ਸਿੱਖ, ਸਿਆਸਤ ਤੇ ਸੰਸਥਾਵਾਂ

ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦਾ ਮਾਮਲਾ ਪਹਿਲਾਂ ਹੀ ਸਿਆਸਤ ਦੀ ਭੇਟ ਚੜ੍ਹ ਗਿਆ ਸੀ ਪਰ ਹੁਣ ਇਸ ਵਿਚ ਸੌੜੀ ਸਿਆਸਤ ਧੁਸ ਦੇ ਕੇ ਅੰਦਰ ਆਣ ਵੜੀ ਹੈ। ਬਾਦਲਾਂ ਨੇ ਜਿਸ ਢੰਗ ਨਾਲ ਇਸ ਕਮੇਟੀ ਦੀ ਸਥਾਪਨਾ ਰੋਕਣ ਲਈ ਕਮਰ ਕੱਸੀ ਹੈ, ਉਸ ਨਾਲ ਸਾਰੇ ਸਿੱਖ ਹਲਕੇ ਹੈਰਾਨ ਹੀ ਨਹੀਂ, ਪ੍ਰੇਸ਼ਾਨ ਵੀ ਹਨ। ਗੱਲ ਮੋਰਚੇ ਲਾਉਣ ਤੱਕ ਜਾ ਅੱਪੜੀ ਹੈ। ਮਸਲਾ ਸਿਰਫ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਵੱਖਰੀ ਕਮੇਟੀ ਨੂੰ ਸੌਂਪਣ ਦਾ ਸੀ। ਇਸ ਤੋਂ ਪਹਿਲਾਂ ਇਸ ਮੁੱਦੇ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਰ ਕੇ ਵੀ ਜਾਣਿਆ ਜਾਂਦਾ ਹੈ, ਦੇ ਕਰਤਿਆਂ-ਧਰਤਿਆਂ ਦੀ ਕਾਰਗੁਜ਼ਾਰੀ ਉਤੇ ਸਵਾਲਾਂ ਦੀ ਵਾਛੜ ਹੁੰਦੀ ਰਹੀ ਹੈ। ਸਭ ਤੋਂ ਵੱਡਾ ਅਤੇ ਅਹਿਮ ਸਵਾਲ ਇਹੀ ਹੁੰਦਾ ਸੀ ਕਿ ਸ਼੍ਰੋਮਣੀ ਕਮੇਟੀ ਆਪਣਾ ਮੂਲ ਕਾਰਜ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੀ ਪੂਰਕ ਬਣਨ ਦੇ ਰਾਹ ਪਈ ਹੋਈ ਹੈ। ਗੁਰਦੁਆਰਿਆਂ ਦਾ ਚੜ੍ਹਾਵਾ ਅਕਾਲੀ ਦਲ ਦੀਆਂ ਸਰਗਰਮੀਆਂ ਲਈ ਵਰਤਣ ਦੀਆਂ ਕਨਸੋਆਂ ਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਦਰਅਸਲ ਸ਼੍ਰੋਮਣੀ ਕਮੇਟੀ ਦਾ ਅਸਲ ਯੋਗਦਾਨ ਧਾਰਮਿਕ, ਸਿਖਿਆ ਅਤੇ ਸਮਾਜਕ ਖੇਤਰ ਵਿਚ ਵਧੇਰੇ ਹੋਣਾ ਸੀ, ਪਰ ਧਰਮ ਪ੍ਰਚਾਰ ਵਾਲੀ ਲੜੀ ਬਹੁਤ ਢਿੱਲੀ ਰਹਿ ਗਈ। ਜਿਸ ਤਰ੍ਹਾਂ ਨਸ਼ਿਆਂ ਦਾ ਮਾਰੂ ਹਮਲਾ ਪੰਜਾਬੀਆਂ ਉਪਰ ਹੋਇਆ ਸੀ, ਇਸ ਖੇਤਰ ਵਿਚ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਰੋਲ ਹੋ ਸਕਦਾ ਸੀ, ਪਰ ਇਸ ਪਾਸੇ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕੋਈ ਯੋਜਨਾ ਨਹੀਂ ਉਲੀਕੀ। ਹਾਂ, ਬਿਨਾਂ ਕੋਈ ਡੂੰਘੀ ਘੋਖ-ਪੜਤਾਲ ਕੀਤਿਆਂ, ਨੌਜਵਾਨਾਂ ਉਤੇ ਇਹ ਦੂਸ਼ਣ ਜ਼ਰੂਰ ਲਗਾਏ ਜਾਂਦੇ ਰਹੇ ਕਿ ਉਹ ਸਿੱਖੀ ਤੋਂ ਦੂਰ ਜਾ ਰਹੇ ਹਨ। ਅਸਲ ਵਿਚ ਸਿੱਖੀ ਤੋਂ ਇਹ ਦੂਰੀ ਸਿੱਖੀ ਵਿਚ ਸੌੜੀ ਸਿਆਸਤ ਵੜਨ ਕਾਰਨ ਹੋਈ ਹੈ। ਸੌੜੀ ਸਿਆਸਤ ਨੇ ਜਿਸ ਢੰਗ ਨਾਲ ਸਿੱਖੀ ਉਤੇ ਉਲਟੇ ਦਾਅ ਅਸਰ ਕੀਤਾ, ਇਸ ਬਾਰੇ ਕੋਈ ਨਿਸ਼ਾਨਦੇਹੀ ਕਿਸੇ ਨੇ ਨਹੀਂ ਕੀਤੀ। ਸਿੱਖ ਆਗੂਆਂ ਵੱਲੋਂ ਸਿਆਸਤ ਅਤੇ ਧਰਮ (ਮੀਰੀ-ਪੀਰੀ) ਦੇ ਨਾਲੋ-ਨਾਲ ਚੱਲਣ ਦੀਆਂ ਗੱਲਾਂ ਅਕਸਰ ਕੀਤੀਆਂ ਜਾਂਦੀਆਂ ਹਨ ਪਰ ਇਸ ਮਾਮਲੇ ਵਿਚ ਸੰਗਤ ਨੂੰ ਦੱਸਣ ਵਾਲੀ ਅਸਲ ਗੱਲ ਲੁਕੋ ਲਈ ਜਾਂਦੀ ਹੈ। ਮੀਰੀ ਅਤੇ ਪੀਰੀ ਦੇ ਸੁੱਚੇ ਸੰਕਲਪ ਵਿਚ ਸਿਆਸਤ ਅਤੇ ਧਰਮ ਦੇ ਨਾਲੋ-ਨਾਲ ਚੱਲਣ ਦੇ ਨਾਲ-ਨਾਲ ਇਹ ਨੁਕਤਾ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਿਆਸਤ ਨੂੰ ਸਿੱਧੇ ਰਾਹ ਤੁਰਦੀ ਰੱਖਣ ਲਈ ਇਸ ਉਤੇ ਧਰਮ ਦਾ ਕੁੰਡਾ ਲਾਜ਼ਮੀ ਹੈ। ਪੰਜਾਬ ਦੀ ਅਜੋਕੀ ਸਿਆਸਤ ਵਿਚ ਇਸ ਸੰਕਲਪ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ ਹੈ। ਸੌੜੀ ਸਿਆਸਤ ਇੰਨੀ ਮੂੰਹ ਜ਼ੋਰ ਹੋ ਗਈ ਹੈ ਕਿ ਕਿਤੇ ਕੋਈ ਹਿਸਾਬ-ਕਿਤਾਬ ਨਹੀਂ ਰਿਹਾ। ਰਤਾ ਕੁ ਕੁਰੇਦਿਆ ਜਾਵੇ ਤਾਂ ਇਸ ਦੀਆਂ ਜੜ੍ਹਾਂ ਬਾਦਲਾਂ ਦੇ ਪਰਿਵਾਰ-ਪਿਆਰ ਨਾਲ ਜਾ ਜੁੜਦੀਆਂ ਦਿਸ ਪੈਂਦੀਆਂ ਹਨ। ਬਾਦਲਾਂ ਦੇ ਪਰਿਵਾਰ-ਪਿਆਰ ਨੇ ਸਿੱਖੀ ਅਤੇ ਸਿਆਸਤ ਵਿਚਕਾਰ ਰਿਸ਼ਤਾ ਉਕਾ ਹੀ ਬਦਲ ਕੇ ਰੱਖ ਦਿੱਤਾ ਹੈ। ਇਸ ਸਿਲਸਿਲੇ ਵਿਚ ਸਿਆਸੀ ਸਰਗਰਮੀਆਂ ਨੇ ਸਿਆਸੀ ਚਾਲਾਂ ਦਾ ਰੂਪ ਅਖਤਿਆਰ ਕਰ ਲਿਆ ਹੈ ਅਤੇ ਇਸ ਦਾ ਖਾਮਿਆਜ਼ਾ ਹੁਣ ਖਾਸ ਰੂਪ ਵਿਚ ਸਿੱਖ ਅਤੇ ਆਮ ਰੂਪ ਵਿਚ ਸਮੁੱਚੇ ਪੰਜਾਬੀ ਭੁਗਤ ਰਹੇ ਹਨ।
ਉਂਜ ਇਸ ਵਾਰ ਵੱਖਰੀ ਕਮੇਟੀ ਦੇ ਨਾਂ ਉਤੇ ਹੋਈ ਸਿਆਸਤ ਦੇ ਨਾਲ-ਨਾਲ ਕੁਝ ਹੋਰ ਪਹਿਲੂ ਵੀ ਸਾਹਮਣੇ ਆਏ ਹਨ। ਇਸ ਮੁੱਦੇ ਨਾਲ ਭਾਵੇਂ ਬਾਦਲਾਂ ਦਾ ਨਸ਼ਿਆਂ ਵਾਲੇ ਮੁੱਦੇ ਤੋਂ ਖਹਿੜਾ ਫਿਲਹਾਲ ਛੁੱਟ ਗਿਆ ਜਾਪਦਾ ਹੈ, ਪਰ ਐਤਕੀਂ ਪਹਿਲੀ ਵਾਰ ਆਮ ਅਕਾਲੀ ਵਰਕਰਾਂ ਦੇ ਮੂਡ ਦਾ ਪਤਾ ਲੱਗਿਆ ਹੈ। ਇਨ੍ਹਾਂ ਵਰਕਰਾਂ ਦੇ ਦਿਲਾਂ ਵਿਚ ਇਹ ਗੱਲ ਆਪੇ ਹੀ ਬੈਠ ਗਈ ਹੈ ਕਿ ਬਾਦਲ ਇਹ ਸਾਰਾ ਕੁਝ ਸਿੱਖੀ ਲਈ ਨਹੀਂ, ਸਗੋਂ ਸਿਰਫ ਤੇ ਸਿਰਫ ਆਪਣੀ ਸੌੜੀ ਸਿਆਸਤ ਚਲਾਉਣ ਲਈ ਕਰ ਰਹੇ ਹਨ। ਪਹਿਲਾਂ ਸ਼੍ਰੋਮਣੀ ਕਮੇਟੀ ਦੀ ਸਰਗਰਮੀ ਦੇ ਮਾਮਲੇ ਵਿਚ ਭਾਵੇਂ ਇਸ ਦੇ ਕਰਤਾ-ਧਰਤਾ ਸਿਆਸਤ ਦੇ ਭਾਗੀਦਾਰ ਬਣਦੇ ਰਹੇ ਹਨ, ਪਰ ਉਨ੍ਹਾਂ ਆਪਣੇ ਨਿੱਜ ਅਤੇ ਪਰਿਵਾਰ ਨੂੰ ਅਜਿਹੀਆਂ ਲਾਭਾਂ ਤੋਂ ਲਾਂਭੇ ਹੀ ਰੱਖਿਆ। ਦੂਜੇ ਪਾਸੇ, ਇਨ੍ਹਾਂ ਵਰਕਰਾਂ ਨੂੰ ਹੁਣ ਲੱਗ ਰਿਹਾ ਹੈ ਕਿ ਬਾਦਲ ਸਿਰਫ ਆਪਣਾ ਹੀ ਘਰ ਭਰਨ ਵਿਚ ਲੱਗੇ ਹੋਏ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿਆਨ ਤਾਂ ਭਾਵੇਂ ਇਹ ਦਿੰਦੇ ਹਨ ਕਿ ਸਿਆਸਤਦਾਨਾਂ ਨੂੰ ਕਾਰੋਬਾਰੀ ਨਹੀਂ ਬਣਨਾ ਚਾਹੀਦਾ, ਪਰ ਉਸ ਦਾ ਆਪਣਾ ਪੁੱਤਰ ਸੁਖਬੀਰ ਸਿੰਘ ਬਾਦਲ ਕੁਝ ਕੁ ਦਹਾਕਿਆਂ ਵਿਚ ਹੀ ਪੰਜਾਬ ਦਾ ਸਿਰਕੱਢ ਕਾਰੋਬਾਰੀ-ਵਪਾਰੀ ਬਣ ਗਿਆ ਹੈ। ਇਹੀ ਉਹ ਨੁਕਤਾ ਹੈ ਜਿਸ ਕਰ ਕੇ ਹੁਣ ਬਾਦਲਾਂ ਨੂੰ ਆਮ ਅਕਾਲੀ ਵਰਕਰਾਂ ਤੋਂ ਪਹਿਲਾਂ ਵਾਲਾ ਹੁੰਗਾਰਾ ਨਹੀਂ ਮਿਲ ਰਿਹਾ। ਪਿਛਲੇ ਕੁਝ ਸਾਲਾਂ ਤੋਂ ਇਹ ਵਰਕਰ ਬਾਦਲਾਂ ਬਾਰੇ ਉਠਦੇ ਸਵਾਲਾਂ ਦਾ ਜਵਾਬ ਸੱਥਾਂ ਵਿਚ ਬੈਠੇ ਦਿੰਦੇ ਰਹੇ, ਪਰ ਜਾਪਦਾ ਹੈ ਕਿ ਹੁਣ ਪਾਣੀ ਸਿਰ ਉਪਰੋਂ ਲੰਘਣਾ ਸ਼ੁਰੂ ਹੋ ਗਿਆ ਹੈ। ਇਹੀ ਉਹ ਨਿਘਾਰ ਹੈ ਜੋ ਸਿਆਸਤ ਦੇ ਖੇਤਰ ਵਿਚ ਆਇਆ ਹੈ ਅਤੇ ਜਿਸ ਨੇ ਸਿੱਖੀ ਨੂੰ ਵੀ ਡਾਢਾ ਨੁਕਸਾਨ ਪਹੁੰਚਾਇਆ ਹੈ। ਇਸੇ ਕਰ ਕੇ ਹੁਣ ਬਾਦਲਾਂ ਨੂੰ ਵੱਖਰੀ ਕਮੇਟੀ ਖਿਲਾਫ ਸਿੱਖ ਸੰਮੇਲਨ ਕਰਵਾਉਣ ਦੀ ਲੋੜ ਪੈ ਗਈ ਹੈ। ਸਿਤਮਜ਼ਰੀਫੀ ਇਹ ਹੈ ਕਿ ਅਜੇ ਵੀ ਬਾਦਲਾਂ ਦਾ ਸਾਰਾ ਧਿਆਨ ਸਿੱਖੀ ਉਤੇ ਨਹੀਂ, ਸਿਆਸਤ ਉਤੇ ਹੀ ਹੈ। ਵੱਖਰੀ ਕਮੇਟੀ ਬਣਾਉਣ ਬਾਰੇ ਸਰਗਰਮੀ ਦਾ ਨਤੀਜਾ ਭਾਵੇਂ ਕੋਈ ਵੀ ਨਿਕਲੇ ਪਰ ਇਸ ਨਾਲ ਇਕ ਨੁਕਤਾ ਤਾਂ ਸਪਸ਼ਟ ਹੋ ਗਿਆ ਹੈ ਕਿ ਬਾਦਲਾਂ ਦੀ ਮਨ-ਮਰਜ਼ੀ ਦੇ ਦਿਨ ਹੁਣ ਲੱਦ ਗਏ ਹਨ। ਹੁਣ ਮੁੱਖ ਮਸਲਾ ਇਹ ਹੈ ਕਿ ਬਾਦਲਾਂ ਨੂੰ ਪਈ ਇਸ ਵੰਗਾਰ ਦਾ ਅਗਲਾ ਦਾਈਆ ਕੀ ਹੋਵੇ। ਜਿੰਨੀ ਦੇਰ ਤੱਕ ਬਾਦਲਾਂ ਦੀ ਇਸ ਸਿਆਸਤ ਦੇ ਮੁਕਾਬਲੇ ਸੱਚੀ ਅਤੇ ਸੁੱਚੀ ਸਿਆਸਤ ਦਾ ਪਿੜ ਨਹੀਂ ਬੱਝਦਾ, ਉਨੀ ਦੇਰ ਮਨ-ਮਰਜ਼ੀ ਵਾਲੀ ਸਿਆਸਤ ਤੋਂ ਖਹਿੜਾ ਪੂਰੀ ਤਰ੍ਹਾਂ ਛੁੱਟ ਨਹੀਂ ਸਕਦਾ। ਬਾਦਲਾਂ ਨੂੰ ਲਾਂਭੇ ਕਰਨ ਅਤੇ ਪਛਾੜਨ ਲਈ ਸਿਰਫ ਨੁਕਤਾਚੀਨੀ ਨਹੀਂ, ਅਮਲ ਵਿਚ ਵੀ ਕੁਝ ਕਰ ਕੇ ਦਿਖਾਉਣਾ ਪਵੇਗਾ। ਆਖਰਕਾਰ ਨਬੇੜੇ ਤਾਂ ਅਮਲਾਂ ‘ਤੇ ਹੀ ਹੋਣੇ ਹਨ। ਅਮਲਾਂ ਦੇ ਇਹ ਨਬੇੜੇ ਕਾਰਗਰ ਰਣਨੀਤੀ ਤੋਂ ਬਿਨਾਂ ਸ਼ਾਇਦ ਸੰਭਵ ਨਹੀਂ।

Be the first to comment

Leave a Reply

Your email address will not be published.