ਗਵਾਂਢੀ ਰਾਜਾਂ ਦੀ ਧਾਰਮਕ ਸੋਚ ਵਿਚ ਦਖਲ ਦਾ ਮਾਮਲਾ

ਗੁਲਜ਼ਾਰ ਸਿੰਘ ਸੰਧੂ
ਹਰਿਆਣਾ ਦੀ ਸਿੱਖ ਸੰਗਤ ਵੱਲੋਂ ਆਪਣੇ ਰਾਜ ਵਿਚ ਪੈਂਦੇ ਗੁਰਦੁਆਰਿਆਂ ਦੀ ਸਾਂਭ-ਸੰਭਾਲ ਦਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨਾਲੋਂ ਵਖਰਾ ਕਰ ਲੈਣ ਨੂੰ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਕਾਂਗਰਸ ਕਮੇਟੀ ਦੀ ਰਾਜਨੀਤਕ ਚਾਲ ਦੱਸ ਰਿਹਾ ਹੈ। ਹਰਿਆਣਾ ਦੇ ਸਿੱਖ ਨੇਤਾ ਜ਼ਿਲ੍ਹਾ ਪੱਧਰ ਉਤੇ ਸ਼ਾਂਤੀ ਮਾਰਚ ਕਰ ਕੇ ਇਸ ਨੂੰ ਸ਼ਾਂਤੀ ਨਾਲ ਹੱਲ ਕਰਨ ਦਾ ਯਤਨ ਕਰ ਰਹੇ ਹਨ ਪਰ ਪੰਜਾਬ ਦੀ ਸੱਤਾਧਾਰੀ ਪਾਰਟੀ ਵੱਲੋਂ ਹਰਿਆਣਾ ਦੇ ਗੁਰਧਾਮਾਂ ਵਿਚ ਟਾਸਕ ਫੋਰਸ ਭੇਜਣਾ ਸੰਕਟ ਮਈ ਸਥਿਤੀ ਪੈਦਾ ਕਰ ਸਕਦਾ ਹੈ।
ਕਿਸੇ ਧਾਰਮਕ ਮਾਮਲੇ ਨੂੰ ਰਾਜਨੀਤਕ ਰੰਗ ਦੇਣਾ ਕਦਾਚਿਤ ਠੀਕ ਨਹੀਂ। ਸਿੱਖੀ ਮਾਣ ਮਰਿਆਦਾ ਕੱਚ ਦੀ ਗਾਗਰ ਨਹੀਂ ਜੋ ਵਖਰੇ ਹੋਇਆਂ ਢਹਿ ਢੇਰੀ ਹੋ ਜਾਵੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਪ੍ਰਮਾਣ ਸਾਡੇ ਸਾਹਮਣੇ ਹੈ ਜਿੱਥੇ ਕਦੇ ਕਾਂਗਰਸੀ ਸੋਚ ਦੀ ਪ੍ਰਧਾਨਗੀ ਹੁੰਦੀ ਹੈ ਤੇ ਕਦੇ ਅਕਾਲੀ ਦੀ ਜਿਵੇਂ ਅੱਜ ਕੱਲ੍ਹ ਹੈ। ਸਿੱਖੀ ਮਾਣ ਮਰਿਆਦਾ ਨੂੰ ਕੋਈ ਠੇਸ ਨਹੀਂ ਲੱਗੀ।
