜਾਂ ਕਿਸੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਦਾ ਕੋਈ ਹੁੰਗਾਰਾ ਨਾ ਭਰਿਆ, ਉਥੇ ਐਸ਼ਐਸ਼ਪੀæ ਮਾਨਸਾ ਵੱਲੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਡਰੱਗ ਮਾਫ਼ੀਆ ਨਾਲ ਮਿਲੀਭੁਗਤ ਹੋਣ ਦੇ ਦਿੱਤੇ ਬਿਆਨਾਂ ਕਾਰਨ ਪੁਲਿਸ ਅਧਿਕਾਰੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਵੀ ਠੁਕਰਾ ਦਿੱਤੀ।
ਉਲਟਾ ਕਾਂਗਰਸ ਵੱਲੋਂ ਉਠਾਇਆ ਗਿਆ ਇਹ ਮੁੱਦਾ ਖ਼ਾਸ ਕਰਕੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਖ਼ੂਬ ਰਾਸ ਆਇਆ। ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਕ ਸਾਜ਼ਿਸ਼ ਤਹਿਤ ਮਾਨਸਾ ਪੁਲਿਸ ਦੀ ਗੁਪਤ ਪੜਤਾਲੀਆ ਰਿਪੋਰਟ ਵੱਟਸਐੱਪ ‘ਤੇ ਪ੍ਰਚਾਰੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੋਧੀ ਧਿਰ ਦਾ ਮੂੰਹ ਬੰਦ ਕਰਨ ਲਈ ਬਦਲਾਲਊ ਕਾਰਵਾਈ ਕਰ ਰਹੀ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਵਿਧਾਇਕ ਦਾ ਨਾਂ ਲੈਣ ਵਾਲੇ ਮਾਨਸਾ ਦੇ ਐਸ਼ਐਸ਼ਪੀæ ਵਿਰੁੱਧ ਕਾਰਵਾਈ ਕੀਤੀ ਜਾਵੇ।

Be the first to comment

Leave a Reply

Your email address will not be published.