ਗੋਲ ਬਿਸਤਰਾ ਖੋਲ੍ਹੀਏ

ਬਲਜੀਤ ਬਾਸੀ
ਬਿਸਤਰਾ ਮਨੁੱਖੀ ਜ਼ਿੰਦਗੀ ਦੀ ਇਕ ਲਾਜ਼ਮੀ ਆਰਾਮਗਾਹ ਹੈ। ਆਮ ਆਦਮੀ ਦੀ ਉਮਰ ਦਾ ਘਟੋ ਘੱਟ ਤੀਜਾ ਹਿੱਸਾ ਤਾਂ ਜ਼ਰੂਰ ਬਿਸਤਰੇ ‘ਤੇ ਹੀ ਬਸਰ ਹੁੰਦਾ ਹੈ ਹਾਲਾਂਕਿ ਬਥੇਰੇ ਐਸੇ ਵੀ ਹਨ ਜਿਹੜੇ ਅੱਧੀ ਜ਼ਿੰਦਗੀ ਬਿਸਤਰੇ ‘ਤੇ ਲਿਟਿਆਂ ਹੀ ਬਤੀਤ ਕਰ ਦਿੰਦੇ ਹਨ। ਬੀਮਾਰ ਆਦਮੀ ਦਾ ਅੱਧਾ ਇਲਾਜ ਬਿਸਤਰਾ ਹੀ ਕਰਦਾ ਹੈ। ਉਂਜ ਬਿਸਤਰੇ ਬਿਸਤਰੇ ਦਾ ਵੀ ਫਰਕ ਹੈ। ਅਮੀਰ ਆਦਮੀ ਦਾ ਬਿਸਤਰਾ ਤਾਂ ਸਮਝੋ ਸੇਜ ਹੀ ਹੁੰਦੀ ਹੈ ਜਦ ਕਿ ਗਰੀਬ ਫਕੀਰ ਦੀ ਗੋਦੜੀ ਜਾਂ ਖਿੰਥਾ ਹੀ ਬਿਸਤਰਾ ਹੈ। ਅੱਜ ਕੱਲ੍ਹ ਆਮ ਪੰਜਾਬੀ ਬਿਸਤਰੇ ਵਿਚ ਸਭ ਤੋਂ ਹੇਠਾਂ ਇਕ ਦਰੀ, ਫਿਰ ਤਲਾਈ, ਤੇ ਸਭ ਤੋਂ ਉਪਰ ਚਾਦਰ ਵਿਛਾਈ ਜਾਂਦੀ ਹੈ। ਸਿਰ ਦੇ ਢਾਸਣੇ ਲਈ ਸਿਰਹਾਣਾ ਅਤੇ ਉਪਰ ਓੜਨ ਲਈ ਮੌਸਮ ਦੇ ਹਿਸਾਬ ਨਾਲ ਚਾਦਰ, ਕੰਬਲ ਜਾਂ ਰਜਾਈ ਹੁੰਦੀ ਹੈ। ਸੰਖੇਪ ਵਿਚ ਸੌਣ ਹਿਤ ਵਿਛਾਏ ਕਪੜੇ ਹੀ ਬਿਸਤਰਾ ਹੁੰਦਾ ਹੈ।
ਬਿਸਤਰਾ ਸ਼ਬਦ ਦਾ ਪੂਰਵਵਰਤੀ ਰੂਪ ਬਿਸਤਰ ਹੈ। ਬਿਸਤਰਾ ਸ਼ਬਦ ਫਾਰਸੀ ਅਸਲੇ ਦਾ ਹੈ, ਜਿਥੋਂ ਇਹ ਭਾਰਤੀ ਭਾਸ਼ਾਵਾਂ ਵਿਚ ਦਾਖਲ ਹੋਇਆ। ਫਾਰਸੀ ਵਿਚ ਇਸ ਸ਼ਬਦ ਦਾ ਅਰਥ ਫਰਸ਼ ਵੀ ਹੁੰਦਾ ਹੈ। ਫਾਰਸੀ ‘ਬਿਸਤਰ-ਨਸ਼ੀਨ’ ਦਾ ਮਤਲਬ ਹੈ ‘ਬਿਸਤਰੇ ਵਿਚ ਪਿਆ।’ ਬਹੁਤ ਸਾਰੇ ਸ੍ਰੋਤਾਂ ਅਨੁਸਾਰ ਇਹ ਸ਼ਬਦ ਸੰਸਕ੍ਰਿਤ ‘ਵਿਸਤਰ’ ਤੋਂ ਬਣਿਆ ਹੈ ਜਿਸ ਤੋਂ ਵਿਸਤਾਰ ਜਾਂ ਵਿਸਥਾਰ ਸ਼ਬਦ ਵੀ ਬਣੇ ਹਨ। ਇਸ ਵਿਚ ਫੈਲਾਉ ਦੇ ਭਾਵ ਹਨ। ਸੰਸਕ੍ਰਿਤ ਵਿਸਤਰ ਬਣਿਆ ਹੈ ‘ਵਿ+ਸਤ੍ਰ’ ਤੋਂ। ‘ਵਿ’ ਤਾਂ ਇਕ ਅਗੇਤਰ ਹੀ ਹੈ ‘ਸਤ੍ਰ’ ਦਾ ਅਰਥ ਹੈ-ਫੈਲਣਾ, ਵਿਛਣਾ। ‘ਸਤ੍ਰ’ ਭਾਰੋਪੀ ਖਾਸੇ ਵਾਲਾ ਮੂਲ ਹੈ ਜਿਸ ਦੇ ਸੁਜਾਤੀ ਸ਼ਬਦ ਗਰੀਕ, ਲਾਤੀਨੀ, ਗੌਥਿਕ, ਜਰਮਨ ਅਤੇ ਅੰਗਰੇਜ਼ੀ ਵਿਚ ਮਿਲਦੇ ਹਨ। ਅੰਗਰੇਜ਼ੀ ਸ਼ਬਦ ੰਟਰeੱ ਇਸੇ ਨਾਲ ਜਾ ਜੁੜਦਾ ਹੈ ਜਿਸ ਦਾ ਅਰਥ ਖਿੰਡਾਉਣਾ, ਫੈਲਾਉਣਾ ਹੁੰਦਾ ਹੈ। ੰਟਰੁਚਟੁਰe ਸ਼ਬਦ ਵੀ ਇਸੇ ਮੂਲ ਤੋਂ ਬਣਿਆ ਹੈ। ਕੁਝ ਵਿਦਵਾਨਾਂ ਅਨੁਸਾਰ ਤਾਰੇ ਦੇ ਅਰਥ ਵਾਲਾ ੰਟਅਰ ਸ਼ਬਦ ਵੀ ਇਸੇ ਤੋਂ ਨਿਰਮਿਤ ਹੋਇਆ ਕਿਉਂਕਿ ਤਾਰਾ ਵੀ ਰੋਸ਼ਨੀ ਦੀਆਂ ਕਿਰਨਾਂ ਫੈਲਾਉਂਦਾ ਹੈ।
ਸੰਸਕ੍ਰਿਤ ਵਿਚ ਵਿਸਤਰ ਸ਼ਬਦ ਦੇ ਅਰਥ ਪਲੰਘ ਜਾਂ ਆਸਣ ਵੀ ਹੈ। ਅਸੀਂ ਜਾਣਦੇ ਹਾਂ ਕਿ ਲੋੜੀਂਦੇ ਕੱਪੜਿਆਂ ਨੂੰ ਮੰਜੇ ਆਦਿ ‘ਤੇ ਵਿਛਾਉਣ ਨਾਲ ਹੀ ਬਿਸਤਰੇ ਦਾ ਰੂਪ ਉਘੜਦਾ ਹੈ। ਬਿਸਤਰੇ ਲਈ ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਵਿਛਾਉਣਾ ਸ਼ਬਦ ਵੀ ਵਰਤਿਆ ਜਾਂਦਾ ਹੈ ਜਿਸ ਵਿਚ ਵਿਛਾਉਣ ਦਾ ਭਾਵ ਸਪਸ਼ਟ ਹੀ ਨਿਹਿਤ ਹੈ। ਅਸਲ ਵਿਚ ਵਿਛਾਉਣਾ ਸ਼ਬਦ ਵਿਸਤਰ ਦਾ ਹੀ ਵਿਗੜਿਆ ਰੂਪ ਹੈ। ਇਸ ਲਈ ਧੁਨੀ ਤੇ ਅਰਥ ਪੱਖੋਂ ਬਿਸਤਰਾ ਸ਼ਬਦ ਵਿਚ ਵਿਸਤਾਰਨ ਦਾ ਭਾਵ ਸਾਰਥਕ ਲਗਦਾ ਹੈ। ਇਸ ਤੋਂ ਇਹ ਅਨੁਮਾਨ ਸੌਖਿਆਂ ਹੀ ਲਗਦਾ ਹੈ ਕਿ ਸੰਸਕ੍ਰਿਤ ਤੋਂ ਵਿਸਤਰ ਸ਼ਬਦ ਫਾਰਸੀ ਵਿਚ ਗਿਆ ਤੇ ਉਥੋਂ ਬਿਸਤਰ ਤੇ ਫਿਰ ਬਿਸਤਰਾ ਬਣ ਕੇ ਸਾਡੀਆ ਭਾਸ਼ਾਵਾਂ ਵਿਚ ਮੁੜ ਆਇਆ। ਪਰ ਬਿਸਤਰਾ ਸ਼ਬਦ ਦੀ ਵਿਉਤਪਤੀ ਇਕ ਹੋਰ ਮੂਲ ਤੋਂ ਵੀ ਸਹੀ ਕੀਤੀ ਜਾਂਦੀ ਹੈ ਜੋ ਮੈਨੂੰ ਵਧੇਰੇ ਤਾਰਕਿਕ ਮਲੂਮ ਹੁੰਦੀ ਹੈ। ਫਾਰਸੀ ਵਿਚ ਬਿਸਤਰ ਸ਼ਬਦ ਵਧੇਰੇ ਤੌਰ ‘ਤੇ ਫਕੀਰ, ਫੌਜੀ ਜਾਂ ਮੁਸਾਫਿਰ ਦੇ ਵਿਛਾਉਣੇ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਸਵੇਰੇ ਜਾਂ ਸੌਣ ਪਿਛੋਂ ਇਕੱਠਾ ਜਾਂ ਗੋਲ ਕਰ ਲਿਆ ਜਾਂਦਾ ਹੈ। ਫਾਰਸੀ ਵਿਚ ਬਿਸਤਰ ਦਾ ਅਰਥ ਫਕੀਰ ਦੀ ਅਰਾਮਗਾਹ ਵੀ ਹੈ। ਆਮ ਤੌਰ ‘ਤੇ ਅਸੀਂ ਮੰਜੇ ਆਦਿ ‘ਤੇ ਵਿਛਾਏ ਬਿਸਤਰੇ ਨੂੰ ਹਰ ਰੋਜ਼ ਗੋਲ ਨਹੀਂ ਕਰਦੇ, ਜਾਂ ਤਾਂ ਵਿਛੇ ਰਹਿਣ ਦਿੰਦੇ ਹਾਂ ਜਾਂ ਤਹਿ ਮਾਰ ਕੇ ਰੱਖਦੇ ਹਾਂ। ਸੋ, ਫਾਰਸੀ ਬਿਸਤਰੇ ਵਿਚ ਸਫਰ ਵਿਚ ਲਿਜਾਣ ਵਾਲੀ ਸਹੂਲਤ ਦਾ ਭਾਵ ਵਧੇਰੇ ਪ੍ਰਤੱਖ ਹੁੰਦਾ ਹੈ। ਬਿਸਤਰਾ ਵਿਛਾਉਣਾ, ਲਾਉਣਾ ਜਾਂ ਜਮਾਉਣਾ ਉਕਤੀਆਂ ਤੋਂ ਭਾਵ ਇਕ ਐਸੀ ਚੀਜ਼ ਹੈ ਜੋ ਪਹਿਲਾਂ ਅਣਵਿਛੀ ਹੈ। ਦਰਅਸਲ ਇਥੇ ਬੰਨ੍ਹੀ ਹੋਈ ਚੀਜ਼ ਤੋਂ ਮੁਰਾਦ ਹੈ।