ਜੇ ਅਕਾਲੀ ਦਲ ਦਿੱਲੀ ਤੋਂ ਦੂਰ ਬੈਠਾ ਦਿੱਲੀ ਦੇ ਸਿੱਖ ਗੁਰਦੁਆਰਾ ਪ੍ਰਬੰਧ ਵਿਚ ਆਪਣੀ ਸੋਚ ਰਖਣ ਵਾਲੇ ਸਿੱਖ ਆਗੂਆਂ ਨੂੰ ਸਫਲਤਾ ਦਿਲਵਾ ਸਕਦਾ ਹੈ ਤਾਂ ਓਸ ਸ਼ਾਂਤਮਈ ਢੰਗ ਨਾਲ ਹਰਿਆਣਾ ਦੀਆਂ ਸਿੱਖ ਸੰਗਤਾਂ ਦਾ ਦਿਲ ਜਿੱਤ ਕੇ, ਅੱਜ ਨਹੀਂ ਤਾਂ ਕੱਲ, ਉਥੇ ਵੀ ਸਫ਼ਲ ਹੋ ਸਕਦਾ ਹੈ। ਤਣਾਓ ਵਾਲੀ ਸਥਿਤੀ ਪੈਦਾ ਕੀਤਿਆਂ ਨੁਕਸਾਨ ਸਿੱਖ ਸੰਗਤਾਂ ਦਾ ਹੀ ਹੋਣਾ ਹੈ, ਬਾਹਰੀ ਸੋਚ ਵਾਲੇ ਤਾਂ ਕੇਵਲ ਤਮਾਸ਼ਾ ਹੀ ਦੇਖਣਗੇ। ਲੋੜ ਹਰਿਆਣਾ ਦੇ ਸਿੱਖ ਆਗੂਆਂ ਦਾ ਦਿਲ ਜਿੱਤਣ ਦੀ ਹੈ, ਉਨ੍ਹਾਂ ਦੇ ਗੁਰਧਾਮਾਂ ਵਿਚ ਬਾਹਰੀ ਪ੍ਰਬੰਧਕ ਭੇਜ ਕੇ ਸ਼ਾਂਤੀ ਭੰਗ ਕਰਨ ਦੀ ਨਹੀਂ। ਇਹ ਗੱਲ ਤਦ ਹੀ ਹੋ ਸਕਦੀ ਹੈ, ਜੇ ਅਸੀਂ ਇਹ ਚੇਤੇ ਰੱਖੀਏ ਕਿ ਗੁਆਂਢੀ ਰਾਜਾਂ ਵਿਚ ਵਖਰੇਪਨ ਦੀ ਭਾਵਨਾ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਨਾਲ ਹੀ ਪੈਦਾ ਹੋਈ ਹੈ।
ਧਰਮ ਰਾਜ ਦੇ ਅੰਗ ਰੱਖਿਅਕ: ਅਸੀਂ ਧਰਮਰਾਜ ਨੂੰ ਅਤਿਅੰਤ ਸ਼ਕਤੀਸ਼ਾਲੀ ਮੰਨਦੇ ਆਏ ਹਾਂ। ਪ੍ਰਾਣੀ ਨੂੰ ਨਰਕ ਤੇ ਸੁਰਗ ਵਿਚ ਸੁੱਟਣ ਵਾਲਾ ਯਮੀ ਨਾਂ ਦੀ ਯਮਨੀ ਦਾ ਜੌੜਾ ਭਰਾ। ਪਰ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਚ ਇਸ ਨਾਂ ਦੇ ਇਕ ਨਾਟਕ ਉਤੇ ਕਿਸੇ ਹਿੰਦੂ ਸੰਗਠਨ ਨੇ ਇਸ ਲਈ ਪਾਬੰਦੀ ਲਗਵਾ ਦਿੱਤੀ ਕਿ ਇਸ ਵਿਚ ਧਰਮਰਾਜ ਤੇ ਉਸ ਦੀ ਭੈਣ ਦੀ ਮਾਣਹਾਨੀ ਹੁੰਦੀ ਹੈ। ਖੂਬੀ ਇਹ ਕਿ ਪਾਬੰਦੀ ਲਾਉਣ ਵਾਲਿਆਂ ਨੇ ਨਾਟਕ ਨਹੀਂ ਦੇਖਿਆ। ਕੇਵਲ ਪੋਸਟਰ ਉਤੇ ਬਣੀ ਤਸਵੀਰ ਨੂੰ ਆਧਾਰ ਬਣਾ ਕੇ ਇਸ ਨੂੰ ਖੇਡਣ ਨਹੀਂ ਦਿੱਤਾ।
