ਜ਼ਿੰਦਗੀ ਦੀ ਤਾਲ ਬਣੇ ਜੇ ਤਾਲੀਆਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਜਗਨਾ ਤੇ ਭਜਨਾ-ਦੋਵੇਂ ਵੱਖੋ-ਵੱਖ ਮਾਵਾਂ ਦੇ ਪੇਟੋਂ ਜਨਮੇ ਵੀ ਸਕੇ ਭਰਾਵਾਂ ਤੋਂ ਵੱਧ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਉਨ੍ਹਾਂ ਵਲੋਂ ਜਵਾਨੀ ਸਮੇਂ ਕੀਤੀਆਂ ਹਾਸੇ-ਠੱਠੇ ਵਾਲੀਆਂ ਗੱਲਾਂ ਚੇਤੇ ਕਰ ਕੇ ਅੱਜ ਵੀ ਓਨਾ ਹੀ ਹਾਸਾ ਆਉਂਦਾ ਹੈ। ਜੀਵਨ ਵਿਚ ਜਾਣੇ-ਅਣਜਾਣੇ ਵਾਪਰ ਜਾਂਦੀਆ ਘਟਨਾਵਾਂ ਤੋਂ ਸੁਚੇਤ ਕਰਦੀਆਂ ਉਨ੍ਹਾਂ ਦੀਆਂ ਹੱਡਬੀਤੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ।
ਇਕ ਵਾਰ ਦੋਵਾਂ ਨੇ ਪੰਚਾਇਤ ਦੀ ਜ਼ਮੀਨ ਬੋਲੀ ਦੇ ਕੇ ਮਾਮਲੇ ‘ਤੇ ਲੈ ਲਈ। ਲੋਕ ਹੈਰਾਨ ਕਿ ਐਡੇ ਵੱਡੇ ਟੱਕ ਨਾਲ ਮੱਥਾ ਲਾ ਲਿਆ, ਇਹ ਸਿਰੇ ਕਿਵੇਂ ਲਾਉਣਗੇ? ਦੋਹਾਂ ਨੇ ਸਖ਼ਤ ਮਿਹਨਤ ਕੀਤੀ। ਕਣਕ ਬੀਜੀ ਤਾਂ ਚਾਰੇ ਪਾਸੇ ਹਰਿਆਵਲ ਹੋ ਗਈ। ਪਹਿਲਾਂ ਪਾਣੀ ਲਾਉਣ ਲਈ ਨਾਲ ਵਗਦੇ ਸੂਏ ਵਿਚ ਪਾਈਪ ਸੁੱਟ ਲਿਆ। ਪਾਈਪ ਲੱਗਿਆ ਹੋਇਆ ਬੇਲਦਾਰ ਨੇ ਫੜ ਲਿਆ। ਜਗਨਾ ਤੇ ਭਜਨਾ ਨੱਕੇ ਮੋੜਦੇ ਹੋਏ ਸੂਏ ‘ਤੇ ਆ ਚੜ੍ਹੇ।
“ਕੀ ਹਾਲ ਆ ਸਰਕਾਰਾਂ ਦਾ?” ਭਜਨੇ ਨੇ ਗੱਲਾਂ ਦੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕਰਦਿਆਂ ਬੇਲਦਾਰ ਨੂੰ ਪੁੱਛਿਆ।
“ਹਾਲ ਤਾਂ ਤੁਸੀਂ ਬੇਹਾਲ ਕੀਤਾ ਪਿਆ ਹੈ। ਚੌਦਾਂ ਕਿਲ੍ਹਿਆਂ ਵਿਚ ਜਲ-ਥਲ ਕੀਤੀ ਪਈ ਹੈ। ਚੋਰੀ ਦਾ ਕੇਸ ਬਣੂੰਗਾ।” ਬੇਲਦਾਰ ਨੇ ਡੂੰਘੀ ਜਿਹੀ ਨਿਗ੍ਹਾ ਖੇਤ ਵੱਲ ਘੁੰਮਾਉਂਦਿਆਂ ਕਿਹਾ।
“ਬਰਸੀਨ ਦੀ ਪੰਡ ਲੈ ਜਾਹ! ਵਾਢੀ ਮੌਕੇ ਤੂੜੀ ਲੈ ਜਾਵੀਂ। ਵੱਡਾ ਆਇਆ ਚੋਰੀ ਦਾ ਕੇਸ ਬਣਾਉਣ ਵਾਲਾ।” ਜਗਨਾ ਲਾਲਚ ਅਤੇ ਡਰਾਵਾਂ ਇਕੱਠਾ ਦਿੰਦਾ ਹੋਇਆ ਬੋਲਿਆ।
ਭਜਨਾ ਸਿਆਣਪ ਵਰਤਦਿਆਂ ਗੱਲ ਦੀ ਤਹਿ ਲਾਉਣਾ ਚਾਹੁੰਦਾ ਸੀ ਪਰ ਜਗਨੇ ਦੀ ਅੜ੍ਹਬ ਬੋਲੀ ਨੇ ਚੋਰੀ ਦਾ ਕੇਸ ਬਣਾਉਣ ਦੀ ਕਸਰ ਬਾਕੀ ਨਾ ਛੱਡੀ। ਬੇਲਦਾਰ ਨੂੰ ਕਹਿੰਦਾ, “ਇਸ ਪਾਣੀ ਵਿਚੋਂ ਤਾਂ ਕਰੰਟ ਕੱਢਿਆ ਹੋਇਆ ਹੈ। ਇਹ ਸਾਰਾ ਵਾਧੂ ਪਾਣੀ ਹੈ, ਜੇ ਅਸੀਂ ਵਰਤ ਲਿਆ, ਤੇਰੀ ਮਕਾਣ ਤਾਂ ਨਹੀਂ ਆ ਗਈ।”