ਬੰਨ੍ਹਣਾ ਇਕ ਭਾਰੋਪੀ ਅਸਲੇ ਵਾਲਾ ਸ਼ਬਦ ਹੈ ਜਿਸ ਤੋਂ ਅੰਗਰੇਜ਼ੀ ਭਨਿਦ, ਭੋਨਦ ਆਦਿ ਸ਼ਬਦ ਬਣਦੇ ਹਨ। ਸਾਡੀ ਭਾਸ਼ਾ ਵਿਚ ਇਸ ਦੇ ਹੋਰ ਰੂਪ ਹਨ-ਬੱਝਾ, ਬੱਧਾ, ਬੰਧ ਆਦਿ। ਪੰਜਾਬੀ ਤੇ ਹੋਰ ਭਾਸ਼ਾਵਾਂ ਦਾ ਬੱਧ ਸ਼ਬਦ ਸੰਸਕ੍ਰਿਤ ਬੱਧ ਹੀ ਹੈ। ਫਾਰਸੀ ਵਿਚ ਬੱਧ ਦੇ ਸਮਾਨੰਤਰ ਬਸਤ ਸ਼ਬਦ ਆਉਂਦਾ ਹੈ ਜਿਸ ਦਾ ਅਰਥ ਬੱਝਾ, ਬੰਦ, ਜੰਮਿਆ ਹੁੰਦਾ ਹੈ। ਉਰਦੂ ‘ਚ ‘ਬਸਤ ਕਰਨਾ’ ਦਾ ਮਤਲਬ ਬੰਨ੍ਹਣਾ, ਇਕੱਠਾ ਕਰਨਾ ਹੁੰਦਾ ਹੈ। ਇਸ ਤੋਂ ਬਸਤੋ-ਬੰਦ ਜਾਂ ਬੰਦੋਬਸਤ ਸ਼ਬਦ ਬਣਦੇ ਹਨ ਜਿਸ ਦੇ ਸ਼ਾਬਦਿਕ ਅਰਥ ਤਾਂ ਬੰਨ੍ਹਣਾ ਹੀ ਹੈ ਪਰ ਵਿਕਸਿਤ ਅਰਥ ਹਨ-ਯੋਜਨਾਬੰਦੀ, ਇੰਤਜ਼ਾਮ, ਪ੍ਰਬੰਧ, ਵਿਵਸਥਾ, ਢੰਗ, ਹੀਲਾ, ਜੁਗਤ, ਨਿਪਟਾਰਾ ਆਦਿ। ਪੰਜਾਬੀ ਵਿਚ ਕੁਝ ਇਸੇ ਭਾਵ ਦੇ ਸਮਾਨੰਤਰ ਲੀਹਾਂ ‘ਤੇ ਵਿਕਸਿਤ ਹੋਏ ਦੋ ਸ਼ਬਦ ਹਨ-ਬੰਨ੍ਹ-ਸੁੱਬ ਤੇ ਬਾਨ੍ਹਣੂ।
ਫਾਰਸੀ ਬਸਤਾਕ ਦਾ ਅਰਥ ਨੌਕਰ, ਚਾਕਰ, ਟਹਿਲੂਏ ਆਦਿ ਹੁੰਦਾ ਹੈ ਯਾਨਿ ਜੋ ਨਾਲ ਬੱਧੇ ਹੋਏ ਹਨ। ਦਸਤਬਸਤ ਦਾ ਅਰਥ ਦੋਨੋਂ ਹੱਥ ਜੋੜ ਕੇ ਨਮਸਕਾਰ ਕਰਨਾ ਹੁੰਦਾ ਹੈ। ਅਸੀਂ ਪੰਜਾਬੀ ਵਿਚ ਬੇਹੱਦ ਨਿਮਰਤਾ ਤੇ ਅਧੀਨਗੀ ਜਤਾਉਂਦੇ ਕਹਿ ਦਿੰਦੇ ਹਾਂ, ‘ਦੋਨੋਂ ਹੱਥ ਬੰਨ੍ਹ ਕੇ ਮੇਰੀ ਮਿੰਨਤ ਹੈ।’ ਇਸ ਹਿਸਾਬ ਨਾਲ ਬਿਸਤਰਾ ਉਹ ਹੈ ਜੋ ਬੰਨ੍ਹਿਆ ਹੋਇਆ ਹੈ, ਅਰਥਾਤ ਲਗਾਤਾਰ ਸਫਰ ਤੇ ਜਾ ਰਹੇ ਫਕੀਰ, ਫੌਜੀ ਜਾਂ ਮੁਸਾਫਿਰ ਦੇ ਉਹ ਚੰਦ ਕੱਪੜੇ ਹਨ ਜੋ ਇਕ ਗਠੜੀ ਦੀ ਤਰ੍ਹਾਂ ਬੰਨ੍ਹੇ ਹੋਏ ਹਨ ਤੇ ਜਿਸ ਨੂੰ ਖੋਲ੍ਹ ਕੇ ਸੌਣ ਵਾਸਤੇ ਕਦੇ ਵੀ ਵਿਛਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸ ਤਰ੍ਹਾਂ ਬਿਸਤਰੇ ਵਿਚ ਦਰਅਸਲ ਬਿਸਤਰਾ-ਬੰਨ੍ਹ ਦਾ ਭਾਵ ਨਿਹਿਤ ਹੈ ਤੇ ਦੇਖਿਆ ਜਾਵੇ ਤਾਂ ਬਿਸਤਰਾ-ਬੰਨ੍ਹ ਸ਼ਬਦ ਵਿਚ ਦੋ ਬੰਨ੍ਹ ਸਮਾਏ ਹੋਏ ਹਨ। ਹੋਰ ਮਜ਼ੇ ਦੀ ਗੱਲ ਹੈ ਕਿ ਕਿਸੇ ਨੂੰ ਕੱਢ ਦੇਣਾ, ਭਜਾ ਦੇਣਾ ਜਾਂ ਬੇਦਖਲ ਕਰ ਦੇਣਾ ਦੇ ਅਰਥਾਂ ਵਾਲਾ ‘ਬਿਸਤਰਾ ਗੋਲ ਕਰਨਾ’ ਮੁਹਾਵਰਾ ਪ੍ਰਚਲਿਤ ਹੈ ਜਦ ਕਿ ਅਸੀਂ ਦੇਖਿਆ ਹੈ ਕਿ ਬਿਸਤਰਾ ਤਾਂ ਪਹਿਲਾਂ ਹੀ ਗੋਲ ਹੈ! ਇਕ ਹੋਰ ਸ਼ਬਦ-ਜੁੱਟ ਹੈ ‘ਬੋਰੀਆ-ਬਿਸਤਰਾ’ ਜਿਸ ਤੋਂ ਇਸੇ ਅਰਥ ਵਾਲਾ ਮੁਹਾਵਰਾ ਬਣਿਆ ਹੈ, ‘ਬੋਰੀਆ ਬਿਸਤਰਾ ਗੋਲ ਕਰਨਾ।’ ਅਸਲ ਵਿਚ ਫਾਰਸੀ ਬੋਰੀਆ ਦਾ ਅਰਥ ਵੀ ਬਿਸਤਰਾ ਹੀ ਹੈ। ਇਸ ਤਰ੍ਹਾਂ ਦੇ ਦੁਹਰਾਉ ਨੂੰ ਦੁਰੁਕਤੀ ਆਖਦੇ ਹਨ। ਖਤ-ਪੱਤਰ, ਜਲ-ਪਾਣੀ ਵੀ ਦੁਰੁਕਤੀਆਂ ਹਨ। ਬਿਸਤਰਾ ਗਿੱਲਾ ਕਰਨਾ ਦਾ ਮਤਲਬ ਬੱਚੇ ਜਾਂ ਬੁਢੇ ਦਾ ਬਿਸਤਰੇ ਵਿਚ ਹੀ ਪਿਸ਼ਾਬ ਕਰਨਾ ਹੁੰਦਾ ਹੈ। ਹਮ-ਬਿਸਤਰ ਹੋਣਾ ਦਾ ਮਤਲਬ ਨਾਜਾਇਜ਼ ਲਿੰਗਕ ਸਬੰਧਾਂ ਵਿਚ ਬੱਝ ਕੇ ਔਰਤ-ਮਰਦ ਦਾ ਇਕੱਠਿਆਂ ਸੌਣਾ ਹੁੰਦਾ ਹੈ। ਠੇਠ ਪੰਜਾਬੀ ਵਿਚ ਨਾਲ ਪੈਣਾ ਕਹਿ ਲਿਆ ਜਾਂਦਾ ਹੈ।
ਅੰਗਰੇਜ਼ੀ ਬੈੱਡ ਸ਼ਬਦ ਆਮ ਤੌਰ ‘ਤੇ ਮੰਜੇ ਵੱਲ ਸੰਕੇਤ ਕਰਦਾ ਹੈ। ਹਾਂ, ਕਦੇ ਕਦੇ ਇਸ ਤੋਂ ਭਾਵ ਮੰਜਾ-ਬਿਸਤਰਾ ਵੀ ਹੁੰਦਾ ਹੈ। ਇਕੱਲੇ ਬਿਸਤਰੇ ਲਈ ਅੰਗਰੇਜ਼ੀ ਸ਼ਬਦ ਬੈਡਿੰਗ ਹੈ। ਪਰ ਸਾਡੇ ਚਿਤਵਨ ਵਿਚ ਸ਼ਾਇਦ ਬੈੱਡ ਸ਼ਬਦ ਦਾ ਅਰਥ ਬਿਸਤਰਾ ਹੈ ਇਸੇ ਲਈ ਪੰਜਾਬੀ ਅਖਬਾਰਾਂ ਵਿਚ ਹਸਪਤਾਲ ਦੇ ਬੈੱਡਾਂ ਲਈ ਬਿਸਤਰੇ ਸ਼ਬਦ ਵਰਤਿਆ ਜਾਦਾ ਹੈ, ਜਿਵੇਂ ‘ਪੰਜਾਹ ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਗਿਆ।’ ਮੇਰੀ ਜਾਚੇ ਅਜਿਹੇ ਸੰਦਰਭ ਵਿਚ ਮੰਜਾ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ, ‘ਪੰਜਾਹ ਮੰਜਿਆਂ ਵਾਲਾ ਹਸਪਤਾਲ’ ਕਿਉਂਕਿ ਮੰਜਾ ਸ਼ਬਦ ਹੀ ਅੰਗਰੇਜ਼ੀ ਬੈੱਡ ਦਾ ਸਹੀ ਅਰਥਾਵਾਂ ਹੈ। ਨਾਲੇ ਬਿਸਤਰੇ ਨਾਲੋਂ ਮੰਜੇ ਦੁਆਰਾ ਸਥਾਨ ਘੇਰਨ ਅਤੇ ਬੀਮਾਰ ਦੇ ਲਿਟਣ ਦੇ ਭਾਵ ਵਧੇਰੇ ਉਜਾਗਰ ਹੁੰਦੇ ਹਨ।
ਫਾਰਸੀ ‘ਬਸਤ’ ਮੂਲ ਤੋਂ ਇਕ ਹੋਰ ਅਹਿਮ ਸ਼ਬਦ ਬਣਿਆ ਹੈ ਤੇ ਉਹ ਹੈ-ਝੋਲੇ, ਥੈਲੇ ਜਾਂ ਜੁਜ਼ਦਾਨ ਦੇ ਅਰਥਾਂ ਵਾਲਾ ਬਸਤਾ ਸ਼ਬਦ। ਇਹ ਸ਼ਬਦ ਮੁਢਲੇ ਤੌਰ ‘ਤੇ ਕਾਗਜ਼, ਕਿਤਾਬਾਂ, ਮਿਸਲਾਂ ਆਦਿ ਬੰਨ੍ਹਣ ਵਾਲੇ ਕਪੜੇ ਦੀ ਗਠੜੀ ਵੱਲ ਸੰਕੇਤ ਕਰਦਾ ਹੈ। ਬਹੁਤਿਆਂ ਨੂੰ ਚੇਤੇ ਹੋਵੇਗਾ, ਪਹਿਲੀਆਂ ਵਿਚ ਬੱਚੇ ਖੱਦਰ ਆਦਿ ਦੀ ਗੱਠ ਜਿਹੀ ਵਿਚ ਕਿਤਾਬਾਂ-ਕਾਪੀਆਂ ਬੰਨ੍ਹ ਕੇ ਸਕੂਲ ਲਿਜਾਂਦੇ ਸਨ। ਇਹੀ ਅਸਲੀ ਬਸਤਾ ਸੀ। ਬਾਅਦ ਵਿਚ ਕਪੜੇ ਵਿਚ ਸਿਊਣਾਂ ਮਾਰ ਕੇ ਝੋਲੇ ਜਿਹੇ ਦੀ ਸ਼ਕਲ ਦਿੱਤੀ ਗਈ। ਅਜੋਕੇ ਬਸਤੇ ਤਾਂ ਹੋਰ ਹੀ ਰੂਪ ਧਾਰ ਗਏ ਹਨ। ਅੱਜ ਕੱਲ੍ਹ ਸਕੂਲਾਂ ਵਿਚ ਬਸਤਾ ਸਜਾਉਣ ਦੇ ਮੁਕਾਬਲੇ ਹੁੰਦੇ ਹਨ। ਬਸਤੇ ਵਿਚ ਬੇਸ਼ੁਮਾਰ ਕਿਤਾਬਾਂ, ਕਾਪੀਆਂ, ਲੰਚ ਬਾਕਸ ਤੇ ਹੋਰ ਨਿੱਕੜ-ਸੁੱਕੜ ਹੁੰਦਾ ਹੈ। ਕਈ ਵਾਰੀ ਬਸਤੇ ਦਾ ਭਾਰ ਬੱਚੇ ਨਾਲੋਂ ਵੱਧ ਹੋ ਜਾਂਦਾ ਹੈ। ਸਾਡੇ ਵੇਲੇ ਤਾਂ ਪਾੜ੍ਹੇ ਦੀ ਨਿਸ਼ਾਨੀ ਫੱਟੀ ਬਸਤਾ ਹੀ ਸੀ। ਕਿਸੇ ਨੇ ਲਿਖਿਆ ਹੈ,
ਬਚਪਨ ਦਾ ਫੱਟੀ ਬਸਤਾ,
ਜਵਾਨੀ ਦਾ ਅਨੋਖਾ ਰਸਤਾ
ਜਿੰæਦਗੀ ਦੀ ਹਾਲਤ ਖਸਤਾ,
ਬਹੁਤ ਕੁਝ ਸਿਖਾ ਦਿੰਦੇ ਹਨ।
ਬਸਤੇ ਵਾਲੇ ਕਪੜੇ ਨੂੰ ਫਾਰਸੀ ਵਿਚ ਬਸਤਨੀ ਵੀ ਆਖਦੇ ਹਨ। ਬਸਤੇ ਦੇ ਮੁਕਾਬਲੇ ਵਿਚ ਅੰਗਰੇਜ਼ੀ ਸ਼ਬਦ ਬੰਡਲ ਆਉਂਦਾ ਹੈ ਜਿਸ ਵਿਚ ਵੀ ਬੰਨ੍ਹਣ ਦੇ ਭਾਵ ਹਨ। ਸਾਡੇ ਫਕੀਰ ਪੋਥੀਆਂ ‘ਕਮਰ ਬੱਧ’ ਵਿਚ ਰੱਖਦੇ ਸਨ, ਕਬੀਰ ਸਾਹਿਬ ਫਰਮਾਉਂਦੇ ਹਨ,
