ਹਰਿਆਣਾ ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਇਨ੍ਹੀਂ ਦਿਨੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਵਿਵਾਦਜਨਕ ਟਿੱਪਣੀਆਂ, ਬਿਆਨ, ਐਲਾਨਨਾਮੇ ਅਖਬਾਰਾਂ ਅਤੇ ਟੀæਵੀæ ਚੈਨਲਾਂ ਉਪਰ ਨਜ਼ਰ ਆ ਰਹੇ ਹਨ। ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੇ ਸਿੱਖਾਂ ਦੀ ਮੰਗ ਪੂਰੀ ਕਰਨ ਲਈ ਵਿਧਾਨ ਸਭਾ ਵਿਚੋਂ ਬਿਲ ਪਾਸ ਕਰ ਕੇ ਐਕਟ ਬਣਾ ਦਿੱਤਾ ਹੈ। ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਿਰੁਧ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਰੌਲੇ ਰੱਪੇ ਵਿਚੋਂ ਕੁਝ ਸਵਾਲ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਉਤਰ ਸ਼ਾਇਦ ਇਸ ਮਸਲੇ ਨੂੰ ਸਮਝਣ ਵਿਚ ਸਹਾਈ ਹੋਵੇ।
1æ ਕੀ ਕਿਸੇ ਦੇਸ਼ ਜਾਂ ਪ੍ਰਾਂਤ ਨੂੰ ਸਿੱਖਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਸੰਵਿਧਾਨਕ ਅਧਿਕਾਰ ਨਹੀਂ?
2æ ਭਾਰਤੀ ਪੰਜਾਬ ਤੋਂ ਬਾਹਰ ਜੇ ਸਿੱਖ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਕਰਦੇ ਹਨ ਤਾਂ ਕੀ ਇਸ ਮੰਗ ਪਿੱਛੇ ਪੰਜਾਬ ਦੀ ਲੀਡਰਸ਼ਿਪ ਵਲੋਂ ਦਿਖਾਈ ਕੋਈ ਗੈਰ-ਜ਼ਿੰਮੇਵਾਰੀ ਤਾਂ ਨਹੀਂ?
3æ ਭਾਰਤ ਦੇ ਕੁਝ ਪ੍ਰਾਂਤਾਂ ਵਿਚ ਤੇ ਪਾਕਿਸਤਾਨ, ਅਮਰੀਕਾ ਵਿਚ ਸਿੱਖ ਗੁਰਦੁਆਰਾ ਕਮੇਟੀਆਂ ਬਣ ਚੁੱਕੀਆਂ ਹਨ ਤੇ ਕਾਰਜਸ਼ੀਲ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਕਿਵੇਂ ਬਰਦਾਸ਼ਤ ਕਰ ਲਈਆਂ?
4æ ਇਨ੍ਹਾਂ ਸਿਆਸੀ ਉਲਝਣਾਂ ਵਿਚ ਪੰਜ ਸਿੰਘ ਸਾਹਿਬਾਨ ਦੀ ਕੀ ਭੂਮਿਕਾ ਹੋਵੇ?
