ਕਦੇ ਇਥੇ ਉਜਾੜ ਹੁੰਦੀ ਸੀ

ਤੇਰੀਆਂ ਗਲੀਆਂ-1
ਸਾਡੇ ਆਪਣੇ ਦਲਬੀਰ ਸਿੰਘ (20 ਅਗਸਤ 1949-28 ਜੁਲਾਈ 2007) ਨੂੰ ਇਸ ਫਾਨੀ ਸੰਸਾਰ ਤੋਂ ਗਿਆਂ ਪੂਰੇ ਸੱਤ ਸਾਲ ਹੋ ਗਏ ਹਨ। ਉਂਜ ਉਨ੍ਹਾਂ ਦੀਆਂ ਯਾਦਾਂ ਅਤੇ ਲਿਖਤਾਂ ਸਦਾ ਉਸ ਦੇ ਮਿੱਤਰਾਂ-ਸੱਜਣਾਂ ਤੇ ਪਾਠਕਾਂ ਦੇ ਅੰਗ-ਸੰਗ ਹਨ। ‘ਪੰਜਾਬ ਟਾਈਮਜ਼’ ਦੇ ਇਸ ਅੰਕ ਤੋਂ ਉਨ੍ਹਾਂ ਦੀ ਸਵੈ-ਜੀਵਨੀ ‘ਤੇਰੀਆਂ ਗਲੀਆਂ’ ਨਾਲ ਅਸੀਂ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ। ‘ਪੰਜਾਬੀ ਟ੍ਰਿਬਿਊਨ’ ਵਿਚ ਛਪਦੇ ਰਹੇ ਉਨ੍ਹਾਂ ਦੇ ਕਾਲਮ ਵਾਂਗ ਇਸ ਰਚਨਾ ਦਾ ਰੰਗ ਵੀ ਨਿਵੇਕਲਾ ਹੈ। ਆਪਣੀ ਧੀ ਨੂੰ ਆਪਣਾ ਪਿੰਡ ਨੰਗਲ ਸ਼ਾਮਾ ਦਿਖਾਉਣ ਦੇ ਬਹਾਨੇ ਉਨ੍ਹਾਂ ਨੇ ਪੰਜਾਬ ਦੇ ਪਿੰਡਾਂ, ਲੋਕਾਂ ਅਤੇ ਆਲੇ-ਦੁਆਲੇ ਬਾਰੇ ਬੜੀਆਂ ਸਿੱਧੀਆਂ ਅਤੇ ਸੂਖਮ ਗੱਲਾਂ ਕੀਤੀਆਂ ਹਨ। ਇਹ ਰਚਨਾ ਦਲਬੀਰ ਨੇ ਧੜਕਦੇ ਦਿਲ ਨਾਲ ਕੀਤੀ ਹੋਈ ਹੈ, ਇਸੇ ਲਈ ਇਸ ਨੂੰ ਪੜ੍ਹਨ-ਸੁਣਨ ਵਾਲੇ ਦਾ ਦਿਲ ਵੀ ਉਸ ਰੌਂਅ ਵਿਚ ਧੜਕਣ ਲਗਦਾ ਹੈ।-ਸੰਪਾਦਕ

ਦਲਬੀਰ ਸਿੰਘ
ਮੈਂ (ਆਪਣੇ) ਪਿੰਡ (ਨੰਗਲ ਸ਼ਾਮਾ) ਦੀਆਂ ਗਲੀਆਂ, ਨਾਲੀਆਂ, ਖੇਤਾਂ, ਖੂਹਾਂ, ਖੰਡਰਾਂ, ਦਰਖਤਾਂ, ਫਸਲਾਂ, ਤੀਵੀਂਆਂ, ਬੰਦਿਆਂ, ਇਸ ਦੀ ਮਿੱਟੀ ਦੇ ਕਿਣਕਿਆਂ ਆਦਿ ਉਤੇ ਕਵਿਤਾ ਲਿਖਣੀ ਚਾਹੁੰਦਾ ਹਾਂ ਪਰ ਮੈਨੂੰ ਕਵਿਤਾ ਨਾ ਲਿਖ ਸਕਣ ਦਾ ਸਰਾਪ ਹੈ। ਮੇਰੀ ਆਖਰੀ ਖਾਹਸ਼ ਕੀ ਹੈ? ਮੇਰੀ ਧੀ ਪੁੱਛਦੀ ਹੈ। ਮੈਂ ਕਹਿੰਦਾ ਹਾਂ ਕਿ ਮੈਂ ਨੰਗਲ ਸ਼ਾਮਾ ਬਾਰੇ ਇੰਨੀਆਂ ਕਵਿਤਾਵਾਂ ਲਿਖਣਾ ਚਾਹੁੰਦਾ ਹਾਂ ਜਿੰਨੀਆਂ ਮੈਂ ਸਾਰੀ ਉਮਰ ਲਾ ਕੇ ਵੀ ਲਿਖ ਨਾ ਸਕਾਂ, ਪਰ ਚਾਹੁੰਦੇ ਹੋਏ ਵੀ ਨਹੀਂ ਲਿਖ ਸਕਦਾ, ਕਿਉਂਕਿ ਕਵਿਤਾ ਨਾ ਲਿਖਣ ਦਾ ਸਰਾਪ ਹੰਢਾਅ ਰਿਹਾ ਹਾਂ। ਇਸ ਲਈ ਘੱਟੋ-ਘੱਟ ਮੈਂ ਉਸ ਦੀ ਜੂਹ ਦੀ ਮਿੱਟੀ ਤਾਂ ਖਾ ਹੀ ਸਕਦਾ ਹਾਂ! ਮੈਂ ਰੱਜ ਕੇ ਪਿੰਡ ਦੀ ਮਿੱਟੀ ਖਾਣਾ ਚਾਹੁੰਦਾ ਹਾਂ। ਮੈਨੂੰ ਇਸ ਤਰ੍ਹਾਂ ਨਾ ਕਰ ਸਕਣ ਦਾ ਕਿਸੇ ਕੋਈ ਸਰਾਪ ਨਹੀਂ ਜੇ ਦਿੱਤਾ। ਸਾਰੀ-ਸਾਰੀ ਰਾਤ ਜਗਦੀਆਂ ਰੋਸ਼ਨੀਆਂ ਦੇ ਸ਼ਹਿਰ ਵਿਚ ਮੈਂ ਬਹੁਤ ਭੁੱਖਾ ਰਹਿ ਗਿਆ ਹਾਂ।

ਇਹ ਗੱਲ ਸੰਨ ਉਨੀ ਸੌ ਸਤਾਨਵੇਂ ਦੀ ਹੈ। ਬਾਰਾਂ ਵਰ੍ਹਿਆਂ ਦੀ ਮੇਰੀ ਧੀ ਵਾਰ-ਵਾਰ ਕਹਿੰਦੀ ਆ ਰਹੀ ਸੀ ਕਿ ਉਹ ਮੇਰਾ ਜੰਮਣ ਪਿੰਡ ਨੰਗਲ ਸ਼ਾਮਾ ਦੇਖਣਾ ਚਾਹੁੰਦੀ ਹੈ। ਕਈ ਵਰ੍ਹਿਆਂ ਮਗਰੋਂ ਪਿੰਡ ਗਿਆ ਸਾਂ। ਸ਼ਾਇਦ ਦਹਾਕੇ ਵਿਚ ਪੈਂਦੇ ਸਾਲਾਂ ਨਾਲੋਂ ਵੀ ਇਕ ਸਾਲ ਦੇ ਵੱਧ ਵਕਫੇ ਮਗਰੋਂ। ਜਲੰਧਰ ਸ਼ਹਿਰ ਤੋਂ ਲਾਲੇ ਲੱਧੇਵਾਲੀ ਦੇ ਰਸਤੇ, ਜਿਥੇ ਕਦੇ ਸੂਆ ਵਗਦਾ ਹੁੰਦਾ ਸੀ ਤੇ ਆਲੇ-ਦੁਆਲੇ ਉਜਾੜ ਹੁੰਦਾ ਸੀ, ਉਥੇ ਆਬਾਦੀ ਦੀ ਇੰਨੀ ਭਰਮਾਰ ਹੈ ਕਿ ਇਲਾਕਾ ਪਛਾਣਨਾ ਮੁਸ਼ਕਿਲ ਹੈ। ਸੂਏ ਦਾ ਕਿਤੇ ਨਾਂ-ਨਿਸ਼ਾਨ ਨਹੀਂ ਹੈ। ਸਿਰਫ਼ ਪੁਲੀ ਬਚੀ ਹੈ ਜਿਸ ਦੇ ਦੁਆਲੇ ਛੇ-ਛੇ ਫੁੱਟ ਤਕ ਇੱਟਾਂ ਦੇ ਰਦੇ ਲੱਗੇ ਹੋਏ ਹਨ। ਇਥੇ ਕਦੇ ਸੂਆ ਹੁੰਦਾ ਸੀ। ਮੈਂ ਆਪਣੀ ਸੁਰਤ ਵਿਚ ਇਸ ਨੂੰ ਵਗਦੇ ਨਹੀਂ ਸੀ ਦੇਖਿਆ ਪਰ ਦੱਸਦੇ ਹਨ ਕਿ ਕਦੀ ਇਸ ਵਿਚ ਪਾਣੀ ਵਹਿੰਦਾ ਹੁੰਦਾ ਸੀ। ਨਵੀਂ ਆਬਾਦੀ ਨਾਂ ਦਾ ਪਿੰਡ ਕਿਥੇ ਹੈ? ਇਸ ਦਾ ਕਿਸੇ ਨੂੰ ਕੁਝ ਨਹੀਂ ਪਤਾ।