ਹਮ ਕਉ ਸਾਥਰੁ ਉਨ ਕਉ ਖਾਟ
ਮੂਡ ਪਲੋਸਿ ਕਮਰ ਬਧਿ ਪੋਥੀ॥
ਕਬੀਰ ਸਾਹਿਬ ਨੇ ਸਾਥਰ ਸ਼ਬਦ ਵਰਤਿਆ ਹੈ ਤਾਂ ਇਸ ਦੀ ਵੀ ਜ਼ਰਾ ਚਰਚਾ ਕਰ ਲਈਏ। ਸਾਥਰ ਜਾਂ ਸੱਥਰ ਸ਼ਬਦ ਵੀ ਇਕ ਤਰ੍ਹਾਂ ਬਿਸਤਰੇ ਦੇ ਅਰਥਾਂ ਵਿਚ ਵਰਤਿਆ ਜਾਂਦਾ ਹੈ। ਸੱਥਰ ਮੂਲ ਰੂਪ ਵਿਚ ਕੱਖਾਂ ਜਾਂ ਪਰਾਲੀ ਦੇ ਆਸਣ ਨੂੰ ਆਖਦੇ ਹਨ ਜੋ ਕਿਸੇ ਦੇ ਮਰ ਜਾਣ ‘ਤੇ ਅਫਸੋਸ ਕਰਨ ਲਈ ਵਿਛਾਇਆ ਜਾਂਦਾ ਹੈ। ਇਸ ਨੁੰ ਫੂਹੜੀ ਵੀ ਕਿਹਾ ਜਾਂਦਾ ਹੈ। ਸ਼ਬਦ ਹਜ਼ਾਰੇ ਵਿਚ ਤੁਕ ਆਉਂਦੀ ਹੈ, ‘ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।’ ਪੰਜਾਬੀ ਸੱਥਰ ਸ਼ਬਦ ਸੰਸਕ੍ਰਿਤ ਸਮਸਤਰ (ਸਮ+ਸਤਰ) ਦਾ ਵਿਉਤਪਤ ਰੂਪ ਹੈ। ਇਥੇ ਸਤਰ ਜੁਜ਼ ਦਾ ਅਰਥ ਵਿਛਾਉਣਾ, ਖਿਲਾਰਨਾ ਹੀ ਹੈ ਜੋ ਅਸੀਂ ਪਹਿਲਾਂ ਦੇਖ ਆਏ ਹਾਂ। ਘਾਹ-ਫੂਸ ਜਾਂ ਨਾਲੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ੰਟਰਅੱ ਵੀ ਇਸੇ ਦਾ ਸੁਜਾਤੀ ਹੈ। ਇਹ ਅੰਗਰੇਜ਼ੀ ੰਟਰeੱ (ਖਿਲਾਰਨਾ, ਫੈਲਾਉਣਾ) ਦਾ ਹੀ ਭਾਈ ਹੈ ਜਿਸ ਬਾਰੇ ਪਹਿਲਾਂ ਚਰਚਾ ਹੋ ਚੁੱਕੀ ਹੈ।

Be the first to comment

Leave a Reply

Your email address will not be published.