ਬੇਲਦਾਰ ਜਗਨੇ ਦੀਆਂ ਗੱਲਾਂ ਦਾ ਗੁੱਸਾ ਮੰਨ ਗਿਆ। ਕਹਿੰਦਾ, “ਨਾਲੇ ਚੋਰੀ, ਨਾਲੇ ਸੀਨਾਜ਼ੋਰੀ। ਜੇ ਕੇਸ ਨਾ ਬਣਾਇਆ ਤਾਂ ਮੈਂ ਵੀ ਆਪਣੇ ਪਿਉ ਦਾ ਨਹੀਂ।”
ਭਜਨਾ ਕਹਿੰਦਾ, “ਸਰਕਾਰ ਵੀਹ ਰੁਪਏ ਨਕਦ ਦੇਵਾਗਾਂæææਸਾਲ ਭਰ ਮੂਲੀਆਂ, ਗੰਨੇ, ਸਾਗ ਤੇ ਤਰਾਂ ਮੁਫਤ ਲੈ ਜਾਇਆ ਕਰਿਉ। ਕੇਸ ਵਾਲੇ ਚੱਕਰਾਂ ਵਿਚ ਨਾ ਪਵੋ। ਰੋਜ਼ ਤੁਸੀਂ ਇਥੋਂ ਦੀ ਲੰਘਣਾ ਹੈ।”
ਬੇਲਦਾਰ ਨਾ ਮੰਨਿਆ। ਮੌਕੇ ‘ਤੇ ਅਫਸਰ ਸੱਦ ਕੇ ਜਗਨੇ ਤੇ ਭਜਨੇ ਉਤੇ ਪਾਣੀ ਦੀ ਚੋਰੀ ਦਾ ਕੇਸ ਬਣਵਾ ਦਿੱਤਾ। ਪਿਉ ਦੇ ਪੁੱਤਾਂ ਨੇ ਕਣਕ ਸੂਏ ਦੇ ਪਾਣੀ ਨਾਲ ਹੀ ਪਾਲੀ। ਵਾਢੀ ਮੁੱਕੀ ਤਾਂ ਜ਼ੀਰੇ ਤਰੀਕਾਂ ਪੈਣ ਲੱਗ ਗਈਆਂ। ਦੋਵੇਂ ਕਚਹਿਰੀਆਂ ਵਿਚੋਂ ਤਰੀਕ ਭੁਗਤ ਕੇ ਬਾਹਰ ਨਿਕਲੇ। ਜਗਨਾ ਕਹਿੰਦਾ, “ਭਜਨਿਆ ਖਰਬੂਜੇ ਖਾ ਲਈਏ, ਭੁੱਖ ਲੱਗੀ ਹੈ।”
“ਉਧਰ ਚੱਲ ਪਹਿਲਾਂ, ਫਿਰ ਦੇਖਦੇ ਆਂ।” ਭਜਨਾ, ਜਗਨੇ ਨੂੰ ਤਰਾਂ ਵਾਲੀ ਰੇਹੜੀ ‘ਤੇ ਲੈ ਗਿਆ।
“ਦੇਖ ਜਗਨਿਆ, ਖਰਬੂਜੇ ਦੀਆਂ ਪਹਿਲਾਂ ਛਿਲਕਾਂ ਲਹਿ ਗਈਆਂ, ਫਿਰ ਸਾਰੇ ਬੀਅ ਬਾਹਰ ਸੁੱਟ ਦਿੱਤੇ, ਆਪਣੇ ਪੱਲੇ ਕੀ ਰਹੂਗਾ? ਆਹ ਦੇਖ ਤਰਾਂ ਖਾਨੇ ਆਂ, ਨਾ ਤਾਂ ਛਿਲਕਾ ਲਾਹੁਣਾ ਪੈਣਾ ਤੇ ਨਾ ਬੀਅ ਸੁੱਟਣੇ ਪੈਣਗੇ। ਜਿੰਨੀਆਂ ਲਵਾਂਗੇ, ਉਨੀਆਂ ਹੀ ਢਿੱਡ ਵਿਚ ਪੈਣਗੀਆਂ।” ਭਜਨਾ ਆਪਣੀ ਸਿਆਣਪ ਦਾ ਝੰਡਾ ਗੱਡਦਾ ਬੋਲਿਆ।
“ਭਜਨਿਆ ਕਹਾਵਤਾਂ ਸੱਚੀਆਂ, ਆਪਣੇ ਮੂਰਖਾਂ ਕਰ ਕੇ ਹੀ ਬਣੀਆਂ ਹੋਣਗੀਆਂ। ਕਹਿੰਦੇ ਨੇ, ਜੱਟ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ ਹੈ। ਮਿੱਠੀ ਬੋਲੀ ਬੰਦੇ ਨੂੰ ਫਾਂਸੀ ਦੇ ਤਖ਼ਤੇ ਤੋਂ ਉਤਾਰ ਲਿਆਉਂਦੀ ਹੈ। ਜੇ ਮੈਂ ਉਸ ਦਿਨ ਜ਼ੁਬਾਨ ਵੱਸ ਕੀਤੀ ਹੁੰਦੀ ਤਾਂ ਉਥੇ ਹੀ ਗੱਲ ਨਿਬੇੜ ਲੈਣੀ ਸੀ। ਸਾਨੂੰ ਭਾੜਾ ਪੱਟ ਕੇ ਜ਼ੀਰੇ ਨਾ ਆਉਣਾ ਪੈਂਦਾæææਤਾਂ ਹੀ ਕਹਿੰਦੇ ਨੇ-ਪਹਿਲਾਂ ਤੋਲੋ ਫਿਰ ਬੋਲੋ।” ਜਗਨਾ ਆਪਣੀ ਗਲਤੀ ਮੰਨ ਗਿਆ।