ਅੱਜ ਹਾਲਾਤ ਇਹ ਹੈ ਕਿ ਨਵਾਂ ਬੰਦਾ ਇਸ ਇਲਾਕੇ ਦੀਆਂ ਗਲੀਆਂ ਵਿਚ ਗੁੰਮ ਹੋ ਜਾਵੇ। ਪੈਂਤੀ-ਚਾਲੀ ਸਾਲ ਪਹਿਲਾਂ ਇਥੇ ਉਜਾੜ ਹੁੰਦਾ ਸੀ। ਮੇਰੇ ਪਿੰਡ ਦਾ, ਨਵੇਂ ਤਰਖਾਣਾਂ ਦੇ ਕਰਤਾਰ ਸਿੰਘ ਠੋਲੂ ਦਾ ਸੱਤਵੀਂ ਵਿਚ ਪੜ੍ਹਦਾ ਮੁੰਡਾ ਇਥੋਂ ‘ਅਗਵਾ’ ਹੋ ਗਿਆ ਸੀ। ਸ਼ਾਮ ਵੇਲੇ ਤਾਂ ਕੀ, ਦਿਨ ਵੇਲੇ ਵੀ ਇਥੋਂ ਲੰਘਣਾ ਸੰਤ ਸਿੰਘ ਸੇਖੋਂ ਦੀ ਕਹਾਣੀ ‘ਪੇਮੀ ਦੇ ਨਿਆਣੇ’ ਵਰਗੇ ਖੌਫ ਵਿਚੋਂ ਲੰਘਣ ਵਾਂਗ ਹੁੰਦਾ ਸੀ। ਕਰਤਾਰ ਸਿੰਘ ਦੇ ਮੁੰਡੇ ਜਿੰਦਰ ਨੂੰ ਅਸੀਂ ‘ਕੱਟਾ’ ਕਹਿੰਦੇ ਸਾਂ। ਉਸ ਨੇ ਅਗਵਾ ਹੋਣ ਤੋਂ ਤੀਜੇ ਦਿਨ ਆ ਕੇ ਦੱਸਿਆ ਸੀ ਕਿ ਕਿਸੇ ਨੇ ਉਸ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੱਤਾ ਸੀ ਅਤੇ ਉਸ ਨੂੰ ਬੋਰੀ ਵਿਚ ਪਾ ਕੇ ਲੈ ਗਏ ਸਨ। ਉਸ ਨੂੰ ਹੋਸ਼ ਆਈ ਤਾਂ ਬੋਰੀ ਫਗਵਾੜਾ ਰੇਲਵੇ ਸਟੇਸ਼ਨ ਉਤੇ ਪਈ ਸੀ। ਬੋਰੀ ਹਿੱਲਦੀ ਦੇਖ ਕੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ। ਫਿਰ ਉਹ ਰੇਲ ਗੱਡੀ ਫੜ ਕੇ ਵਾਪਸ ਪਰਤ ਆਇਆ। ਜਿਸ ਦਿਨ ਉਹ ‘ਅਗਵਾ’ ਹੋਇਆ ਸੀ, ਉਸ ਦਿਨ ਉਹ ਸਕੂਲ ਦੀ ਫੀਸ ਲੈ ਕੇ ਗਿਆ ਸੀ ਜਿਹੜੀ ਉਨ੍ਹੀਂ ਦਿਨੀਂ ਦਸ ਕੁ ਰੁਪਏ ਹੁੰਦੀ ਸੀ। ਉਦੋਂ ਦਸ ਰੁਪਏ ਦੀ ਕੀਮਤ ਬਹੁਤ ਹੁੰਦੀ ਸੀ। ਮਗਰੋਂ ਪਤਾ ਲੱਗਾ ਕਿ ਉਸ ਨੇ ਦਸ ਰੁਪਏ ਮੌਜ ਮੇਲੇ ਵਿਚ ਉਡਾ ਦਿੱਤੇ ਸਨ ਅਤੇ ਨਾਲ ਹੀ ਚਿੰਤਪੁਰਨੀ ਮੰਦਰ ਦੇ ਦਰਸ਼ਨ ਵੀ ਕਰ ਆਇਆ ਸੀ।
ਇਹ ਉਹੀ ਰਸਤਾ ਸੀ ਜਿਥੇ ਕੰਨਾਂ ਵਿਚੋਂ ਮੈਲ ਕਢਵਾਉਣ ਲਈ ਬੈਠੇ ਗਿਆਨੀ ਮਾਸਟਰ ਕਰਨੈਲ ਸਿੰਘ ਦੇ ਬਾਪ ਨੇ ਜੇਬ ਵਿਚਲੇ ਦੋ ਸੌ ਰੁਪਏ ਖੁਹਾ ਲਏ ਸਨ। ਨਹਿਰ ਦੇ ਕੰਢੇ ਦਰਖਤ ਹੇਠਾਂ ਬਿਠਾ ਕੇ ਮੈਲ ਕੱਢਣ ਵਾਲੇ ਨੇ ਉਸ ਦੇ ਪੈਸੇ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ। ਅੱਖਾਂ ਵਿਚ ਸੁਰਮਚੂ ਨਾਲ ਕੱਜਲ ਪਾ ਕੇ ਉਸ ਨੇ ਕਰਨੈਲ ਗਿਆਨੀ ਦੇ ਬਾਪ ਨੂੰ ਅੱਖਾਂ ਬੰਦ ਕਰ ਕੇ ਬੈਠਣ ਲਈ ਕਿਹਾ। ਪੈਸਿਆਂ ਵਾਲਾ ਰੁਮਾਲ ਉਸ ਦੇ ਹੱਥਾਂ ਵਿਚ ਹੀ ਰਹਿਣ ਦਿੱਤਾ ਸੀ। ਦਸਾਂ ਮਿੰਟਾਂ ਮਗਰੋਂ ਅੱਖਾਂ ਖੋਲ੍ਹੀਆਂ ਤਾਂ ਰੁਮਾਲ ਵਿਚੋਂ ਅਖ਼ਬਾਰ ਦੇ ਟੁਕੜੇ ਨਿਕਲੇ। ਨੌਸਰਬਾਜ਼ ਦੋ ਸੌ ਰੁਪਏ ਲੈ ਕੇ ਜਾ ਚੁੱਕਾ ਸੀ ਜਿਹੜੇ ਉਹ ਮੇਲੇ ਵਿਚੋਂ ਬਲਦ ਖਰੀਦਣ ਲਈ ਲੈ ਕੇ ਗਿਆ ਸੀ।
ਇਸੇ ਰਸਤੇ ਉਤੇ ਸਰਦੀਆਂ ਦੀ ਰੁੱਤੇ ਮੇਰੇ ਦਾਦਾ ਮਰਹੂਮ ਸਰਦਾਰ ਮੇਲਾ ਸਿੰਘ ਨੂੰ ਸ਼ਾਮ ਦੇ ਸੱਤ ਵਜੇ ਹੀ ਦੋਂਹ ਲੁਟੇਰਿਆਂ ਨੇ ਖੜ੍ਹਾ ਲਿਆ। ਕਹਿੰਦੇ, ਜੋ ਕੁਝ ਜੇਬ ਵਿਚ ਹੈ, ਕੱਢ ਦੇ। ਨੇੜੇ-ਤੇੜੇ ਕੋਈ ਬੰਦਾ ਨਾ ਪਰਿੰਦਾ। ਦਾਦਾ ਜੀ ਨੇ ਗਲ ਪਾਈ ਬੰਡੀ ਵਿਚ ਹੱਥ ਪਾਇਆ ਅਤੇ ਕੁਝ ਕੱਢਣ ਦਾ ਬਹਾਨਾ ਕਰ ਕੇ ਫੁਰਤੀ ਨਾਲ ਆਪਣਾ ਸਾਈਕਲ ਚੁੱਕ ਕੇ ਲੁਟੇਰਿਆਂ ਉਤੇ ਸੁੱਟ ਦਿੱਤਾ। ਇਕ ਲੁਟੇਰਾ ਸਾਈਕਲ ਦੇ ਹੇਠਾਂ ਆ ਗਿਆ। ਦੂਜਾ ਨੱਸ ਗਿਆ। ਇੰਜ ਉਹ ਲੁਟੇਰੇ ਦਾਦੇ ਮੇਲਾ ਸਿੰਘ ਜੀ ਵੱਲੋਂ ਦਿਹਾੜੀ ਕਰ ਕੇ ਕਮਾਏ ਪੰਜ ਰੁਪਏ ਲੁੱਟ ਨਾ ਸਕੇ, ਕਿਉਂਕਿ ਇੰਨੇ ਨੂੰ ਪਿੱਛੋਂ ਕਿਸੇ ਹੋਰ ਸਾਇਕਲ ਦੀ ਘੰਟੀ ਵੱਜ ਗਈ ਸੀ।
ਉਦੋਂ ਹਾਲੇ ਨਾ ਤਾਂ ਜਲੰਧਰ ਛਾਉਣੀ ਸਟੇਸ਼ਨ ਤੋਂ ਪਠਾਨਕੋਟ ਨੂੰ ਸਿੱਧੀ ਰੇਲ ਲਾਈਨ ਨਿਕਲੀ ਸੀ ਅਤੇ ਨਾ ਹੀ ਅੰਮ੍ਰਿਤਸਰ ਬਾਈਪਾਸ ਵਾਲੀ ਸੜਕ ਹੀ। ਨਹਿਰ ਦੇ ਕਿਨਾਰੇ ਕਿਸੇ ਮੁਸਲਮਾਨ ਦੀ ਬੇਆਬਾਦ ਕਬਰ ਸੀ। ਉਸ ਉਤੇ ਕੁੱਤੇ ਮੂਤਦੇ ਸਨ, ਪਰ ਆਮ ਲੋਕਾਂ ਵਿਚ ਡਰ ਸੀ ਕਿ ਇਹ ਕਬਰ ਬਹੁਤ ‘ਸਖਤੀ’ ਹੈ। ਇਸ ਲਈ ਰਾਤ-ਬਰਾਤੇ ਤਾਂ ਕੀ, ਦਿਨੇ ਵੀ ਉਥੇ ਕੋਈ ਨਹੀਂ ਸੀ ਜਾਂਦਾ। ਨਿੱਕੇ ਨਿਆਣੇ ਤਾਂ ਇਕੱਲੇ ਉਸ ਪਾਸਿਉਂ ਲੰਘਣ ਦੀ ਹਿੰਮਤ ਨਹੀਂ ਸਨ ਕਰ ਸਕਦੇ। ਇਕੱਲੀ ਔਰਤ ਦਾ ਉਸ ਪਾਸੇ ਤੋਂ ਲੰਘਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਹਾਲੇ ਉਥੇ ਵੱਡਾ ਬਿਜਲੀ ਘਰ ਵੀ ਨਹੀਂ ਸੀ ਬਣਿਆ।