ਨਾਟਕ ਦਾ ਨਾਂ ‘ਧਰਮਰਾਜ ਡਾਟ ਕਾਮ’ ਹੈ। ਲਿਖਣ ਵਾਲਾ ਸੁਚੇਤ ਚਿੱਤਰਕਾਰ ਤੇ ਖੇਡਣ ਵਾਲੀ ਸੰਗੀਤਾ ਗੁਪਤਾ ਦੀ ਟੀਮ। ਸੰਗੀਤਾ ਮੇਰੇ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕੀ ਕਾਲ ਵਿਚ ਨਾਟਕ ਦੀ ਵਿਦਿਆਰਥਣ ਸੀ। ਮੈਂ ਉਸ ਦੇ ਕਈ ਨਾਟਕ ਤੱਕੇ ਹਨ। ਉਹ ਗੁਣਾਂ ਵਾਲੀ ਕਲਾਕਾਰ ਹੈ। ਪਰ ਧਰਮਰਾਜ ਦੀ ਸ਼ਕਤੀ ਦੇ ਸਾਹਮਣੇ ਉਹ ਕਿਸ ਦੀ ਪਾਣੀਹਾਰ ਹੈ? ਹੁਣ ਧਰਮਰਾਜ ਦੇ ਅੰਗ ਰੱਖਿਅਕਾਂ ਦੀ ਮਧੋਲੀ ਉਸ ਦੀ ਨਾਟਕ ਮੰਡਲੀ ਹਰ ਰੋਜ਼ ਮੂੰਹ ਉਤੇ ਚੁੱਪ ਦੀ ਚੇਪੀ ਚਿਪਕਾ ਕੇ ਸਰਕਾਰ ਵੱਲੋਂ ਬੋਲਣ ਦੀ ਆਜ਼ਾਦੀ ਉਤੇ ਪਾਬੰਦੀ ਵਿਰੁਧ ਚੰਡੀਗੜ੍ਹ ਦੇ ਚਰਚਿਤ ਅਸਥਾਨਾਂ ਉਤੇ ਵਿਰੋਧ ਵਿਚ ਬਹਿੰਦੀ ਹੈ। ਲਿਖਣ ਤੇ ਬੋਲਣ ਦੀ ਆਜ਼ਾਦੀ ਚਾਹੁਣ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਸ ਦਾ ਪੱਖ ਪੂਰਨ।
ਮੇਰੇ ਵਿਸ਼ਵ ਵਿਦਿਆਲੇ: ਟਾਈਮਜ਼ ਹਾਇਰ ਐਜੂਕੇਸ਼ਨ ਵਾਲਿਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਮਿਆਰ ਵਿਸ਼ਵ ਪੱਧਰ ਉਤੇ ਚੀਨ ਦੀ ਰੈਨਮਿੰਡ ਯੂਨੀਵਰਸਿਟੀ ਸ਼੍ਰੇਣੀ ਵਿਚ ਗਰਦਾਨ ਕੇ ਇਸ ਦੇ ਰਹਿ ਚੁੱਕੇ ਵਿਦਿਆਰਥੀਆਂ ਦਾ ਸਿਰ ਉਚਾ ਕੀਤਾ ਹੈ। ਉਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਵਰਤਮਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੀ ਨਹੀਂ ‘ਅਜੀਤ’ ਵਾਲੇ ਡਾæ ਬਰਜਿੰਦਰ ਸਿੰਘ ਹਮਦਰਦ ਤੇ ਮੈਂ ਵੀ ਹਾਂ। ਮੇਰੇ ਵੇਲੇ ਡਾæ ਮਨਮੋਹਨ ਸਿੰਘ ਸਰਕਾਰੀ ਕਾਲਜ ਹੁਸ਼ਿਆਰਪੁਰ ਪੜ੍ਹਦੇ ਸਨ ਤੇ ਮੈਂ 20 ਕਿਲੋਮੀਟਰ ਥੱਲੇ ਵਲ ਖਾਲਸਾ ਕਾਲਜਾ ਮਾਹਿਲਪੁਰ ਵਿਖੇ। ਇਹ ਦੋਵੇਂ ਕਾਲਜ ਪੰਜਾਬ ਯੂਨੀਵਰਸਿਟੀ ਦੇ ਅੰਗ ਸਨ।
