ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਸਰਕਾਰ ਦੇ ਜੇਲ੍ਹਾਂ ਵਿਚ ਸੁਧਾਰਾਂ ਦੇ ਦਾਅਵਿਆਂ ਵਿਚ ਭੋਰਾ ਵੀ ਸਚਾਈ ਨਜ਼ਰ ਨਹੀਂ ਆ ਰਹੀ ਤੇ ਅੱਜ ਵੀ ਜੇਲ੍ਹ ਦੀ ਸਮਰੱਥਾ ਤੋਂ ਕਿਤੇ ਵੱਧ ਕੈਦੀਆਂ ਨੂੰ ਰੱਖਿਆ ਜਾ ਰਿਹਾ ਹੈ। ਸੂਬੇ ਭਰ ਦੀਆਂ ਜੇਲ੍ਹਾਂ ਵਿਚ ਤਕਰੀਬਨ 20 ਹਜ਼ਾਰ ਕੈਦੀ ਵੱਖ-ਵੱਖ ਜੁਰਮਾਂ ਕਰਕੇ ਬੰਦ ਹਨ ਜਿਨ੍ਹਾਂ ਵਿਚੋਂ 11 ਹਜ਼ਾਰ ਕੈਦੀ ਉਹ ਹਨ ਜਿਨ੍ਹਾਂ ਨੂੰ ਅਜੇ ਅਦਾਲਤਾਂ ਵੱਲੋਂ ਸਜ਼ਾ ਸੁਣਾਈ ਜਾਣੀ ਹੈ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਸੱਤ ਹਜ਼ਾਰ ਦੇ ਕਰੀਬ ਪੁਰਸ਼ ਤੇ 400 ਦੇ ਕਰੀਬ ਔਰਤਾਂ ਹੀ ਸਜ਼ਾ ਯਾਫ਼ਤਾ ਕੈਦੀ ਹਨ।
ਸੂਬੇ ਦੀਆਂ 27 ਜੇਲ੍ਹਾਂ ਅੰਦਰ 17 ਹਜ਼ਾਰ ਦੇ ਨੇੜੇ ਪੁਰਸ਼ ਅਤੇ 1400 ਦੇ ਕਰੀਬ ਮਹਿਲਾ ਕੈਦੀ ਰੱਖਣ ਦੀ ਸਮਰੱਥਾ ਹੈ ਪਰ ਇਸ ਸਮੇਂ ਜੇਲ੍ਹਾਂ ਅੰਦਰ ਕੈਦੀਆਂ ਦੀ ਗਿਣਤੀ ਇਸ ਤੋਂ ਕਿਧਰੇ ਜ਼ਿਆਦਾ ਹੈ। ਪੰਜਾਬ ਅੰਦਰ ਅੰਮ੍ਰਿਤਸਰ ਜੇਲ੍ਹ ‘ਚ ਸਮਰੱਥਾ ਤੋਂ ਵੱਧ ਕੈਦੀ ਰੱਖੇ ਹੋਏ ਹਨ ਜਿਨ੍ਹਾਂ ਦੀ ਗਿਣਤੀ 2500 ਤੋਂ ਵੱਧ ਦੱਸੀ ਜਾਂਦੀ ਹੈ ਜਦੋਂਕਿ ਸਮਰੱਥਾ ਸਿਰਫ਼ 1300 ਦੇ ਕਰੀਬ ਕੈਦੀ ਰੱਖਣ ਦੀ ਹੈ। ਇਨ੍ਹਾਂ ਕੈਦੀਆਂ ਵਿਚ ਕੌਮਾਂਤਰੀ, ਮੋਬਾਈਲ ਤੇ ਤਸਕਰੀ ਕਰਨ ਵਾਲੇ ਕਈ ਖ਼ਤਰਨਾਕ ਕੈਦੀ ਸ਼ਾਮਲ ਹਨ। ਸੰਗਰੂਰ ਜੇਲ੍ਹ ਦੀ ਸਮਰੱਥਾ 484 ਹੈ ਪਰ ਇਥੇ ਇਸ ਵੇਲੇ ਇਸ ਤੋਂ ਦੁੱਗਣੇ ਕੈਦੀ ਬੰਦ ਹਨ। ਪਟਿਆਲਾ ਜੇਲ੍ਹ ਦੀ ਸਮਰੱਥਾ 1300 ਦੇ ਕਰੀਬ ਹੈ ਤੇ ਇਥੇ ਵੀ 1700 ਦੇ ਕਰੀਬ ਕੈਦੀ ਰੱਖੇ ਹੋਏ ਹਨ। ਫ਼ਿਰੋਜ਼ਪੁਰ ਜੇਲ੍ਹ ਦੀ ਸਮਰੱਥਾ ਇਕ ਹਜ਼ਾਰ ਕੈਦੀ ਰੱਖਣ ਦੀ ਹੈ ਪਰ ਇਥੇ ਵੀ ਸਮਰੱਥਾ ਤੋਂ ਵੱਧ ਕੈਦੀ ਹਨ। ਗੁਰਦਾਸਪੁਰ ਜੇਲ੍ਹ ਦੀ ਸਮਰੱਥਾ 650 ਦੇ ਕਰੀਬ ਹੈ ਪਰ ਇਥੇ 900 ਤੋਂ ਵੱਧ ਕੈਦੀ ਜੇਲ੍ਹ ਵਿਚ ਬੰਦ ਹਨ। ਸਬ ਜੇਲ੍ਹ ਮੋਗਾ ਦੀ ਸਮਰੱਥਾ 46 ਹੈ ਪਰ ਕੈਦੀਆਂ ਦੀ ਗਿਣਤੀ 100 ਤੋਂ ਵੱਧ ਹੈ। ਸ੍ਰੀ ਮੁਕਤਸਰ ਸਾਹਿਬ ਜੇਲ੍ਹ ਦੀ ਸਮਰੱਥਾ 70 ਹੈ ਤੇ ਇਥੇ 200 ਤੋਂ ਵੱਧ ਕੈਦੀ ਹਨ। ਫ਼ਾਜ਼ਿਲਕਾ ਸਬ ਜੇਲ੍ਹ ਦੀ ਸਮਰੱਥਾ 48 ਕੈਦੀਆਂ ਦੀ ਹੈ ਪਰ ਇਥੇ 100 ਤੋਂ ਵੱਧ ਕੈਦੀ ਬੰਦ ਹਨ। ਫਗਵਾੜਾ ਸਬ ਜੇਲ੍ਹ ਦੀ ਸਮਰੱਥਾ 20 ਕੈਦੀਆਂ ਦੀ ਹੈ ਪਰ ਇਥੇ 50 ਤੋਂ ਵੱਧ ਕੈਦੀ ਹਨ। ਦਸੂਹਾ ਸਬ ਜੇਲ੍ਹ ਦੇ ਹਾਲਾਤ ਵੀ ਇਸੇ ਤਰ੍ਹਾਂ ਹਨ। ਤੱਥ ਦੱਸਦੇ ਹਨ ਕਿ ਮੋਗਾ, ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫਗਵਾੜਾ, ਦਸੂਹਾ, ਅੰਮ੍ਰਿਤਸਰ, ਸੰਗਰੂਰ ਦੀਆਂ ਜੇਲ੍ਹਾਂ ਤੂੜੀ ਵਾਂਗ ਕੈਦੀਆਂ ਨਾਲ ਭਰੀਆਂ ਪਈਆਂ ਹਨ। ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿਚ ਸੱਤ ਹਜ਼ਾਰ ਤੋਂ ਵੱਧ ਪੁਰਸ਼ ਕੈਦੀ ਤੇ 400 ਦੇ ਕਰੀਬ ਔਰਤਾਂ ਹੀ ਵੱਖ ਵੱਖ ਕੇਸਾਂ ਵਿਚ ਸਜ਼ਾ ਹੋਣ ਦੇ ਬਾਅਦ ਜੇਲ੍ਹਾਂ ਵਿਚ ਸਜ਼ਾ ਭੁਗਤ ਰਹੇ ਹਨ ਪਰ ਬਾਕੀ ਹਜ਼ਾਰਾਂ ਦੀ ਗਿਣਤੀ ਵਿਚ ਹਵਾਲਾਤੀ ਹਨ।
Leave a Reply