ਨੀ ਕੋਇਲੇ ਸਾਉਣ ਦੀਏ

ਸੁਖਦੇਵ ਮਾਦਪੁਰੀ
ਫੋਨ: 91-94630-34472
ਪੁਰਾਤਨ ਸਮੇਂ ਤੋਂ ਹੀ ਪੰਜਾਬ ਦੇ ਲੋਕ ਜੀਵਨ ਵਿਚ ਸਾਉਣ ਮਹੀਨੇ ਦੀ ਮਹੱਤਤਾ ਰਹੀ ਹੈ। ਪੰਜਾਬ ਖੇਤੀ ਪ੍ਰਧਾਨ ਖਿੱਤਾ ਹੋਣ ਦੇ ਕਾਰਨ ਇੱਥੋਂ ਦਾ ਕਿਸਾਨ ਚੰਗੇਰੀ ਫਸਲ ਦੀ ਪੈਦਾਵਾਰ ਲਈ ਮੌਸਮ ‘ਤੇ ਹੀ ਨਿਰਭਰ ਕਰਦਾ ਰਿਹਾ ਹੈ। ਪਾਣੀ ਦੇ ਕੁਦਰਤੀ ਸਾਧਨ ਹੀ ਉਸ ਦੇ ਮੁੱਖ ਸਿੰਜਾਈ ਸਾਧਨ ਰਹੇ ਹਨ ਜਿਸ ਕਰ ਕੇ ਕਿਸਾਨਾਂ ਨੂੰ ਜਿੱਥੇ ਮੀਂਹ ‘ਤੇ ਟੇਕ ਰੱਖਣੀ ਪੈਂਦੀ ਸੀ, ਉਥੇ ਉਨ੍ਹਾਂ ਨੂੰ ਮੌਸਮ ਦੀ ਕਰੋਪੀ ਦਾ ਵੀ ਟਾਕਰਾ ਕਰਨਾ ਪੈਂਦਾ ਸੀ। ਸਾਉਣ ਦਾ ਮਹੀਨਾ ਕਿਸਾਨਾਂ ਲਈ ਖੁਸ਼ਹਾਲੀ ਦਾ ਢੋਆ ਲੈ ਕੇ ਆਉਂਦਾ ਹੈ। ਰੱਜਵੀਂ ਬਾਰਸ਼ ਸਾਉਣੀ ਦੀ ਭਰਪੂਰ ਫਸਲ ਲਈ ਉਨ੍ਹਾਂ ਦੇ ਮਨਾਂ ਅੰਦਰ ਉਤਸ਼ਾਹ ਅਤੇ ਉਮਾਹ ਭਰਦੀ ਹੈ। ਪਿੰਡਾਂ ਵਿਚ ਆਮ ਕਰ ਕੇ ਘਰ ਕੱਚੇ ਹੁੰਦੇ ਸਨ ਜਿਸ ਕਰ ਕੇ ਪਿੰਡਾਂ ਦੇ ਲੋਕ ਸਾਉਣ ਮਹੀਨੇ ਦੀ ਆਮਦ ਤੋਂ ਪਹਿਲਾਂ-ਪਹਿਲਾਂ ਆਪਣੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਤੂੜੀ ਨਾਲ ਗੋਈ ਚੀਕਣੀ ਮਿੱਟੀ ਨਾਲ ਲਿਪ ਕੇ ਸਾਉਣ ਦੀ ਝੜੀ ਦਾ ਟਾਕਰਾ ਕਰਨ ਲਈ ਤਿਆਰੀ ਕਰ ਲਂੈਦੇ ਸਨ। ਲੋਕ ਅਖਾਣ ਹੈ,
ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੜੀ।
ਜੇ ਕਿਧਰੇ ਸਾਉਣ ਚੜ੍ਹਨ ‘ਤੇ ਬਾਰਸ਼ ਨਾ ਹੋਣੀ ਤਾਂ ਕੁੜੀਆਂ ਨੇ ਗੁੱਡੀਆਂ ਫੂਕ-ਫੂਕ ਕੇ ਬਾਰਸ਼ ਲਈ ਅਰਦਾਸਾਂ ਕਰਨੀਆਂ ਅਤੇ ਬੱਚਿਆਂ ਨੇ ਗਲੀਆਂ ‘ਚ ਨੱਚ-ਨੱਚ ਗਾਉਣਾ,
ਰੱਬਾ-ਰੱਬਾ ਮੀਂਹ ਵਸਾ
ਸਾਡੀ ਕੋਠੀ ਦਾਣੇ ਪਾ।

ਕਾਲੇ ਰੋੜ ਪੀਲੇ ਰੋੜ
