ਗਾਜ਼ਾ ਉਪਰ ਕਹਿਰ ਦੀ ਕਹਾਣੀ, ਇਕ ਡਾਕਟਰ ਦੀ ਜ਼ੁਬਾਨੀ…

ਨਾਰਵੇ ਤੋਂ ਡਾæ ਮਾਡਸ ਗਿਲਬਰਟ ਉਤਰੀ ਨਾਰਵੇ ਦੇ ਯੂਨੀਵਰਸਿਟੀ ਹਸਪਤਾਲ ਵਿਖੇ ਐਮਰਜੈਂਸੀ ਮੈਡੀਸਿਨ ਕਲੀਨਿਕ ਦਾ ਪ੍ਰੋਫੈਸਰ ਤੇ ਮੁਖੀ ਹੈ। ਇਸ ਵਕਤ ਉਹ ਗਾਜ਼ਾ ਵਿਚ ਵਾਲੰਟੀਅਰ ਵਜੋਂ ਸੇਵਾ ਨਿਭਾਅ ਰਿਹਾ ਹੈ। 1970ਵਿਆਂ ਤੋਂ ਹੀ ਉਹ ਫ਼ਲਸਤੀਨੀ ਕਾਜ ਨਾਲ ਇਕਮੁੱਠਤਾ ਵਾਲੀਆਂ ਕਾਰਵਾਈਆਂ ਵਿਚ ਸਰਗਰਮੀ ਨਾਲ ਜੁਟਿਆ ਹੋਇਆ ਹੈ। ਉਸ ਨੇ ਡਾæ ਐਰਿਕ ਫੌਸ ਨਾਲ ਮਿਲ ਕੇ ਗਾਜ਼ਾ ਦੀ ਦਰਦ ਕਹਾਣੀ ਬਿਆਨ ਕਰਦੀ ‘ਆਈਜ਼ ਇਨ ਗਾਜ਼ਾ’ ਨਾਂ ਦੀ ਮਸ਼ਹੂਰ ਕਿਤਾਬ ਵੀ ਲਿਖੀ ਹੈ। ਇਸ ਸੰਖੇਪ ਟਿੱਪਣੀ ਵਿਚ ਉਸ ਨੇ ਗਾਜ਼ਾ ਉਪਰ ਅਮਰੀਕਾ ਦੀ ਸ਼ਹਿ ‘ਤੇ ਤਾਜ਼ਾ ਇਸਰਾਇਲੀ ਹਮਲਿਆਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਵਿਥਿਆ ਬਾਰੇ ਆਪਣੇ ਜਜ਼ਬਾਤ ਬਿਆਨ ਕੀਤੇ ਹਨ ਜਿਸ ਤੋਂ ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਆਪਣੇ ਯੁੱਧਨੀਤਕ ਨਿਸ਼ਾਨਿਆਂ ਅਤੇ ਸੌੜੇ ਸਵਾਰਥਾਂ ਦੀ ਖ਼ਾਤਰ ਅਮਰੀਕਾ ਦੀ ਪੁਸ਼ਤ-ਪਨਾਹੀ ਵਾਲਾ ਇਸਰਾਈਲ ਕਿਵੇਂ ਫ਼ਲਸਤੀਨ ਦੇ ਨਿਹੱਥੇ, ਬੇਕਸੂਰ ਸ਼ਹਿਰੀਆਂ ਦੀ ਕਤਲੋਗ਼ਾਰਤ ਕਰ ਰਿਹਾ ਹੈ। ਇਸਰਾਈਲ ਦੇ ਹਮਲਿਆਂ ‘ਚ ਹੁਣ ਤਕ 572 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ। ਇੱਥੋਂ ਤਾਈਂ ਕਿ ਹਸਪਤਾਲਾਂ ਉਪਰ ਵੀ ਗਿਣ-ਮਿਥ ਕੇ ਹਮਲੇ ਕੀਤੇ ਜਾ ਰਹੇ ਹਨ ਪਰ ‘ਦਹਿਸ਼ਤਵਾਦ ਖ਼ਿਲਾਫ਼ ਆਲਮੀ ਜੰਗ’ ਕੂਕਣ ਵਾਲਾ ਅਮਰੀਕਾ ਆਪਣੇ ਯੁੱਧਨੀਤਕ ਜੋਟੀਦਾਰ ਇਸਰਾਈਲ ਦੇ ਐਲਾਨੀਆ ਦਹਿਸ਼ਤਗਰਦ ਹਮਲਿਆਂ ਨੂੰ ਮੂਕ ਤਮਾਸ਼ਬੀਨ ਬਣ ਕੇ ਦੇਖ ਰਿਹਾ ਹੈ। ਇਸ ਲੇਖ ਦਾ ਅਨੁਵਾਦ ਤੇ ਪੇਸ਼ਕਸ਼ ਸਾਡੇ ਕਾਲਮਨਵੀਸ ਬੂਟਾ ਸਿੰਘ ਦੀ ਹੈ।

ਲੰਘੀ ਰਾਤ ਕਹਿਰ ਭਰੀ ਸੀ। ਗਾਜ਼ਾ ਉਪਰ ‘ਜ਼ਮੀਨੀ ਹਮਲੇ’ ਦਾ ਸ਼ਿਕਾਰ ਹੋਏ ਲੋਕਾਂ ਨਾਲ ਭਰੀਆਂ ਗੱਡੀਆਂ ਧੜਾਧੜ ਆ ਰਹੀਆਂ ਸਨ। ਹਮਲੇ ਵਿਚ ਅਪਾਹਜ ਹੋਏ, ਚੀਥੜੇ ਬਣੇ, ਲਹੂ ਨਾਲ ਲੱਥ-ਪੱਥ, ਕੰਬ ਰਹੇ, ਦਮ ਤੋੜ ਰਹੇ, ਹਰ ਉਮਰ ਦੇ ਫ਼ਲਸਤੀਨੀ। ਸਾਰੇ ਹੀ ਆਮ ਸ਼ਹਿਰੀ, ਸਾਰੇ ਹੀ ਬੇਕਸੂਰ।
ਗਾਜ਼ਾ ਦੀਆਂ ਸਾਰੀਆਂ ਹੀ ਐਂਬੂਲੈਂਸਾਂ ਅਤੇ ਸਾਰੇ ਹਸਪਤਾਲਾਂ ਦਾ ਸਟਾਫ਼ ਬਾਰਾਂ-ਬਾਰਾਂ, ਚੌਵੀ-ਚੌਵੀ ਘੰਟੇ ਦੀਆਂ ਸ਼ਿਫ਼ਟਾਂ ‘ਚ ਲਗਾਤਾਰ ਡਿਊਟੀ ਦੇ ਰਹੇ ਹਨ, ਥਕੇਵੇਂ ਤੇ ਕੰਮ ਦੇ ਅਣਮਨੁੱਖੀ ਬੋਝ ਨਾਲ ਧੁਆਂਖੇ ਇਹ ਨਾਇਕ ਫਿਰ ਵੀ ਬੇਪ੍ਰਵਾਹ ਹੋ ਕੇ ਜ਼ਖ਼ਮੀਆਂ ਦੀ ਸੰਭਾਲ ਵਿਚ ਜੁਟੇ ਹੋਏ ਹਨ। ਅਲ-ਸ਼ਿਫਾ ਹਸਪਤਾਲ ਵਿਚ ਪਿਛਲੇ ਚਾਰ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਕੰਮ ਵਿਚ ਮਸਰੂਫ਼ ਇਹ ਨਾਇਕ ਹਮਲੇ ਦਾ ਸ਼ਿਕਾਰ ਹੋਏ ਜਿਸਮਾਂ ਦੇ ਇਲਾਜ ਤੇ ਵੱਢ-ਟੁੱਕ ‘ਚ ਲੱਗੇ ਹੋਏ ਹਨ। ਉਹ ਜ਼ਖ਼ਮੀਆਂ ਦੇ ਜਿਸਮਾਂ ਦੇ ਅੰਗਾਂ ਨੂੰ ਪੁੱਜੇ ਨੁਕਸਾਨ ਦੀ ਥਾਹ ਪਾਉਣ ਦੀ ਵਾਹ ਲਾ ਰਹੇ ਹਨ। ਕੁਝ ਜਿਸਮ ਚਲ ਸਕਦੇ ਹਨ, ਕੁਝ ਚੱਲਣ ਤੋਂ ਹੀ ਆਰੀ ਹਨ। ਕੁਝ ਸਾਹ ਲੈ ਰਹੇ ਹਨ, ਕੁਝ ਦੇ ਸਾਹ ਬੰਦ ਹਨ। ਕਿਸੇ ਦੇ ਲਹੂ ਵਗ ਰਿਹਾ ਹੈ, ਕਿਸੇ ਦੇ ਲਹੂ ਵਗ ਕੇ ਸੁੱਕ ਚੁੱਕਾ ਹੈ। ਇਨਸਾਨ ਭਲਾ ਇਸ ਤਰ੍ਹਾਂ ਦੇ ਹੁੰਦੇ ਹਨ!
ਅੱਜ, ਫਿਰ ‘ਦੁਨੀਆਂ ਦੀ ਸਭ ਤੋਂ ਨੈਤਿਕ ਫ਼ੌਜ’ ਨੂੰ ਇਨ੍ਹਾਂ ਦਾ ਜਾਨਵਰਾਂ ਵਾਂਗ ਇਲਾਜ ਕਰਨਾ ਪੈ ਰਿਹਾ ਹੈ।
ਐਨੇ ਦਰਦ, ਸੰਤਾਪ ਅਤੇ ਸਦਮੇ ਦੀ ਹਾਲਤ ਵਿਚ ਵੀ ਸਿਦਕਦਿਲੀ ਦਿਖਾਉਣ ਵਾਲੇ ਇਨ੍ਹਾਂ ਜ਼ਖ਼ਮੀਆਂ ਲਈ ਮੇਰੇ ਮਨ ਵਿਚ ਬੇਥਾਹ ਸਤਿਕਾਰ ਹੈ। ਸਟਾਫ਼ ਤੇ ਵਾਲੰਟੀਅਰਾਂ ਦੀ ਤਾਰੀਫ਼ ਲਈ ਮੇਰੇ ਕੋਲ ਲਫ਼ਜ਼ ਨਹੀਂ ਹਨ। ਫ਼ਲਸਤੀਨੀਆਂ ਦੇ ਸਿਰੜ ਨਾਲ ਨੇੜਲਾ ਵਾਹ ਮੈਨੂੰ ਤਾਕਤ ਦਿੰਦਾ ਹੈ, ਹਾਲਾਂਕਿ ਮੰਜਰ ਦੇਖਦੇ ਸਾਰ ਮੇਰਾ ਧਾਹਾਂ ਮਾਰਨ, ਕਿਸੇ ਨੂੰ ਘੁੱਟ ਕੇ ਹਿੱਕ ਨਾਲ ਲਾਉਣ, ਉੱਚੀ-ਉੱਚੀ ਚੀਕਣ, ਬੱਚੇ ਦੀ ਲਹੂ ਭਿੱਜੀ ਚਮੜੀ ਤੇ ਵਾਲਾਂ ਨੂੰ ਸੁੰਘਣ, ਸਭ ਨੂੰ ਅਨੰਤ ਜੱਫੀ ਵਿਚ ਲੈ ਕੇ ਬਚਾਅ ਲੈਣ ਨੂੰ ਜੀਅ ਕਰਦਾ ਹੈ; ਪਰ ਅਸੀਂ ਇੰਞ ਕਰ ਨਹੀਂ ਸਕਦੇ, ਨਾ ਹੀ ਉਹ ਇੰਞ ਕਰ ਸਕਦੇ ਹਨ।
ਫਿਰ ਧੁਆਂਖੇ ਹੋਏ ਚਿਹਰਿਆਂ ‘ਤੇ ਨਜ਼ਰ ਦੁੜਾਉਂਦਾ ਹਾਂ- ਨਾ ਨਾ! ਹੁਣੇ ਲੂਲੇ-ਲੰਗੜੇ ਕੀਤੇ ਖ਼ੂਨ ਨਾਲ ਲੱਥ-ਪੱਥ ਦਰਜਨਾਂ ਹੋਰ ਫ਼ਲਸਤੀਨੀਆਂ ਦੀ ਭਰੀ ਗੱਡੀ ਨਾ ਆ ਜਾਵੇ, ਅਜੇ ਤਾਂ ਸਾਡੇ ਐਮਰਜੈਂਸੀ ਰੂਮ ਦੇ ਫਰਸ਼ ਉਪਰ ਲਹੂ ਦੀ ਚਰਗਲ ਹੈ, ਅਜੇ ਤਾਂ ਅਸੀਂ ਲਹੂ ਲਿੱਬੜੀਆਂ ਪੱਟੀਆਂ ਦੇ ਢੇਰ ਸਾਫ਼ ਕਰਨੇ ਨੇ ਜਿਨ੍ਹਾਂ ਵਿਚੋਂ ਲਹੂ ਚੋਅ ਰਿਹਾ ਹੈ। ਹਰ ਥਾਂ ਸਫ਼ਾਈ ਸੇਵਕ ਖ਼ੂਨ ਦੀ ਚਰਗਲ ਤੇ ਮਾਸ ਦੇ ਲੋਥੜਿਆਂ, ਵਾਲਾਂ, ਕੱਪੜਿਆਂ, ਨਾਲੀਆਂ; ਭਾਵ ਮੌਤ ਦੀ ਰਹਿੰਦ-ਖੂੰਹਦ ਹੂੰਝਣ ਵਿਚ ਜੁਟੇ ਹੋਏ ਹਨ। ਉਨ੍ਹਾਂ ਨੂੰ ਇਹ ਵਾਰ-ਵਾਰ ਦੁਹਰਾਉਣਾ ਪੈ ਰਿਹਾ ਹੈ। ਪਿਛਲੇ ਚੌਵੀ ਘੰਟਿਆਂ ਵਿਚ ਸੌ ਤੋਂ ਉਪਰ ਕੇਸ ਅਲ-ਸ਼ਿਫਾ ਹਸਪਤਾਲ ਲਿਆਂਦੇ ਗਏ ਹਨ। ਹਰ ਤਰ੍ਹਾਂ ਦੀ ਸਹੂਲਤ ਵਾਲੇ ਵਧੀਆ ਸਿਖਲਾਈਯਾਫ਼ਤਾ ਵੱਡੇ ਹਸਪਤਾਲ ਲਈ ਇਹ ਤਾਦਾਦ ਚੋਖੀ ਹੈ, ਪਰ ਇਥੇ ਹਸਪਤਾਲ ‘ਚ ਤਾਂ ਕੁਝ ਵੀ ਨਹੀਂ- ਨਾ ਬਿਜਲੀ, ਨਾ ਪਾਣੀ, ਨਾ ਡਿਸਪੋਜ਼ੇਬਲ ਸਮਾਨ, ਨਾ ਦਵਾਈਆਂ। ਓਪਰੇਸ਼ਨ ਥਿਏਟਰ ਦੇ ਮੇਜ਼, ਔਜਾਰ, ਮਾਨੀਟਰ ਸਭ ਜੰਗਾਲ ਖਾਧੇ, ਜਿਵੇਂ ਗੁਜ਼ਰੇ ਜ਼ਮਾਨੇ ਦੇ ਅਜਾਇਬਘਰ ਬਣ ਚੁੱਕੇ ਹਸਪਤਾਲਾਂ ਵਿਚੋਂ ਲਿਆਂਦੇ ਗਏ ਹੋਣ, ਪਰ ਸਾਡੇ ਇਹ ਨਾਇਕ ਫਿਰ ਵੀ ਕੋਈ ਸ਼ਿਕਵਾ ਨਹੀਂ ਕਰਦੇ। ਉਹ ਯੋਧਿਆਂ ਵਾਂਗ ਬੇਥਾਹ ਸਿਰੜ ਨਾਲ ਇਨ੍ਹਾਂ ਦੇ ਸਹਾਰੇ ਹੀ ਕੰਮ ਚਲਾਈ ਜਾ ਰਹੇ ਹਨ।
ਜਦੋਂ ਮੈਂ ਇਕ ਬੈੱਡ ‘ਤੇ ਇਕੱਲਾ ਬੈਠਾ ਇਹ ਸਤਰਾਂ ਲਿਖ ਰਿਹਾ ਹਾਂ, ਤਾਂ ਮੇਰੀਆਂ ਅੱਖਾਂ ਵਿਚੋਂ ਕੋਸੇ, ਪਰ ਪੀੜਾ ਤੇ ਦੁੱਖ, ਰੋਹ ਤੇ ਖੌਫ਼ ਦੇ ਹੰਝੂ ਵਿਅਰਥ ਵਗ ਰਹੇ ਹਨ। ਕਾਸ਼ ਇੰਞ ਨਾ ਹੋਵੇ!
