ਠੇਕੇਦਾਰ ਦਾ ਟਿਊਬਵੈਲ

ਤੇਰੀਆਂ ਗਲੀਆਂ-2
ਸਿਰਕੱਢ ਪੰਜਾਬੀ ਪੱਤਰਕਾਰ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲਿਖਤ ਵਿਚ ਵੀ ਉਹ ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਰਹੇ ਆਪਣੇ ਕਾਲਮ ‘ਜਗਤ ਤਮਾਸ਼ਾ’ ਵਾਂਗ ਨਿਵੇਕਲੇ ਰੰਗ ਨਾਲ ਹਾਜ਼ਰ ਹੈ। ਆਪਣੀ ਧੀ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਹਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਇਕੱਲੇ ਨੰਗਲ ਸ਼ਾਮਾ ਪਿੰਡ ਬਾਰੇ ਨਹੀਂ, ਸਗੋਂ ਇਹ ਸਮੁੱਚੇ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਬਦਲੇ ਹਨ। ਇਨ੍ਹਾਂ ਪਿੰਡਾਂ ਦੀ ਤਾਸੀਰ ਬਦਲ ਗਈ ਹੈ ਅਤੇ ਤੱਤ ਵੀ ਬਦਲ ਰਿਹਾ ਹੈ। ਦਲਬੀਰ ਨੇ ਇਹ ਰਚਨਾ ਧੜਕਦੇ ਦਿਲ ਨਾਲ ਕੀਤੀ ਹੋਈ ਹੈ, ਇਸੇ ਲਈ ਇਸ ਨੂੰ ਪੜ੍ਹਨ-ਸੁਣਨ ਵਾਲੇ ਦਾ ਦਿਲ ਵੀ ਉਸ ਰੌਂਅ ਵਿਚ ਧੜਕਣ ਲਗਦਾ ਹੈ। ਐਤਕੀਂ ਵਾਲੀ ਕਿਸ਼ਤ ‘ਠੇਕੇਦਾਰ ਦਾ ਟਿਊਬਵੈਲ’ ਵਿਚ ਉਹ ਪਿੰਡ ਦੇ ਬਸੀਵੇਂ ‘ਤੇ ਆਪਣੀ ਧੀ ਨਾਲ ਖੜ੍ਹਾ ਪਿੰਡ ਨੂੰ ਨਿਹਾਰ ਰਿਹਾ ਹੈ। ਇਸ ਤੱਕਣੀ ਵਿਚ ਹੇਰਵਾ ਅਤੇ ਝੋਰਾ ਤਾਂ ਹੈ ਹੀ, ਇਕ ਤਾਂਘ ਵੀ ਹੈ ਕਿ ਉਸ ਦੀ ਧੀ ਨੂੰ ਉਸ ਦਾ ਪਿੰਡ ਭਾ ਜਾਵੇ। ਉਹ ਆਪਣੀ ਅਗਲੀ ਪੀੜ੍ਹੀ ਨਾਲ ਆਪਣੇ ਪਿੰਡ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ। -ਸੰਪਾਦਕ

ਦਲਬੀਰ ਸਿੰਘ
ਮੇਰੀ ਬੇਟੀ ਮੇਰੇ ਪਿੰਡ ਨੰਗਲ ਸ਼ਾਮਾ ਵੱਲ ਦੇਖ ਕੇ ਪੁੱਛਦੀ ਹੈ ਕਿ ਪਿੰਡ ਇਸ ਤਰ੍ਹਾਂ ਦੇ ਹੁੰਦੇ ਹਨ? ਉਸ ਨੇ ਰਾਜਸਥਾਨ ਦਾ ਇਕ ਪਿੰਡ ਦੇਖਣ ਤੋਂ ਬਿਨਾਂ ਟੈਲੀਵਿਜ਼ਨ ਤੋਂ ਵੀ ਦੇਖਿਆ ਜਾਂ ਕਿਤਾਬਾਂ ਵਿਚ ਪੜ੍ਹਿਆ ਸੀ ਕਿ ਪਿੰਡਾਂ ਵਿਚ ਕੱਚੇ ਘਰ ਹੁੰਦੇ ਹਨ, ਸੜਕਾਂ ਦੀ ਥਾਂ ਕੱਚੇ ਰਸਤੇ ਹੁੰਦੇ ਹਨ। ਦੂਰ-ਦੂਰ ਤਕ ਖੇਤ ਹੁੰਦੇ ਹਨ। ਖੇਤਾਂ ਵਿਚ ਕਣਕ ਦੇ ‘ਦਰਖਤ’ ਲਗਦੇ ਹਨ। ਦਰਖ਼ਤ ਨਹੀਂ, ਸਗੋਂ ‘ਪੇੜ’ ਲਗਦੇ ਹਨ। ਪਿੰਡਾਂ ਦੇ ਲੋਕ ਗਰੀਬ ਹੁੰਦੇ ਹਨ। ਇਸ ਲਈ ਉਹ ਝੌਂਪੜੀਆਂ ਵਿਚ ਰਹਿੰਦੇ ਹਨ। ਗਰੀਬ ਹੋਣ ਕਾਰਨ ਉਨ੍ਹਾਂ ਦੇ ਕੱਪੜੇ ਵੀ ਚੰਗੇ ਨਹੀਂ ਹੁੰਦੇ। ਉਥੇ ਸਕੂਲ ਹੁੰਦੇ ਹੀ ਨਹੀਂ; ਹੁੰਦੇ ਹਨ ਤਾਂ ਬੱਚੇ ਪੜ੍ਹਾਈ ਨਹੀਂ ਕਰਦੇ। ਜੇ ਕਰਦੇ ਹਨ ਤਾਂ ਸਿਰਫ ਮੁੰਡੇ ਹੀ ਕਰਦੇ ਹਨ। ਕੁੜੀਆਂ ਨੂੰ ਉਨ੍ਹਾਂ ਦੇ ਮਾਪੇ ਪੜ੍ਹਨ ਨਹੀਂ ਭੇਜਦੇ। ਪਿੰਡਾਂ ਦੀਆਂ ਗਲੀਆਂ ਕੱਚੀਆਂ ਹੁੰਦੀਆਂ ਹਨ। ਉਨ੍ਹਾਂ ਵਿਚ ਚਿੱਕੜ ਹੁੰਦਾ ਹੈ।
ਉਸ ਨੇ ਜਿਹੜਾ ਪਿੰਡ ਦੇਖਿਆ ਸੀ, ਉਹ ਰਾਜਸਥਾਨ ਦੇ ਭਰਤਗੜ੍ਹ ਦਾ ਕੋਈ ਪਿੰਡ ਸੀ। ਉਥੇ ਅਸੀਂ ਇਕ ਸ਼ਾਦੀ ਦੇ ਸਬੰਧ ਵਿਚ ਗਏ ਸਾਂ। ਉਸ ਪਿੰਡ ਵਿਚ ਕੱਚੇ ਘਰਾਂ ਦੀ ਬਹੁਤਾਤ ਸੀ। ਸਕੂਲ ਤਾਂ ਭਾਵੇਂ ਤਿੰਨ ਸਨ ਪਰ ਉਨ੍ਹਾਂ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਬਹੁਤੀ ਨਹੀਂ ਸੀ। ਉਨ੍ਹਾਂ ਵਿਚੋਂ ਕੁੜੀਆਂ ਦੀ ਗਿਣਤੀ ਹੋਰ ਵੀ ਘੱਟ ਸੀ। ਸ਼ਾਇਦ ਸੌ ਪਿੱਛੇ ਦਸ ਅਤੇ ਉਹ ਸਿਰਫ ਪ੍ਰਾਇਮਰੀ ਸਕੂਲ ਵਿਚ। ਇਨ੍ਹਾਂ ਦਸ ਕੁੜੀਆਂ ਵਿਚੋਂ ਵੀ ਮੁਸਲਮਾਨ ਕੁੜੀਆਂ ਦੀ ਗਿਣਤੀ ਇਕ ਜਾਂ ਦੋ ਤਕ ਹੀ ਸੀਮਤ ਸੀ।
ਮੈਂ ਅਤੇ ਮੇਰੀ ਧੀ ਨੇ ਇਕ ਗੋਰੀ ਕੁੜੀ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਉਹ ਸ਼ਰਮਾਈ ਜਾਵੇ। ਉਸ ਦੇ ਬਾਈ ਵਰ੍ਹਿਆਂ ਦੇ ਭਰਾ ਨੂੰ ਇਹ ਇਤਰਾਜ਼ ਸੀ ਕਿ ਮੈਂ ਹੰਸੀਰਾ ਨਾਂ ਦੀ ਇਸ ਸ਼ਰਮਾਕਲ ਕੁੜੀ ਨਾਲ ਗੱਲਾਂ ਕਿਉਂ ਕਰ ਰਿਹਾ ਸਾਂ? ‘ਇਥੇ ਕੁੜੀਆਂ ਪਰਾਏ ਮਰਦਾਂ ਨਾਲ ਗੱਲਾਂ ਨਹੀਂ ਕਰਦੀਆਂ।’ ਬਾਰਾਂ ਵਰ੍ਹਿਆਂ ਦੀ ਉਸ ਕੁੜੀ ਲਈ ਮੇਰੇ ਵਰਗੇ ਉਸ ਬੰਦੇ ਨਾਲ ਗੱਲ ਕਰਨ ਦੀ ਮਨਾਹੀ ਸੀ ਜਿਸ ਦੀ ਬਾਰਾਂ ਵਰ੍ਹਿਆਂ ਦੀ ਧੀ ਉਸ ਕੁੜੀ ਨਾਲ ਸਹੇਲਪੁਣਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮੇਰੀ ਧੀ ਲਈ ਇਹ ਹੈਰਾਨੀ ਵਾਲੀ ਗੱਲ ਸੀ ਕਿ ਹੰਸੀਰਾ ਅਤੇ ਉਸ ਦੀ ਉਮਰ ਦੀਆਂ ਹੋਰ ਕੁੜੀਆਂ ਸਿਰਫ ਮਸੀਤ ਵਿਚ ਕੁਰਾਨ ਸ਼ਰੀਫ ਹੀ ਪੜ੍ਹਦੀਆਂ ਹਨ। ਉਸ ਲਈ ਹੈਰਾਨੀ ਵਾਲੀ ਗੱਲ ਹੋਰ ਵੀ ਸੀ ਕਿ ਅਗਲੇ ਸਾਲ ਹੰਸੀਰਾ ਦਾ ਨਿਕਾਹ ਹੋਣ ਵਾਲਾ ਹੈ।
ਇਸ ਪਿੰਡ ਤਕ ਪਹੁੰਚਣ ਲਈ ਸੜਕ ਬਹੁਤ ਮਾੜੀ ਹੈ। ਇੰਨੀ ਮਾੜੀ ਕਿ ਦੋ ਬੱਸਾਂ ਆਹਮੋ-ਸਾਹਮਣੇ ਤੋਂ ਆ ਜਾਣ ਤਾਂ ਇਕ ਨੂੰ ਖੇਤਾਂ ਵਿਚ ਉਤਰਨਾ ਪਵੇਗਾ। ਪਿੰਡ ਵਿਚ ਗੋਹੇ ਦੀ, ਗੋਹੇ ਰਲਵੇਂ ਗੰਧਲੇ ਪਾਣੀ ਦੀ, ਖੇਤਾਂ ਵਿਚ ਤਾਰੇਮੀਰੇ ਦੀ, ਸਰ੍ਹੋਂ ਦੀ ਅਤੇ ਹੋਰ ਫਸਲਾਂ ਦੀ ਗੰਧ ਜਾਂ ਬੂ ਆਉਂਦੀ ਸੀ। ਸ਼ਹਿਰਾਂ ਵਾਲੇ ਜਿਸ ਨੂੰ ਗੰਧ ਕਹਿੰਦੇ ਹਨ, ਉਸੇ ਨੂੰ ਪਿੰਡਾਂ ਵਾਲੇ ਸੁਗੰਧ ਕਹਿੰਦੇ ਹਨ। ਇਸ ਲਈ ਮੇਰੀ ਧੀ ਦੇ ਤਸੱਵਰ ਵਿਚਲੇ ਪਿੰਡ ਇਸੇ ਤਰ੍ਹਾਂ ਦੇ ਹੁੰਦੇ ਹਨ। ਰਾਜਸਥਾਨ ਦਾ ਇਹੋ ਇਕ ਪਿੰਡ ਸੀ ਜਿਸ ਨੂੰ ਉਸ ਨੇ ਅੱਖੀਂ ਦੇਖਿਆ ਸੀ।
ਲਾਲੇ ਲੱਧੇਵਾਲੀ ਵਾਲੇ ਪਾਸਿਉਂ ਆ ਕੇ, ਜਦੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਦੇ ਕਿਨਾਰੇ ਖੜ੍ਹੇ ਹੋਈਏ ਤਾਂ ਸੱਜੇ ਪਾਸੇ ਸ਼ਾਮ ਸਿੰਘ ਦਾ ਟਿਊਬਵੈਲ ਸੀ। ਉਸ ਕੋਲ ਖੜ੍ਹ ਕੇ ਜਦੋਂ ਮੈਂ ਕਿਹਾ ਕਿ ਅਹੁ ਸਾਹਮਣੇ ਉਹ ਪਿੰਡ ਹੈ ਜਿਥੇ ਮੇਰਾ ਬਚਪਨ ਬੀਤਿਆ ਸੀ, ਤਾਂ ਬੇਟੀ ਦੇ ਚਿਹਰੇ ਉਤੇ ਕੋਈ ਖੁਸ਼ੀ ਨਹੀਂ ਸੀ ਆਈ। ਉਹ ਪਿੰਡ ਬਾਰੇ ਕੁਝ ਹੋਰ ਹੀ ਤਸੱਵਰ ਬਣਾਈ ਬੈਠੀ ਸੀ।
ਸੜਕ ਦੇ ਇਸ ਚੌਕ ਉਤੇ ਕਿਸੇ ਸਮੇਂ ਸਿਰਫ਼ ਸ਼ਾਮ ਸਿੰਘ ਦਾ ਟਿਊਬਵੈਲ ਵਾਲਾ ਕੋਠਾ ਹੀ ਹੁੰਦਾ ਸੀ। ਵੈਸੇ ਕਿਸੇ ਵੇਲੇ ਸ਼ਾਮ ਸਿੰਘ ਦਾ ਦੋ ਮੰਜ਼ਿਲਾ ਘਰ ਪਿੰਡ ਦਾ ਸਭ ਤੋਂ ਵੱਡਾ ਘਰ ਵੀ ਹੋਇਆ ਕਰਦਾ ਸੀ। ਖਬਰੇ ਲੰਬਾ ਸਮਾਂ ਪਿੰਡ ਦਾ ਸਰਪੰਚ ਰਹੇ ਮੇਜਰ ਮਿਹਰ ਸਿੰਘ ਦੇ ਘਰ ਨਾਲੋਂ ਵੀ ਵੱਡਾ ਪਰ ਹੌਲੀ-ਹੌਲੀ ਇਹ ਘਰ ਛੋਟਾ ਪੈਂਦਾ ਗਿਆ, ਕਿਉਂਕਿ ਪਿੰਡ ਵਿਚ ਹੋਰ ਵੱਡੇ ਘਰ ਬਣਦੇ ਗਏ। ਅੱਜ ਤਾਂ ਪਿੰਡ ‘ਚ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਉਸਰ ਰਹੀਆਂ ਹਨ, ਖਾਸ ਕਰ ਕੇ ਬਿੱਕਰ ਸਿੰਘ ਅਤੇ ਗੁਰਦੇਵ ਸਿੰਘ ਦੇ ਪਰਿਵਾਰਾਂ ਦੀਆਂ। ਮਗਰੋਂ ਸ਼ਾਮ ਸਿੰਘ ਨੇ ਇਹ ਘਰ ਸਾਡੇ ਪਿੰਡ ਨੌਕਰੀ ਉਤੇ ਲਗੀ ਇਕ ਮਾਸਟਰਨੀ ਦੇ ਪਰਿਵਾਰ ਨੂੰ ਦੇ ਦਿੱਤਾ ਸੀ ਜਿਸ ਦਾ ਛੋਟਾ ਭਰਾ ਮੇਰਾ ਜਮਾਤੀ ਬਣਿਆ ਅਤੇ ਅੱਠਵੀਂ ਤੋਂ ਲੈ ਕੇ ਗਿਆਰਵੀਂ ਤਕ ਜਮਾਤੀ ਰਿਹਾ। ਉਸ ਨਾਲ ਇਸ ਘਰ ਵਿਚ ਬਹੁਤ ਸਮਾਂ ਬਿਤਾਇਆ ਅਤੇ ਇਸ ਘਰ ਨਾਲ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ।
ਸ਼ਾਮ ਸਿੰਘ ਠੇਕੇਦਾਰ ਨੇ ਜਦੋਂ ਰਾਮਾ ਮੰਡੀ-ਹੁਸ਼ਿਆਰਪੁਰ ਸੜਕ ‘ਤੇ ਪਿੰਡ ਵੱਲ ਮੁੜਦੇ ਰਸਤੇ ਦੇ ਐਨ ਉਤੇ ਦੋ ਕਮਰੇ ਛੱਤ ਕੇ ਟਿਊਬਵੈਲ ਲਾਇਆ ਤਾਂ ਇਹ ਸਾਡੇ ਪਿੰਡ ਦਾ ਪਹਿਲਾ ਟਿਊਬਵੈਲ ਸੀ। ਉਸ ਨੇ ਬਹੁਤ ਵੱਡਾ ਚੁਬੱਚਾ ਬਣਾਇਆ ਜਿਹੜਾ ਕਰੀਬ ਦਸ ਫੁਟ ਲੰਬਾ ਅਤੇ ਪੰਜ ਫੁੱਟ ਡੂੰਘਾ ਸੀ। ਉਸ ਵਿਚੋਂ ਨਿਕਲ ਕੇ ਪਾਣੀ ਹੇਠਲੇ ਚਲ੍ਹੇ ਵਿਚ ਪੈਂਦਾ ਸੀ ਜਿਹੜਾ ਸਾਧਾਰਨ ਚਲ੍ਹਿਆ ਵਰਗਾ ਪੰਜ ਫੁੱਟ ਲੰਬਾ ਅਤੇ ਦੋ ਫੁੱਟ ਡੂੰਘਾ ਸੀ। ਜਿਸ ਦਿਨ ਟਿਊਬਵੈਲ ਚਾਲੂ ਕਰਨਾ ਸੀ, ਪਿੰਡ ਦੇ ਸਾਰੇ ਲੋਕ ਉਥੇ ਇਕੱਠੇ ਹੋਏ ਸਨ। ਮੇਲੇ ਵਰਗਾ ਮਾਹੌਲ ਸੀ।
ਪਰ ਇਸ ਮੇਲੇ ਵਿਚ ਉਦੋਂ ਭੰਗ ਪੈ ਗਈ ਜਦੋਂ ਵੱਡੇ ਚੁਬੱਚੇ ਦੀ ਖੇਤਾਂ ਵੱਲ ਦੀ ਕੰਧ ਪਾਣੀ ਦੀ ਮਾਰ ਨਾ ਸੰਭਾਲਦੀ ਹੋਈ ਸਗਵੀਂ ਦੀ ਸਗਵੀਂ ਨੀਂਹਾਂ ਵਿਚੋਂ ਉਖੜ ਕੇ ਡਿੱਗ ਪਈ ਅਤੇ ਸ਼ਾਮ ਸਿੰਘ ਦਾ ਸੱਤਾਂ-ਅੱਠਾਂ ਸਾਲਾਂ ਦਾ ਪੁੱਤਰ ਉਸ ਦੇ ਹੇਠਾਂ ਆ ਗਿਆ। ਟਰੱਕ ਵਿਚ ਪਾ ਕੇ ਉਸ ਨੂੰ ਜਲੰਧਰ ਦੇ ਵੱਡੇ ਹਸਪਤਾਲ ਲੈ ਕੇ ਗਏ ਸਨ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਚੁੱਕਾ ਸੀ। ਲਾਸ਼ ਹੀ ਵਾਪਸ ਆਈ ਸੀ। ਸਾਰੇ ਪਿੰਡ ਵਿਚ ਸੋਗ ਫੈਲ ਗਿਆ ਸੀ।
ਇਸੇ ਗੱਲ ਤੋਂ ਚੇਤੇ ਆਇਆ ਸੀæææ ਇਸੇ ਸ਼ਾਮ ਸਿੰਘ ਠੇਕੇਦਾਰ ਦੀ ਇਕ ਧੀ ਸਾਡੀ ਹਾਣੀ ਹੁੰਦੀ ਸੀ ਅਤੇ ਉਨ੍ਹਾਂ ਦਿਨਾਂ ਦੇ ਰਿਵਾਜ ਮੁਤਾਬਕ ਸੱਤ-ਅੱਠ ਸਾਲ ਤਕ ਦੇ ਮੁੰਡੇ-ਕੁੜੀਆਂ ਇਕੱਠੇ ਹੀ ਖੇਡਦੇ ਹੁੰਦੇ ਸਨ। ਬਹੁਤੀ ਵਾਰੀ ਤੇੜ ਤਾਂ ਕੁਝ ਨਾ ਕੁਝ ਹੁੰਦਾ ਸੀ ਪਰ ਲੱਕੋਂ ਉਪਰ ਨੰਗੇ ਹੀ ਹੁੰਦੇ ਸਾਂ। ਉਸ ਕੁੜੀ ਦੀ ਪਿੱਠ ‘ਤੇ ਕਾਲਾ ਧੱਬਾ ਅਤੇ ਬਹੁਤ ਸੰਘਣੇ ਵਾਲ ਹੋਇਆ ਕਰਦੇ ਸਨ। ਇਸੇ ਲਈ ਉਸ ਨੂੰ ਅਸੀਂ ਸ਼ੇਰਨੀ ਕਹਿੰਦੇ ਹੁੰਦੇ ਸਾਂ। ਅਜਿਹਾ ਕਹਿਣ ‘ਤੇ ਉਹ ਸਾਨੂੰ ਮਾਰਨ ਪਿਆ ਕਰਦੀ ਸੀ, ਪਰ ਅਸੀਂ ਛੇੜਨੋਂ ਨਹੀਂ ਸੀ ਹਟਦੇ। ਉਂਜ ਸਾਡੇ ਮਨਾਂ ਵਿਚ ਇਹ ਵਹਿਮ ਪਤਾ ਨਹੀਂ ਕਿਸ ਨੇ ਪਾ ਦਿੱਤਾ ਸੀ ਕਿ ਇਸ ਸ਼ੇਰਨੀ ਨਾਲ ਜਿਹੜਾ ਬੰਦਾ ਵਿਆਹ ਕਰਵਾਏਗਾ, ਉਸ ਨੂੰ ਇਹ ਖਾ ਜਾਵੇਗੀ। ਕਈ ਵਾਰੀ ਅਸੀਂ ਉਸ ਨੂੰ ਇਹੀ ਗੱਲ ਕਹਿ ਕੇ ਛੇੜਿਆ ਕਰਦੇ ਸਾਂ ਅਤੇ ਉਹ ਇਸ ਗੱਲ ਦਾ ਗੁੱਸਾ ਕਰਿਆ ਕਰਦੀ ਸੀ। ਸਾਡੀ ਚੰਗੀ ਖੇਡ ਬਣੀ ਰਹਿੰਦੀ ਸੀ।
ਭਲੇ ਸਮੇਂ ਸਨ। ਪਤਾ ਨਹੀਂ ਇਸ ਸ਼ੇਰਨੀ ਦਾ ਵਿਆਹ ਕਿਥੇ ਹੋਇਆ ਅਤੇ ਅੱਜ ਕਿਹੜੇ ਭਾਗੀਂ ਹੈ?