ਹਾੜ੍ਹੇ ਰੱਬਾ ਵੱਟਾਂ ਤੋੜ।

ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਸਾ ਦੇ ਜ਼ੋਰੋ ਜ਼ੋਰ।
ਜੇਠ ਹਾੜ੍ਹ ਦੀ ਅਤਿ ਦੀ ਗਰਮੀ ਅਤੇ ਲੂੰਹਦੀਆਂ ਲੋਆਂ ਮਗਰੋਂ ਸਾਉਣ ਮਹੀਨੇ ਦੀਆਂ ਠੰਢੀਆਂ ਠਾਰ ਅਤੇ ਮਹਿਕਦੀਆਂ ਹਵਾਵਾਂ ਵਾਤਾਵਰਨ ਨੂੰ ਰੁਮਾਂਚਕ ਬਣਾ ਦਿੰਦੀਆਂ ਹਨ। ਨਿੱਕੀ-ਨਿੱਕੀ ਕਣੀਂ ਦਾ ਮੀਂਹ, ਸਾਉਣ ਦੇ ਛਰਾਟੇ ਅਤੇ ਸਾਉਣ ਦੀਆਂ ਝੜੀਆਂ ਪੰਜਾਬ ਦੇ ਸੰਸਕ੍ਰਿਤਕ ਜੀਵਨ ਵਿਚ ਅਨੂਠਾ ਰੰਗ ਭਰਦੇ ਹਨ। ਸਾਰਾ ਵਾਤਾਵਰਨ ਨਸ਼ਿਆ ਜਾਂਦਾ ਹੈ। ਧਰਤੀ ਮੌਲਦੀ ਹੈ, ਬਨਸਪਤੀ ‘ਤੇ ਨਵਾਂ ਨਿਖਾਰ ਆਉਂਦਾ ਹੈ। ਬੱਦਲਾਂ ਨੂੰ ਵੇਖ ਕਿਧਰੇ ਮੋਰ ਪੈਲਾਂ ਪਾਉਂਦੇ ਹਨ, ਕਿਧਲੇ ਕੋਇਲਾਂ ਕੂਕਦੀਆਂ ਹਨ,
ਰਲ਼ ਆਓ ਸਈਓ ਨੀ
ਸਭੇ ਤੀਆਂ ਖੇਡਣ ਜਾਈਏ।
ਹੁਣ ਆ ਗਿਆ ਸਾਵਣ ਨੀ
ਪੀਂਘਾਂ ਪਿੱਪਲੀਂ ਜਾ ਕੇ ਪਾਈਏ।
ਪਈ ਕੂ-ਕੂ ਕਰਦੀ ਨੀ
ਸਈਓ ਕੋਇਲ ਹੰਝੂ ਡੋਲ੍ਹੇ।
ਪਪੀਹਾ ਵੇਖੋ ਨੀ ਭੈੜਾ
ਪੀਆ ਪੀਆ ਬੋਲੇ।
ਲੈ ਪੈਲਾਂ ਪਾਂਦੇ ਨੀ
ਬਾਗੀਂ ਮੋਰਾਂ ਸ਼ੋਰ ਮਚਾਇਆ।
ਨੀ ਖਿੜ-ਖਿੜ ਫੁੱਲਾਂ ਨੇ
ਸਾਨੂੰ ਮਾਹੀਆ ਯਾਦ ਕਰਾਇਆ।
ਮੈਂ ਅੱਥਰੂ ਡੋਲ੍ਹਾਂ ਨੀ
ਕੋਈ ਸਾਰ ਨਾ ਲੈਂਦਾ ਮੇਰੀ।
ਨਿੱਕੀ-ਨਿੱਕੀ ਕਣੀਂ ਦਾ ਮੀਂਹ ਮੁਟਿਆਰਾਂ ਅੰਦਰ ਸੁੱਤੇ ਦਰਦ ਜਗਾ ਦਿੰਦਾ ਹੈ ਤੇ ਉਹ ਗਿੱਧਾ ਪਾਉਣ ਲਈ ਤਤਪਰ ਹੋ ਉਠਦੀਆਂ ਹਨ,
ਛਮ ਛਮ ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ।
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ।
ਸਾਉਣ ਦਾ ਸੱਦਾ ਭਲਾ ਕੁੜੀਆਂ ਕਿਉਂ ਨਾ ਪ੍ਰਵਾਨ ਕਰਨ,
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ।
ਨੱਚਣ ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ।
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ।
ਗਿੱਧਾ ਪਾ ਰਹੀਆਂ
ਨਣਦਾਂ ਤੇ ਭਰਜਾਈਆਂ।
ਕੁੜੀਆਂ ਦੇ ਪਿੱਪਲੀਂ ਪੀਂਘਾਂ ਪਾਉਣ ਕਰ ਕੇ ਪਿੱਪਲ ਆਪਣੇ ਆਪ ਨੂੰ ‘ਭਾਗਾਂ ਵਾਲਾ’ ਸਮਝਦਾ ਹੈ,
ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ
ਫੁੱਲਾਂ ਬਾਝ ਫੁਲਾਹੀਆਂ।
ਹੰਸਾਂ ਨਾਲ ਹਮੇਲਾਂ ਸੋਂਹਦੀਆਂ
ਬੰਦਾਂ ਨਾਲ ਗਜਰਾਈਆਂ
ਕੁੜੀਆਂ ਨੇ ਪੀਂਘਾਂ ਪਾਈਆਂ।
ਸਾਉਣ ਵਿਚ ਕੁੜੀਆਂ ਨੇ
ਪੀਂਘਾਂ ਅਸਮਾਨ ਚੜ੍ਹਾਈਆਂ।
ਜਦੋਂ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤਾਂ ਬ੍ਰਿਹੋਂ ਕੁਠੀ ਮੁਟਿਆਰ ਤੜਫ ਉਠਦੀ ਹੈ,
ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ।
ਉਹ ਤਾਂ ਕੋਇਲ ਨੂੰ ਵੀ ਆਪਣੇ ਹੱਥਾਂ ‘ਤੇ ਚੋਗ ਚੁਗਾਉਣਾ ਲੋਚਦੀ ਹੈ,
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ
ਲਾ ਕੇ ਤੋੜ ਨਿਭਾਵਾਂ।
ਨੀ ਕੋਇਲੇ ਸਾਉਣ ਦੀਏ
ਤੈਨੂੰ ਹੱਥ ‘ਤੇ ਚੋਗ ਚੁਗਾਵਾਂ।
ਇਸ ਰੁਮਾਂਚਕ ਵਾਤਾਵਰਨ ਵਿਚ ਪੰਜਾਬਣਾਂ ਦਾ ਹਰਮਨ ਪਿਆਰਾ ‘ਤੀਆਂ ਦਾ ਤਿਉਹਾਰ’ ਆਉਂਦਾ ਹੈ। ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਬੜੇ ਚਾਵਾਂ ਨਾਲ ਉਡੀਕਦੀਆਂ ਹਨ। ਵਿਆਹੀਆਂ ਕੁੜੀਆਂ ਆਪਣੇ ਪੇਕਿਆਂ ਦੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਹਨ,
ਮਹਿੰਦੀ ਤਾਂ ਪਾ ਦੇ ਮਾeਂੇ ਸੁਕਣੀ