ਹੁਣ ਇਕ-ਇਕ ਕਰ ਕੇ ਇਨ੍ਹਾਂ ਮਸਲਿਆਂ ਨੂੰ ਵਾਚੀਏ। ਜਦੋਂ ਦਾ ਹਰਿਆਣਾ ਪ੍ਰਾਂਤ ਕਾਇਮ ਹੋਇਆ, ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਦੇ ਧੀਮੀ ਗਤੀ ਨਾਲ ਕਦੀ ਤਿਖੇ ਸੁਰਾਂ ਵਿਚ ਉਠਦੀ ਰਹੀ ਹੈ। ਇਸ ਮੰਗ ਤੋਂ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਤੇ ਹਰਿਆਣਾ ਵਿਚ ਪ੍ਰਾਂਤ ਦੀ ਕਾਂਗਰਸ ਪਾਰਟੀ ਸਿਆਸੀ ਰੋਟੀਆਂ ਸੇਕਦੇ ਹਨ। ਧਾਰਮਿਕ ਮੁੱਦਾ ਇਸ ਕਰ ਕੇ ਵਿਵਾਦਾਂ ਦੇ ਘੇਰੇ ਵਿਚ ਆਇਆ ਹੈ, ਕਿਉਂਕਿ ਹੁਣ ਹਰਿਆਣਾ ਦੀਆਂ ਅਸੈਂਬਲੀ ਚੋਣਾਂ ਸਿਰ ‘ਤੇ ਹਨ। ਸਿੱਖ ਵੋਟ ਦੀ ਪ੍ਰਤੀਸ਼ਤਤਾ ਬੇਸ਼ਕ ਘੱਟ ਹੈ, ਪਰ ਇਹ ਅਸਰ-ਅੰਦਾਜ਼ ਹੈ। ਮੁੱਖ ਮੰਤਰੀ ਹੁੱਡਾ ਚਾਹੁੰਦੇ ਤਾਂ ਮੰਤਰੀ ਪਦ ਦੀ ਸਹੁੰ ਚੁੱਕਦਿਆਂ ਹੀ ਐਕਟ ਬਣਾ ਸਕਦੇ ਸਨ। ਉਤਰ ਮਿਲਦਾ ਹੈ ਕਿ ਐਕਟ ਬਣਾ ਸਕਦੇ ਸਨ ਪਰ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਦਖਲ ਕਾਰਨ ਨਹੀਂ ਬਣਾਇਆ। ਕਾਂਗਰਸ ਦਾ ਪ੍ਰਧਾਨ ਮੰਤਰੀ ਅਕਾਲੀ ਦਲ ਦੇ ਕਹਿਣ ‘ਤੇ ਦਖਲ ਦੇ ਸਕਦਾ ਸੀ, ਤਾਂ ਹੁਣ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਕਿਉਂ ਦਖਲ ਨਹੀਂ ਦੇ ਸਕਦਾ? ਉਤਰ ਹੈ ਕਿ ਸ੍ਰੀ ਹੁੱਡਾ ਨੂੰ ਉਦੋਂ ਸਿੱਖ ਵੋਟ ਦੀ ਲੋੜ ਨਹੀਂ ਸੀ। ਹੁਣ ਹੈ। ਸੋ, ਇਹ ਖੇਡ ਪ੍ਰਧਾਨ ਮੰਤਰੀਆਂ ਦੇ ਵਿਹੜੇ ਵਿਚ ਨਹੀਂ, ਮੁੱਖ ਮੰਤਰੀਆਂ ਦੇ ਵਿਹੜੇ ਵਿਚ ਖੇਡੀ ਜਾ ਰਹੀ ਹੈ।
ਵੱਖਰੀ ਕਮੇਟੀ ਪਿਛੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਖਾਈ ਅਣਗਹਿਲੀ ਦੂਜਾ ਮੁੱਦਾ ਹੈ। ਹਰ ਪ੍ਰਾਂਤ ਅਤੇ ਦੇਸ਼ ਦੇ ਵਸਨੀਕਾਂ ਦੀਆਂ ਆਪਣੀਆਂ-ਆਪਣੀਆਂ ਮੁਸ਼ਕਲਾਂ ਹਨ ਜੋ ਉਹ ਆਪੋ-ਆਪਣੇ ਢੰਗ ਨਾਲ ਹੱਲ ਕਰਨਗੇ। ਹਰਿਆਣਾ ਦਾ ਬਿਲ ਪਾਸ ਹੋ ਗਿਆ ਹੈ, ਤੇ ਜਥਦਾਰ ਅਵਤਾਰ ਸਿੰਘ ਮੱਕੜ ਬਿਆਨ ਦੇ ਰਹੇ ਹਨ ਕਿ ਹਰਿਆਣਾ ਦੇ ਸਿੱਖਾਂ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਵੱਖਰੀ ਅਡਹਾਕ ਕਮੇਟੀ ਬਣਾਏਗੀ ਜਿਸ ਦੀ ਨੁਮਾਇੰਦਗੀ ਹਰਿਆਣਾ ਦੇ ਸਿੱਖ ਕਰਨਗੇ। ਜਿਹੜਾ ਫੁਰਨਾ ਪ੍ਰਧਾਨ ਜੀ ਨੂੰ ਹੁਣ ਫੁਰਿਆ ਹੈ, ਉਸ ਦਾ ਖਿਆਲ ਪਹਿਲਾਂ ਕਦੀ ਕਿਉਂ ਨਹੀਂ ਆਇਆ? ਜੇ ਹਰਿਆਣੇ ਦੇ ਗੁਰਦੁਆਰਿਆਂ ਵਿਚਲੀ ਗੋਲਕ ਦੀ ਮਾਇਆ ਹਰਿਆਣੇ ਵਿਚ ਖਰਚੀ ਜਾਂਦੀ ਅਤੇ ਖਰਚਣ ਵਿਚ ਵੀ ਹਰਿਆਣੇ ਦੀ ਸਿੱਖ ਲੀਡਰਸ਼ਿਪ ਆਪਣੀ ਜ਼ਿੰਮੇਵਾਰ ਭੂਮਿਕਾ ਨਿਭਾ ਸਕਦੀ, ਤਦ ਇਹ ਮੰਗ ਉਠਣੀ ਹੀ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਪੱਖੋਂ ਦੂਰ-ਅੰਦੇਸ਼ੀ ਤੋਂ ਕੰਮ ਨਹੀਂ ਲਿਆ।
ਇਕ ਟੀæਵੀæ ਚੈਨਲ ਇਸ ਮਸਲੇ ਉਪਰ ਸਵਾਲ ਲੈ ਕੇ ਮੇਰੀ ਇੰਟਰਵਿਊ ਕਰਨ ਆਇਆ। ਉਸ ਨੇ ਇਕ ਪ੍ਰਸ਼ਨ ਕੀਤਾ-ਮੈਂ ਕਾਫੀ ਸਾਰੇ ਸਿੱਖ ਵਿਚਾਰਵਾਨਾਂ ਦੀ ਇੰਟਰਵਿਊ ਕੀਤੀ ਹੈ, ਸਾਰੇ ਆਖਦੇ ਹਨ ਕਿ ਐਕਟ ਤਹਿਤ ਇਹ ਸ਼੍ਰੋਮਣੀ ਕਮੇਟੀਆਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਹੋਣੀਆਂ ਹੀ ਨਹੀਂ ਚਾਹੀਦੀਆਂ। ਹਿੰਦੂਆਂ, ਮੁਸਲਮਾਨਾਂ ਜਾਂ ਈਸਾਈਆਂ ਦੀਆਂ ਕਿਹੜਾ ਇਸ ਤਰ੍ਹਾਂ ਧਰਮ ਅਸਥਾਨਾਂ ਦੇ ਪ੍ਰਬੰਧ ਕਰਨ ਲਈ ਕੇਂਦਰੀ ਕਮੇਟੀਆਂ ਹਨ? ਮੈਂ ਕਿਹਾ-ਸੌ ਸਾਲ ਪਹਿਲਾਂ ਸਿੱਖਾਂ ਨੇ ਉਹ ਕੰਮ ਕੀਤਾ ਜਿਹੜਾ ਦੂਜੇ ਧਰਮ ਨਹੀਂ ਕਰ ਸਕੇ। ਖਾਲਸਾ ਪੰਥ ਦੀ ਇਕ ਰਹਿਤ ਹੋਵੇ, ਸਾਰੇ ਗੁਰਦੁਆਰਿਆਂ ਦੀ ਇਕ ਰਹਿਤ ਮਰਿਆਦਾ ਹੋਵੇ, ਇਹ ਸ਼ਾਨਦਾਰ ਪ੍ਰਾਪਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਕਾ ਹੋਈ ਹੈ। ਸ਼੍ਰੋਮਣੀ ਕਮੇਟੀ ਨਾ ਹੁੰਦੀ ਤਾਂ ਹਰ ਗੁਰਦੁਆਰੇ ਦੀ ਰਹਿਤ ਵੱਖ-ਵੱਖ ਹੋਣੀ ਸੀ। ਮੈਨੂੰ ਇਸ ਦੀਆਂ ਖਾਮੀਆਂ ਦਾ ਵੀ ਪਤਾ ਹੈ। ਲੰਗਰ ਦੇ ਪ੍ਰਬੰਧ ਵਿਚ ਸੁਧਾਰ ਹੋਇਆ ਹੈ। ਸਰਾਵਾਂ ਦੀ ਗਿਣਤੀ ਵਧੀ ਹੈ ਤਾਂ ਵੀ ਸ਼ਰਧਾਲੂ ਨੂੰ ਰਾਤ ਕੱਟਣ ਲਈ ਕਮਰਾ ਨਹੀਂ ਮਿਲਦਾ, ਬੇਸ਼ਕ ਖਾਲੀ ਪਏ ਹਨ। ਕਾਰਨ? ਹਰ ਵਿਧਾਇਕ, ਸੰਸਦ ਮੈਂਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਲਈ ਕਮਰੇ ਰਾਖਵੇਂ ਹਨ। ਉਹ ਫੋਨ ਕਰਨਗੇ ਤਾਂ ਕਮਰਾ ਮਿਲੇਗਾ, ਨਹੀਂ ਤਾਂ ਹਾਲ ਵਿਚ ਜਾਂ ਪਰਿਕਰਮਾ ਵਿਚ ਰਾਤ ਕੱਟੋ।
ਜਦੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਲੱਗੀ, ਉਦੋਂ ਵੀ ਅਕਾਲੀ ਦਲ ਨੇ ਵਾਵੇਲਾ ਮਚਾਇਆ ਸੀ ਜਿਹੜਾ ਨਿਰਾਰਥਕ ਸਾਬਤ ਹੋਇਆ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਆ ਰਿਹਾ ਹੈ ਕਿ ਪ੍ਰਾਂਤਾਂ ਨੂੰ ਵਧੇਰੇ ਅਧਿਕਾਰ ਦਿਓ, ਸਟੇਟ ਦਾ ਕੇਂਦਰੀਕਰਨ ਨਾ ਕਰੋ। ਅਨੰਦਪੁਰ ਦਾ ਮਤਾ ਇਹੀ ਪ੍ਰਾਂਤਾਂ ਦੀ ਖੁਦਮੁਖਤਾਰੀ ਦਾ ਐਲਾਨਨਾਮਾ ਹੈ। ਫਿਰ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਪ੍ਰਾਂਤਾਂ ਦੀ ਖੁਦਮੁਖਤਾਰੀ ਦਾ ਸਤਿਕਾਰ ਕਿਉਂ ਨਹੀਂ ਕਰਦਾ? ਪੰਥ ਦੀ ਅਰਦਾਸ ਦਾ ਇਕ ਵਾਕ ਅਜਿਹਾ ਹੈ ਜਿਹੜਾ 1947 ਦੀ ਦੇਸ਼ ਵੰਡ ਪਿਛੋਂ ਸ਼ਾਮਲ ਕੀਤਾ ਗਿਆ, ਉਹ ਹੈ, ‘ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੀ ਦਾਤ ਖਾਲਸਾ ਜੀ ਨੂੰ ਬਖ਼ਸ਼ੋ।’ ਇਸ ਪੰਕਤੀ ਦੀ ਅੰਸ਼ਿਕ ਪੂਰਤੀ ਉਦੋਂ ਹੋ ਗਈ ਜਦੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ।
ਡਾæ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸ਼ ਗੁਰਤੇਜ ਸਿੰਘ ਦੀ ਟੀਮ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਤ ਕਰ ਕੇ ਅਮਰੀਕਾ ਦੇ ਸਭ ਗੁਰਦੁਅਿਰਆਂ ਨੂੰ ਇਕ ਸੰਗਲੀ ਵਾਂਗ ਇਕ-ਦੂਜੇ ਨਾਲ ਜੋੜਨਾ ਚਾਹਿਆ। ਇਸ ਵਿਚ ਗਲਤ ਕੀ ਹੋਇਆ? ਜੋ ਗਲਤ ਹੋਇਆ, ਉਹ ਇਹ ਕਿ ਡਾæ ਪ੍ਰਿਤਪਾਲ ਸਿੰਘ ਅਤੇ ਸ਼ ਗੁਰਤੇਜ ਸਿੰਘ ਨੂੰ ਭਾਰਤ ਵਿਚ ਆਉਣ ਦੀ ਆਗਿਆ ਨਹੀਂ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਕਾਰਕੁਨ ਭਾਰਤ ਤੋਂ ਉਧਰ ਗਏ ਵਿਦਵਾਨਾਂ, ਸਿਆਸਤਦਾਨਾਂ, ਰਾਗੀਆਂ ਅਤੇ ਕਥਾਕਾਰਾਂ ਦਾ ਸਨਮਾਨ ਕਰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਰਸੂਖ ਵਰਤਦਿਆਂ ਇਨ੍ਹਾਂ ਵਿਰੁਧ ਦਰਜ ਫਰਜ਼ੀ ਕੇਸ ਵਾਪਸ ਨਹੀਂ ਕਰਵਾਏ ਜੋ ਫਰਜ਼ ਬਣਦਾ ਸੀ।