ਤੇ ਫਿਰ, ਉਦੋਂ ਹੀ ਇਸਰਾਈਲੀ ਜੰਗੀ ਮਸ਼ੀਨ ਦੇ ਸੰਚਾਲਕ ਤਾਂਡਵ ਨਾਚ ਮੁੜ ਸ਼ੁਰੂ ਕਰ ਦਿੰਦੇ ਹਨ। ਸਮੁੰਦਰੀ ਕੰਢੇ ਵਾਲੇ ਪਾਸਿਓਂ ਨੇਵੀ ਦੀਆਂ ਯੁੱਧ ਕਿਸ਼ਤੀਆਂ ਤੋਂ ਗੋਲਾਬਾਰੀ ਦੀ ਗੜਗੱਜ, ਐੱਫ-16 ਲੜਾਕੇ ਹਵਾਈ ਜਹਾਜ਼ਾਂ ਦੀਆਂ ਉਡਾਣਾਂ ਦੀ ਗੜਗੜਾਹਟ, ਘਿਨਾਉਣੇ ਡਰੋਨਾਂ ਅਤੇ ਹਮਲੇ ਲਈ ਨਿਕਲੇ ਇਸਰਾਈਲੀ ਹੈਲੀਕਾਪਟਰਾਂ ਦਾ ਸ਼ੋਰ ਸਭ ਕੁਝ ਅਸਤ-ਵਿਅਸਤ ਕਰ ਰਿਹਾ ਹੈ। ਪਤਾ ਨਹੀਂ ਅਮਰੀਕਾ ਨੇ ਇਹ ਕਿੰਨੀ ਤਦਾਦ ‘ਚ ਬਣਾਏ ਹੋਏ ਹਨ ਤੇ ਕਿੰਨਾ ਧਨ ਇਨ੍ਹਾਂ ਉਪਰ ਖ਼ਰਚਿਆ ਹੈ!
ਸ੍ਰੀਮਾਨ ਓਬਾਮਾ, ਤੇਰੇ ਕੋਲ ਦਿਲ ਨਾਂ ਦੀ ਕੋਈ ਚੀਜ਼ ਹੈ?
ਮੈਂ ਤੈਨੂੰ ਸੱਦਾ ਦੇ ਰਿਹਾ ਹਾਂ, ਇਸ ਹਸਪਤਾਲ ਵਿਚ ਇਕ ਰਾਤ ਗੁਜ਼ਾਰ ਕੇ ਤਾਂ ਵੇਖ- ਸਿਰਫ਼ ਇਕ ਰਾਤ। ਇਕ ਸਫ਼ਾਈ ਸੇਵਕ ਦਾ ਭੇਖ ਵਟਾ ਕੇ।
ਮੈਨੂੰ ਸੌ ਫ਼ੀਸਦੀ ਯਕੀਨ ਹੈ, ਇਸ ਨਾਲ ਇਤਿਹਾਸ ਹੀ ਬਦਲ ਜਾਵੇਗਾ।
ਦਿਲ ਵਾਲਾ ਕੋਈ ਬੰਦਾ ਐਸਾ ਨਹੀਂ ਹੋ ਸਕਦਾ ਜੋ ਇਥੇ ਇਕ ਰਾਤ ਰਹਿ ਕੇ ਫ਼ਲਸਤੀਨੀ ਲੋਕਾਂ ਦੀ ਕਤਲੋਗ਼ਾਰਤ ਨੂੰ ਬੰਦ ਕੀਤੇ ਜਾਣ ਦਾ ਇਰਾਦਾ ਧਾਰ ਕੇ ਨਾ ਜਾਵੇ।
ਪਰ ਬੇਦਿਲ ਅਤੇ ਬੇਰਹਿਮ ਜਰਵਾਣਿਆਂ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਹਨ ਅਤੇ ਉਹ ਤਾਂ ਇਕ ਹੋਰ ਮਹਾਂ ਨਾਸ ਨੂੰ ਅੰਜਾਮ ਦੇਣ ਲਈ ਗਾਜ਼ਾ ਉਪਰ ਹਮਲੇ ਦੀ ਵਿਉਂਤ ਬਣਾਈ ਬੈਠੇ ਹਨ।
ਆਉਣ ਵਾਲੀ ਰਾਤ ਵੀ ਇਸੇ ਤਰ੍ਹਾਂ ਲਹੂ ਦੇ ਦਰਿਆ ਵਗਣਗੇ। ਮੈਂ ਸੁਣ ਸਕਦਾ ਹਾਂ, ਉਨ੍ਹਾਂ ਨੇ ਮੌਤ ਵਰਤਾਉਣ ਵਾਲੇ ਸਾਜ਼ ਸੁਰ ਵਿਚ ਕਰ ਲਏ ਹਨ।
ਕ੍ਰਿਪਾ ਕਰ ਕੇ ਇਸ ਨੂੰ ਰੋਕਣ ਲਈ ਤੁਸੀਂ ਜੋ ਵੀ ਕਰ ਸਕਦੇ ਹੋ, ਜ਼ਰੂਰ ਕਰੋ। ਇਸ ਨੂੰ ਜਾਰੀ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

Be the first to comment

Leave a Reply

Your email address will not be published.