ਮੇਰਾ ਘਰ ਘਾਟ

‘ਪੰਜਾਬ ਟਾਈਮਜ਼’ ਦੇ 19 ਜੁਲਾਈ ਵਾਲੇ ਅੰਕ ਵਿਚ ਪ੍ਰੋæ ਹਰਪਾਲ ਸਿੰਘ ਪੰਨੂ ਦਾ ਲੇਖ ‘ਘਰ ਚੱਲੀਏ’ ਛਪਿਆ ਸੀ। ਸਾਧਾਰਨ ਜਿਹੇ ਇਸ ਲੇਖ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ। ਸਾਡੇ ਇਕ ਪਾਠਕ ਕੁਲਦੀਪ ਸਿੰਘ (ਯੂਨੀਅਨ ਸਿਟੀ, ਕੈਲੀਫੋਰਨੀਆ) ਨੇ ਇਸ ਲੇਖ ਵਾਲੇ ਰੰਗ ਵਾਲਾ ਇਕ ਹੋਰ ਲੇਖ ਸਾਨੂੰ ਭੇਜਿਆ ਹੈ ਜਿਹੜਾ ਡਾæ ਮੋਹਨ ਸਿੰਘ ਦੀਵਾਨਾ ਨੇ ਚਿਰ ਪਹਿਲਾਂ ਘਰ ਬਾਰੇ ਲਿਖਿਆ ਸੀ। ਇਸ ਨਿੱਕੇ ਜਿਹੇ ਲੇਖ ਵਿਚ ਘਰ ਦੀ ਆਪਣੇ ਹੀ ਢੰਗ ਨਾਲ ਵਿਆਖਿਆ ਕੀਤੀ ਗਈ ਹੈ। ਪ੍ਰੋæ ਪੰਨੂ ਦਾ ਲੇਖ ਜੇ ਬੰਦੇ ਦੇ ਬਾਹਰ ਵੱਲ ਸਫਰ ਦੀ ਤਾਂਘ ਦਰਸਾਉਂਦਾ ਹੈ, ਤਾਂ ਡਾæ ਦੀਵਾਨਾ ਦਾ ਲੇਖ ‘ਮੇਰਾ ਘਰ ਘਾਟ’ ਅੰਦਰ ਵੱਲ ਦੀ ਯਾਤਰਾ ਨਾਲ ਜੁੜਿਆ ਹੋਇਆ ਹੈ। ਇਹ ਲੇਖ ਪ੍ਰੋæ ਪੰਨੂ ਦੇ ਲੇਖ ਨਾਲ ਮਿਲਦਾ-ਜੁਲਦਾ ਹੋਣ ਦੇ ਬਾਵਜੂਦ ਨਿਰੋਲ ਵੱਖਰਾ ਹੈ ਅਤੇ ਇਸ ਵਿਚ ਅੱਜ ਤੋਂ ਕਈ ਦਹਾਕੇ ਲਿਖੀ-ਪੜ੍ਹੀ ਜਾਂਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਵੀ ਹੁੰਦੇ ਹਨ। -ਸੰਪਾਦਕ

ਡਾæ ਮੋਹਨ ਸਿੰਘ ਦੀਵਾਨਾ
ਬੜੇ ਚਿਰਾਂ ਦੀ ਗੱਲ ਹੈ, ਆਪਣੇ ਮਸੇਰ ਨੂੰ ਮੈਂ ਕਿਹਾ, ਕੋਈ ਯੋਗ ਵਰ ਲੱਭ ਦਿਓ। ਉਨ੍ਹਾਂ ਅਖਵਾ ਭੇਜਿਆ, ਨਾ ਇਹਦਾ ਘਰ ਘਾਟ, ਪੈਸਾ ਬੈਂਕ ਵਿਚ ਨਹੀਂ, ਨਿਰੀ ਨੌਕਰੀ ਈ ਨੌਕਰੀ, ਕੋਈ ਕਾਹਨੂੰ ਧੀ ਦੇਵੇਗਾ।
ਪਰਾਈ ਧੀ ਆ ਗਈ। ਘਰ ਘਾਟ ਕਿਲ੍ਹੇ, ਮਹਲ ਵਰਗਾ ਲਾਹੌਰ ਬਣ ਗਿਆ ਪਰ ‘ਜਿਥੇ ਗਈਆਂ ਬੇੜੀਆਂ, ਉਥੇ ਗਏ ਮਲਾਹ।’ ਲਾਹੌਰ ਹੀ ਸਾਡਾ ਨਾ ਰਿਹਾ। ਪ੍ਰੇਮ ਨਗਰ ਵਾਲੇ ਮਕਾਨ ਨੂੰ ਕੀ ਰੋਈਏ।
ਸਮੇਂ ਨਾਲ ਸਭ ਕੁਝ ਹੋ ਜਾਂਦਾ ਹੈ। 1971 ਵਿਚ ਮੇਰੇ ਜਿਉਣ ਜੋਗੇ ਪੁੱਤਰ ਦੀ ਮਦਦ ਨਾਲ ਮੈਂ ਇਹ ਘਰ ਇਧਰ ਪੂਰਬੀ ਪੰਜਾਬ ਵਿਚ ਖਰੀਦ ਲਿਆ। ਮੈਂ ਬੜਾ ‘ਕੱਲਾ-‘ਕੱਲਾ ਮਹਿਸੂਸ ਕਰਾਂ। ਮੈਂ ਕਿਹਾ, ਕਿਰਾਏਦਾਰ ਵਾੜ ਕੇ ਭੂਤ ਚਮੇੜ ਲਵਾਂਗਾ। ਉਨ੍ਹਾਂ ਸਿਆੜਾਂ (ਗਿੱਦੜਾਂ) ਗਲੋਂ ਨਹੀਂ ਲਹਿਣਾ। ਚਲੋ ਦੇਵਤਿਆਂ ਨੂੰ ਵਸਾ ਲਈਏ। ਦੇਵਤੇ ਬੱਸ, ਵਾਹਿਗੁਰੂ ਦੇ ਨਾਂ ਹੀ ਹਨ। ਹੋਰ ਕੁਝ ਨਹੀਂ ਗੁਣਵਾਚਕ। ਸੋ, ਰਸੋਈ ਮੈਂ ਨਰੈਣ ਨੂੰ ਦੇ ਦਿੱਤੀ, ਰੋਟੀ ਦਾ ਕਮਰਾ ਤੇ ਨਾਲੇ ਬੈਠਕ ਹਰੀ ਨੂੰ, ਆਹਮੋ-ਸਾਹਮਣੇ ਦੋਵੇਂ ਕਮਰੇ ਗੋਬਿੰਦ ਤੇ ਗੋਪਾਲ ਨੂੰ। ਬਾਹਰ ਪਿਛਲੇ ਵਰਾਂਡੇ ਵਿਚ ਜੋ ਰਸੋਈ ਦੇ ਸਾਹਮਣੇ ਕਮਰਾ ਹੈ, ਦਿਆਲ ਸਰੂਪ ਨੂੰ। ਅੰਦਰਲਾ ਵਿਹੜਾ ਪਾਰਬ੍ਰਹਮ ਨੂੰ। ਬਾਹਰਲਾ ਸੜਕ ਵੱਲ ਦਾ ਥਾਂ ਪਰਮੇਸ਼ਰ ਨੂੰ। ਉਤਲਾ ਕਮਰਾ ਰਾਮ ਤੇ ਹਨੂੰਮਾਨ ਨੂੰ। ਭਗਤ ਨੂੰ ਭਗਵਾਨ ਨਾਲੋਂ ਵੱਖ ਨਹੀਂ ਕਰੀਦਾ। ਹੁਣੇ ਮੈਨੂੰ ਇਕੱਲ ਇੰਨੀ ਨਹੀਂ ਵੱਢਦੀ।