ਆਖਰੀ ਮਸਲਾ ਸਿੰਘ ਸਾਹਿਬਾਨ ਦੀ ਭੂਮਿਕਾ ਦਾ। ਸਿਆਸੀ ਦਖਲਅੰਦਾਜ਼ੀ ਕਰ ਕੇ ਨਾ ਤਾਂ ਸਿੰਘ ਸਾਹਿਬਾਨ ਦੀਆਂ ਨਿਯੁਕਤੀਆਂ ਤਰਕਸੰਗਤ ਹੁੰਦੀਆਂ ਹਨ, ਨਾ ਇਨ੍ਹਾਂ ਦੇ ਫੈਸਲੇ ਸੁਤੰਤਰ ਹੁੰਦੇ ਹਨ। ਇਹੀ ਵਜ੍ਹਾ ਹੈ ਕਿ ਅਕਾਲ ਤਖਤ ਸਾਹਿਬ ਦੀ ਵਿਆਪਕ ਸ਼ਕਤੀ ਹੋਣ ਦੇ ਬਾਵਜੂਦ ਇਹ ਆਪਣੇ ਨਿਯੁਕਤੀ ਦਾਤਿਆਂ ਦੀ ਮਰਜ਼ੀ ਤੋਂ ਬਗੈਰ ਫੈਸਲੇ ਨਹੀਂ ਕਰ ਸਕਦੇ। ਸਿੰਘ ਸਾਹਿਬਾਨ ਦੀ ਦਖਲਅੰਦਾਜ਼ੀ ਉਦੋਂ ਸਾਰਥਕ ਹੋ ਸਕਦੀ ਹੈ, ਜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਭਾਰ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਸੌਂਪਣ ਦੀ ਤਿਆਰੀ ਜਾਂ ਸਾਜ਼ਿਸ਼ ਹੋਵੇ।
ਸ਼੍ਰੋਮਣੀ ਅਕਾਲੀ ਦਲ ਨੂੰ ਤਿਖੇ ਬਿਆਨ ਜਾਰੀ ਕਰ ਕੇ ਦੋਵੇਂ ਪ੍ਰਾਂਤਾਂ ਵਿਚ ਤਣਾਉ ਦਾ ਮਾਹੌਲ ਪੈਦਾ ਕਰਨਾ ਸ਼ੋਭਦਾ ਨਹੀਂ ਜਦੋਂ ਕਿ ਇਸ ਵਕਤ ਫਿਰਕੂ ਸਦਭਾਵਨਾ ਦਾ ਦੌਰ-ਦੌਰਾ ਹੈ। ਪਾਸ ਹੋ ਚੁਕਿਆ ਹਰਿਆਣਾ ਅਸੈਂਬਲੀ ਦਾ ਬਿਲ ਵਾਪਸ ਨਹੀਂ ਹੋਵੇਗਾ।
ਹੁਣ ਸ੍ਰੀ ਅਕਾਲ ਤਖਤ ਵਲੋਂ ਹਰਿਆਣੇ ਦੇ ਲੀਡਰਾਂ ਸ਼ ਹਰਮੋਹਿੰਦਰ ਸਿੰਘ ਚੱਠਾ, ਸ਼ ਜਗਦੀਸ਼ ਸਿੰਘ ਝੀਂਡਾ ਅਤੇ ਸ਼ ਦੀਦਾਰ ਸਿੰਘ ਨਲਵੀ ਨੂੰ ਖਾਲਸਾ ਪੰਥ ਵਿਚੋਂ ਛੇਕ ਦਿੱਤਾ ਹੈ। ਏਡੀ ਮੰਦਭਾਗੀ ਘਟਨਾ ਇਕੀਵੀਂ ਸਦੀ ਵਿਚ ਹੋ ਗਈ ਹੈ ਜਿਸ ਦੀ ਵਿਸ਼ਵ ਭਰ ਵਿਚ ਚਰਚਾ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਖਣਾ ਕਿ ਹਰਿਆਣਾ ਦੇ ਸਿੱਖ ਲੀਡਰਾਂ ਨੇ ਪੰਥ ਵਿਚ ਫੁੱਟ ਪਾ ਦਿੱਤੀ ਹੈ ਤੇ ਭਰਾ ਮਾਰੂ ਜੰਗ ਛੇੜ ਦਿੱਤੀ ਹੈ, ਸਹੀ ਨਹੀਂ। ਇਹ ਭਰਾ ਮਾਰੂ ਜੰਗ ਹਰਿਆਣੇ ਦੇ ਸਿੱਖਾਂ ਨੇ ਨਹੀਂ ਛੇੜੀ, ਪੰਜਾਬ ਦੀ ਸਿੱਖ ਲੀਡਰਸ਼ਿਪ ਨੇ ਛੇੜੀ ਹੈ। ਹਾਲੇ ਵੀ ਪੰਜਾਬੀ ਸਿੱਖ ਸੰਭਲ ਜਾਣ ਤਾਂ ਭਲਾ ਹੋਵੇਗਾ।