“ਜਗਨਿਆ ਮਨ ਨਾ ਹੌਲਾ ਕਰ, ਚੱਲ ਤਰੀਕਾਂ ਦੇ ਬਹਾਨੇ ਜ਼ੀਰਾ ਸ਼ਹਿਰ ਘੁੰਮ ਲਿਆ। ਪਿੰਡ ਵਾਲੇ ਤਾਂ ਨਹੀਂ ਕਹਿਣਗੇ ਕਿ ਦੋਵੇਂ ਜਣੇ ਜਗਰਾਉਂ ਨਹੀਂ ਟੱਪੇ। ਨਾਲੇ ਤਰਾਂ ਤੇ ਖਰਬੂਜਿਆਂ ਦੇ ਫ਼ਰਕ ਦਾ ਪਤਾ ਲੱਗ ਗਿਆ।” ਭਜਨਾ ਕੀਤੀ ਹੋਈ ਚੋਰੀ ਤੋਂ ਸ਼ਰਮਿੰਦਾ ਹੋ ਕੇ ਮਨ ਵਿਚ ਹੀ ਰੋ ਉਠਿਆ ਸੀ। ਜਗਨੇ ਤੇ ਭਜਨੇ ਦੀ ਇਸ ਚੋਰੀ ਤੋਂ ਸਾਰੇ ਜ਼ਿਮੀਦਾਰਾਂ ਨੂੰ ਕੰਨ ਹੋ ਗਏ ਕਿ ਜੇ ਪਾਈਪ ਲਾਉਂਦੇ ਫੜੇ ਗਏ ਤਾਂ ਜ਼ੀਰੇ ਤਰੀਕਾਂ ਭੁਗਤਣੀਆਂ ਪੈਣਗੀਆਂ। ਇਸ ਨਾਲੋਂ ਤਾਂ ਡੀਜ਼ਲ ਫੂਕਿਆ ਚੰਗਾ ਹੈ।
ਜਗਨੇ ਦੀ ਤੀਵੀਂ ਨੂੰ ਨਿਆਣਾ-ਨਿੱਕਾ ਹੋਣ ਵਾਲਾ ਸੀ। ਉਧਰ, ਸੱਜਰ ਸੂਈ ਗਾਂ ਥਣਾਂ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ। ਸੱਟ-ਫੇਟ ਦੇ ਡਰੋਂ ਜਗਨੇ ਨੇ ਗਾਂ ਵੇਚਣ ਦਾ ਮਨ ਬਣਾ ਲਿਆ। ਭਜਨੇ ਨੂੰ ਨਾਲ ਲੈ ਕੇ ਜਗਰਾਉਂ ਦੀ ਮੰਡੀ ਤੁਰ ਪਏ। ਸਾਇਕਲ ਮਗਰ ਟੋਕਰੀ ਬੰਨ੍ਹ ਕੇ ਵੱਛੀ ਵਿਚ ਬਿਠਾ ਲਈ, ਤੇ ਗਾਂ ਮਗਰ ਤੋਰ ਲਈ। ਕਬੀਲਦਾਰੀ ਦੀਆਂ ਗੁਣਾਂ-ਤਕਸੀਮਾਂ ਕਰਦੇ ਮੰਡੀ ਵਿਚ ਵੜਨ ਲੱਗੇ ਤਾਂ ਭਜਨਾ ਬੋਲਿਆ, “ਜਗਨਿਆ! ਪਿੰਡ ਕਿਸੇ ਦਲਾਲ ਨਾਲ ਗੰਢ ਤੁੱਪ ਕਰ ਕੇ ਗਾਂ ਵੇਚ ਦਿੰਦਾ। ਆਹ ਵਾਧੂ ਦਾ ਨੈਣਾ ਦੇਵੀ ਦਾ ਚਾਲਾ ਪੁਆਈ ਜਾਨੈਂ।”
“ਭਜਨਿਆ! ਮੰਡੀ ਆ ਕੇ ਬੰਦੇ ਨੂੰ ਵਪਾਰ ਕਰਨ ਦੇ ਗੁਣ ਆ ਜਾਂਦੇ ਨੇ। ਇਥੇ ਯੂæਪੀæ ਤੋਂ ਵਪਾਰੀ ਆਉਂਦੇ ਨੇ, ਪੈਸੇ ਚੰਗੇ ਲਾ ਦਿੰਦੇ ਆ। ਨਾਲੇ ਆਪਣੀ ਗੇੜੀ ਹੋ ਜਾਊ, ਨਾਲੇ ਰਕਮ ਵੱਟੀ ਜਾਊ।” ਜਗਨਾ ਲੋੜੋਂ ਵੱਧ ਸਿਆਣਪ ਵਰਤਦਾ ਬੋਲਿਆ।
ਦੋਵੇਂ ਜਣੇ ਗਾਂ ਤੇ ਵੱਛੀ ਸਫੈਦੇ ਨਾਲ ਬੰਨ੍ਹ ਕੇ ਨਾਲ ਵਾਲੇ ਖੋਖੇ ‘ਤੇ ਚਾਹ ਪੀਣ ਲੱਗ ਗਏ। ਜਗਨੇ ਦੀ ਗਾਂ ਸਾਂਭੀ ਹੋਣ ਕਰ ਕੇ ਵਪਾਰੀਆਂ ਨੂੰ ਆਪਣੇ ਵੱਲ ਖਿੱਚਦੀ ਸੀ। ਚਾਹ ਪੀ ਕੇ ਹਟੇ ਹੀ ਸੀ ਕਿ ਵਪਾਰੀ ਦਲਾਲ ਤੇ ਠੱਗ ਆ ਪਹੁੰਚੇ। ਗਾਂ ਦੀ ਪਿੱਠ ‘ਤੇ ਥਾਪੀ ਮਾਰਦਾ ਇਕ ਵਪਾਰੀ ਬੋਲਿਆ, “ਸਰਦਾਰਾ ਕੀ ਮੁੱਲ ਕੱਢਿਆ ਵੱਛੀ ਦਾ?”