ਮੇਰੀ ਵਿਦਿਆ ਪ੍ਰਾਪਤੀ ਸਮੇਂ ਖਾਲਸਾ ਕਾਲਜ, ਮਾਹਿਲਪੁਰ ਦਾ ਪ੍ਰਿੰਸੀਪਲ ਖੇਡ ਖਿਡਾਰੀਆਂ ਦਾ ਸਰਪ੍ਰਸਤ ਹਰਭਜਨ ਸਿੰਘ ਸੀ। ਏਸ ਕਾਲਜ ਨੇ ਸਾਨੂੰ ਜਰਨੈਲ ਸਿੰਘ ਤੇ ਗੁਰਦੇਵ ਸਿੰਘ ਗਿੱਲ ਵਰਗੇ ਅਰਜਨ ਐਵਾਰਡੀ ਦਿੱਤੇ। ਹਾਂ, ਪਿਛਲੇ ਸਾਲਾਂ ਵਿਚ ਇਸ ਕਾਲਜ ਦੇ ਇਕ ਮੁਖੀ ਦੀ ਨਾਲਾਇਕੀ ਕਾਰਨ ਇਹ ਸੰਸਥਾ ਲੀਹੋਂ ਲੱਥੀ ਦਿਖਾਈ ਦੇ ਰਹੀ ਸੀ ਪਰ ਹੁਣ ਯੂਨੀਵਰਸਿਟੀ ਦੇ ਦਖਲ ਪਿੱਛੋਂ ਉਸ ਨੂੰ ਬਰਤਰਫ ਕਰ ਦਿੱਤਾ ਗਿਆ ਹੈ। ਅੱਜ ਸਿੱਖ ਐਜੂਕੇਸ਼ਨਲ ਕੌਂਸਲ ਮਾਹਿਲਪੁਰ ਦੇ ਇੱਕ ਮੈਂਬਰ ਸੇਵਾ ਮੁਕਤ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਦੀ ਦੇਖ-ਰੇਖ ਥੱਲੇ ਇਹ ਸੰਸਥਾ ਮੁੜ ਲੀਹੇ ਪੈ ਗਈ ਹੈ। ਢਿੱਲੋਂ ਮੇਰੇ ਸਮਿਆਂ ਦੇ ਪ੍ਰਿੰਸੀਪਲ ਹਰਭਜਨ ਸਿੰਘ ਦਾ ਦੋਹਤਰਾ ਵੀ ਹੈ। ਮੈਕਸਿਮ ਗੋਰਕੀ ਦੀ ਸ਼ਬਦਾਵਲੀ ਵਿਚ ਇਹ ਮੇਰੇ ਵਿਸ਼ਵ ਵਿਦਿਆਲੇ ਹਨ।
ਅੰਤਿਕਾ: (ਦਰਸ਼ਨ ਸਿੰਘ ਹੀਰ)
ਪ੍ਰੀਤ-ਖੇਲ ਵਿਚ ਖੁਸ਼ੀਆਂ ਸੁਪਨਾ,
ਪੀੜਾਂ, ਹਉਕੇ, ਹੰਝੂ, ਚੋਖੇ।
ਆਸ਼ਕ ਉਹ ਜੋ ਭੱਜਣ ਦੀ ਥਾਂ,
ਹਰ ਗਰਦਸ਼ ਅੱਗੇ ਹਿੱਕ ਠੋਕੇ।

Be the first to comment

Leave a Reply

Your email address will not be published.