ਮਾਏਂ ਮੇਰੀਏæææ
ਮਹਿੰਦੀ ਦਾ ਰੰਗ ਨੀ ਉਦਾਸ
ਸਾਵਣ ਆਇਆ।
ਨੂੰਹਾਂ ਨੂੰ ਭੇਜੀਂ ਮਾਏਂ ਪੇਕੜੇ
ਮਾਏਂ ਮੇਰੀਏ ਨੀ
ਧੀਆਂ ਨੂੰ ਲਈਂ ਨੀ ਮੰਗਾ
ਸਾਵਣ ਆਇਆ।
ਜਿਹੜੀਆਂ ਵਿਆਹੀਆਂ ਕੁੜੀਆਂ ਕਿਸੇ ਕਾਰਨ ਸਾਉਣ ਮਹੀਨੇ ਵਿਚ ਆਪਣੇ ਪੇਕੀਂ ਨਹੀਂ ਆ ਸਕਦੀਆਂ, ਉਨ੍ਹਾਂ ਲਈ ਉਨ੍ਹਾਂ ਦੇ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ। ਤੀਆਂ ਦੇ ਸੰਧਾਰੇ ਵਿਚ ਉਹਦੇ ਲਈ ਤਿਉਰ ਅਤੇ ਮਠਿਆਈ ਹੁੰਦੀ ਹੈ। ਤੀਆਂ ਦੇ ਸੰਧਾਰੇ ਦਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ ਹੈ, ਇਸ ਦੀ ਵਿਆਖਿਆ ਲੋਕ ਗੀਤ ਇਸ ਤਰ੍ਹਾਂ ਕਰਦਾ ਹੈ,
ਭੇਜੀਂ ਨੀ ਅੰਮਾਂ ਰਾਣੀ ਸੂਹੜੇ
ਸੂਹਿਆਂ ਦੇ ਦਿਨ ਚਾਰ
ਸਾਵਣ ਆਇਆ।
ਕਿੱਕੂੰ ਨੀ ਭੇਜਾਂ ਸੂਹੜੇ
ਪਿਉ ਤੇਰਾ ਪਰਦੇਸ
ਸਾਵਣ ਆਇਆ।
ਲਿਖ ਲਿਖ ਭੇਜਾਂ ਚੀਰੀਆਂ
ਤੂੰ ਪਰਦੇਸਾਂ ਤੋਂ ਆ
ਸਾਵਣ ਆਇਆ।
ਕਿੱਕੂੰ ਨੀ ਆਵਾਂ ਜਾਈਏ ਮੇਰੀਏ
ਨਦੀਆਂ ਨੇ ਲਿਆ ਨੀ ਉਛਾਲ
ਸਾਵਣ ਆਇਆ।
ਪਾਵੋ ਵੇ ਮਲਾਹੋ ਬੇੜੀਆਂ
ਮੇਰਾ ਬਾਬਲ ਪਾਰ ਲੰਘਾਓ
ਸਾਵਣ ਆਇਆ।
ਹੱਥਾਂ ਦੀ ਵੇ ਦੇਵਾਂ ਮੁੰਦਰੀ
ਗਲ਼ ਦਾ ਨੌ-ਲੱਖਾ ਹਾਰ
ਸਾਵਣ ਆਇਆ।
ਪੁਰਾਣੇ ਸਮਿਆਂ ਵਿਚ ਆਉਣ-ਜਾਣ ਦੇ ਸਾਧਨ ਸੀਮਤ ਸਨ। ਨਾ ਸੜਕਾਂ ਸਨ, ਨਾ ਨਦੀਆਂ-ਨਾਲਿਆਂ ‘ਤੇ ਪੁਲ। ਪੰਜ-ਦਸ ਕੋਹ ਦੀ ਵਾਟ ‘ਤੇ ਵਿਆਹੀ ਮੁਟਿਆਰ ਆਪਣੇ ਆਪ ਨੂੰ ਪਰਦੇਸਣ ਸਮਝਦੀ ਸੀ। ਵਰ੍ਹੇ ਛਿਮਾਹੀ ਮਗਰੋਂ ਹੀ ਕੋਈ ਮਿਲਣ ਆਉਂਦਾ। ਸਾਵਣ ਦੇ ਅਨੇਕਾਂ ਲੰਬੇ ਗੀਤ ਮਿਲਦੇ ਹਨ ਜਿਨ੍ਹਾਂ ਰਾਹੀਂ ਪਰਦੇਸਾਂ ਵਿਚ ਬੈਠੀ ਮੁਟਿਆਰ ਜਿੱਥੇ ਆਪਣੇ ਦੂਰ ਵਸੇਂਦੇ ਮਾਪਿਆਂ ਦੇ ਦਰਦ ਦਾ ਸੱਲ ਸਹਿੰਦੀ ਹੈ, ਉਥੇ ਪਰਦੇਸੀਂ ਖੱਟੀ ਕਰਨ ਗਏ ਆਪਣੇ ਮਾਹੀ ਦੇ ਵਿਯੋਗ ਨੂੰ ਵੀ ਬੜੇ ਦਰਦੀਲੇ ਬੋਲਾਂ ਵਿਚ ਬਿਆਨ ਕਰਦੀ ਹੈ।