“ਛੇ ਹਜ਼ਾਰ ਰੁਪਏ, ਆਨਾ ਘੱਟ ਨਹੀਂ ਲੈਣਾ।” ਜਗਨਾ ਗਾਂ ਦੇ ਕੰਨ ਪਲੋਸਦਾ ਬੋਲਿਆ।
“ਸਰਦਾਰਾ! ਰੁਪਏ ਗਿਣ ਲੈ ਚਾਰ ਹਜ਼ਾਰ ਤੇ ਲੁਆ ਥਣਾਂ ਨੂੰ ਹੱਥ, ਸਾਡੇ ਕੋਲ ਇਕ ਨਗ ਘਟਦੈ।” ਦੂਜਾ ਵਪਾਰੀ ਬੋਲਿਆ।
“ਮੈਂ ਤੈਨੂੰ ਦੱਸ ਦਿੱਤਾ ਕਿ ਘਰ ਦੀ ਪਾਲੀ ਹੋਈ ਗਾਂ ਹੈ। ਤੀਵੀਂ ਦੇ ਦੁੱਖੋਂ ਵੇਚਦਾ ਹਾਂ, ਰੁਪਏ ਪੂਰੇ ਗਿਣਨੇ ਆ।” ਜਗਨੇ ਨੇ ਦੁਪੱਟੇ ਦਾ ਲੜ ਕੰਨਾਂ ਕੋਲ ਦਿੰਦਿਆਂ ਕਿਹਾ।
“ਹੱਥ ਕਰ ਅੱਗੇ।” ਤੇ ਇਕ ਦਲਾਲ ਨੇ ਜਗਨੇ ਦੇ ਕੁੜਤੇ ਥੱਲੇ ਜਗਨੇ ਦੇ ਹੱਥ ਦੀਆਂ ਦੋ ਉਂਗਲਾਂ ਘੁੱਟ ਦਿੱਤੀਆਂ ਤੇ ਬੋਲਿਆ, “ਸਰਦਾਰਾ ਹੁਣ ਪੱਕੀ ਹੋ ਗਈ, ਹੁਣ ਨਾ ਬੋਲੀਂ।” ਪਰ ਜਗਨੇ ਨੂੰ ਇਸ ਦੀ ਸਮਝ ਰਤਾ ਵੀ ਨਾ ਪਈ।
ਜਗਨੇ ਦੇ ਬੋਲਣ ਤੋਂ ਪਹਿਲਾਂ ਭਜਨਾ ਬੋਲਿਆ, “ਭਾਈ ਤੁਸੀਂ ਖੁੱਲ੍ਹ ਕੇ ਸੌਦਾ ਕਰੋ। ਆਹ ਬੁੱਕਲ ਵਿਚ ਕੀ ਗੁੜ ਭੰਨੀ ਜਾਂਦੇ ਹੋ?” ਸੱਚੀਂ ਵਿਚਾਰੇ ਵਪਾਰ ਤੋਂ ਅਣਜਾਣ ਸਨ, ਵਪਾਰੀਆਂ ਦੀ ਬੋਲੀ ਤੇ ਇਸ਼ਾਰਿਆਂ ਤੋਂ ਦੋਵੇਂ ਕੋਰੇ ਸਨ।
ਵਪਾਰੀ ਪੰਜ ਹਜ਼ਾਰ ਮੁੱਲ ਲਾ ਕੇ ਮੁੜ ਗਏ, ਜਗਨੇ ਨੇ ਗਾਂ ਨਾ ਵੇਚੀ। ਦੋਵੇਂ ਸਲਾਹਾਂ ਕਰ ਰਹੇ ਸੀ ਕਿ ਰੌਲਾ ਪੈ ਗਿਆ-ਫੜ ਲਓ, ਜਾਵੇ ਨਾ ਸਾਲਾæææਚੋਰ ਹੈ। ਵੱਢ ਸੁੱਟੋ, ਦੋਵਂੇ ਰੌਲੇ ਵਾਲੇ ਪਾਸੇ ਭੱਜ ਤੁਰੇ। ਕੀ ਦੇਖਦੇ ਨੇ ਕਿ ਇਕ ਜੇਬ ਕਤਰਾ ਫੜਿਆ ਹੋਇਆ ਹੈ। ਜਦੋਂ ਵਾਪਸ ਮੁੜੇ ਤਾਂ ਨਾ ਸਫੈਦੇ ਨਾਲ ਗਾਂ ਤੇ ਨਾ ਵੱਛੀ।
ਜਗਨਾ ਬੋਲਿਆ, “ਭਜਨਿਆ ਲੁੱਟੇ ਗਏ, ਆਪਣੀ ਗਾਂ ਕੋਈ ਲੈ ਗਿਆ।”
“ਤੈਨੂੰ ਸਫੈਦੇ ਦਾ ਭੁਲੇਖਾ ਪੈਂਦਾ ਹੋਊ।” ਭਜਨਾ ਸਫੈਦਾ ਲੱਭਦਾ ਬੋਲਿਆ।
“ਆਹ ਦੇਖ ਟੈਂਪੂ ਵੀ ਇਥੇ ਖੜ੍ਹਾ ਹੈ ਤੇ ਚਾਹ ਵਾਲਾ ਖੋਖਾ ਵੀ ਇਥੇ ਹੀ ਹੈ। ਗਾਂ ਇਸੇ ਸਫੈਦੇ ਨਾਲ ਬੰਨ੍ਹੀ ਹੋਈ ਸੀ।” ਜਗਨੇ ਦਾ ਦੁਪੱਟਾ ਗਲ ਵਿਚ ਲਟਕ ਰਿਹਾ ਸੀ।