ਇਕ ਸਦੀ ਪਹਿਲਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਲਹਿਰ ਦੀ ਅਗਵਾਈ ਹੇਠ ਬਣੀ, ਉਦੋਂ ਇਸ ਦਾ ਇਕੋ ਇਕ ਮਨੋਰਥ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਸੀ। ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਪਾਸੋਂ ਆਪਣੇ ਹੱਥਾਂ ਵਿਚ ਲੈ ਲਿਆ ਤਾਂ ਫੈਸਲਾ ਹੋਇਆ ਕਿ ਇਸ ਫਤਿਹ ਦੇ ਸ਼ੁਕਰਾਨੇ ਦੀ ਅਰਦਾਸ ਸੰਤ ਬਾਬਾ ਅਤਰ ਸਿੰਘ ਪਾਸੋਂ ਕਰਵਾਈ ਜਾਏ। ਕਾਰਵਾਂ ਮਸਤੂਆਣੇ ਸੰਤਾਂ ਪਾਸ ਪੁੱਜਾ ਤਾਂ ਸੰਤਾਂ ਨੇ ਆਉਣ ਦਾ ਕਾਰਨ ਪੁੱਛਿਆ। ਜਥੇਦਾਰਾਂ ਦੇ ਦੱਸਿਆ ਕਿ ਬਾਬਾ ਜੀ ਮਹੰਤ ਗੁਰਦੁਆਰਿਆਂ ਵਿਚੋਂ ਨਿਕਲ ਗਏ ਹਨ। ਸੰਤ ਜੀ ਨੇ ਕਿਹਾ, ‘ਭਲੇ ਹੋਣਗੇ ਜਿਹੜੇ ਨਿਕਲ ਗਏ, ਤੁਹਾਨੂੰ ਗੁਰਦੁਆਰਿਆਂ ਵਿਚੋਂ ਕੱਢਣਾ ਬਹੁਤ ਔਖਾ ਹੋਵੇਗਾ।’ ਜਦੋਂ ਸਿੱਖਾਂ ਨੇ ਪ੍ਰਤੀਤ ਕੀਤਾ ਕਿ ਸਰਗਰਮ ਰਾਜਨੀਤੀ ਵਿਚ ਹਿੱਸਾ ਲੈਣਾ ਹੈ ਤਾਂ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ। ਪੰਥ ਦੇ ਇਹ ਦੋਵੇਂ ਵਿੰਗ ਇਕ-ਦੂਜੇ ਤੋਂ ਸੁਤੰਤਰ ਗਤੀਵਿਧੀਆਂ ਵਿਚ ਸਰਗਰਮ ਰਹੇ।
ਸ਼ਸਤਰਧਾਰੀ ਟਾਸਕ ਫੋਰਸ ਦੇ ਬੰਦੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਗੋਲਕ ਦੀ ਰਾਖੀ ਬੈਠਦੇ ਹਨ। ਅਸਲ ਮੁੱਦਾ ਧਰਮ ਦਾ ਨਹੀਂ, ਗੋਲਕ ਦਾ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਧਾਰਮਿਕ ਨਾ ਹੋ ਕੇ ਨਿਰੋਲ ਸਿਆਸੀ ਹੋ ਗਿਆ ਹੈ। ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਨਾਲੋਂ ਵੱਖ ਕਰ ਦਿੱਤਾ ਜਾਵੇ। ਇਸ ਵਿਚ ਸੰਸਾਰ ਭਰ ਦੇ ਸਿੱਖਾਂ ਦਾ ਭਲਾ ਹੋਵੇਗਾ।

Be the first to comment

Leave a Reply

Your email address will not be published.