ਪਰ ਸੜਕ ਦਾ ਧੂੰਆਂ-ਸ਼ੂੰਆਂ, ਰੌਲਾ-ਰੱਪਾ, ਚੀਕ-ਚਿਹਾੜਾ; ਇਹਦੇ ਤੋਂ ਮੈਂ ਨਹੀਂ ਬਚ ਸਕਦਾ, ਨਾ ਹੀ ਚੋਰਾਂ ਤੋਂ। ਤ੍ਰੈ ਵਾਰੀ ਚੋਰ ਆਏ। ਲੈ ਕੀ ਜਾਣਾ ਸੀ, ਮਕਾਨ ਸਾਜ਼-ਸਮਾਨ ਵੱਲੋਂ ਮਸੀਤ ਦੀ ਮਸੀਤ। ਹੁਣ ਤੇ ਕੁਝ ਕਿਤਾਬਾਂ ਹੈਨ, ਪਹਿਲਾਂ ਕਿਤਾਬਾਂ ਵੀ ਨਹੀਂ ਸਨ। ਕਿਤਾਬਾਂ ਚੋਰਾਂ ਨੇ ਕਾਠ ਮਾਰਨੀਆਂ ਨੇ। ਦੋ-ਚਾਰ ਪੈਨ, ਪੈਨਸਿਲਾਂ ਜੋ ਮੈਂ ਜਰਮਨੀ ਤੋਂ ਆਂਦੀਆਂ ਸਨ, ਲੈ ਗਏ। ਅਸਲ ਵਿਚ ਜਿਹੜਾ ਇਕ ਰੂਪ ਪੰਜ ਸੱਤ ਸਰੂਪਾਂ ਵਿਚ ਇਥੇ ਵੱਸਿਆ ਹੋਇਆ ਹੈ, ਉਹ ਬਚਾ ਲੈਂਦਾ ਰਿਹਾ ਹੈ ਤੇ ਅੱਗੇ ਵੀ ਬਚਾਏਗਾ।
ਪਰ ਇਹ ਕਹਾਣੀ ਮੈਂ ਜਿਨ੍ਹਾਂ ਗੱਲਾਂ ਲਈ ਛੋਹੀ ਹੈ, ਉਹ ਤੁਹਾਡੇ ਫਰਿਸ਼ਤੇ ਦੇ ਦਿਮਾਗ ਵਿਚ ਵੀ ਨਹੀਂ ਆ ਸਕਦੀਆਂ। ਮੈਂ ਬੇਅੰਤ ਖੁਸ਼ ਹੋਇਆ ਇਕ ਦਿਨ, ਜਦ ਦਿਹੁੰ ਲੱਥੇ ਪਿੱਛੋਂ ਆਪਣੇ ਵਿਹੜੇ ਵਿਚ ਖਲੋਤਿਆਂ ਮੈਂ ਦੂਜ ਦਾ ਚੰਨ ਵੇਖਿਆ। ਬੱਲੇ ਬੱਲੇ। ਮੈਂ ਕੇਡਾ ਭਾਗਵਾਨ ਹਾਂ, ਮੈਨੂੰ ਘਰ ਬੈਠਿਆਂ ਹੀ ਬਾਕੀ ਉਮਰ ਹਰ ਮਹੀਨੇ ਚੰਨ ਦਿਸ ਪਿਆ ਕਰੂਗਾ, ਜਿਵੇਂ ਚੰਨ ਵੀ ਹੁਣ ਮੇਰੇ ਘਰ ਆ ਗਿਆ ਹੈ। ਮੈਂ ਝੱਟ ਬਾਹਰ ਮੂਹਰਲੇ ਵਿਹੜੇ ਵਿਚ ਆ ਕੇ ਵੇਖਿਆ, ਉਥੇ ਵੀ ਦਿਸ ਪਿਆ। ਇਨਕਲਾਬ ਜ਼ਿੰਦਾਬਾਦ।
