ਜਿਨਾ ਅੰਦਰਿ ਨਾਮੁ ਨਿਧਾਨ ਹਰਿ ਤਿਨ ਕੇ ਕਾਜ ਦਯਿ ਆਦੈ ਰਾਸਿ

ਡਾæ ਗੁਰਨਾਮ ਕੌਰ, ਕੈਨੇਡਾ
ਗੁਰੂ ਰਾਮਦਾਸ ਗਉੜੀ ਦੀ ਵਾਰ ਵਿਚ ਸਤਿਗੁਰੁ, ਸਤਿਗੁਰੁ ਦੀ ਬਾਣੀ ਅਰਥਾਤ ਸ਼ਬਦ, ਅਕਾਲ ਪੁਰਖ ਅਤੇ ਸਤਿਗੁਰੁ ਦੀ ਰਾਹਨੁਮਾਈ ਵਿਚ ਮਨੁੱਖ ਵੱਲੋਂ ਅਕਾਲ ਪੁਰਖ ਦਾ ਨਾਮ ਸਵਾਸ ਸਵਾਸ ਜਪਣ ਦੀ ਗੱਲ ਕਰ ਰਹੇ ਹਨ।
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ॥
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ॥
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ॥
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ॥
ਗੁਰੂ ਸਾਹਿਬ ਉਕਤ ਸਲੋਕ ਵਿਚ ਵੀ ਇਸੇ ਤੱਥ ਦੀ ਪ੍ਰੋੜਤਾ ਕਰ ਰਹੇ ਹਨ ਕਿ ਅਕਾਲ ਪੁਰਖ ਦੇ ਨਾਮ ਦਾ ਅਮੋਲਕ ਖਜ਼ਾਨਾ ਜਿਨ੍ਹਾਂ ਦੇ ਹਿਰਦੇ ਵਿਚ ਵਸਦਾ ਹੈ, ਅਕਾਲ ਪੁਰਖ ਉਨ੍ਹਾਂ ਦੇ ਸਾਰੇ ਕਾਰਜ ਆਪ ਸੰਵਾਰਦਾ ਹੈ। ਗੁਰੂ ਰਾਮਦਾਸ ਮਨੁੱਖ ਨੂੰ ਇਹ ਦ੍ਰਿੜ ਕਰਵਾਉਂਦੇ ਹਨ ਕਿ ਅਕਾਲ ਪੁਰਖ ਦਾ ਨਾਮ ਇੱਕ ਖ਼ਜ਼ਾਨਾ ਹੈ ਅਰਥਾਤ ਕੀਮਤੀ ਵਸਤੂ ਹੈ ਜਿਸ ਦਾ ਨਿਵਾਸ ਮਨੁੱਖ ਦੇ ਹਿਰਦੇ ਵਿਚ ਹੈ (ਇਸ ਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ), ਜਿਨ੍ਹਾਂ ਜੀਵਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਵਾਹਿਗੁਰੂ ਦਾ ਨਾਮ ਉਨ੍ਹਾਂ ਦੇ ਅੰਦਰ ਹੀ ਹੈ ਪਰਮਾਤਮਾ ਨੇ ਆਪ ਹੀ ਅਜਿਹੇ ਮਨੁੱਖਾਂ ਦੇ ਕਾਰਜ ਸਫਲ ਕਰ ਦਿੱਤੇ ਹਨ। ਅਕਾਲ ਪੁਰਖ ਅਜਿਹੇ ਮਨੁੱਖਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈ ਅਤੇ ਹਰ ਸਮੇਂ ਸਹਾਈ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਦੂਸਰੇ ਲੋਕਾਂ ਦੇ ਮੁਥਾਜ ਨਹੀਂ ਹੋਣਾ ਪੈਂਦਾ ਕਿਉਂਕਿ ਕਰਤਾ ਪੁਰਖ ਸਦਾ ਉਨ੍ਹਾਂ ਦੀ ਧਿਰ ਬਣਦਾ ਹੈ। ਜਦੋਂ ਕਰਤਾ ਪੁਰਖ ਆਪ ਉਨ੍ਹਾਂ ਦੇ ਹੱਕ ਵਿਚ ਹੁੰਦਾ ਹੈ ਤਾਂ ਸਾਰੇ ਲੋਕ ਉਨ੍ਹਾਂ ਦਾ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਜਦੋਂ ਸਿਰਜਣਹਾਰ ਆਪ ਉਨ੍ਹਾਂ ਦਾ ਪੱਖ ਕਰਦਾ ਹੈ ਤਾਂ ਸਾਰੇ ਲੋਕ ਵੀ ਉਨ੍ਹਾ ਦਾ ਪੱਖ ਕਰਦੇ ਹਨ, ਇਥੋਂ ਤੱਕ ਕਿ ਸ਼ਾਹ, ਪਾਤਿਸ਼ਾਹ ਸਾਰੇ ਹੀ ਪਰਮਾਤਮਾ ਦੇ ਭਗਤ ਅੱਗੇ ਸਿਰ ਨਿਵਾਉਂਦੇ ਹਨ ਕਿਉਂਕਿ ਸਾਰੇ ਜੀਵ ਉਸ ਅਕਾਲ ਪੁਰਖ ਦੇ ਹੀ ਬਣਾਏ ਹੋਏ ਹਨ।
ਇਸੇ ਸਲੋਕ ਵਿਚ ਅੱਗੇ ਦੱਸਿਆ ਗਿਆ ਹੈ ਕਿ ਇਹ ਸਭ ਪੂਰੇ ਗੁਰੂ ਦੀ ਵਡਿਆਈ ਸਦਕਾ ਸੰਭਵ ਹੈ ਕਿ ਸਾਰੇ ਲੋਕ ਅਜਿਹੇ ਮਨੁੱਖ ਦਾ ਸਤਿਕਾਰ ਕਰਦੇ ਹਨ ਕਿਉਂਕਿ ਪੂਰੇ ਗੁਰੂ ਦੀ ਸਿੱਖਿਆ ਰਾਹੀਂ ਇਹ ਸੰਭਵ ਹੁੰਦਾ ਹੈ ਕਿ ਮਨੁੱਖ ਆਪਣੇ ਅੰਦਰ ਪਏ ਨਾਮ-ਖਜ਼ਾਨੇ ਨੂੰ ਲੱਭ ਲੈਂਦਾ ਹੈ ਅਤੇ ਉਸ ਅਕਾਲ ਪੁਰਖ ਦੀ ਸੇਵਾ ਸਦਕਾ ਅਤੁਲ ਸੁਖ ਪਾਉਂਦਾ ਹੈ। ਪੂਰੇ ਗੁਰੂ ਦੀ ਅਗਵਾਈ ਸਦਕਾ ਆਪਣੇ ਸੇਵਕ ਨੂੰ ਪਰਮਾਤਮਾ ਨੇ ਜੋ ਨਾਮ ਦਾ ਦਾਨ ਬਖਸ਼ਿਸ਼ ਕੀਤਾ ਹੈ, ਉਹ ਮੁੱਕਦਾ ਨਹੀਂ ਬਲਕਿ ਪਰਮਾਤਮਾ ਦੀ ਬਖਸ਼ਿਸ਼ ਸਦਕਾ ਹਰ ਰੋਜ਼ ਦੂਣ-ਸਵਾਇਆ ਵਧਦਾ ਰਹਿੰਦਾ ਹੈ। ਇਹ ਸਾਰੀ ਵਡਿਆਈ ਮਨੁੱਖ ਨੂੰ ਪੂਰੇ ਗੁਰੂ ਦੀ ਮਿਹਰ ਸਦਕਾ ਮਿਲਦੀ ਹੈ ਜਿਸ ਤੋਂ ਮਨੁੱਖ ਨਾਮ ਜਪਣ ਦਾ ਵੱਲ ਸਿੱਖਦਾ ਹੈ। ਪਰ ਜੇ ਕੋਈ ਨਿੰਦਕ ਅਕਾਲ ਪੁਰਖ ਦੇ ਸੇਵਕ ਦੀ ਇਸ ਕਿਸਮ ਦੀ ਵਡਿਆਈ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ, ਉਸ ਨੂੰ ਕਰਤਾ ਪੁਰਖ ਨੇ ਆਪ ਦੁਖੀ ਕੀਤਾ ਹੈ, ਈਰਖਾ ਦੀ ਅੱਗ ਵਿਚ ਸਾੜਿਆ ਹੈ। ਗੁਰੂ ਰਾਮਦਾਸ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ਸਿਰਜਣਹਾਰ ਦਾ ਦਾਸ ਮੰਨਦੇ ਹਨ ਅਤੇ ਸਦਾ ਉਸ ਦੇ ਗੁਣ ਗਾਉਂਦੇ ਹਨ, ਉਹ ਪਰਵਰਦਗਾਰ ਆਪਣੇ ਭਗਤਾਂ ਦੀ ਸਦਾ ਹੀ ਰਾਖੀ ਕਰਦਾ ਆਇਆ ਹੈ,
ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖ ਪਾਇਆ॥