ਟੈਂਪੂ ਵਾਲੇ ਨੇ ਦੱਸਿਆ ਕਿ ਦੋ ਜਣੇ ਗਾਂ ਦਾ ਸੌਦਾ ਕਰ ਕੇ ਗਾਂ ਖੋਲ੍ਹ ਕੇ ਲੈ ਗਏ ਹਨ। ਤੁਸੀਂ ਰੌਲੇ ਵੱਲ ਤੁਰ ਗਏ ਤੇ ਉਹ ਆਪਸ ਵਿਚ ਸੌਦਾ ਤੈਅ ਕਰ ਗਏ। ਦੋਵਾਂ ਦੀਆਂ ਖਾਨਿਉਂ ਨਿਕਲ ਗਈਆਂ। ਮੰਡੀ ਵਿਚ ਵਪਾਰੀ ਤੇ ਦਲਾਲਾਂ ਨੂੰ ਲੱਭਦੇ ਫਿਰਨ। ਤੇਜ਼ੀ ਵਿਚ ਸਾਇਕਲ ਵੀ ਉਥੇ ਛੱਡ ਗਏ। ਜਦੋਂ ਵਾਪਸ ਮੁੜੇ ਤਾਂ ਕੋਈ ਸਾਇਕਲ ਵੀ ਲੈ ਗਿਆ। ਅਖੀਰ ਭਜਨੇ ਨੇ ਟਰੱਕ ਨਾਲ ਬੰਨ੍ਹੀਆਂ ਗਾਂਵਾਂ ਵਿਚ ਆਪਣੀ ਗਾਂ ਪਛਾਣ ਲਈ। ਜਗਨੇ ਨੂੰ ਲੈ ਕੇ ਪੁਲਿਸ ਚੌਕੀ ਗਿਆ ਤਾਂ ਅੱਗੇ ਪਿੰਡ ਵਾਲਾ ਗਾਮਾ ਪੁਲਸੀਆ ਖੜ੍ਹਾ ਸੀ। ਉਸ ਨੂੰ ਸਾਰੀ ਕਹਾਣੀ ਦੱਸੀ। ਉਸ ਨੇ ਦੋ ਪੁਲਸੀਏ ਲਏ ਨਾਲ, ਤੇ ਟਰੱਕ ਘੇਰ ਲਿਆ। ਅੱਧੇ ਘੰਟੇ ਦੀ ਜੱਦੋਜਹਿਦ ਮਗਰੋਂ ਉਨ੍ਹਾਂ ਨੇ ਗਾਂ ਤਾਂ ਨਾ ਮੋੜੀ, ਚਾਰ ਹਜ਼ਾਰ ਰੁਪਏ ਜਗਨੇ ਨੂੰ ਦੇਣਾ ਮੰਨ ਗਏ। ਪੁਲਸੀਆ ਕਹਿੰਦਾ, “ਪੈਸੇ ਫੜੋ ਤੇ ਬੱਸ ਚੜ੍ਹ ਜਾਓ। ਇਹ ਵਪਾਰੀ, ਦਲਾਲ, ਠੱਗ ਰਲੇ ਹੁੰਦੇ ਆ।”
ਭਜਨਾ ਕਹਿੰਦਾ, “ਸਾਇਕਲ ਦਾ ਕੀ ਬਣੂੰ? ਉਹ ਵੀ ਕੋਈ ਲੈ ਗਿਆ।” ਪੁਲਸੀਆ ਕਹਿੰਦਾ, “ਚੱਲ ਚੌਕੀ, ਉਥੇ ਕੋਈ ਦੇਖ ਲਓ।”
ਦੋਵੇਂ ਬੱਸ ‘ਤੇ ਸਾਇਕਲ ਰੱਖ ਪਿੰਡ ਆ ਵੜੇ। ਘੁੱਟ-ਘੁੱਟ ਪੀਂਦੇ ਹੋਏ ਗੱਲੀਂ ਪੈ ਗਏ। ਭਜਨਾ ਬੋਲਿਆ, “ਜਗਨਿਆ ਅੱਜ ਇਕ ਗੱਲ ਤਾਂ ਸਿੱਧ ਹੋ ਗਈ ਹੈ ਕਿ ਆਪਣੀ ਚੀਜ਼ ਸੁੰਝੀ ਨਹੀਂ ਛੱਡਣੀ ਚਾਹੀਦੀ। ਕਿਸੇ ਦੇ ਪੈਂਦੇ ਰੌਲੇ ਵਿਚ ਆਪਣੀ ਹਾਜ਼ਰੀ ਲਵਾਉਣੀ ਮਹਿੰਗੀ ਪੈਂਦੀ ਹੈ। ਸਿਆਣਪ ਇਸੇ ਵਿਚ ਹੈ ਕਿ ਬੰਦਾ ਆਪਣਾ ਖਿਆਲ ਰੱਖੇ, ਆਪਣਾ ਘਰ ਸੁੰਝਾ ਛੱਡ ਕੇ ਦੂਜਿਆਂ ਦੇ ਘਰਾਂ ਵਿਚ ਚੌਧਰ ਕਰਨ ਦੀ ਕੋਸ਼ਿਸ਼ ਨਾ ਕਰੇ, ਨਹੀਂ ਤਾਂ ਸਾਡੇ ਆਲੀ ਹੋਊ।”
ਦੋਵੇਂ ਹੱਸਣ ਲੱਗੇ ਕਿ ਜੇ ਗਾਂ ਲੱਭਦੀ ਹੀ ਨਾ, ਫਿਰ ਕੀ ਕਰਦੇ?