ਹੋਰ ਸੁਣੋ! ਸਾਲ ਭਰ ਬਾਅਦ ਜਦ ਮੈਂ ਗੁਲਾਬ ਤੇ ਹੋਰ ਫੁੱਲਦਾਰ ਬੂਟੇ ਲਾ ਲਏ ਅੱਗੇ ਪਿੱਛੇ ਵਿਹੜਿਆਂ ਵਿਚ, ਤਾਂ ਪੰਛੀ ਆਉਣੇ ਸ਼ੁਰੂ ਹੋ ਗਏ। ਮੈਂ ਸਹੁੰ ਖਾ ਕੇ ਕਹਿਨਾਂ ਕਿ ਮੇਰੀ ਖੁਸ਼ੀ ਦਾ ਹੱਦ ਬੰਨਾ ਟੱਪ ਗਿਆ ਤੇ ਮੈਂ ਆਕੜਨ ਲੱਗਾ ਕਿ ਲੈ ਜੇ ਹੁਣ ਤਾਂ ਖੁਰਸੂ, ਚੋਡੂਲ, ਤੋਤੇ, ਕਈ ਨਵੀਆਂ ਚਿੜੀਆਂ, ਗਟਾਰਾਂ ਇਹ ਸਭ ਮੇਰੇ ਘਰ ਆ ਕੇ ਮੇਰਾ ਮਾਣ ਵਧਾਉਂਦੇ ਨੇ। ਮੈਂ ਇਨ੍ਹਾਂ ਲਈ ਪਾਣੀ ਦਾ ਇੰਤਜ਼ਾਮ ਵੀ ਕੀਤਾ, ਟੁੱਕੜ-ਟੇੜ, ਦਾਣਾ, ਫਲ, ਨਿੱਕ-ਸੁੱਕ ਪਾ ਦਿਆਂ ਕਰਾਂ, ਤਾਂ ਜੋ ਇਹ ਮੇਰੀ ਮਹਿਮਾਨ-ਨਿਵਾਜ਼ੀ ‘ਤੇ ਕੋਈ ਟਿੱਪਣੀ ਨਾ ਕਰ ਸਕਣ। ਸ਼ਕਲਾਂ ਵੀ ਸੋਹਣੀਆਂ ਤੇ ਬੋਲ-ਚਾਲ ਵੀ ਅਠਖੇਲੀ। ਬੜਾ ਦੋਸਤਾਨਾ ਵਰਤਾਰਾ, ਜਿਵੇਂ ਆਪਣੇ ਪੁਰਾਣੇ ਨਿੱਕਿਆਂ ਦੇ ਯਾਰ ਬਾਸ਼ ਹੋਣ। ਮੈਂ ਇਨ੍ਹਾਂ ਦੀ ਖਾਤਰ ਜਾਂ ਸਹਿਜ ਸੁਭਾਅ ਪਪੀਤਾ ਲਾ ਲਿਆ, ਅਮਰੂਦ ਤੇ ਦਾਖ਼, ਅੰਗੂਰ। ਅਸਲ ਵਿਚ ਇਕ ਸੰਤ ਜੀ ਜੋ ਮੇਰੇ ਨੇੜੇ ਹੀ ਰਹਿੰਦੇ ਨੇ, ਉਨ੍ਹਾਂ ਨੂੰ ਬੁੱਢੇ ਸਿੱਖ ‘ਤੇ ਪਿਆਰ ਆਇਆ। ਉਨ੍ਹਾਂ ਆਪ ਗੁਲਾਬ ਦੀਆਂ ਟਾਹਣੀਆਂ ਲਿਆਂਦੀਆਂ, ਲਾਈਆਂ। ਅੰਗੂਰ ਵੀ ਵੇਲ ਲਾਈ ਤੇ ਅਸ਼ੀਰਵਾਦ ਦਿੱਤੀ।
ਛੇ ਵਰ੍ਹੇ ਹੋ ਗਏ ਨੇ ਬਰਾਬਰ ਸਾਡੀ ਮਿੱਤਰਤਾ ਨਿਭੀ ਜਾਂਦੀ ਹੈ, ਉਤੋਂ-ਅੰਦਰੋਂ ਇਕੋ ਜਿਹੀ। ਹਾਂ, ਕਦੀ-ਕਦੀ ਚਿੜੀ ‘ਤੇ ਮੈਨੂੰ ਗੁੱਸਾ ਆਉਂਦਾ ਹੈ ਜਾਂ ਕਾਂ ‘ਤੇ। ਭਲਾ ਇਹ ਕੀ ਹੋਇਆ ਕਿ ਕੁਵੇਲੇ ਚੀਂ ਚੀਂ ਤੇ ਕਾਂ ਕਾਂ ਕਰ ਕੇ ਸਿਰ ਹੀ ਖਾ ਲਓ। ਚੋਖਾ ਸਿਰ ਤਾਂ ਹੋਕਾ ਦੇ ਕੇ ਵੇਚਣ ਵਾਲਿਆਂ, ਬਲੂਣ ਵੇਚਣ ਵਾਲਿਆਂ, ਮੋਟਰਾਂ ਦੀ ਭੌਂਕ, ਸਕੂਟਰਾਂ ਦੀ ਚੰਘਿਆੜ ਨੇ, ਤੇ ਰਿਕਸ਼ੇ ਵਾਲਿਆਂ ਦੀਆਂ ਉਚੀਆਂ-ਉਚੀਆਂ ਗੱਲਾਂ-ਬਾਤਾਂ ਨੇ, ਤੇ ਗਵਾਂਢ ਤੇ ਰੇਡੀਓ ਨੇ, ਤੇ ਅੱਧੀ ਰਾਤ ਨੂੰ ਫਿਰਦੇ ਮੁੰਡਿਆਂ ਦੇ ਰੌਲਿਆਂ ਨੇ ਖਾ ਲਿਆ ਹੈ।
ਫੁੱਲਾਂ ਦਾ, ਖਾਸ ਕਰ ਕੇ ਵੱਡੇ-ਵੱਡੇ ਗਮਲਿਆਂ ਵਿਚਲਿਆਂ ਬੂਟਿਆਂ ਦੀ ਸੂਰਤ ਖੁਸ਼ਬੋ ਦੀ ਕਹਾਣੀ ਦਾ ਕਹਿਣਾ ਹੀ ਕੀ ਹੈ। ਮੈਂ ਕਹਿਨਾਂ ਅੱਖਾਂ ਮਾਰ ਮਾਰ ਕੇ ਬੁਲਾਉਂਦੇ ਨੇ, ਤੇ ਝੋਲੀ ਖੁਸ਼ਬੋ ਨਾਲ ਭਰ ਦੇਂਦੇ ਨੇ, ਤੇ ਕਈ ਅਧਿਆਤਮਿਕ ਤੇ ਸਮਾਜੀ ਤੇ ਆਰਥਿਕ ਤੇ ਸਾਹਿਤਕ ਤੇ ਭੋਗ ਵਿਲਾਸੀ ਤੇ ਵੇਦਾਂਤੀ ਭੇਤ ਮੇਰੇ ਕੰਨਾਂ ਵਿਚ ਫੂਕ ਦੇਂਦੇ, ਤੇ ਅੱਖਾਂ ਵਿਚ ਸੁਰਮੇ ਵਾਂਗ ਪਾ ਦੇਂਦੇ ਨੇ।
ਲਓ ਹੋਰ ਸੁਣੋ, ਮੈਂ ਸਾਹਮਣੇ ਵਲਗਣ ਵਿਚ ਦੋ ਸਰੂ ਲਾਏ ਨੇ। ਦੋ ਤਿੰਨ ਪਾਪਲਰ ਦੇ ਬੂਟੇ, ਦੋ ਕਨੇਰ। ਪਿਛਲੇ ਵਿਹੜੇ ਵਿਚ ਵੀ ਇਕ ਸਰੂ ਹੈ। ਪਿਛਲੇ ਵਿਹੜੇ ਦੇ ਬਾਹਰ ਦਾ ਬੂਟਾ ਅਸਮਾਨ ਨਾਲ ਕੰਨਾਂ-ਕੁਰਲ ਕਰਦਾ ਹੈ। ਉਹਦੀ ਨਹੀਂ, ਮੇਰੀ ਸਰਬੁਲੰਦੀ ਹੈ। ਕਨੇਰ ਦਾ ਫੁੱਲ ਬੱਚੇ ਚੁੱਕ ਕੇ ਲੈ ਜਾਂਦੇ ਨੇ, ਤੇ ਪੂਜਾ ਕਰਨ ਵਾਲੇ ਵੀ। ਸਰੂਆਂ ਦੀ ਥਾਂ ਇਹ ਗੱਲ ਹੈ ਕਿ ਮੈਂ ਸਾਰੀ ਉਮਰ ਕਦੀ ਸੁਪਨਾ ਵੀ ਨਹੀਂ ਵੇਖ ਸਕਦਾ ਸਾਂ ਕਿ ਉਹ ਸਰੂ ਜੋ ਸਿਰਫ ਜਹਾਂਗੀਰ ਤੇ ਸ਼ਾਹ ਜ਼ਹਾਨ ਹੀ ਲਾ ਸਕਦੇ ਸਨ, ਮੇਰੇ ਘਰ ਵੀ ਕਦੇ ਲੱਗਣਗੇ। ਮੈਨੂੰ ਬੜਾ ਘੁਮੰਡ ਹੈ ਤੇ ਉਸ ਮਾਲਕ ਦਾ ਲੱਖ ਲੱਖ ਸ਼ੁਕਰ।
ਐਸਟੇਟ ਆਫਿਸ ਵਾਲੇ ਕਈ ਵਾਰ ਮੇਰੇ ਬੂਟੇ ਕੱਟ ਗਏ ਹਨ ਪਰ ਉਨ੍ਹਾਂ ਵੀ ਤਾਂ ਭਾਈ ਆਪਣੀ ਹਕੂਮਤ ਦਾ ਕੋਈ ਸਬੂਤ ਦੇਣਾ ਹੋਇਆ। ਉਹ ਰਾਜੇ ਅਸੀਂ ਰਿਆਇਆ। ਇਹੋ ਵੱਡੀ ਖੂਬੀ ਹੈ ਹਿੰਦੁਸਤਾਨੀ ਵਿਚ, ਉਹ ਕਿਸੇ ਨਾਲ ਵੀ ਝਗੜ ਕੇ ਰਾਜ਼ੀ ਨਹੀਂ; ਤੇ ਸਰਕਾਰ ਤਾਂ ਕੋਈ ਹੋਵੇ, ਉਸ ਦਾ ਹੱਥ ਬੱਧਾ ਗੁਲਾਮ ਏ। ਅਹਿੰਸਾਵਾਦੀ ਬਣੇ ਰਹੋ, ਨੀਵੇਂ ਹੋ ਘਾਹ ਬਣ ਕੇ ਤੂਫਾਨ ਉਤੋਂ ਲੰਘਾ ਲਓ; ਦੁੱਖ ਸੁੱਖ ਤਾਂ ਲਿਖਿਆ ਹੈ, ਤੇ ਹੈ ਵੀ ਕੀ? ਚੰਦ ਦਿਨਾਂ ਦੀ ਖੇਡ! ਲਾਹੌਰ ਵੀ ਤੇ ਰਹਿੰਦੇ ਸਾਂ, ਖੁਸ਼-ਖੁਸ਼ ਜਿੱਥੇ ਘਰ ਵਿਚ ਨਾ ਚੰਨ ਆਉਂਦਾ ਸੀ ਨਾ ਸੂਰਜ, ਨਾ ਫੁੱਲ ਸਨ ਨਾ ਪੰਛੀ।
ਪਰ ਇਹ ਗੱਲ ਜ਼ਰੂਰ ਹੈ ਕਿ ਲਾਹੌਰ ਵਿਚ ਪੜ੍ਹੇ-ਲਿਖੇ ਬਹੁਤ ਸਨ ਤੇ ਉਥੇ ਬੰਦੇ ਦੀ ਕਦਰ ਹੁੰਦੀ ਸੀ ਤੇ ਬੰਦਾ ਕੁਬੰਦਾ ਪਛਾਣਦੇ ਸਨ ਤੇ ਖਾਨਦਾਨੀਪਣ ਸੀ, ਹਫੜਾ ਦਫੜੀ ਨਹੀਂ ਸੀ। ਈਰਖਾ ਨਹੀਂ ਸੀ, ਸਭ ਲਈ ਮੈਦਾਨ ਖੁੱਲ੍ਹਾ ਸੀ।
ਇਕ ਖਾਸ ਗੱਲ ਇਸ ਕਹਾਣੀ ਵਿਚ ਜ਼ਰੂਰੀ ਕਹੀ ਜਾਂਦੀ ਸੀ, ਗਲੀਆਂ ਦੇ ਕੁੱਤੇ, ਸਾਹਿਬਾਂ ਦੇ ਕੁੱਤੇ, ਸਰਕਾਰੀ ਨੌਕਰਾਂ ਦੀਆਂ ਗਾਂਵਾਂ, ਪਬਲਿਕ ਦੇ ਸੰਢੇ, ਕੱਟੇ, ਬੱਕਰੀਆਂ, ਭੇਡਾਂ ਇਥੇ ਨਹੀਂ। ਰਾਤ ਨੂੰ ਬਾਰਾਂ ਵਜੇ ਤੱਕ ਆਵਾਜਾਈ ਬਾਜ਼ਾਰ ਦੀ, ਪਿੱਛੋਂ ਕੁੱਤੇ ਤੇ ਉਸ ਤੋਂ ਪਿੱਛੋਂ ਬੁੱਢਿਆਂ, ਬੱਚਿਆਂ ਦਾ ਖੰਘ-ਤਾਪ ਤੇ ਭੁੱਖ ਬਿਮਾਰੀ ਦਾ ਰੌਲਾ। ਮੈਂ ਮਨ ਨੂੰ ਸਮਝਾ ਲਿਆ ਹੈ ਕਿ ਮਕਾਨ ਆਪਣਾ ਪਿੰਜਰਾ ਹੈ; ਕੈਦੀ ਸਹੀ, ਪਰ ਰੱਖਿਆ ਤੇ ਹੈ; ਚਾਰ ਇੰਚ ਆਪਣੀ ਥਾਂ ‘ਤੇ ਹੈ, ਰਾਮ ਨਾਲ ਅੰਦਰ ਜੀ/ਮਰ ਲਈਦਾ ਹੈ; ਨਹੀਂ ਨੀਂਦਰ ਆਉਂਦੀ ਨਾ ਸਹੀ। ਆਪੇ ਬੇਵੱਸ ਹੋ ਕੇ ਕਦੇ ਤੇ ਆ ਜਾਏਗੀ। ਬਹੁਤ ਸੌਣਾ ਵਰਜਿਤ ਹੈ ਪੰਥ ਪ੍ਰਕਾਸ਼ ਵਿਚ।
ਇਥੇ ਇਕ ਨਵੀਂ ਮੁਸੀਬਤ ਉਤਰੀ ਹੈ। ਵੇਲੇ-ਕੁਵੇਲੇ ਵਿਮ ਵੇਚਣ ਵਾਲੇ, ਫਰਨੈਲ ਵੇਚਣ ਵਾਲੇ, ਬੀਮਾ ਕਰਨ ਵਾਲੇ, ਬਿਜਲੀ, ਪਾਣੀ ਦਾ ਬਿਲ ਦੇਣ ਵਾਲੇ ਜਾਂ ਮੀਟਰ ਵੇਖਣ ਵਾਲੇ ‘ਤੇ ਮੈਂ ਆਖਿਆ ਜ਼ਰਾ ਭਰਾ ਜੀ’, ‘ਬਾਬਾ ਜੀ’, ‘ਦੀਵਾਨਾ ਜੀ’, ਖ਼ਬਰਸਾਰ ਲੈਣ ਵਾਲੇ ਬੇਅੰਤ ਹਨ। ਐਂ ਲਗਦੈ ਕਿ ਜਿੰਨੀ ਵੱਡੀ ਦੁਨੀਆਂ ਬਾਹਰ ਹੈ, ਉਨੀ ਪਸਰੀ ਮੇਰੇ ਘਰ ਵਿਚ ਵੀ ਹੈ, ਤੇ ਮਨ ਵਿਚ ਵੀ; ਪਰ ਸੱਚ ਦੱਸਾਂ ਮੈਨੂੰ ਨਾ ਫੁੱਲਾਂ ਤੇ, ਨਾ ਪੰਛੀਆਂ ਤੇ, ਨਾ ਮੁਲਾਕਾਤੀਆਂ ਤੇ, ਨਾ ਕਿਤਾਬਾਂ ਜੋ ਮੈਂ ਇਥੇ ਬੈਠਿਆਂ ਲਿਖ ਮਾਰੀਆਂ ਨੇ, ਉਤੇ ਫ਼ਖ਼ਰ ਹੈ। ਮੈਨੂੰ ਨਾਜ਼ ਹੈ ਇਸ ਸਭ ਤੋਂ ਵਧ ਕੇ ਹਮੇਸ਼ਾ ਰਹਿਣ ਵਾਲਾ, ਕਿ ਮੇਰੀ ਬੇਟੀ ਅਮਰੀਕਾ ਤੋਂ ਆਈ ਇਸ ਘਰ ਵਿਚ, ਨਾਲ ਲਿਆਈ ਆਪਣੀ ਬੇਟੀ ਕਿਰਨ ਨੂੰ, ਤੇ ਆਪਣੇ ਭਰਾ ਦੀ ਬੇਟੀ ਸਫ਼ੀਨਾ ਨੂੰ। ਇਹ ਤਿੰਨੇ ਇਥੇ ਤਿੰਨ ਦਿਨ ਟਿਕੀਆਂ, ਤੇ ਜਾਂਦਿਆਂ ਮੇਰੀ ਰੱਬ ਰੱਖੀ, ਸਾਈਂ ਸਵਾਰੀ ਬੇਟੀ ਨੇ ਕਿਹਾ, “ਪਾਪਾ ਜੀ, ਸਾਨੂੰ ਕਦੇ ਪਹਿਲੇ ਇਹੋ ਜਿਹਾ ਘਰ ਨਹੀਂ ਸੀ ਜੁੜਿਆ! ਖੁਸ਼ ਓ ਨਾ?”
ਜਵਾਬ ਵਿਚ ਮੇਰੀਆਂ ਅੱਖਾਂ ‘ਚੋਂ ਅੱਥਰੂ ਵਗਣ ਲੱਗ ਪਏ।
ਘਰ-ਘਾਟ ਇਸ ਲਈ ਹੁੰਦਾ ਹੈ ਕਿ ਵੰਸ਼ ਅੱਗੇ ਤੁਰੇ। ਨਾਂ ਚੱਲੇ। ਪੁੱਤ, ਪੋਤਰੇ, ਪੜ-ਪੋਤਰੇ ਕਹਿਣ ਕਿ ਬਾਪੂ ਹੋਰ ਕੁਝ ਨਹੀਂ ਤੇ ਕੁੱਲੀ ਤੇ ਛੱਡ ਗਿਆ ਹੈ, ਤੇ ਬਾਪੂ ਖੁਸ਼ ਕਿ ਸੜਕ ‘ਤੇ ਕੁੱਤੇ ਦੀ ਮੌਤ ਤੇ ਨਹੀਂ ਮਰਿਆ। ਮੈਂ ਕਹਿਨਾਂ, ਮੌਤ ਨੂੰ ਸਦਾ ਯਾਦ ਰੱਖਣ ਨਾਲ ਜੀਵਨ ਠੀਕ ਠੁੱਕ ਨਾਲ ਲੰਘਦਾ ਹੈ, ਮਰੂੰ ਮਰੂੰ ਕਰਨ ਨਾਲ ਨਹੀਂ। ਇਹ ਚੇਤੇ ਰੱਖਣ ਨਾਲ ਕਿ ਘਰ, ਘਰ ਨਹੀਂ ਘਾਟ ਹੈ; ਲੋਕ ਆਉਂਦੇ ਨੇ, ਨਾਉਂ ਤੋਂ ਉਤਰਦੇ ਨੇ, ਫਿਰ ਨਾਉਂ ‘ਤੇ ਚੜ੍ਹ ਜਾਂਦੇ ਨੇ। ਟੇਸ਼ਨ ਹੈ ਟੇਸ਼ਨ। ਗੱਡੀ ਵਿਚ ਮੁਸਾਫ਼ਰ ਕੋਈ ਇਥੇ ਲਹਿ ਗਿਆ, ਕੋਈ ਅੱਗੇ ਲਹੂ। ਗੱਡੀ ਨੂੰ ਘਰ ਨਾ ਸਮਝੋ। ਇਉਂ ਮੇਰਾ ਘਰ ਮੇਰਾ ਮੇਜ਼ਬਾਨ ਹੈ, ਤੇ ਮੈਂ ਇਹਦਾ ਮਹਿਮਾਨ। ਤੁਸੀਂ ਕੀ ਕਹਿੰਦੇ ਹੋ?

Be the first to comment

Leave a Reply

Your email address will not be published.