ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਇਹ ਪਿਆਰਾ ਸ਼ਬਦ ਰਾਗ ਵਡਹੰਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਾਉਣ ਮਹੀਨੇ ਵਿਚ ਚਾਰੇ ਪਾਸਿਉਂ ਉਮੜ-ਉਮੜ ਕੇ ਚੜ੍ਹ ਆਈਆਂ ਕਾਲੀਆਂ ਘਨਘੋਰ ਘਟਾਵਾਂ, ਮਸਤੀ ਵਿਚ ਝੂਮ-ਝੂਮ ਕੇ ਤੁਰਦੀਆਂ ਸ਼ੋਖ ਹਵਾਵਾਂ, ਰਿਮ-ਝਿਮ ਵੱਸਦੇ ਬੱਦਲਾਂ ਨੂੰ ਵੇਖ ਕੇ ਮੋਰਾਂ ਦਾ ਪੈਲਾਂ ਪਾਉਣਾ, ਕੋਇਲਾਂ ਦਾ ਬ੍ਰਿਹਾ ਮਿੱਠਾ-ਮਿੱਠਾ ਦਾ ਰਾਗ ਅਲਾਪਣਾ, ਬੀਂਡਿਆ ਦਾ ਮਨਮੋਹਕ ਸੁਰੀਲੀਆਂ ਆਵਾਜ਼ਾਂ ਵਿਚ ਗਾਉਣਾ ਅਤੇ ਪਪੀਹੇ ਦਾ ਪੀਉਂ-ਪੀਉਂ ਪੁਕਾਰਨਾ ਸੁਣ ਕੇ ਭਲਾ ਗੁਰੂ ਨਾਨਕ ਦੇਵ ਜੀ ਚੁੱਪ ਕਿਵੇਂ ਰਹਿ ਸਕਦੇ ਸਨ? ਕੁਦਰਤ ਦੇ ਇਨ੍ਹਾਂ ਵਿਸਮਾਦ ਭਰੇ ਨਜ਼ਾਰਿਆਂ ਨੂੰ ਵੇਖ ਕੇ ਸਤਿਗੁਰੂ ਨੇ ਪ੍ਰਭੂ ਪਿਆਰ ਵਿਚ ਗੜੂੰਦ ਹੁੰਦਿਆਂ ਸਤਿਸੰਗੀ ਅਤੇ ਰੱਬ ਦੇ ਪਿਆਰਿਆਂ ਨੂੰ ਸਖੀਆਂ-ਸਹੇਲੀਆਂ ਅਤੇ ਭੈਣਾਂ ਦੇ ਨਾਮ ਨਾਲ ਆਵਾਜ਼ ਦਿੱਤੀ ਅਤੇ ਆਖਿਆ, ਆਓ ਭੈਣੋ! ਵੇਖੋ ਸਾਵਣ ਆ ਗਿਆ ਹੈ ਅਤੇ ਮੋਰਾਂ ਨੇ ਵੀ ਮਿੱਠੀਆਂ ਆਵਾਜ਼ਾਂ ਵਿਚ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ। ਆਓ, ਅਸੀਂ ਵੀ ਸਾਰੇ ਮਿਲ ਕੇ ਪ੍ਰਭੂ ਦੇ ਗੀਤ ਗਾਈਏ ਅਤੇ ਸਾਵਣ ਦੀ ਸੋਹਣੀ ਰੁੱਤ ਦਾ ਅਨੰਦ ਮਾਣੀਏ।