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ॥
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ॥
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ॥੨॥ (ਪੰਨਾ ੩੦੫)
ਦਸਵੀਂ ਪਉੜੀ ਵਿਚ ਗੁਰੂ ਰਾਮਦਾਸ ਉਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹ ਅਕਾਲ ਪੁਰਖ ਸਰਬ-ਉਚ, ਅਪਹੁੰਚ ਹੈ ਜੋ ਸਭ ‘ਤੇ ਆਪਣੀ ਮਿਹਰ ਕਰਨ ਵਾਲਾ, ਸਭ ਨੂੰ ਦਾਤਾਂ ਦੇਣ ਵਾਲਾ ਅਤੇ ਸਿਆਣਾ ਹੈ। ਉਸ ਵਰਗਾ ਵੱਡਾ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ ਜੋ ਉਸ ਜਿੰਨਾ ਸਿਆਣਾ ਹੋਵੇ, ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਆਪਣੇ ਮਨ ਵਿਚ ਬੇਹੱਦ ਪਿਆਰਾ ਲੱਗਦਾ ਹੈ। ਇਸ ਮਾਇਆਵੀ ਸੰਸਾਰ ਵਿਚ ਪਰਿਵਾਰ ਅਤੇ ਉਸ ਦਾ ਮੋਹ ਜੋ ਵੀ ਨਜ਼ਰ ਆਉਂਦਾ ਹੈ, ਸਭ ਬਿਨਸਣਹਾਰ ਹੈ, ਕੁਝ ਵੀ ਸਥਾਈ ਨਹੀਂ ਹੈ ਅਤੇ ਜੰਮਣ-ਮਰਨ ਦਾ ਕਾਰਨ ਬਣਦਾ ਹੈ। ਜਿਹੜੇ ਮਨੁੱਖ ਉਸ ਸਦੀਵੀ ਰਹਿਣ ਵਾਲੇ ਅਕਾਲ ਪੁਰਖ ਤੋਂ ਬਿਨਾ ਹੋਰ ਸੰਸਾਰਕ ਵਸਤਾਂ ਨਾਲ ਆਪਣਾ ਮਨ ਜੋੜ ਲੈਂਦੇ ਹਨ, ਉਹ ਕੂੜ ਦੇ ਵਪਾਰੀ ਹਨ, ਉਨ੍ਹਾਂ ਦਾ ਮੋਹ ਝੂਠਾ ਹੈ ਅਤੇ ਅਜਿਹੇ ਮੋਹ ਦਾ ਮਾਣ ਵੀ ਝੂਠਾ ਹੈ।
ਗੁਰੂ ਸਾਹਿਬ ਆਪਣੇ ਮਨ ਨੂੰ ਉਸ ਸੱਚੇ ਪਰਵਰਦਗਾਰ ਦਾ ਸਿਮਰਨ ਕਰਨ ਦਾ ਆਦੇਸ਼ ਕਰਦੇ ਹਨ ਅਤੇ ਦੱਸਦੇ ਹਨ ਕਿ ਜਿਹੜੇ ਆਪਣਾ ਮਨ ਉਸ ਸੱਚੇ ਅਕਾਲ ਪੁਰਖ ਵੱਲ ਨਹੀਂ ਲਾਉਂਦੇ, ਉਹ ਉਸ ਦੇ ਨਾਮ ਤੋਂ ਵਿਰਵੇ ਮੂਰਖ ਹਰ ਰੋਜ਼ ਦੁਖੀ ਹੁੰਦੇ ਹਨ ਅਤੇ ਸੜ ਸੜ ਕੇ ਆਤਮਕ ਮੌਤ ਸਹੇੜਦੇ ਹਨ,
ਤੂ ਸਾਹਿਬੁ ਅਗਮੁ ਦਇਆਲੁ ਹੈ ਵਡ ਦਾਤਾ ਦਾਣਾ॥
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂ ਹੈਂ ਸੁਘੜੁ ਮੇਰੈ ਮਨਿ ਭਾਣਾ॥
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣਜਾਣਾ॥