ਸਾਉਣ ਦੇ ਦਿਨਾਂ ਵਿਚ ਸਹੁਰੇ ਗਈ ਭੈਣ ਨੂੰ ਵੀਰ ਲੈਣ ਆਉਂਦਾ ਹੈ। ਸੱਸ ਨਣਾਨ ਮੱਥੇ ਵੱਟ ਪਾ ਲੈਂਦੀਆਂ ਹਨ। ਉਹ ਵੀਰ ਪਾਸੋਂ ਆਪਣੇ ਪੇਕੇ ਪਰਿਵਾਰ ਦੀ ਸੁੱਖ-ਸਾਂਦ ਪੁੱਛਦੀ ਹੈ,
ਸਾਵਣ ਆਇਆ ਨੀ ਸਖੀਏ
ਸਾਵਣ ਆਇਆ।
ਇੱਕ ਤਾਂ ਆਇਆ ਮੇਰੀ ਅੰਮਾਂ ਦਾ ਜਾਇਆ
ਆ ਜਾ ਵੇ ਵੀਰਾ
ਸੱਸ ਨਣਾਨ ਮੁੱਖ ਮੋੜਿਆ
ਆ ਜਾ ਵੀਰਾ ਚੜ੍ਹ ਉਚੀ ਅਟਾਰੀ
ਮੇਰੇ ਕਾਨ੍ਹ ਉਸਾਰੀ
ਦੇ ਜਾ ਵੀਰਾ ਮੇਰੀ ਮਾਂ ਦੇ ਸੁਨੇਹੜੇ ਰਾਮ
ਮਾਂ ਤਾਂ ਤੇਰੀ ਭੈਣੇ
ਪਲੰਘੋਂ ਪੀਹੜੇ ਬਠਾਈ
ਸਾਥ ਅਟੇਰਨ ਸੂਹੀ ਰੰਗਲੀ ਰਾਮ
ਆ ਵੇ ਵੀਰਾ ਚੜ੍ਹੀਏ ਉਚੀ ਅਟਾਰੀ
ਮੇਰੇ ਕਾਨ੍ਹ ਉਸਾਰੀ।

ਮੇਰੀਆਂ ਸਈਆਂ ਦੇ ਦੇ ਵੇ ਸੁਨੇਹੜੇ ਰਾਮ
ਸਈਆਂ ਤੇਰੀਆਂ ਭੈਣੇ ਛੋਪ ਨੀ ਪਾਏ
ਵਿਹੜੀਂ ਚਰਖੇ ਨੀ ਡਾਹੇ
ਤੂੰ ਹੀ ਪਰਦੇਸਣ ਬੈਠੀ ਦੂਰ ਨੀ ਰਾਮ
ਚਲ ਵੇ ਵੀਰਾ ਚੱਲੀਏ ਮਾਂ ਦੇ ਕੋਲੇ
ਸਾਡੀਆਂ ਸਖੀਆਂ ਕੋਲੇ
ਚੁੱਕ ਭਤੀਜੜਾ ਲੋਰੀ ਦੇਵਾਂਗੀ ਰਾਮ।
ਬ੍ਰਿਹਾ ਕੁੱਠੇ ਗੀਤਾਂ ਤੋਂ ਉਪਰੰਤ ਕੁੜੀਆਂ ਹਾਸੇ ਮਖੌਲਾਂ ਭਰੇ ਗੀਤ ਵੀ ਗਾਉਂਦੀਆਂ ਹਨ। ਪਿੰਡੋਂ ਬਾਹਰ ਬਰੋਟਿਆਂ-ਟਾਹਲੀਆਂ ਦੇ ਦਰਖਤਾਂ ‘ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਸਮਾਂ ਬੰਨ੍ਹ ਦਿੰਦੀਆਂ ਹਨ,
ਆਇਆ ਸਾਵਣ ਦਿਲ ਪਰਚਾਵਣ
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜ ਗਈ
ਨਾਲੇ ਰਾਮ ਪਿਆਰੀ।
ਕੁੜਦੀ ਹਰੋ ਦੀ ਭਿੱਜੀ ਵਰੀ ਦੀ
ਕਿਸ਼ਨੋ ਦੀ ਫੁਲਕਾਰੀ।