ਇਕ ਦਿਨ ਉਸ ਬੇਆਬਾਦ ਕਬਰ ਉਤੇ ਹਰੇ ਕੱਪੜਿਆਂ ਵਾਲਾ ਫਕੀਰ ਆ ਕੇ ਬੈਠ ਗਿਆ। ਪੰਜ-ਸੱਤ ਦਿਨਾਂ ਮਗਰੋਂ ਉਸ ਨੇ ਕਬਰ ਦੇ ਆਲੇ-ਦੁਆਲੇ ਦੀ ਜ਼ਮੀਨ ਪੱਧਰੀ ਕਰ ਕੇ, ਲਿੱਪ-ਪੋਚ ਕੇ ਉਸ ਉਤੇ ਕਾਨਿਆਂ ਦੀ ਛਪਰੀ ਜਿਹੀ ਪਾ ਲਈ। ਫਿਰ ਉਥੇ ਕਿਆਰੀਆਂ ਬਣਾ ਕੇ ਫੁੱਲ-ਬੂਟੇ ਲਾ ਦਿੱਤੇ। ਵਲਗਣ ਹੋਰ ਚੌੜੀ ਕਰ ਲਈ। ਰੌਣਕ ਲੱਗ ਗਈ। ਅਗਲੇ ਸਾਲ ਉਸ ਨੇ ਭੰਡਾਰਾ ਕੀਤਾ। ਹਜ਼ਾਰਾਂ ਲੋਕ ਸ਼ਾਮਲ ਹੋਏ। ਜ਼ਮੀਨ ਦੀ ਵਲਗਣ ਦਾ ਘੇਰਾ ਹੋਰ ਵਧ ਗਿਆ। 1970 ਦੇ ਨੇੜੇ-ਤੇੜੇ ਬਿਜਲੀ ਘਰ ਬਣਨ ਲੱਗਾ ਤਾਂ ਬਹੁਤ ਮੁਸ਼ਕਿਲ ਆਈ ਕਿ ਇਸ ਬੇਨਾਮ ਕਬਰ ਵਾਲੇ ਫਕੀਰ ਵੱਲੋਂ ਮੱਲੀ ਥਾਂ ਦਾ ਕੁਝ ਹਿੱਸਾ ਰੇਲ ਲਾਈਨ ਲਈ ਕਿਵੇਂ ਹਾਸਲ ਕੀਤਾ ਜਾਵੇ? ਮੈਨੂੰ ਚੇਤੇ ਨਹੀਂ ਕਿ ਇਹ ਕਿਵੇਂ ਹੱਲ ਹੋਇਆ ਸੀ।
ਐਤਕੀਂ ਉਸ ਪਾਸੇ ਲੰਘਿਆ ਤਾਂ ਉਸ ਕਬਰ ਵਾਲੀ ਥਾਂ ਤਿੰਨ ਪਾਸੇ ਤੋਂ ਮਕਾਨਾਂ ਨਾਲ ਘਿਰੀ ਹੋਈ ਸੀ। ਬਹੁਤ ਸੁੰਦਰ ਇਮਾਰਤਾਂ ਬਣੀਆਂ ਹੋਈਆਂ ਹਨ। ਚੌਥੇ ਪਾਸੇ ਤਾਂ ਰੇਲਵੇ ਲਾਈਨ ਲਗਦੀ ਹੀ ਹੈ। ਇਥੋਂ ਦੀ ਲੰਘਣਾ ਵੀ ਮੁਸ਼ਕਿਲ ਹੈ। ਲਾਲੇ ਲੱਧੇਵਾਲੀ ਤਕ ਸੜਕ ਦੇ ਦੋਹੀਂ ਪਾਸੀਂ ਦੁਕਾਨਾਂ ਉਸਰ ਗਈਆਂ ਹਨ। ਹੁਣ ਤਾਂ ਹੋਰ ਵੀ ਗਹਿਮਾ-ਗਹਿਮੀ ਹੋ ਜਾਣੀ ਹੈ, ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਇਥੇ ਬਣ ਰਿਹਾ ਹੈ।
ਨਹਿਰ ਦੀ ਪਟੜੀ ਤੋਂ ਉਤਰ ਕੇ ਲੱਧੇਵਾਲੀ ਦੇ ਛੱਪੜ ਤਕ ਦਾ ਰਸਤਾ ਹੋਰ ਵੀ ਔਖਾ ਹੁੰਦਾ ਸੀ; ਖਾਸ ਕਰ ਕੇ ਬਰਸਾਤ ਦੇ ਦਿਨਾਂ ਵਿਚ। ਪਤਾ ਲੱਗਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਡਾæ ਜੁਗਿੰਦਰ ਸਿੰਘ ਪੁਆਰ ਲੱਧੇਵਾਲੀ ਦੇ ਹਨ ਅਤੇ ਉਨ੍ਹਾਂ ਨੂੰ ਵੀ ਉਹ ਦਿਨ ਚੇਤੇ ਕਰ ਕੇ ਉਦਰੇਵਾਂ ਹੁੰਦਾ ਹੈ ਜਦੋਂ ਲੱਧੇਵਾਲੀ ਦੇ ਵਸੀਵੇਂ ਵਿਚ ਕਾਲੋਨੀਆਂ ਨਹੀਂ, ਖੇਤ ਹੁੰਦੇ ਸਨ।
ਨਹਿਰ ਜਾਂ ਸੂਏ ਦੀ ਪਟੜੀ ਤੋਂ ਛੱਪੜ ਤਕ ਦੇ ਕੱਚੇ ਰਸਤੇ ਉਤੇ ਗੱਡਿਆਂ ਦੇ ਪਹੀਆਂ ਕਾਰਨ ਫੁੱਟ-ਫੁੱਟ ਡੂੰਘੀਆਂ ਲੀਹਾਂ ਪਈਆਂ ਹੁੰਦੀਆਂ ਸਨ ਅਤੇ ਡੇਢ ਫਰਲਾਂਗ ਦੇ ਇਸ ਰਸਤੇ ਦੇ ਆਲੇ-ਦੁਆਲੇ ਉਚੇ-ਉਚੇ ਦਰਖ਼ਤ ਸਨ। ਬਹੁਤ ਵਾਰੀ ਸਾਈਕਲ ਮੋਢਿਆਂ ਉਤੇ ਚੁੱਕ ਕੇ ਲੰਘਾਉਣਾ ਪੈਂਦਾ ਸੀ। ਪਿੰਡ ਦਾ ਛੱਪੜ ਆਮ ਦਿਨਾਂ ਵਿਚ ਤਾਂ ਰਸਤਾ ਛੱਡ ਜਾਂਦਾ ਸੀ, ਪਰ ਬਰਸਾਤਾਂ ਦੇ ਦਿਨੀਂ ਪਜਾਮੇ ਗੋਡਿਆਂ ਤਕ ਟੂੰਗੀਦੇ ਸਨ ਅਤੇ ਸਾਈਕਲ ਮੌਰਾਂ ਉਤੇ ਹੁੰਦਾ ਸੀ।
ਅੱਜ ਪੱਕੀ ਸੜਕ ਹੈ ਅਤੇ ਕੋਈ ਦਰਖਤ ਨਹੀਂ। ਸੜਕ ਦੇ ਕੰਢੇ ਉਤੇ ਇੰਨੀਆਂ ਵਧੀਆ ਕੋਠੀਆਂ ਹਨ ਕਿ ਚੰਡੀਗੜ੍ਹ ਦੀਆਂ ਕੋਠੀਆਂ ਦਾ ਮੁਕਾਬਲਾ ਕਰਦੀਆਂ ਹਨ। ਇਕ ਖੂਬਸੂਰਤ ਬਿਰਧ ਆਸ਼ਰਮ ਬਣ ਗਿਆ ਹੈ। ਪਿੰਡ ਤੇ ਖੇਤਾਂ ਵਿਚੋਂ ਪਲਾਟ ਕੱਟ ਕੇ ਜੱਟਾਂ ਨੇ ਕਮਾਈਆਂ ਕਰ ਲਈਆਂ ਹਨ। ਜਿਹੜੇ ਜੱਟ ਇੰਨੇ ਸਿਆਣੇ ਨਹੀਂ ਸਨ, ਉਨ੍ਹਾਂ ਤੋਂ ਪ੍ਰਾਪਰਟੀ ਡੀਲਰਾਂ ਨੇ ਜ਼ਮੀਨਾਂ ਸਸਤੇ ਵਿਚ ਖਰੀਦ ਲਈਆਂ ਹਨ। ਜ਼ਮੀਨ ਮਰਲਿਆਂ ਦੇ ਹਿਸਾਬ ਨਹੀਂ, ਸਗੋਂ ਗਜ਼ਾਂ ਅਤੇ ਫੁੱਟਾਂ ਦੇ ਹਿਸਾਬ ਵਿਕਦੀ ਹੈ। ਛੱਪੜ ਹਾਲੇ ਵੀ ਹੈ ਅਤੇ ਛੱਪੜ ਦੇ ਐਨ ਮੁੱਢ ਵਿਚਲਾ ਬੋਹੜ ਵੀ। ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੀ ਜਿਹੜੀ ਬੱਸ ਪਹਿਲਾਂ ਰਾਮਾ ਮੰਡੀ ਤੋਂ ਹੋ ਕੇ ਜਾਂਦੀ ਸੀ, ਉਹ ਲੱਧੇਵਾਲੀ ਵਿਚੀਂ ਹੋ ਕੇ ਨੰਗਲ ਸ਼ਾਮਾ ਦੇ ਸਾਹਮਣਿਓਂ ਜਲੰਧਰ ਛਾਉਣੀ-ਹੁਸ਼ਿਆਰਪੁਰ ਸੜਕ ਉਤੇ ਚਲਦੀ ਸੀ। ਉਦੋਂ ਅਜੇ ਰਾਮਾ ਮੰਡੀ ਵਾਲਾ ਪੁਲ ਨਹੀਂ ਸੀ ਬਣਿਆ।
ਰਾਮਾ ਮੰਡੀ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਦੇ ਇਕ ਫਰਲਾਂਗ ਹੇਠਾਂ ਨੂੰ ਲੱਧੇਵਾਲੀ ਹੈ ਅਤੇ ਇਕ ਫਰਲਾਂਗ ਉਪਰ ਨੂੰ ਨੰਗਲ ਸ਼ਾਮਾ। ਇਹ ਥਾਂ ਹੁਣ ਚੌਰਾਹੇ ਵਰਗੀ ਬਣ ਗਈ ਹੈ। ਸ਼ਾਮ ਸਿੰਘ ਦੇ ਟਿਊਬਵੈਲ ਵਾਲੇ ਕੋਠੇ ਹਾਲੇ ਤਕ ਖੜ੍ਹੇ ਹਨ। ਸਾਹਮਣੇ ਵਾਲੇ ਪਾਸੇ ਦਰਜਨ ਭਰ ਦੁਕਾਨਾਂ ਅਤੇ ਦੁਕਾਨਾਂ ਦੇ ਪਿਛਲੇ ਪਾਸੇ ਬਰਫਖਾਨਾ ਬਣ ਗਏ ਹਨ। ਸ਼ਾਮ ਸਿੰਘ ਦੇ ਟਿਊਬਵੈਲ ਦੀ ਕੰਧ ਨਾਲ ਝਿਊਰਾਂ ਦੇ ਤੋਖੇ ਦਾ ਪੈਂਚਰ ਲਾਉਣ ਵਾਲਾ ਖੋਖਾ ਕਾਇਮ ਹੈ। ਪਹਿਲਾਂ ਕਦੇ ਉਸ ਦਾ ਵੱਡਾ ਭਰਾ ਦਾਰਾ ਇਹੀ ਕੰਮ ਕਰਦਾ ਹੁੰਦਾ ਸੀ। ਹੁਣ ਇਹ ਖੋਖਾ ਟੀਨ ਦਾ ਹੋ ਗਿਆ ਹੈ, ਪਹਿਲਾਂ ਲੱਕੜ ਦਾ ਹੁੰਦਾ ਸੀ।
ਸਾਹਮਣੇ ਮੇਰਾ ਉਹ ਪਿੰਡ ਹੈ ਜਿਥੇ ਮੈਂ ਜੰਮਿਆਂ ਸੀ, ਤੇ ਰੋਟੀ-ਰੁਜ਼ਗਾਰ ਲਈ ਪਿੰਡ ਦੀ ਜੂਹ ਵਿਚੋਂ ਨਿਕਾਲਾ ਮਿਲਣ ਤੋਂ ਪਹਿਲਾਂ, ਪਲਿਆ ਸੀ; ਜਿਥੇ ਪਹਿਲੀਆਂ ਦੋਸਤੀਆਂ ਵੀ ਸਨ ਅਤੇ ਪਹਿਲੀਆਂ ਮੁਹਬੱਤਾਂ ਵੀ। ਪਤਾ ਸੀ ਕਿ ਪਿੰਡ ਦੀ ਕੁੜੀ ਨਾਲ ਮੁਹੱਬਤ ਸਿਰੇ ਨਹੀਂ ਚੜ੍ਹਦੀ ਹੁੰਦੀ, ਫਿਰ ਵੀ ਪਹਿਲੀਆਂ ਮੁਹੱਬਤਾਂ ਇਥੇ ਹੀ ਵਾਪਰੀਆਂ ਸਨ।
ਮੈਂ ਆਪਣੀ ਧੀ ਨੂੰ ਦੱਸਦਾ ਹਾਂ ਕਿ ਅਹੁ ਸਾਹਮਣੇ ਜਿਹੜਾ ਪਿੰਡ ਹੈ, ਇਹੋ ਮੇਰੀ ਜੰਮਣ ਭੋਂ ਹੈ। ਖੱਬੇ ਪਾਸੇ ਸੰਪੂਰਨ ਸਿੰਘ ਦਾ ਕੋਠਾ ਦਿਖਾਈ ਦਿੰਦਾ ਹੈ। ਸੰਪੂਰਨ ਸਿੰਘ ਨੇ ਕਿਸੇ ਵੇਲੇ ਬਹੁਤ ਮੁਸ਼ਕਿਲ ਨਾਲ ਟਰੱਕ ਪਾਇਆ ਸੀ। ਸਰਦੀਆਂ ਦੀ ਸਵੇਰ ਨੂੰ ਅਸੀਂ ਸਕੂਲ ਜਾਂਦੇ ਸਾਂ ਤਾਂ ਉਹ ਟਰੱਕ ਦੀ ਟੈਂਕੀ ਹੇਠਾਂ ਅੱਗ ਬਾਲ ਕੇ ਟਰੱਕ ਨੂੰ ਗਰਮ ਕਰਿਆ ਕਰਦੇ ਸਨ। ਇਹ ਕੋਠਾ ਪਿੰਡ ਤੋਂ ਬਾਹਰਵਾਰ ਸੀ। ਬਿਲਕੁਲ ਨਿਵੇਕਲਾ। ਆਮ ਤੌਰ ਉਤੇ ਬੰਦ ਰਿਹਾ ਕਰਦਾ ਸੀ। ਉਸ ਦੇ ਟੱਬਰ ਦੀਆਂ ਔਰਤਾਂ ਪੰਜਾਹ ਕੁ ਗਜ਼ ਦੂਰ ਗੋਹਾ-ਕੂੜਾ ਕਰਦੀਆਂ ਦਿਖਾਈ ਦਿੰਦੀਆਂ ਸਨ। ਇਸ ਕੋਠੇ ਵਿਚ ਅਜਿਹੀ ਕੋਈ ਖਾਸ ਗੱਲ ਨਹੀਂ ਸੀ ਦਿਖਾਈ ਦਿੰਦੀ, ਪਰ ਕਹਿੰਦੇ ਸਨ ਉਥੇ ਕੁਝ ਨਾ ਕੁਝ ਗਲਤ-ਮਲਤ ਵਾਪਰਦਾ ਰਹਿੰਦਾ ਸੀ। ਪਤਾ ਨਹੀਂ ਕਿਉਂ, ਉਸ ਕੋਠੇ ਕੋਲ ਪਹੁੰਚ ਕੇ ਮੈਨੂੰ ਇਹ ਗੀਤ ਚੇਤੇ ਆਇਆ ਕਰਦਾ ਸੀ- ‘ਦੁੱਧ ਪੀ ਲੈ ਬਾਲਮਾਂ ਵੇ ਮੈਂ ਕਦੋਂ ਦੀ ਖੜੀ।’ ਅੱਜ ਵੀ ਜਦੋਂ ਮੈਂ ਇਸ ਕੋਠੇ ਬਾਰੇ ਸੋਚਦਾ ਹਾਂ, ਤਾਂ ਇਹੀ ਗੀਤ ਚੇਤੇ ਆਇਆ ਹੈ।
ਚੇਤੇ ਦੀ ਕਿਸੇ ਨੁੱਕਰ ਵਿਚੋਂ ਇਹ ਗੱਲ ਉਭਰਦੀ ਹੈ ਕਿ ਬਹੁਤ ਪਹਿਲਾਂ ਇਥੇ ਕਿਸੇ ਵਿਆਹ ਸਮੇਂ ਬਰਾਤ ਉਤਰੀ ਸੀ। ਇਸ ਕੋਠੇ ਤੋਂ ਲਾਊਡ ਸਪੀਕਰ ਦੇ ਰਿਕਾਰਡ ਵੱਜ ਰਹੇ ਸਨ। ਬੱਕਰੇ ਵੱਢੇ ਜਾਂਦੇ ਪਹਿਲੀ ਵਾਰ ਦੇਖੇ ਸਨ। ਖਬਰੇ ਲਾਊਡ ਸਪੀਕਰ ਤੋਂ ‘ਦੁੱਧ ਪੀ ਲੈ ਬਾਲਮਾਂ ਵੇ’ ਵਾਲਾ ਗੀਤ ਹੀ ਵੱਜਿਆ ਹੋਵੇਗਾ। ਬੱਸ ਉਹੀ ਚੇਤੇ ਰਹਿ ਗਿਆ ਹੈ, ਜਾਂ ਖਬਰੇ ਇਸ ਕੋਠੇ ਦੇ ਨਿਵਕਲੇ ਜਿਹੇ ਹੋਣ ਕਰ ਕੇ ਵੀ ਕੋਈ ਰੁਮਾਂਟਿਕ ਜਿਹਾ ਤਸੱਵਰ ਅਣਦਿਸਦੇ ਮਨ ਉਤੇ ਉਭਰਿਆ ਹੋਵੇਗਾ।
ਆਪਣੀ ਬਾਰਾਂ ਸਾਲਾਂ ਦੀ ਧੀ ਨੂੰ ਆਪਣੇ ਪਿੰਡ ਦਾ ਬਾਕੀ ਹਿੱਸਾ ਹਾਲੇ ਦਿਖਾਉਣਾ ਹੈ। ਹਾਲੇ ਤਾਂ ਸੜਕ ਉਤੇ ਖੜਾ ਪਿੰਡ ਵੱਲ ਮੂੰਹ ਕਰ ਕੇ ਦੇਖ ਰਿਹਾ ਹਾਂ ਕਿ ਕੀ ਸਾਹਮਣੇ ਉਹੀ ਪਿੰਡ ਹੈ ਜਿਥੇ ਮੈਂ ਜਾਣਾ ਹੈ? ਜਾਂ ਕੋਈ ਬਸਤੀ ਹੈ ਜਲੰਧਰ ਸ਼ਹਿਰ ਦੀ?

Be the first to comment

Leave a Reply

Your email address will not be published.