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ॥
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ॥੧੦॥ (ਪੰਨਾ ੩੦੫)
ਇਸ ਸਲੋਕ ਵਿਚ ਗੁਰੂ ਰਾਮਦਾਸ ਨੇ ਮਨਮੁਖ ਦੀ ਗੱਲ ਕੀਤੀ ਹੈ, ਜੋ ਗੁਰੂ ਦੇ ਸਨਮੁਖ ਹੋ ਕੇ ਨਹੀਂ ਚੱਲਦਾ। ਗੁਰੂ ਸਾਹਿਬ ਦੱਸਦੇ ਹਨ ਕਿ ਮਨਮੁਖ ਬੰਦਾ ਪਹਿਲਾਂ ਤਾਂ ਗੁਰੂ ਦੇ ਬਚਨਾਂ ਦਾ ਸਤਿਕਾਰ ਨਾ ਕਰਕੇ ਉਨ੍ਹਾਂ ਵੱਲ ਕੰਨ ਨਹੀਂ ਧਰਦਾ, ਪਰ ਸਮਾਂ ਲੰਘ ਜਾਣ ‘ਤੇ ਜੇ ਉਹ ਕੁਝ ਕਹਿੰਦਾ ਹੈ ਤਾਂ ਇਸ ਕਹਿਣ ਦਾ ਕੋਈ ਲਾਭ ਨਹੀਂ ਹੁੰਦਾ। ਅਜਿਹਾ ਅਭਾਗਾ ਮਨੁੱਖ ਦੋ-ਚਿੱਤਾ ਹੋ ਕੇ ਅਰਥਾਤ ਆਪਣੇ ਮਨ ਨਾਲ ਕੋਈ ਫੈਸਲਾ ਨਾ ਕਰਨ ਕਰਕੇ ਦੁਚਿੱਤੀ ਵਿਚ ਭਟਕਦਾ ਰਹਿੰਦਾ ਹੈ। ਜੇ ਮਨੁੱਖ ਦੇ ਮਨ ਅੰਦਰ ਗੁਰੂ ਲਈ ਸ਼ਰਧਾ ਅਤੇ ਪ੍ਰੇਮ ਨਹੀਂ ਹੈ, ਫਿਰ ਫੋਕੀਆਂ ਗੱਲਾਂ ਕਰਨ ਨਾਲ ਕੋਈ ਸੁੱਖ ਕਿਵੇਂ ਪ੍ਰਾਪਤ ਹੋਵੇ। ਜੇ ਮਨ ਦੇ ਅੰਦਰ ਗੁਰੂ ਲਈ ਪ੍ਰੇਮ ਨਹੀਂ ਹੈ, ਫਿਰ ਗੁਰੂ ਦੇ ਦਰ ‘ਤੇ ਜਾਣਾ ਨਿਰਾ ਲੋਕ-ਦਿਖਾਵਾ ਹੈ ਅਤੇ ਅਜਿਹੀ ਲੋਕਾਚਾਰੀ ਦਾ ਕੋਈ ਲਾਭ ਨਹੀਂ,
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ॥
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ॥
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ॥
ਗੁਰੂ ਸਾਹਿਬ ਅੱਗੇ ਜ਼ਿਕਰ ਕਰਦੇ ਹਨ ਕਿ ਜੇ ਮਨੁੱਖ ਉਤੇ ਉਸ ਸਿਰਜਣਹਾਰ ਅਕਾਲ ਪੁਰਖ ਦੀ ਮਿਹਰ ਹੋਵੇ, ਉਹ ਆਪਣੀ ਕ੍ਰਿਪਾ ਕਰੇ ਤਾਂ ਹੀ ਉਸ ਮਨੁੱਖ ਨੂੰ ਇਹ ਗੱਲ ਪਰਗਟ ਹੁੰਦੀ ਹੈ, ਸਮਝ ਆਉਂਦੀ ਹੈ ਕਿ ਸਤਿਗੁਰੁ ਉਸ ਪਾਰਬ੍ਰਹਮ ਦਾ ਹੀ ਸਰੂਪ ਹੈ (ਸਤਿਗੁਰੁ ਉਹ ਹੈ ਜਿਸ ਨੇ ਆਪਣੇ ਅੰਦਰ ਵਸਦੀ ਰੱਬੀ ਜੋਤਿ ਨੂੰ ਆਤਮਸਾਤ ਕਰ ਲਿਆ ਹੈ ਅਤੇ ਜਿਸ ਨੇ ਉਸ ਦਾ ਅਨੁਭਵ ਕਰ ਲਿਆ ਹੈ, ਉਹ ਉਸੇ ਦਾ ਸਰੂਪ ਹੋ ਜਾਂਦਾ ਹੈ)। ਉਸ ਅਕਾਲ ਪੁਰਖ ਦੀ ਮਿਹਰ ਨਾਲ ਸਤਿਗੁਰੁ ਦੀ ਪਛਾਣ ਕਰਕੇ ਫਿਰ ਉਹ ਮਨੁੱਖ ਸਤਿਗੁਰੁ ਦਾ ਸ਼ਬਦ-ਰੂਪ ਅੰਮ੍ਰਿਤ ਪੀਂਦਾ ਹੈ ਅਤੇ ਅਜਿਹੇ ਮਨੁੱਖ ਦੇ ਅੰਦਰੋਂ ਹਰ ਤਰ੍ਹਾਂ ਦੀ ਚਿੰਤਾ, ਝੋਰਾ ਅਤੇ ਦੁਬਿਧਾ ਦੂਰ ਹੋ ਜਾਂਦੇ ਹਨ। ਗੁਰੂ ਦੇ ਸ਼ਬਦ ਦਾ ਅਨੁਸਾਰੀ ਹੋ ਕੇ ਫਿਰ ਅਜਿਹਾ ਮਨੁੱਖ ਹਰ ਰੋਜ਼ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ ਅਤੇ ਉਸ ਦਾ ਮਨ ਦਿਨ ਰਾਤ ਅਨੰਦ ਮਾਣਦਾ ਹੈ (ਜਦੋਂ ਗੁਰੂ ਦੇ ਸ਼ਬਦ ਰਾਹੀਂ ਮਨੁੱਖ ਦਾ ਮਨ ਝੋਰੇ, ਚਿੰਤਾ, ਦੁਬਿਧਾ ਆਦਿ ਤੋਂ ਮੁਕਤ ਹੋ ਜਾਂਦਾ ਹੈ ਤਾਂ ਮਨ ਵਿਚ ਸਦੀਵੀ ਸੁੱਖ ਦਾ ਨਿਵਾਸ ਹੁੰਦਾ ਹੈ),
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ॥
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ॥
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ॥੧॥ (ਪੰਨਾ ੩੦੫)
ਅਗਲੇ ਸਲੋਕ ਵਿਚ ਗੁਰੂ ਰਾਮਦਾਸ ਗੁਰੂ ਦੇ ਸਿੱਖ ਦੀ ਵਿਆਖਿਆ ਕਰਦੇ ਹਨ ਕਿ ਗੁਰੂ ਦਾ ਸਿੱਖ ਕਿਹੋ ਜਿਹਾ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਵਾਲਾ, ਗੁਰੂ ਦਾ ਸਨਮੁਖ ਸਿੱਖ ਅਖਵਾਉਂਦਾ ਹੈ, ਹਰ ਰੋਜ਼ ਸਵੇਰੇ ਉਠ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ (ਸਵੇਰ ਦੇ ਸਮੇਂ ਵਾਤਾਵਰਣ ਸ਼ਾਂਤ ਅਤੇ ਤਾਜ਼ਾ ਹੁੰਦਾ ਹੈ)। ਉਹ ਸਵੇਰੇ ਉਠ ਕੇ ਉਦਮ ਕਰਦਾ ਹੈ ਅਤੇ ਇਸ਼ਨਾਨ ਕਰਕੇ ਨਾਮ-ਰੂਪ ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ, ਭਾਵ ਆਪਣੇ ਮਨ ਨੂੰ ਪਰਮਾਤਮ-ਸੁਰਤਿ ਨਾਲ ਇਕਸੁਰ ਕਰਦਾ ਹੈ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਉਂਦਾ ਹੈ ਅਤੇ ਵਾਹਿਗੁਰੂ ਦਾ ਜਾਪ ਕਰਦਾ ਹੈ। ਇਸ ਤਰ੍ਹਾਂ ਉਸ ਦੇ ਮਨ ਤੋਂ ਸਾਰੇ ਵਿਕਾਰ, ਪਾਪ ਅਤੇ ਦੁੱਖ ਲਹਿ ਜਾਂਦੇ ਹਨ, ਭਾਵ ਨਾਮ ਸਿਮਰਨ ਰਾਹੀਂ ਉਸ ਦਾ ਮਨ ਵਿਕਾਰਾਂ ਤੋਂ ਸ਼ੁੱਧ ਹੋ ਜਾਂਦਾ ਹੈ,
