ਦਰਦਮੰਦਾਂ ਦਾ ਦਰਦੀ ਦਲੀਪ ਸਿੰਘ ਸੰਧੂ

ਪ੍ਰੋæ ਅਵਤਾਰ ਸਿੰਘ
ਫੋਨ: 91-94175-18384
1947 ਦੀ ਵੰਡ ਸਮੇਂ ਸਾਂਝੇ ਪੰਜਾਬ ਵਿਚ ਮਚੀ ਕਤਲੋਗ਼ਾਰਤ, ਲੁੱਟ-ਮਾਰ ਅਤੇ ਬੇਪਤੀ ਦੀਆਂ ਹਿਰਦੇਵੇਧਕ ਅਤੇ ਅਣਮਨੁੱਖੀ ਘਟਨਾਵਾਂ ਦੇ ਦਰਦ ਨੂੰ ਵਿਰਲਾਪ ਰੂਪ ਕਵਿਤਾ ‘ਉਠ ਦਰਦਮੰਦਾਂ ਦਿਆ ਦਰਦੀਆ, ਉਠ ਤੱਕ ਆਪਣਾ ਪੰਜਾਬ’ ਰਾਹੀਂ ਪੇਸ਼ ਕਰਨ ਦਾ ਖਿਆਲ ਅੰਮ੍ਰਿਤਾ ਪ੍ਰੀਤਮ ਨੂੰ ਉਦੋਂ ਤੱਕ ਨਹੀਂ ਸੀ ਆਇਆ ਹੋਣਾ ਕਿ ਅੰਮ੍ਰਿਤਸਰ ਦੇ ਜ਼ਿਲੇ ਦਾ ਇਕ ਸੰਵੇਦਨਸ਼ੀਲ ਅਫ਼ਸਰ ਆਪਣੇ ਗੋਰੇ ਅਫ਼ਸਰ ਦੇ ਅੱਗੇ ਫ਼ਰਿਆਦ ਲੈ ਕੇ ਪੇਸ਼ ਹੋਇਆ ਕਿ ਉਸ ਨੂੰ ਬਿਪਤਾ ਦੇ ਇਸ ਸਮੇਂ ਵਿਚ ਆਪਣੇ ਹਮਵਤਨੀਆਂ ਦੀ ਮੱਦਦ ਕਰਨ ਦਾ ਅਖ਼ਤਿਆਰ ਦਿੱਤਾ ਜਾਵੇ।
ਜਿਵੇਂ ਕਿਵੇਂ ਉਸ ਤੋਂ ਅਖ਼ਤਿਆਰ ਪ੍ਰਾਪਤ ਕਰ ਕੇ ਉਜੜੇ-ਪੁਜੜੇ, ਲੁੱਟੇ-ਪੁੱਟੇ, ਬੇਪੱਤ, ਬੇਸਹਾਰਾ ਸ਼ਰਨਾਰਥੀਆਂ ਦੀ ਹਰ ਹਾਲ ਅਤੇ ਹਰ ਹੀਲੇ ਸਾਂਭ-ਸੰਭਾਲ ਵਿਚ ਜੁੱਟਣ ਵਾਲਾ ਇਨਸਾਨ ਕੋਈ ਹੋਰ ਨਹੀਂ, ਬਲਕਿ ਇਮਾਨਦਾਰੀ, ਰਹਿਮਦਿਲੀ ਅਤੇ ਨਿਰਸਵਾਰਥ ਸੇਵਾ ਦਾ ਮੁਜੱਸਮਾ ਸ਼ ਦਲੀਪ ਸਿੰਘ ਸੰਧੂ ਸੀ ਜਿਸ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਪਿੰਡ ਰਾਜਾ ਜੰਗ ਵਿਚ ਸ਼ ਰਣ ਸਿੰਘ ਨੰਬਰਦਾਰ ਦੇ ਪੁੱਤਰ ਪੁਲਿਸ ਇੰਸਪੈਕਟਰ ਸ਼ ਹਰਸ਼ਾ ਸਿੰਘ ਦੇ ਘਰ 1920 ਈਸਵੀ ਨੂੰ ਹੋਇਆ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ 1938 ਵਿਚ ਬਤੌਰ ਨਾਇਬ ਤਹਿਸੀਲਦਾਰ ਨਿਯੁਕਤ ਹੋਏ। ਸੇਵਾਕਾਲ ਦੇ ਨੌਵੇਂ ਸਾਲ ਵਿਚ ਦੇਸ਼ ਵੰਡ ਦੇ ਭਿਆਨਕ ਦੁਖਾਂਤ ਸਮੇਂ, ਅੰਮ੍ਰਿਤਸਰ ਜ਼ਿਲ੍ਹੇ ਦੇ ਅਗਜ਼ੈਕਟਿਵ ਮੈਜਿਸਟਰੇਟ ਦੀ ਹੈਸੀਅਤ ਵਿਚ ਅਨੇਕ ਸ਼ਰਨਾਰਥੀ ਕੈਂਪਾਂ ਦਾ ਬੰਦੋਬਸਤ ਕੀਤਾ ਅਤੇ ਪਾਕਿਸਤਾਨ ਤੋਂ ਆਏ ਹਮਵਤਨੀ ਭਾਈਆਂ ਦੀ ਤਨ, ਮਨ ਅਤੇ ਧਨ ਨਾਲ ਵਿਤੋਂ ਵੱਧ ਮਦਦ ਕੀਤੀ।
ਠੰਢ-ਠੇਰ ਹੋਈ, ਹਾਲਾਤ ਸੁਧਰੇ ਤਾਂ ਰੇਲਵੇ ਦੇ ਚੀਫ਼ ਇੰਜੀਨੀਅਰ ਸ਼ ਬਹਾਦਰ ਸਿੰਘ ਦੀ ਬੇਟੀ ਅਜੀਤ ਕੌਰ ਨਾਲ ਸ਼ਾਦੀ ਤੈਅ ਹੋ ਗਈ। ਪਰਿਵਾਰਕ ਵਾਤਾਵਰਨ ਵਿਚ ਉਨ੍ਹਾਂ ਦਾ ਸੁਭਾਅ ਲੋਭ-ਲਾਲਚ ਤੋਂ ਮੁਕਤ ਸਵੈ-ਨਿਰਭਰ, ਨਰਮਦਿਲ ਅਤੇ ਬੇਗ਼ਰਜ਼ ਇਨਸਾਨ ਵਾਲਾ ਬਣ ਚੁਕਿਆ ਸੀ। ਦੇਸ਼ ਦੀ ਵਰਤਮਾਨ ਦਸ਼ਾ ਅਤੇ ਨਾਜ਼ੁਕ ਸਮਾਜਕ ਦ੍ਰਿਸ਼ ਨੇ ਉਨ੍ਹਾਂ ਦੇ ਹਿਰਦੇ ਨੂੰ ਰਹਿਮ ਅਤੇ ਨੇਕੀ ਦਾ ਸਬਕ ਸਿਖਾਇਆ ਹੋਇਆ ਸੀ। ਇਸੇ ਕਾਰਨ ਉਨ੍ਹਾਂ ਨੇ ਆਪਣੀ ਸ਼ਾਦੀ ਦੀ ਰਸਮ ਬੇਹੱਦ ਸਾਦਗੀ ਭਰੇ ਮਾਹੌਲ ਅਤੇ ਅੰਦਾਜ਼ ਵਿਚ ਕੀਤੀ। ਆਪਣੀ ਸ਼ਾਦੀ ਉਨ੍ਹਾਂ ਸਿਰਫ਼ ਸਵਾ ਰੁਪਏ ਦੇ ਸ਼ਗਨ ਨਾਲ ਕੀਤੀ। ਸੰਵੇਦਨਸ਼ੀਲਤਾ ਕੇਵਲ ਕਹਿਣ ਸੁਣਨ ਦੀ ਗੱਲ ਨਹੀਂ ਹੁੰਦੀ, ਜੇ ਖ਼ੂਨ ਵਿਚ ਹੋਵੇ ਤਾਂ ਕਿਰਦਾਰ ਵਿਚ ਜ਼ਰੂਰ ਪ੍ਰਗਟ ਹੁੰਦੀ ਹੈ।
