ਗੁਲਜ਼ਾਰ ਸਿੰਘ ਸੰਧੂ
ਅਜੋਕੇ ਪੰਜਾਬ ਦੀ ਫੇਰੀ ਉਤੇ ਨਿਕਲੀਏ ਤਾਂ ਬਾਤਾਂ ਪਾਉਣ ਦੀ ਭਾਸ਼ਾ ਵਿਚ ਹਾਸਾ ਵੀ ਆਉਂਦਾ ਹੈ ਤੇ ਰੋਣ ਵੀ। ਅੱਜ ਦੇ ਵਿਦਿਆਰਥੀਆਂ ਨੂੰ ਬੂਟ ਵਰਦੀਆਂ ਪਾ ਕੇ ਪੜ੍ਹਨ ਜਾਂਦੇ ਵੇਖ ਅਸੀਂ ਅਪਣੇ ਸਮਿਆਂ ਦੇ ਨੰਗੇ ਪੈਰੀਂ ਕੱਛੇ ਪਹਿਨਣ ਵਾਲੇ ਸਕੂਲੀ ਮੁੰਡਿਆਂ ਨਾਲ ਮੇਲਦੇ ਹਾਂ ਤਾਂ ਬੜੀ ਖੁਸ਼ੀ ਹੁੰਦੀ ਹੈ, ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਕੂਲ ਬੱਸਾਂ ਵੇਖ ਕੇ ਹੋਰ ਵੀ ਜ਼ਿਆਦਾ। ਪਰ ਜਦੋਂ ਇਨ੍ਹਾਂ ਵੱਲੋਂ ਵਿਦਿਆਰਥੀ ਜੀਵਨ ਵਿਚ ਨਸ਼ਾਖੋਰੀ ਦੀਆਂ ਗੱਲਾਂ ਸੁਣਦੇ ਹਾਂ ਤਾਂ ਮਨ ਚਿੰਤਾ ਦੇ ਸਾਗਰ ਵਿਚ ਡੁੱਬ ਜਾਂਦਾ ਹੈ। ਮਾੜੀ ਗੱਲ ਇਹ ਕਿ ਅੱਜ ਦੇ ਅਧਿਆਪਕਾਂ ਤੇ ਮਾਪਿਆਂ ਦਾ ਪ੍ਰਭਾਵ ਪਹਿਲਾਂ ਵਾਲਾ ਨਹੀਂ ਰਿਹਾ। ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਨਸ਼ਾ ਕਰਨ ਦੀਆਂ ਛੁਟ-ਪੁੱਟ ਖਬਰਾਂ ਤਾਂ ਦੂਜੇ ਰਾਜਾਂ ਤੋਂ ਵੀ ਆਉਂਦੀਆਂ ਹਨ ਪਰ ਪੰਜਾਬ ਦੀ ਸਥਿਤੀ ਅਤਿਅੰਤ ਚਿੰਤਾ ਵਾਲੀ ਹੈ ਜਿੱਥੇ ਮਣਾਂ-ਮੂੰਹੀ ਭੁੱਕੀ ਤੇ ਹੀਰੋਇਨ ਭਾਰਤ-ਪਾਕਿ ਸੀਮਾ ਰਾਹੀਂ ਆ ਰਹੀ ਹੈ।