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਅੱਗੇ ਦੱਸਿਆ ਗਿਆ ਹੈ ਕਿ ਫਿਰ ਦਿਨ ਚੜ੍ਹਨ ‘ਤੇ ਸਤਿਗੁਰੁ ਦੀ ਬਾਣੀ ਦਾ ਕੀਰਤਨ ਕਰਦਾ ਹੈ ਅਤੇ ਦਿਨ ਭਰ ਦੀ ਕਿਰਤ, ਕਾਰਜ ਕਰਦਿਆਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ। ਸਤਿਗੁਰੁ ਨੂੰ ਉਹ ਸਿੱਖ ਚੰਗਾ ਲਗਦਾ ਹੈ ਜਿਹੜਾ ਅਕਾਲ ਪੁਰਖ ਨੂੰ ਹਰ ਵੇਲੇ ਯਾਦ ਕਰਦਾ ਹੈ। ਗੁਰੂ ਦੀ ਸੰਗਤ ਮਿਲਣੀ ਅਤੇ ਗੁਰੂ ਦਾ ਉਪਦੇਸ਼ ਸੁਣਨਾ ਇਹ ਅਕਾਲ ਪੁਰਖ ਦੀ ਮਿਹਰ ਸਦਕਾ ਹੁੰਦਾ ਹੈ। ਗੁਰੂ ਰਾਮਦਾਸ ਫਰਮਾਉਂਦੇ ਹਨ ਕਿ ਜਿਸ ‘ਤੇ ਪਿਆਰਾ ਪਰਮਾਤਮਾ ਦਇਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੁ ਆਪਣਾ ਉਪਦੇਸ਼ ਦਿੰਦਾ ਹੈ, ਸਿੱਖਿਆ ਦਿੰਦਾ ਹੈ। ਗੁਰੂ ਜੀ ਆਪ ਅਜਿਹੇ ਗੁਰਸਿੱਖ ਦੇ ਚਰਨਾਂ ਦੀ ਧੂੜ ਮੰਗਦੇ ਹਨ ਜਿਹੜਾ ਆਪ ਨਾਮ ਜਪਦਾ ਹੈ ਅਤੇ ਦੂਸਰਿਆਂ ਨੂੰ ਨਾਮ ਜਪਾਉਂਦਾ ਹੈ, ਹੋਰਾਂ ਨੂੰ ਨਾਮ ਸਿਮਰਨ ਵੱਲ ਲਾਉਂਦਾ ਹੈ,
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥੨॥ (ਪੰਨਾ ੩੦੫-੩੦੬)
ਅਗਲੀ ਪਉੜੀ ਵਿਚ ਅਕਾਲ ਪੁਰਖ ਦਾ ਨਾਮ ਸਿਮਰਨ ਵਾਲੇ ਗੁਰਮੁਖਾਂ ਦੀ ਗੱਲ ਕਰਦਿਆਂ ਗੁਰੂ ਰਾਮਦਾਸ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਹੇ ਵਾਹਿਗੁਰੂ! ਤੇਰੇ ਨਾਮ ਦਾ ਸਿਮਰਨ ਕਰਨ ਵਾਲੇ, ਤੇਰਾ ਧਿਆਨ ਧਰਨ ਵਾਲੇ ਬਹੁਤ ਵਿਰਲੇ ਜਿਊੜੇ ਹਨ, ਕੋਈ ਕੋਈ ਹਨ ਜੋ ਤੇਰਾ ਧਿਆਨ ਧਰਦੇ ਹਨ। ਅਜਿਹੇ ਪੂਰਨ ਇਕਾਗਰਤਾ ਵਿਚ ਉਸ ਅਕਾਲ ਪੁਰਖ ਦੀ ਅਰਾਧਨਾ ਕਰਨ ਵਾਲੇ ਮਨੁੱਖਾਂ ਦੀ ਕਮਾਈ ਬੇਅੰਤ ਜੀਵ ਖਾਂਦੇ ਹਨ। ਗੁਰੂ ਮਹਾਰਾਜ ਕਹਿੰਦੇ ਹਨ ਕਿ ਭਾਵੇਂ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦਾ ਧਿਆਨ ਧਰਦੀ ਹੈ, ਉਸ ਦਾ ਸਿਮਰਨ ਕਰਦੀ ਹੈ ਪਰ ਉਸ ਦੇ ਦਰ ‘ਤੇ ਪਰਵਾਨ ਉਹੀ ਹੁੰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਪਸੰਦ ਕਰਦਾ ਹੈ, ਜੋ ਉਸ ਦੀ ਸਵੱਲੀ ਨਿਗਾਹ ਵਿਚ ਆ ਜਾਂਦੇ ਹਨ। ਜਿਹੜੇ ਮਨੁੱਖ ਸਤਿਗੁਰੁ ਦੀ ਸੇਵਾ ਤੋਂ ਵਿਰਵੇ ਰਹਿ ਕੇ ਸੰਸਾਰਕ ਸੁੱਖਾਂ ਵਿਚ ਅਰਥਾਤ ਖਾਣ-ਪੀਣ ਅਤੇ ਪਹਿਨਣ ਆਦਿ ਸੁਆਦਾਂ ਵਿਚ ਲੱਗੇ ਹੋਏ ਹਨ, ਉਨ੍ਹਾਂ ਦਾ ਸੰਸਾਰ ‘ਤੇ ਆਉਣਾ ਬੇਕਾਰ ਹੈ, ਉਹ ਕੋਹੜੇ ਹਨ ਜੋ ਵਾਰ ਵਾਰ ਜੰਮਦੇ ਅਤੇ ਮਰਦੇ ਹਨ। ਉਨ੍ਹਾਂ ਦਾ ਜਨਮ-ਮਰਨ ਦਾ ਚੱਕਰ ਖਤਮ ਨਹੀਂ ਹੁੰਦਾ। ਅਜਿਹੇ ਮਨੁੱਖ ਮੂੰਹ ਦੇ ਮਿੱਠੇ ਹੁੰਦੇ ਹਨ ਪਰ ਪਿੱਠ ਪਿੱਛੇ ਨਿੰਦਾ-ਚੁਗਲੀ ਕਰਦੇ ਹਨ, ਮੂੰਹ ਵਿਚੋਂ ਜ਼ਹਿਰ ਉਗਲਦੇ ਹਨ। ਅਜਿਹੇ ਮਨੁੱਖ ਜਿਹੜੇ ਮਨ ਦੇ ਖੋਟੇ ਹਨ, ਨੂੰ ਪਰਮਾਤਮਾ ਨੇ ਆਪਣੇ ਆਪ ਨਾਲੋਂ ਵਿਛੋੜ ਦਿੱਤਾ ਹੈ,
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ॥
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ॥
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ॥
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ॥
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ॥
ਮਨਿ ਖੋਟੇ ਦਯਿ ਵਿਛੋੜੇ॥੧੧॥ (ਪੰਨਾ ੩੦੬)
ਗੁਰਮਤਿ ਦਰਸ਼ਨ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਪਰਵਾਨ ਕੀਤੀਆਂ ਹਨ-ਗੁਰਮੁਖਿ ਅਤੇ ਮਨਮੁਖਿ। ਪਹਿਲਾਂ ਗੁਰਮੁਖਾਂ ਦੀ ਗੱਲ ਕੀਤੀ ਸੀ ਹੁਣ ਗੁਰੂ ਤੋਂ ਬੇਮੁਖ ਹੋ ਕੇ ਚੱਲਣ ਵਾਲਿਆਂ ਦੀ ਗੱਲ ਕਰਦੇ ਹਨ। ਗੰਦਗੀ ਨਾਲ ਭਰਿਆ ਹੋਇਆ ਨੀਲਾ ਤੇ ਕਾਲਾ ਜੁਲਾ ਮਨਮੁਖ ਨੇ ਮਨਮੁਖ ਨੂੰ ਪਾ ਦਿੱਤਾ ਅਤੇ ਅਜਿਹੇ ਬੰਦੇ ਨੂੰ ਦੁਨੀਆਂ ਵਿਚ ਕੋਈ ਆਪਣੇ ਲਾਗੇ ਬੈਠਣ ਵੀ ਨਹੀਂ ਦਿੰਦਾ ਅਤੇ ਮਨਮੁਖ ਬਲਕਿ ਹੋਰ ਵਾਧੂ ਗੰਦਗੀ ਲਾ ਕੇ ਵਾਪਸ ਆ ਜਾਂਦਾ ਹੈ। ਜੋ ਮਨਮੁਖ ਦੂਸਰਿਆਂ ਦੀ ਨਿੰਦਾ-ਚੁਗਲੀ ਕਰਨ ਲਈ ਭੇਜਿਆ ਗਿਆ ਸੀ ਉਥੇ ਵੀ ਦੋਵਾਂ ਮਨਮੁਖਾਂ ਦਾ ਮੂੰਹ ਕਾਲਾ ਕੀਤਾ ਗਿਆ। ਸੰਸਾਰ ਵਿਚ ਸਭ ਪਾਸੇ ਤੁਰਤ ਇਹ ਸੁਣਿਆ ਗਿਆ ਕਿ ਮਨਮੁਖ ਨੂੰ ਉਸ ਦੇ ਨੌਕਰ ਸਮੇਤ ਜੁੱਤੀਆਂ ਪਈਆਂ ਅਤੇ ਠਿੱਠ ਹੋ ਕੇ ਘਰ ਵਾਪਸ ਆ ਗਿਆ,
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ॥
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ॥
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ॥
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ॥
ਅਜਿਹੇ ਮਨਮੁਖ ਨੂੰ ਸੰਗਤਾਂ ਅਤੇ ਅੰਗਾਂ-ਸਾਕਾਂ ਵਿਚ ਮਿਲ ਕੇ ਬੈਠਣਾ ਨਾ ਮਿਲਿਆ ਤਾਂ ਵਹੁਟੀ ਅਤੇ ਭਤੀਜਿਆਂ ਨੇ ਲਿਆ ਕੇ ਘਰ ਵਿਚ ਥਾਂ ਦਿੱਤੀ। ਉਸ ਦਾ ਇਹ ਸੰਸਾਰ ਅਤੇ ਅਗਲਾ ਦੋਵੇਂ ਜਾਂਦੇ ਲੱਗੇ ਅਤੇ ਹੁਣ ਭੁੱਖਾ ਚੀਕਦਾ-ਕੂਕਦਾ ਹੈ। ਉਹ ਅਕਾਲ ਪੁਰਖ ਸਿਰਜਣਹਾਰ ਧੰਨ ਹੈ ਜਿਸ ਨੇ ਆਪ ਬਰੀਕੀ ਨਾਲ ਸੱਚਾ ਇਨਸਾਫ ਕਰਾਇਆ ਹੈ ਕਿ ਜੋ ਮਨੁੱਖ ਪੂਰੇ ਸਤਿਗੁਰੁ ਦੀ ਨਿੰਦਾ ਕਰਦਾ ਹੈ, ਸੱਚਾ ਪਰਮਾਤਮਾ ਉਸ ਨੂੰ ਆਪ ਆਤਮਕ ਮੌਤ ਦਿੰਦਾ ਹੈ, ਜਿਸ ਨਾਲ ਉਹ ਦੁਖੀ ਹੁੰਦਾ ਹੈ। ਇਹ ਨਿਆਂ ਦਾ ਬਚਨ ਉਸ ਅਕਾਲ ਪੁਰਖ ਨੇ ਆਪ ਆਖਿਆ ਹੈ,
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀਂ ਫਿਰਿ ਆਣਿ ਘਰਿ ਪਾਇਆ॥
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ॥
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ॥
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ॥
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ॥੧॥ (ਪੰਨਾ ੩੦੬)

Be the first to comment

Leave a Reply

Your email address will not be published.