ਸਾਲ ਦੇ ਬਾਰਾਂ ਮਹੀਨਿਆਂ ਵਿਚੋਂ ਸਾਉਣ ਮਹੀਨੇ ਦੀ ਆਪਣੀ ਨਿਵੇਕਲੀ ਵਿਲੱਖਣਤਾ ਹੈ ਜਿਸ ਦਾ ਗੁਰਬਾਣੀ ਵਿਚ ਸਤਿਗੁਰਾਂ ਨੇ ਵਿਸ਼ੇਸ਼ ਵਰਣਨ ਕੀਤਾ ਹੈ। ਗੁਰਬਾਣੀ ਤੋਂ ਇਲਾਵਾ ਸਮਾਜਕ ਤੌਰ ‘ਤੇ ਵੀ ਸਾਉਣ ਮਹੀਨਾ ਲੰਬੇ ਤਿਉਹਾਰ ਦਾ ਰੂਪ ਬਣ ਕੇ ਸਾਹਮਣੇ ਆਉਂਦਾ ਹੈ। ਕਿਸੇ ਸਮੇਂ ਸਾਉਣੀ ਦੀ ਸਾਰੀ ਫਸਲ ਹੀ ਸਾਉਣ ਮਹੀਨੇ ‘ਤੇ ਨਿਰਭਰ ਹੁੰਦੀ ਸੀ ਅਤੇ ਕਿਸਾਨ ਅੱਡੀਆਂ ਚੁੱਕ-ਚੁੱਕ ਕੇ ਇਸ ਮਹੀਨੇ ਦਾ ਰਾਹ ਵੇਖਿਆ ਕਰਦੇ ਸਨ। ਜਦ ਸਾਉਣ ਮਹੀਨੇ ਦੀ ਲੰਮੀ ਝੜੀ ਲੱਗਣੀ, ਤਾਂ ਲੋਕਾਂ ਆਖਣਾ ਕਿ ‘ਸਾਉਣ ਦੀ ਝੜੀ ਤੇ ਮੋਤੀਆਂ ਦੀ ਲੜੀ।’ ਬਾਰਸ਼ ਪੈਣ ‘ਤੇ ਹੀ ਫ਼ਸਲਾਂ ਬੀਜੀਆਂ ਜਾਣੀਆਂ। ਸਾਵਣ ਦੀ ਰਿਮ-ਝਿਮ ਨਾਲ ਸਭ ਦਰਖ਼ਤ ਤੇ ਘਾਹ, ਬੂਟੇ ਹਰੇ-ਭਰੇ ਹੋ ਉਠਦੇ। ਬਾਰਸ਼ ਨਾਲ ਇਸ਼ਨਾਨ ਕਰ ਕੇ ਸਾਰੀ ਬਨਸਪਤੀ ਨੇ ਝੂਮ ਉਠਣਾ ਤੇ ਇਵੇਂ ਲੱਗਣਾ ਜਿਵੇਂ ਕੁਦਰਤ ਰਾਣੀ ਹਰੇ ਕਚੂਰ ਰੰਗ ਦੀ ਪੁਸ਼ਾਕ ਪਾ ਕੇ ਮੁਸਕਰਾ ਰਹੀ ਹੋਵੇ। ਇਸ ਅਲੌਕਿਕ ਤੇ ਅਜਬ ਨਜ਼ਾਰੇ ਨੂੰ ਵੇਖ ਕੇ ਸਮੁੱਚੀ ਲੁਕਾਈ ਦੇ ਮੂੰਹੋਂ ਧੰਨ-ਧੰਨ ਦੀ ਆਵਾਜ਼ ਆਪ ਮੁਹਾਰੇ ਹੀ ਨਿਕਲ ਤੁਰਨੀ। ਸੱਜ ਵਿਆਹੀਆਂ ਕੁੜੀਆਂ ਲਈ ਪਹਿਲੇ ਸਾਵਣ ਨੇ ਦੁਨੀਆਂ ਭਰ ਦੀਆਂ ਖੁਸ਼ੀਆਂ ਲੈ ਕੇ ਆ ਜਾਣਾ। ਵੀਰਾਂ ਨੇ ਆਪਣੀਆਂ ਭੈਣਾਂ ਨੂੰ ਉਨ੍ਹਾਂ ਦੇ ਸਹੁਰੇ ਪਿੰਡ ਲੈਣ ਜਾਣਾ ਅਤੇ ਧੀਆਂ ਨੇ ਪੂਰਾ ਸਾਉਣ ਮਹੀਨਾ ਆਪਣੇ ਪੇਕੇ ਪਿੰਡ ਰਹਿਣਾ। ਸਾਉਣ ਮਹੀਨੇ ਦੇ ਚਾਰ ਹਫ਼ਤੇ ਸਾਵੇ ਜਾਂ ਸਾਉਣ ਦੀਆਂ ਤੀਆਂ ਦੇ ਨਾਮ ਨਾਲ ਮਨਾਏ ਜਾਣੇ। ਕੁੜੀਆਂ ਨੇ ਪਿਪਲਾਂ ‘ਤੇ ਪੀਘਾਂ ਪਾਉਣੀਆਂ ਅਤੇ ਘੁੰਗਰੂਆਂ ਵਾਲੇ ਪੰਘੂੜੇ ਪੀਂਘ ‘ਤੇ ਰੱਖਣੇ। ਵਿਆਹੀਆਂ ਅਤੇ ਕੁਆਰੀਆਂ-ਸਭ ਧੀਆਂ ਨੇ ਹੱਥਾਂ ‘ਤੇ ਮਹਿੰਦੀ ਲਾਉਣੀ। ਬਾਹਾਂ ਵਿਚ ਕੱਚ ਦੀਆਂ ਚੂੜੀਆਂ ਨੇ ਆਪਣਾ ਸੰਗੀਤ ਛੇੜਨਾ। ਰੰਗ-ਬਰੰਗੇ ਸੋਹਣੇ-ਸੋਹਣੇ ਸੂਟ ਪਾਉਣੇ ਤੇ ਸਿਰਾਂ ਉਤੇ ਫੁਲਕਾਰੀਆਂ ਤੇ ਲਹਿਰੀਏ ਦੇ ਦੁਪੱਟੇ ਲਹਿਰਾਉਣੇ। ਸੋਹਣੇ ਵਾਲਾਂ ਦੀਆਂ ਪੱਟੀਆਂ ਗੁੰਦਾਉਣੀਆਂ ਤੇ ਪੈਰਾਂ ਵਿਚ ਪਏ ਸਗਲੇ ਤੇ ਪੰਜੇਬਾਂ ਨੇ ਚੂੜੀਆਂ ਨਾਲ ਮਿਲ ਕੇ ਗਿੱਧੇ ਪਾਉਣੇ ਅਤੇ ਸਾਉਣ ਮਹੀਨੇ ਦੇ ਜਸ਼ਨ ਮਨਾਏ ਜਾਣੇ।
ਜਦ ਬਾਰਸ਼ ਦੀ ਲੰਮੀ ਝੜੀ ਲੱਗਣੀ ਤਾਂ ਮਾਂਵਾਂ ਨੇ ਵੱਡੇ-ਵੱਡੇ ਪਤੀਲੇ ਖੀਰਾਂ ਦੇ ਬਣਾਉਣੇ। ਮਿੱਠੇ-ਮਿੱਠੇ ਪੂੜੇ ਪੱਕਣੇ। ਕੁੜੀਆਂ ਨੇ ਪਿੰਡ ਕੋਲ ਵਗਦੇ ਨਾਲੇ ਜਾਂ ਟੋਭਿਆਂ ‘ਤੇ ਸਾਵੇ ਜਾਂ ਤੀਆਂ ਨਹਾਉਣ ਜਾਣਾ ਤੇ ਖੂਬ ਗਿੱਧੇ ਪਾਉਣੇ। ਜਿਨ੍ਹਾਂ ਮੁਟਿਆਰਾਂ ਦੇ ਕੰਤ ਸਾਉਣ ਮਹੀਨੇ ਉਨ੍ਹਾਂ ਦੇ ਕੋਲ ਆ ਜਾਣੇ, ਉਨ੍ਹਾਂ ਸੁਹਾਗਣਾਂ ਨੇ ਉਚੀਆਂ ਹੋ-ਹੋ ਕੇ ਫਿਰਨਾ, ਪਰ ਜਿਨ੍ਹਾਂ ਦੇ ਕੰਤ ਪਰਦੇਸੀਂ ਗਏ ਹੋਣੇ, ਉਨ੍ਹਾਂ ਦਾ ਸਾਉਣ ਯਾਦਾਂ ਵਿਚ ਝੂਰਦਿਆਂ ਹੀ ਬੀਤ ਜਾਣਾ। ਸਾਉਣ ਮਹੀਨੇ ਦੇ ਅਖੀਰਲੇ ਹਫ਼ਤੇ ਵੀਰਾਂ ਤੇ ਭੈਣਾਂ ਦਾ ਪਿਆਰਾ ਤਿਉਹਾਰ ਰੱਖੜੀ ਆ ਜਾਣਾ ਅਤੇ ਭੈਣਾਂ ਨੇ ਵੀਰਾਂ ਦੇ ਗੁੱਟ ਉਤੇ ਰੱਖੜੀ ਬੰਨ੍ਹ ਕੇ ਵੀਰਾਂ ਦੀਆਂ ਲੰਮੀਆਂ ਉਮਰਾਂ ਦੀਆਂ ਦੁਆਵਾਂ ਕਰਨੀਆਂ। ਵੀਰਾਂ ਨੇ ਵੀ ਬੜੇ ਪਿਆਰ ਤੇ ਸਨੇਹ ਨਾਲ ਭੈਣਾਂ ਦੇ ਸਿਰ ‘ਤੇ ਹੱਥ ਰੱਖ ਕੇ ਸਾਰੀ ਉਮਰ ਭੈਣਾਂ ਦਾ ਹਰ ਦੁੱਖ-ਸੁੱਖ ਵਿਚ ਸਾਥ ਦੇਣ ਦਾ ਵਾਅਦਾ ਕਰਨਾ। ਕੁੜੀਆਂ ਨੇ ਜਦੋਂ ਚਾਈਂ-ਚਾਈਂ ਪੀਂਘ ਹੁਲਾਰੇ ‘ਤੇ ਲਿਜਾਣੀ ਤਾਂ ਉਹ ਨਜ਼ਾਰਾ ਵੇਖਿਆਂ ਹੀ ਅਨੰਦ ਆਉਣਾ। ਕਈ ਕੁੜੀਆਂ ਨੇ ਪੀਂਘ ਇੰਨੀ ਉਚੀ ਚੜ੍ਹਾਉਣੀ ਕਿ ਪਿੱਪਲ ਦੀ ਟਾਹਣੀ ਨਾਲੋਂ ਪੱਤੇ ਆਪਣੇ ਮੂੰਹ ਨਾਲ ਤੋੜ ਲਿਆਉਣੇ। ਰੱਖੜ ਪੁੰਨਿਆਂ ਦੇ ਅਖੀਰਲੇ ਸਾਵੇ ‘ਤੇ ਚੰਨ ਦੀ ਚਾਨਣੀ ਰਾਤ ਵਿਚ ਤਾਂ ਜਿਵੇਂ ਕੁਦਰਤੀ ਸੁੰਦਰਤਾ ਅਤੇ ਮਹਿਕਾਂ ਦਾ ਹੜ੍ਹ ਜਿਹਾ ਹੀ ਆ ਜਾਣਾ। ਇਸ ਚੰਨ ਦੀ ਚਾਨਣੀ ਰਾਤ ਦੇ ਨਜ਼ਾਰੇ ਮਾਨਣ ਲਈ ਧੀਆਂ ਤਾਂ ਕੀ, ਬਜ਼ੁਰਗ ਮਾਪਿਆਂ ਤੱਕ ਸਾਰਿਆਂ ਨੇ ਹੀ ਸਾਉਣ ਮਹੀਨੇ ਦੇ ਨਜ਼ਾਰਿਆਂ ਦੇ ਭਰਪੂਰ ਅਨੰਦ ਮਾਣਨੇ ਅਤੇ ਪੂਰੇ ਦਾ ਪੂਰਾ ਸਾਉਣ ਦਾ ਮਹੀਨਾ ਪਿੰਡਾਂ ਵਿਚ ਕੁਦਰਤ ਦਾ ਵਰਦਾਨ ਸਮਝ ਕੇ ਮਨਾਇਆ ਜਾਣਾ।
ਅੱਜ ਸਾਡੇ ਪਿੰਡ ਅਤੇ ਪਿੰਡਾਂ ਦੇ ਲੋਕ ਮਾਡਰਨ ਹੋ ਗਏ ਹਨ। ਸਾਉਣ ਦੀਆਂ ਉਡੀਕਾਂ ਨੂੰ ਬਿਜਲੀ ਦੀਆਂ ਮੋਟਰਾਂ ਅਤੇ ਇੰਜਣਾਂ ਨੇ ਮਾਰ-ਮੁਕਾ ਛੱਡਿਆ ਹੈ। ਹੁਣ ਨਾ ਹੀ ਸਾਵੇ ਜਾਂ ਤੀਆਂ ਮਨਾਏ ਜਾਂਦੇ ਹਨ, ਨਾ ਹੀ ਪਿਪਲਾਂ ‘ਤੇ ਪੀਂਘਾਂ ਪੈਂਦੀਆਂ ਹਨ। ਮਾਪਿਆਂ ਤੋਂ ਜ਼ਿਆਦਾ ਧੀਆਂ ਬਦਲ ਗਈਆਂ ਹਨ। ਅੱਜ ਦੀਆਂ ਪੜ੍ਹੀਆਂ-ਲਿਖੀਆਂ ਧੀਆਂ ਨਾ ਹੀ ਆਪਣੇ ਦਾਜ ਬਣਾਉਂਦੀਆਂ ਹਨ ਤੇ ਨਾ ਹੀ ਸਾਉਣ ਵਿਚ ਸਾਉਣ ਦੇ ਗੀਤ ਗਾਉਂਦੀਆਂ ਹਨ। ਸਾਡੇ ਪਰੰਪਰਾਗਤ ਪਹਿਰਾਵੇ-ਸਲਵਾਰ ਅਤੇ ਕਮੀਜ਼ ਦੀ ਥਾਂ ਹੁਣ ਜੀਨਾਂ ਤੇ ਸ਼ਰਟਾਂ ਨੇ ਕਬਜ਼ਾ ਕਰ ਲਿਆ ਹੈ। ਲੰਮੀਆਂ ਗੁੱਤਾਂ ਅਤੇ ਜੂੜਿਆਂ ਦੀ ਥਾਂ ਧੀਆਂ ਦੇ ਮੋਢਿਆਂ ‘ਤੇ ਕੱਟੇ ਹੋਏ ਕੇਸ ਲਹਿਰਾ ਰਹੇ ਹਨ। ਗਿੱਧੇ ਅਤੇ ਗੀਤ ਵੀ ਫੈਸ਼ਨ ਜਿਹਾ ਬਣ ਕੇ ਹਉਕੇ ਲੈ ਰਹੇ ਹਨ। ਇਨਸਾਨ ਬਦਲ ਗਏ ਹਨ, ਸਟਾਈਲ ਬਦਲ ਗਏ ਹਨ, ਪਰ ਕੁਦਰਤ ਰਾਣੀ ਅੱਜ ਵੀ ਪਹਿਲਾਂ ਵਾਂਗ ਹੀ ਸਾਉਣ ਮਹੀਨੇ ਦੇ ਜਸ਼ਨ ਮਨਾਉਂਦੀ ਤੁਰੀ ਆ ਰਹੀ ਹੈ। ਹੁਣ ਵੀ ਕਾਲੀਆਂ ਘਨਘੋਰ ਘਟਾਵਾਂ ਚੜ੍ਹਦੀਆਂ ਹਨ। ਸਾਵਣ ਗੜਕਦਾ ਹੈ, ਗੱਜਦਾ ਹੈ ਅਤੇ ਛਮ-ਛਮ ਵੱਸਦਾ ਹੈ। ਠੰਢੀਆਂ ਸ਼ੋਖ ਹਵਾਵਾਂ ਹੁਣ ਦੀ ਮਟਕ-ਮਟਕ ਤੁਰਦੀਆਂ ਹਨ। ਸਾਰੀ ਦੀ ਸਾਰੀ ਬਨਸਪਤੀ ਹੁਣ ਵੀ ਬਾਰਸ਼ ਵਿਚ ਨਹਾ ਕੇ ਹਰੇ ਰੰਗ ਦੇ ਕੱਪੜੇ ਪਹਿਨ ਕੇ ਮਾਲਕ ਦੇ ਸ਼ੁਕਰਾਨੇ ਵਿਚ ਜੁੜਦੀ ਹੈ, ਪਰ ਇਨਸਾਨ ਕੁਦਰਤ ਦੇ ਇਨ੍ਹਾਂ ਅਨਮੋਲ ਨਜ਼ਾਰਿਆਂ ਤੋਂ ਵਾਂਝਾ ਤੇ ਸੱਖਣਾ ਹੋ ਚੁੱਕਾ ਹੈ ਅਤੇ ਮਾਲਕ ਤੋਂ ਦੂਰ ਹੋ ਕੇ ਉਜਾੜ ਵੱਲ ਅੰਨ੍ਹੇਵਾਹ ਸਰਪੱਟ ਦੌੜ ਰਿਹਾ ਹੈ।
ਸ਼ਾਇਦ ਇਹ ਵੀ ਰੱਬ ਦੀ ਮਰਜ਼ੀ ਹੈ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਅੱਜ ਵੀ ਸਾਨੂੰ ਉਸੇ ਤਰ੍ਹਾਂ ਆਵਾਜ਼ ਦੇ ਰਹੇ ਹਨ, “ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ॥”
ਆਓ ਸਾਰੇ ਮਿਲ ਕੇ ਸੋਹਣੇ ਸਾਵਣ ਨੂੰ ਹੋਰ ਸੋਹਣਾ ਬਣਾਈਏ ਅਤੇ ਉਸ ਮਾਲਕ ਦੇ ਸ਼ੁਕਰਾਨੇ ਵਿਚ ਜੁੜੀਏ ਜਿਸ ਨਾਲ ਜੁੜਨ ਲਈ ਸਤਿਗੁਰੂ ਸਾਨੂੰ ਆਵਾਜ਼ ਦੇ ਰਹੇ ਹਨ।

Be the first to comment

Leave a Reply

Your email address will not be published.