ਇਕ ਲੱਖ ਕਰੋੜ ਦਾ ਕਾਲਾ ਧਨ ਬੇਨਕਾਬ ਕਰਨ ਦਾ ਦਾਅਵਾ

ਨਵੀਂ ਦਿੱਲੀ: ਸਰਕਾਰ ਨੇ ਪਿਛਲੇ ਵਿੱਤੀ ਵਰ੍ਹੇ ਦੌਰਾਨ ਇਕ ਲੱਖ ਕਰੋੜ ਰੁਪਏ ਤੋਂ ਵੱਧ ਕਾਲੇ ਧਨ ਦਾ ਪਤਾ ਲਗਾਇਆ ਹੈ। ਇਹ ਰਕਮ ਸਾਲ 2012-13 ਦੌਰਾਨ ਕਾਲੇ ਧਨ ‘ਤੇ ਕਾਬੂ ਪਾਉਣ ਲਈ ਆਮਦਨ ਕਰ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਦੌਰਾਨ ਜ਼ਬਤ ਕੀਤੇ ਗਏ ਧਨ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਆਮਦਨ ਕਰ ਵਿਭਾਗ ਨੇ ਹੁਣੇ ਖ਼ਤਮ ਹੋਏ ਵਿੱਤੀ ਸਾਲ 2013-14 ਦੌਰਾਨ 10791æ63 ਕਰੋੜ ਰੁਪਏ ਦਾ ਕਾਲਾ ਧਨ ਫੜਿਆ ਹੈ। ਜਦ ਕਿ ਵਿਭਾਗ ਨੇ ਇਸੇ ਅਰਸੇ ਦੌਰਾਨ 90390æ71 ਕਰੋੜ ਰੁਪਏ ਦੀ ਅਣਦੱਸੀ ਕਮਾਈ ਦਾ ਵੀ ਪਤਾ ਲਗਾਇਆ ਹੈ।
ਆਮਦਨ ਕਰ ਵਿਭਾਗ ਵੱਲੋਂ ਇਹ ਕਾਰਵਾਈ ਕਾਲੇ ਧਨ ‘ਤੇ ਰੋਕਥਾਮ ਲਾਉਣ ਲਈ ਵਿਅਕਤੀਆਂ, ਕਾਰੋਬਾਰੀ, ਫਰਮਾਂ, ਕਾਰਪੋਰੇਟ ਕੰਪਨੀਆਂ ਤੇ ਹੋਰ ਵਿੱਤੀ ਅਦਾਰਿਆਂ ਖ਼ਿਲਾਫ਼ ਆਰੰਭੀ ਮੁਹਿੰਮ ਤਹਿਤ ਕੀਤੀ ਗਈ ਹੈ। ਤਲਾਸ਼ੀਆਂ ਤੇ ਸਰਵੇ ਤੋਂ ਬਾਅਦ ਦਰਜ ਕੀਤੇ ਗਏ ਕੁੱਲ 101181 ਕਰੋੜ ਰੁਪਏ ਦੀ ਅੰਕੜੇ ਬਣੇ। ਤਲਾਸ਼ੀਆਂ ਦੌਰਾਨ ਆਮਦਨ ਕਰ ਦੇ ਦਸਤਿਆਂ ਵੱਲੋਂ ਕਿਸੇ ਇਕਾਈ ਦੇ ਕਾਰੋਬਾਰੀ ਤੇ ਰਿਹਾਇਸ਼ੀ ਦੋਵਾਂ ਟਿਕਾਣਿਆਂ ‘ਤੇ ਛਾਪਾ ਮਾਰਿਆ ਜਾਂਦਾ ਹੈ ਜਦਕਿ ਸਰਵੇ ਦੀ ਕਾਰਵਾਈ ਦੌਰਾਨ ਸਿਰਫ਼ ਕਾਰੋਬਾਰੀ ਟਿਕਾਣਿਆਂ ਉਪਰ ਛਾਪਾ ਮਾਰਿਆ ਜਾਂਦਾ ਹੈ। ਵਿੱਤੀ ਸਾਲ 2012-13 ਦੌਰਾਨ ਕੁੱਲ ਅੰਕੜਾ 29628 ਕਰੋੜ ਰੁਪਏ ਬਣਿਆ ਸੀ ਜੋ ਚਾਲੂ ਵਿੱਤੀ ਸਾਲ ਦੌਰਾਨ ਦਰਜ ਕੀਤੀ ਗਈ ਕੁੱਲ ਰਕਮ ਨਾਲੋਂ ਅੱਧ ਤੋਂ ਵੀ ਘੱਟ ਹੈ। ਲੰਘੇ ਵਿੱਤੀ ਵਰ੍ਹੇ (2013-14) ਦੌਰਾਨ ਆਮਦਨ ਕਰ ਵਿਭਾਗ ਨੇ 807æ54 ਕਰੋੜ ਰੁਪਏ ਦੇ ਮੁੱਲ ਦੇ ਗਹਿਣੇ, ਮਿਆਦੀ ਖਾਤੇ ਤੇ ਨਗਦੀ ਦੀ ਜ਼ਬਤ ਵੀ ਕੀਤੀ ਸੀ ਤੇ ਇਸ ਅਰਸੇ ਦੌਰਾਨ ਇਸ ਵੱਲੋਂ 4503 ਵਾਰੰਟ ਤਾਮੀਲ ਕੀਤੇ ਗਏ ਤੇ 569 ਇਕਾਈਆਂ ਉਪਰ ਛਾਪੇ ਮਾਰੇ ਗਏ। ਵਿੱਤੀ ਸਾਲ 2012-13 ਦੌਰਾਨ ਆਮਦਨ ਕਰ ਵਿਭਾਗ ਵੱਲੋਂ ਤਲਾਸ਼ੀ ਵਾਰੰਟ ਦੀ ਤਾਮੀਲ ਦੀ ਸੰਖਿਆ 3889 ਸੀ ਅਤੇ ਇਸ ਲਿਹਾਜ਼ ਨਾਲ ਇਸ ਪਿਛਲੇ ਸਾਲ ਇਸ ਪੱਖ ਤੋਂ ਵੀ ਵਾਧਾ ਦਰਜ ਹੋਇਆ ਹੈ। ਦਿਲਚਸਪ ਗੱਲ ਹੈ ਕਿ ਪਿਛਲੇ ਮਾਲੀ ਸਾਲ ਦੌਰਾਨ ਕੀਤੇ ਗਏ ਸਰਵੇ ਅਪਰੇਸ਼ਨਾਂ ਦੇ ਅੰਤਿਮ ਅੰਕੜਿਆਂ ਦਾ ਸੰਗ੍ਰਹਿ ਕਰਦਿਆਂ 90390æ71 ਕਰੋੜ ਰੁਪਏ ਦੀ ਅਣਦੱਸੀ ਕਮਾਈ ਦਾ ਪਤਾ ਚੱਲਿਆ, ਜਿਸ ਵਿਚੋਂ 71195 ਕਰੋੜ ਰੁਪਏ ਦੀ ਰਕਮ ਇਕ ਹੀ ਕਾਰਪੋਰੇਟ ਗਰੁੱਪ ਨਾਲ ਸਬੰਧਤ ਹੈ ਜੋ ਊਰਜਾ ਖੇਤਰ ਵਿਚ ਕਾਰਜਸ਼ੀਲ ਹੈ ਤੇ ਇਸ ਵੇਲੇ ਆਮਦਨ ਕਰ ਵਿਭਾਗ ਨਾਲ ਮੁਕੱਦਮੇਬਾਜ਼ੀ ਵਿਚ ਉਲਝਿਆ ਹੋਇਆ ਹੈ।
___________________________________
ਕਾਲੇ ਧਨ ਬਾਰੇ ਜਾਣਕਾਰੀ ਜਨਤਕ ਨਹੀਂ ਹੋਵੇਗੀ
ਨਵੀਂ ਦਿੱਲੀ: ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸਵਿਸ ਬੈਂਕ ਵੱਲੋਂ ਕਾਲੇ ਧਨ ਬਾਰੇ ਦਿੱਤੀ ਜਾਣਕਾਰੀ ਜਨਤਕ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਬੈਂਕ ਨਾਲ ਕੀਤੇ ਕਰਾਰ ਕਾਰਨ ਸਰਕਾਰ ਅਜਿਹਾ ਕਰਨ ਤੋਂ ਅਸਮਰੱਥ ਹੈ। ਲੋਕ ਸਭਾ ਵਿਚ ਕਾਲੇ ਧਨ ਬਾਰੇ ਸਰਕਾਰ ਵੱਲੋਂ ਚੁੱਕੇ ਕਦਮਾਂ ਤੇ ਉਸ ਬਾਰੇ ਜਾਣਕਾਰੀ ਜਨਤਕ ਕਰਨ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਵਿਚ ਸ੍ਰੀ ਜੇਤਲੀ ਨੇ ਕਿਹਾ ਕਿ ਸਵਿਸ ਬੈਂਕ ਨੇ ਸਰਕਾਰ ਨੂੰ ਕੁਝ ਖਾਤਾਧਾਰਕਾਂ ਬਾਰੇ ਜਾਣਕਾਰੀ ਦਿੱਤੀ ਹੈ ਪਰ ਬੈਂਕ ਨਾਲ ਇਹ ਕਰਾਰ ਵੀ ਕੀਤਾ ਹੈ ਕਿ ਉਕਤ ਜਾਣਕਾਰੀ ਗੁਪਤ ਰੱਖੀ ਜਾਵੇਗੀ। ਹਾਲਾਂਕਿ ਸ੍ਰੀ ਜੇਤਲੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਇਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਕੇਸ ਵਿਸ਼ੇਸ਼ ਪੜਤਾਲੀਆ ਟੀਮ ਤੇ ਆਮਦਨ ਟੈਕਸ ਵਿਭਾਗ ਕੋਲ ਹੈ ਤੇ ਜਿਵੇਂ ਹੀ ਇਸ ਬਾਰੇ ਕੋਈ ਰਿਪੋਰਟ ਆਵੇਗੀ, ਸਰਕਾਰ ਉਸ ਦੀ ਪੂਰੀ ਜਾਣਕਾਰੀ ਦੇਵੇਗੀ। ਵਰਨਣਯੋਗ ਹੈ ਕਿ ਚੋਣਾਂ ਦੌਰਾਨ ਭਾਜਪਾ ਨੇ ਵਿਦੇਸ਼ਾਂ ਵਿਚ ਪਏ ਕਾਲੇ ਧਨ ਨੂੰ ਲਿਆਉਣ ਦਾ ਵਾਅਦਾ ਕੀਤਾ ਸੀ ਤੇ ਮੋਦੀ ਸਰਕਾਰ ਵੱਲੋਂ ਕੀਤੇ ਕੈਬਨਿਟ ਦੇ ਫੈਸਲੇ ਤਹਿਤ ਇਸ ਮਾਮਲੇ ਲਈ ਇਕ ਵਿਸ਼ੇਸ਼ ਪੜਤਾਲੀਆ ਟੀਮ ਦਾ ਗਠਨ ਕੀਤਾ ਗਿਆ ਸੀ।

Be the first to comment

Leave a Reply

Your email address will not be published.