ਗਾਮੇ ਪੁਲਸੀਏ ਨੇ ਪਿੰਡ ਆ ਕੇ ਜਗਨੇ ਤੇ ਭਜਨੇ ਨਾਲ ਹੋਈ ਬੀਤੀ ਦੱਸ ਦਿੱਤੀ। ਪਿੰਡ ਵਾਲੇ ਹੁਣ ਵੀ ਕਹਿ ਦਿੰਦੇ ਹਨ ਕਿ ਜੇ ਕਿਸੇ ਨੇ ਪਸ਼ੂ-ਢਾਂਡਾ ਮੰਡੀ ਵੇਚਣਾ ਹੋਵੇ ਤਾਂ ਜਗਨੇ ਤੇ ਭਜਨੇ ਨੂੰ ਲੈ ਜਾਇਓ, ਇਨ੍ਹਾਂ ਨੂੰ ਵਪਾਰ ਦਾ ਪਤਾ ਹੈ।
ਇਸੇ ਤਰ੍ਹਾਂ ਹੀ ਕੱਤਕ ਦਾ ਮਹੀਨਾ ਸੀ। ਵਾਹੀ-ਬਿਜਾਈ ਦੀ ਤਿਆਰੀ ਜ਼ੋਰਾਂ ‘ਤੇ ਸੀ। ਪਿੰਡ ‘ਚੋਂ ਕਿਸੇ ਦਾ ਗੱਭਰੂ ਪੁੱਤ ਸੁਰਗਵਾਸ ਹੋ ਗਿਆ। ਉਨ੍ਹਾਂ ਦੀ ਜ਼ਮੀਨ ਵੱਤਰ ਪਈ ਸੀ। ਉਹ ਵਿਚਾਰੇ ਆਪ ਦੁੱਖ ਵਿਚ ਡੁੱਬੇ ਹੋਏ ਸਨ। ਨੇੜੇ ਵਾਲਿਆਂ ਨੇ ਆਖਿਆ ਕਿ ਅਸੀਂ ਚਾਰ ਜੋੜੀਆਂ ਲਿਜਾ ਕੇ ਵਾਹੀ ਕਰ ਦਿੰਦੇ ਹਾਂ। ਜਗਨਾ ਵੀ ਤੜਕਿਓਂ ਉਠ ਕੇ ਬਲਦ ਜੋੜ ਕੇ ਲੈ ਗਿਆ। ਦੁੱਖ ਵਿਚ ਭਿੱਜੇ ਹੋਏ ਸਾਰੇ ਆਪਣੀਆਂ ਜੋੜੀਆਂ ਜੋੜ ਕੇ ਹਲ ਵਾਹੁਣ ਲੱਗ ਗਏ। ਜਗਨੇ ਨੇ ਹਲ ਵਿਚ ਹਲ ਪਾ ਲਿਆ, ਯਾਨਿ ਆਪਣਾ ਸਿਆੜ ਨਹੀਂ ਕੱਢਿਆ। ਕੱਢੇ ਹੋਏ ਸਿਆੜ ਵਿਚ ਆਪਣਾ ਹਲ ਘੁੰਮਾਈ ਗਿਆ ਕਿ ਬਲਦਾਂ ਦਾ ਜ਼ੋਰ ਨਾ ਲੱਗੇ। ਜਦੋਂ ਚਾਨਣ ਜਿਹਾ ਹੋਇਆ ਤਾਂ ਜਾਗਰ ਨੇ ਦੇਖਿਆ, ਜੋੜੀਆਂ ਚਾਰ ਚੱਲਦੀਆਂ ਹਨ ਪਰ ਵਾਹੀ ਅਗਾਂਹ ਤੁਰੀ ਨਹੀਂ, ਜਦੋਂ ਸਿਆੜਾਂ ਦੀ ਗਿਣਤੀ ਕੀਤੀ ਤਾਂ ਜਗਨੇ ਵਾਲੇ ਸਿਆੜ ਦੀ ਗੈਰਹਾਜ਼ਰੀ ਦਿਸੀ। ਜਾਗਰ ਨੂੰ ਪਤਾ ਲੱਗ ਗਿਆ ਕਿ ਜਗਨੇ ਨੇ ਕੱਢੇ ਹੋਏ ਸਿਆੜ ਵਿਚ ਹੀ ਹਲ ਰੱਖਿਆ ਹੈ। ਜਗਨਾ ‘ਮੈਂæææ ਮੈਂæææ’ ਕਰੀ ਜਾਵੇ। ਜਾਗਰ ਕਹਿੰਦਾ, “ਜੇ ਕਿਸੇ ਦੇ ਦੁੱਖ ਵਿਚ ਸ਼ਰੀਕ ਹੋਈਏ ਤਾਂ ਦਿਲ ਵਿਚ ਮੈਲ ਨਹੀਂ ਰੱਖੀਦੀ, ਜੇ ਕਿਸੇ ਦੀ ਮਦਦ ਲਈ ਕਦਮ ਪੁੱਟ ਹੀ ਲਿਆ ਤਾਂ ਪੈੜ ‘ਤੇ ਪੈੜ ਨਹੀਂ ਨੱਪੀਦੀ, ਸਗੋਂ ਇਕ ਕਦਮ ਅਗਾਂਹ ਹੀ ਰੱਖੀਦਾ ਹੈ। ਪਤਾ ਨਹੀਂ ਲਗਦਾ ਕਦੋਂ ਕੀ ਹੋ ਜਾਂਦਾ ਹੈ! ਚਲਾਕੀ ਥਾਂ ਦੇਖ ਕੇ, ਸਮਾਂ ਦੇਖ ਕੇ ਕਰੀਦੀ ਹੈ।” ਜਗਨਾ ਸ਼ਰਮਿੰਦਾ ਹੋਇਆ ਕਹਿੰਦਾ ਕਿ ਬਾਕੀ ਰਹਿੰਦੀ ਜ਼ਮੀਨ ਮੈਂ ਇਕੱਲਾ ਹੀ ਵਾਹ ਦੇਵਾਂਗਾ। ਜਾਗਰ ਸਿਆਣਾ ਬੰਦਾ ਸੀ, ਉਸ ਨੇ ਗੱਲ ਪਿੰਡ ਨਹੀਂ ਦੱਸੀ।
ਇਸੇ ਤਰ੍ਹਾਂ ਹੀ ਇਕ ਵਾਰ ਮੱਝ ਖਰੀਦਣ ਜੱਸੋਵਾਲ ਚਲੇ ਗਏ। ਕਿਸੇ ਮਾਈ ਕੋਲ ਮੱਝ ਦੀ ਦੱਸ ਪਈ। ਜਗਨੇ ਨੇ ਜਾ ਕੇ ਫਤਿਹ ਬੁਲਾਈ, “ਬੇਬੇ ਮੱਝ ਦਾ ਕੀ ਲੈਣਾ? ਬੱਸ ਇਕੋ ਮੁੱਲ ਕਰੀਂ।” ਭਜਨਾ ਬੋਲਿਆ।
“ਸੌ-ਸੌ ਦੇ ਸੱਠ ਨੋਟ ਲੈਣੇ ਨੇ ਬਿੱਲੀ ਦੇ ਕੰਨ ਵਰਗੇ।” ਮਾਈ ਨੇ ਮੱਝ ਖੋਲ੍ਹ ਕੇ ਪਾਣੀ ਦੀ ਖੇਲ ‘ਤੇ ਛੱਡਦਿਆਂ ਕਿਹਾ।
“ਬੇਬੇ ਨੋਟ ਦੇਵਾਂਗੇ ਬਿੱਲੀ ਦੇ ਕੰਨ ਵਰਗੇ ਪਰ ਪੂਰੇ ਚਾਲੀ।” ਜਗਨਾ ਬੋਲਿਆ।
“ਕੰਮ ਦੀ ਰੁੱਤ ਹੈ, ਘਰ ਨੂੰ ਜਾਉ, ਐਨੇ ਦੀ ਤਾਂ ਬੱਕਰੀ ਵੀ ਨਹੀਂ ਆਉਂਦੀ।” ਮਾਈ ਨੇ ਗੁੱਸੇ ਨਾਲ ਮੱਝ ਦੀ ਪੂਛ ਫੜ ਕੇ ਮੱਝ ਦੇ ਹੀ ਮਾਰਦਿਆਂ ਕਿਹਾ।
“ਬੇਬੇ ਤੈਨੂੰ ਕਿਤੇ ਦੇਖਿਆ ਲਗਦਾ ਹੈ।” ਭਜਨੇ ਨੇ ਪੁੱਛਿਆ।
“ਦਮਦਮਾ ਸਾਹਿਬ ਦੇਖਿਆ ਹੋਊ। ਸੰਗਰਾਂਦ ਵਾਲੇ ਦਿਨ ਸੇਵਾ ਕਰਨ ਜਾਨੀ ਆਂ।” ਮਾਈ ਨੇ ਖੁਰਲੀ ਵਿਚ ਪਈ ਤੂੜੀ ਨੂੰ ਹੱਥ ਮਾਰਦਿਆਂ ਕਿਹਾ।
“ਬੇਬੇ ਮੈਨੂੰ ਇਉਂ ਲੱਗਦਾ ਤੇਰੀ ‘ਗਾਲਿਬ ਕੋਕਰੀ’ ਵੀ ਕੋਈ ਰਿਸ਼ਤੇਦਾਰੀ ਹੈ।” ਜਗਨਾ ਮਾਈ ਦੇ ਨੇੜੇ ਹੋ ਗਿਆ।
“ਉਥੇ ਮੇਰੀ ਸੀਤੋ ਵਿਆਹੀ ਹੋਈ ਹੈ।” ਮਾਈ ਨੇ ਹੱਥ ਸਾਫ ਕਰਦਿਆਂ ਕਿਹਾ।
“ਬੇਬੇ ਕਿਨ੍ਹਾਂ ਦੇ!” ਜਗਨਾ ਇਕ ਦਮ ਬੋਲਿਆ।
“ਗਿੱਲਾਂ ਦੇ।” ਮਾਈ ਨੇ ਮੰਜਾ ਡਾਹੁੰਦਿਆਂ ਕਿਹਾ।
“ਬੇਬੇ ਗਿੱਲਾਂ ਦੇ ਹੀ ਮੇਰੀ ਭੂਆ ਵਿਆਹੀ ਹੈ, ਫਿਰ ਤਾਂ ਬਣ ਗਈ ਸਕੀਰੀ। ਹੁਣ ਤਾਂ ਮੱਝ ਚਾਰ ਹਜ਼ਾਰ ਦੀ ਹੀ ਦੇਣੀ ਪਊਗੀ।” ਜਗਨਾ ਸੌਦਾ ਪੱਕਾ ਕਰਦਾ ਬੋਲਿਆ।
“ਵੇ ਜਗਨਿਆ, ਭਜਨਿਆ! ਰਿਸ਼ਤੇਦਾਰੀਆਂ ਬਹੁਤੀਆਂ ਨਾ ਕੱਢੋ, ਰੁਪਏ ਪੂਰੇ ਛੇ ਹਜ਼ਾਰ ਲੈਣੇ ਨੇæææਵੱਡਾ ਆਇਆ ਭੂਆ ਵਾਲਾ।” ਮਾਈ ਦੋਹਾਂ ਦੇ ਦਿਲ ਦੀਆਂ ਬੁੱਝ ਗਈ ਸੀ। ਉਹਨੇ ਦੋਹਾਂ ਨੂੰ ਦਰਵਾਜ਼ਾ ਦਿਖਾ ਦਿੱਤਾ।
“ਬੇਬੇ ਮੰਡੀ ਮੱਝ ਤੇਰੀ ਤਿੰਨ ਹਜ਼ਾਰ ਨੂੰ ਵੀ ਨਹੀਂ ਵਿਕਣੀ। ਅਸੀਂ ਤਾਂ ਸਕੀਰੀ ਕਰ ਕੇ ਚਾਰ ਹਜ਼ਾਰ ਕਹਿ ਬੈਠੇ ਆਂ।” ਭਜਨਾ ਬੋਲਿਆ।
“ਵੇ ਮੇਰੇ ਦਿਮਾਗ ਵਿਚ ਭਾਂਡਾ ਮੂਧਾ ਵੱਜਿਐ ਕਿ ਮੈਂ ਮੰਡੀ ਤੁਰੀ ਜਾਵਾਂ। ਉਥੇ ਜਾਣ ਤੇਰੇ ਵਰਗੇ ਜਿਹੜੇ ਆਪਣੇ-ਆਪ ਨੂੰ ਵਪਾਰੀ ਕਹਾਉਂਦੇ ਆ, ਤੇ ਕਹਿੰਦੇ ਆ-ਪੰਜਾਹਾਂ ਦੀ ਚੀਜ਼ ਪੰਜਾਂ ਵਿਚ ਦੇ ਦੇ।” ਮਾਈ ਨੇ ਮੰਜਾ ਖੜ੍ਹਾ ਕਰਦਿਆਂ ਕਿਹਾ।
“ਭਜਨਿਆ! ਲੱਗਦਾ ਬੇਬੇ ਨੂੰ ਵੀ ਗਾਂ ਵਾਲੀ ਗੱਲ ਦਾ ਪਤਾ ਲੱਗ ਗਿਐ।” ਜਗਨਾ ਹੈਰਾਨ ਹੁੰਦਾ ਬੋਲਿਆ।
“ਜਗਨਿਆ! ਦੇਖ ਲਾ ਬੇਬੇ ਕਿੰਨੀ ਸਿਆਣੀ ਆ, ਤੇ ਉਸ ਤੋਂ ਵੱਧ ਆਪਾਂ ਸਿਆਣੇ, ਲੋੜ ਵੇਲੇ ਬੇਬੇ ਨਾਲ ਕਿਵੇਂ ਰਿਸ਼ਤੇਦਾਰੀਆਂ ਕੱਢਣ ਲੱਗ ਪਏ, ਨਹੀਂ ਤਾਂ ਐਹੋ ਜਿਹੀ ਬੇਬੇ ਨੂੰ ਆਪਾਂ ਸਾਇਕਲ ‘ਤੇ ਨਾ ਬਿਠਾਈਏ। ਕਹਿ ਦੇਈਏ ਬੇਬੇ ਸੁਧਾਰ ਤੱਕ ਲੈ ਤਾਂ ਜਾਂਦੇ ਪਰ ਟਾਇਰ ਵਿਚ ਹਵਾ ਘੱਟ ਹੈ। ਲੋੜ ਵੇਲੇ ਨਿਮਰਤਾ, ਤੇ ਹੰਕਾਰ ਨਾਲ ਧੌਣ ਆਕੜ ਹੀ ਜਾਂਦੀ ਹੈ।” ਭਜਨਾ ਗੱਲ ਸਿਆਣੀ ਕਰਦਾ ਬੋਲਿਆ।
ਜਿਵੇਂ ਮਰਜ਼ੀ ਸੀ, ਪਰ ਇਸ ਜੋੜੀ ਨੇ ਖੇਤਾਂ ਵਿਚ ਜ਼ਿੰਦਗੀ ਦਾ ਘੋਲ ਕਰਦਿਆਂ ਆਪਣੇ ਬੱਚੇ ਪੜ੍ਹਾ ਕੇ ਬਾਹਰ ਤੋਰ ਦਿੱਤੇ। ਜ਼ਿੰਦਗੀ ਵਿਚ ਨਾ ਕਿਸੇ ਦਾ ਮਾੜਾ ਕੀਤਾ ਤੇ ਨਾ ਕੋਈ ਨਸ਼ਾ ਕੀਤਾ। ਜਿੱਥੇ ਅੱਜ ਭਾਈਆਂ ਵਾਲੇ ਪਿਆਰ ਨੂੰ ਲਾਲਚ ਦਾ ਨਾਗ ਡੰਗ ਰਿਹਾ ਹੈ, ਉਥੇ ਜਗਨੇ ਤੇ ਭਜਨੇ ਦੇ ਪਿਆਰ ਦੀ ਕਿੱਕਲੀ ਜ਼ੋਰਾਂ ‘ਤੇ ਹੈ। ਦੋਹਾਂ ਵੱਲੋਂ ਕੋਈ ਵੀ ਗੱਲ ਕੀਤੀ ਜਿਥੇ ਹਾਸੇ ਠੱਠੇ ਦਾ ਮਾਹੌਲ ਸਿਰਜਦੀ ਸੀ, ਉਥੇ ਵੱਡੀ ਸਿੱਖਿਆ ਵੀ ਦੇ ਜਾਂਦੀ ਸੀ। ਅੱਜ ਵੀ ਜਗਨੇ ਤੇ ਭਜਨੇ ਦੇ ਜੀਵਨ ਵਿਚੋਂ ਹਾਸੇ ਲਲਕਾਰੇ ਮਾਰ ਕੇ ਨਿਕਲਦੇ ਹਨ। ਨਵੀਂ ਪਨੀਰੀ ਵੀ ਦੋਹਾਂ ਦੀਆਂ ਹੱਡਬੀਤੀਆਂ ਧਿਆਨ ਨਾਲ ਸੁਣਦੀ ਹੈ। ਇਹੋ ਜਿਹੇ ਪਾਤਰ ਹੀ ਪਿੰਡਾਂ ਦੀਆਂ ਰੌਣਕਾਂ ਹੁੰਦੇ ਹਨ।

Be the first to comment

Leave a Reply

Your email address will not be published.