ਪੀਂਘ ਝੂਟਦੀ ਸੱਸੀ ਡਿਗ ਪਈ
ਨਾਲੇ ਨੂਰੀ ਨਾਭੇ ਵਾਲੀ।
ਭਿੱਜ ਗਈ ਲਾਜੋ ਵੇ
ਬਹੁਤੇ ਹਿਰਖਾਂ ਵਾਲੀ।
ਕਿਧਰੇ ਤੀਆਂ ਦਾ ਗਿੱਧਾ ਆਪਣੇ ਜਲਵੇ ਵਿਖਾਉਂਦਾ ਹੈ। ਗਿੱਧਾ ਅਜਿਹਾ ਪਿੜ ਹੈ ਜਿਥੇ ਮੁਟਿਆਰਾਂ ਆਪਣੇ ਦਿਲਾਂ ਦੇ ਗੁੱਭ-ਗੁਭਾੜ ਕੱਢਦੀਆਂ ਹਨ ਤੇ ਬਿਦ-ਬਿਦ ਕੇ ਬੋਲੀਆਂ ਪਾ ਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਹਨ ਅਤੇ ਸਾਉਣ ਮਹੀਨੇ ਦੇ ਸਦਕੜੇ ਜਾਂਦੀਆਂ ਹਨ,
ਸਾਉਣ ਵੀਰ ‘ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਦੇ ਰੰਗਲੇ ਤਿਉਹਾਰ ਤੋਂ ਇਲਾਵਾ ਸਾਉਣ ਦੇ ਹੋਰ ਵੀ ਅਨੇਕਾਂ ਰੰਗ ਹਨ-ਕਈ ਕਈ ਦਿਨ ਝੜੀਆਂ ਲੱਗਣੀਆਂ, ਚਾਰੇ ਬੰਨੇ ਜਲ-ਥਲ ਹੋ ਜਾਣਾ, ਕਿਧਰੇ ਖੀਰਾਂ ਰਿਝਣੀਆਂ, ਕਿਧਰੇ ਮਾਲ੍ਹਪੂੜੇ ਪਕਣੇ। ਹੁਣ ਉਹ ਗੱਲਾਂ ਨਹੀਂ ਰਹੀਆਂ। ਵਿਕਾਸ ਦੇ ਨਾਂ ‘ਤੇ ਲੱਖਾਂ ਦਰਖਤਾਂ ਦੇ ਕਤਲੇਆਮ ਨੇ ਕੁਦਰਤੀ ਵਾਤਾਵਰਨ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ। ਪਹਿਲਾਂ ਵਾਂਗ ਮੀਂਂਹ ਨਹੀ ਪੈਂਦੇ, ਕਈ ਵਾਰ ਤਾਂ ਸਾਉਣ ਸੁੱਕਾ ਹੀ ਲੰਘ ਜਾਂਦਾ ਹੈ। ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਤੀਆਂ ਦਾ ਤਿਉਹਾਰ ਵੀ ਹੁਣ ਪਹਿਲਾਂ ਵਾਲੇ ਉਤਸ਼ਾਹ ਨਾਲ ਨਹੀਂ ਮਨਾਇਆ ਜਾਂਦਾ। ਸਾਉਣ ਮਹੀਨੇ ਵਿਚ ਪੱਕਦੇ ਸੁਆਦੀ ਮਾਲ੍ਹਪੂੜੇ ਅਤੇ ਰਿਝਦੀਆਂ ਖੀਰਾਂ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਈਆਂ ਹਨ।

Be the first to comment

Leave a Reply

Your email address will not be published.