ਨਵੰਬਰ ਮਹੀਨੇ ਦੀ 19-20 ਤਰੀਕ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਲੋਂ ਨਸ਼ਿਆਂ ਵਿਰੁਧ ਚੇਤਨਾ ਮੁਕਾਬਲੇ ਤੇ ਰੈਲੀਆਂ ਕਢ ਕੇ ਕੀਤੀ ਗਈ ਪਹਿਲਕਦਮੀ ਠੰਢੀ ਹਵਾ ਦੇ ਬੁਲ੍ਹੇ ਵਾਂਗ ਆਈ ਹੈ। ਸਿਖਿਆ ਵਿਭਾਗ ਵਲੋਂ ਸਮੂਹ ਸਰਕਾਰੀ ਸਕੂਲਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਪੋਸਟਰ, ਲੇਖ, ਕਵਿਤਾ ਤੇ ਨਾਅਰੇ ਲਿਖਵਾਉਣ ਤੇ ਚਾਰਟ ਬਣਾਉਣ ਦੇ ਜਿਹੜੇ ਮੁਕਾਬਲੇ ਕਰਵਾਏ ਗਏ, ਉਨ੍ਹਾਂ ਤੋਂ ਚੰਗੇ ਨਤੀਜੇ ਪ੍ਰਾਪਤ ਹੋਏ ਹਨ। 19,500 ਸਕੂਲਾਂ ਵਿਚ ਕਰਵਾਏ ਇਨ੍ਹਾਂ ਮੁਕਾਬਲਿਆਂ ਵਿਚ ਜਿੱਤਣ ਵਾਲਿਆਂ ਨੂੰ ਸਬੰਧਤ ਅਧਿਆਪਕਾਂ ਤੇ ਅਧਿਕਾਰੀਆਂ ਨੇ ਅਗਲੇ ਦਿਨ ਵਿਸ਼ਾਲ ਰੈਲੀਆਂ ਤੋਂ ਉਪਰੰਤ ਇਨਾਮ ਵੰਡੇ ਜਿਨ੍ਹਾਂ ਵਿਚ ਸ਼ਾਮਲ ਹੋਣ ਲਈ ਬੱਚਿਆਂ ਦੇ ਮਾਪਿਆਂ ਨੂੰ ਵੀ ਸੱਦੇ ਭੇਜੇ ਗਏ। ਪੰਜਾਬ ਦੇ 26 ਲੱਖ ਵਿਦਿਆਰਥੀਆਂ ਅਤੇ ਚਾਰ ਲੱਖ ਅਧਿਆਪਕਾਂ, ਪ੍ਰਬੰਧਕਾਂ, ਕਮੇਟੀ ਮੈਂਬਰਾਂ, ਸਮਾਜ ਸੇਵਕਾਂ ਅਤੇ ਪੰਚਾਂ ਸਰਪੰਚਾਂ ਦੇ ਇਨ੍ਹਾਂ ਜਲੂਸਾਂ ਨੇ ਗਲੀ ਮੁਹੱਲਿਆਂ, ਪਿੰਡਾਂ ਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਹੈਰਾਨ ਕਰ ਦਿੱਤਾ ਹੈ। ਚੋਣਵੇਂ ਥਾਂਈਂ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਤੇ ਮਹਾਂ ਨਿਰਦੇਸ਼ਕ, ਸਕੂਲ ਸਿੱਖਿਆ ਦੀ ਸ਼ਿਰਕਤ ਨਾਲ ਹੋਰ ਵਧ ਵੀ ਚੰਗਾ ਪ੍ਰਭਾਵ ਪਿਆ ਹੈ। ਸਬੰਧਤ ਰੈਲੀਆਂ ਦੀ ਨਿਗਰਾਨੀ ਤੇ ਪ੍ਰੇਰਨਾ ਲਈ ਸਰਕਾਰ ਵਲੋਂ 