1941-42 ਦੌਰਾਨ ਪੀæਸੀæਐਸ਼ ਨਿਯੁਕਤ ਹੋਣ ‘ਤੇ ਉਨ੍ਹਾਂ ਦੇਸ਼ ਵੰਡ ਉਪਰੰਤ ਪੈਦਾ ਹੋਏ ਜ਼ਮੀਨ ਦੀ ਤਕਸੀਮ, ਅਲਾਟਮੈਂਟ ਤੇ ਮੁਰੱਬੇਬੰਦੀ ਦੇ ਗੁੰਝਲਦਾਰ ਕੰਮ ਨੂੰ ਆਪਣੇ ਹੱਥ ਲੈ ਲਿਆ ਅਤੇ ਇਸ ਕਠਨ ਕਾਰਜ ਨੂੰ ਸਿਰਤੋੜ ਮਿਹਨਤ, ਲਿਆਕਤ, ਨੀਝ ਅਤੇ ਸੂਝ-ਬੂਝ ਨਾਲ ਨੇਪਰੇ ਚਾੜ੍ਹਿਆ। 1962 ਦੀ ਭਾਰਤ ਚੀਨ ਜੰਗ ਸਮੇਂ ਉਹ ਬਟਾਲੇ ਐਸ਼ਡੀæਐਮæ ਸਨ। ਸਮੇਂ ਦੀ ਮੰਗ ਅਨੁਸਾਰ ਉਨ੍ਹਾਂ ਹਲਕੇ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਆ। ਇਸੇ ਤਰ੍ਹਾਂ 1965 ਤੇ 1971 ਦੀਆਂ ਹਿੰਦ-ਪਾਕਿਸਤਾਨ ਜੰਗਾਂ ਦੌਰਾਨ ਸਰਕਾਰ ਵਲੋਂ ਉਨ੍ਹਾਂ ਨੂੰ ਸਰਹੱਦੀ ਇਲਾਕਿਆਂ ਵਿਚ ਨੁਕਸਾਨ ਦੀ ਮਾਰ ਹੇਠ ਆਏ ਲੋਕਾਂ ਦੀ ਨੁਕਸਾਨਪੂਰਤੀ ਅਤੇ ਘਰੋਂ ਬੇਘਰ ਹੋਏ ਲੋਕਾਂ ਦੇ ਪੁਨਰਵਾਸ ਦਾ ਜ਼ਿੰਮਾ ਸੌਂਪਿਆ ਗਿਆ। 1972-73 ਵਿਚ ਸਰਕਾਰ ਨੇ ਉਨ੍ਹਾਂ ਨੂੰ ਆਈæਏæਐਸ਼ ਨਿਯੁਕਤ ਕੀਤਾ ਅਤੇ ਉਹ ਜਾਇੰਟ ਸੈਕਰੇਟਰੀ, (ਕੋਅਪੋਰੇਸ਼ਨ) ਅਤੇ ਜਾਇੰਟ ਸੈਕਰੇਟਰੀ (ਰੈਵੇਨਿਊ) ਵਜੋਂ ਸੇਵਾ ਯੁਕਤ ਰਹੇ। 1976-78 ਵਿਚ ਉਹ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਬਣੇ। ਅਖ਼ੀਰ ਬਿਹਤਰੀਨ ਕਾਰਗ਼ੁਜ਼ਾਰੀ ਭਰਪੂਰ ਸੇਵਾ ਨਿਭਾਉਂਦੇ ਹੋਏ ਸੇਵਾ ਨਮਿਰਤ ਹੋਏ।
ਫਿਰ ਸਰਕਾਰ ਨੇ 1982 ਵਿਚ ਉਨ੍ਹਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤਾ। ਉਨ੍ਹਾਂ ਦੀ ਪ੍ਰਬੰਧਕੀ ਸਮਝਦਾਰੀ ਅਤੇ ਕੁਸ਼ਲਤਾ ਨੂੰ ਦੇਖਦਿਆਂ ਚੀਫ਼ ਖ਼ਾਲਸਾ ਦੀਵਾਨ ਵਲੋਂ ਐਜੂਕੇਸ਼ਨ ਸੁਸਾਇਟੀ-ਚੰਡੀਗੜ੍ਹ ਦੇ ਮੈਂਬਰ ਵਜੋਂ ਸੇਵਾ ਦਿੱਤੀ ਗਈ। ਇਥੇ ਹੀ ਬੱਸ ਨਹੀਂ, ਉਨ੍ਹਾਂ ਆਪਣੇ ਬਲਬੂਤੇ, ਲਗਨ ਅਤੇ ਦ੍ਰਿੜਤਾ ਨਾਲ ਚੰਡੀਗੜ੍ਹ ਦੇ ਸੈਕਟਰ-40 ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਕਾਮਯਾਬ ਨਿਰਮਾਣ ਅਤੇ ਸੰਚਾਲਨ ਕੀਤਾ। ਆਪਣੀ ਰਿਹਾਇਸ਼ਗਾਹ ਸੈਕਟਰ-8 ਦੀ ਵੈਲਫ਼ੇਅਰ ਸੁਸਾਇਟੀ ਦੀ ਲਗਾਤਾਰ ਤੀਹ ਸਾਲ ਸਦਾਰਤ ਕਰਦਿਆਂ ਸੇਵਾ ਵਿਚ ਜੁਟੇ ਰਹੇ ਅਤੇ ਸਮੁੱਚੇ ਸੈਕਟਰ ਦੀਆਂ ਤਮਾਮ ਸਮੱਸਿਆਵਾਂ ਸੁਲਝਾਉਂਦੇ ਰਹੇ।
ਇਸ ਲੰਬੀ, ਬੇਜੋੜ ਅਤੇ ਅਣਥੱਕ ਘਾਲਣਾ ਦੇ ਪਿਛੇ ਉਨ੍ਹਾਂ ਦੀ ਪਤਨੀ ਦੇ ਸਹਿਯੋਗ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਸਿਦਕ, ਸਿਰੜ ਅਤੇ ਸਹਿਜ ਬਿਰਤੀ ਦੀ ਇੱਕੋ ਮਿਸਾਲ ਕਾਫ਼ੀ ਹੈ ਕਿ ਉਹ ਦੇਸ਼ ਵੰਡ ਸਮੇਂ ਪਾਕਿਸਤਾਨ ਵਿਚੋਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਏ ਸਨ। ਉਨ੍ਹਾਂ ਆਪਣੇ ਵਿਚਾਰ ਅਤੇ ਵਿਹਾਰ ਨੂੰ ਕਦੀ ਵੀ ਗੁਰਬਾਣੀ ਦੇ ਹੁਕਮ ਅਤੇ ਅਦਬ ਤੋਂ ਦੂਰ ਨਹੀਂ ਜਾਣ ਦਿਤਾ। ਗੁਰੂ ਦੇ ਅਦਬ, ਹੁਕਮ ਅਤੇ ਭੈਅ ਦੇ ਸਨਮੁਖ, ਇਹ ਲਾਮਿਸਾਲ ਦੰਪਤੀ ਖ਼ੁਦ ਇਕ ਮਿਸਾਲ ਬਣੀ।