ਠੇਕੇਦਾਰ ਸ਼ਾਮ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਕਈ ਮਹੀਨੇ ਤਕ ਟਿਊਬਵੈਲ ਦੇ ਚੁਬੱਚੇ ਦੀ ਮੁਰੰਮਤ ਨਹੀਂ ਸੀ ਕਰਵਾਈ। ਕਾਫ਼ੀ ਲੰਬੇ ਸਮੇਂ ਬਾਅਦ ਜਦੋਂ ਦੁਬਾਰਾ ਬਣਵਾਇਆ ਤਾਂ ਅਖੰਡ ਪਾਠ ਕਰਵਾ ਕੇ ਬਹੁਤ ਤਕੜਾ ਭੰਡਾਰਾ ਕਰਵਾਇਆ। ਇਸ ਤਰ੍ਹਾਂ ਦਾ ਭੰਡਾਰਾ ਪਿੰਡ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ। ਉਦੋਂ ਲੰਗਰ ਨਹੀਂ ਸਨ ਲਗਦੇ ਹੁੰਦੇ। ਭੰਡਾਰਿਆਂ ਨੂੰ ਲੰਗਰ ਬਾਅਦ ਵਿਚ ਕਹਿਣਾ ਸ਼ੁਰੂ ਕੀਤਾ ਗਿਆ ਸੀ। ਵੈਸੇ ਤਾਂ ਐਤਕੀਂ ਮਿਸਤਰੀਆਂ ਨੇ ਚੁਬੱਚੇ ਦੀ ਉਸਾਰੀ ਵਿਚ ਵਧੇਰੇ ਇਹਤਿਆਤ ਵਰਤੀ ਹੋਵੇਗੀ ਪਰ ਉਸ ਦਿਨ ਤੋਂ ਬਾਅਦ ਉਸ ਚੁਬੱਚੇ ਵਿਚ ਕਿਸੇ ਕਿਸਮ ਦੀ ਤਰੇੜ ਤਕ ਨਹੀਂ ਸੀ ਪਈ ਅਤੇ ਇਸ ਨੂੰ ਖਵਾਜ਼ਾ ਖਿਜਰ ਦੀ ਮਿਹਰ ਮੰਨਿਆ ਜਾਂਦਾ ਸੀ। ਅਸੀਂ ਅਕਸਰ ਹੀ ਸਕੂਲੋਂ ਆਉਂਦੇ-ਜਾਂਦੇ ਕੱਪੜੇ ਲਾਹ ਕੇ ਉਸ ਚੁਬੱਚੇ ਵਿਚ ਨਹਾਉਂਦੇ ਹੁੰਦੇ ਸਾਂ।
ਟਿਊਬਵੈਲ ਵਾਲੇ ਕੋਠੇ ਦੇ ਪਿਛਲੇ ਪਾਸੇ ਸ਼ਾਮ ਸਿੰਘ ਨੇ ਦੋ-ਤਿੰਨ ਕਮਰੇ ਛੱਤ ਕੇ ਰਿਹਾਇਸ਼ ਰੱਖ ਲਈ ਸੀ। ਇਕ ਪਾਸੇ ਸੜਕ ਵੱਲ ਖੁੱਲ੍ਹਦਾ ਵਰਾਂਡਾ ਬਣਾ ਦਿਤਾ ਸੀ। ਵਰਾਂਡੇ ਦੇ ਬਾਹਰਵਾਰ ਨਲਕਾ ਵੀ ਲੁਆ ਦਿੱਤਾ ਸੀ। ਪਿੰਡ ਦੀਆਂ ਹੀ ਨਹੀਂ, ਸਗੋਂ ਹੋਰ ਥਾਂਵਾਂ ਦੀਆਂ ਸਵਾਰੀਆਂ ਵੀ ਵਰਾਂਡੇ ਦੇ ਬਾਹਰ ਨਿੰਮ ਦੇ ਦਰੱਖ਼ਤ ਹੇਠਾਂ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੀਆਂ ਹੁੰਦੀਆਂ ਸਨ। ਉਨ੍ਹਾਂ ਦੇ ਪੀਣ ਲਈ ਪਾਣੀ ਦਾ ਇੰਤਜ਼ਾਮ ਕਰਨਾ ਜ਼ਰੂਰੀ ਸੀ। ਇਸ ਲਈ ਨਲਕਾ ਲੁਆਇਆ ਗਿਆ ਸੀ। ਜਦੋਂ ਮੈਂ ਉਥੇ ਗਿਆ ਸਾਂ, ਉਦੋਂ ਇਹ ਨਲਕਾ ਹਾਲੇ ਤਕ ਉਥੇ ਖੜ੍ਹਾ ਸੀ। ਉਸ ਦੀ ਹੱਥੀ ਕਈ ਵਾਰੀ ਚੋਰੀ ਹੋਈ ਸੀ ਪਰ ਹਰ ਵਾਰੀ ਹੀ ਕੋਈ ਨਾ ਕੋਈ ਸੱਜਣ ਨਵੀਂ ਹੱਥੀ ਚੜ੍ਹਾ ਜਾਂਦਾ ਸੀ।