84 ਟੀਮਾਂ ਦੇ ਤਾਇਨਾਤ ਕੀਤੇ ਜਾਣ ਦਾ ਖਾਸ ਕਰਕੇ। ਪੁੱਛਣ ਤੇ ਪਤਾ ਲੱਗਿਆ ਹੈ ਕਿ ਇਹ ਉਪਰਾਲਾ ਸਕੂਲ ਸਿੱਖਿਆ ਦੇ ਨਵ ਨਿਯੁਕਤ ਡਾਇਰੈਕਟਰ ਜਨਰਲ ਕਾਹਲ ਸਿੰਘ ਪੰਨੂੰ ਦੇ ਯਤਨਾਂ ਨਾਲ ਹੋਇਆ ਹੈ। ਇਸ ਬਹੁਤ ਚੰਗੀ ਪਹਿਲਕਦਮੀ ਦੀ ਪੈਰਵੀ ਕਰਨੀ ਅਤਿਅੰਤ ਜ਼ਰੂਰੀ ਹੈ। ਇਸ ਨੂੰ ਅਫਸਰੀ ਤਬਾਦਲਿਆਂ ਦੀ ਭੇਟ ਚੜ੍ਹਨ ਤੋਂ ਬਚਾਉਣ ਦੀ ਖਾਸ ਲੋੜ ਹੈ। ਅਸੀਂ ਚੰਗੇ ਉਪਰਾਲਿਆਂ ਨੂੰ ਤਬਾਦਲਿਆਂ ਦੀ ਬਲੀ ਚੜ੍ਹਦੇ ਦੇਖਿਆ ਹੈ ਪਰ ਨਸ਼ਾ ਵਿਰੋਧੀ ਮੁਹਿੰਮ ਨੂੰ ਇਸ ਤੋਂ ਬਚਾਉਣਾ ਭਵਿੱਖ ਦੀ ਰਾਖੀ ਲਈ ਅਤਿਅੰਤ ਜ਼ਰੂਰੀ ਹੈ।
ਕਸਾਬ ਦਾ ਫਰੀਦਕੋਟ ਵਧੇ ਫੁੱਲੇ
ਚਾਰ ਸਾਲ ਪਹਿਲਾਂ ਮੁੰਬਈ ਦੇ ਤਾਜ ਹੋਟਲ ਤੇ ਹੋਰਨਾ ਥਾਂਵਾਂ ਉਤੇ ਨਿਰਦੋਸ਼ੇ ਮਰਦ, ਔਰਤਾਂ ਤੇ ਬੱਚਿਆਂ ਦੀ ਜਾਨ ਲੈਣ ਵਾਲੇ 10 ਅਤਿਵਾਦੀਆਂ ਦੇ ਸਾਥੀ ਅਜਮਲ ਕਸਾਬ ਨੂੰ ਮਾਸੂਮ ਚਿਹਰੇ ਵਾਲਾ ਬੁੱਚੜ ਕਿਹਾ ਜਾਂਦਾ ਹੈ। ਭਾਰਤੀ ਨਿਆਂ ਪ੍ਰਣਾਲੀ ਨੇ ਉਸ ਨੂੰ ਫਾਂਸੀ ਦੇ ਫੰਦੇ ਨਾਲ ਲਟਕਾਉਂਦਿਆਂ ਚਾਰ ਸਾਲ ਲਾ ਦਿੱਤੇ। ਉਸ ਦੇ ਫਾਂਸੀ ਲਗਣ ਨਾਲ ਅਤਿਵਾਦ ਨੂੰ ਠੱਲ੍ਹ ਪੈਂਦੀ ਹੈ ਜਾਂ ਨਹੀਂ ਪਰ ਨਿਰਦੋਸ਼ ਜੀਵਾਂ ਦੇ ਸਾਕ ਸਬੰਧੀਆਂ ਦੇ ਜ਼ਖਮਾਂ ਉਤੇ ਮਲ੍ਹਮ ਜ਼ਰੂਰ ਲੱਗੇਗੀ। ਭਾਰਤੀ ਮੀਡੀਆ ਨੇ ਇਸ ਅਮਲ ਨੂੰ ‘ਦੇਰ ਆਇਦ ਦਰੁਸਤ ਆਇਦ’ ਗਰਦਾਨਦਿਆ। ਮਹਾਂ ਬਦੀ ਦੇ ਚਿਹਰੇ ਉਤੇ ਪਰਦਾ ਗਿਰਨਾ ਦੱਸਿਆ ਹੈ। ਇਸਲਾਮਾਬਾਦ ਦੀ ‘ਡਾਅਨ’ ਪਤ੍ਰਿਕਾ ਨੇ ਉਸ ਦੇ ਚਿਹਰੇ ਨੂੰ ਅਤਿਵਾਦ ਦੇ ਦੈਂਤ ਦਾ ਭਿਆਨਕ ਰੂਪ ਦਸ ਕੇ ਪਾਕਿਸਤਾਨ ਦੀ ਸਰਕਾਰ ਅਤੇ ਲੋਕਾਈ ਤੋਂ ਮੰਗ ਕੀਤੀ ਹੈ ਕਿ ਹੁਣ ਉਨ੍ਹਾਂ ਨੂੰ ਮਿਲ ਕੇ ਅਜਿਹੇ ਯਤਨ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਭਾਰਤ-ਪਾਕਿ ਮਿਤਰਤਾ ਹੀ ਨਹੀਂ, ਸਾਰੇ ਏਸ਼ੀਆ ਦੀ ਸ਼ਾਂਤੀ ਜੁੜੀ ਹੋਈ ਹੈ। ਇਸ ਸਭ ਕਾਸੇ ਦਾ ਸਵਾਗਤ ਕਰਨਾ ਬਣਦਾ ਹੈ।
ਅਜਮਲ ਕਸਾਬ ਦੇ ਜੱਦੀ ਪਿੰਡ ਫਰੀਦਕੋਟ ਦਾ ਮੁੜ ਚਰਚਾ ਵਿਚ ਆਉਣਾ ਵੀ ਕੁਦਰਤੀ ਹੈ। ਸਾਡੇ ਕੋਲ ਉਸ ਪਿੰਡ ਦੀ ਜਨ ਸੰਖਿਆ ਤੇ ਖੇਤਰਫਲ ਦੇ ਕੋਈ ਅੰਕੜੇ ਨਹੀਂ। ਕਹਿੰਦੇ ਹਨ ਉਸ ਦੇ ਆਲੇ ਦੁਆਲੇ ਭਰਪੂਰ ਫਸਲਾਂ ਵੀ ਹਨ ਤੇ ਪਿੰਡ ਵਿਚ ਧੂੰਆਂ ਛਡਣ ਵਾਲੇ ਲਘੂ ਉਦਯੋਗਾਂ ਦੀਆਂ ਚਿਮਨੀਆਂ ਵੀ। ਪਰ ਸਾਰੀ ਦੀ ਸਾਰੀ ਵੱਸੋਂ ਏਨੀ ਸਹਿਮੀ ਹੋਈ ਹੈ ਕਿ ਦੂਰ ਦੁਰੇਡੇ ਸ਼ਹਿਰਾਂ ਤੇ ਮੀਡੀਆ ਕਾਰਕੁਨਾਂ ਅੱਗੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਪਿੰਡ ਦੀ ਮਸਜਿਦ ਦੇ ਇਮਾਮ ਨੂੰ ਲਾਊਡ ਸਪੀਕਰ ਦੀ ਸਹਾਇਤਾ ਨਾਲ ਅਪੀਲ ਕਰਨੀ ਪਈ ਹੈ ਕਿ ਉਹ ਕਿਸੇ ਵੀ ਕਿਸਮ ਦੀ ਚੰਗੀ ਮੰਦੀ ਟਿੱਪਣੀ ਤੋਂ ਗੁਰੇਜ਼ ਕਰਨ। ਅਜਮਲ ਦੇ ਪਿਤਾ ਅਮੀਰ ਕਸਾਬ ਨੂੰ ਪਰਿਵਾਰ ਸਮੇਤ ਪਿੰਡ ਛੱਡ ਕੇ ਅਗਿਆਤ ਟਿਕਾਣੇ ਉਤੇ ਸ਼ਰਨ ਲੈਣੀ ਪੈ ਗਈ ਹੈ। ਅਜਮਲ ਨੇ ਕੀ ਖਟਿਆ! ਫਾਂਸੀ ਲਗਣ ਸਮੇਂ ਉਸ ਦਾ ਕਥਿੱਤ ਤੌਰ ਤੇ ‘ਅਲ੍ਹਾ ਮੈਨੂੰ ਮੁਆਫ ਕਰੀਂ, ਮੁੜ ਅਜਿਹਾ ਕਾਰਾ ਨਹੀਂ ਕਰਾਂਗਾ’ ਕਹਿਣਾ ਸਮਝ ਆਉਂਦਾ ਹੈ ਪਰ ਅਤਿਵਾਦੀ ਉਸ ਦੇ ਸ਼ਬਦਾਂ ਤੋਂ ਸਬਕ ਸਿਖਣਗੇ ਜਾਂ ਨਹੀਂ ਇਸ ਬਾਰੇ ਕਹਿਣਾ ਮੁਸ਼ਕਲ ਹੈ। ਉਨ੍ਹਾਂ ਵਲੋਂ ਕਸਾਬ ਦੀ ਲਾਸ਼ ਵਾਸਤੇ ਪਾਇਆ ਜਾ ਰਿਹਾ ਰੌਲਾ-ਰੱਪਾ ਇਸ ਗੱਲ ਦਾ ਸੰਕੇਤ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਓਥੋਂ ਦੇ ਵਸਨੀਕਾਂ ਨੂੰ ਸਮਝ ਸੋਚ ਕੇ ਸਖਤੀ ਤੋਂ ਕੰਮ ਲੈਣ ਦੀ ਲੋੜ ਹੈ। ਇਹ ਜਾਨਣ ਦੀ ਸਭ ਤੋਂ ਵਧ ਕਿ ਭਾਰਤ ਅਪਣੇ ਗਵਾਂਢੀ ਦੇਸ਼ ਦਾ ਦੋਖੀ ਨਈਂ। ਜੇ ਓਧਰ ਵਾਲਾ ਫਰੀਦਕੋਟ ਵਧੇ ਫੁੱਲੇਗਾ ਤਾਂ ਏਧਰ ਵਾਲੇ ਹੋਰ ਵਧਣਗੇ। ਫਿਰੋਜ਼ਪੁਰ-ਬਠਿੰਡਾ ਰੇਲਵੇ ਲਾਈਨ ਵਾਲਾ ਜ਼ਿਲਾ ਬਣ ਚੁੱਕਿਆ ਹੈ। ਬਠਿੰਡਾ-ਡੱਬਵਾਲੀ ਸੜਕ ਵਾਲੇ ਦਾ ਡਾਕਘਰ ਵੀ ਆਪਣਾ ਨਹੀਂ। ਇਸ ਦਾ ਡਾਕ ਘਰ ਖਾਸ ਹੋ ਜਾਣਾ ਪੱਕਾ ਹੈ।
ਅੰਤਿਕਾ
ਜੇ ਗੱਲ ਦਸਤੂਰ ਸਿਰ ਹੁੰਦੀ ਸਹੀ ਜੇ ਕਾਫਲਾ ਹੁੰਦਾ
ਬਣਾ ਕੇ ਬੰਗਲੇ ਫੁੱਟ ਪਾਥ ‘ਤੇ ਉਹ ਨਾ ਪਿਆ ਹੁੰਦਾ
ਖਲੋ ਇੱਕ ਥਾਂ ਗਿਆ ਜੋ ਸ਼ਖਸ ਕੱਲਾ ਰਹਿ ਗਿਆ ਮਿਤਰੋ
ਸਮੇਂ ਦੇ ਨਾਲ ਜੇ ਤੁਰਦਾ ਤਾਂ ਅੱਜ ਨੂੰ ਕਾਫਲਾ ਹੁੰਦਾ।
Leave a Reply