ਸ਼ ਦਲੀਪ ਸਿੰਘ ਗੁਰੂ ਘਰ ਦੇ ਅਨਿਨ ਸ਼ਰਧਾਲੂ ਸਨ। ਉਨ੍ਹਾਂ ਦਾ ਜੀਵਨ ਨੌਂਵੇਂ ਪਾਤਸ਼ਾਹ ਦੀ ਸਿਖਿਆ ਤੋਂ ਵਧੇਰੇ ਪ੍ਰੇਰਤ ਸੀ। ਬਾਬੇ ਬਕਾਲੇ ਉਹ ਗਾਹੇ-ਬਗਾਹੇ ਜਾਂਦੇ ਅਤੇ ਗੁਰੂ ਤੇਗ ਬਹਾਦਰ ਜੀ ਦੇ ਭਜਨ ਬੰਦਗੀ ਸਥਾਨ ਭੋਰਾ ਸਾਹਿਬ ਵਿਖੇ ਅਕਸਰ ਹਾਜ਼ਰੀ ਭਰਦੇ। ਉਨ੍ਹਾਂ ਦਾ ਅਟੱਲ ਵਿਸ਼ਵਾਸ ਸੀ ਕਿ ਬੰਦਗੀ ਹੀ ਬੰਦੇ ਦੇ ਜੀਵਨ ਵਿਚ ਸਿਦਕ ਲੈ ਕੇ ਆਉਂਦੀ ਹੈ ਅਤੇ ਸਿਦਕ ਨਾਲ ਹੀ ਬੇੜੇ ਪਾਰ ਲਗਦੇ ਹਨ। ਉਹ ਸਮਝਦੇ ਸਨ ਕਿ ਉਚੇ ਅਹੁਦਿਆਂ ‘ਤੇ ਬਿਰਾਜਮਾਨ ਸ਼ਖ਼ਸੀਅਤਾਂ ਦੇ ਕਿਰਦਾਰ ਵਿਚ ਗਿਰਾਵਟ ਇਸ ਕਾਰਨ ਵੀ ਆਉਂਦੀ ਹੈ ਕਿ ਉਹ ਪ੍ਰਸ਼ਾਸਕੀ ਜ਼ਿੰਮੇਵਾਰੀ ਨੂੰ ਸ਼ਕਤੀ ਤਸਲੀਮ ਕਰ ਲੈਂਦੇ ਹਨ। ਜ਼ਿੰਮੇਦਾਰੀ ਦਾ ਅਹਿਸਾਸ ਸੇਵਾ ਭਾਵ ਨਾਲ ਜਾ ਜੁੜਦਾ ਹੈ, ਜਦਕਿ ਸ਼ਕਤੀ ਭਾਵ ਸ਼ਾਸਨ ਵੱਲ ਮੋੜਾ ਕੱਟ ਕੇ ਕੁਸ਼ਾਸਨ ਵਿਚ ਪਲ਼ਟ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਕੀ ਅਹਿਸਾਸ ਨੂੰ ਹਮੇਸ਼ਾਂ ਸੇਵਾ ਤੱਕ ਮਹਿਦੂਦ ਰੱਖਿਆ ਅਤੇ ਸੇਵਾ ਭਾਵ ਨੂੰ ਉਹ ਬੰਦਗੀ ਦੇ ਤੁੱਲ ਅਨੁਮਾਨਦੇ ਸਨ।
ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਬੇਹੱਦ ਸੁਚੱਜੇ ਢੰਗ ਨਾਲ ਕੀਤਾ। ਉਨ੍ਹਾਂ ਦੇ ਪੁੱਤਰਾਂ ਸ਼ ਇੰਦਰਜੀਤ ਸਿੰਘ ਸੰਧੂ (ਆਈæਏæਐਸ਼), ਸ਼ ਬਲਦੀਪ ਸਿੰਘ ਸੰਧੂ (ਆਈæਆਰæਐਸ਼) ਅਤੇ ਸ਼ ਮਨਦੀਪ ਸਿੰਘ ਸੰਧੂ (ਆਈæਏæਐਸ਼) ਦੀ ਜੀਵਨ ਸ਼ੈਲੀ ਵਿਚੋਂ ਵੀ ਸ਼ ਦਲੀਪ ਸਿੰਘ ਦੀ ਮਿਕਨਾਤੀਸੀ ਅਤੇ ਨਿਰਛਲ ਸ਼ਖ਼ਸੀਅਤ ਦੇ ਦੀਦਾਰ ਹੁੰਦੇ ਹਨ। ਸ਼ਾਲੀਨਤਾ ਉਨ੍ਹਾਂ ਦੇ ਪਰਿਵਾਰ ਦੀ ਸ਼ਾਨ ਅਤੇ ਪਛਾਣ ਹੈ। ਇਸ ਦੇ ਨਕਸ਼ ਉਨ੍ਹਾਂ ਦੇ ਪੋਤੇ-ਪੋਤੀਆਂ ਦੀ ਬੋਲ-ਬਾਣੀ ਤੇ ਵਿਹਾਰ ਵਿਚ ਵੀ ਪ੍ਰਤੱਖ ਦੇਖੇ ਜਾ ਸਕਦੇ ਹਨ। ਸ਼ ਦਲੀਪ ਸਿੰਘ ਸੰਧੂ ਇਸ ਜਗਤ ਤਮਾਸ਼ੇ ਵਿਚ, ਪੂਰੀ ਗੰਭੀਰਤਾ ਅਤੇ ਸੁਹਿਰਦਤਾ ਨਾਲ ਆਪਣੀ ਜ਼ਿੰਮੇਦਾਰੀ ਨਿਭਾਉਂਦਿਆਂ 30 ਜੂਨ 2014 ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਤੁਰ ਜਾਣ ‘ਤੇ ਉਨ੍ਹਾਂ ਦੇ ਪੋਤੇ-ਪੋਤੀਆਂ ਦੇ ਜ਼ਿਹਨ ਵਿਚ ਸਹਿਵਨ ਹੀ ਇਕ ਸ਼ਬਦ ‘ਏ ਗਰੇਟ ਪੈਟਰੀਆਰਕ’ ਨੇ ਦਸਤਕ ਦਿੱਤੀ। ਅਜਿਹੇ ਇਨਸਾਨ ਸਿਰਫ਼ ਪਰਿਵਾਰ ਦਾ ਹੀ ਥੰਮ੍ਹ ਨਹੀਂ ਹੁੰਦੇ, ਬਲਕਿ ਪੂਰੇ ਸਮਾਜ ਨੂੰ ਆਪਣੀ ਕਰਨੀ ਦੇ ਜ਼ੋਰ ਨਾਲ਼ ਥੰਮ੍ਹ ਲੈਂਦੇ ਹਨ।
ਜਿਸ ਕੋਲ ਜੀਣ ਥੀਣ ਦੇ ਸਾਧਨਾ ਦੀ ਬਹੁਤਾਤ ਹੁੰਦੀ ਹੈ, ਉਹ ਚਿੰਤਾ ਰੋਗ ਵਿਚ ਘਿਰ ਜਾਂਦਾ ਹੈ; ਤੇ ਜਿਸ ਕੋਲ ਹੋਵੇ ਕੱਖ ਨਾ, ਉਹ ਭਟਕਣ ਦਾ ਸ਼ਿਕਾਰ ਹੋ ਜਾਂਦਾ ਹੈ। ਤੰਗੀ ਵਿਚ ਬੰਦਾ ਟੁੱਟ ਜਾਂਦਾ ਹੈ ਤੇ ਚੰਗੀ ਵਿਚ ਖਿਲਰ ਜਾਂਦਾ ਹੈ। ਦੋਹਾਂ ਦਿਸ਼ਾਵਾਂ ਵਿਚ ਮਨੁੱਖ ਨੂੰ ਕਿਸੇ ਸਹਾਰੇ ਜਾਂ ਓਟ ਦੀ ਲੋੜ ਪੈਂਦੀ ਹੈ: ਦੁਹਾ ਸਿਰਿਆ ਕਾ ਆਪਿ ਸੁਆਮੀ। ਚੰਗੇ ਪਿਛੋਕੜ, ਬਿਹਤਰੀਨ ਵਰਤਮਾਨ ਅਤੇ ਉਜਵਲ ਭਵਿਖ ਦੇ ਜ਼ਾਹਿਰਾ ਸੰਕੇਤ ਦਰਮਿਆਨ ਸ਼ ਦਲੀਪ ਸਿੰਘ ਦੀ ਇਨਸਾਨੀਅਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵਚ ਵਿਚ ਸਿਰਫ਼ ਸੁਰੱਖਿਅਤ ਹੀ ਨਹੀਂ ਰਹੀ, ਬਲਕਿ ਬਾਣੀ ਦੀ ਗ਼ਿਜ਼ਾ ਨਾਲ ਹੋਰ ਤਾਕਤਵਰ ਹੋਈ ਅਤੇ ਹਮਦਰਦੀ ਦੇ ਰੂਪ ਵਿਚ ਹਮੇਸ਼ਾਂ ਜਲਵਾਗਰ ਰਹੀ।
ਇਕ ਜੰਗ ਸਰਹੱਦ ‘ਤੇ ਲੜੀ ਜਾਂਦੀ ਹੈ ਪਰ ਇਕ ਹੋਰ ਜੰਗ ਸਰਹੱਦ ਤੋਂ ਉਰੇ ਅਤੇ ਪਰੇ ਲੜੀ ਨਹੀਂ, ਭੁਗਤਣੀ ਪੈਂਦੀ ਹੈ। ਜਿਨ੍ਹਾਂ ਨੂੰ ਜੰਗ ਦਾ ਖ਼ਮਿਆਜ਼ਾ ਭੁਗਤਣਾ ਪਿਆ, ਸ਼ ਦਲੀਪ ਸਿੰਘ ਸੰਧੂ ਉਨ੍ਹਾਂ ਲਈ ਹਮੇਸ਼ਾ ਭਾਈ ਘਨ੍ਹੱਈਆ ਦੇ ਨਕਸ਼ੇ-ਕਦਮਾਂ ‘ਤੇ ਤੁਰੇ। ਗੁਰਮਤਿ ਅਨੁਸਾਰ ਸੇਵਾ ਵਿਚ ਜੁਟੇ ਵਿਅਕਤੀ ਨੂੰ ਭਾਈ ਸਾਹਿਬ ਆਖਿਆ ਜਾਂਦਾ ਹੈ। ਪ੍ਰਸ਼ਾਸਕੀ ਜਗਤ ਲਈ ਪ੍ਰੇਰਨਾ ਅਤੇ ਸਬਕ ਵਜੋਂ ਜੀ ਕਰਦਾ ਹੈ ਕਿ ਉਨ੍ਹਾਂ ਨੂੰ ਭਾਈ ਸਾਹਿਬ ਦਲੀਪ ਸਿੰਘ ਆਈæਏæਐਸ਼ ਵਜੋਂ ਯਾਦ ਕੀਤਾ ਜਾਵੇ। ਆਓ! ਉਨ੍ਹਾਂ ਦੀ ਮਿੱਠੀ ਅਤੇ ਨਿਘੀ ਯਾਦ ਵਿਚ ਸਿਮਰਨ ਕਰੀਏ,
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥

Be the first to comment

Leave a Reply

Your email address will not be published.