ਜਿਵੇਂ ਕਿਹਾ ਹੀ ਹੈ, ਇਸ ਨਲਕੇ ਦੇ ਕੋਲ ਕਰ ਕੇ ਝਿਊਰਾਂ ਦੇ ਦਾਰੇ ਅਤੇ ਉਸ ਦੇ ਭਰਾ ਤੋਖੇ ਦਾ ਖੋਖਾ ਹੁੰਦਾ ਸੀ, ਅੱਜ ਵੀ ਹੈ। ਤੋਖੇ ਨੇ ਸਾਈਕਲ ਦੀ ਚੇਨ ਨਾਲ ਆਪਣੇ ਸੰਦਾਂ ਦਾ ਬਕਸਾ ਦਰੱਖਤ ਨਾਲ ਬੰਨ੍ਹਿਆ ਹੋਇਆ ਸੀ। ਦਾਰਾ ਅਤੇ ਤੋਖਾ ਸਾਈਕਲਾਂ ਨੂੰ ਪੈਂਚਰ ਲਾਉਣ ਦਾ ਕੰਮ ਕਰਦੇ ਸਨ। ਆਮ ਤੌਰ ‘ਤੇ ਉਹ ਉਥੇ ਜ਼ਮੀਨ ਵਿਚ ਮੇਖਾਂ ਅਤੇ ਰਕਾਟਾਂ (ਰਿਕਾਰਡਾਂ) ਲਈ ਵਰਤਣ ਵਾਲੀਆਂ ਸੂਈਆਂ ਖਿਲਾਰ ਛੱਡਦੇ ਸਨ। ਕਿਸੇ ਨਾ ਕਿਸੇ ਦਾ ਸਾਈਕਲ ਪੈਂਚਰ ਹੋ ਹੀ ਜਾਂਦਾ ਸੀ। ਉਨ੍ਹਾਂ ਦਾ ਧੰਦਾ ਚਲਦਾ ਰਹਿੰਦਾ ਸੀ।
ਮਗਰੋਂ ਦਾਰਾ ਤਾਂ ਬਦਮਾਸ਼ੀ ਵਿਚ ਪੈਰ ਰੱਖਣ ਲੱਗ ਪਿਆ ਸੀ ਅਤੇ ਉਸ ਦਾ ਨਾਮ ਥਾਣਾ ਸਦਰ ਵਿਚ ਬਸਤਾ ਬੇ ਵਿਚ ਸ਼ਾਮਲ ਹੋ ਗਿਆ ਸੀ। ਇਸ ਲਈ ਪੈਂਚਰ ਲਾਉਣ ਦਾ ਕੰਮ ਤੋਖੇ ਨੇ ਸੰਭਾਲ ਲਿਆ। ਅੱਜ ਵੀ ਉਹ ਉਥੇ ਹੀ ਸ਼ਾਮ ਸਿੰਘ ਦੇ ਟਿਊਬਵੈਲ ਦੇ ਮਗਰਲੇ ਪਾਸੇ ਪੈਂਚਰ ਲਾਉਣ ਦਾ ਕੰਮ ਕਰਦਾ ਹੈ। ਮੈਂ ਸੋਚਦਾ ਹਾਂ ਕਿ ਦੁਨੀਆਂ ਕਿੰਨੀ ਬਦਲ ਗਈ ਹੈ ਪਰ ਤੋਖਾ ਨਹੀਂ ਬਦਲਿਆ। ਉਹ ਚਾਲੀ ਸਾਲ ਪਹਿਲਾਂ ਵੀ ਪੈਂਚਰ ਲਾਉਂਦਾ ਸੀ, ਅੱਜ ਵੀ ਪੈਂਚਰ ਲਾਉਂਦਾ ਹੈ ਅਤੇ ਸ਼ਾਇਦ ਬਾਕੀ ਰਹਿੰਦੇ ਸਾਲ ਵੀ ਪੈਂਚਰ ਲਾਉਂਦਾ ਰਹੇਗਾ।
ਮੈਂ ਆਪਣੀ ਧੀ ਨੂੰ ਦੱਸਦਾ ਹਾਂ ਕਿ ਤੋਖੇ ਦੇ ਵੱਡੇ ਭਾਈ ਦਾਰੇ ਨੇ ਇਕ ਵਾਰੀ ਮੈਨੂੰ ਅਤੇ ਮੇਰੀ ਧੀ ਦੇ ਚਾਚੇ, ਅਰਥਾਤ ਮੇਰੇ ਭਰਾ ਬਾਵੇ ਨੂੰ ਸਾਡੇ ਪਿਤਾ ਜੀ ਕੋਲੋਂ ਬਿਨਾਂ ਕਸੂਰ ਮਾਰ ਪੁਆਈ ਸੀ। ਅਸੀਂ ਦੋਵੇਂ ਕੈਂਟ ਬੋਰਡ ਸਕੂਲ ਜਲੰਧਰ ਛਾਉਣੀ ਪੜ੍ਹਨ ਜਾਂਦੇ ਸਾਂ ਇਥੋਂ ਸਾਈਕਲ ‘ਤੇ। ਪਿਤਾ ਜੀ ਦੀ ਨੌਕਰੀ ਜਲੰਧਰ ਰੇਲਵੇ ਸਟੇਸ਼ਨ ‘ਤੇ ਸੀ। ਇਕ ਦਿਨ ਅਸੀਂ ਸਕੂਲੋਂ ਵਾਪਸ ਆ ਰਹੇ ਸਾਂ ਕਿ ਰਾਮਾ ਮੰਡੀ ਦੇ ਰੇਲਵੇ ਫ਼ਾਟਕ ‘ਤੇ ਪਿਤਾ ਜੀ ਟੱਕਰ ਪਏ। ਉਹ ਕਹਿਣ ਕਿ ਅਸੀਂ ਸਕੂਲ ਨਹੀਂ, ਸਗੋਂ ਜਲੰਧਰੋਂ ਆਏ ਹਾਂ ਜਿਥੇ ਦਾਰੇ ਨੇ ਸਾਨੂੰ ਮਟਰ-ਗਸ਼ਤੀ ਕਰਦੇ ਦੇਖਿਆ ਹੈ। ਅਸੀਂ ਸੱਚ ਕਹੀਏ ਕਿ ਸਕੂਲੋਂ ਆਏ ਹਾਂ। ਪਿਤਾ ਜੀ ਕਹਿਣ ਕਿ ਦਾਰੇ ਨੂੰ ਝੂਠ ਬੋਲਣ ਦੀ ਕੀ ਲੋੜ ਸੀ? ਬੱਸ, ਸ਼ੱਰੇ ਬਾਜ਼ਾਰ ਮਾਰ ਪਈ।
ਉਸ ਵੇਲੇ ਇਕ ਮੁੰਡਾ ਬਸਤਾ ਚੁੱਕੀ ਰਾਮਾ ਮੰਡੀ ਦੇ ਫ਼ਾਟਕ ਤੋਂ ਦੀ ਲੰਘ ਰਿਹਾ ਸੀ। ਉਹ ਉਸ ਦਿਨ ਹੀ ਸਾਡੇ ਸਕੂਲ ਵਿਚ ਸਾਡੀ ਹੀ ਅੱਠਵੀਂ ਜਮਾਤ ਵਿਚ ਦਾਖ਼ਲ ਹੋਇਆ ਸੀ। ਤੁਰੰਤ ਹੀ ਉਸ ਦੀ ‘ਗਵਾਹੀ’ ਪੁਆਈ ਗਈ ਜਿਹੜੀ ਕੰਮ ਆ ਗਈ। ਮਗਰੋਂ ਪਤਾ ਲੱਗਾ ਕਿ ਮੁੰਡਾ ਸਾਡੇ ਪਿੰਡ ਨਵੀਂ ਆਈ ਮਾਸਟਰੀ ਦਾ ਭਰਾ ਹੈ ਅਤੇ ਸਾਡੇ ਹੀ ਪਿੰਡ ਵਿਚ ਠੇਕੇਦਾਰ ਸ਼ਾਮ ਸਿੰਘ ਦੇ ਪਿੰਡ ਵਿਚਲੇ ਮਕਾਨ ਵਿਚ ਕਿਰਾਏ ‘ਤੇ ਰਹਿਣ ਆਇਆ ਹੈ। ਮਗਰੋਂ ਉਸ ਨਾਲ ਗਹਿਰੀ ਦੋਸਤੀ ਹੋ ਗਈ ਜਿਹੜੀ ਕਈ ਸਾਲਾਂ ਤਕ ਕਾਇਮ ਰਹੀ ਅਤੇ ਅੱਜ ਤਕ ਵੀ ਕਾਇਮ ਹੈ। ਅੱਜ ਕੱਲ੍ਹ ਉਹ ਬਿਜਲੀ ਬੋਰਡ ਵਿਚ ਐਕਸੀਅਨ ਹੈ। ਅੱਜ ਤਕ ਇਹ ਪਤਾ ਨਹੀਂ ਲੱਗਾ ਕਿ ਦਾਰੇ ਨੇ ਸ਼ਿਕਾਇਤ ਕਿਉਂ ਲਾਈ ਸੀ।
ਇਥੇ ਖੜ੍ਹਿਆਂ ਕਾਫ਼ੀ ਦੇਰ ਹੋ ਗਈ ਹੈ। ਸਾਹਮਣੇ ਪਿੰਡ ਦੇ ਮਕਾਨ ਦਿਖਾਈ ਦੇ ਰਹੇ ਹਨ। ਆਪਣੀ ਧੀ ਨੂੰ ਸ਼ਾਮ ਸਿੰਘ ਦੇ ਟਿਊਬਵੈਲ ਤੋਂ ਅੱਗੇ ਲੈ ਕੇ ਜਾਣਾ ਹੈ। ਉਸ ਨੇ ਬਾਪ ਦੀ ਜੰਮਣ ਭੋਇੰ ਜੋ ਦੇਖਣੀ ਹੈ।

Be the first to comment

Leave a Reply

Your email address will not be published.