ਭਾਰਤ ਦੇ ਹਿੱਤ ‘ਚ ਨਹੀਂ ‘ਹਿੰਦੂ ਰਾਸ਼ਟਰ’ ਵਾਲੀਆਂ ਸੁਰਾਂ

-ਜਤਿੰਦਰ ਪਨੂੰ
ਕਾਂਗਰਸ ਪਾਰਟੀ ਦੇ ਇੱਕ ਲੀਡਰ ਨੇ ਬਿਆਨ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿਸ ਤਰ੍ਹਾਂ ਦੇ ਲੋਕਾਂ ਦਾ ਸਾਥ ਹਾਸਲ ਹੈ, ਉਹ ਉਸ ਦੀ ਸਰਕਾਰ ਦੀ ਬੇੜੀ ਡੋਬ ਦੇਣਗੇ। ਬਿਆਨ ਦਾਗਣ ਦਾ ਉਸ ਦਾ ਹੱਕ ਆਪਣੇ ਥਾਂ ਹੈ, ਉਂਜ ਕਾਂਗਰਸ ਪਾਰਟੀ ਦੀਆਂ ਪਿਛਲੀਆਂ ਦੋ ਸਰਕਾਰਾਂ ਦੇ ਵਕਤ ਉਹ ਖੁਦ ਵੀ ਆਪਣੀ ਪਾਰਟੀ ਦੀ ਬੇੜੀ ਨੂੰ ਡੋਬਣ ਵਾਲੇ ਬਿਆਨ ਹੀ ਦਿੰਦਾ ਰਿਹਾ ਸੀ। ਇਹੋ ਜਿਹੇ ਬੰਦੇ ਹਰ ਪਾਰਟੀ ਵਿਚ ਮਿਲ ਜਾਂਦੇ ਹਨ। ਹਕੀਕੀ ਸਥਿਤੀਆਂ ਇਹ ਹਨ ਕਿ ਭਾਜਪਾ ਦੇ ਅੰਦਰੋਂ ਵੀ ਅਤੇ ਗੱਠਜੋੜ ਵਿਚੋਂ ਵੀ ਕਈ ਆਗੂ ਇਹੋ ਜਿਹੇ ਬਿਆਨ ਅੱਜਕੱਲ੍ਹ ਦੇਈ ਜਾਂਦੇ ਹਨ, ਜਿਹੜੇ ਇਸ ਦੇਸ਼ ਦਾ ਵੀ ਅਤੇ ਦੇਸ਼ ਦੀ ਸਰਕਾਰ ਦਾ ਵੀ ਭਲਾ ਮੰਗਣ ਵਾਲੇ ਨਹੀਂ ਕਹੇ ਜਾ ਸਕਦੇ।
ਅਸੀਂ ਪਿਛਲੇ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦੋ ਆਗੂਆਂ; ਅਸ਼ੋਕ ਸਿੰਘਲ ਅਤੇ ਪ੍ਰਵੀਨ ਤੋਗੜੀਆ ਦੇ ਉਹ ਬਿਆਨ ਪੜ੍ਹੇ ਹਨ, ਜਿਨ੍ਹਾਂ ਨਾਲ ਦੇਸ਼ ਦੀ ਸਭ ਤੋਂ ਵੱਡੀ ਘੱਟ-ਗਿਣਤੀ ਮੁਸਲਿਮ ਭਾਈਚਾਰੇ ਨੂੰ ਚਿੜਾਇਆ ਹੀ ਨਹੀਂ ਗਿਆ, ਜਵਾਬੀ ਬਿਆਨਬਾਜ਼ੀ ਨੂੰ ਵੀ ਉਕਸਾਇਆ ਗਿਆ ਸੀ। ਉਹ ਉਕਸਾਵੇ ਵਿਚ ਨਹੀਂ ਆਏ। ਇਸ ਮਾਮਲੇ ਵਿਚ ਵੱਡੀ ਹੈਰਾਨੀ ਦੀ ਗੱਲ ਇਹ ਸੀ ਕਿ ਕਿਸੇ ਭਾਜਪਾ ਆਗੂ ਨੇ ਪ੍ਰਵੀਨ ਤੋਗੜੀਆ ਜਾਂ ਅਸ਼ੋਕ ਸਿੰਘਲ ਦੇ ਬਿਆਨਾਂ ਦੀ ਨਾ ਨਿੰਦਾ ਕੀਤੀ, ਨਾ ਉਨ੍ਹਾਂ ਤੋਂ ਵਖਰੇਵਾਂ ਜ਼ਾਹਰ ਕਰਨ ਦੀ ਲੋੜ ਸਮਝੀ। ਜਦੋਂ ਕੋਈ ਪਾਰਟੀ ਏਦਾਂ ਦੇ ਬਿਆਨਾਂ ਬਾਰੇ ਚੁੱਪ ਵੱਟ ਲਵੇ ਤਾਂ ਇਸ ਦਾ ਅਰਥ ਚੁੱਪ-ਸਹਿਮਤੀ ਮੰਨਿਆ ਜਾਂਦਾ ਹੈ। ਉਹ ਦੋਵੇਂ ਆਗੂ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸਬੰਧਤ ਹਨ, ਜਿਸ ਨੂੰ ਅੱਗੇ ਲਾ ਕੇ ਵਿੱਢੀ ਗਈ ਮੁਹਿੰਮ ਸਦਕਾ ਭਾਰਤੀ ਜਨਤਾ ਪਾਰਟੀ ਪਾਰਲੀਮੈਂਟ ਦੀਆਂ ਦੋ ਸੀਟਾਂ ਤੋਂ ਛਿਆਸੀ ਸੀਟਾਂ, ਫਿਰ ਇੱਕ ਸੌ ਸੋਲਾਂ ਤੇ ਏਦਾਂ ਵਧਦੀ ਹੋਈ ਹੁਣ ਆਪਣੇ ਸਿਰ ਪੌਣੇ ਤਿੰਨ ਸੌ ਸੀਟਾਂ ਜਿੱਤਣ ਜੋਗੀ ਹੋਈ ਹੈ। ਹੁਣ ਹਾਲਾਤ ਬਦਲ ਚੁੱਕੇ ਹਨ। ਭਾਜਪਾ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਾਜ ਭਾਵੇਂ ਵੋਟਾਂ ਨਾਲ ਮਿਲੇ, ਭਾਵੇਂ ਪਿਤਾ-ਪੁਰਖੀ ਹੋਵੇ ਤੇ ਭਾਵੇਂ ਕੋਈ ਚਾਰ ਫੌਜੀ ਜਰਨੈਲ ਧੱਕੇ ਨਾਲ ਵੀ ਖੋਹ ਲੈਣ, ਇਸ ਗੱਲ ਦਾ ਭਰੋਸਾ ਸਾਰੇ ਹਾਕਮਾਂ ਨੂੰ ਦੇਣਾ ਪੈਂਦਾ ਹੈ ਕਿ ਉਨ੍ਹਾਂ ਦੇ ਰਾਜ ਵਿਚ ਹਰ ਕਿਸੇ ਦੇ ਜਾਨ ਅਤੇ ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇਗੀ। ਮੌਜੂਦਾ ਸਰਕਾਰ ਇਹ ਗਾਰੰਟੀ ਦੇਣ ਦੀ ਥਾਂ ਕਈ ਵਾਰੀ ਚੁੱਪ ਵੱਟ ਲੈਂਦੀ ਹੈ।
ਭਾਜਪਾ ਲੀਡਰਸ਼ਿਪ ਦੀ ਚੁੱਪ ਜਾਂ ਫਿਰ ਚੁੱਪ-ਸਹਿਮਤੀ ਦੇ ਪ੍ਰਭਾਵ ਹੇਠ ਕਈ ਗੱਲਾਂ ਬੀਤੇ ਦਿਨਾਂ ਵਿਚ ਇਹੋ ਜਿਹੀਆਂ ਵਾਪਰ ਗਈਆਂ ਹਨ, ਜਿਹੜੀਆਂ ਆਮ ਹਾਲਾਤ ਵਿਚ ਵਾਪਰਨੀਆਂ ਨਹੀਂ ਸਨ ਚਾਹੀਦੀਆਂ।
ਇੱਕ ਘਟਨਾ ਨਵੀਂ ਦਿੱਲੀ ਵਿਚ ਮਹਾਰਾਸ਼ਟਰ ਸਰਕਾਰ ਦੇ ਨਿਊ ਮਹਾਰਾਸ਼ਟਰ ਸਦਨ ਵਿਚ ਖਾਣੇ ਦੀ ਸੇਵਾ ਕਰਦੇ ਮੁਲਾਜ਼ਮ ਨਾਲ ਸ਼ਿਵ ਸੈਨਾ ਵਾਲੇ ਕੁਝ ਐਮ ਪੀਜ਼ ਵੱਲੋਂ ਕੀਤੀ ਬਦਤਮੀਜ਼ੀ ਦੀ ਹੈ। ਮਨਮਰਜ਼ੀ ਦਾ ਖਾਣਾ ਨਾ ਮਿਲਣ ਤੋਂ ਚਿੜ ਕੇ ਇਨ੍ਹਾਂ ਪਾਰਲੀਮੈਂਟ ਮੈਂਬਰਾਂ ਨੇ ਉਸ ਮੁਲਾਜ਼ਮ ਦੀ ਹੋਰ ਬੇਇੱਜ਼ਤੀ ਦੇ ਪਿੱਛੋਂ ਉਸ ਦੇ ਮੂੰਹ ਵਿਚ ਉਦੋਂ ਰੋਟੀ ਦੀ ਬੁਰਕੀ ਧੱਕੇ ਨਾਲ ਪਾਈ, ਜਦੋਂ ਮੁਸਲਿਮ ਹੋਣ ਕਰ ਕੇ ਉਹ ਰੋਜ਼ੇ ਦਾ ਵਰਤ ਨਿਭਾਅ ਰਿਹਾ ਸੀ। ਇਸ ਤਰ੍ਹਾਂ ਉਸ ਦਾ ਰੋਜ਼ਾ ਧੱਕੇ ਨਾਲ ਭੰਗ ਕਰਨ ਦੀ ਘਟਨਾ ਵਾਪਰ ਗਈ। ਆਪਣੀ ਭਾਈਵਾਲ ਪਾਰਟੀ ਦੇ ਆਗੂਆਂ ਦੀ ਇਸ ਧੱਕੇਸ਼ਾਹੀ ਬਾਰੇ ਭਾਜਪਾ ਆਗੂ ਤਿੰਨ ਦਿਨ ਚੁੱਪ ਰਹੇ ਤੇ ਫਿਰ ਅਫਸੋਸ ਤੋਂ ਅੱਗੇ ਕਾਰਵਾਈ ਕਰਨ ਵੱਲ ਨਹੀਂ ਵਧੇ। ਉਸ ਮੁਲਾਜ਼ਮ ਦਾ ਰੋਜ਼ਾ ਟੁੱਟਣਾ ਆਪਣੀ ਥਾਂ ਹੈ, ਕਿਸੇ ਸਰਕਾਰੀ ਕਰਿੰਦੇ ਨਾਲ ਏਦਾਂ ਵਿਹਾਰ ਕਰਨਾ ਉਂਜ ਵੀ ਜੁਰਮ ਹੈ, ਪਰ ਇਸ ਜੁਰਮ ਉਤੇ ਪੋਚਾ ਮਾਰ ਦਿੱਤਾ ਗਿਆ। ਸ਼ਾਇਦ ਇਸ ਪਿੱਛੇ ਕਾਰਨ ਇਹ ਹੈ ਕਿ ਅਗਲੇ ਦਿਨਾਂ ਵਿਚ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਉਥੇ ਭਾਜਪਾ ਦੇ ਭਾਈਵਾਲ ਸ਼ਿਵ ਸੈਨਾ ਵਾਲੇ ਏਦਾਂ ਹੀ ਧੌਂਸ ਦੀ ਰਾਜਨੀਤੀ ਕਰਦੇ ਹਨ ਅਤੇ ਭਾਜਪਾ ਵੀ ਇਸ ਧੌਂਸ ਦਾ ਲਾਭ ਲੈਣਾ ਚਾਹੁੰਦੀ ਹੈ।
ਤੀਸਰਾ ਮਾਮਲਾ ਇਸ ਪੁਰਾਣੀ ਮੁਹਾਰਨੀ ਨੂੰ ਮੁੜ ਛੇੜੇ ਜਾਣ ਦਾ ਹੈ ਕਿ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਹੈ। ਕਈ ਵਾਰੀ ਇਹ ਸੁਰ ਕੱਢੀ ਅਤੇ ਲੋਕਾਂ ਦਾ ਹੁੰਗਾਰਾ ਨਾ ਮਿਲਣ ਕਾਰਨ ਛੱਡੀ ਗਈ ਹੈ। ਹੁਣ ਇਹ ਗੱਲ ਉਸ ਗੋਆ ਤੋਂ ਚਲਾਈ ਗਈ ਹੈ, ਜਿਹੜਾ ਲੰਮਾ ਸਮਾਂ ਪੁਰਤਗਾਲ ਦੇ ਅਧੀਨ ਰਿਹਾ ਸੀ ਤੇ ਜਿਸ ਦੀ ਆਮ ਜ਼ਿੰਦਗੀ ਪੱਛਮੀ ਦੇਸ਼ਾਂ ਵਰਗੀ ਹੋਣ ਕਰ ਕੇ ਅੱਜ ਤੀਕਰ ਭਾਰਤ ਵਿਚ ਵਿਦੇਸ਼ੀ ਟੂਰਿਸਟਾਂ ਦਾ ਸਭ ਤੋਂ ਮਨ-ਭਾਉਂਦਾ ਟਿਕਾਣਾ ਕਿਹਾ ਜਾਂਦਾ ਹੈ। ਉਥੋਂ ਦੇ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਭਾਰਤ ਹਿੰਦੂ ਰਾਸ਼ਟਰ ਹੋਣਾ ਚਾਹੀਦਾ ਹੈ। ਪਾਰਲੀਮੈਂਟ ਚੱਲਦੀ ਹੋਣ ਕਾਰਨ ਇਸ ਉਤੇ ਦਿੱਲੀ ਤੱਕ ਚਰਚਾ ਹੋ ਗਈ, ਪਰ ਜਿੱਥੋਂ ਇਹ ਗੱਲ ਚਲਾਈ ਗਈ ਸੀ, ਉਥੇ ਇਸ ਤੋਂ ਵੀ ਗੱਲ ਅੱਗੇ ਵਧ ਗਈ। ਗੋਆ ਦੇ ਇੱਕ ਮੰਤਰੀ ਨੇ ਇਹ ਕਹਿ ਦਿੱਤਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਦਾ ਦਰਜਾ ਹੁਣ ਦੇਣ ਦੀ ਲੋੜ ਨਹੀਂ, ਕਿਉਂਕਿ ਇਸ ਦਾ ਨਾਂ ਹਿੰਦੁਸਤਾਨ ਹੈ, ਇਸ ਲਈ ਇਹ ਮੁੱਢਾਂ ਤੋਂ ਹਿੰਦੂ ਰਾਸ਼ਟਰ ਰਿਹਾ ਹੈ। ਇਹ ਗੱਲ ਕਹਿਣ ਵਾਲਾ ਮੰਤਰੀ ਆਪ ਇਸਾਈ ਹੈ ਤੇ ਕਹਿੰਦਾ ਹੈ ਕਿ ਮੈਂ ਇਸਾਈ ਨਹੀਂ, ‘ਇਸਾਈ-ਹਿੰਦੂ’ ਹਾਂ। ਏਨੀ ਮਜ਼ੇਦਾਰ ਵਿਆਖਿਆ ਪਹਿਲੀ ਵਾਰੀ ਸੁਣੀ ਗਈ ਹੈ। ਸ਼ਾਇਦ ਉਹ ਭਾਜਪਾ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਵਜ਼ੀਰ ਬਣਾਈ ਰੱਖੋ, ਮੈਂ ਇਸਾਈ ਹੋ ਕੇ ਵੀ ਹਿੰਦੂਆਂ ਤੋਂ ਵੱਡਾ ਹਿੰਦੂ ਬਣਨ ਨੂੰ ਤਿਆਰ ਹਾਂ। ਇਸ ਮਾਮਲੇ ਵਿਚ ਆਰ ਐਸ ਐਸ ਦੇ ਮੋਢੀ ਗੁਰੂ ਗੋਲਵਾਲਕਰ ਦੀ ਗੱਲ ਯਾਦ ਆਉਂਦੀ ਹੈ ਕਿ ਪੁਰਾਣੇ ਮੁਸਲਮਾਨਾਂ ਨਾਲੋਂ ਹਿੰਦੂਆਂ ਵਿਚੋਂ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣਨ ਵਾਲੇ ਜ਼ਿਆਦਾ ਕੱਟੜ ਹਿੰਦੂ-ਵਿਰੋਧੀ ਹੋ ਜਾਂਦੇ ਹਨ, ਤਾਂ ਕਿ ਨਵੇਂ ਧਾਰਨ ਕੀਤੇ ਭਾਈਚਾਰੇ ਨੂੰ ਦੱਸ ਸਕਣ ਕਿ ਉਹ ਹੁਣ ਪਹਿਲਾਂ ਵਾਲੇ ਨਹੀਂ ਰਹੇ। ਗੋਆ ਵਿਚ ਇਸ ਇਸਾਈ ਮੰਤਰੀ ਦਾ ਆਪਣੇ ਆਪ ਨੂੰ ਇਸਾਈ-ਹਿੰਦੂ ਕਹਿਣਾ ਵੀ ਏਸੇ ਤਰ੍ਹਾਂ ਜਾਪਦਾ ਹੈ। ਜਿਹੜੀ ਗੱਲ ਮੰਤਰੀ ਬਣ ਕੇ ਉਸ ਨੇ ਕਹਿ ਦਿੱਤੀ ਹੈ, ਸਰਕਾਰਾਂ ਤੋਂ ਪਰੇ ਬੈਠੇ ਉਸ ਦੇ ਭਾਈਚਾਰੇ ਦੇ ਆਮ ਲੋਕ ਕਦੀ ਨਹੀਂ ਕਹਿ ਸਕਣਗੇ।
ਹਿੰਦੂ ਸ਼ਬਦ ਤੇ ਹਿੰਦੁਸਤਾਨ ਨੂੰ ਆਪਸ ਵਿਚ ਰਲਗੱਡ ਕਰ ਕੇ ਕਈ ਲੋਕ ਕੁਰਾਹੇ ਪਾਉਂਦੇ ਸਿੱਟੇ ਕੱਢਣ ਲੱਗ ਪੈਂਦੇ ਹਨ। ਧਰਮ ਤਾਂ ਇਹ ਕ੍ਰਿਸ਼ਨ ਤੇ ਰਾਮ ਜੀ ਦੇ ਯੁੱਗ ਵਿਚ ਵੀ ਸੀ, ਪਰ ਉਦੋਂ ਇਸ ਵਿਚ ਹਿੰਦੂ ਸ਼ਬਦ ਦੀ ਵਰਤੋਂ ਨਹੀਂ ਸੀ ਹੁੰਦੀ, ਇਹ ਬਹੁਤ ਬਾਅਦ ਪਰਸ਼ੀਅਨ ਲੇਖਕਾਂ ਦੀਆਂ ਲਿਖਤਾਂ ਤੋਂ ਸ਼ੁਰੂ ਹੋਈ, ਜਿਨ੍ਹਾਂ ਵਿਚ ਸਿੰਧ ਨਦੀ ਨੂੰ ‘ਹਿੰਦ’ ਆਖਣ ਦਾ ਰਿਵਾਜ ਸੀ। ਸਾਡੇ ਪੰਜਾਬ ਦੇ ਇੱਕ ਦਰਿਆ ਚਨਾਬ ਨੂੰ ਚਨਾਬ ਤੇ ਝਨਾਂ-ਦੋ ਨਾਂਵਾਂ ਨਾਲ ਲਿਖਣ ਦਾ ਰਿਵਾਜ ਸੀ, ਅਤੇ ਹੁਣ ਵੀ ਹੈ। ਰਾਵੀ ਅਤੇ ਚਨਾਬ ਦੇ ਵਿਚਲੇ ਇਲਾਕੇ ਨੂੰ ਦੋਵਾਂ ਦੇ ਨਾਂ ਜੋੜਦੇ ਹੋਏ ‘ਰਚਨਾ ਦੋਆਬ’ ਅਤੇ ਇਸੇ ਚਨਾਬ ਦੇ ਪਾਰਲੇ ਪਾਸੇ ਝਨਾਂ ਅਤੇ ਜੇਹਲਮ ਨੂੰ ਜੋੜ ਕੇ ‘ਝੱਜ ਦੋਆਬ’ ਇਸੇ ਲਈ ਕਿਹਾ ਜਾਂਦਾ ਹੈ। ਜਦੋਂ ਸਿੰਧ ਨੂੰ ਹਿੰਦ ਕਹਿਣ ਵਾਲੇ ਏਧਰ ਆਏ ਤਾਂ ‘ਪੰਚ-ਨਦ’ ਵਜੋਂ ਜਾਣੇ ਸਾਡੇ ਇਲਾਕੇ ਦਾ ਨਾਂ ਵੀ ਬਦਲ ਕੇ ਪੰਜਾਬ ਹੋ ਗਿਆ ਤੇ ਭਾਰਤ ਨੂੰ ‘ਹਿੰਦੁਸਤਾਨ’ ਕਹਿਣ ਦਾ ਰਿਵਾਜ ਵੀ ਉਦੋਂ ਪਿਆ ਸੀ, ਜਿਸ ਦੇ ਪਿੱਛੋਂ ਇਥੋਂ ਦੇ ਮੁੱਖ ਧਰਮ ਲਈ ‘ਹਿੰਦੂ’ ਸ਼ਬਦ ਦੀ ਵਰਤੋਂ ਹੋਣੀ ਸ਼ੁਰੂ ਹੋਈ ਸੀ। ਫਿਰ ਹਿੰਦੁਸਤਾਨ, ਹਿੰਦੂ ਤੇ ਹਿੰਦੀ ਬਾਰੇ ਵੀ ਭਰਮ ਹਨ ਕਿ ਇਹ ਸਾਰੇ ਸ਼ਬਦ ਇੱਕੋ ਭਾਸ਼ਾਈ ਜਾਂ ਧਾਰਮਿਕ ਪਰਿਵਾਰ ਦਾ ਅੰਗ ਹਨ, ਜਦ ਕਿ ਹਿੰਦੀ ਦੀ ਵਰਤੋਂ ਸਿਰਫ ਭਾਸ਼ਾ ਦੇ ਤੌਰ ਉਤੇ ਨਹੀਂ, ਇਸ ਦੇਸ਼ ਦੇ ਲੋਕਾਂ ਲਈ ਵੀ ਹੁੰਦੀ ਰਹੀ ਹੈ। ਗ਼ਦਰ ਲਹਿਰ ਵਿਚ ਜਿਹੜੇ ਵੀ ਲਿਖਾਰੀ ਨੇ ਕੁਝ ਲਿਖਿਆ, ਉਸ ਨੇ ‘ਹਿੰਦੀਓ’ ਸ਼ਬਦ ਨਾਲ ਭਾਰਤ ਦੇ ਸਾਰੇ ਲੋਕਾਂ ਨੂੰ ਦੇਸ਼ ਲਈ ਕੁਰਬਾਨ ਹੋਣ ਦਾ ਹੋਕਾ ਦਿੱਤਾ ਸੀ। ‘ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ’ ਵਾਲਾ ਤਰਾਨਾ ਵੀ ‘ਹਿੰਦੀ’ ਦਾ ਭਾਵ ਸਾਰੇ ਹਿੰਦੁਸਤਾਨ ਦੇ ਲੋਕ ਸਾਬਤ ਕਰਦਾ ਹੈ। ਹੁਣ ਕੁਝ ਲੋਕ ਇਨ੍ਹਾਂ ਭਾਸ਼ਾਈ ਗੁੰਝਲਾਂ ਨੂੰ ਆਪਣੀ ਸੌੜੀ ਸੋਚ ਲਈ ਵਰਤਣਾ ਚਾਹੁੰਦੇ ਹਨ।
ਸੌੜੀ ਸੋਚ ਲਈ ਇਸ ਨੂੰ ਵਰਤਣ ਵਾਲਿਆਂ ਵਿਚੋਂ ਇੱਕ ਭਾਜਪਾ ਆਗੂ ਨੇ ਤਿਲੰਗਾਨਾ ਰਾਜ ਵਿਚ ਸਰਕਾਰ ਵੱਲੋਂ ਸਾਨੀਆ ਮਿਰਜ਼ਾ ਨੂੰ ਬਰਾਂਡ ਅੰਬੈਸਡਰ ਬਣਾਉਣ ਦਾ ਫੈਸਲਾ ਰੱਦ ਕਰਨ ਦੀ ਮੰਗ ਚੁੱਕ ਲਈ। ਉਸ ਦੀ ਦਲੀਲ ਬੜੀ ਅਜੀਬ ਹੈ। ਪਹਿਲੀ ਗੱਲ ਇਹ ਕਹੀ ਗਈ ਕਿ ਸਾਨੀਆ ਤਿਲੰਗਾਨਾ ਵਿਚ ਨਹੀਂ, ਮੁੰਬਈ ਵਿਚ ਪੈਦਾ ਹੋਈ ਸੀ, ਇਸ ਲਈ ਇਹ ਸਾਡੀ ਨਹੀਂ। ਸਾਨੀਆ ਦਾ ਪਰਿਵਾਰ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਹੈਦਰਾਬਾਦ ਦਾ ਵਾਸੀ ਸੀ। ਕਿਸੇ ਕਾਰਨ ਇਹ ਪੈਦਾਇਸ਼ ਮੁੰਬਈ ਵਿਚ ਹੋ ਗਈ ਤੇ ਤਿੰਨ ਹਫਤੇ ਦੀ ਬੱਚੀ ਫਿਰ ਹੈਦਰਾਬਾਦ ਪਹੁੰਚ ਗਈ ਤਾਂ ਉਥੋਂ ਦੀ ਕਿਵੇਂ ਨਾ ਹੋਈ? ਸਾਡੇ ਪੰਜਾਬ ਦੇ ਕਈ ਫੌਜੀ ਜਾਂ ਹੋਰ ਨੌਕਰੀਆਂ ਕਰਦੇ ਲੋਕ ਆਪਣੇ ਪਰਿਵਾਰ ਨਾਲ ਲੈ ਜਾਂਦੇ ਹਨ। ਉਨ੍ਹਾਂ ਦੇ ਬੱਚੇ ਭਾਰਤ ਦੇ ਕਿਸੇ ਵੀ ਰਾਜ ਵਿਚ ਪੈਦਾ ਹੋਣ, ਪੰਜਾਬੀ ਭਲਾ ਕਿਵੇਂ ਨਹੀਂ ਮੰਨੇ ਜਾਣਗੇ? ਦੂਸਰੀ ਦਲੀਲ ਇਹ ਕਿ ਸਾਨੀਆ ਇੱਕ ਪਾਕਿਸਤਾਨੀ ਮੁੰਡੇ ਨਾਲ ਵਿਆਹੀ ਹੈ। ਸਾਨੀਆ ਮਿਰਜ਼ਾ ਨੇ ਇਸ ਵਿਆਹ ਦੇ ਬਾਅਦ ਵੀ ਜਿੰਨੇ ਸੰਸਾਰ ਪੱਧਰ ਦੇ ਟੂਰਨਾਮੈਂਟ ਖੇਡੇ, ਹਰ ਵਾਰੀ ਭਾਰਤੀ ਬਣ ਕੇ ਖੇਡੀ ਅਤੇ ਜਿੱਥੇ ਕਿਤੇ ਉਹ ਜਿੱਤ ਗਈ, ਝੰਡਾ ਪਾਕਿਸਤਾਨ ਦਾ ਨਹੀਂ, ਭਾਰਤ ਦਾ ਲਹਿਰਾਇਆ ਗਿਆ। ਫਿਰ ਉਹ ਭਾਰਤੀ ਕਿਵੇਂ ਨਾ ਹੋਈ? ਹੈਰਾਨੀ ਦੀ ਗੱਲ ਇਹ ਹੈ ਕਿ ਸਾਨੀਆ ਦੇ ਪਾਕਿਸਤਾਨ ਵਿਚ ਵਿਆਹੀ ਹੋਣ ਦੀ ਦਲੀਲ ਉਸ ਪਾਰਟੀ ਦੇ ਆਗੂ ਨੇ ਦਿੱਤੀ ਹੈ, ਜਿਨ੍ਹਾਂ ਨੇ ਨਾਨੀ ਬਣ ਚੁੱਕੀ ਸੋਨੀਆ ਗਾਂਧੀ ਨੂੰ ਅਜੇ ਤੱਕ ਭਾਰਤੀ ਮੰਨਣ ਦੀ ਥਾਂ ‘ਇਟਲੀ ਦੀ’ ਕਹਿਣਾ ਜਾਰੀ ਰੱਖਿਆ ਹੈ। ਜਦੋਂ ਕੋਈ ਵਿਆਹ ਕੇ ਆਈ ਤਾਂ ਪੇਕਿਆਂ ਦਾ ਮਿਹਣਾ ਤੇ ਜੇ ਕੋਈ ਵਿਆਹ ਕੇ ਗਈ ਤਾਂ ਸਹੁਰਿਆਂ ਦਾ ਮਿਹਣਾ ਦੇ ਦਿੱਤਾ। ਸਾਨੂੰ ਗੁਰਦਾਸ ਮਾਨ ਦਾ ਗੀਤ ਯਾਦ ਕਰਨਾ ਚਾਹੀਦਾ ਹੈ, ਜਿਸ ਵਿਚ ਧੀ ਨੂੰ ਕਿਹਾ ਗਿਆ ਹੈ ਕਿ ‘ਪੇਕੇ ਘਰ ਵਿਚ ਤੈਨੂੰ ਕਹਿਣ ਪਰਾਈ ਨੀਂ ਧੀਏ, ਸਹੁਰੇ ਘਰ ਵਿਚ ਕਹਿਣ ਬੇਗਾਨੀ ਜਾਈ ਨੀਂ ਧੀਏ।’ ਏਦਾਂ ਦੇ ਮਿਹਣੇ ਉਸ ਜਨੂੰਨੀ ਸੋਚ ਵਿਚੋਂ ਨਿਕਲਦੇ ਹਨ, ਜਿਹੜੀ ਹਰ ਗੱਲ ਨੂੰ ਸਿਰਫ ਆਪਣੀ ਲੋੜ ਮੁਤਾਬਕ ਤੋੜ-ਮਰੋੜ ਕੇ ਵਰਤਦੀ ਹੈ।
ਆਪਣੀ ਲੋੜ ਮੁਤਾਬਕ ਹਕੀਕਤਾਂ ਨੂੰ ਮਰੋੜਾ ਦੇਣ ਦੀਆਂ ਕਈ ਮਿਸਾਲਾਂ ਵਿਚੋਂ ਇੱਕ ਪੁਰਾਣਾ ਕਿੱਸਾ ਵੀ ਯਾਦ ਕਰਨਾ ਚਾਹੀਦਾ ਹੈ। ‘ਰਾਮਾਇਣ’ ਦੇ ਬਹੁ-ਚਰਚਿਤ ਸੀਰੀਅਲ ਵਿਚ ਦੀਪਿਕਾ ਚਿਖਾਲੀਆ ਨੇ ਸੀਤਾ ਦਾ ਰੋਲ ਅਦਾ ਕੀਤਾ ਸੀ। ਕੁਝ ਚਿਰ ਪਿੱਛੋਂ ਉਸੇ ਦੀਪਿਕਾ ਨੇ ਟੀਪੂ ਸੁਲਤਾਨ ਦੇ ਸੀਰੀਅਲ ਵਿਚ ਟੀਪੂ ਦੀ ਅੰਮੀ-ਜਾਨ ਦਾ ਰੋਲ ਵੀ ਕਰ ਦਿੱਤਾ। ਅਗਲੀਆਂ ਚੋਣਾਂ ਵਿਚ ਉਸ ਕੋਲ ਭਾਜਪਾ ਤੇ ਕਾਂਗਰਸ ਵਾਲੀਆਂ ਦੋਵਾਂ ਧਿਰਾਂ ਦੇ ਲੋਕ ਪਹੁੰਚ ਕਰਨ ਤੁਰ ਪਏ, ਪਰ ਕਾਂਗਰਸ ਇੱਕ ਦਿਨ ਪਛੜ ਗਈ ਤੇ ਭਾਜਪਾ ਨੇ ਜਾ ਕੇ ਉਸ ਨੂੰ ਉਮੀਦਵਾਰ ਬਣਾ ਲਿਆ। ਜਦੋਂ ਉਹ ਚੋਣ ਲੜਨਾ ਮੰਨ ਗਈ ਤਾਂ ਉਸ ਦੇ ਸੀਤਾ ਵਾਲੇ ਰੋਲ ਨਾਲ ਉਸ ਦੀ ਮੁਹਿੰਮ ਚਲਾਈ ਗਈ। ਇੱਕ ਦਿਨ ਭਾਜਪਾ ਦੇ ਇੱਕ ਆਗੂ ਨਾਲ ਗੱਲਬਾਤ ਵਿਚ ਅਸੀਂ ਇਹ ਪੁੱਛ ਲਿਆ ਕਿ ਜੇ ਸਿਰਫ ਇੱਕ ਦਿਨ ਕਾਂਗਰਸ ਪਛੜ ਨਾ ਜਾਂਦੀ ਤੇ ਦੀਪਿਕਾ ਨੇ ਉਨ੍ਹਾਂ ਵੱਲੋਂ ਚੋਣ ਲੜੀ ਹੁੰਦੀ, ਕੀ ਤੁਸੀਂ ਫਿਰ ਵੀ ਉਸ ਨੂੰ ਸੀਤਾ-ਮਾਤਾ ਮੰਨ ਲੈਂਦੇ? ਉਸ ਨੇ ਹੱਸ ਕੇ ਇਹ ਜਵਾਬ ਦਿੱਤਾ ਸੀ ਕਿ ‘ਸਾਨੂੰ ਇਸ ਦੀ ਲੋੜ ਹੀ ਨਹੀਂ ਸੀ ਪੈਣੀ, ਅਸੀਂ ਉਸ ਨੂੰ ਟੀਪੂ ਸੁਲਤਾਨ ਦੀ ਅੰਮੀ ਕਹਿਣਾ ਸੀ।’
ਮਾਮਲਾ ਸਾਨੀਆ ਮਿਰਜ਼ਾ ਦਾ ਹੋਵੇ ਜਾਂ ਕੋਈ ਹੋਰ, ਜਿਹੜੇ ਲੋਕ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਜਾਂ ਪਹਿਲਾਂ ਤੋਂ ਇਸ ਦੇ ਹਿੰਦੂ ਰਾਸ਼ਟਰ ਹੋਣ ਦੀਆਂ ਗੱਲਾਂ ਕਰਦੇ ਹਨ, ਉਹ ਭਾਰਤ ਦੀ ਮਾਨਤਾ ਪ੍ਰਾਪਤ ‘ਅਨੇਕਤਾ ਵਿਚ ਏਕਤਾ’ ਵਾਲੀ ਅੰਤਰ-ਆਤਮਾ ਨੂੰ ਵਲੂੰਧਰਨ ਦੇ ਯਤਨ ਹੀ ਕਰ ਰਹੇ ਹਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁਸ਼ਕਲਾਂ ਪੈਦਾ ਕਰਨਗੇ ਜਾਂ ਨਹੀਂ, ਪਰ ਇਹ ਕਹਿਣ ਵਿਚ ਕੋਈ ਹਰਜ ਨਹੀਂ ਸਮਝਦੇ ਕਿ ਇਨ੍ਹਾਂ ਕੋਝੀਆਂ ਹੁੱਝਾਂ ਨਾਲ ਸਮੁੱਚੇ ਭਾਰਤ ਦੇਸ਼ ਦੇ ਭਵਿੱਖ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਤੋਂ ਬਚਣ ਦੀ ਭਾਰਤ ਨੂੰ ਲੋੜ ਹੈ।

Be the first to comment

Leave a Reply

Your email address will not be published.